SandeepJaswal7ਜਿਹੜੇ ਲੱਡੂ ਮੇਰੀ ਮਾਂ ... ਵੰਡਦੀ ਹੁੰਦੀ ਸੀ, ਉਹਨਾਂ ਨੂੰ ਕੋਈ ਖਾਂਦਾ ਵੀ ਹੁੰਦਾ ਸੀ ਜਾਂ ਫੇਰ ...
(22 ਅਕਤੂਬਰ 2021)

 

ਗੱਲ ਤਾਂ ਅਚੰਭੇ ਵਾਲੀ ਜ਼ਰੂਰ ਹੈ ਪਰ ਸੱਚ ਹੈ ਕਿ ਮੇਰੇ ਜਨਮ ਸਮੇਂ ਬੀਬੀ, ਜੋ ਮੇਰੀ ਤਾਈ ਵੀ ਹੈ ਤੇ ਮਾਸੀ ਵੀ, ਉਸਨੇ ਸਾਰੇ ਪਿੰਡ ਵਿੱਚ ਲੱਡੂ ਵੰਡੇ ਸਨ ਉਹ ਮੈਨੂੰ ਅਕਸਰ ਆਖਦੀ ਕਿ ਤੇਰੇ ਜੰਮਣ ’ਤੇ ਲੱਡੂ ਵੰਡੇ ਸੀ ਮੈਂ, ਸਾਰਾ ਪਿੰਡ ਕਹਿੰਦਾ ਸੀ ‘ਡਮਾਕ’ ਹਿੱਲ ਗਿਆ ਹੈ ਮੇਰਾ, ਕੁੜੀ ਦੇ ਜੰਮਣ ’ਤੇ ਤਾਂ ਕੋਈ ਗੁੜ੍ਹ ਦੀ ਰੋੜੀ ਨਹੀਂ ਖਵਾਉਂਦਾ ਤੇ ਲੱਡੂ ...। ਪਿੰਡ ਵਿੱਚ ਜਦੋਂ ਕਿਸੇ ਦੇ ਘਰ ਮੁੰਡਾ ਹੁੰਦਾ, ਲਾਗੀ ਗੁੜ ਦੀ ਭੇਲੀ ਵੱਡਣ ਆਉਂਦਾ ਤਾਂ ਮੈਨੂੰ ਜਨਮ ਸਮੇਂ ਵੰਡੇ ਲੱਡੂਆਂ ਕਰਕੇ ਆਪਣਾ ਆਪਾ ਮਹਾਨ ਤੇ ਆਪਣੀ ਬੀਬੀ ਸਭ ਤੋਂ ਵੱਧ ਪਿਆਰੀ ਲਗਦੀ ਜਿਵੇਂ ਹੀ ਮੈਂ ਥੋੜ੍ਹੀ ਵੱਡੀ ਹੋਈ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਬੀਬੀ ਦੀ ਕੋਈ ਜਾਗਰੂਕਤਾ ਜਾਂ ਮੇਰੇ ਨਾਲ ਪਿਆਰ ਵਾਲੀ ਗੱਲ ਨਹੀਂ ਸੀ, ਸਗੋਂ ਇਕ ਤਰੀਕੇ ਦਾ ਮਾਣ ਸੀ ਜਿਸਦਾ ਕਾਰਣ ਇਹ ਸੀ ਕਿ ਮੇਰੇ ਪਿਤਾ ਜੀ ਹੋਰੀ ਨੌਂ ਭਰਾ ਸਨ ਜਿਹਨਾਂ ਵਿਚੋਂ ਕਿਸੇ ਦੇ ਵੀ ਘਰ ਕੁੜੀ ਨਹੀਂ ਸੀ ਹੋਈ ਮੇਰੀ ਭੂਆ ਨੌਂ ਭਰਾਵਾਂ ਦੀ ਇੱਕਲੀ ਭੈਣ ਸੀ, ਉਹ ਵੀ ਮਸਾ ਬਚੀ ਸੀ, ਇਸ ਕਰਕੇ ਸਾਰੇ ਉਸ ਨੂੰ ‘ਰਲੀ’ ਕਹਿ ਕੇ ਬੁਲਾਉਂਦੇ। ਮਤਲਬ ਜਿਹੜੀ ਭਰਾਵਾਂ ਨਾਲ ਰਲ ਗਈ ਹੋਵੇ। ਪਰ ਜਦੋਂ ਮੈਥੋਂ ਬਾਅਦ ਮੇਰੀ ਭੈਣ ਪੈਦਾ ਹੋਈ ਤਾਂ ਇਹ ਮਾਣ ਬੀਬੀ ਲਈ ਮਿਹਣਾ ਬਣ ਗਿਆ। ਪਿੰਡ ਵਿੱਚੋਂ ਕਈਆਂ ਨੇ ਕਿਹਾ ਕਿ ਉਸ ਨੂੰ ਕਹੋ, ਬਰਫੀ ਵੰਡੇ ਹੁਣ

ਹੈਰਾਨੀ ਦੀ ਗੱਲ ਇਹ ਸੀ ਕਿ ਦੋ ਧੀਆਂ ਦਾ ਜੰਮ ਪੈਣਾ ਬੀਬੀ ਲਈ ਹੀ ਨਹੀਂ ਮੇਰੇ ਪਿਤਾ ਲਈ ਵੀ ਮਿਹਣਾ ਬਣ ਗਿਆ ਸੀਕਾਰਣ ਸਿਰਫ ਐਨਾ ਸੀ ਕਿ ਉਹਨਾਂ ਦੀ ਨਜ਼ਰ ਵਿੱਚ ਮੇਰੇ ਪਿਤਾ ਜੀ ਅਲਗਰਜ਼ ਸਨ ਮੈਂ ਅਕਸਰ ਆਪਣੇ ਤਾਏ-ਤਾਈਆਂ ਨੂੰ ਇਹ ਕਹਿੰਦਿਆਂ ਸੁਣਦੀ, “ਹੁਣ ਤਾਂ ਰੱਬ ਨੇ ਦੋ ਪੱਥਰ ਦੇ ਦਿੱਤੇ ਨੇ, ਇਹ ਅਜੇ ਵੀ ਨਹੀਂ ਸਮਝਦਾ ਉਹ ਸਾਰੇ ਧੀਆਂ ਦੇ ਜਨਮ ਨੂੰ ਪਿਤਾ ਲਈ ਵੱਟਾ ਕਹਿੰਦੇਪਰ ਪਿਤਾ ਨੇ ਨਾ ਤਾਂ ਉਨ੍ਹਾਂ ਦੀ ਗੱਲ ਵਲ ਧਿਆਨ ਕੀਤਾ ਅਤੇ ਨਾ ਹੀ ਕਦੇ ਕੁੜੀਆਂ ਦਾ ਬਾਪ ਹੋਣ ਕਰਕੇ ਆਪਣੇ ਆਪ ਨੂੰ ਹੀਣਾ ਸਮਝਿਆ ਉਹਨਾਂ ਨੇ ਸਾਡੇ ਖਾਣ ਪਹਿਨਣ ’ਤੇ ਕਦੇ ਕੋਈ ਰੋਕ ਨਹੀਂ ਲਗਾਈ। ਸਗੋਂ ਉਨ੍ਹਾਂ ਸਾਨੂੰ ਪੜ੍ਹਨ ਲਈ ਹਰ ਸਹੂਲਤ ਤੇ ਸੁਵਿਧਾ ਮੁਹੱਈਆ ਕਰਵਾਈ

ਬਾਕੀ ਟੱਬਰ ਵਿੱਚ ਮੇਰੇ ਅਤੇ ਮੇਰੀ ਭੈਣ ਦੇ ਦੋ ਗੁੱਤਾਂ ਕਰਨ, ਫ਼ਰਾਕ ਪਾਉਣ ਤੇ ਪੜ੍ਹਨ ਨੂੰ ਲੈ ਕੇ ਲਗਾਤਾਰ ਇਤਰਾਜ਼ ਹੁੰਦੇ ਰਹੇ ਮੈਨੂੰ ਹੁਣ ਵੀ ਯਾਦ ਹੈ ਭੈਰੋਂ ਪੁਰੀਆਂ ਬਾਬਾ (ਪਿਤਾ ਦਾ ਮਾਸੜ), ਜਿਹੜਾ ਮੈਨੂੰ ਕੋਲ ਬੁਲਾ ਕੇ ਆਖਦਾ ਹੁੰਦਾ- ਕੁੜੋ ਆਪਣੀ ਮਾਂ ਨੂੰ ਕਿਹਾ ਕਰ ਕਿ ਮੈਂ ਦੋ ਗੁੱਤਾਂ ਨਹੀਂ ਕਰਨੀਆਂ। ਇਕ ਗੁੱਤ ਕਰਿਆ ਕਰ ਤੇ ਸਿਰ ਢਕ ਕੇ ਰੱਖਿਆ ਕਰ ਇਹ ਉਦੋਂ ਦੀ ਗੱਲ ਹੈ ਜਦੋਂ ਮੇਰੀ ਉਮਰ ਸੱਤ ਅੱਠ ਸਾਲ ਦੀ ਸੀ ਤੇ ਇਹਨਾਂ ਗੱਲਾਂ ਦੇ ਅਰਥ ਮੇਰੀ ਸਮਝ ਤੋਂ ਪਰੇ ਸਨ

ਮੇਰੇ ਮਾਤਾ ਪਿਤਾ ਵੱਲੋਂ ਬੜੇ ਚਾਅ ਨਾਲ ਮੈਨੂੰ ਸਕੂਲ ਪੜ੍ਹਨ ਭੇਜਿਆ ਗਿਆ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋ ਮੈਂ ਸਰਕਾਰੀ ਕਾਲਜ ਚੰਡੀਗੜ੍ਹ ਦਾਖਲਾ ਲਿਆ ਤਾਂ ਸਾਰੇ ਟੱਬਰ ਨੇ ਇਤਰਾਜ਼ ਕੀਤਾ ਪਰ ਮੇਰੇ ਮਾਤਾ ਪਿਤਾ ਨੇ ਉਨ੍ਹਾਂ ਦੀ ਗੱਲ ਸੁਣੀ ਅਣਸੁਣੀ ਕਰਕੇ ਮੈਨੂੰ ਕਾਲਜ ਭੇਜਿਆਕਾਲਜ ਦੇ ਪਹਿਲੇ ਦਿਨ ਜਦੋਂ ਮੈਂ ਘਰੋਂ ਬੱਸ ਸਟਾਪ ਵੱਲ ਤੁਰੀ ਤਾਂ ਰਸਤੇ ਵਿੱਚ ਮੈਨੂੰ ਜੀਤ ਤਾਇਆ ਜੀ ਤੇ ਪੋਸਤੀ ਵੀਰ ਜੀ ਨੇ ਰੋਕ ਲਿਆ। ਉਹਨਾਂ ਮੇਰੇ ਕਿਤਾਬਾਂ ਵਾਲੇ ਬੈਗ ਵੱਲ ਦੇਖਿਆ ਤੇ ਕਿਹਾ, “ਤੇਰੇ ਮਾਂ ਬਾਪ ਨੇ ਤਾਂ ਸਾਡੀ ਨਹੀਂ ਸੁਣੀ, ਵੇਖੀਂ ਤੂੰ ਸਾਡੀਆਂ ਪੱਗਾਂ ਦਾ ਖਿਆਲ ਰੱਖੀਂ। ਚਾਲੀ ਜੀਆਂ ਦਾ ਕੋੜਮਾ ਹੈ ਸਾਡਾ। ਬੰਨੇ-ਚੰਨੇ ਬੋਲਣ ਜੋਗਾ ਰਹਿ ਜੇ ਬੱਸ।” ਇਹ ਗੱਲ ਸੁਣਦਿਆਂ ਹੀ ਮੈਨੂੰ ਲੱਗਾ ਜਿਵੇਂ ਇਸ ਚੇਤਾਵਨੀ ਨੇ ਮੇਰੇ ਪੈਰ ਥਾਏਂ ਜਕੜ ਦਿੱਤੇ ਹੋਣ ਪਰ ਉਦੋਂ ਹੀ ਮੈਨੂੰ ਪਿਤਾ ਦੁਆਰਾ ਦਿੱਤਾ ਸਬਕ ਯਾਦ ਆਇਆ- ਜੀਅ ਲਾ ਕੇ ਪੜ੍ਹੀਂ ਪੁੱਤ ਕਿਤਾਬਾਂ ਹੀ ਬੰਦੇ ਨੂੰ ਜੀਊਣਾ ਸਿਖਾਉਂਦੀਆਂ ਨੇ, ਗਿਆਨ ਹੀ ਬੰਦੇ ਦਾ ਆਪਣਾ ਹੁੰਦੈ ਜਿਸ ਨੂੰ ਨਾ ਕੋਈ ਧੱਕੇ ਨਾਲ ਵੰਡਾ ਸਕਦੈ ਨਾ ਚੋਰੀ ਕਰ ਸਕਦੈ। ਜਿੰਨਾ ਮਰਜੀ ਪੜ੍ਹ ਲੈ, ਮੇਰੇ ਵੱਲੋਂ ਖੁੱਲੀ ਛੁੱਟੀ ਐ ਤੈਨੂੰ ਇਹ ਗੱਲ ਯਾਦ ਆਉਂਦਿਆ ਹੀ ਮੈਨੂੰ ਲੱਗਾ ਜਿਵੇਂ ਕਿਸੇ ਨੇ ਮੇਰੇ ਪੈਰਾਂ ਦੀ ਜਕੜਨ ਖੋਲ੍ਹ ਦਿੱਤੀ ਹੋਵੇ। ਉਹਨਾਂ ਨੂੰ ਬਿਨਾਂ ਕੁਝ ਕਿਹਾਂ ਚੁੱਪ ਚਾਪ ਮੈਂ ਆਪਣੇ ਰਾਹ ’ਤੇ ਤੁਰ ਪਈ

ਕਾਲਜ ਵਿੱਚ ਪੈਰ ਧਰਦਿਆਂ ਮਹਿਸੂਸ ਹੋਇਆ ਜਿਵੇਂ ਚਾਲੀ ਜੀਆਂ ਦਾ ਕੋੜਮਾਂ ਮੇਰੇ ਨਾਲ ਹੀ ਕਾਲਜ ਦਾਖਲ ਹੋ ਗਿਆ ਹੋਵੇ ਬੀ.ਏ ਕਰਕੇ ਜਦੋਂ ਯੂਨੀਵਰਸਿਟੀ ਪੁੱਜੀ ਤਾਂ ਇਕ ਵਾਰ ਫੇਰ ਮਾਤਾ ਪਿਤਾ ਨੂੰ ਸਾਰਿਆਂ ਦੇ ਸਾਹਮਣੇ ਕਿਸੇ ਕਸੂਰਵਾਰ ਵਾਂਗ ਪੇਸ਼ ਹੋਣਾ ਪਿਆ। ਉਹਨਾਂ ਨੂੰ ਬੁਲਾ ਕੇ ਸਮਝਾਇਆ ਗਿਆ ਕਿ ਚੌਦਾਂ-ਪੰਦਰਾਂ ਜਮਾਤਾਂ ਪੜ੍ਹ ਗਈ ਹੈ ਕੁੜੀ, ਹੁਣ ਕੋਈ ਮੁੰਡਾ ਵੇਖੋ ਤੇ ਵਿਆਹ ਕਰਨ ਦੀ ਸੋਚੋ। ਉਹਨਾਂ ਆਪਣੇ ਗਿਆਨ ਦਾ ਠੋਸ ਸਬੂਤ ਦੇਂਦਿਆ ਕਿਹਾ ਜਿੱਥੇ ਕੁੜੀ ਨੂੰ ਪੜ੍ਹਨ ਲਈ ਭੇਜਣ ਲੱਗੇ ਹੋ, ਉੱਥੇ ਮੁੰਡੇ-ਕੁੜੀਆਂ ਇਕੱਠੇ ਪੜ੍ਹਦੇ ਹਨ। ਹੋਰ ਨਾ ਕਿਤੇ ਕੋਈ ...।”

ਪਿਤਾ ਜੀ ਨੇ ਉਨ੍ਹਾਂ ਨੂੰ ਵਿੱਚੋਂ ਹੀ ਟੋਕਦਿਆਂ ਕਿਹਾ, “ਟੱਬਰ ਦਾ ਕੋਈ ਹੋਰ ਜੀਅ ਤਾਂ ਪਹੁੰਚਿਆ ਨਹੀਂ ਐਥੋਂ ਤੱਕ, ਪੜ੍ਹਦੀ ਹੈ ਕੁੜੀ ਤਾਂ ਪੜ੍ਹ ਲੈਣ ਦਿਓ।” ਉਹ ਥੋੜ੍ਹਾ ਖਰਵੀਂ ਜਿਹੀ ਅਵਾਜ਼ ਵਿੱਚ ਬੋਲੇ, “ਪੜ੍ਹਾਈ ਦਾ ਕਾਹਦਾ ਮਿਹਣਾ, ਜੇ ਕੋਈ ਉਲ੍ਹਾਹਮਾ ਆਇਆ ਤਾਂ ਕਿਹੋ।” ਇਹ ਸੁਣ ਕੇ ਸਾਰੇ ਥਾਏਂ ਚੁੱਪ ਹੋ ਗਏਇਸ ਗੱਲ ਤੋਂ ਬਾਅਦ ਕਾਫੀ ਦੇਰ ਸਾਹਮਣੇ ਆ ਕੇ ਤਾਂ ਕੋਈ ਕੁਝ ਨਾ ਬੋਲਿਆ ਪਰ ਅੱਗੇ ਪਿਛੇ ਚਰਚਾ ਚੱਲਦੀ ਰਹੀ।

ਜਦੋਂ ਮੈਂ ਐੱਮ.ਫਿਲ ਕਰਨ ਲੱਗੀ ਤਾਂ ਇੱਕ ਦਿਨ ਤਾਇਆ ਜੀ ਨੇ ਮੈਨੂੰ ਪੁੱਛਿਆ, “ਪੁੱਤ ਜਮਾਤਾਂ ਤਾਂ ਸਾਰੀਆਂ ਮੁੱਕ ਗਈਆਂ ਨੇ, ਹੁਣ ਕੋਈ ਕੋਰਸ-ਕੂਰਸ ਕਰ ਲੈਣਾ ਸੀ।” ਮੈਂ ਉਹਨਾਂ ਦੀ ਅਵਾਜ਼ ਵਿਚਲੀ ਨਰਮਾਈ ਤੇ ਰੁਸ਼ਨਾਈ ਨੂੰ ਮਹਿਸੂਸਦਿਆਂ ਬੋਲੀ, “ਕੋਰਸ ਹੀ ਹੈ ਇਹ ਤਾਇਆ ਜੀ।” ਉਹਨਾਂ ਕਿਹਾ, “ਕਾਹਦਾ ਕੋਰਸ? ਕਿਹੜੀ ਨੌਕਰੀ ਮਿਲੂ ਏਸ ਤੋਂ ਬਾਅਦ?” ਮੈਂ ਕਿਹਾ, “ਕਾਲਜ ਵਿੱਚ ਪੜ੍ਹਾਉਣ ਦੀ

ਉਹ ਇਕਦਮ ਬੋਲੇ, “ਅੱਛਾ-ਅੱਛਾ ਪਰੋਫੈਸਰੀ ਦਾ ਕੋਰਸ” ਕਹਿ ਫੇਰ।”

ਉਸ ਤੋਂ ਬਾਅਦ ਸਾਰਾ ਟੱਬਰ, ਬੰਨੇ-ਚੰਨੇ ਤੇ ਰਿਸ਼ਤੇਦਾਰਾਂ ਨੂੰ ਮਾਣ ਨਾਲ ਆਖਣ ਲੱਗਾ ਕਿ ਸਾਡੀ ਕੁੜੀ ਪਰੋਫੈਸਰੀ ਦਾ ਕੋਰਸ ਕਰਦੀ ਹੈ ਚੰਡੀਗੜ੍ਹ ਮੈਂ ਮਹਿਸੂਸ ਕੀਤਾ ਕਿ ਉਹਨਾਂ ਦੀ ਸੋਚ ਤਾ ਨਹੀਂ ਪਰ ਰਵੱਈਆ ਜ਼ਰੂਰ ਬਦਲ ਗਿਆ ਸੀ।

ਲਗਭਗ ਢਾਈ ਦਹਾਕੇ ਗੁਜ਼ਰ ਗਏ ਨੇ ਇਹਨਾਂ ਗੱਲਾਂ ਨੂੰ ਪਰ ਹੁਣ ਵੀ ਮੇਰੀ ਸੋਚ ਵਿੱਚ ਉਹ ਸਭ ਕੁਝ ਕੰਡਾ ਬਣ ਕੇ ਚੁੱਭਿਆ ਪਿਆ ਹੈ। ਕਿਉਂਕਿ ਮੈਂਨੂੰ ਇੱਕ ਸਾਲ ਵਿੱਚ ਦੋ-ਦੋ ਪਰੀਖਿਆਵਾਂ ਪਾਸ ਕਰਨੀਆਂ ਪਈਆਂਇੱਕ ਅਕਾਦਮਿਕ ਤੇ ਦੂਸਰੀ ਟੱਬਰ ਦੀ ਮਾਣ-ਮਰਿਆਦਾ ਵਾਲੀ. ਜਿਸ ਲਈ ਨਾ ਕੋਈ ਸਿਲੇਬਸ ਸੀ ਤੇ ਨਾ ਹੀ ਕੋਈ ਕਿਤਾਬ। ਪਤਾ ਨਹੀਂ ਸੀ ਹੁੰਦਾ ਕਿ ਕਿਹੜਾ ਸਵਾਲ ਕਿੱਧਰੋਂ ਪੁੱਛ ਲਿਆ ਜਾਵੇ। ਅਜਿਹੇ ਸਮੇਂ ਜੇਕਰ ਕੋਈ ਹੌਸਲਾ ਸੀ ਤਾਂ ਉਹ ਸੀ ਮਾਂ-ਬਾਪ ਦਾ ਸਾਥ ਤੇ ਭਰੋਸਾ। ਜਿਨ੍ਹਾਂ ਤੋਂ ਮੈਂ ਸਿੱਖਿਆ ਕਿ ਚੇਤਨਾ ਦੀ ਇਕ ਕਿਰਨ ਹਨੇਰੇ ਨੂੰ ਰੁਸ਼ਨਾ ਦਿੰਦੀ ਹੈ ਜੇਕਰ ਉਹ ਹਨੇਰੇ ਵਿੱਚ ਜਗਣ ਦਾ ਹੀਆ ਕਰੇ।

ਹੁਣ ਵੀ ਕਈ ਵਾਰ ਮਨ ਕੀਤਾ ਉਹਨਾਂ ਸਾਰਿਆਂ ਨੂੰ ਇੱਕ ਗੱਲ ਜ਼ਰੂਰ ਪੁੱਛਾਂ ਕਿ ਜਿਹੜੇ ਲੱਡੂ ਮੇਰੀ ਮਾਂ ਟੱਬਰ ਦੇ ਘਰਾਂ ਵਿੱਚ ਮੇਰੇ ਪਾਸ ਹੋਣ ’ਤੇ ਵੰਡਦੀ ਹੁੰਦੀ ਸੀ, ਉਹਨਾਂ ਨੂੰ ਕੋਈ ਖਾਂਦਾ ਵੀ ਹੁੰਦਾ ਸੀ ਜਾਂ ਫੇਰ ਸੁੱਟ ਦਿੰਦੇ ਸਨ ਪਸ਼ੂਆ ਅੱਗੇ। ਜਿਵੇਂ ਮੇਰੇ ਜਨਮ ਸਮੇਂ ਵੰਡੇ ਲੱਡੂ ਮੇਰੇ ‘ਬੜੇ ਤਾਏ’ ਨੇ ਨਹੀਂ ਸੀ ਖਾਧੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3095)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸੰਦੀਪ ਜਸਵਾਲ

Phone: (91 - 98728 - 77417)
Email: (sandeepjaswal85@yahoo.com)