SumeetSingh7ਦੇਸ਼ ਦੇ ਅਗਾਂਹਵਧੂ ਸਿੱਖਿਆ ਤੇ ਸਮਾਜ ਸ਼ਾਸਤਰੀਆਂ, ਬੁੱਧੀਜੀਵੀਆਂ, ਪ੍ਰਗਤੀਸ਼ੀਲ ਸੰਗਠਨਾਂ ਅਤੇ ਲੋਕ ਪੱਖੀ  ...
(17 ਅਕਤੂਬਰ 2021)

 

ਸਾਡੇ ਦੇਸ਼ ਵਿੱਚ ਵੱਖ-ਵੱਖ ਫ਼ਿਰਕਿਆਂ ਵੱਲੋਂ ਮਨਾਏ ਜਾਂਦੇ ਧਾਰਮਿਕ ਤਿਉਹਾਰਾਂ ਅਤੇ ਰੂੜ੍ਹੀਵਾਦੀ ਰਵਾਇਤਾਂ ਦੀ ਸਾਰਾ ਸਾਲ ਭਰਮਾਰ ਰਹਿੰਦੀ ਹੈਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਿਉਹਾਰ ਸਾਡੇ ਸਮਾਜ ਵਿੱਚ ਵੱਖ ਵੱਖ ਫ਼ਿਰਕਿਆਂ ਅਤੇ ਵਰਗਾਂ ਦਰਮਿਆਨ ਸਦਭਾਵਨਾ ਦਾ ਮਾਹੌਲ ਉਸਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਇਸਦੇ ਨਾਲ ਹੀ ਇਨ੍ਹਾਂ ਤਿਉਹਾਰਾਂ ਨਾਲ ਜੁੜੀਆਂ ਬਹੁਤ ਸਾਰੀਆਂ ਰੂੜ੍ਹੀਵਾਦੀ ਰਵਾਇਤਾਂ ਜਿੱਥੇ ਸਮਾਜ ਵਿੱਚ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਫੈਲਾਉਣ ਦਾ ਕਾਰਨ ਬਣਦੀਆਂ ਹਨ, ਉੱਥੇ ਹੀ ਵੱਡੇ ਪੱਧਰ ’ਤੇ ਪੈਸੇ ਦੀ ਫਜ਼ੂਲ ਖ਼ਰਚੀ ਕਰਨ, ਪ੍ਰਦੂਸ਼ਣ ਫੈਲਾਉਣ ਅਤੇ ਕੀਮਤੀ ਸਮਾਂ ਖਰਾਬ ਕਰਨ ਲਈ ਜ਼ਿੰਮੇਵਾਰ ਹਨਰੂੜ੍ਹੀਵਾਦੀ ਰਵਾਇਤਾਂ ਦੌਰਾਨ ਹੁੰਦੇ ਹਾਦਸਿਆਂ ਵਿੱਚ ਹਰ ਸਾਲ ਕਈ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨਇਸ ਲਈ ਜਦੋਂ ਤਿਉਹਾਰਾਂ ਨਾਲ ਸੰਬੰਧਿਤ ਕੁੱਝ ਰੂੜ੍ਹੀਵਾਦੀ ਰਵਾਇਤਾਂ ਖ਼ੁਦ ਇਨਸਾਨਾਂ ਅਤੇ ਜੀਵਾਂ ਜੰਤੂਆਂ ਦੀ ਜ਼ਿੰਦਗੀ ਲਈ ਗੰਭੀਰ ਖ਼ਤਰਾ ਬਣ ਜਾਣ ਤਾਂ ਫਿਰ ਅਜਿਹੇ ਤਿਉਹਾਰਾਂ ਦੀ ਸਾਰਥਿਕਤਾ ਉੱਤੇ ਸਵਾਲੀਆਂ ਨਿਸ਼ਾਨ ਲੱਗਣਾ ਸੁਭਾਵਿਕ ਹੈ

ਇਸ ਸਬੰਧੀ 6 ਸਾਲ ਪਹਿਲਾਂ ਵਾਪਰੀ ਇੱਕ ਅਜਿਹੀ ਘਟਨਾ ਉਪਰੋਕਤ ਤੱਥਾਂ ਦੀ ਗਵਾਹੀ ਭਰਦੀ ਹੈਦੇਸ਼ ਦੇ ਉੱਘੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਭਾਅ ਜੀ ਵੱਲੋਂ ਸਥਾਪਤ ਕੀਤੇ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ 27 ਸਤੰਬਰ 2015 ਨੂੰ ਉਨ੍ਹਾਂ ਦੀ ਚੌਥੀ ਬਰਸੀ ਦੇ ਸੰਬੰਧ ਵਿੱਚ ਬਰਨਾਲੇ ਵਿਖੇ ਕੀਤੇ ਜਾ ਰਹੇ ਵਿਸ਼ਾਲ ਇਨਕਲਾਬੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਲੇਖਕ ਸਮੇਤ ਨਾਮਵਰ ਚਿੰਤਕ ਡਾ. ਪਰਮਿੰਦਰ ਸਿੰਘ, ਐਡਵੋਕੇਟ ਅਮਰਜੀਤ ਬਾਈ ਅਤੇ ਗੁਰਬਚਨ ਸਿੰਘ ਅੰਮ੍ਰਿਤਸਰ ਤੋਂ ਬਰਨਾਲੇ ਲਈ ਬਾਅਦ ਦੁਪਹਿਰ ਤਿੰਨ ਵਜੇ ਰਵਾਨਾ ਹੋਏ ਤਾਂ ਕਿ ਸਮਾਗਮ ਦੇ ਰਾਤ ਸੱਤ ਵਜੇ ਸ਼ੁਰੂ ਹੋਣ ਤੋਂ ਪਹਿਲਾਂ ਪਹੁੰਚਿਆ ਜਾਵੇ

ਕੋਈ ਇੱਕ ਘੰਟੇ ਦੇ ਸਫ਼ਰ ਤੋਂ ਬਾਅਦ ਜਦੋਂ ਅਸੀਂ ਹਰੀਕੇ ਪੱਤਣ ਦੇ ਪੁਲ ਉੱਤੇ ਪਹੁੰਚੇ ਤਾਂ ਪਤਾ ਲੱਗਾ ਕਿ ਅੱਗੇ ਕਾਫ਼ੀ ਲੰਮਾ ਟ੍ਰੈਫਿਕ ਜਾਮ ਲੱਗਾ ਹੋਇਆ ਸੀਜਾਮ ਲੱਗੇ ਵਿੱਚੋਂ ਹੀ ਬੜੀ ਮੁਸ਼ਕਿਲ ਨਾਲ ਕਾਰ ਵਾਪਸ ਮੋੜ ਕੇ ਹਰੀਕੇ ਨਹਿਰ ਦੇ ਨਾਲ-ਨਾਲ ਸੰਘਣੀਆਂ ਝਾੜੀਆਂ ਅਤੇ ਉਜਾੜ ਵਿਚਲੇ ਰਸਤੇ ਤੋਂ ਲੰਘਦੇ ਹੋਏ ਅਸੀਂ ਮੁੱਖ ਸੜਕ ਉੱਤੇ ਪਹੁੰਚ ਗਏਉੱਥੇ ਕਈ ਵੱਡੇ ਵੱਡੇ ਹਜੂਮ ਨਹਿਰ ਵਿੱਚ ਗਣਪਤੀ ਦੀਆਂ ਵੱਡੀਆਂ ਰੰਗਦਾਰ ਪਲਾਸਟਿਕ ਦੀਆਂ ਮੂਰਤੀਆਂ ਅਤੇ ਪਾਠ ਪੂਜਾ ਦੀ ਸਮਗਰੀ ਦਾ ਵਿਸਰਜਨ ਕਰ ਰਹੇ ਸਨ ਅਤੇ ਉੱਚੀ ਆਵਾਜ਼ ਵਿੱਚ ਸਪੀਕਰ ਵੱਜ ਰਹੇ ਸਨਪੁਲ ਦੇ ਦੋਵੇਂ ਪਾਸੇ ਘੱਟੋ ਘੱਟ ਦੋ ਦੋ ਕਿਲੋਮੀਟਰ ਤਕ ਕਾਰਾਂ, ਟਰੱਕਾਂ, ਬੱਸਾਂ ਅਤੇ ਚਾਰ ਪਹੀਆਂ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ

ਵੱਖ ਵੱਖ ਵਰਗਾਂ ਦੇ ਲੋਕ ਜਿਨ੍ਹਾਂ ਵਿੱਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਸ਼ਾਮਿਲ ਸਨ, ਗਣੇਸ਼ ਦੀਆਂ ਵੱਡ ਆਕਾਰੀ ਰੰਗਦਾਰ ਮੂਰਤੀਆਂ ਲੈ ਕੇ ਮਿੰਨੀ ਟਰੱਕਾਂ ਅਤੇ ਆਪਣੇ ਨਿੱਜੀ ਵਾਹਨਾਂ ਉੱਤੇ ਉੱਚੀ ਉੱਚੀ ਸਪੀਕਰ ਲਾਈ ਰਸਤੇ ਵਿੱਚ ਖੜ੍ਹੇ ਸਨਕਦੇ ਕਦੇ ਟ੍ਰੈਫਿਕ ਜੂੰ ਦੀ ਤੋਰ ਤੁਰਦਾ ਤੁਰਦਾ ਫਿਰ ਕਾਫ਼ੀ ਚਿਰ ਰੁਕ ਜਾਂਦਾ ਸੀਹਰ ਕੋਈ ਕਾਹਲੀ ਨਾਲ ਅੱਗੇ ਨਿਕਲਣ ਦੀ ਦੌੜ ਵਿੱਚ ਆਪਣੀ ਲਾਈਨ ਤੋੜ ਕੇ ਟ੍ਰੈਫਿਕ ਜਾਮ ਕਰਨ ਵਿੱਚ ਹਿੱਸਾ ਪਾ ਰਿਹਾ ਸੀਸ਼ਾਮ ਦੇ ਛੇ ਵੱਜ ਚੁੱਕੇ ਸਨ ਅਤੇ ਅਜੇ ਅਸੀਂ ਹਰੀਕੇ ਵਿਖੇ ਹੀ ਫਸੇ ਬੈਠੇ ਸੀਸਾਨੂੰ ਬਰਨਾਲੇ ਵਿਖੇ ਸਮੇਂ ਸਿਰ ਪਹੁੰਚਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਸੀ ਅਤੇ ਅਸੀਂ ਰਾਤੀਂ 11 ਵਜੇ ਵਾਪਸ ਵੀ ਮੁੜਨਾ ਸੀ ਇੱਕ ਸਲਾਹ ਸੀ ਕਿ ਇੱਥੋਂ ਹੀ ਵਾਪਸ ਮੁੜਿਆ ਜਾਏ ਪਰ ਗੁਰਸ਼ਰਨ ਭਾਅ ਜੀ ਦੀ ਸ਼ਖ਼ਸੀਅਤ ਅਤੇ ਇਨਕਲਾਬੀ ਤੇ ਸਿਰੜੀ ਸੋਚ ਸਾਡੇ ਦਿਮਾਗ਼ਾਂ ਵਿੱਚ ਇਸ ਕਦਰ ਭਾਰੂ ਸੀ ਕਿ ਇਸ ਇਨਕਲਾਬੀ ਸਮਾਗਮ ਵਿੱਚ ਸ਼ਮੂਲੀਅਤ ਕੀਤੇ ਬਿਨਾਂ ਵਾਪਸ ਅੰਮ੍ਰਿਤਸਰ ਮੁੜਨਾ ਕਿਸੇ ਨੂੰ ਵੀ ਗਵਾਰਾ ਨਹੀਂ ਸੀਵੈਸੇ ਵੀ ਇੰਨੇ ਲੰਮੇ ਜਾਮ ਵਿੱਚੋਂ ਚਾਰ ਪਹੀਆਂ ਵਾਹਨ ਵਾਪਸ ਮੋੜਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ

ਮੈਂ ਥੱਕ ਹਾਰ ਕੇ ਆਖ਼ਿਰ ਟ੍ਰੈਫਿਕ ਪੁਲਿਸ ਨੂੰ ਫ਼ੋਨ ਮਿਲਾਇਆਫ਼ਿਰੋਜ਼ਪੁਰ ਟ੍ਰੈਫਿਕ ਕੰਟਰੋਲ ਰੂਮ ਤੋਂ ਜਵਾਬ ਮਿਲਿਆ ਕਿ ਪੁਲਿਸ ਦੇ ਪੰਜ ਸਿਪਾਹੀ ਮੌਕੇ ’ਤੇ ਭੇਜ ਦਿੱਤੇ ਗਏ ਹਨ ਪਰ ਸਾਨੂੰ ਜਾਮ ਦੇ ਸਾਰੇ ਰਸਤੇ ਵਿੱਚ ਕੋਈ ਵੀ ਸਿਪਾਹੀ ਟ੍ਰੈਫਿਕ ਕੰਟਰੋਲ ਕਰਦਾ ਵਿਖਾਈ ਨਹੀਂ ਦਿੱਤਾਵੈਸੇ ਵੀ ਚਾਰ ਕਿਲੋਮੀਟਰ ਲੰਬੇ ਟ੍ਰੈਫਿਕ ਜਾਮ ਨੂੰ ਖੁਲ੍ਹਵਾਉਣ ਲਈ ਪੰਜ ਸਿਪਾਹੀ ਕਿੰਨੇ ਕੁ ਕਾਰਗਾਰ ਸਾਬਤ ਹੋ ਸਕਦੇ ਸਨ? ਇਸੇ ਦੌਰਾਨ ਪਤਾ ਲੱਗਾ ਕਿ ਸਾਡੇ ਤੋਂ ਅੱਗੇ ਅੱਗੇ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਵੀ ਆਪਣੀ ਨਾਟਕ ਟੀਮ ਲੈ ਕੇ ਬਰਨਾਲੇ ਸਮਾਗਮ ਵਿਖੇ ਹੀ ਨਾਟਕ ਕਰਨ ਜਾ ਰਹੇ ਸਨ ਅਤੇ ਉਹ ਵੀ ਇਸ ਜਾਮ ਵਿੱਚ ਸਾਡੇ ਤੋਂ ਵੀ ਢਾਈ ਘੰਟੇ ਪਹਿਲਾਂ ਫਸੇ ਹੋਏ ਸਨ

ਇਸ ਮੌਕੇ ਦਿਮਾਗ਼ ਵਿੱਚੋਂ ਉੱਠੇ ਕੁਝ ਗੰਭੀਰ ਸਵਾਲ ਮੈਂ ਆਪਣੇ ਸਾਥੀਆਂ ਨਾਲ ਸਾਂਝੇ ਕਰ ਰਿਹਾ ਸੀ ਕਿ ਜੇਕਰ ਕੋਈ ਦਹਿਸ਼ਤੀ ਸੰਗਠਨ ਇਸ ਮੌਕੇ ਕੋਈ ਦਹਿਸ਼ਤੀ ਕਾਰਵਾਈ ਕਰ ਜਾਵੇ ਤਾਂ ਇਸ ਰੂੜ੍ਹੀਵਾਦੀ ਪ੍ਰੋਗਰਾਮ ਦੇ ਪ੍ਰਬੰਧਕਾਂ ਜਾਂ ਪੰਜਾਬ ਸਰਕਾਰ ਵੱਲੋਂ ਕੀ ਲੋਕਾਂ ਦੇ ਜਾਨੀ ਨੁਕਸਾਨ ਦੀ ਕਦੇ ਭਰਪਾਈ ਕੀਤੀ ਜਾ ਸਕੇਗੀ? ਜੇਕਰ ਮਨੁੱਖੀ ਜਾਨੀ ਅਤੇ ਮਾਲੀ ਨੁਕਸਾਨ ਬਚਾਉਣ ਲਈ ਆਪਾਤਕਾਲੀਨ ਸਥਿਤੀ ਵਿੱਚ ਕਿਸੇ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਹੁਣੇ ਇੱਥੋਂ ਲੰਘਣਾ ਹੋਵੇ ਤਾਂ ਕੀ ਇਹ ਸੰਭਵ ਹੋ ਸਕੇਗਾ? ਕੀ ਹਜ਼ਾਰਾਂ ਲੋਕਾਂ ਦਾ ਇਕੱਠ ਕਰ ਕੇ ਅਜਿਹੇ ਰੂੜ੍ਹੀਵਾਦੀ ਪ੍ਰੋਗਰਾਮ ਕਰਨ ਲਈ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੋਈ ਮਨਜ਼ੂਰੀ ਲਈ ਗਈ ਸੀ? ਅਜਿਹੇ ਭੀੜ ਭੜੱਕੇ ਵਾਲੇ ਸਥਾਨਾਂ ਉੱਤੇ ਕੋਈ ਵੱਡਾ ਜਾਨ ਲੇਵਾ ਹਾਦਸਾ ਵਾਪਰਨ ਤੋਂ ਬਾਅਦ ਹੀ ਸਰਕਾਰਾਂ ਦੀਆਂ ਅੱਖਾਂ ਕਿਉਂ ਖੱਲ੍ਹਦੀਆਂ ਹਨ? ਪਾਣੀ ਵਿੱਚ ਪ੍ਰਦੂਸ਼ਣ ਅਤੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਫੈਲਾਉਣ ਵਾਲੀਆਂ ਮੂਰਤੀ ਵਿਸਰਜਨ ਦੀਆਂ ਅਜਿਹੀਆਂ ਮਨੁੱਖ ਅਤੇ ਜੀਵ-ਜੰਤੂਆਂ ਵਿਰੋਧੀ ਰੂੜ੍ਹੀਵਾਦੀ ਰਸਮਾਂ ਕੀ ਸਵੱਛ ਭਾਰਤ ਪ੍ਰੋਗਰਾਮ ਵਿੱਚ ਵੱਡੀ ਰੁਕਾਵਟ ਨਹੀਂ ਬਣ ਰਹੀਆਂ? ਅਜਿਹੇ ਪ੍ਰਬੰਧਕਾਂ ਖ਼ਿਲਾਫ਼ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਅਤੇ ਅਜਿਹੀਆਂ ਘਾਤਕ ਰੂੜ੍ਹੀਵਾਦੀ ਰਸਮਾਂ ਬੰਦ ਕਰਾਉਣ ਲਈ ਸਰਕਾਰਾਂ, ਧਾਰਮਿਕ ਸੰਗਠਨ ਅਤੇ ਸਿਆਸੀ ਪਾਰਟੀਆਂ ਸਾਂਝੇ ਤੌਰ ’ਤੇ ਕੋਈ ਠੋਸ ਯੋਜਨਾਬੰਦੀ ਕਿਉਂ ਨਹੀਂ ਕਰ ਰਹੀਆਂ?

ਇਸੇ ਦੌਰਾਨ ਕੁੱਝ ਚੇਤਨ ਅਤੇ ਜ਼ਿੰਮੇਵਾਰ ਨਾਗਰਿਕਾਂ ਦੇ ਵਿਸ਼ੇਸ਼ ਯਤਨਾਂ ਸਦਕਾ ਹੌਲੀ ਹੌਲੀ ਜਾਮ ਖੁੱਲ੍ਹਣਾ ਸ਼ੁਰੂ ਹੋਇਆ ਅਤੇ ਅਸੀਂ ਰਸਤੇ ਵਿੱਚ ਬਿਨਾਂ ਕੁਝ ਖਾਧੇ ਪੀਤੇ ਰਾਤ ਦੇ ਸਾਢੇ ਅੱਠ ਵਜੇ ਬਰਨਾਲੇ ਪਹੁੰਚ ਗਏਸਮਾਗਮ ਅਜੇ ਅੱਧਾ ਘੰਟਾ ਪਹਿਲਾਂ ਹੀ ਸ਼ੁਰੂ ਹੋਇਆ ਸੀਪੰਡਾਲ ਵਿੱਚ ਵੀਹ ਹਜ਼ਾਰ ਤੋਂ ਵੱਧ ਲੋਕਾਂ ਦਾ ਇਕੱਠ ਸੀ ਅਤੇ ਅਜੇ ਵੀ ਨੇੜਲੇ ਇਲਾਕਿਆਂ ਵਿੱਚੋਂ ਲੋਕ ਆ ਰਹੇ ਸਨਪੰਡਾਲ ਦੇ ਆਲ਼ੇ ਦੁਆਲੇ ਇਨਕਲਾਬੀ ਅਤੇ ਤਰਕਸ਼ੀਲ ਸਾਹਿਤ ਦੇ ਕਾਫ਼ੀ ਸਟਾਲ ਲੱਗੇ ਹੋਏ ਸਨ ਅਤੇ ਵੱਡੀ ਗਿਣਤੀ ਲੋਕ ਆਪਣਾ ਪਸੰਦੀਦਾ ਸਾਹਿਤ ਖ਼ਰੀਦ ਰਹੇ ਸਨ ਜਦ ਕਿ ਵਰਦੀਧਾਰੀ ਅਤੇ ਖ਼ੁਫ਼ੀਆ ਪੁਲਿਸ ਦੇ ਅਧਿਕਾਰੀ ਸਮਾਗਮ ਦੀ ਕਾਰਵਾਈ ਦੇ ਨਾਲ ਨਾਲ ਇਨਕਲਾਬੀ ਸਾਹਿਤ ਦੇ ਸਟਾਲਾਂ ਉੱਤੇ ਵੀ ਘੋਖਵੀਂ ਨਜ਼ਰ ਰੱਖ ਰਹੇ ਸਨ

ਸਟੇਜ ਉੱਤੇ ਸ਼ਹੀਦ ਭਗਤ ਸਿੰਘ, ਗੁਰਸ਼ਰਨ ਸਿੰਘ ਅਤੇ ਅਵਤਾਰ ਪਾਸ਼ ਨੂੰ ਸਤਿਕਾਰ ਦੇ ਫੁੱਲ ਭੇਟ ਕਰਨ ਲਈ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂ ਹੱਥਾਂ ਵਿੱਚ ਮੋਮਬਤੀਆਂ ਲੈ ਕੇ ਖੜ੍ਹੇ ਸਨ ਅਤੇ ਪੰਡਾਲ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਤਾਰ ਗੂੰਜ ਰਹੇ ਸਨ ਇਨ੍ਹਾਂ ਇਨਕਲਾਬੀ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦਾ ਹੋਕਾ ਦਿੰਦਾ ਇੱਕ ਅਹਿਦਨਾਮਾ ਪਲਸ ਮੰਚ ਦੇ ਪ੍ਰਧਾਨ ਸਾਥੀ ਅਮੋਲਕ ਸਿੰਘ ਵੱਲੋਂ ਸਟੇਜ ਤੋਂ ਪੜ੍ਹਿਆ ਜਾ ਰਿਹਾ ਸੀ ਅਤੇ ਪੰਡਾਲ ਵਿੱਚ ਹਾਜ਼ਰ ਹਜ਼ਾਰਾਂ ਕਿਸਾਨ, ਮਜ਼ਦੂਰ, ਔਰਤਾਂ, ਵਿਦਿਆਰਥੀ, ਨੌਜਵਾਨ, ਤਰਕਸ਼ੀਲ ਕਾਮੇ ਅਤੇ ਹੋਰਨਾਂ ਵਰਗਾਂ ਦੇ ਲੋਕ ਆਪਣੀ ਜਗ੍ਹਾ ਉੱਤੇ ਖੜ੍ਹੇ ਹੋ ਕੇ ਇਸ ਅਹਿਦਨਾਮੇ ਦੀ ਸੁਰ ਵਿੱਚ ਸੁਰ ਮਿਲਾ ਕੇ ਇਸ ਨੂੰ ਜਥੇਬੰਧਕ ਸੰਘਰਸ਼ਾਂ ਰਾਹੀਂ ਅਮਲੀ ਜਾਮਾ ਪਹਿਨਾਉਣ ਦਾ ਅਹਿਦ ਲੈ ਰਹੇ ਸਨ

ਵਾਪਸ ਆਉਂਦੇ ਵਕਤ ਮੈਂ ਸੋਚ ਰਿਹਾ ਸੀ ਕਿ ਇੱਕ ਪਾਸੇ ਹਜ਼ਾਰਾਂ ਮਿਹਨਤਕਸ਼ ਲੋਕ ਵਿਗਿਆਨਿਕ ਸੋਚ ਅਤੇ ਜਥੇਬੰਦਕ ਸੰਘਰਸਾਂ ਰਾਹੀਂ ਮੌਜੂਦਾ ਲੋਕ ਵਿਰੋਧੀ ਅਤੇ ਭ੍ਰਿਸ਼ਟ ਰਾਜ ਪ੍ਰਬੰਧ ਨੂੰ ਬਦਲਣ ਦਾ ਅਹਿਦ ਲੈ ਰਹੇ ਸਨ ਜਦ ਕਿ ਇਸਦੇ ਬਿਲਕੁਲ ਉਲਟ ਹਜ਼ਾਰਾਂ ਲਾਈਲੱਗ ਲੋਕ ਮੂਰਤੀ ਵਿਸਰਜਨ ਵਰਗੀਆਂ ਅੰਧ ਵਿਸ਼ਵਾਸੀ ਤੇ ਰੂੜ੍ਹੀਵਾਦੀ ਰਵਾਇਤਾਂ ਦੇ ਪਿੱਛਲਗੂ ਬਣ ਕੇ ਟ੍ਰੈਫਿਕ ਜਾਮ ਰਾਹੀਂ ਹਜ਼ਾਰਾਂ ਲੀਟਰ ਪੈਟਰੋਲ ਜਾਇਆ ਕਰਨ ਅਤੇ ਪ੍ਰਦੂਸ਼ਣ ਅਤੇ ਬਿਮਾਰੀਆਂ ਫੈਲਾਉਣ ਦੇ ਨਾਲ ਨਾਲ ਕੀਮਤੀ ਸਮਾਂ, ਸਿਹਤ ਅਤੇ ਪੈਸਾ ਬਰਬਾਦ ਕਰ ਰਹੇ ਸਨਦਰਅਸਲ ਹਕੀਕਤ ਇਹ ਵੀ ਹੈ ਕਿ ਸਾਡੀਆਂ ਸਮਾਰਾਜ ਪੱਖੀ ਅਤੇ ਫ਼ਿਰਕੂ ਜਮਾਤਾਂ ਵੀ ਇਹੀ ਚਾਹੁੰਦੀਆਂ ਹਨ ਕਿ ਲੋਕ ਧਾਰਮਿਕ ਆਸਥਾ ਦੇ ਨਸ਼ੇ ਵਿੱਚ ਲਾਈਲੱਗ ਬਣਕੇ ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ ਅਤੇ ਰੂੜ੍ਹੀਵਾਦੀ ਰਵਾਇਤਾਂ ਦੇ ਝਾਂਸੇ ਵਿੱਚ ਫਸੇ ਰਹਿਣ ਅਤੇ ਸਰਕਾਰਾਂ ਅਤੇ ਕਾਰਪੋਰੇਟ ਜਗਤ ਦੀਆਂ ਲੋਟੂ ਅਤੇ ਭ੍ਰਿਸ਼ਟ ਨੀਤੀਆਂ ਦੇ ਖ਼ਿਲਾਫ਼ ਜਥੇਬੰਦਕ ਸੰਘਰਸ਼ ਕਰਨ ਵੱਲ ਉਨ੍ਹਾਂ ਦਾ ਧਿਆਨ ਨਾ ਜਾਵੇ

ਇਸ ਸਬੰਧੀ ਜ਼ਿਕਰ ਕਰਨਾ ਬਣਦਾ ਹੈ ਕਿ ਮਹਾਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸਮਿਤੀ ਦੇ ਸੰਸਥਾਪਕ ਮਰਹੂਮ ਡਾਕਟਰ ਨਰਿੰਦਰ ਦਬੋਲਕਰ ਨੇ ਪਾਣੀਆਂ ਵਿੱਚ ਰਸਾਇਣਕ ਜ਼ਹਿਰ ਘੋਲਣ ਵਾਲੀ ਮੂਰਤੀ ਵਿਸਰਜਨ ਦੀ ਰੂੜੀਵਾਦੀ ਰਵਾਇਤ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸਬੰਧਿਤ ਸਰਕਾਰਾਂ ਨੂੰ ਇਸ ਉੱਤੇ ਰੋਕ ਲਾਉਣ ਲਈ ਕਈ ਸਾਲ ਲਗਾਤਾਰ ਯਤਨ ਕੀਤੇ ਪਰ ਸਿਆਸੀ ਵੋਟ ਬੈਂਕ ਖੁਰਣ ਦੇ ਡਰ ਕਾਰਨ ਸਰਕਾਰਾਂ ਅਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੇ ਇਸ ਘਾਤਕ ਰਸਮ ਨੂੰ ਬੰਦ ਕਰਵਾਉਣ ਦੀ ਕਦੇ ਵੀ ਨੇਕ ਨੀਅਤੀ ਨਹੀਂ ਵਿਖਾਈ

ਇਸ ਲਈ ਦੇਸ਼ ਦੇ ਅਗਾਂਹਵਧੂ ਸਿੱਖਿਆ ਤੇ ਸਮਾਜ ਸ਼ਾਸਤਰੀਆਂ, ਬੁੱਧੀਜੀਵੀਆਂ, ਪ੍ਰਗਤੀਸ਼ੀਲ ਸੰਗਠਨਾਂ ਅਤੇ ਲੋਕ ਪੱਖੀ ਮੀਡੀਏ ਨੂੰ ਇੱਕ ਸਿਹਤਮੰਦ ਸਮਾਜ ਦੀ ਉਸਾਰੀ ਲਈ ਲੋਕਾਂ ਵਿੱਚ ਅੰਧ ਵਿਸ਼ਵਾਸ ਅਤੇ ਰੂੜ੍ਹੀਵਾਦ ਫੈਲਾਉਣ ਵਾਲੀ ਮੂਰਤੀ ਵਿਸਰਜਨ ਦੀ ਇਸ ਰਵਾਇਤ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣ ਲਈ ਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈਜੇਕਰ ਕੇਂਦਰ ਅਤੇ ਰਾਜ ਸਰਕਾਰਾਂ ਸੰਵਿਧਾਨ ਦੀ ਧਾਰਾ 51-ਏ (ਐੱਚ) ਅਨੁਸਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਪ੍ਰਤੀ ਵਾਕਈ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਵੱਖ ਵੱਖ ਤਿਉਹਾਰਾਂ ਨਾਲ ਜੁੜੀਆਂ ਰੂੜ੍ਹੀਵਾਦੀ ਅਤੇ ਫਜ਼ੂਲ ਖ਼ਰਚੀ ਦੀਆਂ ਲੋਕ ਵਿਰੋਧੀ ਅਤੇ ਵਿਕਾਸ ਵਿਰੋਧੀ ਰਵਾਇਤਾਂ ਉੱਤੇ ਕਾਨੂੰਨੀ ਪਾਬੰਦੀ ਲਾਉਣ ਦੀ ਰਾਜਸੀ ਇੱਛਾ ਸ਼ਕਤੀ ਵੀ ਵਿਖਾਉਣੀ ਚਾਹੀਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3085)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸੁਮੀਤ ਸਿੰਘ

ਸੁਮੀਤ ਸਿੰਘ

Amritsar, Punjab, India.
Phone: (91 - 76960 - 30173)
Email: (sumeetasr61@gmail.com)