“ਉਹ ਜੰਗਲ ਵਿੱਚੋਂ ਜ਼ਿੰਦਗੀ ਲੱਭ ਲਿਆਇਆ ਸੀ, ਪਰ ਆਪ ਉਹ ਜ਼ਿੰਦਗੀ ਦੇ ਜੰਗਲ ਵਿਚ ਅਲੋਪ ਹੋ ਗਿਆ ...”
(ਜੂਨ 14, 2016)
ਨਿੱਕਾ ਜਿਹਾ ‘ਜੰਗਲਨਾਮਾ’ ਲਿਖ ਕੇ ਉਹਨੇ ਜੰਗਲ ਨੂੰ ਮਸ਼ਹੂਰ ਕਰ ਦਿੱਤਾ ਸੀ। ਪਰ ‘ਜੰਗਲਨਾਮੇ’ ਨੇ ਉਹਨੂੰ ਮਸ਼ਹੂਰ ਉਹਦੇ ਚਲੇ ਜਾਣ ਤੋਂ ਬਾਅਦ ਕਰਨਾ ਸੀ। ਜਿਸ ‘ਜੰਗਲਨਾਮਾ’ ਦਾ ਉਸ ਕਦੇ ਬਹੁਤਾ ਮਾਣ ਨਹੀਂ ਸੀ ਕੀਤਾ, ਜਿਸ ‘ਜੰਗਲਨਾਮਾ’ ਨੂੰ ਉਸ ਕਦੇ ਵੀ ਆਪਣੇ ਨਾਂ ਨਾਲ ਜੋੜਨ ਦਾ ਯਤਨ ਨਹੀਂ ਸੀ ਕੀਤਾ, ਉਹ ਉਸ ਦੀ ਮੌਤ ਤੋਂ ਚੰਦ ਘੜੀਆਂ ਬਾਅਦ ਹੀ ਉਸਦਾ ਤਖ਼ੱਲਸ ਬਣ ਗਿਆ ਸੀ।
ਉਹਨੂੰ ਦਾਹ ਕਰਨ ਤੋਂ ਕੁਝ ਘੰਟਿਆਂ ਬਾਅਦ ਆਏ ਪੱਤਰਕਾਰਾਂ ਦੇ ਟੈਲੀਫੋਨ ਪਰਿਵਾਰ ਅਤੇ ਦੋਸਤਾਂ ਨੂੰ ਹੈਰਾਨ ਕਰ ਰਹੇ ਸਨ। ਅਗਲੇ ਦਿਨ ਖ਼ਬਰਾਂ ਸਨ - ਸਤਨਾਮ ‘ਜੰਗਲਨਾਮਾ’ ਨਹੀਂ ਰਿਹਾ। ਹੁਣ ‘ਜੰਗਲਨਾਮਾ’ ਸਤਨਾਮ ਨਾਲ ਪੱਕਾ ਬੱਝ ਗਿਆ ਸੀ। ਉਹਦੇ ਅੰਗ-ਸੰਗ ਵਿਚਰ ਰਿਹਾਂ ਨੂੰ ਵੀ ਸ਼ਾਇਦ ਅਹਿਸਾਸ ਨਹੀਂ ਸੀ ਕਿ ਕੱਲ੍ਹ ਦਾ ਸਤਨਾਮ, ਜਿਸਨੇ ਰੁਖ਼ਸਤ ਹੋਣ ਤੋਂ ਬਾਅਦ ਸਤਨਾਮ “ਜੰਗਲਨਾਮਾ” ਬਣ ਜਾਣਾ ਸੀ, ਕਿਸ ਜ਼ਹੀਨ ਸ਼ਖ਼ਸੀਅਤ ਦਾ ਨਾਮ ਸੀ।
ਪਿਛਲੇ ਦਹਾਕੇ ਦੇ ਪਹਿਲੇ ਸਾਲਾਂ ਵਿਚ ਉਹ ਦਿੱਲੀ ਦੀ ਕਿਸੇ ਬਸਤੀ ਵਿਚ ਰਹਿੰਦਾ ਇੱਕ ਖੱਬੀ ਧਿਰ ਦਾ ਪਰਚਾ ਐਡਿਟ ਕਰਿਆ ਕਰਦਾ ਸੀ। ਉਹ ਕਮਰੇ ਵਿਚ ਆਪਣੇ ਆਪ ਨੂੰ ਬੰਦ ਰੱਖਦਾ। ਇਨ੍ਹਾਂ ਸਾਲਾਂ ਦੌਰਾਨ ਹੀ ਉਹ ਬਸਤਰ ਦੇ ਜੰਗਲਾਂ ਵੱਲ ਹੋ ਤੁਰਿਆ। ਗੁਰੀਲਿਆਂ ਨਾਲ ਘੁੰਮਿਆ, ਆਦਿਵਾਸੀਆਂ ਦੇ ਪਿੰਡਾਂ ਵਿਚ ਰਿਹਾ। ਸ਼ਾਇਦ ਤਿੰਨ ਮਹੀਨੇ ਨੋਟਿਸ ਲਏ। ਫਿਰ ਵਾਪਸ ਉਸੇ ਦਿੱਲੀ ਦੇ ਕਮਰੇ ਵਿਚ ਬੈਠ ਪਰਚਾ ਲਿਖਣ ਲੱਗਿਆ।
ਮਹੀਨੇ ਬੀਤਦੇ ਗਏ। ਕੋਈ ਪੁੱਛਦਾ ਕਿ ਕੁਝ ਲਿਖਣਾ ਨਹੀਂ? ਉਹ ਬੋਲਦਾ, “ਮੈਂ ਕਿੱਥੇ ਕੁਝ ਲਿਖਣ ਗਿਆ ਸਾਂ। ਮੈਨੂੰ ਕਿਸੇ ਨੇ ਦੱਸਿਆ ਸੀ ਕਿ ਉੱਥੇ ਜਾਮਣਾਂ ਦੇ ਦਰਖਤ ਨੇ, ਤੇ ਇੱਕ ਸੱਪ ਦੀ ਸ਼ਕਲ ਵਰਗਾ ਇੰਦਰਾਵਤੀ ਦਰਿਆ, ਜਿਸ ਨੇ ਜੰਗਲ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ। ਮੇਰਾ ਦਿਲ ਕੀਤਾ ਦੇਖ ਆਵਾਂ – ਦਰਖਤ, ਜੰਗਲ ਤੇ ਦਰਿਆ।” ਅਖਬਾਰ ਦੇ ਟੁਕੜੇ ਦੀ ਬੱਤੀ ਬਣਾਉਂਦਾ, ਕੰਨ ਵਿਚ ਘੁਮਾਉਂਦਾ, ਬੀੜੀ ਸੁਲਗਾਉਂਦਾ ਤੇ ਕੁਰਸੀ ਕੰਪਿਊਟਰ ਵੱਲ ਘੁੰਮਾ ਕੇ ਪਰਚੇ ਲਈ ਲਿਖਿਆ ਕੋਈ ਅੰਗਰੇਜ਼ੀ ਆਰਟੀਕਲ ਐਡਿਟ ਕਰਦਾ ਬੋਲਦਾ, “ਲਿਖਿਆ ਕੁਝ ਐਵੇਂ ਈ ਜਾਂਦੈ? ਲਿਖਣ ਲਈ ਟ੍ਰਿਗਰ ਚਾਹੀਦੈ।”
ਦਿੱਲੀ ਦੇ ਇਸੇ ਕਮਰੇ ਵਿਚ ਬੰਦ ਉਸ ਇੱਕ ਰਾਤ ਕਿਸੇ ਤੁਰਕੀ ਲੇਖਕ ਦਾ ਕੋਈ ਸਫ਼ਰਨਾਮਾ ਚੁੱਕਿਆ। ਹਾਲਾਂ ਮੁੱਖਬੰਦ ਪੜ੍ਹ ਰਿਹਾ ਸੀ। ਉਹਨੂੰ ਸਫ਼ਰਨਾਮਾ ਆਪਣੇ ਜੰਗਲ ਦੇ ਸਫ਼ਰ ਵਰਗਾ ਜਾਪਿਆ। ਉਹਨੂੰ ਟ੍ਰਿਗਰ ਮਿਲ ਚੁੱਕਾ ਸੀ। ਉਹ ਨੋਟਿਸ ਕੱਢ ਲਿਆਇਆ। 16 ਦਿਨਾਂ ਵਿਚ ਉਹਨੇ ਆਪਣਾ ਜੰਗਲੀ ਸਫ਼ਰਨਾਮਾ ਕਾਗਜ਼ ਉੱਪਰ ਉਤਾਰ ਦਿੱਤਾ। ਟਾਈਟਲ ਰੱਖਿਆ ‘ਜੰਗਲਨਾਮਾ’। 2003 ਦੇ ਸਿਆਲ ਵਿਚ ਛਪਿਆ। ਕਰੀਬ ਦਰਜਨ ਭਾਰਤੀ ਜ਼ੁਬਾਨਾਂ ਵਿੱਚ ਅਨੁਵਾਦ ਹੋਇਆ। ਪੈਂਗੁਇਨ ਨੇ ਅੰਗਰੇਜ਼ੀ ਵਿਚ ਛਾਪਿਆ। ਜੰਗਲ ਮਸ਼ਹੂਰ ਹੋ ਚੁੱਕਿਆ ਸੀ।
ਇਹ ਪਹਿਲੀ ਵਾਰ ਸੀ ਕਿ ਜੰਗਲ ਤੋਂ ਬਾਹਰ ਦੇ ਬਾਸ਼ਿੰਦੇ ਭਾਰਤ ਦੀ ਮਾਓਵਾਦੀ ਲਹਿਰ ਅਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਕਬਾਇਲੀ ਲੋਕਾਂ ਦੀ ਲਾਮਬੰਦੀ ਦਾ ਪਹਿਲਾ ਬਿਰਤਾਂਤ ਪੜ੍ਹ ਰਹੇ ਸਨ। ‘ਜੰਗਲਨਾਮਾ’ ਸ਼ਾਇਦ ਭਾਰਤੀ ਸਾਹਿਤ ਦਾ ਆਪਣੀ ਕਿਸਮ ਦਾ ਪਹਿਲਾ ਪ੍ਰਯੋਗ ਸੀ ਕਿ ਬੰਦੂਕ ਦੇ ਨਾਲ-ਨਾਲ ਮਾਓਵਾਦੀ ਕਬਾਇਲੀ ਲੋਕਾਂ ਨੂੰ ਖੇਤੀ ਦੇ ਸੰਦ ਵਰਤਣੇ ਤੇ ਮੱਛੀਆਂ ਪਾਲਣਾ ਸਿਖਾਉਂਦੇ ਹਨ ਜਾਂ ਗੁਰੀਲੇ ਮੁੰਡੇ-ਕੁੜੀਆਂ ਕੀ ਖਾਂਦੇ ਹਨ, ਕੀ ਪੀਂਦੇ ਹਨ, ਕੀ ਪੜ੍ਹਦੇ ਹਨ, ਵਿਆਹ ਕਰਵਾਉਂਦੇ ਹਨ ਜਾਂ ਨਹੀਂ, ਇਸ ਸਭ ਕਾਸੇ ਨੂੰ ਰੂਪਮਾਨ ਕਰਕੇ ਦੁਨੀਆਂ ਦੇ ਆਮ ਪਾਠਕ ਮੂਹਰੇ ਰੱਖਣ ਵਾਲਾ ਸਤਨਾਮ ਪਹਿਲਾ ਲੇਖਕ ਸੀ। ਪਰ ਉਸ ਕਦੇ ਖੁਦ ਨੂੰ ਲੇਖਕ ਨਹੀਂ ਸੀ ਸਮਝਿਆ। ਜਦ ਉਹਦੇ ‘ਜੰਗਲਨਾਮਾ’ ’ਤੇ ਕੁਝ ਗੋਸ਼ਟੀਆਂ ਹੋਈਆਂ ਤਾਂ ਉਸ ਇਕ ਵਾਰ ਹੱਸ ਕੇ ਕਿਹਾ ਸੀ, “ਮੇਰੇ ਤਾਂ ਪੈਰ ਹੇਠ ਬਟੇਰਾ ਆ ਗਿਆ, ਮੈਂ ਕਾਹਦਾ ਲੇਖਕ ਹਾਂ।”
ਪਟਿਆਲੇ ਗੋਸ਼ਟੀ ਵਿਚ ਉਸ ਨੇ ਕਿਹਾ, “ਇਹ ਕਿਤਾਬ ਲਿਖੀ ਗਈ। ਪਰ ਮੈਂ ਕੋਈ ਲੇਖਕ ਨਹੀਂ, ਜੋ ਮੁੜ ਲਿਖਣ ਦਾ ਵਾਅਦਾ ਕਰਕੇ ਜਾਵਾਂ।”
1970ਵਿਆਂ ਵਿਚ ਖੱਬੀ ਲਹਿਰ ਦਾ ਹਿੱਸਾ ਬਣਿਆ ਸਤਨਾਮ ਉਹ ਇਨਕਲਾਬੀ ਸੀ ਜੋ ਖੱਬੀ ਪਿਰਤ ਦੇ ਉਲਟ ਆਪਣੇ ਆਗੂਆਂ ਦਾ ‘ਕਲੋਨ’ ਨਹੀਂ ਸੀ ਬਣਿਆ। ਮਿਲਣ ਆਉਂਦੇ ਮੁੰਡੇ-ਕੁੜੀਆਂ ਨੂੰ ਉਹ ਕਮਿਊਨਿਸਟ ਮੈਨੀਫੈਸਟੋ ਨਾ ਫੜਾਉਂਦਾ, ਸਗੋਂ ਪੁੱਛਦਾ, “ਤੂੰ ‘ਉਰਦੂ ਕੀ ਆਖ਼ਰੀ ਕਿਤਾਬ’ ਪੜ੍ਹੀ ਹੈ”, ਜਾਂ ਆਹ ਫ਼ੈਜ਼ ਦੀ ‘ਸਾਰੇ ਸੁਖਨ ਹਮਾਰੇ’ ਦੇਖ, ਅਗਲੀ ਵਾਰ ਆਵੀਂ, ਤੈਨੂੰ ਮੰਟੋ ਦੀ ਸਾਰੀ ਕੁਲੈਕਸ਼ਨ ਦੇਵਾਂਗਾ।” ਉਹਦੀ ਲਾਇਬਰੇਰੀ ਵਿਚ ਜਿੰਨੀਆਂ ਮਾਰਕਸ ਦੀਆਂ ਜਿਲਦਾਂ ਸਨ, ਉੰਨੀਆਂ ਜਿਲਦਾਂ ਗੀਤਾ ਅਤੇ ਮਹਾਂਭਾਰਤ ਦੀਆਂ ਵੀ ਸਨ। ਪਲੈਖਾਨੋਵ ਤੇ ਗੋਰਕੀ ਤਾਂ ਸਨ ਹੀ, ਪਰ ਸ਼ਾਹਨਾਮਾ ਵੀ ਸੀ ਤੇ ਬਾਬਰਨਾਮਾ ਵੀ। ਉਹਦਾ ਬਿਮਾਰ ਹੋਇਆ ਮਿੱਤਰ ਪ੍ਰੋਫੈਸਰ ਮੇਘ ਜਦ ਉਸ ਕੋਲ ਰਾਤਾਂ ਕੱਟਦਾ ਤਾਂ ਦੋਵੇਂ ਕਈ-ਕਈ ਘੰਟੇ 1950ਵਿਆਂ ਦੀਆਂ ਹਿੰਦੀ ਫਿਲਮਾਂ ਅਤੇ ਗੀਤਾਂ ਦੀਆਂ ਗੱਲਾਂ ਕਰਦੇ।
ਉਹ ਜ਼ਿੰਦਗੀ ਨੂੰ ਉਹ ਡੁੱਬ ਕੇ ਜਿਉਣਾ ਜਾਣਦਾ ਸੀ। 2007-08 ਵਿਚ ਉਹਦੀ ਬੁੱਢੀ ਮਾਂ ਮੰਜੇ ’ਤੇ ਪੈ ਗਈ। ਮਾਂ ਦਾ ਜਨਮ ਦਿਨ ਨੇੜੇ ਸੀ। ਉਹ ਫੋਨ ਕਰ ਕੇ ਕਹਿੰਦਾ, “ਅੰਮਾਂ ਦਾ ਇਹ ਅਖੀਰਲਾ ਜਨਮ ਦਿਨ ਹੈ। ਆਪਾਂ ਚੰਗੀ ਤਰ੍ਹਾਂ ਸੈਲੀਬਿਰੇਟ ਕਰਨੈ।” ਉਸ ਸਾਲ ਤੋਂ ਬਾਅਦ ਮਾਂ ਦੇ ਦੋ ਜਨਮ ਦਿਨ ਹੋਰ ਮਨਾਏ। 2011 ਦੇ ਸਿਆਲ ਵਿਚ ਜਦ ਉਹ ਕਰੀਬ ਅੱਧੀ ਰਾਤ ਪੂਰੀ ਹੋਈ ਤਾਂ ਉਹ ਆਪਣੇ ਇੱਕ ਯਾਰ ਦੇ ਗਲ਼ ਲੱਗ ਰੋਇਆ। ਫਿਰ ਮਾਂ ਦੀ ਯਾਦ ਵਿਚ ਇੱਕ ਨਿੱਕਾ ਜਿਹਾ ਗੀਤ ਗਾਇਆ। ਭੋਗ ਵਾਲੀ ਸ਼ਾਮ ਉਹ ਦੋਸਤਾਂ ਲਈ ਸ਼ਰਾਬ ਲੈ ਆਇਆ, ਅੱਧੀ ਰਾਤ ਤੱਕ ਮਾਂ ਦੀ ਯਾਦ ਵਿਚ ਦੋਸਤਾਂ ਤੋਂ ਗਾਣੇ ਗਵਾਏ।
ਉਹ ਅਜੀਬ ਅਦਾ ਦਾ ਮਾਲਕ ਸੀ। ਕਸ਼ਮੀਰੀਆਂ ਅਤੇ ਫਲਸਤੀਨੀਆਂ ਨੂੰ ਪਤਾ ਨਹੀਂ ਕਿਉਂ ਉਹ ਰੱਜ ਕੇ ਚਾਹੁੰਦਾ ਸੀ। 2005-06 ਵਿਚ ਉਹ ਕਸ਼ਮੀਰ ਗਿਆ। ਅਲੋਪ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਮਿਲਣ। ਮੁੜਦੇ ਹੋਏ ਇੱਕ ਫਿਰਨ ਲੈ ਆਇਆ ਤੇ ਇੱਕ ਮੁਸਲਮਾਨਾਂ ਵਾਲੀ ਟੋਪੀ। ਫਿਰ ਕਈ ਅਗਲੇ ਸਾਲਾਂ ਦੌਰਾਨ, ਜਦ ਉਸਦੇ ਵਾਕਫ਼ ਘੇਰੇ ਵਿਚ ਕੋਈ ਵਿਆਹ ਜਾਂ ਜਨਮ ਦਿਨ ਹੁੰਦਾ, ਉਹ ਕਸ਼ਮੀਰੀ ਫਿਰਨ ਤੇ ਟੋਪੀ ਪਾ ਪਹੁੰਚਦਾ। ਕਿਸੇ ਪੁੱਛਿਆ, ਇਹ ਟੋਪੀ ਕਿਉਂ ਪਾਈ ਰੱਖਦੈਂ? ਉਸ ਆਖਿਆ, “ਜੇ ’84 ਵਿਚ 200 ਕਾਮਰੇਡਾਂ ਨੇ ਪੱਗਾਂ ਬੰਨ੍ਹ ਕੇ ਇੱਕ ਮੁਜ਼ਾਹਰਾ ਕੀਤਾ ਹੁੰਦਾ ਤਾਂ ਸਿੱਖਾਂ ਦੀ ਕਤਲੋਗ਼ਾਰਤ ਨਾ ਹੁੰਦੀ। ਹੁਣ ਮੁਸਲਮਾਨ ਮਰ ਰਹੇ ਹਨ। ਇਸ ਲਈ ਟੋਪੀ ਪਾਉਨਾ।”
ਜੰਗਲ ਨਾਲ ਉਹਨੂੰ ਅੰਤਾਂ ਦਾ ਇਸ਼ਕ ਸੀ। ਪਰ ਉਹ ਜਾਂਗਲੀ ਨਹੀਂ ਸੀ। ਬੀ.ਏ ਦੀ ਪੜ੍ਹਾਈ ਵਿੱਚੇ ਛੱਡ ਜਾਣ ਵਾਲਾ ਸਤਨਾਮ ਉਰਦੂ ਅਤੇ ਪੰਜਾਬੀ ਸ਼ਬਦਾਂ ਦੀ ਖਾਣ ਸੀ। ਜਦ ਬੋਲਦਾ ਤਾਂ ਸ਼ਬਦ ਚਿਣ-ਚਿਣ ਕੇ ਸਜਾਉਂਦਾ। ਦੋਸਤ ਉਸਨੂੰ ਆਪਣੇ ਨਵਜੰਮੇ ਜਵਾਕਾਂ ਦਾ ਨਾਮ ਸੁਝਾਉਣ ਲਈ ਆਖਦੇ। ਮੇਰੇ ਵਿਆਹ ਦਾ ਕਾਰਡ ਉਹਨੇ ਆਪ ਲਿਖਿਆ ਸੀ। ਉਹ ਬਹੁਤ ਕੁਝ ਅਜਿਹਾ ਲਿਖ ਸਕਦਾ ਸੀ। ਇਨਕਲਾਬਾਂ ਦੇ ਵਹਿਣਾਂ ਨੂੰ ਸਾਹਿਤ ਦੀ ਕੜੀ ਵਿਚ ਪਰੋਣ ਦੀ ਕਲਾ ਦਾ ਉਹ ਸ਼ਾਹ-ਸਵਾਰ ਸੀ। ਪਰ ਉਸ ਐਲਾਨ ਜਿਹਾ ਕੀਤਾ ਹੋਇਆ ਸੀ ਕਿ ਉਹ ਪੈਸੇ ਲਈ ਨਹੀਂ ਲਿਖ ਸਕਦਾ। ਅਰੁੰਧਤੀ ਰਾਏ ਦੱਸਦੀ ਹੈ ਕਿ ਸਤਨਾਮ ਦੇ ਜੰਗਲਨਾਮੇ ਨੇ ਉਹਨੂੰ ਜੰਗਲ ਜਾਣ ਲਈ ਪ੍ਰੇਰਿਆ।
ਰਵਾਇਤੀ ਲੇਖਕਾਂ ਵਾਂਗ ਸਤਨਾਮ ਨੇ ਰੁਤਬੇ ਦੇਖ ਕੇ ਰਿਸ਼ਤੇ ਨਹੀਂ ਸਨ ਬਣਾਏ। ਉਸਦੀ ਖ਼ੂਬੀ ਸੀ ਕਿ ਉਸ ਕੋਲ ਆਪਣੇ ਸਾਧਾਰਨ ਜਿਹੇ ਗੁਆਂਢੀ ਈਸ਼ਰ, ਦੁੱਧ ਪਾਉਣ ਆਉਂਦੇ ਛੱਜੂ ਤੇ ਅਰੁੰਧਤੀ ਜਿਹੇ ਆਹਲਾ ਲੇਖਕਾਂ ਲਈ ਇੱਕੋ ਜਿੰਨਾ ਸਮਾਂ ਸੀ। ਉਸ ਕੋਲ ਸ਼ਬਦ ਸਨ, ਲਹਿਜ਼ਾ ਸੀ, ਕਲਾ ਸੀ ਤੇ ਚਾਰ ਦਹਾਕੇ ਲੰਮਾ ਖੱਬੀ ਲਹਿਰ ਦੇ ਵੰਨ-ਸੁਵੰਨੇਂ ਦੌਰਾਂ ਦਾ ਅਨੁਭਵ ਸੀ। ਉਹ ਖੱਬੀਆਂ ਲਹਿਰਾਂ ਦੇ ਅਨੇਕਾਂ ਪਰਚਿਆਂ ਵਿਚ ਛਪਿਆ। ਉਹ ਕਿਹਾ ਕਰਦਾ ਕਿ ਜਿਸ ਦਿਨ ਟ੍ਰਿਗਰ ਮਿਲਿਆ, ਉਹ ਪੰਜਾਬ ਦੀ ਨਕਸਲੀ ਲਹਿਰ ਦਾ ਇਤਿਹਾਸ ਆਪਣੀ ਅਦਾ ਮੁਤਾਬਕ ਲਿਖੇਗਾ। ਪਰ ਅਫਸੋਸ, ਇਹ ਕਦੇ ਨਾ ਹੋ ਸਕਿਆ। ਲੈਨਿਨ ਤੇ ਗੋਰਕੀ ਦੀ ਇੱਕ ਵਾਰਤਾਲਾਪ ਉਹ ਅਕਸਰ ਸੁਣਾਇਆ ਕਰਦਾ:
ਗੋਰਕੀ ਰਾਜਨੀਤੀ ਵਿਚ ਪੈਰ ਰੱਖਣ ਲੱਗਿਆ। ਇੱਕ ਦਿਨ ਲੈਨਿਨ ਨੇ ਝਿੜਕ ਦਿੱਤਾ। ਕਿਹਾ, “ਗੋਰਕੀ, ਰਾਜਨੀਤੀ ਤੇਰੇ ਵੱਸ ਦਾ ਰੋਗ ਨਹੀਂ, ਤੂੰ ਕਹਾਣੀ ਲਿਖਿਆ ਕਰ, ਕਵਿਤਾ ਕਰਿਆ ਕਰ।”
ਪਤਾ ਨਹੀਂ ਕਿਉਂ ਉਹਦੇ ਤੁਰ ਜਾਣ ਤੋਂ ਬਾਅਦ ਇਉਂ ਲਗਦੈ, ਜਿਵੇਂ ਸਤਨਾਮ ਨੂੰ ਵੀ ਕਿਸੇ ਲੈਨਿਨ ਵਰਗੇ ਦੀ ਉਡੀਕ ਸੀ, ਜੋ ਉਸ ਨੂੰ ਆ ਕੇ ਇੱਕ ਵਾਰ ਕਹਿੰਦਾ, “ਪਿਆਰੇ ਸਤਨਾਮ, ਤੂੰ ਕਹਾਣੀ ਲਿਖਿਆ ਕਰ, ਬੱਸ ਕਵਿਤਾ ਕਰਿਆ ਕਰ।” ਉਹ ਜੰਗਲ ਵਿੱਚੋਂ ਜ਼ਿੰਦਗੀ ਲੱਭ ਲਿਆਇਆ ਸੀ, ਪਰ ਆਪ ਉਹ ਜ਼ਿੰਦਗੀ ਦੇ ਜੰਗਲ ਵਿਚ ਅਲੋਪ ਹੋ ਗਿਆ।
*****
(ਧੰਨਵਾਦ ਸਹਿਤ ‘ਪੰਜਾਬੀ ਟ੍ਰਿਬਿਊਨ’ ਵਿੱਚੋਂ)
(318)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)







































































































