KartikaSingh7ਇਹ ਕਿਤਾਬ ਉਨ੍ਹਾਂ ਪਾਠਕਾਂ ਨੂੰ ਵੀ ਪੜ੍ਹਨੀ ਚਾਹੀਦੀ ਹੈ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਜਾਂ ਮਿੱਤਰ ...
(19 ਅਕਤੂਬਰ 2021)

 

DepressionTonShutkaraBook1

ਡਿਪਰੈਸ਼ਨ ਹਟਾ ਕੇ ਵਿਅਕਤੀ ਨੂੰ ਮਜ਼ਬੂਤ ਬਣਾਉਣ ਵਾਲਾ ਅਸਰ ਹੈ ਇਸ ਪੁਸਤਕ ਵਿੱਚ

ਇੱਕ ਜ਼ਮਾਨਾ ਉਹ ਵੀ ਸੀ ਜਦੋਂ ਹਿੰਦੀ ਵਿੱਚ ਜਾਦੂ ਮੰਤਰ ਤੇ ਕਾਲੇ ਇਲਮ ਦੀਆਂ ਕਿਤਾਬਾਂ ਵੱਡੀ ਗਿਣਤੀ ਵਿੱਚ ਛਪਦੀਆਂ ਤੇ ਵਿਕਿਆ ਕਰਦੀਆਂ ਸਨ। ਉਦੋਂ ਸਮਾਜ ਲਈ ਬਰਬਾਦੀ ਦੇ ਰਾਹ ਖੋਲ੍ਹੇ ਜਾ ਰਹੇ ਸਨ। ਵੱਡੇ ਵੱਡੇ ਨਾਮੀ ਰਸਾਲੇ ਅਜਿਹੇ ਵਿਸ਼ਿਆਂ ’ਤੇ ਆਪਣੇ ਵਿਸ਼ੇਸ਼ ਅੰਕ ਛਾਪਿਆ ਕਰਦੇ ਸਨ। ਇਹਨਾਂ ਵਿਸ਼ੇਸ਼ ਅੰਕਾਂ ਵਿੱਚ ਛਪਦੀਆਂ ਕਹਾਣੀਆਂ ਦੀ ਕਦੇ ਪੜਤਾਲ ਵੀ ਨਹੀਂ ਸੀ ਕੀਤੀ ਜਾਂਦੀ ਕਿ ਉਹ ਕਿੰਨੀਆਂ ਕੁ ਸੱਚੀਆਂ ਹਨ। ਫਿਰ ਇਸ ਅੰਧਵਿਸ਼ਵਾਸ ਨੂੰ ਫੈਲਾਉਣ ਵਾਲੀ ਬਿਮਾਰੀ ਪੰਜਾਬੀ ਪ੍ਰਕਾਸ਼ਨਾਂ ਵਿੱਚ ਵੀ ਪਹੁੰਚ ਗਈ। ਅਸਲੀ ਇੰਦਰਜਾਲ ਵਰਗੇ ਨਾਵਾਂ ਹੇਠ ਕਿਤਾਬਾਂ ਵਰਗੇ ਮੋਟੇ ਰਸਾਲੇ ਅਤੇ ਕਿਤਾਬਚੇ ਪੰਜਾਬੀ ਵਿੱਚ ਵੀ ਧੜਾਧੜ ਛਪਣ ਲੱਗੇ। ਘਰ ਘਰ ਜਾਦੂ ਮੰਤਰਾਂ ਨਾਲ ਰਾਤੋ ਰਾਤੋ ਅਮੀਰ ਬਣਨ ਵਾਲੀ ਸੋਚ ਘਰ ਕਰਨ ਲੱਗ ਪਈ। ਵਸ਼ੀਕਰਨ ਵਾਲੇ ਟੋਟਕਿਆਂ ਨੇ ਲੋਕਾਂ ਨੂੰ ਮਾਨਸਿਕ ਬਿਮਾਰ ਬਣਾ ਦਿੱਤਾ। ਇਸ ਸਾਰੇ ਰੁਝਾਣ ਨੂੰ ਤਰਕਸ਼ੀਲਾਂ ਦੀ ਮੁਹਿੰਮ ਨੇ ਜ਼ੋਰਦਾਰ ਟੱਕਰ ਦਿੱਤੀ। ਉਹਨਾਂ ਨੇ ਇਸ ਮਾਰੂ ਰੁਝਾਨ ਨੂੰ ਠੱਲ੍ਹ ਵੀ ਪਾਈ। ਦੇਵ ਪੁਰਸ਼ ਹਾਰ ਗਏ ਨਾਮਕ ਕਿਤਾਬ ਵਾਲੀ ਸੋਚ ਸਾਹਮਣੇ ਬਹੁਤਿਆਂ ਨੂੰ ਗੋਡੇ ਟੇਕਣੇ ਪਏ। ਤਰਕਸ਼ੀਲਾਂ ਦਾ ਇਨਾਮ ਕੋਈ ਬਾਬਾ ਨਾ ਜਿੱਤ ਸਕਿਆ। ਪੂੰਜੀਵਾਦ ਦੇ ਕਾਰਪੋਰੇਟੀ ਦੌਰ ਨੇ ਲੋਕਾਂ ਨੂੰ ਸਿਰਫ ਮੁਨਾਫ਼ੇ ਦੀ ਭਾਸ਼ਾ ਹੀ ਸਮਝਾਈ ਅਤੇ ਬਾਕੀ ਸਭ ਕੁਝ ਭੁਲਾ ਦਿੱਤਾ। ਨਾ ਆਪਸੀ ਰਿਸ਼ਤੇ ਯਾਦ ਰਹੇ, ਨਾ ਹੀ ਇਹਨਾਂ ਰਿਸ਼ਤਿਆਂ ਵਿਚਲੀ ਪਵਿੱਤਰਤਾ, ਨਾ ਹੀ ਫਰਜ਼ ਅਤੇ ਨਾ ਹੀ ਨੈਤਿਕਤਾ। ਪੈਸੇ ਦੀ ਅੰਨੀ ਦੌੜ ਨੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਮਾਰੂ ਬਿਮਾਰੀਆਂ ਨੂੰ ਜਨਮ ਦਿੱਤਾ।

ਇਸਦੇ ਨਾਲ ਹੀ ਹਰ ਘਰ ਵਿੱਚ ਡਿਪਰੈਸ਼ਨ ਦੇ ਮਰੀਜ਼ ਪੈਦਾ ਹੋਣ ਲੱਗ ਪਏ। ਡਿਪਰੈਸ਼ਨ ਰੋਕਣ ਵਾਲੀਆਂ ਦਵਾਈਆਂ ਦੀ ਦੁਰ ਦੁਰਵਰਤੋਂ ਬਹੁਤੇ ਲੋਕਾਂ ਨੇ ਨਸ਼ਿਆਂ ਦੇ ਬਦਲ ਵੱਜੋਂ ਕਰਨੀ ਸ਼ੁਰੂ ਕਰ ਦਿੱਤੀ। ਉੱਚੇ ਲੰਮੇ ਕੱਦਕਾਠ ਵਾਲੇ ਗਭਰੂ ਸੁੰਗੜਦੇ ਸੁੰਗੜਦੇ ਬੌਣੇ ਜਿਹੇ ਹੋਣ ਲੱਗ ਪਏ। ਜਵਾਨੀ ਵਿੱਚ ਕੁੱਬ ਨਿਕਲਣ ਲੱਗ ਪਏ ਤੇ ਛੋਟੀ ਉਮਰੇ ਚਿੱਟਿਆਂ ਵਾਲਾਂ ਵਾਲੀ ਬਿਮਾਰੀ ਵੀ ਆਮ ਹੋ ਗਈ। ਚਿਹਰਿਆਂ ਵਿਚਲਾ ਜਲਾਲ ਅਲੋਪ ਹੋ ਗਿਆ। ਜਨਮ, ਬਚਪਨ ਅਤੇ ਜਵਾਨੀ ਨੂੰ ਤਾਂ ਨਜ਼ਰ ਹੀ ਲੱਗ ਗਈ। ਖੁਦਕੁਸ਼ੀਆਂ ਚਿੰਤਾਜਨਕ ਹੱਦ ਤੱਕ ਵਧ ਗਈਆਂ। ਇਹਨਾਂ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਚੁਣੌਤੀ ਕਬੂਲ ਕੀਤੀ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਨੇ।

ਉਹਨਾਂ ਨੇ ਡਿਪਰੈਸ਼ਨ ਤੋਂ ਛੁਟਕਾਰਾ ਨਾਮ ਦੀ ਕਿਤਾਬ ਪ੍ਰਕਾਸ਼ਿਤ ਕੀਤੀ ਹੈ ਜਿਸ ਨੂੰ ਲਿਖਿਆ ਹੈ ਡਾ. ਪ੍ਰਮੋਦ ਸ਼ੰਕਰ ਸੋਨੀ ਨੇ। ਪਰਕਾਸ਼ਕਾਂ ਦਾ ਕਹਿਣਾ ਹੈ ਕਿ ਡਾ. ਪ੍ਰਮੋਦ ਸ਼ੰਕਰ ਸੋਨੀ ਦੀ ਇਹ ਕਿਤਾਬ ਡਿਪਰੈਸ਼ਨ ਨਾਲ ਜੂਝ ਰਹੇ ਵਿਅਕਤੀਆਂ ਲਈ ਅੰਮ੍ਰਿਤ ਦਾ ਇੱਕ ਅਜਿਹਾ ਪਿਆਲਾ ਹੈ, ਜੋ ਲੋਕਾਂ ਨੂੰ ਨਾ ਸਿਰਫ਼ ਇਸ ਅਵਸਥਾ ਤੋਂ ਛੁਟਕਾਰਾ ਹੀ ਦਿਵਾਏਗਾ, ਸਗੋਂ ਜੀਵਨ ਲਈ ਇੱਕ ਨਵਾਂ ਉਤਸ਼ਾਹ ਅਤੇ ਉਮੰਗ ਵੀ ਪ੍ਰਦਾਨ ਕਰੇਗਾ। ਇਹ ਪੁਸਤਕ ਤੁਹਾਨੂੰ ਤੁਹਾਡੀ ਸਮੱਸਿਆ ਦੀ ਜੜ੍ਹ ਤੱਕ ਪਹੁੰਚਾਉਣ ਦੇ ਨਾਲ-ਨਾਲ ਇੱਕ ਨਵੀਂ ਜੀਵਨਸ਼ੈਲੀ ਪ੍ਰਤੀ ਵੀ ਪ੍ਰੇਰਿਤ ਕਰੇਗੀ।

ਇਸ ਕਿਤਾਬ ਵਿੱਚ ਲੇਖਕ ਨੇ ਡਿਪਰੈਸ਼ਨ ਦੇ ਹਰੇਕ ਪਹਿਲੂ ਦਾ ਵਿਸਥਾਰ ਨਾਲ ਵਰਨਣ ਹੀ ਨਹੀਂ ਕੀਤਾ, ਸਗੋਂ ਡਿਪਰੈਸ਼ਨ ਤੋਂ ਪੀੜਤ ਲੋਕਾਂ ਦੀਆਂ ਸਕਸੈੱਸ ਸਟੋਰੀਜ਼ ਨਾਲ ਡਿਪਰੈਸ਼ਨ ਵਿੱਚੋਂ ਉੱਭਰਨ ਦੇ ਬਹੁਤ ਹੀ ਸਰਲ ਅਤੇ ਸਟੀਕ ਉਪਾਅ ਵੀ ਦੱਸੇ ਹਨ, ਜੋ ਇਸ ਪੁਸਤਕ ਨੂੰ ਬਹੁਤ ਦਿਲਚਸਪ ਅਤੇ ਵਿਵਹਾਰਿਕ ਬਣਾ ਦਿੰਦੇ ਹਨ। ਇਹ ਕਿਤਾਬ ਉਨ੍ਹਾਂ ਲੋਕਾਂ ਲਈ ਜ਼ਰੂਰੀ ਹੈ, ਜਿਨ੍ਹਾਂ ਨੂੰ ਅਕਸਰ ਨਿਰਾਸ਼ਾ, ਹਤਾਸ਼ਾ, ਖਾਲੀਪਣ, ਉਦਾਸੀ ਜਾਂ ਫਿਰ ਚਿੰਤਾ ਆਪਣੇ ਚੁੰਗਲ ਵਿੱਚ ਫਸਾ ਲੈਂਦੀ ਹੈ। ਇਹ ਕਿਤਾਬ ਉਨ੍ਹਾਂ ਪਾਠਕਾਂ ਨੂੰ ਵੀ ਪੜ੍ਹਨੀ ਚਾਹੀਦੀ ਹੈ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਜਾਂ ਮਿੱਤਰ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਕਿਤਾਬ ਪੇਪਰਬੈਕ ਵਿੱਚ ਹੈ ਅਤੇ 200 ਸਫ਼ਿਆਂ ਦੀ ਹੈ ਜਿਸ ਵਿੱਚ ਡਿਪਰੈਸ਼ਨ ਨਾਲ ਸਬੰਧਤ ਕਾਫੀ ਕੁਝ ਸੌਖੇ ਜਿਹੇ ਸ਼ਬਦਾਂ ਵਿੱਚ ਸਮੇਟਿਆ ਗਿਆ ਹੈ। ਲਿਖਣ ਦਾ ਅੰਦਾਜ਼ ਵੀ ਬਹੁਤ ਦਿਲਚਸਪ ਹੈ। ਕੀਮਤ ਡਾਕ ਖਰਚ ਸਮੇਤ ਸਿਰਫ 200 ਰੁਪਏ ਹੈ। ਫੋਨ ਕਰਕੇ ਆਰਡਰ ਦੇਣਾ ਚਾਹੋ ਤਾਂ ਮੋਬਾਈਲ ਨੰਬਰ ਹੈ- 7528862854 ਜਿਸ ’ਤੇ ਤੁਸੀਂ ਆਪਣਾ ਨਾਮ ਪਤਾ ਵਟਸਐਪ ਕਰ ਸਕਦੇ ਹੋ। ਆਪਣੇ ਦੋਸਤਾਂ, ਮਿੱਤਰਾਂ ਅਤੇ ਹੋਰ ਸਨੇਹੀਆਂ ਨੂੰ ਇਹ ਕਿਤਾਬ ਤੁਸੀਂ ਸੌਗਾਤ ਵਜੋਂ ਵੀ ਦੇ ਸਕਦੇ ਹੋ। ਲਾਇਬ੍ਰੇਰੀਆਂ ਲਈ ਸ਼ਾਇਦ ਵਿਸ਼ੇਸ਼ ਛੋਟ ਵੀ ਮਿਲ ਜਾਵੇ।

***

ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ ਬਰਨਾਲਾ।

200 ਸਫ਼ਿਆਂ ਦੀ ਕਿਤਾਬ - ਕੀਮਤ ਡਾਕ ਖਰਚ ਸਮੇਤ ਸਿਰਫ 200 ਰੁਪਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3090)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

 

About the Author

ਕਾਰਤਿਕਾ ਸਿੰਘ

ਕਾਰਤਿਕਾ ਸਿੰਘ

Phone: (91 - 94172 42529)
Email: (kartikasingh999@gmail.com)