SandeepTiwari7ਮੈਂ ਤਾਂ ਨਾ ਕਦੇ ਟਿਊਸ਼ਨ ਪੜ੍ਹਾਈ ਹੈ ਅਤੇ ਨਾ ਹੀ ਪੜ੍ਹਾਉਣੀ ਹੈ ...
(ਜੁਲਾਈ 17, 2016)

 

MehmaSKang2ਜਿਵੇਂ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਹੈ, ‘ਸੱਚਾ ਅਧਿਆਪਕ ਉਹ ਹੀ ਹੋ ਸਕਦਾ ਹੈ ਜਿਹੜਾ ਇਕ ਦਮ ਵਿਦਿਆਰਥੀ ਦੇ ਪੱਧਰ ਤੇ ਆ ਜਾਵੇ ਅਤੇ ਆਪਣੀ ਆਤਮਾ ਨੂੰ ਵਿਦਿਆਰਥੀ ਦੀ ਆਤਮਾ ਤੱਕ ਲੈ ਜਾਵੇ ਉਹ ਵਿਦਿਆਰਥੀ ਦੀਆਂ ਅੱਖਾਂ ਰਾਹੀਂ ਦੇਖੇ, ਵਿਦਿਆਰਥੀ ਦੇ ਕੰਨਾਂ ਦੁਆਰਾ ਸੁਣੇ ਅਤੇ ਵਿਦਿਆਰਥੀ ਦੇ ਮਨ ਰਾਹੀਂ ਸਮਝੇ। ਕੇਵਲ ਅਜਿਹਾ ਅਧਿਆਪਕ ਹੀ ਅਸਲੀ ਤੌਰ ’ਤੇ ਸਿੱਖਿਆ ਦੇ ਸਕਦਾ ਹੈ, ਕੋਈ ਹੋਰ ਨਹੀਂ।

ਥੋੜ੍ਹੇ ਦਿਨ ਪਹਿਲਾਂ ਮੈਂ ਆਪਣੇ ਭਤੀਜਿਆਂ ਨੂੰ ਅੰਗਰੇਜ਼ੀ ਦੇ ਟੈਂਸ ਸਿਖਾ ਰਿਹਾ ਸੀਤਾਂ ਮੇਰੇ ਭਤੀਜਿਆਂ ਨੇ ਮੈਨੂੰ ਪੁੱਛਿਆ, ਚਾਚਾ ਜੀ, ਥੋਨੂੰ ਕੀਹਨੇ ਟੈਂਸ ਸਿਖਾਏ ਸਨ? ਤਾਂ ਮੇਰਾ ਧਿਆਨ ਇਕ ਦਮ ਆਪਣੇ ਅੰਗਰੇਜ਼ੀ ਦੇ ਅਧਿਆਪਕ ਸਵਰਗੀ ਸ. ਮਹਿਮਾ ਸਿੰਘ ਕੰਗ ਵੱਲ ਚਲਾ ਗਿਆ, ਜਿਨ੍ਹਾਂ ਕੋਲ ਅਸੀਂ ਸੱਤਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਅੰਗਰੇਜ਼ੀ ਪੜ੍ਹੀ ਸੀ।

ਜਦੋਂ ਅਸੀਂ ਪ੍ਰਾਇਮਰੀ ਪਾਸ ਕੀਤੀ ਤਾਂ ਸਾਨੂੰ ਵੱਡੇ ਸਰਕਾਰੀ ਸਕੂਲ ਵਿਚ, ਛੇਵੀਂ ਜਮਾਤ ਵਿਚ ਦਾਖਲਾ ਲੈਣ ਦਾ ਬਹੁਤ ਜ਼ਿਆਦਾ ਚਾਅ ਸੀ। ਅਸੀਂ ਸੋਚਦੇ ਸੀ ਕਿ ਪ੍ਰਾਇਮਰੀ ਸਕੂਲ ਦੇ ਟਾਟਾਂ, ਫੱਟੀਆਂ, ਬੋਰੀਆਂ ਨੂੰ ਛੱਡ ਕੇ ਡੈਸਕਾਂ ਉੱਤੇ ਬੈਠ ਕੇ ਪੜ੍ਹਿਆ ਕਰਾਂਗੇ ਤੇ ਅੰਗਰੇਜ਼ੀ ਵੀ ਪੜ੍ਹਿਆ ਕਰਾਂਗੇ। ਪਰ ਛੇਵੀਂ ਜਮਾਤ ਵਿਚ ਸਾਨੂੰ ਅੰਗਰੇਜ਼ੀ ਦਾ ਕੋਈ ਪੱਕਾ ਅਧਿਆਪਕ ਪੜ੍ਹਾਉਣ ਨਾ ਲੱਗਿਆ ਅਤੇ ਨਾ ਹੀ ਸਾਨੂੰ ਬੈਠਣ ਲਈ ਡੈਸਕ ਮਿਲੇ। ਅਸੀਂ ਬਿਨਾਂ ਅੰਗਰੇਜ਼ੀ ਪੜ੍ਹੇ ਹੀ ਛੇਵੀਂ ਜਮਾਤ ਪਾਸ ਕਰ ਲਈ। ਸੱਤਵੀਂ ਜਮਾਤ ਵਿੱਚ ਮਾਸਟਰ ਮਹਿਮਾ ਸਿੰਘ ਕੰਗ ਸਾਡੀ ਕਲਾਸ ਇੰਚਾਰਜ ਦੇ ਨਾਲ ਨਾਲ ਅੰਗਰੇਜ਼ੀ ਦਾ ਪੀਰੀਅਡ ਵੀ ਲਾਉਂਦੇ ਸਨ। ਉਨ੍ਹਾਂ ਨੇ ਸਾਨੂੰ ਇਕ ਲਕੀਰੀ ਕਾਪੀ ਉੱਤੇ ਅੰਗਰੇਜ਼ੀ ਲਿਖਣੀ ਸ਼ੁਰੂ ਕਰਵਾਈ

ਉਂਜ ਤਾਂ ਉਹ ਦੇਖਣ ਵਿਚ ਬਹੁਤ ਸ਼ਖ਼ਤ ਸੁਭਾਅ ਦੇ ਲੱਗਦੇ ਸਨ, ਕਾਲਾ ਕੋਟ-ਪੈਂਟ, ਕਾਲੀਆਂ ਐਨਕਾਂ ਲਾ ਕੇ ਜਦੋਂ ਸਕੂਲ ਦਾ ਗੇੜਾ ਲਾਉਂਦੇ ਤਾਂ ਬੱਚੇ ਆਪੋ ਆਪਣੀਆਂ ਕਲਾਸਾਂ ਵਿਚ ਚੁੱਪ ਚਾਪ ਬੈਠ ਜਾਂਦੇ ਸਨ। ਉਨ੍ਹਾਂ ਦੀ ਚਿੱਟੀ ਦਾਹੜੀ ਵਿੱਚ, ਸ਼ਾਂਤਮਈ ਚਿਹਰਾ ਬੜਾ ਰੂਹਾਨੀ ਲੱਗਦਾ। ਉਹਨਾਂ ਨੇ ਪੜ੍ਹਾਉਣ ਸਮੇਂ ਸਾਡੀ ਜਮਾਤ ਵਿੱਚ ਤਿੰਨ ਗਰੁੱਪ ਬਣਾਏ ਹੋਏ ਸਨ। ਇਕ ਗਰੁੱਪ ਵਿਚ ਹੁਸ਼ਿਆਰ ਬੱਚੇ ਸਨ, ਇਕ ਉਹ ਜੋ ਪੜ੍ਹਾਈ ਵਿਚ ਬਿਲਕੁੱਲ ਕਮਜ਼ੋਰ ਸਨ ਤੇ ਇਕ ਗਰੁੱਪ ਵਿਚ ਮੇਰੇ ਵਰਗੇ ਨਾ ਹੁਸ਼ਿਆਰ - ਨਾ ਨਲਾਇਕ, ਦਰਮਿਆਨੇ ਬੱਚੇ ਸਨ। ਉਹ ਤਿੰਨਾਂ ਗਰੁੱਪਾਂ ਨੂੰ ਅਲੱਗ-ਅਲੱਗ ਬਿਠਾ ਦਿੰਦੇ ਤੇ ਅਲੱਗ ਅਲੱਗ ਹੀ ਉਹਨਾਂ ਨੂੰ ਉਹਨਾਂ ਮੁਤਾਬਿਕ ਹੀ ਸਕੂਲ ਦਾ ਕੰਮ ਕਰਵਾਉਂਦੇ ਤੇ ਪੜ੍ਹਾਉਂਦੇ।

ਜੋ ਅੰਗਰੇਜ਼ੀ ਵਿਚ ਬਹੁਤ ਕਮਜ਼ੋਰ ਸਨ, ਉਨ੍ਹਾਂ ਨੂੰ ਅੰਗਰੇਜ਼ੀ ਏ. ਬੀ. ਸੀ. ਤੋਂ ਹੀ ਸ਼ੁਰੂ ਕਰਵਾਈ ਸੀ। ਕਈ ਹੁਸ਼ਿਆਰ ਬੱਚਿਆਂ ਦੁਆਰਾ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣ ਲਾ ਦਿੰਦੇ ਸਨ, ਜਿਸ ਨਾਲ ਹੁਸ਼ਿਆਰ ਬੱਚਿਆਂ ਦੀ ਰਵੀਜ਼ਨ ਵੀ ਹੋ ਜਾਂਦੀ ਸੀ। ਸਾਰੇ ਗਰੁੱਪਾਂ ਨੂੰ ਉਹ ਆਪ ਵੀ ਪੜ੍ਹਾਉਂਦੇ ਸਨ। ਸਾਨੂੰ ਉਹਨਾਂ ਤੋਂ ਜਮਾਤ ਵਿੱਚ ਭੋਰਾ ਵੀ ਡਰ ਨਹੀਂ ਸੀ ਲੱਗਦਾ। ਸਗੋਂ ਅਸੀਂ ਚਾਅ ਨਾਲ ਉਨ੍ਹਾਂ ਦੇ ਪੀਰੀਅਡ ਦੀ ਉਡੀਕ ਕਰਦੇ ਸਾਂ। ਉਹ ਸਖ਼ਤੀ ਅਤੇ ਪਿਆਰ ਦੋਹਾਂ ਹੀ ਫਾਰਮੂਲਿਆਂ ਰਾਹੀਂ ਬੱਚਿਆਂ ਨੂੰ ਪੜ੍ਹਾਉਂਦੇ ਸਨ।

ਸਮਾਂ ਆਪਣੀ ਚਾਲੇ ਤੁਰਦਾ ਗਿਆ। ਅਸੀਂ ਨੌਵੀਂ ਜਮਾਤ ਵਿੱਚ ਹੋਏ। ਇੱਕ ਦਿਨ ਅਸੀਂ ਚਾਰ ਦੋਸਤ ਇਕੱਠੇ ਹੋ ਕੇ ਉਨ੍ਹਾਂ ਨੂੰ ਟਿਊਸ਼ਨ ਪੜ੍ਹਾਉਣ ਲਈ ਪੁੱਛਿਆ, ‘ਸਰ, ਸਾਨੂੰ ਟਿਊਸ਼ਨ ਪੜ੍ਹਾ ਦਿਆ ਕਰੋ।’

ਉਨ੍ਹਾਂ ਨੇ ਸਾਨੂੰ ਟਿਊਸ਼ਨ ਪੜ੍ਹਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਕਹਿਣ ਲੱਗੇ, “ਮੈਂ ਤਾਂ ਨਾ ਕਦੇ ਟਿਊਸ਼ਨ ਪੜ੍ਹਾਈ ਹੈ ਅਤੇ ਨਾ ਹੀ ਪੜ੍ਹਾਉਣੀ ਹੈ।”

ਹੋਰ ਸੈਕਸ਼ਨਾਂ ਵਿੱਚ ਛੁੱਟੀ ਤੋਂ ਬਾਅਦ ਅੱਧੀ ਤੋਂ ਵੱਧ ਜਮਾਤ, ਅੰਗਰੇਜ਼ੀ ਅਤੇ ਹਿਸਾਬ ਪੜ੍ਹਾਉਣ ਵਾਲੇ ਮਾਸਟਰਾਂ ਦੇ ਘਰੇ ਹੁੰਦੀ ਸੀ। ਜਦੋਂ ਅਸੀਂ ਮਾਯੂਸ ਹੋ ਕੇ ਵਾਪਸ ਮੁੜਨ ਲੱਗੇ ਤਾਂ ਉਹਨਾਂ ਨੇ ਆਪਣੇ ਤਕੀਆ ਕਲਾਮ ਸੰਗਤੋ’ ਨਾਲ ਸੰਬੋਧਨ ਕਰਦੇ ਹੋਏ ਕਿਹਾ, “ਸੰਗਤੋ, ਟਿਊਸ਼ਨਾਂ ਵਿੱਚ ਕੀ ਰੱਖਿਆ ਹੈ?ਜਿੰਨਾ ਸਮਾਂ ਟਿਊਸ਼ਨ ’ਤੇ ਆਉਣ-ਜਾਣ ਲਈ ਲੱਗਦਾ ਹੈ ਉਨ੍ਹਾਂ ਸਮਾਂ ਇਮਾਨਦਾਰੀ ਨਾਲ ਘਰੇ ਬੈਠ ਕੇ ਪੜ੍ਹ ਲਿਆ ਕਰੋ। ਟਿਊਸ਼ਨ ਦੀ ਲੋੜ ਹੀ ਨਹੀਂ ਪਵੇਗੀ।”

ਉਨ੍ਹਾਂ ਨੇ ਸਾਨੂੰ ਟਿਊਸ਼ਨ ਤਾਂ ਨਹੀਂ ਪੜ੍ਹਾਈ, ਪਰ ਨੌਵੀਂ ਜਮਾਤ ਦੇ ਅੱਧ ਵਿਚ ਓਵਰਟਾਇਮ ਲਗਾ ਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕਹਿੰਦੇ ਇਹ ਵੀ ਟਿਊਸ਼ਨ ਹੀ ਹੈ। ਉਹ ਸਾਨੂੰ ਸਕੂਲ ਟਾਇਮ ਤੋਂ ਪੰਦਰਾਂ ਵੀਹ ਮਿੰਟ ਪਹਿਲਾਂ ਸਕੂਲ ਵਿੱਚ ਬੁਲਾ ਲੈਂਦੇ ਸਨ ਤੇ ਸਾਨੂੰ ਸਵੇਰੇ ਦੀ ਪ੍ਰਾਰਥਨਾ ਸਭਾ ਵਿੱਚ ਵੀ ਨਹੀਂ ਸੀ ਜਾਣ ਦਿੰਦੇ। ਜਿਸ ਦਿਨ ਸਵੇਰੇ ਓਵਰ ਟਾਇਮ ਨਾ ਲੱਗਣਾ ਤਾਂ ਸਕੂਲ ਦੀ ਸਾਰੀ ਛੁੱਟੀ ਹੋਣ ਤੋਂ ਬਾਅਦ ਸਾਨੂੰ ਪੜ੍ਹਨ ਲਈ ਬਿਠਾ ਲਿਆ ਕਰਨਾ। ਉਸ ਸਮੇਂ ਇਸ ਤਰ੍ਹਾਂ ਬੈਠਣਾ ਸਾਨੂੰ ਬੜਾ ਔਖਾ ਲੱਗਦਾ ਸੀ। ਇਹ ਸਿਲਸਿਲਾ 10ਵੀਂ ਜਮਾਤ ਦੇ ਪੱਕੇ ਪੇਪਰਾਂ ਤੱਕ ਲਗਾਤਾਰ ਚੱਲਦਾ ਰਿਹਾ।

ਪਰ ਹੁਣ ਉਹ ਸਮਾਂ ਸੋਚ ਕੇ ਬੜਾ ਚੰਗਾ ਲੱਗਦਾ ਹੈ ਕਿ ਅਸੀਂ ਇੱਕ ਐਸੇ ਇਮਾਨਦਾਰ, ਕਿੱਤੇ ਨੂੰ ਸਮਰਪਿਤ ਅਧਿਆਪਕ ਕੋਲੋਂ ਪੜ੍ਹੇ ਸਾਂ। ਉਹ ਸਾਨੂੰ ਟੈਂਸ ਸਿਖਾਉਂਦੇ ਸਮੇਂ ਅਕਸਰ ਇਕ ਗੱਲ ਕਹਿੰਦੇ ਸਨਸੰਗਤੋ, ਜੇ ਤੁਸੀਂ ਟੈਂਸ ਸਿੱਖ ਲਏ ਤਾਂ ਸਮਝੋ ਅੰਗਰੇਜ਼ੀ ਬੋਲਣੀ ਤੇ ਲਿਖਣੀ ਸਿੱਖ ਲਈ। ਟੈਂਸ ਸਿਖਾਉਣ ਲੱਗੇ ਕਈ ਵਾਰੀ ਉਹ ਸਾਡੀ ਡੰਡਾ ਪਰੇਡ ਵੀ ਕਰ ਦਿੰਦੇ ਸਨ। ਡੰਡੇ ਮੂਹਰੇ ਤਾਂ ਭੂਤ ਵੀ ਨੱਚਦਾ ਹੈ, ਅਸੀਂ ਤਾਂ ਕੀ ਚੀਜ਼ ਸੀ।

ਜੇਕਰ ਅੱਜ ਦੇ ਸਮੇਂ ਵਿੱਚ ਦੇਖਿਆ ਜਾਵੇ, ਅਧਿਆਪਕ ਜੇ ਮਾੜਾ ਮੋਟਾ ਬੱਚਿਆਂ ਨੂੰ ਝਿੜਕ ਦੇਵੇ ਜਾਂ ਥੱਪੜ ਲਗਾ ਦੇਵੇ ਤਾਂ ਮਾਪੇ ਸਕੂਲ ਵਿਚ ਆ ਕੇ ਬੱਚਿਆਂ ਨੂੰ ਸ਼ਹਿ ਦਿੰਦੇ ਹੋਏ ਅਧਿਆਪਕਾਂ ਦੀ ਬੇਇੱਜਤੀ ਕਰਨ ਤੱਕ ਜਾਂਦੇ ਹਨ, ਜਿਸ ਦੇ ਖ਼ਤਰਨਾਕ ਨਤੀਜੇ ਸਾਡੇ ਸਾਹਮਣੇ ਵੀ ਆ ਰਹੇ ਹਨ।

ਅਧਿਆਪਕ ਦੁਆਰਾ ਦਿੱਤੇ ਗਏ ਗਿਆਨ ਵਿੱਚੋਂ ਰੌਸ਼ਨੀ ਪੈਦਾ ਹੁੰਦੀ ਹੈ, ਜਿਸ ਦਾ ਵਿਦਿਆਰਥੀਆਂ ਉੱਪਰ ਡੂੰਘਾ ਪ੍ਰਭਾਵ ਪੈਂਦਾ ਹੈ। ਐਸਾ ਹੀ ਪ੍ਰਭਾਵ ਉਨ੍ਹਾਂ ਦੁਆਰਾ ਤਰਕ ਨਾਲ ਸਮਝਾਈਆਂ ਗੱਲਾਂ ਦਾ ਮੇਰੇ ਉੱਤੇ ਵੀ ਪਿਆ ਹੈ। ਅਸੀਂ ਕਈ ਵਾਰੀ ਸਕੂਲ ਨਹੀਂ ਜਾਣਾ ਹੁੰਦਾ ਸੀ ਤਾਂ ਬਹਾਨਾ ਲਾ ਦਿੰਦੇ॥. ਦੂਸਰੇ ਦਿਨ ਸਕੂਲ ਪਹੁੰਚਣ ’ਤੇ ਉਹਨਾਂ ਨੇ ਪੁੱਛਣਾ, ‘ਹਾਂ ਬਈ ਸੰਗਤੋ, ਕੱਲ੍ਹ ਸਕੂਲ ਨੀ ਆਏ?’

ਸਾਡੇ ਵਿੱਚੋਂ ਕਈ ਬੱਚਿਆਂ ਨੇ ਬਹਾਨਾ ਲਗਾਉਣਾ, ‘ਮਾਸਟਰ ਜੀ, ਬਾਬਿਆਂ ਦੇ ਮੱਥਾ ਟੇਕਣ ਗਏ ਸੀ’ ਤਾਂ ਉਨ੍ਹਾਂ ਨੇ ਬੁੱਲਾਂ ਵਿੱਚ ਮੁਸਕਰਾਉਂਦਿਆਂ ਕਹਿਣਾ, ‘ਸੰਗਤੋ, ਹਾਲੇ ਥੋਡੀ ਉਮਰ ਬਾਬਿਆਂ ਦੇ ਮੱਥੇ ਟੇਕਣ ਦੀ ਨਹੀਂ। ਮੱਥੇ ਟੇਕਣ ਨੇ ਥੋਨੂੰ ਪਾਸ ਨਹੀਂ ਕਰਵਾਉਣਾ। ਉਸ ਇਸ ਤਰ੍ਹਾਂ ਸਾਨੂੰ ਤਰਕ ਦੀ ਗੱਲ ਵੀ ਦੱਸ ਜਾਂਦੇ। ਜਦੋਂ ਹੁਣ ਕਈ ਵਾਰੀ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਕਿ ਫਲਾਣੀ ਜਗ੍ਹਾ ਮੱਥਾ ਟੇਕਣ ਗਈ ਸੰਗਤ ਵਿੱਚੋਂ ਕਾਫੀ ਸ਼ਰਧਾਲੂ ਐਂਕਸੀਡੈਂਟ ਵਿੱਚ ਮਾਰੇ ਗਏ, ਤਾਂ ਉਹਨਾਂ ਦੀ ਕਹੀ ਗੱਲ ਸੁਭਾਵਿਕ ਹੀ ਦਿਮਾਗ ਵਿਚ ਗੂੰਜਦੀ ਹੈ, ‘ਸੰਗਤੋ, ਮੱਥੇ ਟੇਕਣ ਵਿੱਚ ਕੀ ਰੱਖਿਆ ਹੈ।’

ਜੇਕਰ ਸਾਰੇ ਅਧਿਆਪਕ ਮੇਰੇ ਉਸ ਆਦਰਸ਼ ਅਧਿਆਪਕ ਵਾਂਗ ਇਮਾਨਦਾਰ, ਕਿੱਤੇ ਨੂੰ ਸਮਰਪਿਤ ਹੁੰਦੇ ਤਾਂ ਸਾਡੇ ਸਮਾਜ, ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਕੁਝ ਹੋਰ ਹੋਣੀ ਸੀ ਕਿਉਂਕਿ ਮਹਾਨ ਅਧਿਆਪਕ ਹੀ ਦੇਸ਼ ਨੂੰ ਮਹਾਨ ਬਣਾ ਸਕਦੇ ਹਨ।

*****

(356)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)


About the Author

ਸੰਦੀਪ ਤਿਵਾੜੀ

ਸੰਦੀਪ ਤਿਵਾੜੀ

Samrala, Punjab, India.
Phone: 91 98884 - 20033