“ਹੋਰਨਾਂ ਪਿੰਡਾਂ ਵਾਂਗ ਇੱਥੇ ਵੀ ਧੜੇਬਾਜ਼ੀ ਸੀ। ਕੁਝ ਲੋਕ ਸਰਪੰਚ ਵਿਰੁੱਧ ਘੁਸਰ-ਮੁਸਰ ਕਰਦੇ ਰਹਿੰਦੇ ...”
(14 ਜੁਲਾਈ 2022)
ਮਹਿਮਾਨ: 148.
1962 ਵਿੱਚ ਮੈਂ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਫਿਜ਼ਿਕਸ, ਮੈਥ ਏ ਕੋਰਸ ਨਾਲ ਬੀ. ਏ. ਕਰਕੇ ਵਿਹਲਾ ਫਿਰ ਰਿਹਾ ਸੀ। ਇੱਕ ਦਿਨ ਅਖ਼ਬਾਰ ਵਿੱਚ ਇਸ਼ਤਿਹਾਰ ਛਪਿਆ ਕਿ ਪੰਚਾਇਤ ਹਾਈ ਸਕੂਲ, ਘੱਗਾ (ਜ਼ਿਲ੍ਹਾ ਪਟਿਆਲਾ) ਵਾਸਤੇ ਮੈਥ ਸਾਇੰਸ ਮਾਸਟਰ ਦੀ ਲੋੜ ਹੈ। ਮੈਂ ਅਰਜ਼ੀ ਭੇਜ ਦਿੱਤੀ। ਕੁਝ ਹੀ ਦਿਨਾਂ ਵਿੱਚ ਮੈਨੂੰ ਇੰਟਰਵਿਊ ਲਈ ਚਿੱਠੀ ਆ ਗਈ। ਮਿਥੀ ਤਾਰੀਖ ਨੂੰ ਮੈਂ ਆਪਣੇ ਪਿੰਡ ਛਪਾਰ ਦੇ ਲਾਗਲੇ ਕਸਬੇ ਅਹਿਮਦਗੜ੍ਹ ਤੋਂ ਬੱਸ ਰਾਹੀਂ ਪਟਿਆਲੇ ਪਹੁੰਚਿਆ ਅਤੇ ਉੱਥੋਂ ਪਾਤੜਾਂ ਵਾਲੀ ਬੱਸ ਫੜ ਕੇ ਘੱਗਾ ਜਾ ਉੱਤਰਿਆ। ਉਹਨੀਂ ਦਿਨੀਂ ਟਰੇਂਡ ਮੈਥ ਸਾਇੰਸ ਮਾਸਟਰ ਤਾਂ ਮਿਲਣੇ ਕੀ ਸੀ, ਅਨਟਰੇਂਡ ਵੀ ਘੱਟ ਹੀ ਮਿਲਦੇ ਸਨ। ਉਦੋਂ ਮਾਸਟਰਾਂ ਦੀ ਕਦਰ ਨਹੀਂ ਸੀ ਅਤੇ ਕਦੇ ਕਦਾਈਂ ਤਾਂ ਕੋਈ ਬਜ਼ੁਰਗ ਕਿਸੇ ਮਾਸਟਰ ਨੂੰ ਇਹ ਵੀ ਪੁੱਛ ਲੈਂਦਾ, “ਕਾਕਾ, ਕੋਈ ਨੌਕਰੀ ਕਰਦੈਂ ਕਿ ਅਜੇ ਮਾਸਟਰ ਈ ਲੱਗਿਆ ਹੋਇਐਂ?” ਮੈਂ ਇਕੱਲਾ ਹੀ ਉਮੀਦਵਾਰ ਸੀ ਤੇ, ਕੁਦਰਤੀ ਹੀ, ਚੁਣ ਲਿਆ ਗਿਆ। ਤਨਖ਼ਾਹ 110 ਰੁਪਏ ਮਹੀਨਾ ਨਿਸ਼ਚਿਤ ਹੋਈ। ਉਦੋਂ ਸਰਕਾਰੀ ਮਾਸਟਰਾਂ ਨੂੰ ਡੀ. ਏ. ਮਿਲਾ ਕੇ ਸ਼ੁਰੂ ਵਿੱਚ 166 ਰੁਪਏ ਮਹੀਨਾ ਮਿਲਦੇ ਸਨ। 1 ਸਤੰਬਰ, 1962 ਨੂੰ ਮੈਂ ਟਰੰਕ ਵਿੱਚ ਲੋੜੀਂਦੇ ਕੱਪੜੇ ਤੇ ਹੋਰ ਸਾਮਾਨ ਪਾਇਆ ਅਤੇ ਪਹਿਲਾਂ ਵਾਂਗ ਬੱਸਾਂ ਰਾਹੀਂ ਘੱਗਾ ਪਹੁੰਚ ਕੇ ਡਿਊਟੀ ’ਤੇ ਜਾ ਹਾਜ਼ਰ ਹੋਇਆ।
ਸਕੂਲ ਪੰਚਾਇਤ ਘਰ ਵਿੱਚ ਹੀ ਸੀ ਅਤੇ ਪੰਚਾਇਤ, ਜਿਸਦਾ ਸਰਪੰਚ ਕਾਮਰੇਡ ਹਰਪਾਲ ਸਿੰਘ ਘੱਗਾ ਸੀ, ਹੀ ਇਸ ਨੂੰ ਚਲਾ ਰਹੀ ਸੀ। ਸਕੂਲ ਦੇ ਮੁਖੀ ਪ੍ਰੀਤਮ ਸਿੱਧੂ (ਜਿਹੜਾ ਮਗਰੋਂ ਇੰਗਲੈਂਡ ਜਾ ਕੇ ਲੇਖਕ ਵਜੋਂ ਪ੍ਰਸਿੱਧ ਹੋਇਆ) ਦੀ ਰਿਹਾਇਸ਼ ਵੀ ਵਿੱਚ ਹੀ ਸੀ। ਉਹ ਆਪਣੀ ਪਤਨੀ ਸੁਰਜੀਤ ਤੇ ਬੇਟੇ ਗਗਨ ਨਾਲ ਉੱਥੇ ਰਹਿੰਦਾ ਸੀ ਅਤੇ ਨਾਲ ਹੀ ਰਹਿੰਦਾ ਸੀ ਉਸ ਦੇ ਮਾਮੇ ਦਾ ਲੜਕਾ ਸਰਦੂਲ, ਜਿਹੜਾ ਮੈਟ੍ਰਿਕ ਕਰਨ ਮਗਰੋਂ ਐੱਨ. ਡੀ. ਏ. ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਸਕੂਲ ਵਿੱਚ ਦੋ ਹੀ ਜਮਾਤਾਂ ਸਨ, ਨੌਵੀਂ ਤੇ ਦਸਵੀਂ। ਪ੍ਰੀਤਮ ਸਿੱਧੂ ਅੰਗਰੇਜ਼ੀ, ਪੰਜਾਬੀ ਤੇ ਸਮਾਜਿਕ ਅਧਿਐਨ ਪੜ੍ਹਾਉਂਦਾ ਸੀ, ਹਰੀ ਦੱਤ ਹਿੰਦੀ ਅਤੇ ਮੈਂ ਸਾਇੰਸ ਤੇ ਮੈਥ। ਪੰਚਾਇਤ ਘਰ ਵਿੱਚ ਤਾਂ ਜਮਾਤਾਂ ਲਾਉਣ ਲਈ ਥਾਂ ਨਹੀਂ ਸੀ, ਇਸ ਲਈ ਦੋਹਾਂ ਜਮਾਤਾਂ ਲਈ ਬਾਹਰ ਡੈਸਕਾਂ ਰੱਖੀਆਂ ਹੋਈਆਂ ਸਨ। ਸਨਿੱਚਰਵਾਰ ਵਾਲੇ ਦਿਨ ਅੱਧੀ ਛੁੱਟੀ ਤੋਂ ਬਾਅਦ ਬਾਲ ਸਭਾ ਲਗਦੀ। ਵਿਦਿਆਰਥੀ ਗੀਤ, ਕਵਿਤਾਵਾਂ, ਚੁਟਕਲੇ ਆਦਿ ਸੁਣਾਉਂਦੇ। ਇੱਕ ਵਿਦਿਆਰਥੀ ਅਕਸਰ ਗਾਉਂਦਾ ਹੁੰਦਾ ਸੀ :
“ਜਦ ਤਕ ਪੰਜ ਦਰਿਆ ਨੇ ਵਗਦੇ,
ਵਗਦਾ ਰਹੇ ਤੇਰਾ ਖੂਹ ਮਿੱਤਰਾ।
ਵਗਦਾ ਰਹੇ ਤੇਰਾ ਖੂਹ ਮਿੱਤਰਾ,
ਵਸਦਾ ਰਹੇਂ ਤੂੰ ਮਿੱਤਰਾ।”
ਸਾਡੇ ਸਕੂਲ ਦੇ ਨਾਲ ਹੀ ਸਰਕਾਰੀ ਮਿਡਲ ਸਕੂਲ ਸੀ। ਇਸਦੇ ਪ੍ਰਾਇਮਰੀ ਵਿਭਾਗ ਦੇ ਇੱਕ ਅਧਿਆਪਕ ਦਾ ਸਾਈਕਲ ਅਕਸਰ ਪੰਚਰ ਹੋਇਆ ਰਹਿੰਦਾ। ਉਹ ਆਪਣੀ ਜਮਾਤ ਨੂੰ ਟੋਭੇ ਦੇ ਕੰਢੇ ਬਿਠਾ ਕੇ ਪੰਚਰ ਲਾਉਂਦਾ ਅਤੇ ਬੱਚੇ ਉੱਚੀ-ਉੱਚੀ ਆਖੀ ਜਾਂਦੇ:
“ਚਾਲੀ ਇੱਕ ਇਕਤਾਲੀ ਐ,
ਛੁੱਟੀ ਮਿਲਣੇ ਵਾਲੀ ਐ।”
ਉਸ ਨੂੰ ਕਿਸੇ ਨੇ ਪਿੰਡ ਵਿੱਚ ਰਹਿਣ ਲਈ ਕਮਰਾ ਮੁਫ਼ਤ ਦਿੱਤਾ ਹੋਇਆ ਸੀ। ਮਾਲਕ ਮਕਾਨ ਨਾਲ ਉਸ ਦੀ ਕਿਸੇ ਗੱਲੋਂ ਅਣਬਣ ਹੋ ਗਈ ਅਤੇ ਉਸ ਨੇ ਕਮਰੇ ਵਿੱਚ ਮਿਰਚਾਂ ਦਾ ਢੇਰ ਲਾ ਦਿੱਤਾ। “ਮੈਨੂੰ ਪਤੈ ਮੈਨੂੰ ਉਹ ਇੱਥੋਂ ਕੱਢਣਾ ਚਾਹੁੰਦਾ ਹੈ ਪਰ ਮੈਂ ਇਉਂ ਜਾਂਦਾ ਨ੍ਹੀ।” ਉਸ ਨੇ ਕਿਸੇ ਕੋਲ ਆਖਿਆ ਅਤੇ ਢੀਠ ਬਣ ਕੇ ਉੱਥੇ ਹੀ ਰਹਿੰਦਾ ਰਿਹਾ।
ਮੇਰੇ ਸਕੂਲ ਜੁਆਇਨ ਕਰਨ ਦੇ ਕੁਝ ਦਿਨ ਬਾਅਦ ਹੀ ਜ਼ੋਰਦਾਰ ਬਾਰਸ਼ ਪੈਣ ਲੱਗ ਪਈ ਅਤੇ ਪੰਜਾਬ ਵਿੱਚ ਕਈ ਥਾਂ ਹੜ੍ਹ ਆ ਗਏ। ਬਾਜ਼ਾਰ ਵਿੱਚ ਮੇਰੇ ਕਿਰਾਏ ’ਤੇ ਲਏ ਕਮਰੇ ਤੋਂ ਸਕੂਲ ਭਾਵੇਂ ਅੱਧਾ ਕਿਲੋਮੀਟਰ ਵੀ ਨਹੀਂ ਸੀ, ਪਰ ਰਾਹ ਕੱਚਾ ਹੋਣ ਕਰਕੇ ਪਹੁੰਚਣ ਵਿੱਚ ਕਦੇ ਕਦਾਈਂ ਦਿੱਕਤ ਆਉਂਦੀ। ਜਿੱਥੇ ਮੈਂ ਰਹਿੰਦਾ ਸੀ, ਉੱਥੇ ਕਈ ਹੋਰ ਕਮਰੇ ਵੀ ਸਨ ਅਤੇ ਇੱਕ ਕਮਰੇ ਵਿੱਚ ਮਿਡਲ ਸਕੂਲ ਦਾ ਮੁਖੀ ਤੇ ਪੰਜਾਬੀ ਟੀਚਰ ਰਹਿੰਦੇ ਸਨ। ਕਮਰੇ ਦਾ ਕਿਰਾਇਆ ਦਸ ਰੁਪਏ ਮਹੀਨਾ ਸੀ। ਨਹਾਉਣ ਧੋਣ ਲਈ ਵਿਹੜੇ ਵਿੱਚ ਨਲਕਾ ਲੱਗਿਆ ਹੋਇਆ ਸੀ ਅਤੇ ਜੰਗਲ ਪਾਣੀ ਸਾਰੇ ਖੇਤਾਂ ਵਿੱਚ ਹੀ ਜਾਂਦੇ ਸਨ। ਰੋਟੀ ਮੈਂ ਬਾਜ਼ਾਰ ਵਿਚਲੇ ਇੱਕੋ ਇੱਕ ਢਾਬੇ ਤੋਂ ਖਾ ਲੈਂਦਾ। ਉਦੋਂ ਥਾਲੀ ਦੇ ਛੇ ਆਨੇ (ਹੁਣ ਵਾਲੇ ਸੈਂਤੀ ਪੈਸੇ) ਲਗਦੇ ਸਨ। ਕਦੇ ਕਦੇ ਵਿਹਲ ਮਿਲਣ ’ਤੇ ਮੈਂ ਬਾਜ਼ਾਰ ਦੀਆਂ ਦੁਕਾਨਾਂ ਲੰਘ ਕੇ ਦੂਰ ਸੈਰ ਕਰਨ ਲਈ ਨਿਕਲ ਜਾਂਦਾ।
ਹੋਰਨਾਂ ਪਿੰਡਾਂ ਵਾਂਗ ਇੱਥੇ ਵੀ ਧੜੇਬਾਜ਼ੀ ਸੀ। ਕੁਝ ਲੋਕ ਸਰਪੰਚ ਵਿਰੁੱਧ ਘੁਸਰ-ਮੁਸਰ ਕਰਦੇ ਰਹਿੰਦੇ। ਇੱਕ ਸਰਪੰਚ-ਵਿਰੋਧੀ ਨੇ ਮੈਨੂੰ ਕਈ ਵਾਰ ਆਖਿਆ, “ਜੇ ਸਰਪੰਚ ਅੰਦਰ ਹੋ ਗਿਆ, ਥੋਨੂੰ ਤਨਖ਼ਾਹ ਕੌਣ ਦਊ?”
1962 ਵਿੱਚ ਹੀ ਭਾਰਤ-ਚੀਨ ਜੰਗ ਹੋਈ। ਅਖ਼ਬਾਰ ਜੰਗ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਅਤੇ ਰੇਡੀਓ ’ਤੇ ਖ਼ਬਰਾਂ ਦੇ ਬੁਲੇਟਿਨਾਂ ਵਿੱਚ ਵੀ ਜ਼ਿਆਦਾਤਰ ਖ਼ਬਰਾਂ ਜੰਗ ਨਾਲ ਸਬੰਧਿਤ ਹੀ ਹੁੰਦੀਆਂ। ਚੀਨ ਦੀ ਫ਼ੌਜੀ ਤਾਕਤ ਭਾਰਤ ਨਾਲੋਂ ਵੱਧ ਹੋਣ ਕਰਕੇ ਕਦੇ-ਕਦੇ ਸਾਡੀਆਂ ਫ਼ੌਜਾਂ ਨੂੰ ਪਿੱਛੇ ਹਟਣਾ ਪੈਂਦਾ। ਪਰ ਇਸ ਜੰਗ ਨੇ ਦੇਸ਼ ਨੂੰ ਇੱਕ-ਮੁੱਠ ਕਰ ਦਿੱਤਾ ਅਤੇ ਲੋਕਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਵਿਤੋਂ ਵੱਧ ਮਾਇਕ ਸਹਾਇਤਾ ਦਿੱਤੀ।
ਸਾਲਾਨਾ ਇਮਤਿਹਾਨ ਨੇੜੇ ਆ ਰਿਹਾ ਸੀ ਪਰ ਸਾਇੰਸ ਦੀ ਪ੍ਰਯੋਗਸ਼ਾਲਾ ਹੀ ਨਹੀਂ ਸੀ। ਹੈਡਮਾਸਟਰ ਨਾਲ ਸਲਾਹ ਕਰਕੇ ਮੈਂ ਅੰਬਾਲੇ ਗਿਆ ਅਤੇ ਪ੍ਰੈਕਟੀਕਲ ਕਰਾਉਣ ਲਈ ਜ਼ਰੂਰੀ-ਜ਼ਰੂਰੀ ਸਾਮਾਨ ਉੱਥੋਂ ਸੌ ਰੁਪਏ ਵਿੱਚ ਲੈ ਆਇਆ। ਪੰਚਾਇਤ ਘਰ ਦੀ ਇੱਕ ਅਲਮਾਰੀ ਪ੍ਰਯੋਗਸ਼ਾਲਾ ਬਣ ਗਈ।
ਸਮਾਂ ਵਧੀਆ ਲੰਘ ਰਿਹਾ ਸੀ। ਪਰ ਇਹ ਨੌਕਰੀ ਲੰਮੇ ਸਮੇਂ ਲਈ ਨਹੀਂ ਸੀ ਕੀਤੀ ਜਾ ਸਕਦੀ। ਮੈਂ ਅੰਗਰੇਜ਼ੀ ਦੀ ਐੱਮ. ਏ. ਕਰਨ ਦਾ ਮਨ ਬਣਾ ਲਿਆ। ਵਿਦਿਆਰਥੀਆਂ ਦੇ ਇਮਤਿਹਾਨ ਹੋ ਗਏ। ਸੈਸ਼ਨ ਖ਼ਤਮ ਹੋ ਗਿਆ ਅਤੇ ਮੈਂ ਆਪਣਾ ਬੋਰੀ ਬਿਸਤਰਾ ਲਪੇਟ ਕੇ ਪਿੰਡ ਵਾਪਸ ਆ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3685)
(ਸਰੋਕਾਰ ਨਾਲ ਸੰਪਰਕ ਲਈ: