AtamjitDr7ਬਹੁਤ ਸਾਰੇ ਲੋਕ ਹੈਰਾਨੀ ਨਾਲ ਦੇਖਦੇ ਸਨਕਈਆਂ ਦੇ ਚਿਹਰੇ ਖਿੜ ਜਾਂਦੇ ...
(7 ਦਸੰਬਰ 2021)

 

ਮੇਰਾ ਕਿਰਸਾਨੀ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈਮੈਂ ਨਾ ਜੱਟ ਹਾਂ, ਨਾ ਪੇਂਡੂ, ਨਾ ਜ਼ਮੀਨ ਦਾ ਮਾਲਿਕ, ਨਾ ਖੇਤ-ਮਜ਼ਦੂਰ ਅਤੇ ਨਾ ਹੀ ਮੇਰਾ ਆੜ੍ਹਤ ਆਦਿ ਦੇ ਧੰਦੇ ਨਾਲ ਕੋਈ ਨਾਤਾ ਹੈਪਰ ਜਦੋਂ ਦਾ ਕਿਸਾਨਾਂ ਨੇ ਹੱਕੀ ਮੰਗਾਂ ਵਾਸਤੇ ਸੰਘਰਸ਼ ਸ਼ੁਰੂ ਕੀਤਾ ਅਤੇ ਜਿਸ ਬੇਸ਼ਰਮੀ, ਬੇਰਹਿਮੀ ਅਤੇ ਬਦਤਮੀਜ਼ੀ ਨਾਲ ਉਸ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਹੋਈਆਂ, ਮੈਂ ਇਸ ਮੁੱਦੇ ਨੂੰ ਜ਼ਿਆਦਾ ਇਕਾਗਰਤਾ ਨਾਲ ਵਿਚਾਰਨਾ ਆਰੰਭਿਆਇਹ ਗੱਲ ਸਾਫ਼ ਹੈ ਕਿ ਅਸੀਂ ਕਿਸਾਨ ਦੀ ਕਿਰਤ ਅਤੇ ਜ਼ਮੀਨ ਦੀ ਉਪਜ ਦੇ ਸਿਰ ’ਤੇ ਜੀਵਨ ਬਤੀਤ ਕਰਦੇ ਹਾਂਆਮ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਵਕੀਲ ਅਤੇ ਇੰਜਨੀਅਰ ਦੀ ਦੋ-ਤਿੰਨ ਵਾਰ, ਡਾਕਟਰ ਦੀ ਸਾਲ ਵਿੱਚ ਇੱਕ-ਅੱਧ ਵਾਰ, ਅਧਿਆਪਕ ਦੀ ਜੀਵਨ ਦੇ ਪਹਿਲੇ ਹਿੱਸੇ ਵਿੱਚ, ਇੰਸ਼ੋਰੈਂਸ ਦੀ ਦੂਜੇ ਹਿੱਸੇ ਵਿੱਚ ਅਤੇ ਦਰਜ਼ੀ, ਤਰਖਾਣ, ਲੁਹਾਰ, ਸੁਨਿਆਰੇ ਆਦਿ ਦੀ ਕਦੇ ਕਦੇ ਲੋੜ ਪੈਂਦੀ ਹੈਸਿਰਫ਼ ਕਿਸਾਨ ਹੈ ਜਿਸਦੀ ਲੋੜ ਹਰੇਕ ਦਿਨ ਤਿੰਨੇ ਵਕਤ ਹੈਰੋਟੀ ਅਤੇ ਕੱਪੜਾ, ਦੋਹਾਂ ਵਾਸਤੇ ਅਸੀਂ ਉਸਦੇ ਸਿਰ ਜੀਉਂਦੇ ਹਾਂਸਾਡੀ ਸਗਲੀ ਹੋਂਦ ਪਿੱਛੇ ਕਿਸਾਨ ਹੈਪਰ ਸਿਤਮ ਇਹ ਹੈ ਕਿ ਅਸੀਂ ਤਰੱਕੀ ਕਰ ਰਹੇ ਹਾਂ, ਉਹ ਆਤਮਹੱਤਿਆ ਕਰ ਰਿਹਾ ਹੈ ਇੱਕ ਹੋਰ ਨਜ਼ਰ ਤੋਂ ਵੀ ਮੈਂ ਕਿਸਾਨੀ ਨਾਲ ਜੁੜਿਆ ਹੋਇਆ ਹਾਂ ਲਗਭਗ ਸਾਰੀ ਉਮਰ ਖੇਤਾਂ ਦੇ ਧੀਆਂ-ਪੁੱਤਰਾਂ ਨੂੰ ਕਾਲਜਾਂ ਵਿੱਚ ਪੜ੍ਹਾਇਆ ਹੈਮੇਰੇ ਸਾਰੇ ਅਨੁਭਵ ਉਨ੍ਹਾਂ ਨਾਲ ਜੁੜੇ ਹੋਏ ਹਨਇਸੇ ਲਈ ਪਹਿਲੇ ਦਿਨ ਤੋਂ ਮਹਿਸੂਸ ਹੁੰਦਾ ਰਿਹਾ ਕਿ ਇਹ ਲੜਾਈ ਮੇਰੀ ਵੀ ਹੈਮੂੰਹ ਆਈ ਬਾਤ ਕਰ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ

ਦਿਲ ਦੀ ਬੀਮਾਰੀ ਨੇ ਮੇਰੇ ਫੇਰੇ-ਤੋਰੇ ਉੱਤੇ ਰੋਕ ਲਾ ਦਿੱਤੀ ਸੀਪਤਨੀ ਦੀ ਪਾਰਕਿਨਸਨ (ਝੋਲੇ) ਦੀ ਬੀਮਾਰੀ ਕਾਰਨ ਮੈਂ ਉਹਨਾਂ ਨੂੰ ਛੱਡ ਕੇ ਵੀ ਕਿਤੇ ਨਹੀਂ ਸੀ ਜਾ ਸਕਦਾ ਕਿਉਂਕਿ ਸਾਡੇ ਬੱਚੇ ਬਾਹਰ ਹਨਮੈਂ ਆਪਣਾ ਬਣਦਾ ਹਿੱਸਾ ਪੰਜਾਬ ਨਾਲ ਜੁੜੀਆਂ ਦੋ ਵੱਡੀਆਂ ਸ਼ਖ਼ਸੀਅਤਾਂ (ਹੰਸ ਰਾਜ ਹੰਸ ਅਤੇ ਸਨੀ ਦਿਉਲ) ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਇੱਕ ਖੁੱਲ੍ਹਾ ਖ਼ਤ ਲਿਖ ਕੇ ਪਾਇਆਇਹਨਾਂ ਦੋਹਾਂ ਨੂੰ ਪੰਜਾਬ ਨੇ ਪਿਆਰਿਆ ਅਤੇ ਸਤਿਕਾਰਿਆ ਹੈਹੰਸ ਨੂੰ ਹੰਸ ਬਣਾਉਣ ਵਿੱਚ ਪੰਜਾਬ ਦੇ ਸ੍ਰੋਤਿਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਜਦੋਂ ਕਿ ਦਿਉਲ ਨੂੰ ਸੰਸਦ ਵਿੱਚ ਪਹੁੰਚਾਉਣ ਵਿੱਚ ਸਿਰਫ਼ ਪੰਜਾਬ ਦਾ ਹੀ ਹਿੱਸਾ ਹੈ ਸਬੱਬ ਨਾਲ ਅੱਜ ਦੋਵੇਂ ਪਾਰਲੀਮੈਂਟ ਦੇ ਮੈਂਬਰ ਹਨ ਅਤੇ ਦੋਹਾਂ ਦਾ ਸੰਬੰਧ ਹਾਕਮ ਪਾਰਟੀ ਨਾਲ ਹੈ ਮੈਂਨੂੰ ਜਾਪਦਾ ਸੀ ਕਿ ਜੇ ਇਹ ਸਾਡੀ ਸਹੀ ਪ੍ਰਤੀਨਿਧਤਾ ਕਰਦੇ ਤਾਂ ਸਰਕਾਰ ਨੂੰ ਇੱਥੋਂ ਦੇ ਸੰਕਟ ਦੀ ਸਾਰੀ ਹਾਲਤ ਸਮਝਾ ਸਕਦੇ ਹਨਪਰ ਮੇਰੇ ਕਲਾਕਾਰ ਭਰਾ ਚੁੱਪ ਬੈਠੇ ਹੋਏ ਸਨਮੈਂ ਇਹਨਾਂ ਨੂੰ ਸਰਗਰਮ ਕਰਨ ਵਾਸਤੇ ਵੰਗਾਰਨ ਦੀ ਇੱਕ ਸਭਿਅਕ ਕੋਸ਼ਿਸ਼ ਕੀਤੀਹੰਸ ਨੇ ਖ਼ਤ ਪੜ੍ਹ ਕੇ ਮੇਰੇ ਨਾਲ ਲਗਭਗ ਸਵਾ ਘੰਟੇ ਦੀ ਫ਼ੋਨ ’ਤੇ ਗੱਲਬਾਤ ਕੀਤੀ ਪਰ ਉਸ ਦੇ ਵਿਚਾਰ ਧੁੰਦਲੇ ਸਨਹਾਂ, ਉਸਦੇ ਮਨ ਵਿੱਚ ਪੰਜਾਬ ਦੇ ਜੱਟਾਂ ਪ੍ਰਤੀ ਆਪਣੀ ਜਾਤੀ ਦੇ ਪ੍ਰਸੰਗ ਵਿੱਚ ਬਹੁਤ ਕੁੜੱਤਣ ਹੈ, ਤੇ ਮੈਂ ਉਸ ਨਾਲ ਹਮਦਰਦੀ ਰੱਖਦਾ ਹਾਂਦਿਉਲ ਨੇ ਕੋਈ ਸਿੱਧਾ ਪ੍ਰਤੀਕਰਮ ਨਹੀਂ ਦਿੱਤਾ ਮੈਂਨੂੰ ਲੱਗਾ ਕਿ ਇਹਨਾਂ ਦੋਹਾਂ ਵਿੱਚ ਅਗਵਾਈ ਦੇਣ ਵਾਲੀ ਊਰਜਾ ਨਹੀਂ ਹੈਸਟੇਜ ਅਤੇ ਪਰਦੇ ਦੇ ਨਾਇਕ ਪਾਲਿਟਿਕਸ ਵਿੱਚ ਸਿਰਫ਼ ਐਕਸਟ੍ਰਾ ਹੀ ਹਨਪਰ ਇਸ ਖ਼ਤ ਨੇ ਪੰਜਾਬ ਦੇ ਚੁਣੇ ਹੋਏ ਬਹੁਤ ਸਾਰੇ ਵਿਧਾਇਕਾਂ ਨੂੰ ਇੱਕ ਹਲੂਣਾ ਜ਼ਰੂਰ ਦਿੱਤਾ ਜਿਨ੍ਹਾਂ ਵਿੱਚ ਸੱਤਾਧਾਰੀ ਪਾਰਟੀ ਦੇ ਲੋਕ ਵੀ ਹਨ

ਦਸਵੰਧ ਦਾ ਕੁਝ ਤਿਲ-ਫ਼ੁੱਲ ਹਿੱਸਾ ਦਿੱਲੀ ਬਾਰਡਰ ’ਤੇ ਭੇਜਣ ਪਿੱਛੋਂ ਵੀ ਮੇਰੇ ਮਨ ਨੂੰ ਤਸੱਲੀ ਨਹੀਂ ਸੀ ਮਿਲ ਰਹੀਜਾਪਦਾ ਸੀ ਜਿਵੇਂ ਮੈਂ ਕੁਝ ਵੀ ਨਹੀਂ ਕਰ ਰਿਹਾਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਕਿਸਾਨੀ ਜੱਦੋਜਹਿਦ ਨਾਲ ਨੇੜਿਉਂ ਜੁੜਿਆ ਮੇਰਾ ਲਾਡਲਾ ਸ਼ਾਗਿਰਦ ਹੈਮੋਹਾਲੀ ਦੇ ਗੁਰਦਵਾਰਾ ਸਿੰਘ ਸ਼ਹੀਦਾਂ ਦੇ ਬਾਹਰ ਨਿਰੰਤਰ ਹੋ ਰਹੇ ਰੋਸ ਪ੍ਰਦਰਸ਼ਨਾਂ ਨਾਲ ਉਹ ਨੇੜਿਉਂ ਸੰਬੰਧ ਰੱਖਦਾ ਸੀ ਇੱਕ ਦਿਨ ਮੈਂਨੂੰ ਉੱਥੇ ਲੈਕਚਰ ਦੇਣ ਲਈ ਲੈ ਗਿਆਮੇਰਾ ਤਿੰਨ ਗੱਲਾਂ ’ਤੇ ਜ਼ੋਰ ਸੀਪਹਿਲੀ: ਜਿੰਨੀ ਮਿਹਨਤ ਅਤੇ ਸਬਰ ਕਿਸਾਨ ਆਪਣੀ ਫ਼ਸਲ ਲਈ ਦਿਖਾਉਂਦਾ ਹੈ, ਇਸ ਘੋਲ ਵਿੱਚ ਵੀ ਪੂਰੀ ਦਿਆਨਤਦਾਰੀ ਨਾਲ ਦਿਖਾ ਰਿਹਾ ਹੈ; ਸਾਨੂੰ ਵੀ ਨਤੀਜੇ ਵਾਸਤੇ ਉਹੀ ਸਬਰ ਦਿਖਾਉਣਾ ਪਵੇਗਾਦੂਜੀ:ਮੀਂਹ, ਸੋਕੇ, ਝੱਖੜ, ਹਨੇਰੀ ਦੇ ਬਾਵਜੂਦ ਉਹ ਆਪਣੀ ਲੜਾਈ ਲੜਦਾ ਹੈ ਅਤੇ ਚੰਗੀ ਫ਼ਸਲ ਵਾਸਤੇ ਆਸਵੰਦ ਰਹਿੰਦਾ ਹੈ; ਉਹ ਇਸ ਲੜਾਈ ਵਿੱਚ ਵੀ ਆਪਣੀ ਸਫਲਤਾ ਦੀ ਉਮੀਦ ਕਦੇ ਨਹੀਂ ਛੱਡੇਗਾਤੀਜੀ:ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਕਿਸਾਨ ਵੱਡੇ ਰੁੱਖ ਵਾਂਗ ਫ਼ੈਲ ਰਹੇ ਹਨ; ਅਸੀਂ ਪਿੱਛੇ ਬੈਠੇ ਆਮ ਲੋਕ ਉਸ ਰੁੱਖ ਦੀਆਂ ਜੜ੍ਹਾਂ ਹਾਂਜੇ ਅਸੀਂ ਕਾਇਮ ਰਹਾਂਗੇ ਤਾਂ ਹੀ ਅੱਗੇ ਗਏ ਕਿਸਾਨਾਂ ਨੂੰ ਹੁਲਾਰੇ ਦੀ ਖੁਰਾਕ ਮਿਲੇਗੀਇਸ ਲਈ ਜੜ੍ਹਾਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈਇਸੇ ਲਈ ਮੈਂ ਉੱਥੇ ਐਲਾਨ ਕੀਤਾ ਕਿ ਰੋਜ਼ਾਨਾ ਕੁਝ ਵਕਤ ਕਿਸਾਨ-ਮਜ਼ਦੂਰ ਏਕਤਾ ਦਾ ਝੰਡਾ ਲੈ ਕੇ ਮੋਹਾਲੀ ਦੀਆਂ ਸੜਕਾਂ ’ਤੇ ਖੜੋਵਾਂਗਾ ਤੇ ਜੜ੍ਹਾਂ ਨੂੰ ਤਾਕਤ ਦੇਵਾਂਗਾਇਹ ਵੀ ਸੋਚਿਆ-ਸਮਝਿਆ ਫ਼ੈਸਲਾ ਸੀ ਕਿ ਇਕੱਲਾ ਖੜ੍ਹਾ ਹੋਵਾਂਗਾ ਕਿਉਂਕਿ ਸਰਕਾਰ ਦੇ ਮੰਤਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਵੱਖਵਾਦੀ, ਆਤੰਕਵਾਦੀ, ਖਾਲਸਤਾਨੀ, ਰਾਸ਼ਟਰਧ੍ਰੋਹੀ, ਅੰਦੋਲਨਜੀਵੀ, ਅਪੋਜ਼ੀਸ਼ਨ ਪਾਰਟੀਆਂ ਦੇ ਚਮਚੇ ਆਦਿ ਦੇ ਠੱਪੇ ਲਾਉਣ ਦੀ ਕੋਈ ਕਸਰ ਨਹੀਂ ਸੀ ਛੱਡੀਮੈਂ ਸਾਰੇ ਸੰਗਠਨਾਂ ਤੋਂ ਦੂਰੀ ਲੈ ਕੇ ਸੰਯੁਕਤ ਮੋਰਚੇ ਦਾ ਝੰਡਾ ਫੜਿਆ ਅਤੇ ਲਗਭਗ ਤਿੰਨ ਮਹੀਨੇ ਹਰ ਰੋਜ਼ ਮੋਹਾਲੀ ਦੇ ਇੱਕ ਚੌਕ ਵਿੱਚ 40-50 ਮਿੰਟ ਉਸ ਨੂੰ ਇੱਕ ਆਮ ਆਦਮੀ ਵਾਂਗ ਲਹਿਰਾਇਆਮੈਂ ਤਾਂ ਆਪਣੀ ਪਛਾਣ ਨੂੰ ਵੀ ਨਹੀਂ ਸੀ ਉਭਾਰਨਾ ਚਾਹੁੰਦਾਮੇਰੇ ਖੁੱਲ੍ਹੇ ਦਾੜ੍ਹੇ ਉੱਤੇ ਲੱਗਾ ਕੋਵਿਡ ਮਾਸਕ ਮੇਰੀ ਮਦਦ ਕਰ ਰਿਹਾ ਸੀ ਪਰ ਪ੍ਰੈੱਸ ਅਤੇ ਸੋਸ਼ਲ ਮੀਡੀਆ ਨੇ ਇਹ ਖ਼ਬਰ ਲੋਕਾਂ ਤਕ ਪੁਚਾ ਦਿੱਤੀ ਇੱਕ ਯੂ ਟਿਊਬ ਚੈਨਲ ਨੇ ਮੈਂਨੂੰ ‘ਜੈਂਟਰਮੈਨ ਬਾਪੂ’ ਆਖਿਆ ਅਤੇ ਵੀਡੀਓ ਵਾਇਰਲ ਹੋ ਗਈਉਸਦੇ ਪ੍ਰਤੀਕਰਮ ਵਜੋਂ ਮਿਲੇ ਹੁੰਗਾਰੇ ਨੇ ਮੈਂਨੂੰ ਕਈ ਵਾਰ ਭਾਵੁਕ ਕੀਤਾ

ਉਸ ਚੌਕ ਵਿੱਚ ਖਲੋ ਕੇ ਬੜਾ ਸਕੂਨ ਮਿਲਿਆਆਮ ਲੋਕਾਂ ਨੇ ਉਸ ਝੰਡੇ ਵਾਸਤੇ ਜਿਸ ਤਰ੍ਹਾਂ ਦਾ ਪਿਆਰ ਅਤੇ ਸਤਿਕਾਰ ਦਿਖਾਇਆ ਉਹ ਮੇਰੇ ਚੇਤਿਆਂ ਦੀ ਸੁਨਹਿਰੀ ਇਬਾਰਤ ਬਣ ਗਈ ਹੈਬਹੁਤ ਸਾਰੇ ਲੋਕ ਹੈਰਾਨੀ ਨਾਲ ਦੇਖਦੇ ਸਨ, ਕਈਆਂ ਦੇ ਚਿਹਰੇ ਖਿੜ ਜਾਂਦੇ ਸਨ, ਕੁਝ ਮੁਸਕਰਾ ਕੇ ਲੰਘਦੇ, ਬੱਚਿਆਂ ਨੂੰ ਤਾਂ ਜਿਵੇਂ ਜੋਸ਼ ਹੀ ਚੜ੍ਹ ਜਾਂਦਾ ਸੀਮਾਵਾਂ ਦੇ ਸਕੂਟਰਾਂ ਦੇ ਅੱਗੇ ਖੜ੍ਹੇ ਬਾਲ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਨੂੰ ਉਲਾਰ ਕੇ ਜਦੋਂ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਹਰੇ ਲਾਉਂਦੇ ਤਾਂ ਮੈਂਨੂੰ ਪੰਜਾਬ ਦਾ ਭਵਿੱਖ ਬੜਾ ਉੱਜਲ ਦਿਸਦਾਕਾਰਾਂ ਦੇ ਸ਼ੀਸ਼ਿਆਂ ਵਿੱਚੋਂ ਬਾਹਰ ਨਿਕਲਦੀਆਂ ਮਾਸੂਮ ਬਾਹਾਂ ਵਿੱਚ ਬੜਾ ਜੋਸ਼ ਸੀ, ਜਾਪਦਾ ਉਹ ਅਸਮਾਨ ਦੇ ਤਾਰੇ ਤੋੜ ਸਕਦੀਆਂ ਨੇਨੌਜਵਾਨ ਆਪਣੀ ਮੁੱਠੀ ਬੰਦ ਕਰਕੇ ਜਿਸ ਨਿੱਗਰ ਤਰੀਕੇ ਨਾਲ ਬਾਹਾਂ ਉਲਾਰਦੇ ਸਨ, ਲਗਦਾ ਸੀ ਸਾਰੀਆਂ ਰੁਕਾਵਟਾਂ ਭੰਨ ਸੁੱਟਣਗੇਇਹ ਉਹੀ ਮੁੱਠੀਆਂ ਸਨ ਜਿਨ੍ਹਾਂ ਨੇ ਹਰਿਆਣੇ ਦੇ ਭਾਰੀ ਬੈਰੀਕੇਡਾਂ, ਪਾਣੀ ਦੀਆਂ ਤਿੱਖੀਆਂ ਬੌਛਾਰਾਂ ਤੇ ਪੁਲੀਸ ਦੇ ਪ੍ਰਬੰਧਾਂ ਨੂੰ ਚੀਰ ਦਿੱਤਾ ਸੀਬਹੁਤ ਸਾਰੇ ਲੋਕ ਆਪਣੇ ਵਾਹਨਾਂ ਦਾ ਹਾਰਨ ਵਜਾ ਕੇ ਮੇਰੇ ਹੱਥ ਵਿੱਚ ਫੜੇ ਝੰਡੇ ਦਾ ਸਵਾਗਤ ਕਰਦੇਕੁਝ ਸਿਆਣੇ ਕਾਰਾਂ ਦੇ ਸਟੇਰਿੰਗ ਉੱਤੇ ਆਪਣੇ ਹੱਥ ਜੋੜ ਕੇ ਫ਼ਤਹਿ ਬੁਲਾਉਂਦੇ ਅਤੇ ਕਾਰਾਂ ਦੀਆਂ ਸਵਾਰੀ-ਸੀਟਾਂ ’ਤੇ ਬੈਠੀਆਂ ਧੀਆਂ-ਭੈਣਾਂ ਆਪਣੀ ਗੱਡੀ ਵਿੱਚੋਂ ਹੀ ਮੱਥਾ ਟੇਕ ਕੇ ਲੰਘਦੀਆਂਇਹ ਮੱਥਾ ਕਿਸ ਵਾਸਤੇ ਸੀ? ਕਿਸਾਨ ਲਈ, ਉਸਦੇ ਝੰਡੇ ਲਈ ਜਾਂ ਝੰਡਾ ਫੜ ਕੇ ਖੜ੍ਹੇ ਬਾਪੂ ਲਈ, ਇਸਦਾ ਫ਼ਰਕ ਕਰਨਾ ਮੁਸ਼ਕਿਲ ਹੈਇਹਨਾਂ ਸਾਰਿਆਂ ਦਾ ਇਕਮਿਕ ਹੋ ਜਾਣਾ ਹੀ ਇਸ ਪ੍ਰੋਟੈਸਟ ਅਤੇ ਪ੍ਰਦਰਸ਼ਨ ਦੀ ਅਸਲੀ ਤਾਕਤ ਸੀਇਸ ਇਕਮਿਕਤਾ ਨੇ ਇਸ ਨੂੰ ਦੁਨੀਆਂ ਦੇ ਮਹਾਨਤਮ ਰੋਸ-ਪ੍ਰਦਰਸ਼ਨਾਂ ਵਿੱਚ ਸ਼ਾਮਿਲ ਕਰ ਦੇਣਾ ਹੈਪਰ ਮੈਂਨੂੰ ਸਭ ਤੋਂ ਵੱਧ ਚੰਗਾ ਲਗਦਾ ਜਦੋਂ ਨੌਜਵਾਨ ਕੁੜੀਆਂ ਆਪਣੀਆਂ ਕਾਰਾਂ ਅਤੇ ਸਕੂਟਰਾਂ ਤੋਂ ਮੇਰੇ ਨਾਲ ਕਿਸਾਨਾਂ ਨੂੰ ਆਪਣੀ ਅਕੀਦਤ ਪੇਸ਼ ਕਰਦੀਆਂਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਧਰਤੀ ਦੀਆਂ ਬੇਟੀਆਂ ਵੀ ਹੋਣਗੀਆਂ ਅਤੇ ਉਹ ਵੀ ਜਿਹੜੀਆਂ ਰੋਟੀ ਖਾਣ ਤੋਂ ਪਹਿਲਾਂ ਉਸ ਨੂੰ ਉਪਜਾਉਣ ਵਾਲੇ ਨੂੰ ਚੇਤੇ ਕਰਦੀਆਂ ਹਨਉਦੋਂ ਵੀ ਮਨ ਖਿੜਦਾ ਜਦੋਂ ਕੋਈ-ਕੋਈ ਆਟੋ ਚਲਾ ਰਿਹਾ ਪੂਰਬੀਆ ਹੱਥ ਉਲਾਰਦਾ ਜਾਂ ਹਾਰਨ ਵਜਾਉਂਦਾਉਸਦੇ ਵੀ ਬਹੁਤ ਸਾਰੇ ਭਾਈ ਸਾਡੇ ਖੇਤਾਂ ਨੂੰ ਸਿੰਜਦੇ ਹੋਣਗੇਜੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਖੇਤਾਂ ਦੀ ਉਪਜ ਨੂੰ ਕੁਝ ਵਾਜਬ ਮੁੱਲ ਮਿਲ ਜਾਣ ਤਾਂ ਉਨ੍ਹਾਂ ਨੂੰ ਕੀ ਲੋੜ ਹੈ ਘਰੋਂ ਬੇਘਰ ਹੋਣ ਦੀ?

ਇਹ ਇਕੱਲੇ ਕਿਸਾਨ ਦਾ ਘੋਲ ਨਹੀਂ ਸੀ, ਸੰਵੇਦਨਾਵਾਂ ਨਾਲ ਭਰੇ ਹਰੇਕ ਇਨਸਾਨ ਦੀ ਜੱਦੋਜਹਿਦ ਸੀਮੇਰੇ ਲਈ ਐਸਾ ਮਾਹੌਲ ਬਣਦਾ ਜਿਸ ਵਿੱਚ ਚੁੰਬਕੀ ਤਾਕਤ ਪੈਦਾ ਹੋ ਜਾਂਦੀਸਾਰੇ ਵਾਤਾਵਰਣ ਵਿੱਚ ਇੱਕ ਬਿਜਲੀ ਫੈਲ ਜਾਂਦੀ ਅਤੇ 40-50 ਮਿੰਟ ਮੇਰੀਆਂ ਬੁੱਢੀਆਂ ਬਾਹਵਾਂ ਨੂੰ ਯਾਦ ਵੀ ਨਹੀਂ ਸੀ ਰਹਿੰਦਾ ਕਿ ਮੈਂ ਉਨ੍ਹਾਂ ਨੂੰ ਰਤਾ ਅਰਾਮ ਵੀ ਦੇਣਾ ਹੈ ਮੈਂਨੂੰ ਸੱਚਮੁੱਚ ਲਗਦਾ ਸੀ ਕਿ ਇਹ ਲੜਾਈ ਅਵੱਸ਼ ਜਿੱਤ ਤਕ ਪਹੁੰਚੇਗੀ ਕਿਉਂਕਿ ਇੱਕ ਪਾਸੇ ਕਿਸਾਨ ਸਨ ਜਿਨ੍ਹਾਂ ਦੇ ਪੈਰਾਂ ਹੇਠ ਜ਼ਮੀਨੀ ਸਚਾਈ ਸੀ, ਖੇਤ ਵਾਲੀ ਜ਼ਮੀਨ ਵੀ ਅਤੇ ਇਖਲਾਕ ਵਾਲੀ ਵੀਦੂਜੇ ਪਾਸੇ ਸਿਆਸਤਦਾਨ ਅਤੇ ਉਨ੍ਹਾਂ ਦੇ ਤੋਤੇ ਸਨ ਜਿਨ੍ਹਾਂ ਕੋਲ ਸਿਰਫ਼ ਚਾਲਾਂ ਤੇ ਚਤੁਰਾਈਆਂ ਸਨ; ਬੇਥਵ੍ਹੇ ਫ਼ਤਵੇ ਅਤੇ ਫ਼ੱਕੜ ਸਨ। ਜ਼ਮੀਰ ਉਨ੍ਹਾਂ ਕੋਲ ਹੈ ਨਹੀਂ ਤੇ ਜ਼ਮੀਨਾਂ ਨੂੰ ਉਹ ਖੋਹਣਾ ਚਾਹੁੰਦੇ ਸਨ ਮੈਂਨੂੰ ਪੂਰਾ ਵਿਸ਼ਵਾਸ ਸੀ ਕਿ ਕਿਸਾਨ ਖਾਲੀ ਵਾਪਸ ਨਹੀਂ ਆਵੇਗਾਇਸੇ ਲਈ ਲਗਦਾ ਸੀ ਕਿ ਮੈਂ ਉਸ ਚੁੰਬਕੀ ਮਾਹੌਲ ਅੰਦਰ ਕਿਸਾਨਾਂ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਸੀਆਪਣੇ ਕੋਲ ਖੜ੍ਹੇ ਹੋਣ ਵਾਲੇ ਕੁਝ ਲੋਕਾਂ ਦਾ ਵੀ ਮੈਂ ਇਸੇ ਤਰ੍ਹਾਂ ਮਨੋਬਲ ਵਧਾਉਂਦਾ ਰਿਹਾਬੋਧੀ ਮੰਦਰਾਂ ਵਿੱਚ ਕੁਝ ਝੰਡੀਆਂ ਲੱਗੀਆਂ ਹੁੰਦੀਆਂ ਹਨਉਨ੍ਹਾਂ ਦਾ ਵਿਸ਼ਵਾਸ ਹੈ ਕਿ ਉਨ੍ਹਾਂ ਉੱਤੇ ਲਿਖੇ ਸ਼ਬਦਾਂ ਦਾ ਵਾਤਾਵਰਣ ਉੱਤੇ ਅਸਰ ਪੈਂਦਾ ਹੈਮੇਰਾ ਝੰਡਾ ਇਹੋ ਕੰਮ ਕਰਦਾ ਜਾਪ ਰਿਹਾ ਸੀਉਸ ਝੰਡੇ ਦੀ ਆਤਮਾ ਵਿੱਚ ਮਿਹਨਤ ਕਰਨ ਵਾਲਿਆਂ ਦੇ ਪਸੀਨੇ ਦੀ ਖ਼ਸ਼ਬੂ ਸੀ, ਜੋ ਚੁਫੇਰੇ ਫੈਲ ਰਹੀ ਸੀਇਸ ਝੰਡੇ ਹੇਠ ਪੰਜਾਬ, ਹਰਿਆਣਾ ਅਤੇ ਪੱਛਮੀ ਯੂ ਪੀ ਦੇ ਕਿਸਾਨ ਇਕਜੁੱਟ ਹੋ ਗਏ ਹਨਉੱਤਰ ਭਾਰਤ ਦਾ ਮੁੱਖ ਮੁੱਦਾ ਮਜ਼੍ਹਬ ਜਾਂ ਜਾਤ ਦੀ ਥਾਵੇਂ ਕਿਰਸਾਨੀ ਅਤੇ ਆਰਥਿਕਤਾ ਬਣ ਗਿਆ ਸੀ

ਇਸ ਸਾਰੇ ਸੰਘਰਸ਼ ਦੌਰਾਨ ਸਾਹਿਤਕਾਰਾਂ, ਗੀਤਕਾਰਾਂ ਅਤੇ ਗਾਇਕਾਂ ਨੇ ਬਹੁਤ ਸਾਰੀ ਰਚਨਾ ਕੀਤੀ ਹੈਮੈਂ ਜੋ ਕੁਝ ਉਸ ਸੜਕ ਦੇ ਅਨੁਭਵ ਵਿੱਚੋਂ ਕਮਾਇਆ ਹੈ ਅਤੇ ਖੇਤੀ ਬਾਰੇ ਜੋ ਕੁਝ ਜ਼ਿੰਦਗੀ ਵਿੱਚੋਂ ਲੱਭਿਆ ਹੈ, ਉਸ ਨੂੰ ਇੱਕ ਨਾਟਕ ਵਿੱਚ ਪ੍ਰੋਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾਸੋਮਪਾਲ ਹੀਰਾ ਵਰਗੇ ਰੰਗਕਰਮੀਆਂ ਨੇ ਕਈ ਨਾਟਕਾਂ ਦੀ ਰਚਨਾ ਕਰਕੇ ਉਨ੍ਹਾਂ ਨੂੰ ਥਾਂ-ਥਾਂ ’ਤੇ ਖੇਡਿਆ ਹੈਮੈਂ ਇੰਨਾ ਜ਼ਰਖ਼ੇਜ਼ ਨਹੀਂ ਹਾਂ; ਆਪਣਾ ਸਮਾਂ ਲਵਾਂਗਾ ਅਤੇ ਕੋਈ ਨਵੀਂ ਰਚਨਾ ਜ਼ਰੂਰ ਕਰਾਂਗਾ ਕਿਉਂਕਿ ਅੱਖਾਂ ਅਤੇ ਮੂੰਹ ਨੂੰ ਬੰਦ ਕਰਕੇ ਜੀਉਂਦੇ ਰਹਿਣਾ ਬਹੁਤ ਔਖਾ ਹੈਜੇ ਮੁਲਕ ਦੇ ਬਾਰਡਰ ਉੱਤੇ ਪੁੱਤ ਸ਼ਹੀਦ ਕਰਾਉਣ ਵਾਲਾ, ਆਪਣੇ ਖੇਤ ਦੀ ਰੱਖਿਆ ਲਈ ਅੰਨ੍ਹੀ ਤਾਕਤ ਨਾਲ ਆਢਾ ਲਾਉਣ ਵਾਲਾ ਅਤੇ ਮੁਲਕ ਭਰ ਦੇ ਮਜ਼ਦੂਰਾਂ ਅਤੇ ਕਿਸਾਨਾਂ ਲਈ ਦਿੱਲੀ ਦੇ ਬਾਰਡਰ ਤੇ ਸ਼ਹੀਦ ਹੋਣ ਵਾਲਾ ਇਨਸਾਨ ਦੇਸ਼ਧ੍ਰੋਹੀ ਹੈ ਤਾਂ ਵੀ ਮੈਂ ਉਹਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਉਂਦਾ ਹਾਂਤੁਹਾਡੇ ਕੋਲ ਬਹੁਮਤ ਦਾ ਅਰਥ ਇਹ ਨਹੀਂ ਕਿ ਤੁਹਾਡੇ ਕੋਲ ਮੱਤ ਵੀ ਬਹੁਤੀ ਹੈ। ਸਿਰਫ਼ ਸ਼ਾਮਲ-ਵਾਜਿਆਂ ਦੇ ਸਿਰ ’ਤੇ ਲੋਕਾਂ ਨੂੰ ਦਰੜਨਾ ਅਸੰਭਵ ਹੈ। ਜੇਕਰ ਕਿਸਾਨਾਂ ਨੂੰ ਆਤੰਕਵਾਦੀ, ਖਾਲਸਤਾਨੀ, ਰਾਸ਼ਟਰ-ਵਿਰੋਧੀ ਅਤੇ ਅੰਦੋਲਨਜੀਵੀ ਕਹਿਣ ਵਾਲੇ ਆਪਣਾ ਸੀਨਾ ਚੌੜਾ ਕਰਕੇ ਉਨ੍ਹਾਂ ਕੋਲੋਂ ਮੁਆਫ਼ੀ ਮੰਗ ਲੈਣ ਤਾਂ ਕਿਸਾਨ ਵੱਡੇ ਹਿਰਦੇ ਨਾਲ ਮਾਫ਼ ਕਰ ਦੇਣਗੇਇਸਦਾ ਫ਼ੈਸਲਾ ਤਾਂ ਇਤਿਹਾਸ ਕਰੇਗਾ ਕਿ ਅਸਲ ਵਿੱਚ ਦੇਸ਼ਭਗਤ ਅਤੇ ਦੇਸ਼ਧ੍ਰੋਹੀ ਕੌਣ ਹੁੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3188)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਆਤਮਜੀਤ

ਡਾ. ਆਤਮਜੀਤ

WhattsApp: (For text messages only: 91 - 98760 - 18501)
Email: (atamjitplaywright@gmail.com)