“ਜੇ ਅਸੀਂ ਲੋਕਾਂ ਵਾਂਗ ਤਾਂਤਰਿਕਾਂ ਜਾਂ ਅਖੌਤੀ ਸਾਧਾਂ ਦੇ ਚੱਕਰ ਵਿੱਚ ਫਸ ਜਾਂਦੇ ਤਾਂ ...”
(23 ਨਵੰਬਰ 2021)
ਮਨੁੱਖੀ ਮਨ ਵਿੱਚ ਅਨੇਕਾਂ ਯਾਦਾਂ ਸਮਾਈਆਂ ਹੁੰਦੀਆਂ ਹਨ। ਕੁਝ ਯਾਦਾਂ ਨਾਸੂਰ ਬਣ ਕੇ ਤੜਪਦੀਆਂ ਤੇ ਸਹਿਕਦੀਆਂ ਰਹਿੰਦੀਆਂ ਹਨ। ਉਨ੍ਹਾਂ ਯਾਦਾਂ ਦਾ ਦਿਲੋ ਦਿਮਾਗ਼ ’ਤੇ ਐਨਾ ਅਸਰ ਪੈਂਦਾ ਹੈ ਕਿ ਅਸੀਂ ਆਪਾ ਵੀ ਭੁੱਲ ਜਾਂਦੇ ਹਾਂ। ਇਸ ਅਸਰ ਜਾਂ ਬੋਝ ਦੇ ਦਬਾਅ ਹੇਠ ਮਨੁੱਖ ਦੀ ਚੇਤਨਤਾ ਕਈ ਵਾਰ ਨਿਤਾਣੀ ਜਿਹੀ ਹੋ ਜਾਂਦੀ ਹੈ। ਅਜਿਹੀਆਂ ਯਾਦਾਂ ਦਾ ਅਸਹਿ ਅਤੇ ਅਕਹਿ ਦਰਦ ਸਬੰਧਤ ਨੂੰ ਬਹੁਤ ਨਾਜ਼ੁਕ ਮੋੜ ’ਤੇ ਲਿਆ ਖੜ੍ਹਾਉਂਦਾ ਹੈ। ਇਹ ਸੰਤਾਪ ਮੈਂ ਆਪ ਹੱਡੀਂ ਹੰਢਾਇਆ ਹੈ। ਮੈਂਨੂੰ ਵੀ ਇਸ ਨੇ ਖ਼ਤਰਨਾਕ ਮੋੜ ’ਤੇ ਪਹੁੰਚਾ ਦਿੱਤਾ ਸੀ। ਥੋੜ੍ਹੀ ਜਿਹੀ ਤਿਲਕਣਬਾਜ਼ੀ, ਬੇਹਿੰਮਤੀ ਤੇ ਬੇਅਕਲੀ ਨਾਲ ਸਾਡਾ ਪਹਿਲਾਂ ਹੀ ਦੁੱਖਾਂ ਵਿੱਚ ਘਿਰਿਆ ਪਰਿਵਾਰ ਬਹੁਤ ਵੱਡਾ ਧੋਖਾ ਖਾ ਸਕਦਾ ਸੀ। ਮੇਰੀ ਜਾਨ ਵੀ ਜਾ ਸਕਦੀ ਸੀ।
ਚਾਰ ਅਪਰੈਲ, 2005 ਨੂੰ ਸਾਡਾ ਇਕੱਤੀਆਂ ਵਰ੍ਹਿਆਂ ਦਾ ਇਕਲੌਤਾ ਗੱਭਰੂ-ਜਵਾਨ ਪੁੱਤਰ ਕਾਰ ਹਾਦਸੇ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਮਾਂ, ਭੈਣ ਤੇ ਪਤਨੀ ਨੂੰ ਗੰਭੀਰ ਸੱਟਾਂ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਕੇ ਦੂਰ ਦੇਸ਼ ਦਾ ਵਾਸੀ ਹੋ ਗਿਆ। ਉਸ ਦੀ ਸੱਤਾਂ ਮਹੀਨਿਆਂ ਦੀ ਧੀ ਤੇ ਦੋ ਸਾਲ ਦਾ ਪੁੱਤਰ ਆਪਣੇ ਪਿਤਾ ਦੇ ਪਿਆਰ ਤੋਂ ਬਾਂਝੇ ਹੋ ਗਏ। ਧੀ ਨੇ ਤਾਂ ਅਜੇ ਆਪਣੇ ਜਨਮਦਾਤਾ ਨੂੰ ਪਾਪਾ ਜਾਂ ਡੈਡੀ ਕਹਿ ਕੇ ਵੀ ਨਹੀਂ ਸੀ ਦੇਖਿਆ। ਸੱਜ ਵਿਆਹੀਆਂ ਦੋਵੇਂ ਭੈਣਾਂ, ਖੁਸ਼ੀਆਂ-ਖੇੜਿਆਂ ਦੀ ਰੁੱਤੇ ਦੁੱਖਾਂ ਦੇ ਤੂਫ਼ਾਨਾਂ ਵਿੱਚ ਘਿਰ ਗਈਆਂ। ਕੁਲ ਸਵਾ ਤਿੰਨ ਸਾਲਾਂ ਦਾ ਰੰਗਲਾ ਸੁਹਾਗ ਮਾਣ ਕੇ ਸਾਡੀ ਭਰ ਜਵਾਨ ਨੂੰਹ ਦਾ ਸੁਹਾਗ ਹੀ ਨਹੀਂ ਜੱਗ ਲੁੱਟਿਆ ਗਿਆ, ਮਾਪਿਆਂ ਦਾ ਕਲੇਜਾ ਹੋਣੀ ਨੇ ਰੁੱਗ ਭਰ ਕੇ ਕੱਢ ਲਿਆ!
ਹਾਦਸੇ ਸਮੇਂ ਅਸੀਂ ਸਾਰਾ ਪਰਿਵਾਰ ਇੱਕੋ ਕਾਰ ਵਿੱਚ ਸਵਾਰ ਸਾਂ। ਕਿਸੇ ਵੱਡੀ ਸਰੀਰਕ ਸੱਟ ਤੋਂ ਬਚੇ ਮੇਰੇ ਪਤੀ ਨੇ ਸਬਰ, ਸਿਦਕ ਤੇ ਹੌਸਲੇ ਨਾਲ ਜਵਾਨ ਪੁੱਤ ਦੇ ਅਚਾਨਕ ਵਿਛੋੜੇ ਦਾ ਦੁੱਖ ਸਹਿ ਕੇ ਵੀ ਮੁਸੀਬਤਾਂ ਦਾ ਸਾਹਮਣਾ ਕੀਤਾ। ਸਦਮੇ ਅਤੇ ਸੱਟਾਂ ਨਾਲ ਤਨੋਂ-ਮਨੋਂ ਝੰਬੀ ਨੂੰ ਮੈਂਨੂੰ ਅੱਠ-ਨੌਂ ਮਹੀਨਿਆਂ ਬਾਅਦ ਆਪਣੇ ਆਪ ਦੀ ਸੁਰਤ ਆਈ। ਮੇਰੀ ਖੱਬੀ ਬਾਂਹ ਦੀ ਹੱਡੀ ਬੁਰੀ ਤਰ੍ਹਾਂ ਟੁੱਟ ਗਈ ਸੀ ਅਤੇ ਸਿਰ-ਮੱਥੇ ਉੱਤੇ ਗਹਿਰੀਆਂ ਸੱਟਾਂ ਲੱਗੀਆਂ ਸਨ। ਨੂੰਹ ਦੀ ਸੱਜੀ ਬਾਂਹ ਟੁੱਟ ਗਈ ਸੀ। ਅਸੀਂ ਆਪਣੇ ਮਾਸੂਮ ਬੱਚਿਆਂ ਨੂੰ ਗਲ਼ ਲਾਉਣ ਤੇ ਸੰਭਾਲਣ ਜੋਗੀਆਂ ਵੀ ਨਹੀਂ ਸਾਂ। ਉਹ ਨੌਕਰਾਂ ਤੇ ਰਿਸ਼ਤੇਦਾਰਾਂ ਦੇ ਆਸਰੇ ਸਨ ਕਿਉਂਕਿ ਦੋਵੇਂ ਧੀਆਂ ਕਾਗਜ਼ੀ ਕਾਰਵਾਈਆਂ ਅਤੇ ਕਾਨੂੰਨੀ ਮਜਬੂਰੀ ਕਾਰਨ ਮਹੀਨੇ ਕੁ ਪਿੱਛੋਂ ਆਪਣੇ ਸਹੁਰੇ ਘਰ ਨੌਰਵੇ ਤੇ ਇੰਗਲੈਂਡ ਚਲੀਆਂ ਗਈਆਂ ਸਨ।
ਜਦੋਂ ਮੈਂਨੂੰ ਹੋਸ਼ ਆਈ ਤਾਂ ਮੈਂ ਬਹੁਤ ਮਾਨਸਿਕ ਕਸ਼ਟ ਵਿੱਚ ਘਿਰ ਗਈ। ਮੇਰੀ ਦੁਨੀਆਂ ਉੱਜੜ ਗਈ ਸੀ, ਮੇਰਾ ਘਰ ਤਬਾਹ ਹੋ ਗਿਆ ਸੀ। ਮੈਂ ਜਿਵੇਂ ਸੰਸਾਰ ਤੋਂ ਬੇਮੁੱਖ ਹੋ ਗਈ। ਨੀਂਦ ਮੇਰੀ ਦੁਸ਼ਮਣ ਹੋ ਗਈ ਸੀ। ਡਾਕਟਰ ਬੇਵੱਸ ਤੇ ਮੈਂ ਜਿਉਂਦੀ ਲਾਸ਼ ਵਰਗੀ ਹੋ ਕੇ ਰਹਿ ਗਈ। ਆਪਣੀ ਨੂੰਹ ਤੇ ਬੱਚਿਆਂ ਵੱਲ ਦੇਖਦੀ ਤਾਂ ਮੇਰੇ ਅੰਦਰੋਂ ਲਾਟ ਵਰਗਾ ਹੌਕਾ ਨਿਕਲ਼ਦਾ। ਭਰਾ ਬਾਹਰੀਆਂ ਹੋਈਆਂ ਭੈਣਾਂ, ਆਪਣੀਆਂ ਧੀਆਂ ਬਾਰੇ ਸੋਚ ਕੇ ਕਲੇਜਾ ਮੂੰਹ ਨੂੰ ਆਉਂਦਾ। ਮੈਂ ਦਿਨ-ਰਾਤ ਆਪਣੇ ਤੁਰ ਗਏ ਪੁੱਤਰ ਨਾਲ ਗੱਲਾਂ ਕਰਦੀ ਰਹਿੰਦੀ ਜੋ ਹੋਰ ਕਿਸੇ ਨੂੰ ਨਾ ਸੁਣਦੀਆਂ। ਮੈਂਨੂੰ ਲੱਗਦਾ ਮੇਰਾ ਰਾਜਾ ਪੁੱਤ ਕਿਤੇ ਨਹੀਂ ਗਿਆ, ਉਹ ਤਾਂ ਮੇਰੇ ਅੰਦਰ ਹੀ ਵਸਦਾ ਹੈ। ਉਹ ਤਾਂ ਮੇਰੀ ਰੂਹ ਦੀਆਂ ਆਂਦਰਾਂ ਨਾਲ ਲਿਪਟਿਆ ਹੋਇਆ ਹੈ।
ਸਾਨੂੰ ਔਲਾਦ ਦੀ ਦਾਤ ਪੰਜ ਸਾਲ ਤਰਸ ਕੇ ਮਿਲੀ ਸੀ। ਮੈਂ ਜਿਵੇਂ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਸੁਪਨੇ ਲੈਂਦੀ ਸਾਂ ਕਿ ਆਉਣ ਵਾਲੇ ਬੱਚੇ ਲਈ ਇਹ ਕਰਾਂਗੀ, ਉਹ ਕਰਾਂਗੀ, ਉਹ ਸਾਰਾ ਮੈਂਨੂੰ ਕੱਲ੍ਹ ਵਾਂਗ ਜਾਪਦਾ। ਮੈਂ ਆਪਣੇ ਬੱਚੇ ਲਈ ਨਿੱਕੇ-ਨਿੱਕੇ ਕੱਪੜੇ ਸੀਤੇ, ਕੋਟੀਆਂ ਸਵੈਟਰ ਬੁਣੇ ਜੋ ਉਹਨੇ ਮੇਰੀ ਮਾਂ ਗੋਦ ਆ ਕੇ ਪਹਿਨੇ, ਹੰਢਾਏ। ਉਹਦੀ ਪਹਿਲੀ ਵਾਰ ਪਹਿਨੀ ਕੇਸਰੀ ਰੰਗ ਦੀ ਸਾਟਨ ਦੀ ਨਿੱਕੀ ਜਿਹੀ ਕਮੀਜ਼ ਮੈਂ ਅੱਜ ਪੂਰੇ 48 ਸਾਲਾਂ ਬਾਅਦ ਵੀ ਸਾਂਭ ਕੇ ਰੱਖੀ ਹੋਈ ਹੈ। ਮੈਂ ਸਾਰੀ ਰਾਤ ਇਹੋ ਗੱਲਾਂ ਯਾਦ ਕਰਦੀ ਸੋਚਦੀ ਰਹਿੰਦੀ। ਮੈਂਨੂੰ ਮੁੜ-ਮੁੜ ਖ਼ਿਆਲ ਆਉਂਦਾ ਕਿ ਮੇਰੇ ਪੁੱਤਰ ਦੇ ਕਿੰਨੇ ਹੀ ਕੱਪੜੇ ਗਰਮ ਸੂਟ, ਕੋਟ, ਜੈਕਟਾਂ ਤੇ ਪੱਗਾਂ ਆਦਿ ਮੇਰੇ ਬੈੱਡ ਦੇ ਬਾਕਸ, ਅਲਮਾਰੀਆਂ ਅਤੇ ਸੂਟਕੇਸਾਂ ਵਿੱਚ ਸਾਂਭੇ ਪਏ ਹਨ ਪਰ ਉਹ ਇਨ੍ਹਾਂ ਨੂੰ ਨਹੀਂ ਪਹਿਨ ਸਕਦਾ ਕਿਉਂਕਿ ਹੁਣ ਉਸਦਾ ਕੋਈ ਵਜੂਦ ਨਹੀਂ ਹੈ।
ਮੈਂ ਦਿਨ-ਰਾਤ ਇਨ੍ਹਾਂ ਖ਼ਿਆਲਾਂ ਵਿੱਚ ਡੁੱਬੀ ਰਹਿੰਦੀ ਕਿ ਬੇਸ਼ਕ ਮੇਰਾ ਬੱਚਾ ਮੇਰੇ ਧੁਰ ਅੰਦਰ ਵਸਦਾ ਹੈ ਪਰ ਉਸਨੇ ਜਨਮ ਤਾਂ ਨਹੀਂ ਲੈਣਾ। ਉਸ ਦਾ ਵਜੂਦ ਮੈਂਨੂੰ ਕਦੇ ਨਹੀਂ ਦਿਸਣਾ। ਮੇਰੀ ਬੇਚੈਨ ਮਮਤਾ ਨੂੰ ਘੜੀ ਪਲ ਵੀ ਚੈਨ ਨਾ ਆਉਂਦੀ। ਇੱਕ ਰਾਤ ਮੈਂਨੂੰ ਅਜੀਬ ਜਿਹਾ ਅਹਿਸਾਸ ਹੋਇਆ ਕਿ ਜਿਵੇਂ ਬੈੱਡ ਉੱਤੇ ਮੈਂ ਨਹੀਂ, ਮੇਰਾ ਗੱਭਰੂ ਜੁਆਨ ਪੁੱਤ ਦਿਲਰਾਜ ਪਿਆ ਹੈ। ਮੇਰੀ ਕੋਈ ਹੋਂਦ ਨਹੀਂ ਸੀ। ਮੈਂ ਜਿਵੇਂ ਆਪਣੇ ਪੁੱਤਰ ਦਾ ਰੂਪ ਧਾਰਨ ਕਰ ਲਿਆ ਸੀ। ਆਪਣੇ ਸੁੰਨ ਹੁੰਦੇ ਜਾ ਰਹੇ ਦਿਮਾਗ਼ ਨੂੰ ਮੈਂ ਸਾਰੀ ਤਾਕਤ ਲਾ ਕੇ ਝੰਜੋੜਿਆ। ਹਿੰਮਤ ਕਰਕੇ ਪੱਟੀਆਂ ਨਾਲ ਬੰਨ੍ਹੀ ਟੁੱਟੀ ਬਾਂਹ ਨੂੰ ਦੂਜੇ ਹੱਥ ਨਾਲ ਛੋਹ ਕੇ ਦੇਖਿਆ। ਮੈਂ ਥੋੜ੍ਹੀ ਜਿਹੀ ਆਪਣੇ ਆਪ ਵਿੱਚ ਆਈ ਕਿ ਇਹ ਰਾਜਾ ਪੁੱਤਰ ਨਹੀਂ, ਮੈਂ ਹੀ ਹਾਂ। ਬੇਜਾਨ ਜਿਹੀ ਹੋਈ ਨੇ ਮੈਂ ਉੱਠ ਕੇ ਬੈਠਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਕੋਲੋਂ ਉੱਠਿਆ ਨਾ ਗਿਆ। ਮੇਰੀ ਖਰਾਬ ਸਿਹਤ ਤੇ ਟੁੱਟੀ ਤਿੜਕੀ ਮਾਨਸਿਕਤਾ ਕਾਰਨ ਦਿਨ-ਰਾਤ ਮੇਰਾ ਖ਼ਿਆਲ ਰੱਖਿਆ ਜਾਂਦਾ ਸੀ। ਮੇਰੇ ਭਰਾ ਦੀ ਨੂੰਹ ਤੇ ਮੇਰਾ ਪਤੀ ਮੇਰੇ ਕੋਲ਼ ਸੁੱਤੇ ਹੋਏ ਸਨ। ਉਨ੍ਹਾਂ ਨੇ ਛੇਤੀ ਨਾਲ ਮੈਂਨੂੰ ਉਠਾਇਆ ਤੇ ਪਾਣੀ ਪਿਆਇਆ। ਮੈਂ ਅਜੇ ਵੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸਾਂ। ਫਿਰ ਡਾਕਟਰ ਦੀ ਹਦਾਇਤ ਅਨੁਸਾਰ ਮੈਂਨੂੰ ਦਵਾਈ ਦਿੱਤੀ ਗਈ। ਮੈਂ ਕੁਝ ਸੰਭਲ਼ ਤਾਂ ਗਈ ਪਰ ਕਿਸੇ ਨੂੰ ਆਪਣੇ ਨਾਲ ਬੀਤੀ ਬਾਰੇ ਕੋਈ ਗੱਲ ਨਾ ਦੱਸੀ। ਮੈਂ ਬਹੁਤ ਹੈਰਾਨ ਪ੍ਰੇਸ਼ਾਨ ਸਾਂ ਕਿ ਕਿਵੇਂ ਆਪਣੇ ਪੁੱਤਰ ਵਿੱਚ ਸਮਾ ਗਈ ਸਾਂ ਜਾਂ ਉਹ ਮੇਰੇ ਵਿੱਚ ਸਮਾ ਗਿਆ ਸੀ।
ਤੀਜੀ ਜਾਂ ਸ਼ਾਇਦ ਚੌਥੀ ਰਾਤ ਖ਼ਿਆਲਾਂ ਵਿੱਚ ਡੁੱਬੀ ਨੂੰ ਮੈਂਨੂੰ ਫਿਰ ਉਹੀ ਅਹਿਸਾਸ ਹੋਇਆ। ਅੱਧੀ ਕੁ ਰਾਤ ਦਾ ਸਮਾਂ ਸੀ। ਮੈਂਨੂੰ ਜਾਪਿਆ ਮੇਰੀ ਕੋਈ ਹੋਂਦ ਨਹੀਂ ਤੇ ਜਿਵੇਂ ਰਾਜਾ ਪੁੱਤਰ ਹੀ ਬਣ ਗਈ ਹਾਂ … ਬਿਲਕੁਲ ਦਿਲਰਾਜ ਸਿੰਘ ਰਾਜਾ …। ਮੈਂਨੂੰ ਮਹਿਸੂਸ ਹੋਇਆ ਕਿ ਮੇਰਾ ਚਿਹਰਾ ਖੁੱਲ੍ਹੀ ਭਰਵੀਂ ਤੇ ਕਾਲ਼ੀ ਸ਼ਾਹ ਦਾੜ੍ਹੀ ਵਾਲਾ ਹੈ … ਆਪਣੇ ਤੁਰ ਗਏ ਜਵਾਨ ਪੁੱਤ ਵਰਗਾ …। ਮੈਂ ਆਪਣੀ ਜੜ੍ਹ ਹੋਈ ਚੇਤਨਾ ਨੂੰ ਅਸਲੀਅਤ ਵੱਲ ਮੋੜਨ ਤੇ ਜੋੜਨ ਦਾ ਯਤਨ ਕੀਤਾ। ਆਪਣਾ ਹੱਥ ਚਿਹਰੇ ਤਕ ਲਿਜਾਣ ਦੀ ਕੋਸ਼ਿਸ਼ ਕੀਤੀ। ਮੇਰਾ ਨਿਰਜਿੰਦ ਜਿਹਾ ਹੱਥ ਮੇਰੇ ਸੀਨੇ ਉੱਤੇ ਹੀ ਡਿਗ ਪਿਆ। ਮੂੰਹੋਂ ਆਵਾਜ਼ ਨਹੀਂ ਸੀ ਨਿਕਲ਼ ਰਹੀ। ਹੱਥ ਹਿਲਾਉਣਾ ਚਾਹਿਆ ਤਾਂ ਪਤਾ ਚੱਲਿਆ ਕਿ ਮੇਰੇ ਲੰਮੇ ਭਾਰੇ ਕੇਸ ਖੁੱਲ੍ਹ ਕੇ ਖਿੱਲਰੇ ਹੋਏ ਸਨ ਜੋ ਮੈਂਨੂੰ ਪੁੱਤ ਦੀ ਦਾੜ੍ਹੀ ਦਾ ਭਰਮ ਪਾ ਰਹੇ ਸਨ। ਕੋਸ਼ਿਸ਼ ਦੇ ਬਾਵਜੂਦ ਵੀ ਮੈਂ ਉਸ ਹਾਲਤ ਵਿੱਚੋਂ ਬਾਹਰ ਨਹੀਂ ਸਾਂ ਆ ਰਹੀ। ਮੈਂਨੂੰ ਬਹੁਤ ਘਬਰਾਹਟ ਮਹਿਸੂਸ ਹੋਈ ਤੇ ਮੈਂ ਉੱਠਣ ਲਈ ਹੱਥ-ਪੈਰ ਮਾਰੇ। ਇਸ ਹਿਲਜੁਲ ਨਾਲ ਕੋਲ਼ ਸੁੱਤੀ ਭਤੀਜ ਨੂੰਹ ਤੇ ਮੇਰੇ ਪਤੀ ਨੂੰ ਜਾਗ ਆ ਗਈ। ਮੈਂ ਬੇਵੱਸ ਹੋਈ ਬੇਹੋਸ਼ ਹੋ ਗਈ। ਘਰ ਦੇ ਸਾਰੇ ਜੀਅ ਤੇ ਨੌਕਰ-ਚਾਕਰ ਵੀ ਘਬਰਾ ਗਏ। ਡਾਕਟਰ ਦੀ ਚਿਤਾਵਨੀ ਸੀ ਕਿ ਅਜਿਹੇ ਮੌਕੇ ਖ਼ੂਨ ਦੇ ਦਬਾਅ ਦਾ ਬਹੁਤ ਧਿਆਨ ਰੱਖਿਆ ਜਾਵੇ। ਨੌਕਰ ਨੇ ਸਿਆਣਪ ਵਰਤੀ ਤੇ ਇਨ੍ਹਾਂ ਨੂੰ ਚੇਤੇ ਕਰਵਾਇਆ ਕਿਉਂਕਿ ਇਹ ਮੈਂਨੂੰ ਡਾਕਟਰ ਕੋਲ ਲੈਣ ਜਾਣਾ ਚਾਹੁੰਦੇ ਸਨ। ਚੈੱਕ ਕੀਤਾ ਤਾਂ ਖ਼ੂਨ ਦਾ ਦਬਾਅ ਬਹੁਤ ਘਟ ਗਿਆ ਸੀ। ਥੋੜ੍ਹੀ ਹੋਸ਼ ਆਈ ਤਾਂ ਮੈਂਨੂੰ ਬੈਠੀ ਕੀਤਾ ਗਿਆ ਤੇ ਦਵਾਈ ਦਿੱਤੀ ਗਈ। ਦਸੰਬਰ ਦੇ ਮਹੀਨੇ ਠੰਢ ਵਿੱਚ ਵੀ ਮੈਂ ਤਰੇਲੀਆਂ ਨਾਲ ਭਿੱਜੀ ਹੋਈ ਸਾਂ। ਮੈਂਨੂੰ ਖ਼ੌਫ਼ ਆਇਆ ਕਿ ਜੇ ਪਾਗ਼ਲ ਨਹੀਂ, ਨੀਮ ਪਾਗਲ ਤਾਂ ਮੈਂ ਜ਼ਰੂਰ ਹੋ ਗਈ ਹਾਂ।
ਗ਼ਨੀਮਤ ਇਹ ਰਹੀ ਕਿ ਸਾਡੇ ਪਰਿਵਾਰ ਵਿੱਚ ਵਹਿਮਾਂ ਭਰਮਾਂ ਨੂੰ ਕੋਈ ਨਹੀਂ ਸੀ ਮੰਨਦਾ। ਮੈਂ ਅਜਿਹੇ ਮਸਲਿਆਂ ਬਾਰੇ ਕਾਫੀ ਕੁਝ ਪੜ੍ਹਿਆ ਹੋਇਆ ਸੀ। ਮੇਰੇ ਸਦਮੇ ਮਾਰੇ ਮਨ-ਮਸਤਿਕ ਵਿੱਚ ਉਹ ਅਜੇ ਵੀ ਅਟਕਿਆ ਪਿਆ ਸੀ। ਅਜਿਹੀ ਹਾਲਤ ਵਿੱਚ ਪੀੜਤ ਦੀ ਆਵਾਜ਼ ਵੀ ਸਦਾ ਲਈ ਤੁਰ ਗਏ ਸਬੰਧਤ ਵਿਅਕਤੀ ਵਰਗੀ ਹੋ ਜਾਂਦੀ ਹੈ। ਦੁਖਦਾਈ ਯਾਦਾਂ ਜਾਂ ਕਿਸੇ ਕਮਜ਼ੋਰ ਮਾਨਸਿਕਤਾ ਵਾਲੇ ਲਈ ਡਰ ਉਸਦੀ ਸੋਚ ਉੱਤੇ ਬੋਝਲ ਹੋ ਜਾਂਦਾ ਹੈ। ਆਮ ਭਾਸ਼ਾ ਵਿੱਚ ਅਜਿਹੀ ਹਾਲਤ ਨੂੰ ‘ਦਬਾਓ ਪੈਣਾ’ ਵੀ ਕਿਹਾ ਜਾਂਦਾ ਹੈ। ਚਾਹੁੰਦਿਆਂ ਹੋਇਆਂ ਵੀ ਪੀੜਤ ਨਾ ਬੋਲ ਸਕਦਾ ਹੈ ਤੇ ਨਾ ਹਿੱਲ ਸਕਦਾ ਹੈ। ਪੰਦਰਾਂ-ਸੋਲ਼ਾਂ ਸਾਲ ਪਹਿਲਾਂ ਦੀ ਇਸ ਘਟਨਾ ਬਾਰੇ ਅੱਜ ਜਦੋਂ ਮੈਂ ਸੋਚਦੀ ਹਾਂ ਕਿ ਜੇਕਰ ਉਦੋਂ ਮੈਂ ਹਿੰਮਤ ਕਰਕੇ ਚੇਤਨ ਅਵਸਥਾ ਵਿੱਚ ਨਾ ਆਉਂਦੀ ਤਾਂ ਬਹੁਤ ਅਨਰਥ ਹੋ ਜਾਂਦਾ। ਕਿਹਾ ਜਾਣਾ ਸੀ ਕਿ ਇਸ ਵਿੱਚ ਇਸਦੇ ਪੁੱਤਰ ਦੀ ਰੂਹ ਆ ਗਈ ਹੈ … ਇਸ ਨੂੰ ‘ਬਾਹਰਲੀ ਕਸਰ’ ਹੋ ਗਈ ਹੈ।
ਮੈਂ ਅਜਿਹੇ ਕਈ ਕੇਸ ਅੱਖੀਂ ਦੇਖੇ ਹੋਏ ਸਨ। ਉਨ੍ਹਾਂ ਨੂੰ ਪੁੱਛਿਆ ਜਾਂਦਾ, “ਤੂੰ ਕੌਣ ਏਂ ਤੇ ਕਿੱਥੋਂ ਆਇਆ ਏਂ?” ਪੀੜਤ ਮਰਦ-ਔਰਤ ਸੁੰਨ ਹੋਈ ਸੁਰਤ ਵਿੱਚੋਂ ਬੋਲਦਾ ਕਿ ਮੈਂ ਫਲਾਣਾ ਜਾਂ ਫਲਾਣੀ ਬੋਲਦਾ/ਬੋਲਦੀ ਹਾਂ। ਅਜਿਹੇ ਮੌਕੇ ਤਾਂ ਕਈ ਵਾਰ ਪੜ੍ਹੇ-ਲਿਖੇ ਲੋਕ ਵੀ ਧੋਖਾ ਖਾ ਜਾਂਦੇ ਹਨ। ਉਹ ਵੀ ਕਹਿੰਦੇ ਹਨ ਕਿ ਇਸ ਵਿੱਚ ਕੋਈ ਆਤਮਾ ਆ ਵੜੀ ਹੈ। ਉਸ ‘ਬੋਲਦੀ ਆਤਮਾ’ ਦੀਆਂ ਮੰਗਾਂ ਵੀ ਮੰਨੀਆਂ ਜਾਂਦੀਆਂ ਹਨ। ਬਹੁਤ ਸਾਰੇ ਲੋਕ ਅਖੌਤੀ ਸਾਧਾਂ ਅਤੇ ਤਾਂਤਰਿਕਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਇਨ੍ਹਾਂ ਤਕਦੀਰ ਦੇ ਲੁੱਟੇ ਦੁਖਿਆਰਿਆਂ ਤੇ ਕਮਅਕਲਾਂ ਨੂੰ ਉਹ ਦੋਵੇਂ ਹੱਥੀਂ ਲੁੱਟਦੇ ਹਨ। ਕਈ ਵਾਰ ਉਨ੍ਹਾਂ ਨੂੰ ਗਰਮ ਚਿਮਟਿਆਂ, ਸਲਾਖਾਂ ਜਾਂ ਕਿਸੇ ਛੜੀ-ਸੋਟੀ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਜਾਂਦਾ ਹੈ। ਉਸ ਵਿੱਚ ਵੜ ਬੈਠੀ ਆਤਮਾ ਜਾਂ ਭੂਤ-ਚੁੜੇਲਾਂ ਨੂੰ ਕੁੱਟ-ਕੁੱਟ ਕੇ ਕੱਢਣ ਦਾ ਯਤਨ ਜਾਂ ਫਿਰ ਡਰਾਮਾ ਕੀਤਾ ਜਾਂਦਾ ਹੈ। ਇਸ ਅੰਧ ਵਿਸ਼ਵਾਸ ਵਿੱਚ ਕਈ ਲੋਕ ਜਾਨ ਤੋਂ ਹੀ ਹੱਥ ਧੋ ਬੈਠਦੇ ਹਨ ਜਾਂ ਫਿਰ ਉਮਰ ਭਰ ਲਈ ਮਨੋਰੋਗੀ ਹੋ ਜਾਂਦੇ ਹਨ।
ਮੈਂ ਸਾਰੀ ਗੱਲ ਸਮਝਦੀ ਸਾਂ ਕਿ ਪੁੱਤਰ ਦੇ ਅਚਾਨਕ ਵਿਛੋੜੇ ਦੇ ਅਕਹਿ ਤੇ ਅਸਹਿ ਦੁੱਖ ਨੇ ਮੇਰੀ ਇਹ ਹਾਲਤ ਕੀਤੀ ਹੈ। ਪੜ੍ਹੇ ਹੋਏ ਚੰਗੇ ਸਾਹਿਤ ਤੇ ਚੰਗੇ ਸੰਸਕਾਰਾਂ ਵਿੱਚ ਪਲ਼ੀ ਹੋਣ ਕਰਕੇ ਸਾਡੇ ਪਰਿਵਾਰ ਨੂੰ ਹੋਰ ਮੁਸੀਬਤਾਂ ਤੋਂ ਬਚਾਅ ਲਿਆ। ਮੈਂ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਨੂੰ ਚੌਕੰਨੇ ਕੀਤਾ ਕਿ ਅਜਿਹੀ ਹਾਲਤ ਵਿੱਚ ਮੈਂਨੂੰ ਉਠਾ ਕੇ ਚਾਹ-ਦੁੱਧ ਜਾਂ ਪਾਣੀ ਪਿਆਇਆ ਜਾਵੇ। ਇਸ ਨਾਲ ਨਿਢਾਲ ਹੋਏ ਤਨ-ਮਨ ਨੂੰ ਫੌਰੀ ਤੌਰ ’ਤੇ ਜ਼ਰਾ ਤਾਕਤ ਮਿਲੇਗੀ। ਦੂਜਾ ਕਿ ਮੇਰਾ ਧਿਆਨ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰਨੀ। ਮੈਂਨੂੰ ਇਕੱਲੀ ਨਾ ਛੱਡਣ ਦੀ ਹਦਾਇਤ ਤਾਂ ਡਾਕਟਰ ਨੇ ਪਹਿਲਾਂ ਹੀ ਕੀਤੀ ਹੋਈ ਸੀ। ਮੈਂ ਉਨ੍ਹਾਂ ਨੂੰ ਇਹ ਵੀ ਸਮਝਾ ਦਿੱਤਾ ਕਿ ਮੇਰੀ ਆਵਾਜ਼ ਵੀ ਉਸ ਹਾਲਤ ਵਿੱਚ ਰਾਜੇ ਬੇਟੇ ਵਰਗੀ ਹੋ ਸਕਦੀ ਹੈ। ਮੈਂ ਮਨ ਨਾਲ ਫੈਸਲਾ ਕਰ ਲਿਆ ਸੀ ਕਿ ਤਕੜੀ ਹੋ ਕੇ ਹਾਲਾਤ ਨਾਲ ਸਿੱਝਾਂਗੀ ਤੇ ਅਜਿਹੀ ਨੌਬਤ ਨਹੀਂ ਆਉਣ ਦਿਆਂਗੀ। ਮੇਰੇ ਪਤੀ ਨੇ ਬਹੁਤ ਸਿਆਣੀ ਤੇ ਵਜ਼ਨਦਾਰ ਗੱਲ ਮੈਂਨੂੰ ਆਖੀ। ਉਹ ਮੇਰੀ ਮਨੋਦਸ਼ਾ ਨੂੰ ਸਮਝਦੇ ਸਨ। ਉਨ੍ਹਾਂ ਕਿਹਾ, “ਜੇ ਤੂੰ ਸਾਰਾ ਕੁਝ ਸਮਝਦੀ ਏਂ ਤਾਂ ਮਨ ਤਕੜਾ ਕਰਕੇ ਸਬਰ ਕਰ ਕਿ ਰਾਜੇ ਨੇ ਹੁਣ ਵਾਪਸ ਨਹੀਂ ਆਉਣਾ … ਦੋਵੇਂ ਬੱਚੇ ਉਸੇ ਦਾ ਰੂਪ ਨੇ। ਉਨ੍ਹਾਂ ਦੀ ਚੰਗੀ ਪ੍ਰਵਰਿਸ਼ ਕਰਨ ਬਾਰੇ ਸੋਚ … ਨੂੰਹ ਤੇ ਧੀਆਂ ਵੱਲ ਦੇਖ, ਜੇ ਤੂੰ ਢੇਰੀ ਢਾਹ ਕੇ ਬੈਠ ਗਈ ਤਾਂ ਸਾਡਾ ਸਾਰਿਆਂ ਦਾ ਕੀ ਬਣੇਗਾ? ਨੂੰਹ ਤੇ ਮਾਸੂਮ ਬੱਚਿਆਂ ਬਾਰੇ ਸੋਚ ... ਹੁਣ ਇਹ ਆਪਣੀ ਜਾਨ ਅਤੇ ਜ਼ਿੰਮੇਵਾਰੀ ਨੇ।”
ਬੱਚਿਆਂ ਵਿੱਚ ਤਾਂ ਜਿਵੇਂ ਸੱਚਮੁੱਚ ਹੀ ਮੇਰੀ ਜਾਨ ਅਟਕੀ ਹੋਈ ਸੀ। ਮੈਂਨੂੰ ਕਿਸੇ ਨਜ਼ਦੀਕੀ ਨੇ ਕਿਹਾ ਸੀ ਕਿ ਜੇ ਤੂੰ ਮਰਨਾ ਚਾਹੇਂ ਤਾਂ ਵੀ ਮਰ ਨਹੀਂ ਸਕੇਂਗੀ ... ਰਾਜੇ ਦੇ ਬੱਚਿਆਂ ਨੇ ਤੈਨੂੰ ਮਰਨ ਵੀ ਨਹੀਂ ਦੇਣਾ। ਪੁੱਤਰ ਦੇ ਬੱਚਿਆਂ ਪ੍ਰਤੀ ਫ਼ਰਜ਼ਾਂ ਤੇ ਮੋਹ ਨੇ ਮੈਂਨੂੰ ਤਕੜੀ ਕੀਤਾ। ਟੁੱਟੇ ਦਿਲ ਤੇ ਟੁੱਟੀਆਂ ਹੱਡੀਆਂ ਵਿੱਚ ਟਾਹਣੀਓਂ ਟੁੱਟੇ ਫੁੱਲਾਂ ਵਰਗੇ ਬੱਚਿਆਂ ਨੂੰ ਗਲ਼ ਲਾ ਕੇ ਤਾਕਤ ਭਰ ਗਈ। ਬੱਚਿਆਂ ਦੇ ਚਿਹਰਿਆਂ ’ਤੇ ਵੀ ਖੇੜਾ ਆਉਣ ਲੱਗਾ। ਅੱਜ ਹੋਰ, ਕੱਲ੍ਹ ਹੋਰ, ਮੈਂ ਘਰ ਪਰਿਵਾਰ ਤੇ ਆਪਣੇ ਬੇਟੇ ਦੇ ਬੀਵੀ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਮੋਢਿਆਂ ’ਤੇ ਚੁੱਕ ਲਿਆ। ਉਹ ਸੱਤ ਮਹੀਨਿਆਂ ਦੀ ਬੱਚੀ ਅੱਜ +2 ਦੀ ਵਿਦਿਆਰਥਣ ਹੈ ਤੇ ਦੋ ਸਾਲਾਂ ਦਾ ਬੇਟਾ +2 ਕਰ ਕੇ ਅਗਲੀ ਪੜ੍ਹਾਈ ਦੀ ਤਿਆਰੀ ਕਰ ਰਿਹਾ ਹੈ।
ਵਿੱਛੜੇ ਪੁੱਤਰ ਦੀ ਯਾਦ ਭਾਵੇਂ ਮੇਰੇ ਧੁਰ ਅੰਦਰ ਸਮਾਈ ਅਤੇ ਆਂਦਰਾਂ ਨਾਲ ਲਿਪਟੀ ਹੋਈ ਹੈ ਪਰ ਮੁੜ ਮੇਰੀ ਕਦੇ ਵੀ ਉਹ ਹਾਲਤ ਨਹੀਂ ਹੋਈ। ਜੇ ਅਸੀਂ ਲੋਕਾਂ ਵਾਂਗ ਤਾਂਤਰਿਕਾਂ ਜਾਂ ਅਖੌਤੀ ਸਾਧਾਂ ਦੇ ਚੱਕਰ ਵਿੱਚ ਫਸ ਜਾਂਦੇ ਤਾਂ ਸਾਡਾ ਘਰ ਬਰਬਾਦ ਹੋ ਜਾਂਦਾ ਤੇ ਬੱਚੇ ਰੁਲ਼ ਜਾਂਦੇ। ਮੇਰੀ ਥੋੜ੍ਹੀ ਜਿਹੀ ਹਿੰਮਤ ਤੇ ਪਤੀ ਦੀ ਆਖੀ ਗੱਲ ਨੇ ਮੈਂਨੂੰ ਜ਼ਿੰਦਗੀ ਦੇ ਕਦੇ ਮਾਰੂਥਲ ਵਾਂਗ ਤਪਦੇ ਤੇ ਕਦੇ ਕੱਕਰਾਂ ਭਰੇ ਠੰਢੇ ਯੱਖ਼ ਰਾਹਾਂ ’ਤੇ ਨੰਗੇ ਪੈਰੀਂ ਬਿਨਾਂ ਕਸੀਸ ਵੱਟੇ ਤੁਰਨਾ ਸਿਖਾਇਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3162)
(ਸਰੋਕਾਰ ਨਾਲ ਸੰਪਰਕ ਲਈ: