RavinderRupal7ਜਦੋਂ ਅਲਮਾਰੀ ਖੋਲ੍ਹੀ ਤਾਂ ਪਕੌੜੀਆਂ ਲੱਭਦੇ ਨੂੰ ਇੱਕ ਖੂੰਜੇ ਵਿੱਚ ਬੋਤਲ ਦਿਸ ਪਈ ...
(5 ਅਗਸਤ 2021)

 

ਇਹ ਗੱਲ ਮੇਰੇ ਦੂਜੀ ਜਮਾਤ ਵਿੱਚ ਪੜ੍ਹਦੇ ਸਮੇਂ ਦੀ ਹੈ। ਉਦੋਂ ਮੈਂਨੂੰ ਅੱਖਰਾਂ ਦਾ ਸ਼ਬਦ-ਜੋੜ ਕਰਨ ਦਾ ਬਹੁਤ ਸ਼ੌਕ ਹੋ ਗਿਆ ਸੀ। ਜਿੱਥੇ ਵੀ ਕੁਝ ਲਿਖਿਆ ਹੋਇਆ ਦੇਖਦਾ, ਉੱਥੇ ਹੀ ਖੜ੍ਹਕੇ ਉਨ੍ਹਾਂ ਅੱਖਰਾਂ ਨੂੰ ਜੋੜ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ। ਕਈ ਵੱਡੇ ਵੱਡੇ ਅੱਖਰ ਬੋਲੇ ਵੀ ਨਹੀਂ ਸੀ ਜਾਂਦੇ, ਫਿਰ ਵੀ ਉਨ੍ਹਾਂ ਨੂੰ ਜੋੜਨ ਲੱਗ ਜਾਂਦਾ। ਜਦੋਂ ਸ਼ਬਦ ਪੂਰਾ ਪੜ੍ਹਿਆ ਜਾਂਦਾ ਤਾਂ ਐਨੀ ਖੁਸ਼ੀ ਹੁੰਦੀ, ਜਿਵੇਂ ਅੱਜ ਹੀ ਦੂਜੀ ਜਮਾਤ ਵਿੱਚੋਂ ਪਾਸ ਹੋ ਗਏ ਹੋਈਏ। ਜਦੋਂ ਕਈ ਸਿਹਾਰੀਆਂ, ਬਿਹਾਰੀਆਂ, ਔਂਕੜਾਂ ਤੇ ਦੁਲੈਂਕੜਾਂ ਵਾਲੇ ਅੱਖਰ ਜੁੜਨੋਂ ਰਹਿ ਜਾਂਦੇ ਤਾਂ ਮਨ ਮਸੋਸਿਆ ਵੀ ਜਾਂਦਾ। ਪਰ ਉਨ੍ਹਾਂ ਅੱਖਰਾਂ ਨੂੰ ਜ਼ੁਬਾਨੀ ਯਾਦ ਕਰਕੇ, ਘਰੇ ਪਹੁੰਚ ਕੇ ਆਪਣੀਆਂ ਭੈਣਾਂ ਤੋਂ ਪੁੱਛ ਲੈਣਾ। ਉਨ੍ਹਾਂ ਨੇ ਅੱਖਰਾਂ ਨੂੰ ਜ਼ੁਬਾਨੀ ਯਾਦ ਕਰਨ ਕਰਕੇ ਮੈਂਨੂੰ ਸ਼ਾਬਾਸ਼ੇ ਜ਼ਰੂਰ ਦੇਣੀ

ਇੱਕ ਦਿਨ ਦਿੱਲੀ ਤੋਂ ਸਾਡੇ ਮਾਮਾ ਜੀ ਹੋਰੀਂ ਪਿੰਡ ਆਏ ਹੋਏ ਸਨ। ਸ਼ਾਮ ਦੇ ਵਕਤ ਸਾਡੇ ਚਾਚਾ ਜੀ ਉਨ੍ਹਾਂ ਦੀ ਸੇਵਾ ਪਾਣੀ ਖਾਤਰ, ਦੇਸੀ ਦਾਰੂ ਦੀ ਇੱਕ ਬੋਤਲ ਲੈ ਆਏ। ਰਾਤੀਂ ਰੋਟੀ ਖਾਣ ਤੋਂ ਪਹਿਲਾਂ ਉਹ ਸਾਡੀ ਬਾਹਰਲੀ ਬੈਠਕ ਵਿੱਚ ਬੈਠ ਗਏ ਸਨ। ਜਿੰਨੀ ਦਾਰੂ ਉਨ੍ਹਾਂ ਨੇ ਪੀਣੀ ਸੀ ਪੀ ਲਈ ਅਤੇ ਬਾਕੀ ਦੋ ਕੁ ਪੈੱਗਾਂ ਦੀ ਬਚੀ ਦਾਰੂ ਉਨ੍ਹਾਂ ਬੋਤਲ ਵਿੱਚ ਛੱਡ ਕੇ ਬੋਤਲ ਅਲਮਾਰੀ ਵਿੱਚ ਧਰ ਦਿੱਤੀ। ਉਹ ਸਾਡੀ ਬਾਹਰਲੀ ਬੈਠਕ ਹੋਣ ਕਰਕੇ ਸ਼ਾਇਦ ਰਾਤ ਭਰ ਕਿਸੇ ਨੇ ਉਸ ਅਲਮਾਰੀ ਵਿੱਚ ਪਈ ਬੋਤਲ ਦੇਖੀ ਨਹੀਂ ਸੀ, ਨਹੀਂ ਤਾਂ ਕੋਈ ਨਾ ਕੋਈ ਪਰਿਵਾਰ ਦਾ ਪਿਆਕੜ ਮੈਂਬਰ ਉਸ ਨੂੰ ਜ਼ਰੂਰ ਪੀ ਜਾਂਦਾ

ਅਗਲੀ ਸਵੇਰ ਮੈਂ ਰਾਤ ਵਾਲੇ ਭਾਂਡੇ ਚੁੱਕਣ ਲਈ ਬਾਹਰਲੀ ਬੈਠਕ ਵਿੱਚ ਗਿਆ ਤਾਂ ਅੰਦਰ ਡਹੇ ਪਏ ਮੰਜੇ ਉੱਪਰ ਕੁਝ ਪਕੌੜੀਆਂ ਡਿੱਗੀਆਂ ਪਈਆਂ ਦੇਖੀਆਂ। ਉਨ੍ਹਾਂ ਪਕੌੜੀਆਂ ਦੇ ਲਾਲਚ ਨੂੰ ਮੈਂ ਮੰਜੇ ’ਤੇ ਚੜ੍ਹ ਕੇ ਅਲਮਾਰੀ ਖੋਲ੍ਹ ਲਈ, ਸ਼ਾਇਦ ਖਾਣ ਲਈ ਮੈਂਨੂੰ ਹੋਰ ਪਕੌੜੀਆਂ ਮਿਲ ਜਾਣ। ਜਦੋਂ ਅਲਮਾਰੀ ਖੋਲ੍ਹੀ ਤਾਂ ਪਕੌੜੀਆਂ ਲੱਭਦੇ ਨੂੰ ਇੱਕ ਖੂੰਜੇ ਵਿੱਚ ਬੋਤਲ ਦਿਸ ਪਈ। ਬੋਤਲ ਵਿੱਚ ਕੁਝ ਲਾਲ ਜਿਹਾ ਪਾਣੀ ਸੀ। ਜਦੋਂ ਮੈਂ ਬੋਤਲ ਚੁੱਕ ਕੇ ਘੁਮਾਈ ਤਾਂ ਉਸ ਉੱਪਰ ਲਿਖੇ ਅੱਖਰਾਂ ਨੂੰ ਜੋੜ ਜੋੜ ਕੇ ਪੜ੍ਹਨ ਲੱਗ ਪਿਆ। ਸੱਸੇ ਟਿੱਪੀ, ਤੱਤਾ, ਰਾਰੇ ਕੰਨਾਂ ਰਾਅ, ਭਾਵ ਸੰਤਰਾ। ਰਾਰਾ ਸੱਸਾ ਭਾਵ ਰਸ। ਭੱਭਾ, ਰਾਰੇ ਬਿਹਾਰੀ, ਭਾਵ ਭਰੀ। ਜਿਸਦੇ ਪੂਰੇ ਅਰਥ ਬਣ ਗਏ, “ਸੰਤਰਾ ਰਸ ਭਰੀ” ਉਦੋਂ ਜਿੰਨੀ ਕੁ ਮੇਰੀ ਬੁੱਧੀ ਕੰਮ ਕਰਦੀ ਸੀ, ਉਸਦੇ ਮੁਤਾਬਕ ਮੈਂ ਇਨ੍ਹਾਂ ਅੱਖਰਾਂ ਦੇ ਅਰਥ ਕੱਢ ਲਏ ਕਿ ਇਹ ਤਾਂ ਕੋਈ ਸੰਤਰੇ ਦਾ ਰਸ ਹੈ। ਜਦੋਂ ਢੱਕਣ ਖੋਲ੍ਹ ਕੇ ਘੁੱਟ ਭਰਿਆ, ਦੇਖਿਆ ਇਹ ਰਸ ਤਾਂ ਕੌੜਾ ਵੀ ਬਹੁਤ ਹੈ। ਮੈਂ ਸੋਚਿਆ ਕੋਈ ਵਧੀਆ ਕਿਸਮ ਦਾ ਰਸ ਹੋਣਾ ਹੈ, ਤਾਂਹੀਓਂ ਚਾਚਾ ਜੀ ਨੇ ਲੁਕੋ ਕੇ ਰੱਖਿਆ ਹੋਇਆ ਹੈ। ਫਿਰ ਮੈਂ ਸੰਤਰੇ ਦੇ ਰਸ ਦਾ ਦੂਜਾ ਘੁੱਟ ਵੀ ਭਰ ਲਿਆ। ਫਿਰ ਤੀਜੇ ਘੁੱਟ ਨਾਲ ਮੈਂ ਉਹ ਸਾਰਾ ਰਸ ਖਤਮ ਕਰ ਦਿੱਤਾ ਤੇ ਬੋਤਲ ਮੰਜੇ ਉੱਤੇ ਹੀ ਸੁੱਟ ਦਿੱਤੀ। ਮੈਂ ਬੈਠਕ ਵਿੱਚ ਕੀ ਕਰਨ ਆਇਆ ਸੀ, ਸਭ ਕੁਝ ਭੁੱਲ ਭੁਲਾ ਗਿਆ। ਖੁੱਲ੍ਹੀ ਅਲਮਾਰੀ ਮੈਨੂੰ ਘੁੰਮਦੀ ਹੋਈ ਨਜ਼ਰ ਆਉਣ ਲੱਗੀ। ਅੱਖਾਂ ਮੂਹਰੇ ਭੰਬੂਤਾਰੇ ਨੱਚਣ ਲੱਗੇ

ਪਲ ਕੁ ਬਾਅਦ ਚੱਕਰ ਆਉਣੇ ਸ਼ੁਰੂ ਹੋ ਗਏ। ਜਿਵੇਂ ਕਿਵੇਂ ਮੈਂ ਮੰਜੇ ਤੋਂ ਉੱਤਰਿਆ। ਬੈਠਕ ਦੇ ਬਾਹਰਲੇ ਲੋਹੇ ਦੇ ਗੇਟ ਤੱਕ ਮਸਾਂ ਅੱਪੜਿਆ ਹੋਵਾਂਗਾ ਕਿ ਧੜੰਮ ਕਰਕੇ ਜ਼ਮੀਨ ’ਤੇ ਡਿਗ ਪਿਆ। ਡਿਗਦੇ ਸਾਰ ਬੇਹੋਸ਼ ਹੋ ਗਿਆ। ਫੇਰ ਕੁਝ ਪਤਾ ਨਹੀਂ ਲੱਗਿਆ ਕਿ ਕੀ ਬਣਿਆ। ਪ੍ਰੰਤੂ ਜਦੋਂ ਮੈਂਨੂੰ ਹੋਸ਼ ਆਈ, ਉਦੋਂ ਮੇਰੇ ਸਿਰ ਵਿੱਚ ਲਗਾਤਾਰ ਪਾਣੀ ਪੈ ਰਿਹਾ ਸੀ ਅਤੇ ਉਲਟੀ ਆਉਣ ਨਾਲ ਸਾਰੇ ਕੱਪੜੇ ਖਰਾਬ ਹੋਏ ਪਏ ਸਨ। ਮੇਰੀਆਂ ਥੋੜ੍ਹੀਆਂ ਜਿਹੀਆਂ ਅੱਖਾਂ ਖੁੱਲ੍ਹਣ ਦੀ ਦੇਰ ਸੀ ਕਿ ਮੇਰੇ ਉੱਪਰ ਸਵਾਲਾਂ ਦੀ ਝੜੀ ਲੱਗ ਗਈ। ਕਈ ਜਣਿਆਂ ਦਾ ਇਕੱਠ ਮੇਰੇ ਦੁਆਲੇ ਇਕੱਠਾ ਹੋਇਆ ਖੜ੍ਹਾ ਸੀ। ਤੂੰ ਸ਼ਰਾਬ ਪੀਤੀ ਐ ਨਾ? ਮੈਂ ਨਾ ਨਾ ਕਰ ਰਿਹਾ ਸੀ

“ਸ਼ਰਾਬ ਪੀ ਕੇ ਉੱਪਰੋਂ ਝੂਠ ਵੀ ਬੋਲਦਾ ਹੈ।” ਚਾਚਾ ਜੀ ਗੁੱਸੇ ਵਿੱਚ ਬਹੁਤ ਉੱਚੀ ਆਵਾਜ਼ ਵਿੱਚ ਭੁੜਕ ਰਹੇ ਸਨ

“ਨਹੀਂ, ਮੈਂ ਸ਼ਰਾਬ ਨਹੀਂ ਪੀਤੀ।” ਮੈਂ ਮਸਾਂ ਆਪਣੀ ਆਵਾਜ਼ ਕੱਢ ਰਿਹਾ ਸੀ। ਸਿਰ ਵਿੱਚ ਬਹੁਤ ਜ਼ਿਆਦਾ ਪਾਣੀ ਪੈਣ ਕਰਕੇ ਮੈਂ ਨਾਲੋ ਨਾਲ ਕੰਬ ਵੀ ਰਿਹਾ ਸੀ। ਮੇਰੇ ਥੱਲੇ ਇਉਂ ਚਿੱਕੜ ਹੋਇਆ ਪਿਆ ਸੀ ਜਿਵੇਂ ਕੋਈ ਝੋਟਾ ਗਾਰੇ ਵਿੱਚ ਬੈਠਾ ਹੋਵੇ

“ਦੱਸ, ਬੋਲਦਾ ਕਿਉਂ ਨਹੀਂ?” ਮੇਰੀ ਬੀਬੀ ਪੜੋਸੀ ਤਾਏ ਤੋਂ ਘੁੰਡ ਕੱਢੀ ਖੜ੍ਹੀ ਮੈਥੋਂ ਪੁੱਛ ਰਹੀ ਸੀ।

“ਨਹੀਂ ਬੀਬੀ, ਮੈਂ ਤਾਂ ਸੰਤਰੇ ਦਾ ਰਸ ਪੀਤੈ, ਭਾਵੇਂ ਅੰਦਰ ਜਾ ਕੇ ਦੇਖ ਲਓ।” ਮੈਂ ਪਾਣੀ ਨਾਲ ਨੁੱਚੜਦੀ ਹੋਈ ਆਪਣੀ ਬਾਂਹ ਅੰਦਰ ਵੱਲ ਨੂੰ ਕੀਤੀ

“ਤੈਨੂੰ ਕਿਵੇਂ ਪਤੈ ਬਈ ਉਹ ਸੰਤਰੇ ਦਾ ਰਸ ਸੀ?” ਚਾਚਾ ਜੀ ਉੱਚੀ ਆਵਾਜ਼ ਵਿੱਚ ਬੋਲਦੇ ਹੋਏ ਮੇਰੇ ’ਤੇ ਥੱਪੜ ਉਗਰੀ ਖੜ੍ਹੇ ਸਨ, “ਬਕਵਾਸ ਕਰਦਾ ਹੈ, ਉੱਪਰੋਂ ਝੂਠ ਵੀ ਬੋਲਦਾ ਹੈ। ਸ਼ਾਇਦ ਰਾਤੀਂ ਬੋਤਲ ਵਿੱਚ ਦਾਰੂ ਛੱਡਣ ਵਾਲੀ ਉਹ ਆਪਣੀ ਗਲਤੀ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ

“ਮੈਂ ਝੂਠ ਨਹੀਂ ਬੋਲਦਾ, ਮੈਂ ਉਸ ਉੱਪਰ ਲਿਖਿਆ ਹੋਇਆ ਪੜ੍ਹਿਐ।” ਮੈਂ ਰੋਣਹਾਕੀ ਆਵਾਜ਼ ਵਿੱਚ, ਪਰ ਸ਼ਬਦ ਜੋੜਾਂ ਦੇ ਸਹੀ ਅਰਥ ਹੋਣ ਕਰਕੇ, ਪੂਰੀ ਦ੍ਰਿੜ੍ਹਤਾ ਨਾਲ ਕਹਿ ਰਿਹਾ ਸੀ।

ਮੇਰੀ ਬੀਬੀ ਕੋਰੀ ਅਨਪੜ੍ਹ ਸੀ, ਉਸ ਵਕਤ ਮੇਰੀ ਇਸ ਗੱਲ ਦੇ ਉਸ ਨੇ ਕੀ ਅਰਥ ਲਏ, ਉਹ ਤਾਂ ਉਹੀਓ ਜਾਣੇ ਪਰ ਉਸ ਨੇ ਆਪਣੀ ਸਮਝ ਮੁਤਾਬਕ ਸਾਰੇ ਲੋਕਾਂ ਵਿੱਚ ਖੜ੍ਹੇ ਹੀ ਕਹਿ ਦਿੱਤਾ, “ਜੇ ਪੜ੍ਹਨ ਲਿਖਣ ਨਾਲ “ਇਹ” ਹਾਲਤ ਹੁੰਦੀ ਐ, ਤਾਂ ਕੱਲ੍ਹ ਤੋਂ ਤੇਰਾ ਸਕੂਲ ਜਾਣਾ ਬੰਦ। ਮੈਂ ਆਪਣੇ ਜੁਆਕਾਂ ਨੂੰ ਮਰਵਾਉਣਾ ਨਹੀਂ ਇਹੋ ਜਿਹੀ ਚੰਦਰੀ ਪੜ੍ਹਾਈ ਨਾਲ। ਦੇਖੋ ਤਾਂ ਸਹੀ ਨਿਆਣੇ ਦੀ ਹਾਲਤ ਕੀ ਹੋਈ ਪਈ ਐ? ਅੱਗ ਲੱਗੇ ਇਹੋ ਜਿਹੀ ਪੜ੍ਹਾਈ ਨੂੰ ...।” ਬੀਬੀ ਮੇਰੇ ਜੂੜੇ ਨੂੰ ਬੰਨ੍ਹਦੀ ਹੋਈ, ਰੋਣਹਾਕੀ ਹੋਈ ਪਈ ਸੀ, ਬੀਬੀ ਸਮਝਦੀ ਸੀ ਕਿ ਪੜ੍ਹਨ ਲਿਖਣ ਨਾਲ ਹਾਲਤ ਵਿਗੜਦੀ ਹੁੰਦੀ ਹੈ।

ਮੈਂ ਕਿਹਾ, “ਹਾੜੇ ਬੀਬੀ, ਮੈਂਨੂੰ ਸਕੂਲੋਂ ਨਾ ਹਟਾਇਉ, ਮੈਂ ਤਾਂ ਪੜ੍ਹਨੈ

“ਨਾ ਤੈਨੂੰ ਆਪਣਾ ਆਪ ਨੀਂ ਦਿਸਦਾ, ਪੜ੍ਹਨੈ ਇਨ੍ਹੇ ...ਆਹ ਦੋ ਅੱਖਰ ਪੜ੍ਹੇ ਤਾਂ ਹੈਗੇ ਐ। ਚੁਫਾਲ੍ਹ ਡਿੱਗਿਆ ਪਿਆ ਹੈ, ਚੱਲ ਸਿੱਧਾ ਹੋ ਕੇ ਘਰ ਨੂੰ

ਪਰ ਮੇਰੀ ਉਸ ਭੋਲੀ ਅਨਪੜ੍ਹ ਮਾਂ ਨੂੰ ਕੀ ਪਤਾ ਸੀ ਕਿ ਪੜ੍ਹਨ ਲਿਖਣ ਨਾਲ ਇਨਸਾਨ ਵਿਗੜਦਾ ਨਹੀਂ, ਸਗੋਂ ਗਿਆਨ ਪ੍ਰਾਪਤ ਕਰਕੇ ਉਨ੍ਹਾਂ ਲੋਕਾਂ ਦਾ ਮਾਰਗ ਦਰਸ਼ਕ ਬਣਦੈ, ਜੋ ਰਾਹਾਂ ਤੋਂ ਭਟਕੇ ਹੁੰਦੇ ਹਨ। ਜੇ ਕਿਤੇ ਮੇਰੀ ਮਾਂ ਮੈਂਨੂੰ ਸਕੂਲੋਂ ਪੜ੍ਹਨ ਤੋਂ ਹਟਾ ਲੈਂਦੀ ਤਾਂ ਅੱਜ ਨੂੰ ਮੈਂ ਕਿੱਡਾ ਵੱਡਾ ਪਿਆਕੜ ਹੁੰਦਾ। ਹੁੰਦਾ ਵੀ ਜਾਂ ਕਦੋਂ ਦਾ ...ਕੋਈ ਵੀ ਨਸ਼ਾ ਕਿਸੇ ਦਾ ਮਿੱਤਰ ਨਹੀਂ ਹੁੰਦਾ, ਉਸ ਨੇ ਆਪਣੇ ਰੰਗ ਦਿਖਾਉਣ ਲਈ ਇਨਸਾਨ ਦੇ ਸਰੀਰ ਨੂੰ ਖੋਰਾ ਲਾਉਣਾ ਹੀ ਲਾਉਣਾ ਹੁੰਦਾ ਹੈਅੱਜ ਮੈਂ ਸੋਚਦਾ ਹਾਂ, ਜੇ ਮੈਂ ਅਨਪੜ੍ਹ ਰਹਿ ਜਾਂਦਾ, ਫੇਰ ਮੈਂ ਇਨ੍ਹਾਂ ਅੱਖਰਾਂ ਨੂੰ ਕਿਵੇਂ ਜੋੜ ਕੇ ਪੜ੍ਹਦਾ, ਜਿਹੜੇ ਬੋਤਲ ਦੇ ਲੇਬਲ ਉੱਪਰ, ਹੇਠਾਂ ਜਿਹੇ ਨੂੰ ਬਹੁਤ ਬਰੀਕ ਕਰਕੇ ਲਿਖੇ ਹੁੰਦੇ ਹਨ ਕਿ “ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ।” ਅੱਜ ਛਪੰਜਾ ਸਾਲ ਦੀ ਉਮਰ ਹੋ ਜਾਣ ਦੇ ਬਾਵਜੂਦ ਉਨ੍ਹਾਂ “ਬਰੀਕ ਹਰਫ਼ਾਂ ਦਾ” ਮੇਰੇ ਮਨ ਉੱਤੇ ਗਹਿਰਾ ਅਸਰ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2934)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਵਿੰਦਰ ਰੁਪਾਲ ਕੌਲਗੜ੍ਹ

ਰਵਿੰਦਰ ਰੁਪਾਲ ਕੌਲਗੜ੍ਹ

Khanna, Ludhiana, Punjab, India.
Phone: (91 - 93162 - 88955)
Email: (ravinder.rupal1965@gmail.com)