HarmeetSKaulgarh7ਬਾਹਰ ਲੌਕਡਾਊਨ ਤਾਂ ਅੱਜ ਵੀ ਲੱਗਿਆ ਹੋਇਆ ਸੀ, ਪਰ ਅੱਜ ਮੈਂ ਕਿਸੇ ਦੀ ਪ੍ਰਵਾਹ ...
(12 ਅਗਸਤ 2021)

 

“ਨਾ, ਇਕੱਲਾ ਹੀ ਆਇਐਂ? ਨਿਆਣੇ ਨੀ ਲਿਆਇਆ ਨਾਲ, ਸ਼ਰਮ ਤਾਂ ਨੀ ਆਉਂਦੀ ਤੈਨੂੰ?” ਇਹ ਬੋਲ ਅੱਜ ਇੱਕ ਸਾਲ ਦਾ ਸਮਾਂ ਲੰਘਣ ਤੋਂ ਬਾਅਦ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨਉਹ ਅੱਜ ਵਾਲਾ ਹੀ ਦਿਨ ਸੀ, ਭਾਵ ਮਾਂ ਦਿਵਸ।

ਪਿਛਲੇ ਸਾਲ ਐਤਵਾਰ ਦਾ ਦਿਨ ਸੀ ਛੁੱਟੀ ਹੋਣ ਕਰਕੇ ਮਾਂ ਨੂੰ ਮਿਲਣ ਲਈ ਮੇਰਾ ਦਿਲ ਉਦਾਸ ਅਤੇ ਉਤਾਵਲਾ ਸੀ ਕਿ ਹੁਣੇ ਉਡਕੇ ਮਾਂ ਕੋਲ ਚਲੇ ਜਾਵਾਂ, ਕਿਉਂਕਿ ਉਸ ਦਿਨ ਮੇਰੇ ਪਿਤਾ ਜੀ ਨੂੰ ਸੰਸਾਰ ਤੋਂ ਗਿਆਂ ਨੂੰ ਪੂਰਾ ਸਵਾ ਮਹੀਨਾ ਹੋਇਆ ਸੀਉਨ੍ਹਾਂ ਦੇ ਭੋਗ ਤੋਂ ਬਾਅਦ ਅੱਜ ਮੈਂ ਪਹਿਲੀ ਵਾਰ ਪਿੰਡ ਨੂੰ ਜਾ ਰਿਹਾ ਸੀ

ਸਵੇਰੇ ਮੈਂ ਆਪਣੀ ਆਦਤ ਮੁਤਾਬਿਕ ਜਦੋਂ ਗੁਰੂ ਘਰ ਮੱਥਾ ਟੇਕਣ ਗਿਆ, ਤਦ ਵੀ ਮੇਰਾ ਮਨ ਉਚਾਟ ਸੀਉੱਥੋਂ ਜਲਦੀ ਨਾਲ ਵਾਪਸ ਮੁੜ ਕੇ ਜਦੋਂ ਮੈਂ ਘਰ ਆ ਕੇ ਪਿੰਡ ਜਾਣ ਲਈ ਤਿਆਰ ਹੋਣ ਲੱਗਿਆ ਤਾਂ ਪਤਨੀ ਨੇ ਹੈਰਾਨੀ ਨਾਲ ਪੁੱਛਿਆ, “ਅੱਜ ਸਵੇਰੇ ਸਾਝਰੇ ਹੀ ਕਿੱਧਰ ਦੀ ਤਿਆਰੀ ਖਿੱਚ ਲਈ?”

“ਪਿੰਡ ਨੂੰ ਜਾ ਰਿਹਾ ਹਾਂ” ਮੇਰਾ ਸੰਖੇਪ ਜਿਹਾ ਉੱਤਰ ਸੀਪਿੰਡ ਦਾ ਨਾਂ ਸੁਣਦੇ ਹੀ ਉਹ ਕਹਿਣ ਲੱਗੀ, “ਸਾਨੂੰ ਵੀ ਨਾਲ ਲੈ ਕੇ ਚੱਲੋ, ਸਾਡਾ ਵੀ ਬੀਬੀ ਜੀ ਨੂੰ ਮਿਲਣ ਲਈ ਬਹੁਤ ਦਿਲ ਕਰਦਾ ਹੈ

ਮੈਂ ਕਿਹਾ, “ਨਹੀਂ, ਬਾਹਰ ਲੌਕਡਾਊਨ ਲੱਗਿਆ ਹੋਇਆ ਹੈ ਗੱਡੀ ਨੂੰ ਦੇਖ ਕੇ ਪੁਲੀਸ ਵਾਲੇ ਘੇਰ ਲੈਂਦੇ ਹਨਇਸ ਕਰਕੇ ਮੈਂ ਇਕੱਲਾ ਹੀ ਆਪਣੇ ਮੋਟਰਸਾਈਕਲ ਉੱਤੇ ਚੱਲਿਆ ਹਾਂ

ਪਟਿਆਲੇ ਤੋਂ ਪਿੰਡ ਦਾ ਪੰਜਾਹ ਸੱਠ ਕਿਲੋਮੀਟਰ ਦਾ ਰਸਤਾ ਪਤਾ ਹੀ ਨਹੀਂ ਲੱਗਿਆ, ਕਿਵੇਂ ਨਿਕਲ ਗਿਆ ਘਰੇ ਪਹੁੰਚਿਆ ਤਾਂ ਪਿਤਾ ਜੀ ਤੋਂ ਬਿਨਾਂ ਘਰ ਭਾਂ ਭਾਂ ਕਰ ਰਿਹਾ ਸੀ ਚੁੱਪ ਅਤੇ ਸ਼ਾਂਤ ਮਾਤਾ ਜੀ ਆਪਣੇ ਕਮਰੇ ਵਿੱਚ ਪੱਖਾ ਲਾਈ ਘੂਕ ਸੁੱਤੇ ਪਏ ਸਨ ਮੈਂ ਹਾਕ ਮਾਰੀ ਤਾਂ ਉਹ ਯਕਦਮ ਉੱਠ ਕੇ ਬੈਠ ਗਏ ਮੈਂ ਕਿਹਾ, “ਉੱਠੇ ਨਹੀਂ ਹਾਲੇ? ਅੱਠ ਵੱਜ ਗਏ?”

ਮਾਤਾ ਜੀ ਮੈਂਨੂੰ ਦੇਖ ਕੇ ਹੈਰਾਨ ਹੋਏ, ਕਹਿੰਦੇ, “ਤੂੰ ਕਦੋਂ ਤੁਰਿਆ ਪਟਿਆਲਿਉਂ? ਮੈਂ ਤਾਂ ਕੱਦ ਦੀ ਉੱਠੀ ਹੋਈ ਹਾਂਐਵੇਂ ਢੂਹੀ ਜਿਹੀ ਸਿੱਧੀ ਕਰਦੀ ਦੀ ਫੇਰ ਅੱਖ ਲੱਗ ਗਈ

ਪਰ ਮੈਂ ਜਾਣਦਾ ਸੀ ਕਿ ਮਾਤਾ ਜੀ ਨੇ ਅੱਜ ਤੱਕ ਕਦੀ ਹਿੰਮਤ ਨਹੀਂ ਸੀ ਹਾਰੀ, ਹੁਣ ਪਿਤਾ ਜੀ ਤੋਂ ਬਿਨਾਂ ਕਿੰਝ ਮਹਿਸੂਸ ਕਰਦੇ ਨੇ ਉਨ੍ਹਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ ਪਰ ਮੈਂ ਉਨ੍ਹਾਂ ਨੂੰ ਪਤਾ ਨਹੀਂ ਲੱਗਣ ਦਿੱਤਾ, ਕਿਤੇ ਇਹ ਹੋਰ ਨਾ ਡੋਲ ਜਾਣ

ਥੋੜ੍ਹੀ ਦੇਰ ਬਾਅਦ ਜਦੋਂ ਉਨ੍ਹਾਂ ਨੂੰ ਬੱਚਿਆਂ ਦੀ ਪੈੜ-ਚਾਲ ਸੁਣਾਈ ਨਾ ਦਿੱਤੀ ਤਾਂ ਉਹ ਕਹਿਣ ਲੱਗੇ, “ਨਾ ਇਕੱਲਾ ਹੀ ਆਇਐਂ? ਨਿਆਣੇ ਨੀ ਲਿਆਇਆ ਨਾਲ ਸ਼ਰਮ ਤਾਂ ਨੀ ਆਉਂਦੀ ਤੈਨੂੰ? ਤੈਨੂੰ ਪਤੈ ਉਨ੍ਹਾਂ ਨੂੰ ਗਿਆ ਹੈ ਅੱਜ ਸੈਂਤੀ ਦਿਨ ਹੋ ਗਏ? ਤੂੰ ਓਦਣ ਦਾ ਪਿੰਡ ਗੇੜਾ ਈ ਨਹੀਂ ਮਾਰਿਆਤੂੰ ਆਉਣਾ ਨਹੀਂ ਸੀ?”

ਮੈਂ ਕਿਹਾ, “ਮੈਂ ਕੀ ਕਰ ਸਕਦਾਂ, ਸਰਕਾਰ ਨੇ ਲੌਕਡਾਊਨ ਹੀ ਐਨੀ ਸਖ਼ਤੀ ਨਾਲ ਲਾਇਆ ਹੋਇਆ ਹੈ ਕਿ ਘਰੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਹੈ

ਮੈਂ ਇਹ ਬਹਾਨਾ ਨਹੀਂ ਸੀ ਲਾਇਆ ਸੱਚ ਬੋਲਿਆ ਸੀ ਮੈਂ ਉਨ੍ਹਾਂ ਸਾਹਮਣੇ ਨੀਵੀਂ ਪਾ ਕੇ ਖੜ੍ਹ ਗਿਆ। ਮਾਂ ਤਾਂ ਮਾਂ ਹੁੰਦੀ ਐ, ਉਨ੍ਹਾਂ ਮੇਰੇ ਮਨ ਦੀ ਬੁੱਝ ਕੇ ਮੇਰਾ ਧਿਆਨ ਵਟਾਉਣ ਲਈ ਮੈਂਨੂੰ ਪੁੱਛਿਆ, “ਰੋਟੀ ਖਾਏਂਗਾ ਕਿ ਚਾਹ ਪੀਏਂਗਾ ਪਹਿਲਾਂ?”

ਮੈਂ ਕਿਹਾ, “ਮੈਂ ਰੋਟੀ ਹੀ ਖਾਵਾਂਗਾ, ਪਰ ਤੁਹਾਡੇ ਨਾਲ

ਰੋਟੀ ਖਾਣ ਤੋਂ ਬਾਅਦ ਮੈਂ ਆਪਣੇ ਮੋਬਾਇਲ ਫੋਨ ਨਾਲ ਉਨ੍ਹਾਂ ਦੀਆਂ ਕਈ ਫੋਟੋਆ ਖਿੱਚ ਲਈਆਂ ਸਨ ਜੋ ਅੱਜ ਮੇਰੇ ਵਾਸਤੇ ਉਮਰ ਭਰ ਲਈ ਸਾਂਭਣ ਯੋਗ ਹੋ ਗਈਆਂ, ਕਿਉਂਕਿ ਅਗਲੇ ਹਫਤੇ ਹੀ ਵੱਡੇ ਭਰਾ ਦਾ ਫੋਨ ਆ ਗਿਆ ਸੀ, “ਹਰਮੀਤ ਅੱਜ ਬੀਬੀ ਵੀ ਪਿਤਾ ਜੀ ਆਲੇ ਰਸਤੇ ਤੁਰ ਗਏ ਹਨ

ਫੋਨ ਸੁਣ ਕੇ ਮੈਂ ਸੁੰਨ ਹੋ ਗਿਆ ਜਦੋਂ ਮੇਰੀ ਪਤਨੀ ਨੇ ਹਲੂਣ ਕੇ ਮੈਂਨੂੰ ਪੁੱਛਿਆ ਕਿ ਕੀਹਦਾ ਫੋਨ ਐ, ਬੋਲਦੇ ਕਿਉਂ ਨਹੀਂ, ਤਾਂ ਮੇਰੇ ਮੂੰਹੋਂ ਨਿਕਲਿਆ, “ਹੁਣ ਮੈਂਨੂੰ ਕਿਸੇ ਨੇ ਇਹ ਨਹੀਂ ਕਹਿਣਾ ਕਿ ਨਿਆਣੇ ਨੀ ਨਾਲ ਲਿਆਇਆ

ਮੇਰੀ ਪਤਨੀ ਵੀ ਸੁੰਨ ਹੋ ਗਈ। ਬਾਹਰ ਲੌਕਡਾਊਨ ਤਾਂ ਅੱਜ ਵੀ ਲੱਗਿਆ ਹੋਇਆ ਸੀ, ਪਰ ਅੱਜ ਮੈਂ ਕਿਸੇ ਦੀ ਪ੍ਰਵਾਹ ਨਹੀਂ ਸੀ ਕਰ ਕੀਤੀ। ਗੱਡੀ ਨੂੰ ਸਰਪਟ ਦੌੜਾਈ ਪਿੰਡ ਨੂੰ ਜਾ ਰਿਹਾ ਸੀ ਅੱਜ ਫੇਰ ਮਾਂ ਦਿਵਸ ਹੈ, ਇਸ ਕਰੋਨਾ ਨੇ ਪਤਾ ਨਹੀਂ ਕਿੰਨਿਆਂ ਕੁ ਲੋਕਾਂ ਦਾ ਇਹ ਦਿਨ ਖੋਹਣ ਦਾ ਆਪਣਾ ਮਨਸੂਬਾ ਬਣਾਇਆ ਹੋਇਆ ਹੈ, ਅਗਾਂਹ ਆਉਣ ਵਾਲੇ “ਮਾਵਾਂ ਦਿਵਸ” ਉੱਤੇ ਰੱਬਾ ਖ਼ੈਰ ਕਰੀਂ ...

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2947)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਹਰਮੀਤ ਸਿੰਘ ਕੌਲਗੜ੍ਹ

ਡਾ. ਹਰਮੀਤ ਸਿੰਘ ਕੌਲਗੜ੍ਹ

Veterinary Inspector. Patiala, Punjab, India.
Phone: (91 - 94171 -21617)
Email: (veths01@gmail.com)