VikasKapila 7    “ਚਿੰਤਾ ਨਾ ਕਰਨਵਾਂ-ਨਵਾਂ ਰਿਸ਼ਤਾ ਬਣਿਆਇੱਕ ਦੂਜੇ ਨੂੰ ਸਮਝਣ ਵਿੱਚ ਸਮਾਂ ...
    (14 ਜਨਵਰੀ 2022)

 

ਗੱਲ 1950 ਕੁ ਦੀ ਹੋਵੇਗੀ। ਭਾਰਤ ਦਾ ਸੰਵਿਧਾਨ ਹੋਂਦ ਵਿੱਚ ਆ ਚੁੱਕਾ ਸੀ ਅਤੇ ਸਰਕਾਰ ਸਿੱਖਿਆ ਦੇ ਪ੍ਰਸਾਰ ਲਈ ਜੰਗੀ ਪੱਧਰ ’ਤੇ ਜਤਨਸ਼ੀਲ ਸੀ। ਇਸ ਤਹਿਤ ਸਾਡੇ ਪਿੰਡ ਵਿੱਚ ਵੀ ਇੱਕ ਪ੍ਰਾਇਮਰੀ ਸਕੂਲ ਦੀ ਸ਼ੁਰੂਆਤ ਪਿੰਡ ਦੀ ਇੱਕ ਵੀਰਾਨ ਪਈ ਇਮਾਰਤ ਵਿੱਚ ਕੀਤੀ ਗਈ। ਸਕੂਲ ਵਿੱਚ ਇੱਕ ਮਾਸਟਰ ਜੀ ਆ ਗਏ ਤੇ ਉਹ ਪਿੰਡ ਵਿੱਚ ਹੀ ਆਪਣੇ ਪਰਿਵਾਰ ਨਾਲ ਰਹਿਣ ਲੱਗੇਉਹਨਾਂ ਨਾਲ ਹੀ ਆਇਆ ਉਨ੍ਹਾਂ ਦਾ ਪੁੱਤਰ ਬਦਰੀ ਪ੍ਰਸਾਦ ਮੇਰਾ ਪਿਆਰਾ ਮਿੱਤਰ ਬਣ ਗਿਆ। ਜਦ ਮੈਂ ਸਕੂਲ ਦਾਖਲਾ ਲਿਆ, ਬਦਰੀ ਮੇਰਾ ਜਮਾਤੀ ਬਣ ਗਿਆ ਤੇ ਸਾਡੀ ਦੋਸਤੀ ਵਧਣ ਫੁੱਲਣ ਲੱਗੀਜਿਵੇਂ ਸਮਾਂ ਬੀਤਦਾ ਗਿਆ, ਮੈਂ ਬਦਰੀ ਤੋਂ ਪ੍ਰਭਾਵਿਤ ਹੁੰਦਾ ਗਿਆ ਤੇ ਨਿੱਤ ਕੁਝ ਨਵਾਂ ਉਸ ਤੋਂ ਸਿੱਖਦਾ ਰਿਹਾ। ਆਪਣੇ ਪਿਤਾ ਵਾਂਗ ਉਹ ਵੀ ਬਹੁਤ ਅਨੁਸ਼ਾਸਨ ਵਿੱਚ ਰਹਿਣ ਵਾਲਾ ਤੇ ਗਿਆਨ ਦਾ ਭੰਡਾਰ ਸੀ।

ਦੋ ਕੁ ਸਾਲ ਇਕੱਠੇ ਪੜ੍ਹਦਿਆਂ ਹੋ ਗਏ ਸਨ, ਇੱਕ ਦਿਨ ਉਹ ਜਦ ਘਰੋਂ ਆਇਆ ਤਾਂ ਬੜੇ ਚਾਅ ਨਾਲ ਮੈਂਨੂੰ ਕਹਿਣ ਲੱਗਾ ਕਿ ਉਸ ਨੇ ਇੱਕ ਕਵਿਤਾ ਲਿਖੀ ਹੈਬਦਰੀ ਅੱਧੀ ਛੁੱਟੀ ਵੇਲੇ ਮੈਂਨੂੰ ਕਵਿਤਾ ਸੁਣਾਉਣ ਲੱਗਾ। ਉਸ ਕਵਿਤਾ ਵਿੱਚ ਉਸ ਨੇ ਸਾਡੇ ਪਿੰਡ ਦੀ ਸੁਹੱਪਣ ਨੂੰ ਬਿਆਨ ਕੀਤਾ ਸੀ। ਪਿੰਡ ਤਾਂ ਉਹ ਮੇਰਾ ਹੀ ਸੀ, ਪਰ ਬਦਰੀ ਦੀ ਕਵਿਤਾ ਸੁਣ ਕੇ ਮੈਂਨੂੰ ਇੰਝ ਜਾਪਿਆ ਕਿ ਮੈਂ ਆਪਣੇ ਪਿੰਡ ਬਾਰੇ ਹੁਣ ਤਕ ਕੁਝ ਜਾਣਦਾ ਹੀ ਨਹੀਂ ਸੀ। ਇਹ ਸੀ ਉਸਦੀ ਕਵਿਤਾ ਦਾ ਜਾਦੂ! ਉਸ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦਾ ਇਹ ਜਾਦੂ ਹਰ ਨਵੀਂ ਕਵਿਤਾ ਨਾਲ ਮੈਂਨੂੰ ਕੀਲਦਾ ਹੀ ਚਲਾ ਗਿਆ। ਪਿੰਡ ਵਿੱਚ ਉਸ ਦੀਆਂ ਕਵਿਤਾਵਾਂ ਦੇ ਬਹੁਤ ਮੁਰੀਦ ਹੋ ਗਏ। ਸਮਾਂ ਬੀਤਿਆ, ਅਸੀਂ ਲਾਗਲੇ ਪਿੰਡ ਦੇ ਹਾਈ ਸਕੂਲ ਤੋਂ ਮੈਟ੍ਰਿਕ ਕਰ ਲਈ ਤੇ ਮੈਂ ਇੱਕ ਸਰਕਾਰੀ ਨੌਕਰੀ ਲੈ ਲਈਪਰ ਬਦਰੀ ਅੱਗੇ ਦੀ ਪੜ੍ਹਾਈ ਲਈ ਸ਼ਹਿਰ ਚਲਾ ਗਿਆ।

ਬਦਰੀ ਮੈਂਨੂੰ ਅਕਸਰ ਲੰਬੀਆਂ-ਲੰਬੀਆਂ ਚਿੱਠੀਆਂ ਲਿਖਦਾਜੋ ਵੀ ਨਵੀਆਂ ਪੁਲਾਂਘਾਂ ਉਹ ਸਾਹਿਤ ਦੇ ਖੇਤਰ ਵਿੱਚ ਪੁੱਟਦਾ, ਉਹ ਮੈਂਨੂੰ ਸਭ ਤੋਂ ਪਹਿਲਾਂ ਚਿੱਠੀ ਰਾਹੀਂ ਲਿਖ ਕੇ ਦੱਸਦਾ। ਕਈ ਵਾਰ ਅਖਬਾਰ ਵਿੱਚ ਛਪੀਆਂ ਰਚਨਾਵਾਂ ਦੀ ਕਟਿੰਗ ਵੀ ਭੇਜਦਾ। ਆਖਿਰ ਮੈਂ ਉਸ ਦਾ ਸਭ ਤੋਂ ਪਹਿਲਾ ਮੁਰੀਦ ਜੋ ਸੀ!

ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਬਦਰੀ ਵੀ ਸ਼ਹਿਰ ਦੇ ਇੱਕ ਚੰਗੇ ਸਕੂਲ ਵਿੱਚ ਮਾਸਟਰ ਲੱਗ ਗਿਆ। ਮੈਂ ਹਮੇਸ਼ਾ ਉਸ ਨੂੰ ਆਖਦਾ ਕਿ ਉਹ ਬੱਚੇ ਬਹੁਤ ਭਾਗਾਂ ਵਾਲੇ ਹੋਣਗੇ, ਜਿਹੜੇ ਤੇਰੇ ਤੋਂ ਸਿੱਖਿਆ ਲੈਣਗੇ।

ਮੇਰਾ ਵਿਆਹ ਹੋ ਗਿਆ ਅਤੇ ਪਰਿਆਰ ਵਿੱਚ ਮੇਰਾ ਪੁੱਤਰ ਵੀ ਆ ਚੁੱਕਾ ਸੀ, ਪਰ ਬਦਰੀ ਵਿਆਹ ਲਈ ਮੰਨਦਾ ਹੀ ਨਹੀਂ ਸੀ। ਜਦ ਮੈਂ ਬਦਰੀ ਦੇ ਘਰ ਜਾਣਾ, ਬਦਰੀ ਦੀ ਮਾਤਾ ਜੀ ਨੇ ਅਕਸਰ ਕਹਿਣਾ, “ਇਸ ਨੂੰ ਸਮਝਾ ਕਿ ਹੁਣ ਵਿਆਹ ਕਰ ਲਵੇ, ਕਦ ਤਕ ਬੱਸ ਕਿਤਾਬਾਂ ਨਾਲ ਹੀ ਮੱਥਾ ਮਾਰੀ ਜਾਵੇਗਾ? ਉਮਰ ਲੰਘਿਆਂ ਕਿਸੇ ਨੇ ਕੁੜੀ ਵੀ ਨਹੀਂ ਦੇਣੀ।”

ਮੈਂ ਕਈ ਵਾਰ ਬਦਰੀ ਨੂੰ ਕਹਿਣਾ, “ਮਾਸਟਰ ਜੀ, ਹੁਣ ਮਾਸਟਰਾਣੀ ਵੀ ਲੈ ਹੀ ਆਓ?” ਪਰ ਬਦਰੀ ਨੇ ਸ਼ਰਮਾਉਂਦਿਆਂ ਗੱਲ ਟਾਲ਼ ਜਾਣੀ। ਆਖਿਰ ਲਗਾਤਾਰ ਮਾਪਿਆਂ ਵੱਲੋਂ ਦਬਾਅ ਪਾਉਣ ’ਤੇ ਬਦਰੀ ਨੇ ਵਿਆਹ ਕਰਾਉਣ ਲਈ ਹਾਂ ਕਰ ਹੀ ਦਿੱਤੀ। ਪਰ ਬਦਰੀ ਦੇ ਸਾਰੇ ਚਾਅ ਉਸਦੇ ਦਿਲ ਵਿੱਚ ਹੀ ਰਹਿ ਗਏ। ਵਿਆਹ ਤੋਂ ਬਾਦ ਇੱਕ ਦਿਨ ਮੈਂ ਉਹਨਾਂ ਘਰ ਬੈਠਾ ਸੀ ਤੇ ਭਾਬੀ ਨੇ ਬਦਰੀ ਨੂੰ ਇਸ਼ਾਰੇ ਨਾਲ ਬੁਲਾਇਆ। ਕੁਝ ਸਮੇਂ ਬਾਅਦ ਦੋਹਾਂ ਦੀਆਂ ਅਵਾਜ਼ਾਂ ਲੜਾਈ ਦਾ ਰੂਪ ਲੈਂਦੀਆਂ ਜਾਪੀਆਂ। ਮੈਂ ਡਿਉੜੀ ਤੋਂ ਹੀ ਜਾਣ ਦਾ ਕਹਿ ਕੇ ਨਿਕਲ ਆਇਆ। ਮੈਂ ਸੋਚਿਆ ਬਾਦ ਵਿੱਚ ਕਦੇ ਮਿਲ ਲਵਾਂਗਾ।

ਫੇਰ ਇੱਕ ਦਿਨ ਬਦਰੀ ਨੇ ਸੁਨੇਹਾ ਭੇਜ ਕੇ ਮੈਂਨੂੰ ਆਪਣੇ ਸਕੂਲ ਬੁਲਾਇਆ ਤੇ ਦੱਸਿਆ ਕਿ ਉਸ ਦੀ ਪਤਨੀ ਨੂੰ ਨਾ ਤਾਂ ਉਸ ਦਾ ਪੜ੍ਹਨਾ-ਲਿਖਣਾ ਪਸੰਦ ਹੈ ਤੇ ਨਾ ਹੀ ਕਿਸੇ ਮਿੱਤਰ ਦਾ ਘਰ ਆਉਣਾ ਤੇ ਉਸਦੇ ਘਰੋਂ ਮੁੜਨ ਲਈ ਉਹ ਮੇਰੇ ਤੋਂ ਮੁਆਫੀ ਮੰਗਣ ਲੱਗਾ। ਮੈਂ ਕਿਹਾ, “ਚਿੰਤਾ ਨਾ ਕਰ, ਨਵਾਂ-ਨਵਾਂ ਰਿਸ਼ਤਾ ਬਣਿਆ, ਇੱਕ ਦੂਜੇ ਨੂੰ ਸਮਝਣ ਵਿੱਚ ਸਮਾਂ ਲੱਗਦਾ ਹੁੰਦਾਹੌਲੀ ਹੌਲੀ ਸਭ ਠੀਕ ਹੋ ਜਾਊ

ਉਸ ਤੋਂ ਬਾਦ ਮੇਰੀ ਬਦਲੀ ਦੂਰ ਦੀ ਹੋ ਗਈ ਤੇ ਸਮੇਂ ਨਾਲ ਚਿੱਠੀ-ਪੱਤਰੀ ਵੀ ਘਟ ਗਈ। ਮੈਂ ਅਕਸਰ ਉਹ ਅਖਬਾਰ ਵੇਖਦਾ, ਜਿਸ ਵਿੱਚ ਬਦਰੀ ਦੀਆਂ ਰਚਨਾਵਾਂ ਛਪਦੀਆਂ ਹੁੰਦੀਆਂ ਸਨਪਰ ਸਮਾਂ ਬੀਤਣ ਨਾਲ ਉਹ ਵੀ ਛਪਣੀਆਂ ਬੰਦ ਹੋ ਗਈਆਂ।

ਬਦਰੀ ਨਾਲ ਹੋਈ ਆਖਰੀ ਮੁਲਾਕਾਤ ਨੇ ਮੈਂਨੂੰ ਇੰਨਾ ਸਹਿਮਾ ਦਿੱਤਾ ਕਿ ਜੇ ਮੈਂ ਕਦੇ ਪਿੰਡ ਛੁੱਟੀ ਵੀ ਆਉਂਦਾ, ਨਾ ਤਾਂ ਬਦਰੀ ਨੂੰ ਸੁਨੇਹਾ ਹੀ ਭੇਜਦਾ ਤੇ ਨਾ ਹੀ ਮਿਲਣ ਜਾਣ ਦੀ ਹਿੰਮਤ ਕਰਦਾ। ਸਮਾਂ ਬੀਤਦਾ ਗਿਆ।

ਮੈਂਨੂੰ ਰਿਟਾਇਰ ਹੋਇਆਂ ਵੀ ਹੁਣ ਕਾਫੀ ਸਮਾਂ ਹੋ ਗਿਆ ਹੈਮੈਂ ਵੀ ਉਸੇ ਸ਼ਹਿਰ ਵਿੱਚ ਘਰ ਲੈ ਕੇ ਰਹਿਣ ਲੱਗਾ, ਪਰ ਫੇਰ ਵੀ ਬਦਰੀ ਨਾਲ ਮਿਲਣ ਦਾ ਸਬੱਬ ਕਦੇ ਨਹੀਂ ਬਣਿਆ। ਫੇਰ ਇੱਕ ਦਿਨ ਇੱਕ ਪੁਰਾਣੇ ਮਿੱਤਰ ਤੋਂ ਬਦਰੀ ਬਾਰੇ ਪਤਾ ਲੱਗਾ ਤਾਂ ਮੇਰੇ ਤੋਂ ਰਿਹਾ ਨਾ ਗਿਆ। ਮੈਂ ਮਿੱਤਰ ਤੋਂ ਬਦਰੀ ਦਾ ਪਤਾ ਲੈ ਕੇ ਬਦਰੀ ਨੂੰ ਮਿਲਣ ਪਹੁੰਚ ਗਿਆ। ਬਦਰੀ ਦੇ ਪੋਤੇ ਨੇ ਦਰਵਾਜ਼ਾ ਖੋਲ੍ਹਿਆ ਤੇ ਮੇਰੇ ਬਦਰੀ ਬਾਰੇ ਪੁੱਛਣ ’ਤੇ ਪੋਤਾ ਮੈਨੂੰ ਅੰਦਰ ਬਦਰੀ ਦੇ ਕਮਰੇ ਵਿੱਚ ਲੈ ਗਿਆ।

ਬਦਰੀ ਨੂੰ ਵੇਖ ਕੇ ਸਾਰੀ ਜ਼ਿੰਦਗੀ ਮੇਰੀਆਂ ਅੱਖਾਂ ਅੱਗੇ ਘੁੰਮ ਗਈ। ਬਦਰੀ ਦੀ ਹਾਲਤ ਵੇਖ ਕੇ ਮਨ ਵਲੂੰਧਰਿਆ ਗਿਆ। ਉਸ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਲਿਖਣਾ ਤਾਂ ਉਹ ਬਹੁਤ ਪਹਿਲਾਂ ਹੀ ਛੱਡ ਗਿਆ ਸੀ। ਮੈਂ ਜ਼ਿਆਦਾ ਦੇਰ ਉਸ ਜਗ੍ਹਾ ਠਹਿਰ ਨਾ ਸਕਿਆ ਤੇ ਉਸ ਨੂੰ ਇਹ ਕਹਿ ਕੇ ਕਿ ਫੇਰ ਕਦੇ ਮਿਲਣ ਆਵਾਂਗਾ, ਕਾਹਲੀ-ਕਾਹਲੀ ਬਾਹਰ ਨਿਕਲ ਆਇਆ

ਸਾਰੇ ਰਸਤੇ ਮੈਂ ਸੋਚ ਰਿਹਾ ਸੀ ਕਿ ਇਹ ਉਹ ਬਦਰੀ ਨਹੀਂ ਸੀ, ਜਿਸ ਨੂੰ ਮੈਂ ਜਾਣਦਾ ਸੀ। ਜਿਹੜਾ ਬਦਰੀ ਇੰਨੀ ਕਾਬਲੀਅਤ ਰੱਖਦਾ ਸੀ ਕਿ ਇੱਕ ਦਿਨ ਮਹਾਨ ਕਵੀ ਬਣ ਸਕਦਾ ਸੀ, ਅੱਜ ਹਨੇਰੇ ਕਮਰੇ ਵਿੱਚ ਜ਼ਿੰਦਗੀ ਦੇ ਮੁੱਕਣ ਦਾ ਪਲ-ਪਲ ਇੰਤਜ਼ਾਰ ਕਰ ਰਿਹਾ ਸੀ। ਇਸ ਦਾ ਜ਼ਿੰਮੇਵਾਰ ਕੋਈ ਵੀ ਹੋਵੇ, ਪਰ ਮੈਂਨੂੰ ਇਹ ਲੇਖਣੀ ਦੇ ਕਤਲ ਤੋਂ ਘੱਟ ਕੁਝ ਵੀ ਨਹੀਂ ਸੀ ਜਾਪ ਰਿਹਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3278)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਵਿਕਾਸ ਕਪਿਲਾ

ਵਿਕਾਸ ਕਪਿਲਾ

Tel: (91 - 98155 - 19519)
Email: (kapila.vikas@gmail.com)