WaryamSSandhu7ਸੱਚੀ ਗੱਲ ਤਾਂ ਇਹ ਹੈ ਕਿ ਸਰਵਣ ਸਿੰਘ ਖ਼ੁਦ ਪੰਜਾਬੀ ਖੇਡ ਸਾਹਿਤ ਦਾ ਹੀਰਾ ਹੈਪੰਜਾਬੀ ...SarwanSingh7
(8 ਦਸੰਬਰ 2021)

 

ਇਸ ਭੂਮਿਕਾ ਬਾਰੇ ਪ੍ਰਿੰ. ਸਰਵਣ ਸਿੰਘ ਲਿਖਦੇ ਹਨ:

ShabdanDeKhidari3ਪੰਜਾਬੀ ਖੇਡ ਸਾਹਿਤ ਬਾਰੇ ਛਪੀ ਮੇਰੀ ਪਹਿਲੀ ਪੋਥੀ ‘ਸ਼ਬਦਾਂ ਦੇ ਖਿਡਾਰੀ’ ਦੀ ਭੂਮਿਕਾ ਵਰਿਆਮ ਸਿੰਘ ਸੰਧੂ ਨੇ ਲਿਖੀ ਹੈ। ਇਸ ਪੁਸਤਕ ਵਿੱਚ ਵੰਨ ਸੁਵੰਨੀਆਂ ਖੇਡ ਲਿਖਤਾਂ ਹਨ ਜੋ ਖੇਡ ਸਾਹਿਤ ਦੀਆਂ ਬਾਤਾਂ ਕਹੀਆਂ ਜਾ ਸਕਦੀਆਂ ਹਨ। ਬਾਤਾਂ ਪਾਉਣ ਵਾਲੇ ਹਨ ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਬਲਬੀਰ ਸਿੰਘ ਕੰਵਲ, ਸੂਬਾ ਸਿੰਘ, ਪਾਸ਼, ਪਹਿਲਵਾਨ ਦਾਰਾ ਸਿੰਘ, ਪ੍ਰੋ. ਕਰਮ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਡਾ. ਜਸਪਾਲ ਸਿੰਘ ਤੇ ਦਰਜਨ ਕੁ ਹੋਰ ਖੇਡ ਲੇਖਕ। ਪੰਜਾਬੀ ਵਿੱਚ ਖੇਡਾਂ, ਖਿਡਾਰੀਆਂ ਬਾਰੇ ਸਵਾ ਸੌ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਖੇਡ ਸਾਹਿਤ ਹੁਣ ਵੱਖਰੀ ਵਿਧਾ ਬਣ ਚੁੱਕਾ ਹੈ। ਇਸ ਬਾਰੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਲਿਖੇ ਜਾ ਰਹੇ ਹਨ। ਐੱਮਫਿੱਲ ਤੇ ਪੀਐੱਚਡੀ ਦੀਆਂ ਡਿਗਰੀਆਂ ਹੋ ਰਹੀਆਂ ਹਨ। ਪੰਜਾਬੀ ਖੇਡ ਅਦਬ ਵਿੱਚ ਨਾਮਵਰ ਖਿਡਾਰੀਆਂ ਦੀਆਂ ਜੀਵਨੀਆਂ, ਸਵੈਜੀਵਨੀਆਂ, ਰੇਖਾ ਚਿੱਤਰ, ਕਹਾਣੀਆਂ, ਨਾਵਲ, ਖੇਡ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡ ਚਿੰਤਨ, ਖੇਡਾਂ ਦੀ ਜਾਣ ਪਛਾਣ, ਖੇਡ ਕਵਿਤਾਵਾਂ, ਗੀਤ, ਸ਼ਿਅਰ, ਦੋਹੇ, ਬੈਂਤ, ਖੇਡ ਸਾਹਿਤ ਦੇ ਅਧਿਐਨ ਬਾਰੇ ਖੋਜ ਨਿਬੰਧ, ਖੋਜ ਪ੍ਰਬੰਧ ਤੇ ਅਲੋਪ ਹੋ ਰਹੀਆਂ ਦੇਸੀ ਖੇਡਾਂ ਅਤੇ ਪ੍ਰਚਲਿਤ ਪੱਛਮੀ ਖੇਡਾਂ ਬਾਰੇ ਬਹੁਪੱਖੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਛਪ ਚੁੱਕੀਆਂ ਹਨ।

ਮੇਰੀਆਂ ਬਹੁਤੀਆਂ ਕਿਤਾਬਾਂ ਦੇ ਨਾਂ ਖੇਡਾਂ, ਖਿਡਾਰੀਆਂ ਨਾਲ ਸੰਬੰਧਿਤ ਹਨ। ਖੇਡ ਸਾਹਿਤ ਦੀ ਇਸ ਨਵੇਕਲੀ ਪੁਸਤਕ ਦਾ ਨਾਂ ਵੀ ਉਹਨਾਂ ਨਾਲ ਮਿਲਦਾ ਜੁਲਦਾ ‘ਸ਼ਬਦਾਂ ਦੇ ਖਿਡਾਰੀ’ ਰੱਖ ਦਿੱਤਾ ਹੈ। ਧੰਨਵਾਦੀ ਹਾਂ ਖੇਡ ਲੇਖਕਾਂ ਤੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਸਵਰਾਜਬੀਰ ਸਿੰਘ ਹੋਰਾਂ ਦਾ ਜਿਨ੍ਹਾਂ ਮੈਂਨੂੰ ‘ਪੰਜਾਬੀ ਖੇਡ ਸਾਹਿਤ’ ਕਾਲਮ ਲਿਖਣ ਲਾਇਆ। ਉੁਹੀ ਕਾਲਮ ਇਹ ਸੰਗ੍ਰਹਿ ਤਿਆਰ ਕਰਨ ਵਿੱਚ ਸਹਾਈ ਹੋਇਆ ਹੈ। ਪੰਜਾਬੀ ਖੇਡ ਸਾਹਿਤ ਬਾਰੇ ਇਹ ਪਹਿਲੀ ਪੋਥੀ ਹੈ। ਉਮੀਦ ਹੈ ਇਸਦੇ ਅਗਲੇ ਭਾਗ ਵੀ ਛੇਤੀ ਹੀ ਪ੍ਰਕਾਸ਼ਿਤ ਹੋਣਗੇ।

ਵਰਿਆਮ ਸਿੰਘ ਸੰਧੂ ਲੰਮੀਆਂ ਕਹਾਣੀਆਂ ਦਾ ਨੈਸ਼ਨਲ ਚੈਂਪੀਅਨ ਹੈ। ਉਹਦੀ ਕਹਾਣੀ ‘ਚੌਥੀ ਕੂਟ’ ਭਾਰਤੀ ਭਾਸ਼ਾਵਾਂ ਵਿੱਚੋਂ ਚੋਟੀ ਦੀਆਂ ਬਾਰਾਂ ਕਹਾਣੀਆਂ ਦੇ ਅੰਗਰੇਜ਼ੀ ਕਹਾਣੀ ਸੰਗ੍ਰਹਿ ‘ਮੈਮੋਰੇਬਲ ਸਟੋਰੀਜ਼ ਆਫ ਇੰਡੀਆ: ਟੈੱਲ ਮੀ ਏ ਲੌਂਗ ਸਟੋਰੀ’ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ। ਡਾ. ਅਤਰ ਸਿੰਘ ਨੇ ਕਦੇ ਦਹਿਸ਼ਤੀ ਦੌਰ ਦੀ ਸਾਹਿਤਕ ਰਚਨਾ ਬਾਰੇ ਲਿਖਿਆ ਸੀ, “ਪੰਜਾਬ ਜਿਸ ਘੋਰ ਸੰਕਟ ਵਿੱਚੋਂ ਲੰਘਿਆ ਹੈ ਉਸ ਦੀ ਥਾਹ ਅਜੇ ਕਿਸੇ ਨੇ ਨਹੀਂ ਪਾਈ। ਇਸ ਖੇਤਰ ਵਿੱਚ ਵਰਿਆਮ ਸੰਧੂ ਦੀਆਂ ਦੋ ਕਹਾਣੀਆਂ ‘ਭੱਜੀਆਂ ਬਾਹੀਂ’ ਅਤੇ ‘ਮੈਂ ਹੁਣ ਠੀਕਠਾਕ ਹਾਂ’ ਪੰਜਾਬੀ ਕਹਾਣੀ ਦੀ ਵਡਮੁੱਲੀ ਪ੍ਰਾਪਤੀ ਹਨ। ਮੇਰੀ ਜਾਚੇ ਇਹ ਦੋਵੇਂ ਕਹਾਣੀਆਂ ਮਾਡਰਨ ਵਰਲਡ ਕਲਾਸਿਕਸ ਵਿੱਚ ਆਪਣਾ ਸਥਾਨ ਪ੍ਰਾਪਤ ਕਰਨ ਦੇ ਸਮਰੱਥ ਹਨ।

ਪੇਸ਼ ਹੈ ਪੁਸਤਕ ‘ਸ਼ਬਦਾਂ ਦੇ ਖਿਡਾਰੀ’ ਦੀ ਵਰਿਆਮ ਸਿੰਘ ਸੰਧੂ ਵੱਲੋਂ ਲਿਖੀ ਭੂਮਿਕਾ:

ਚੇਤੇ ਦੀ ਲਿਸ਼ਕੋਰ

ਸਰਵਣ ਸਿੰਘ ਦੀ ਨਵੀਂ ਪੁਸਤਕ ‘ਸ਼ਬਦਾਂ ਦੇ ਖਿਡਾਰੀ’ ਬਾਰੇ ਕੁਝ ਸ਼ਬਦ ਲਿਖਣ ਲੱਗਿਆਂ ਗੱਲ ਤਾਂ ਸਰਵਣ ਸਿੰਘ ਤੋਂ ਹੀ ਸ਼ੁਰੂ ਤੇ ਉਸੇ ’ਤੇ ਹੀ ਖ਼ਤਮ ਹੋਣੀ ਹੈ, ਕਿਉਂਕਿ, ਸ਼ਬਦਾਂ ਦਾ ਸਭ ਤੋਂ ਵੱਡਾ ਖਿਡਾਰੀ ਤਾਂ ਉਹ ਆਪ ਹੈ। ਪੰਜਾਬੀ ਵਾਰਤਕ ਦਾ ਉੱਚਾ ਬੁਰਜ। ਅਨੇਕਾਂ ਖੇਡ ਲੇਖਕਾਂ ਦਾ ਚਾਨਣ ਮੁਨਾਰਾ। ਅਸਲ ਵਿੱਚ ਸਰਵਣ ਸਿੰਘ ਪੰਜਾਬੀ ਖੇਡ ਸਾਹਿਤ ਦਾ ਸ਼ਹਿਨਸ਼ਾਹ ਹੈ। ਲਿਖਣ ਨੂੰ ਤਾਂ ਉਹਨੇ ਕਹਾਣੀਆਂ ਵੀ ਲਿਖੀਆਂ ਨੇ, ਜੀਵਨੀਆਂ ਲਿਖੀਆਂ ਨੇ, ਰੇਖ਼ਾ ਚਿਤਰ ਲਿਖੇ ਨੇ, ਸਵੈਜੀਵਨੀ ਲਿਖੀ ਹੈ, ਸਫ਼ਰਨਾਮੇਂ ਲਿਖੇ ਹਨ, ਹਾਸ-ਵਿਅੰਗ ਲਿਖਿਆ ਹੈ, ਖੇਡ ਪੱਤਰਕਾਰੀ ਤੇ ਖੇਡ ਕੁਮੈਂਟਰੀ ਕੀਤੀ ਹੈ ਅਤੇ ਇਹਨਾਂ ਸਭਨਾਂ ਖ਼ੇਤਰਾਂ ਵਿੱਚ ਹੀ ਕਮਾਲ ਕੀਤਾ ਹੈ। ਪਰ ਖੇਡ-ਲੇਖਣ ਦੇ ਖ਼ੇਤਰ ਵਿੱਚ ਤਾਂ ਉਹਨੇ ਅਜਿਹੀਆਂ ਮੱਲਾਂ ਮਾਰੀਆਂ ਨੇ ਕਿ ਅੱਧੀ ਸਦੀ ਤੋਂ ਉਹਦਾ ਮਾਊਂਟ-ਐਵਰੈਸਟੀ ਝੰਡਾ ਸਭਨਾਂ ਤੋਂ ਉੱਚਾ ਅਸਮਾਨੀ ਝੁੱਲ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ ਸੀ, ‘ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਇਆ।’ ਸਰਵਣ ਸਿੰਘ ਬਾਰੇ ਇਹ ਬੰਦ ਬਦਲਣਾ ਪਊ। ‘ਪਚਾਸ ਬਰਸਾਂ’ ਤਾਂ ਉਹਦਾ ਰਾਜ ਚੱਲ ਹੀ ਗਿਆ ਹੈ, ਪਰ, ਅਸੀਂ ਦੁਆ-ਗੋ ਹਾਂ ਕਿ ਉਹਦਾ ਰਾਜ ਘੱਟੋ ਘੱਟ ਤੀਹ ਵਰ੍ਹੇ ਤਾਂ ਹੋਰ ਚੱਲੇ ਹੀ। ਉਂਜ ਤੀਹ ਵਰ੍ਹਿਆਂ ਤੋਂ ਬਾਅਦ ਵੀ ਪੰਜਾਬੀ ਖੇਡ ਸਾਹਿਤ ਦੇ ਇਤਿਹਾਸ ਵਿੱਚ ਉਹਦਾ ਰਾਜ ਇੰਜ ਹੀ ਚੱਲਦਾ ਰਹਿਣਾ ਏਂ ਕਿਉਂਕਿ ਪੰਜਾਬੀ ਦੇ ਖੇਡ ਸਾਹਿਤ ਵਿੱਚ ਏਡਾ ਬੁਲੰਦ ਮੁਕਾਮ ਸ਼ਾਇਦ ਹੀ ਕਿਸੇ ਹੋਰ ਲੇਖਕ ਨੂੰ ਪ੍ਰਾਪਤ ਹੋ ਸਕੇ। ਉਹਨੇ ਪੰਜਾਬ ਦੇ ਖਿਡਾਰੀਆਂ ਬਾਰੇ ਲਿਖ ਕੇ ਉਹਨਾਂ ਨੂੰ ਅਮਰ ਕਰ ਦਿੱਤਾ ਤੇ ਉਹਦੀਆਂ ਲਿਖ਼ਤਾਂ ਨੇ ਬਦਲੇ ਵਿੱਚ ਉਹਨੂੰ ਅਮਰ-ਪਦ ਪਰਦਾਨ ਕਰ ਦੇਣਾ ਹੈ।

ਮੈਂ 1965-66 ਤੋਂ ਉਹਦੀ ਲਿਖ਼ਤ ਦਾ ਆਸ਼ਕ ਹਾਂ। ਉਹਨੇ ਉਦੋਂ ਕੁ ਹੀ ‘ਆਰਸੀ’ ਵਿੱਚ ਖਿਡਾਰੀਆਂ ਦੇ ਰੇਖ਼ਾ ਚਿਤਰ ਲਿਖਣੇ ਸ਼ੁਰੂ ਕੀਤੇ ਸਨ ਤੇ ਅਸੀਂ ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿੱਚ ‘ਆਰਸੀ’ ਦਾ ਪਰਚਾ ਖ਼ਰੀਦਣ ਲਈ ਕਿਰਾਇਆ ਖ਼ਰਚ ਕੇ, ਵੀਹ ਮੀਲ ਦੂਰ ਅੰਬਰਸਰ ਜਾਂਦੇ ਸਾਂ। ਉਸ ਤੋਂ ਪਹਿਲਾਂ ਮੈਂ ਕੇਵਲ ਬਲਬੀਰ ਸਿੰਘ ਕੰਵਲ ਦੀ ਭਲਵਾਨਾਂ ਬਾਰੇ ਲਿਖੀ ਕਿਤਾਬ ਹੀ ਪੜ੍ਹੀ ਸੀ। ਬਹੁਤ ਸਾਰੇ ਹੋਰਨਾਂ ਲੇਖਕਾਂ ਨੇ ਵੀ ਖੇਡਾਂ ਤੇ ਖਿਡਾਰੀਆਂ ਬਾਰੇ ਕਿਤਾਬਾਂ ਲਿਖੀਆਂ ਨੇ, ਪਰ ਸਰਵਣ ਸਿੰਘ ਦਾ ਕੋਈ ਸਾਨੀ ਨਹੀਂ। ਗੁਣ ਅਤੇ ਗਿਣਤੀ ਵਿੱਚ ਉਹਨੇ ਪੰਜਾਬੀ ਖੇਡ ਸਾਹਿਤ ਨੂੰ ਇੰਨੀਆਂ ਮਾਣਮੱਤੀਆਂ ਤੇ ਇੰਨੀਆਂ ਰੱਜੀਆਂ-ਪੁੱਜੀਆਂ ਲਿਖ਼ਤਾਂ ਦਿੱਤੀਆਂ ਕਿ ਪੰਜਾਬੀ ਖੇਡ ਸਾਹਿਤ ਨੂੰ ਰੰਗਭਾਗ ਲੱਗਣ ਲਾ ਦਿੱਤੇ।

ਸਰਵਣ ਸਿੰਘ ਆਪਣੇ ਪਾਠਕਾਂ ਨੂੰ ਖੇਡਾਂ ਵਿਖਾਉਣਾ ਤੇ ਖਿਡਾਉਣਾ ਜਾਣਦਾ ਸੀ। ਉਹਦੀ ਵਾਰਤਕ ਵਿੱਚ ਲੋਹੜੇ ਦਾ ਹੁਸਨ ਤੇ ਗ਼ਜ਼ਬ ਦਾ ਜ਼ੋਰ ਸੀ। ਉਹ ਪਹਿਲੇ ਫ਼ਿਕਰੇ ਤੋਂ ਪੈਂਦੀ ਸੱਟੇ ਹੀ ਪੜ੍ਹਨ ਵਾਲੇ ਨੂੰ ਐਸਾ ਜਕੜਦਾ ਕਿ ਪਾਠਕ ਕਿਸੇ ਹੋਰ ਪਾਸੇ ਸੋਚਣ ਜਾਂ ਜਾਣ ਦੀ ਤਾਕਤ ਗਵਾ ਬਹਿੰਦਾ। ਪਹਿਲੇ ਪੈਰੇ ਵਿੱਚ ਹੀ ਸਰਵਣ ਸਿੰਘ ਕਲਮ ਦੀ ਇੱਕੋ ਅੜੇਸ ਨਾਲ ਖਿਡਾਰੀ ਬਾਰੇ ਜਾਣਕਾਰੀ ਦਾ ਭਰਿਆ ਭਰਾਇਆ ਗੱਡਾ ਉਲੱਦ ਸੁੱਟਦਾ। ਇਸ ਗੱਡੇ ਤੋਂ ‘ਬੋਰੀਆਂ’ ਦੀ ਥਾਂ ਸੋਨਰੰਗੇ ਸ਼ਬਦਾਂ ਦੀਆਂ ਮੁਹਰਾਂ ਡਿਗਦੀਆਂ। ਉਹ ਖਿਡਾਰੀ ਦੇ ਕੱਦ-ਕਾਠ, ਭਾਰ, ਰੰਗ-ਰੂਪ, ਖੇਡੇ ਟੂਰਨਾਮੈਂਟਾਂ, ਬਣਾਏ ਰੀਕਾਰਡਾਂ, ਘੁੰਮੇਂ ਦੇਸ਼ਾਂ, ਜਿੱਤਾਂ-ਹਾਰਾਂ, ਰੁਚੀਆਂ ਤੇ ਸਵਾਦਾਂ ਦੀਆਂ ਗਿਣਤੀਆਂ-ਮਿਣਤੀਆਂ, ਪ੍ਰਾਪਤੀਆਂ, ਤਮਗ਼ਿਆਂ ਅਤੇ ਹੋਰ ਜੁੜਵੇਂ ਵੇਰਵਿਆਂ ਦੀ ਝੜੀ ਲਾ ਦਿੰਦਾ। ਉਹਦੇ ਫ਼ਿਕਰਿਆਂ ਦੀ ਲਿਸ਼ਕ ਵਿੱਚ ਖਿਡਾਰੀ ਦਾ ਮਾਣਮੱਤਾ ਆਪਾ ਹੱਸਦਾ ਮੁਸਕਰਾਉਂਦਾ ਸਾਡੀਆਂ ਅੱਖਾਂ ਵਿੱਚੋਂ ਲੰਘ ਕੇ ਸਮੂਲਚਾ ਸਾਡੇ ਮਨ ਮਸਤਕ ਵਿੱਚ ਆਣ ਬਹਿੰਦਾ। ਖਿਡਾਰੀ ਦੀਆਂ ਰਗ਼ਾਂ ਵਿੱਚ ਦੌੜ ਰਿਹਾ ਗਰਮ ਖੂਨ ਪਾਠਕਾਂ ਦੀਆਂ ਰਗ਼ਾਂ ਵਿੱਚ ਉਬਾਲੇ ਲੈਣ ਲੱਗਦਾ। ਉਹ ਖਿਡਾਰੀ ਨਾਲ ਜੁੜੇ ਸਾਰੇ ਜੀਵਨ-ਵੇਰਵੇ ਅਜਿਹੀ ਸੁਹਜੀਲੀ-ਜੜਤ ਵਿੱਚ ਪੇਸ਼ ਕਰਦਾ ਕਿ ਖਿਡਾਰੀ ਦਾ ਪਿਛੋਕੜ, ਉਹਦੀ ਮਾਨਸਿਕਤਾ ਤੇ ਉਹਦਾ ਵਿਹਾਰ ਸਜਿੰਦ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਜਾਂਦਾ।

ਉਹ ਨਿਹਾਇਤ ਉਮਦਾ ਕਾਰਾਗਰੀ ਨਾਲ ਸ਼ਬਦਾਂ ਤੇ ਵਾਕਾਂ ਨੂੰ ਸੰਜੋਂਦਾ-ਬੀੜਦਾ ਕਿ ਖਿਡਾਰੀ ਸਾਮਰਤੱਖ ਜ਼ਿੰਦਗੀ ਤੇ ਖੇਡ ਦੇ ਮੈਦਾਨ ਵਿੱਚ ਕਾਰਜਸ਼ੀਲ ਹੋਇਆ ਦਿਸਣ ਲੱਗਦਾ। ਖੇਡ ਜਾਂ ਖਿਡਾਰੀ ਮੈਦਾਨ ਵਿੱਚ ਜਿੱਤਣ ਲਈ ਸਿਖ਼ਰਲਾ ਜ਼ੋਰ ਲਾਉਂਦੇ ਤਾਂ ਪੜ੍ਹਨ ਵਾਲੇ ਦੀਆਂ ਭਵਾਂ ਤਣ ਜਾਂਦੀਆਂ, ਮੱਥੇ ਦੇ ਵੱਟ ਕਸੇ ਜਾਂਦੇ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ, ਜਿਸਮ ਉਤਸੁਕਤਾ ਵਿੱਚ ਸੂਤਿਆ ਜਾਂਦਾ। ਸਰਵਣ ਸਿੰਘ ਪਾਠਕ ਨੂੰ ਮੈਦਾਨ ਵਿੱਚ ਭਜਾਈ ਸਾਹੋ ਸਾਹ ਕਰ ਦਿੰਦਾ। ਗੋਲ ਹੁੰਦਾ ਜਾਂ ਕਿਸੇ ਈਵੈਂਟ ਵਿੱਚ ਖਿਡਾਰੀ ਜਿੱਤ ਜਾਂਦਾ ਤਾਂ ਅਜਿਹੇ ਸਿਖ਼ਰਲੇ ਪਲਾਂ ਨੂੰ ਉਹ ਅਜਿਹੀ ਪਰਵੀਨਤਾ ਨਾਲ ਪੇਸ਼ ਕਰਦਾ ਕਿ ਪਾਠਕ ਦਾ ਬਾਹਵਾਂ ਉੱਚੀਆਂ ਕਰਕੇ ਬਦੋ ਬਦੀ ਲਲਕਾਰਾ ਮਾਰਨ ਨੂੰ ਜੀ ਕਰ ਆਉਂਦਾ। ਜੇ ਅਥਲੀਟ ਜਾਂ ਟੀਮ ਹਾਰ ਜਾਂਦੀ ਤਾਂ ਉਹ ਮੈਦਾਨ ਵਿੱਚ ਢੱਠੇ, ਹਾਰੇ, ਅੱਥਰੂ ਕੇਰਦੇ ਖਿਡਾਰੀਆਂ ਦਾ ਅਜਿਹਾ ਮਾਰਮਿਕ ਦ੍ਰਿਸ਼ ਬੰਨ੍ਹਦਾ ਕਿ ਲਿਖਤ ਪੜ੍ਹਨ ਤੋਂ ਬਾਅਦ ਵੀ ਪਾਠਕ ਕਈ ਚਿਰ ਉਸ ਹਾਰ ਦਾ ਦੁੱਖ, ਪੀੜ ਤੇ ਨਮੋਸ਼ੀ ਆਪਣੇ ਨਾਲ ਨਾਲ ਚੁੱਕੀ ਫਿਰਦਾ। ਉਹਦੇ ਇਸੇ ਲਿਖਣ-ਅੰਦਾਜ਼ ਨੂੰ ਡਾ. ਹਰਿਭਜਨ ਸਿੰਘ ਨੇ ‘ਅਥਲੈਟਿਕ ਸ਼ੈਲੀ’ ਨਾਲ ਤੁਲਨਾਇਆ ਸੀ ਤੇ ਸਰਵਣ ਸਿੰਘ ਨੂੰ ‘ਸ਼ਬਦਾਂ ਦਾ ਓਲਿੰਪੀਅਨ’ ਲਿਖਿਆ ਸੀ।

ਸਰਵਣ ਸਿੰਘ ਦੀ ਕਲਾ ਦਾ ਜਾਦੂ ਹੈ ਕਿ ਜਿਹੜੇ ਲੇਖਕ/ਆਲੋਚਕ ਖੇਡਾਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਮੰਨਣੋਂ ਇਨਕਾਰੀ ਸਨ, ਉਹਨਾਂ ਵਿੱਚੋਂ ਬਹੁਤ ਸਾਰੇ ਅੱਜ ‘ਖੇਡ-ਸਾਹਿਤ’ ਨੂੰ ਸਾਹਿਤ ਦਾ ਮਾਣਮੱਤਾ ਅੰਗ ਸਮਝਣ ਲੱਗੇ ਨੇ। ਮੰਨਣ ਨੂੰ ਤਾਂ ਪਹਿਲਾਂ ਸਾਡੇ ਮਹਾਨ ਨਾਵਲਕਾਰ ਸੋਹਣ ਸਿੰਘ ਸੀਤਲ ਨੂੰ ਵੀ ‘ਵੱਡੇ ਆਲੋਚਕ’ ਨਾਵਲਕਾਰ ਮੰਨਣੋਂ ਇਨਕਾਰੀ ਸਨ ਪਰ ਆਖ਼ਰਕਾਰ ਉਹਨਾਂ ਨੂੰ ਵੀ ਸੀਤਲ ਨੂੰ ਵੱਡਾ ਨਾਵਲਕਾਰ ਮੰਨਣਾ ਹੀ ਪਿਆ। ਇਹੋ ਕੁਝ ਪਹਿਲਾਂ ਸਰਵਣ ਸਿੰਘ ਨਾਲ ਵੀ ਹੋਇਆ, ਪਰ ਅੱਜ ਕੌਣ ਹੈ ਜੋ ਸਰਵਣ ਸਿੰਘ ਦੀ ਖੇਡ ਸਾਹਿਤ ਨੂੰ ਮਹਾਨ ਦੇਣ ’ਤੇ ਪੰਜਾਬੀ ਵਾਰਤਕ ਨੂੰ ਉਸ ਵੱਲੋਂ ਚਾੜ੍ਹੇ ਗੁਲਾਬੀ ਰੰਗ ਤੋਂ ਮੁਨਕਰ ਹੋ ਸਕੇ!

ਸਰਵਣ ਸਿੰਘ ਨੇ ਆਪ ਹੀ ਖੇਡਾਂ ਤੇ ਖਿਡਾਰੀਆਂ ਬਾਰੇ ਨਹੀਂ ਲਿਖਿਆ ਸਗੋਂ ਉਹ ਬਹੁਤ ਸਾਰੇ ਨਵੇਂ ਖੇਡ ਲੇਖਕਾਂ ਦਾ ਪ੍ਰੇਰਨਾ ਸਰੋਤ ਵੀ ਹੋ ਨਿੱਬੜਿਆ। ਸਰਵਣ ਸਿੰਘ ਨੂੰ ਮਿਲਦੇ ਮਾਣ-ਸਨਮਾਨ ਨੇ ਬਹੁਤ ਸਾਰੇ ਹੋਰ ਲੇਖਕਾਂ ਅੰਦਰ ਵੀ ਖੇਡ ਸਾਹਿਤ ਰਚਣ ਦੀ ਲਲ੍ਹਕ ਤੇ ਇੱਛਾ ਪੈਦਾ ਕਰ ਦਿੱਤੀ ਹੈ। ਜੇ ਉਹ ਕਰਤਾਰ ਭਲਵਾਨ ਹੁਰਾਂ ਨੂੰ ਇਸ ਗੱਲ ਲਈ ਜ਼ੋਰ ਨਾ ਪਾਉਂਦਾ ਕਿ ਉਹ ਆਪਣੀ ਜੀਵਨੀ ਉਸ (ਸਰਵਣ ਸਿੰਘ) ਕੋਲੋਂ ਨਹੀਂ ਸਗੋਂ ਮੇਰੇ (ਵਰਿਆਮ ਸਿੰਘ ਸੰਧੂ) ਕੋਲੋਂ ਲਿਖਵਾਉਣ ਤਾਂ ਸ਼ਾਇਦ ਮੈਂ ਇਹ ਜੀਵਨੀ ਲਿਖਦਾ ਹੀ ਨਾ। ਇੰਜ ਸਿੱਧੇ-ਅਸਿੱਧੇ ਤਰੀਕੇ ਨਾਲ ਮੇਰੇ ਕੋਲੋਂ ਕਰਤਾਰ ਦੀ ਜੀਵਨੀ ਲਿਖਾਉਣ ਦਾ ਪ੍ਰੇਰਕ ਵੀ ਸਰਵਣ ਸਿੰਘ ਹੀ ਹੈ।

ਸਰਵਣ ਸਿੰਘ ਦਰਿਆ ਦਿਲ ਬੰਦਾ ਹੈ। ਉਹ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲੇ ਨਵੇਂ ਲੇਖਕਾਂ ਦੀ ਦਿਲ ਖੋਲ੍ਹ ਕੇ ਤਾਰੀਫ਼ ਕਰਦਾ ਹੈ। ਨਵੀਂ ਖੇਡ ਰਚਨਾ ਜਾਂ ਨਵੇਂ ਖੇਡ ਲੇਖਕ ਦੀ ਆਮਦ ਉਹਨੂੰ ਆਪਣੇ ਵਿਹੜੇ ਵਿੱਚ ਖੇਡਦੇ ਨਵੇਂ ਬਾਲ ਵਾਂਗ ਪਿਆਰੀ ਲਗਦੀ ਹੈ। ਉਹ ਉਹਨੂੰ ਲਡਿਆਉਂਦਾ ਹੈ, ਵਡਿਆਉਂਦਾ ਹੈ ਤੇ ਅੱਗੇ ਵਧਣ ਦੀ ਹਿੰਮਤ ਤੇ ਹੌਸਲਾ ਦਿੰਦਾ ਹੈ। ਦਾਲ਼ ਵਿੱਚੋਂ ਦਾਣਾ ਟੋਹਣ ਵਾਂਗ ਚੰਦ ਕੁ ਖੇਡ ਲੇਖਕਾਂ ਬਾਰੇ ਉਹਦੀਆਂ ਟਿੱਪਣੀਆਂ ਵਿੱਚੋਂ ਛਲਕਦੀ ਮੁਹੱਬਤ ਵੇਖੋ:

ਨਵਦੀਪ ਸਿੰਘ ਗਿੱਲ ਪੰਜਾਬੀ ਖੇਡ ਪੱਤਰਕਾਰੀ ਦਾ ਹੀਰਾ ਹੈ।’

ਪ੍ਰਿੰ. ਬਲਕਾਰ ਸਿੰਘ ਬਾਜਵਾ ਪੰਜਾਬੀ ਖੇਡ ਸਾਹਿਤ ਦਾ ਸ਼ਿੰਗਾਰ ਹੈ।’

ਬਲਬੀਰ ਸਿੰਘ ਕੰਵਲ ਖੋਜੀ ਲੇਖਕ ਹੈ। ‘ਬੱਲੇ ਬੱਲੇ’ ਉਹਦਾ ਤਕੀਆ ਕਲਾਮ। ਬੱਲੇ ਬੱਲੇ ਕਰੇ ਬਿਨਾਂ ਉਹਤੋਂ ਰਹਿ ਨਹੀਂ ਹੁੰਦਾ।’

ਸੱਚੀ ਗੱਲ ਤਾਂ ਇਹ ਹੈ ਕਿ ਸਰਵਣ ਸਿੰਘ ਖ਼ੁਦ ਪੰਜਾਬੀ ਖੇਡ ਸਾਹਿਤ ਦਾ ਹੀਰਾ ਹੈ, ਪੰਜਾਬੀ ਖੇਡ ਸਾਹਿਤ ਦਾ ਸ਼ਿੰਗਾਰ ਹੈ ਅਤੇ ਹੋਰਨਾਂ ਦੀ ‘ਬੱਲੇ! ਬੱਲੇ!’ ਕਰਨੋਂ ਉਹਤੋਂ ਰਹਿ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਅੱਜ ਖੇਡ ਲੇਖਕਾਂ ਦਾ, ਉਹਦਾ ਵੱਡਾ ਬਾਗ਼-ਪਰਿਵਾਰ ਹੈ। ਸਰਵਣ ਸਿੰਘ ਆਪਣੀ ਵੱਡੀ ਟੀਮ ਦੇ ਅੱਗੇ-ਅੱਗੇ ਝੰਡਾ ਚੁੱਕੀ ਰਵਾਂ-ਚਾਲ ਚੱਲਦਾ ਜਾ ਰਿਹਾ ਹੈ। ਦਰਜਨਾਂ ਨਵੇਂ ਲੇਖਕ ਉਹਦੇ ਪਿੱਛੇ ਪਿੱਛੇ ਚੱਲਦੇ ਜਾ ਰਹੇ ਨੇ।

ਪੰਜਾਬੀ ਦੇ ਗਿਆਨ ਸਾਹਿਤ ਵਿੱਚ ‘ਖੇਡ ਸਾਹਿਤ’ ਦੀ ਨਵੀਂ ਵੰਨਗੀ ਦਾ ਸ਼ੁਮਾਰ ਸਰਵਣ ਸਿੰਘ ਦੀਆਂ ਲਿਖਤਾਂ ਦੀ ਬਦੌਲਤ ਹੀ ਹੋ ਸਕਿਆ ਹੈ। ਅੱਜ ਖੇਡ ਸਾਹਿਤ ਬਾਰੇ ਖੋਜ-ਕਾਰਜ ਆਰੰਭ ਹੋ ਚੁੱਕੇ ਨੇ। ਐੱਮਫ਼ਿਲ ਤੇ ਪੀਐੱਚਡੀ ਦੀਆਂ ਡਿਗਰੀਆਂ ਮਿਲਣ ਲੱਗੀਆਂ ਹਨ। ਪਾਠ-ਕ੍ਰਮਾਂ ਵਿੱਚ ਖੇਡ ਸਾਹਿਤ ਪੜ੍ਹਾਇਆ ਜਾਣ ਲੱਗਾ ਹੈ। ਖੇਡ ਸਾਹਿਤ ਵਿੱਚ ਉਹਦੇ ਬੁਲੰਦ ਰੁਤਬੇ ਵੱਲ ਵੇਖ ਕੇ ਬਹੁਤ ਸਾਰੇ ਨਵੇਂ ਲੇਖਕ ਵੀ ਖੇਡ-ਲੇਖਣ ਦੇ ਮੈਦਾਨ ਵਿੱਚ ਨਿੱਤਰੇ ਹਨ। ਸਰਵਣ ਸਿੰਘ ਇਹਨਾਂ ਲੇਖਕਾਂ ਦਾ ‘ਗੁਰੂ ਦ੍ਰੋਣਾਚਾਰੀਆ’ ਵੀ ਹੈ ਅਤੇ ਖੇਡ ਲੇਖਣੀ ਦੀ ਮੈਰਾਥਨ ਦੌੜ ਦਾ ‘ਭੀਸ਼ਮ ਪਿਤਾਮਾ’ ਵੀ।

ਸੋਭਾ ਸਿੰਘ ਨੇ ਇੱਕ ਵਾਰ ਨੌਜਵਾਨਾਂ ਦੀਆਂ ‘ਕਿਸਮਾਂ’ ਗਿਣਾਉਂਦਿਆਂ ਇੱਕ ਕਿਸਮ ‘ਨੋ (NO) ਜਵਾਨਾਂ’ ਦੀ ਦੱਸੀ ਸੀ। ਇਹ ਅਜਿਹੇ ‘ਜਵਾਨ’ ਹੁੰਦੇ ਨੇ ਜਿਨ੍ਹਾਂ ’ਤੇ ਕਦੀ ਜਵਾਨੀ ਆਉਂਦੀ ਹੀ ਨਹੀਂ। ਇਹ ਹਰ ਵੇਲੇ ਥੱਕੇ, ਉਦਾਸ, ਨਿਰਾਸ ਤੇ ਉਤਸ਼ਾਹ-ਹੀਣ ਹੀ ਦਿਖਾਈ ਦਿੰਦੇ ਹਨ। ਕੁਝ ਵੀ ਨਵਾਂ ਕਰਨ ਜਾਂ ਸਿਰਜਣ ਦੀ ਉਹਨਾਂ ਵਿੱਚ ਨਾ ਸਮਰੱਥਾ ਹੁੰਦੀ ਹੈ ਨਾ ਚਾਹਤ ਤੇ ਨਾ ਊਰਜਾ। ਸੋ ਖੇਡਾਂ ਬਾਰੇ ਲਿਖੇ ਸਾਹਿਤ ਨੂੰ ਦੋਮ ਦਰਜੇ ਦਾ ਸਮਝਣ ਤੇ ਆਖਣ ਵਾਲੇ ਅਜਿਹੇ ਲੇਖਕ/ਆਲੋਚਕ ਜਾਂ ਪਾਠਕ ‘ਨੋਜਵਾਨਾਂ’ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਨੇ। ਜਿਨ੍ਹਾਂ ਵਿੱਚ ਜ਼ਿੰਦਗੀ ਜਿਊਣ ਦਾ ਚਾਅ, ਉਤਸ਼ਾਹ ਅਤੇ ਖੇੜਾ ਹੈ, ਉਹੋ ਹੀ ਖੇਡ ਸਾਹਿਤ ਦੇ ਕਦਰਦਾਨ ਹੋ ਸਕਦੇ ਨੇ।

ਸਰਵਣ ਸਿੰਘ ਤੇ ਉਹਦੀ ਟੀਮ ਦੀ ਬਦੌਲਤ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲਿਆਂ ਦੀ ਕਦਰ ਪੈਣ ਲੱਗੀ ਹੈ। ਅੱਜ ਅਖ਼ਬਾਰਾਂ ਵਿੱਚ ‘ਖੇਡ-ਸਾਹਿਤ’ ਨੂੰ ਮਾਣਯੋਗ ਥਾਂ ਮਿਲਣ ਲੱਗੀ ਹੈ। ਪੰਜਾਬੀ ਵਿੱਚ ਖੇਡ-ਪੱਤਰਕਾਰਤਾ ਸਰਵਣ ਸਿੰਘ ਵਰਗੇ ਲੇਖਕਾਂ ਦੀ ਬਦੌਲਤ ਹੋਂਦ ਵਿੱਚ ਆਈ। ਉਸ ਨੇ ਬਤੌਰ ਪੰਜਾਬੀ ਪੱਤਰਕਾਰ ਵਰਲਡ ਹਾਕੀ ਕੱਪ, ਏਸ਼ੀਅਨ ਖੇਡਾਂ ਤੇ ਓਲੰਪਿਕ ਖੇਡਾਂ ਦੀ ਰੀਪੋਰਟਿੰਗ ਕਰਨ ਦੀ ਪਿਰਤ ਪਾ ਕੇ ਇਸ ਖ਼ੇਤਰ ਵਿੱਚ ਵੀ ਨਵੀਆਂ ਪੈੜਾਂ ਪਾਈਆਂ। ਨਵਦੀਪ ਗਿੱਲ ਤੇ ਸੰਤੋਖ ਮੰਡੇਰ ਵਰਗਿਆਂ ਨੇ ਦੋਹਾ ਦੀਆਂ ਏਸ਼ਿਆਈ ਖੇਡਾਂ ਤੇ ਨਵੀਂ ਦਿੱਲੀ ਦੀਆਂ ਕਾਮਨਵੈੱਲਥ ਖੇਡਾਂ ਤੋਂ ਲੈ ਕੇ ਬੀਜਿੰਗ ਦੀਆਂ ਓਲੰਪਿਕ ਖੇਡਾਂ ਤਕ ਦੀ ਕਵਰੇਜ ਕੀਤੀ ਹੈ। ਇਹ ਸਭ ਖੇਡ ਲੇਖਕ ਤੇ ਖੇਡ ਪੱਤਰਕਾਰ ਸਰਵਣ ਸਿੰਘ ਦੀ ਆਪਣੀ ਆਲ-ਔਲਾਦ ਹਨ।

ਸਰਵਣ ਸਿੰਘ ਦੀ ਪਹਿਲਕਦਮੀ ਸਕਦਾ ਪੰਜਾਬੀ ਅਖ਼ਬਾਰਾਂ ਵਿੱਚ ਖੇਡਾਂ ਤੇ ਖ਼ਿਡਾਰੀਆਂ ਲਈ ਵੱਖਰੇ ਕਾਲਮ ਛਪਣ ਲੱਗੇ ਹਨ। ਨਵੇਂ ਖੇਡ-ਸੰਕਲਪਾਂ ਤੇ ਖੇਡ-ਸ਼ਬਦਾਵਲੀ ਦੀ ਸਿਰਜਣਾ ਹੋਈ ਹੈ। ਖੇਡ-ਲੇਖਕ, ਖੇਡ-ਪੱਤਰਕਾਰ, ਖੇਡ-ਪਰਿਕਰਮਾ, ਖੇਡ-ਸਮਾਚਾਰ, ਖੇਡ-ਦਰਸ਼ਨ, ਖੇਡ-ਚਰਚਾ, ਖੇਡ-ਵਾਰਤਾ, ਖੇਡ-ਮੇਲੇ, ਖੇਡ-ਬੁਲਾਰੇ ਜਿਹੇ ਅਨੇਕਾਂ ਸ਼ਬਦ-ਜੁੱਟ ਹੋਂਦ ਵਿੱਚ ਆ ਚੁੱਕੇ ਨੇ। ਸਰਵਣ ਸਿੰਘ ਖ਼ੁਦ ਕਬੱਡੀ ਦਾ ਕੁਮੈਂਟੇਟਰ ਰਿਹਾ ਜਿਸ ਨੇ ਦਰਜਨਾਂ ਖੇਡ ਬੁਲਾਰਿਆਂ ਨੂੰ ਕਬੱਡੀ ਦੀ ਕਲਾਮਈ ਕੁਮੈਂਟਰੀ ਕਰਨ ਵੱਲ ਪ੍ਰੇਰਿਆ। ਉਸ ਨੇ ਖੇਡਾਂ ਨਾਲ ਜੁੜੀ ਸ਼ਬਦਾਵਲੀ ਨੂੰ ਆਪਣੀ ਗੱਲ ਕਹਿਣ ਦੇ ਅੰਦਾਜ਼ ਨਾਲ ਜੋੜ ਕੇ ਅਜਿਹਾ ਰੰਗ ਬੰਨ੍ਹਿਆ ਕਿ ਪੰਜਾਬੀ ਵਾਰਤਕ ਦਾ ਹੁਸਨ ਦੋਬਾਲਾ ਹੋ ਉੱਠਿਆ।

ਖੇਡਾਂ ਤੇ ਖਿਡਾਰੀਆਂ ਦਾ ਸਾਡੀ ਜ਼ਿੰਦਗੀ ਤੇ ਸਾਡੇ ਸਾਹਿਤ ਵਿੱਚ ਕਿੱਡਾ ਵੱਡਾ ਯੋਗਦਾਨ ਹੈ, ਉਸ ਦੀਆਂ ਅਨੇਕਾਂ ਮਿਸਾਲਾਂ ਸਾਡੇ ਸਿਰਜਣਾਤਮਕ ਸਾਹਿਤ ਵੀ ਮਿਲਦੀਆਂ ਹਨ। ਹਥਲੀ ਪੁਸਤਕ ਵਿੱਚ ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ, ਸੂਬਾ ਸਿੰਘ, ਪਾਸ਼ ਤੇ ਹੋਰ ਕਈਆਂ ਦਾ ਜ਼ਿਕਰ ਹੋਇਆ ਹੈ। ਇਹ ਸਾਰੇ ਲੇਖਕ ਸ਼ਬਦ ਦੇ ਸਹੀ ਅਰਥਾਂ ਵਿੱਚ ‘ਸ਼ਬਦਾਂ ਦੇ ਖਿਡਾਰੀ’ ਹਨ ਕਿਉਂਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀ ਓਹੋ ਲਿਖਤ ਹੀ ਪਰਵਾਨੀ ਜਾਵੇਗੀ, ਜਿਸ ਵਿੱਚ ਸ਼ਬਦਾਂ ਦਾ ਹੁਸਨ ਡਲ੍ਹਕਾਂ ਮਾਰਦਾ ਦਿਖਾਈ ਦੇਵੇਗਾ। ਜੇ ਲੇਖਕ ਦੀ ਲਿਖਤ ਵਿੱਚ ਸ਼ਬਦਾਂ ਦਾ ਤੇਜ਼ ਨਹੀਂ ਤਾਂ ਉਹ ਖੇਡ ਲੇਖਕ ਬਣਨ ਦੇ ਯੋਗ ਨਹੀਂ। ਸਰਵਣ ਸਿੰਘ ਨੇ ਇਸ ਪੁਸਤਕ ਵਿੱਚ ਸੱਚਮੁੱਚ ਅਜਿਹੀਆਂ ਲਿਖਤਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਦੇ ਲੇਖਕਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਸ਼ਬਦਾਂ ਨਾਲ ਖੇਡਾਂ ਖੇਡੀਆਂ ਹਨ।

ਜਸਵੰਤ ਸਿੰਘ ਕੰਵਲ ਦੇ ਅਨੇਕਾਂ ਨਾਵਲਾਂ ਦੇ ਨਾਇਕ ਵਧੀਆ ਖਿਡਾਰੀ ਵੀ ਹਨ। ‘ਰਾਤ ਬਾਕੀ ਹੈ’ ਦਾ ਚਰਨ ਕਬੱਡੀ ਦਾ ਖਿਡਾਰੀ ਹੈ, ‘ਰੂਪਧਾਰਾ’ ਵਿੱਚ ਫ਼ਿਰੋਜ਼ਪੁਰ ਛਾਉਣੀ ਵਿੱਚ ਨਾਇਕ ਦੀ ਸ਼ਮੂਲੀਅਤ ਵਾਲੇ ਹਾਕੀ-ਮੈਚ ਦਾ ਜਾਨਦਾਰ ਚਿਤਰ ਪਾਠਕਾਂ ਦੇ ਮਨਾਂ ਵਿੱਚ ਉੱਕਰਿਆ ਹੋਇਆ ਹੈ। ਹਥਲੇ ਸੰਗ੍ਰਹਿ ਵਿੱਚ ਬਲਵੰਤ ਗਾਰਗੀ ਦੀ ਕਹਾਣੀ ‘ਸੌ ਮੀਲ ਦੀ ਦੌੜ’ ਤੇ ਸ਼ਮਸ਼ੇਰ ਸੰਧੂ ਦੀ ਕਹਾਣੀ ‘ਚੈਂਪੀਅਨ’ ਦੇ ਨਾਇਕ, ਖਿਡਾਰੀ ਹੀ ਹਨ। ਬਲਵੰਤ ਸਿੰਘ ਸੰਧੂ ਨੇ ਤਾਂ ਦਾਰਾ ਸਿੰਘ ਦੁਲਚੀਪੁਰੀਏ ਬਾਰੇ ‘ਗੁੰਮਨਾਮ ਚੈਂਪੀਅਨ’ ਨਾਂ ਦਾ ਨਾਵਲ ਹੀ ਲਿਖ ਦਿੱਤਾ ਹੈ। ਨਾਮਵਰ ਸ਼ਾਇਰ ਪਾਸ਼ ਨੇ ਮਿਲਖਾ ਸਿੰਘ ਦੀ ਕਮਾਲ ਦੀ ਜੀਵਨ ਗਾਥਾ ਲਿਖੀ ਹੈ ਜਿਸਦੀ ਵਾਰਤਕ ਇੰਨੀ ਸ਼ਾਨਦਾਰ ਹੈ ਕਿ ਪਾਠਕ ਮਿਲਖਾ ਸਿੰਘ ਨਾਲ ਸਾਹੋ-ਸਾਹ ਹੋਇਆ ਦੌੜਨ ਲੱਗਦਾ ਹੈ। ਗੁਰਮੇਲ ਮਡਾਹੜ ਨੇ ਖੇਡ-ਕਹਾਣੀਆਂ ਲਿਖੀਆਂ ਹਨ ਤੇ ਸੰਸਾਰ ਦੀਆਂ ਪ੍ਰਸਿੱਧ ਖੇਡ ਕਹਾਣੀਆਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਹੈ। ਮੈਂ ਖ਼ੁਦ ਕਰਤਾਰ ਪਹਿਲਵਾਨ ਬਾਰੇ ‘ਕੁਸ਼ਤੀ ਦਾ ਧਰੂ ਤਾਰਾ - ਕਰਤਾਰ ਸਿੰਘ’ ਪੁਸਤਕ ਲਿਖੀ ਹੈ।

ਖਿਡਾਰੀਆਂ ਦਾ ਸਾਡੇ ਸਮਾਜ ਵਿੱਚ ਕਿੰਨਾ ਮਾਣ-ਸਤਿਕਾਰ ਹੈ, ਸਿਰਜਣਤਾਮਕ ਸਾਹਿਤ ਵਿੱਚੋਂ ਇਸਦਾ ਹਵਾਲਾ ਦੇਣ ਲਈ ਮੈਂਨੂੰ ਆਪਣੀ ਕਹਾਣੀ ‘ਹੁਣ ਮੈਂ ਠੀਕਠਾਕ ਹਾਂ’ ਦਾ ਹਵਾਲਾ ਦੇਣ ਦਾ ਲਾਲਚ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਦੋ-ਧਿਰੇ ਅੱਤਵਾਦ ਦੇ ਸਿਖ਼ਰਲੇ ਦਿਨ ਸਨ। ‘ਖਾੜਕੂ ਮੁੰਡੇ’ ਬਹਿਕ ’ਤੇ ਰਹਿੰਦੇ ਕਹਾਣੀ ਦੇ ਨਾਇਕ ਜੋਗਿੰਦਰ ਨੂੰ ਇਸ ਲਈ ਕਤਲ ਕਰਨ ਆਉਂਦੇ ਹਨ ਕਿ ਉਹਨੇ ‘ਸਿੰਘਾਂ ਦਾ’ ਕੁੱਤਾ ਮਾਰਨ ਦਾ ‘ਹੁਕਮ ਨਹੀਂ ਸੀ ਮੰਨਿਆ।’ ਪਰ ਉਹਨਾਂ ਦਾ ਆਗੂ ਪਛਾਣ ਜਾਂਦਾ ਹੈ ਕਿ ਜੋਗਿੰਦਰ ਤਾਂ ਕਬੱਡੀ ਦਾ ਉਹ ਮੰਨਿਆ ਪ੍ਰਮੰਨਿਆਂ ਖਿਡਾਰੀ ਰਿਹਾ ਏ, ਜਿਸ ਨੂੰ ਉਹਨੇ ਬਚਪਨ ਵਿੱਚ ਖੇਡਦੇ ਵੇਖਿਆ ਸੀ ਤੇ ਉਹ ਬਚਪਨ ਤੋਂ ਹੀ ਦਿਲੋਂ ਜੋਗਿੰਦਰ ਨੂੰ ਆਪਣਾ ਨਾਇਕ ਸਮਝਦਾ ਰਿਹਾ ਸੀ। ਆਪਣੇ ਨਾਇਕ ਨੂੰ ਸਾਹਮਣੇ ਵੇਖ ਕੇ ਉਸ ਅੰਦਰੋਂ ਆਦਰ ਤੇ ਮੋਹ ਦਾ ਉਛਾਲ ਆਉਂਦਾ ਹੈ ਕਿ ਉਹ ਉਹਦੀ ਜਾਨ ਬਖ਼ਸ਼ਣ ਲਈ ਮਜਬੂਰ ਹੋ ਜਾਂਦੇ ਹਨ। ਖੇਡ ਦੇ ਮੈਦਾਨ ਦਾ ਨਾਇਕ, ਵੇਲੇ ਦੇ ‘ਨਾਇਕ’ ਬਣੇ ਫਿਰਦੇ ਮੁੰਡਿਆਂ ਦੀ ਸੋਚ ’ਤੇ ਭਾਰੀ ਪੈ ਗਿਆ ਸੀ।

ਸ਼ਹੀਦਾਂ-ਸੂਰਮਿਆਂ ਤੋਂ ਪਿੱਛੋਂ ਅਸਲ ਵਿੱਚ ਖੇਡਾਂ ਦੇ ਨਾਇਕ ਹੀ ਵੱਡੇ ਪੱਧਰ ’ਤੇ ਪੰਜਾਬੀ ਮਾਨਸਿਕਤਾ ਵਿੱਚ ਵਸੇ ਨਾਇਕਤਵ ਦਾ ਹਿੱਸਾ ਹਨ। ਸਾਡੇ ਰਾਹ ਦਰਸਾਵੇ ਤੇ ਸਾਡੇ ਪ੍ਰੇਰਨਾ-ਸਰੋਤ ਹਨ।

ਗੰਭੀਰਤਾ ਨਾਲ ਵੇਖਿਆ ਜਾਵੇ ਤਾਂ ਸਾਡੇ ਸਿਰਜਣਾਤਮਕ ਸਾਹਿਤ (ਨਾਵਲ, ਨਾਟਕ, ਕਹਾਣੀ ਆਦਿ) ਵਿੱਚੋਂ ਬਹੁਤਾ ਸਾਹਿਤ ਜੀਵਨ ਵਿੱਚ ਵਿਆਪਕ ਉਦਾਸੀ ਤੇ ਨਿਰਾਸਾ ਨੂੰ ਜ਼ਬਾਨ ਦੇਣ ਵਾਲਾ ਹੈ। ਜ਼ਿੰਦਗੀ ਦੀ ਹਕੀਕਤ ਵੀ ਇਹੋ ਹੈ। ਹਾਲਾਤ ਹੀ ਅਜਿਹੇ ਹਨ ਕਿ ਦੁਖਾਂਤ ਬੰਦੇ ਦੀ ਜ਼ਿੰਦਗੀ ਦੀ ਹੋਣੀ ਹੋ ਨਿੱਬੜਦਾ ਹੈ। ਵਿਰੋਧੀ ਸਥਿਤੀਆਂ ਸਾਹਵੇਂ ਬੰਦੇ ਦੀ ਹਾਰ ਉਹਦਾ ਨਸੀਬਾ ਬਣ ਜਾਂਦੀ ਹੈ। ਜੇ ਕਿਤੇ ਸਿਰਜਣਾਤਮਕ ਸਾਹਿਤ ਵਿੱਚ ਪਾਤਰ ਦੇ ਸੁਪਨਿਆਂ ਦੀ ਜਿੱਤ ਦਾ ਬਿਰਤਾਂਤ ਸਿਰਜਿਆ ਦਿਖਾਈ ਵੀ ਦੇਵੇ ਤਾਂ ਉਸ ਰਚਨਾ ’ਤੇ ਹਕੀਕਤ ਤੋਂ ਦੂਰ ‘ਪਰਚਾਰ ਕਰਨ ਵਾਲੀ’ ਲਿਖਤ ਦਾ ਦੋਸ਼ ਲੱਗ ਜਾਂਦਾ ਹੈ। ਪਰ ਸਰਵਣ ਸਿੰਘ ਤੇ ਉਸ ਦੇ ਪੈਰੋਕਾਰਾਂ ਦੀ ਬਦੌਲਤ ਪੰਜਾਬੀ ਵਾਰਤਕ ਨੂੰ ਨਵਾਂ ਤੇਜ਼ ਤੇ ਨਵੀਂ ਊਰਜਾ ਮਿਲੀ ਹੈ। ‘ਖੇਡ ਸਾਹਿਤ’ ਰਾਹੀਂ ਸਿਰਜੀ ਗਈ ਵਾਰਤਕ ਵਿੱਚ ਖੇਡ-ਨਾਇਕ ਜਿੱਤਦੇ ਵੀ ਹਨ, ਹਾਰਦੇ ਵੀ ਹਨ ਪਰ ਇਹਨਾਂ ਲਿਖਤਾਂ ਨੂੰ ਪੜ੍ਹਦਿਆਂ ਪਾਠਕ ਉਦਾਸ ਜਾਂ ਨਿਰਾਸ ਨਹੀਂ ਹੁੰਦਾ। ਢੇਰੀ ਢਾਹ ਕੇ ਨਹੀਂ ਬਹਿੰਦਾ। ਉਹ ਖੇਡ-ਨਾਇਕ ਨਾਲ ਜੇ ਇੱਕ ਪਲ ਡਿਗਦਾ ਹੈ ਤਾਂ ਦੂਜੇ ਪਲ ਦੂਣੇ ਜ਼ੋਰ ਅਤੇ ਜੋਸ਼ ਨਾਲ ਨਵੀਂ ਲੜਾਈ ਲੜਨ ਲਈ ਮੁੜ ਉੱਠਦਾ ਵੀ ਹੈ। ਜੇ ਇੱਕ ਵਾਰ ਹਾਰ ਜਾਂਦਾ ਹੈ ਤਾਂ ਦੂਜੀ ਵਾਰ ਜਿੱਤਣ ਲਈ ਕਮਰਕੱਸੇ ਕਰ ਲੈਂਦਾ ਹੈ। ਪੰਜਾਬੀ ਦੇ ਸਿਰਜਣਾਤਮਕ ਸਾਹਿਤ ਦੇ ਸਮਾਨੰਤਰ ਖੇਡ-ਸਾਹਿਤ ਆਸ ਅਤੇ ਉਤਸ਼ਾਹ ਦਾ ਸਾਹਿਤ ਹੈ। ਇੰਜ ਖੇਡ-ਨਾਇਕ ਜ਼ਿੰਦਗੀ ਦੇ ਅਸਲ ਪ੍ਰੇਰਨਾ-ਸਰੋਤ ਬਣ ਕੇ ਨਾਇਕਤਵ ਦਾ ਇੱਕ ਨਵਾਂ ਆਭਾ-ਮੰਡਲ ਸਿਰਜਦੇ ਹਨ ਤੇ ਪਾਠਕ ਨੂੰ ਜ਼ਿੰਦਗੀ ਦੇ ਹੁਸਨ ਤੇ ਹਕੀਕਤ ਨਾਲ ਜੋੜੀ ਰੱਖਦੇ ਹਨ।

ਚੰਗਾ ਸਾਹਿਤ ਜਿੱਥੇ ਮਨੁੱਖ ਨੂੰ ਸਥਿਤੀਆਂ ਦੀ ਸਮਝ ਦਿੰਦਾ ਹੈ, ਪ੍ਰਤੀਕੂਲ ਹਾਲਾਤ ਨਾਲ ਲੜਨ ਦੀ ਪ੍ਰੇਰਨਾ ਦਿੰਦਾ ਹੈ, ਉੱਥੇ ਪਾਠਕ ਦਾ ਮਨੋਰੰਜਨ ਵੀ ਕਰਦਾ ਹੈ। ਖੇਡ-ਸਾਹਿਤ ਦੀ ਵਿਸ਼ੇਸ਼ਤਾ ਹੈ ਕਿ ਇਸ ਰਾਹੀਂ ਕੀਤਾ ਜਾਣ ਵਾਲਾ ਮਨੋਰੰਜਨ ਬੜਾ ਸਿਹਤਮੰਦ ਹੁੰਦਾ ਹੈ।

ਸਰਵਣ ਸਿੰਘ ਰੌਸ਼ਨੀ ਦਾ ਆਸ਼ਕ ਹੈ, ਕਾਲਖ਼ ਦਾ ਵਣਜਾਰਾ ਨਹੀਂ। ਉਹ ਕਲਮ ਦੀ ਬੁਰਸ਼-ਛੁਹ ਨਾਲ ਮਨਾਂ ਨੂੰ ਲਬੇੜਨ ਵਾਲਾ ਨਹੀਂ ਸਗੋਂ ਮਨਾਂ ਦੀ ਮੈਲ਼ ਧੋਣ ਵਾਲਾ ਲੇਖਕ ਹੈ। ਪਾਠਕ ਨੂੰ ਚਸਕਾ ਦੇਣ ਲਈ ਉਹ ਬਹੁਤ ਸਾਰੇ ਲੇਖਕਾਂ ਵਾਂਗ ਸ਼ਬਦਾਂ ਨੂੰ ਵਾਸ਼ਨਾ ਦੀ ਚਾਸ਼ਨੀ ਵਿੱਚ ਨਹੀਂ ਲਬੇੜਦਾ; ਸਸਤਾ ਤੇ ਸਤਹੀ ਮਨੋਰੰਜਨ ਕਰਨ ਲਈ ਕਾਮ-ਉਤੇਜਨਾ ਵਾਲੇ ਵਾਕ ਤੇ ਦ੍ਰਿਸ਼ ਨਹੀਂ ਸਿਰਜਦਾ। ‘ਬੀਮਾਰ’ ਦ੍ਰਿਸ਼ਟੀ ਦੀ ਥਾਂ ਉਸਨੇ ‘ਸਿਹਤਮੰਦ’ ਨਜ਼ਰ ਨਾਲ ਜੀਵਨ ਨੂੰ ਵੇਖਿਆ ਹੈ। ਉਹਦੀ ਇਸ ਨਜ਼ਰ ਤੇ ਕਲਮ ਦਾ ਕਮਾਲ ਹੀ ਹੈ ਕਿ ਉਸ ਤੋਂ ਪ੍ਰਭਾਵਤ ਹੋ ਕੇ ਦਰਜਨਾਂ ਨਵੇਂ ਖੇਡ ਲੇਖਕਾਂ ਦੀ ਹਸੰਦੜੀ-ਖਿਲੰਦੜੀ ਟੋਲੀ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਸਰਵਣ ਸਿੰਘ ਦੀ ਅਗਵਾਈ ਵਿੱਚ ਖੇੜੇ, ਖੁਸ਼ੀ, ਉਤਸ਼ਾਹ, ਉੱਦਮ ਤੇ ਚੜ੍ਹਦੀ ਕਲਾ ਦੇ ਗੀਤ ਗਾ ਰਹੀ ਹੈ ਜਦ ਕਿ ਪਿਛਲੇ ਕਈ ਸਾਲਾਂ ਤੋਂ ਸਾਡੇ ਲੇਖਕਾਂ ਦੀ ਇੱਕ ਟੋਲੀ ‘ਦੇਹ-ਵਾਦ’ ਅਤੇ ਮਨੁੱਖੀ ਅੰਦਰਲੇ ਨੂੰ ‘ਫੋਲਣ’ ਦੇ ਨਾਂ ’ਤੇ ਕੇਵਲ ਕਾਮ-ਕ੍ਰਿਆਵਾਂ ਦੇ ਦ੍ਰਿਸ਼ ਸਿਰਜ ਰਹੀ ਹੈ; ਸਨਸਨੀ ਪੈਦਾ ਕਰਨ ਲਈ ਕਾਮ-ਲਿੱਬੜੇ ਵਾਕ, ਵਾਕ-ਅੰਸ਼, ਅਵੈਧ ਲਿੰਗ-ਸੰਬੰਧਾਂ ਤੇ ਲਿੰਗ-ਅੰਗਾਂ ਦਾ ਖੁੱਲ੍ਹਾ ਜ਼ਿਕਰ-ਜ਼ਕਾਰ ਕਰਨ ਨੂੰ ਵੱਡੀ ਸਾਹਿਤਕਾਰੀ ਸਮਝ ਰਹੀ ਹੈ। ਅੰਦਰਲੇ ਗੰਦ ਨੂੰ ਫਰੋਲ ਕੇ ‘ਬਾਹਰ ਸੁੱਟਣ’ ਦੀ ਥਾਂ ਪਾਠਕਾਂ ਦੀ ਰੂਹ ਅਤੇ ਮੂੰਹ-ਮੱਥੇ ’ਤੇ ਮਲ਼ ਰਹੀ ਹੈ। ਪਰ ਸਰਵਣ ਸਿੰਘ ਤੇ ਉਹਦੇ ਸਾਥੀ ਲੇਖਕ ‘ਕਾਗ’ ਨਹੀਂ ‘ਹੰਸ’ ਹਨ। ਉਹ ਕੂੜਾ ਤੇ ਗੰਦ ਨਹੀਂ ਫੋਲਦੇ।

ਸਰਵਣ ਸਿੰਘ ਬਾਰੇ ਮੈਂ ਕਦੀ ਲਿਖਿਆ ਸੀ, ਉਹਦੀ ਹੰਸ-ਬੁੱਧ ਮੋਤੀਆਂ ਦੀ ਮੁਤਲਾਸ਼ੀ ਹੈ। ਗਾਰਗੀ ਦੀ ਸ਼ੈਲੀ ਤੋਂ ਪ੍ਰਭਾਵਤ ਹੋ ਕੇ ਵੀ ਉਹ ਗਾਰਗੀ ਤੋਂ ਕਿਤੇ ਵੱਖਰਾ ਅਤੇ ਵਿੱਥ ’ਤੇ ਖਲੋਤਾ ਹੈ; ਲਾਹੌਰ ਦੇ ਉੱਚੇ ਬੁਰਜ ਵਾਂਗ; ਜਿਸਦੇ ਹੇਠੋਂ ਸਿਰਜਣਾ ਦੇ ਭਰ-ਵਹਿੰਦੇ ਦਰਿਆ ਵਗਦੇ ਹਨ, ਜਿਨ੍ਹਾਂ ਦਾ ਪਾਣੀ ਰੂਹਾਂ ਨੂੰ ਸਿੰਜਦਾ, ਮਨਾਂ ਦੀਆਂ ਹਰਿਆਵਲਾਂ ਨੂੰ ਹੋਰ ਹਰੀਆਂ ਭਰੀਆਂ ਕਰਦਾ, ਆਸਾਂ-ਉਮੀਦਾਂ ਦੇ ਬੂਟਿਆਂ ਨੂੰ ਨਵੇਂ-ਨਵੇਂ ਫ਼ਲ-ਫੁੱਲ ਲਾਉਂਦਾ, ਜ਼ਿੰਦਗੀ ਦੀ ਫ਼ਸਲ ਨੂੰ ਲਹਿਲਹਾਉਣ ਲਾ ਦਿੰਦਾ ਹੈ।

ਸਰਵਣ ਸਿੰਘ ਨੇ ਖੋਜੀ-ਬਿਰਤੀ ਨਾਲ ਦਰਜਨਾਂ ਖੇਡ-ਲੇਖਕਾਂ ਅਤੇ ਖੇਡ-ਲਿਖਤਾਂ ਨੂੰ ਲੱਭ ਕੇ, ਉਹਨਾਂ ’ਤੇ ਜੰਮੀ ਧੂੜ ਸਾਫ਼ ਕਰ ਕੇ ਉਹਨਾਂ ਨੂੰ ਮੁੜ ਤੋਂ ਸਾਡੇ ਚੇਤਿਆਂ ਵਿੱਚ ਲਿਸ਼ਕਣ ਲਾ ਦਿੱਤਾ ਹੈ। ਉਹਦਾ ਇਹ ਉੱਦਮ ਲਗਾਤਾਰ ਜਾਰੀ ਹੈ। ਪਹਿਲਾ ਪਰਾਗਾ ‘ਸ਼ਬਦਾਂ ਦੇ ਖਿਡਾਰੀ’ ਦੇ ਰੂਪ ਵਿੱਚ ਪਾਠਕਾਂ ਦੀ ਪਰ੍ਹੇ ਵਿੱਚ ਹਾਜ਼ਰ ਹੈ। ਦੂਜਾ ਤਿਆਰੀ ਅਧੀਨ ਹੈ। ਤੇ ਫਿਰ ਸ਼ਾਇਦ ਤੀਜਾ ਤੇ ਚੌਥਾ ਵੀ। ਅਜਿਹੇ ਮੁੱਲਵਾਨ ਯਤਨ ਦੀ ਬਦੌਲਤ ਪੰਜਾਬੀ ਵਿੱਚ ਹੁਣ ਤਕ ਲਿਖਿਆ ਸਮੁੱਚਾ ਖੇਡ ਸਾਹਿਤ ਸੰਖੇਪ ਤੇ ਸੰਕੇਤਕ ਝਲਕਾਰਿਆਂ ਦੀ ਸ਼ਕਲ ਵਿੱਚ ਸਾਡੇ ਸਾਹਮਣੇ ਸੰਗਠਤ ਰੂਪ ਵਿੱਚ ਦੀਦਾਰ ਦੇਣ ਲੱਗੇਗਾ। ਸਾਡੀ ਅਰਦਾਸ ਹੈ, ਸਰਵਣ ਸਿੰਘ ਦਾ ਇਹ ਉੱਦਮ ਜਾਰੀ ਰਹੇ ਤੇ ਉਹਦੀ ਕਲਮ ਦੀ ਦਰਿਆਈ ਰਵਾਨੀ ਹਮੇਸ਼ਾ ਰਵਾਂ ਰਹੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3192)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਵਰਿਆਮ ਸਿੰਘ ਸੰਧੂ

ਡਾ. ਵਰਿਆਮ ਸਿੰਘ ਸੰਧੂ

Phone: (91 - 98726 - 02296)
Email: (waryamsandhu@gmail.com)