ArvinderSNagpal7ਬੈਂਕ ਤੋਂ ਬੈਂਕ ਵਿੱਚ ਪੈਸੇ ਜਾ ਰਹੇ ਹਨ, ਕੰਪਨੀ ਕਿੱਥੇ ਭੱਜ ਜਾਏਗੀ? ਕੁਝ ਨਹੀਂ ਹੁੰਦਾ...”
(18 ਜੁਲਾਈ 2021)

 

ਕਹਿੰਦੇ ਨੇ ਜ਼ਿੰਦਗੀ ਮੇਲੇ ਵਿੱਚ ਲੱਗਾ ਹੋਇਆ ਇੱਕ ਝੂਲਾ ਹੈ ਜਿਸ ਵਿੱਚ ਅਸੀਂ ਸਭ ਸਵਾਰੀ ਕਰ ਰਹੇ ਹਾਂ। ਕਦੀ ਇਹ ਉੱਪਰ ਜਾਂਦਾ ਹੈ ਤੇ ਕਦੀ ਥੱਲੇ ਆ ਜਾਂਦਾ ਹੈ। ਕਦੇ ਅਸੀਂ ਖੁਸ਼ ਹੋ ਜਾਂਦੇ ਹਾਂ ਤੇ ਕਦੀ ਬਹੁਤ ਉਦਾਸ। ਕਦੀ ਸਾਨੂੰ ਅਚਨਚੇਤੀ ਫਾਇਦਾ ਹੋ ਜਾਂਦਾ ਹੈ ਤੇ ਕਦੀ ਨਾ ਚਾਹੁੰਦੇ ਹੋਏ ਵੀ ਘਾਟਾ ਖਾਣਾ ਪੈਂਦਾ ਹੈ। ਮੈਂ ਤਾਂ ਹੁਣ ਤਕ ਇਹੀ ਸਿੱਖਿਆ ਹੈ ਕਿ ਫਾਇਦਾ ਹੋਣ ’ਤੇ ਬਹੁਤੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਤੇ ਘਾਟਾ ਹੋਣ ’ਤੇ ਅਫਸੋਸ।

ਮੈਂ ਤੇ ਮੇਰੀ ਪਤਨੀ ਦੋਵੇਂ ਮੱਧ-ਵਰਗੀ ਪਰਿਵਾਰਾਂ ਵਿੱਚੋਂ ਆਏ ਹਾਂ। ਸਾਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਬਹੁਤ ਮਿਹਨਤ ਕਰਨੀ ਪਈ ਸੀ। ਇਸ ਦੌਰਾਨ ਅਸੀਂ ਇਹ ਫੈਸਲਾ ਕੀਤਾ ਸੀ ਕਿ ਚਾਦਰ ਦੇਖ ਕੇ ਪੈਰ ਪਸਾਰਨਾ ਜਾਂ ਲੋੜ ਅਨੁਸਾਰ ਖਰਚ ਕਰਨਾ ਤਾਂ ਸਾਡੇ ਹੱਥ ਵਿੱਚ ਹੈ, ਤੇ ਅਸੀਂ ਉਹ ਕਰਾਂਗੇ ਵੀ, ਪਰ ਜੇ ਕੋਈ ਪੈਸਿਆਂ ਦਾ ਘਾਟਾ ਪੈ ਗਿਆ ਤਾਂ ਉਸ ਨੂੰ ਦਿਲ ’ਤੇ ਨਹੀਂ ਲਗਾਵਾਂਗੇ। ਅਸੀਂ ਇੱਕ ਘਾਟੇ ਵਾਲਾ ਖਾਤਾ ਬਣਾ ਲਿਆ। ਅਜਿਹੇ ਘਾਟਿਆਂ ਨੂੰ ਅਸੀਂ ਉਸ ਵਿੱਚ ਲਿਖ ਕੇ ਭੁਲਾ ਦਿੰਦੇ ਸੀ ਕਿਉਂਕਿ ਅਸੀਂ ਜਾਣਦੇ ਸੀ ਕਿ ਇਹ ਕਦੀ ਵਾਪਸ ਨਹੀਂ ਆਉਣੇ। ਅਜਿਹੇ ਮੌਕੇ ਜ਼ਿੰਦਗੀ ਵਿੱਚ ਬਹੁਤ ਵਾਰ ਆਏ। ਸਾਡੀ ਆਦਤ ਸੀ ਕਿ ਅਸੀਂ ਹਰ ਵਿਅਕਤੀ ਉੱਤੇ ਵਿਸ਼ਵਾਸ ਕਰ ਲੈਂਦੇ ਸੀ। ਸਾਡੇ ਕਈ ਮੁਲਾਜ਼ਮ ਘਪਲਾ ਕਰ ਕੇ ਭੱਜ ਗਏ। ਕਈ ਵਾਰ ਤਾਂ ਉਨ੍ਹਾਂ ਘਪਲਿਆਂ ਬਾਰੇ ਬਹੁਤ ਬਾਅਦ ਵਿੱਚ ਪਤਾ ਲੱਗਿਆ। ਅਸੀਂ ਘਾਟੇ ਵਾਲੇ ਖਾਤੇ ਵਿੱਚ ਜਿੰਨਾ ਲਿਖਦੇ ਸੀ, ਪਰਮਾਤਮਾ ਸਾਨੂੰ ਉਸ ਤੋਂ ਵੱਧ ਦਿੰਦਾ ਸੀ। ਇਸੇ ਤਰ੍ਹਾਂ ਅਸੀਂ ਰਿਸ਼ਤਿਆਂ ਦਾ ਹਿਸਾਬ-ਕਿਤਾਬ ਰੱਖਿਆ ਹੈ। ਆਪਣੇ ਵੱਲੋਂ ਕਿਸੇ ਦਾ ਬੁਰਾ ਨਾ ਕਰੋ। ਜੇ ਕੋਈ ਬੁਰਾ ਕਰ ਜਾਂਦਾ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਭੁਲਾਉਣ ਦੀ ਕੋਸ਼ਿਸ਼ ਕਰੋ।

ਮੇਰੀ ਬੇਟੀ ਦੇ ਮੈਡੀਕਲ ਕਾਲਜ ਵਿੱਚ ਦਾਖਲੇ ਵੇਲੇ ਸਾਡੇ ਨਾਲ਼ ਧੋਖਾ ਹੋ ਗਿਆ। ਗੁਜਰਾਤ ਦੇ ਇੱਕ ਕਾਲਜ ਵਿੱਚ ਦਾਖ਼ਲਾ ਹੋਇਆ। ਸਾਰੀ ਫੀਸ ਜਮ੍ਹਾਂ ਹੋ ਗਈ। ਇੱਕ ਮਹੀਨਾ ਕਲਾਸਾਂ ਵੀ ਲੱਗੀਆਂ। ਇਸ ਤੋਂ ਬਾਅਦ ਪਤਾ ਲੱਗਾ ਕਿ ਕਾਲਜ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਸੀ ਜਿਸ ਵਿੱਚ ਉਹ ਹਾਰ ਗਏ। ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜ ਦਿੱਤਾ। ਫੀਸ ਵਾਪਸ ਕਰਨ ਵਿੱਚ ਕਾਲਜ ਵਾਲੇ ਆਨਾ-ਕਾਨੀ ਕਰਨ ਲੱਗ ਪਏ। ਮੈਂ ਗੁਜਰਾਤ ਵਿੱਚ ਪੁਲਿਸ ਕੰਪਲੇਂਟ ਕਰ ਕੇ ਵਾਪਸ ਆ ਕੇ ਆਪਣੇ ਕੰਮ ਵਿੱਚ ਰਮ ਗਿਆ। ਮੈਂਨੂੰ ਪਤਾ ਸੀ ਕਿ ਮੈਂ ਇੰਨੀ ਦੂਰ ਜਾ ਕੇ ਇਸ ਕੇਸ ਦੀ ਪੈਰਵੀ ਨਹੀਂ ਕਰ ਸਕਦਾ। ਇਸ ਰਕਮ ਨੂੰ ਘਾਟੇ ਵਾਲੇ ਖਾਤੇ ਵਿੱਚ ਲਿਖ ਦਿੱਤਾ। ਪਰ ਵਕਤ ਦਾ ਪਹੀਆ ਆਪਣੀ ਰਫਤਾਰ ਨਾਲ ਚਲਦਾ ਰਹਿੰਦਾ ਹੈ। ਸਾਲ ਬਾਅਦ ਮੈਂਨੂੰ ਵਕੀਲ ਦਾ ਫੋਨ ਆਇਆ ਕਿ ਤੁਹਾਡਾ ਕੇਸ ਹੁਣ ਸਿਰੇ ਲੱਗ ਗਿਆ ਹੈ। ਕਾਲਜ ਫੀਸ ਮੋੜਨ ਲਈ ਤਿਆਰ ਹੋ ਗਿਆ ਹੈ, ਤੁਸੀਂ ਆ ਕੇ ਲੈ ਜਾਓ। ਪਹਿਲੀ ਬਾਰ ਘਾਟੇ ਵਾਲੇ ਖਾਤੇ ਵਿੱਚ ਕੋਈ ਵਾਪਸੀ ਹੋਈ ਸੀ।

ਬਹੁਤ ਵਾਰੀ ਬੱਚਿਆਂ ਤੋਂ ਵੀ ਨੁਕਸਾਨ ਹੋ ਜਾਂਦਾ ਹੈ। ਅੱਜਕਲ ਆਨਲਾਈਨ ਖਰੀਦਦਾਰੀ ਕਰਨ ਦਾ ਸਮਾਂ ਆ ਗਿਆ ਹੈ। ਮੇਰਾ ਬੇਟਾ ਇੰਜਨੀਅਰ ਹੈ। ਉਸ ਨੂੰ ਕੰਪਿਊਟਰ ਦੇ ਕਿਸੇ ਪੁਰਜ਼ੇ ਦੀ ਲੋੜ ਸੀ। ਆਨਲਾਈਨ ਲੱਭਦੇ-ਲੱਭਦੇ ਉਸ ਨੂੰ ਦੋ ਤਿੰਨ ਜਗ੍ਹਾ ’ਤੇ ਉਹ ਪੁਰਜ਼ਾ ਦਿਖਾਈ ਦਿੱਤਾ। ਦੋ ਕੰਪਨੀਆਂ ਤਾਂ ਬਹੁਤ ਮਸ਼ਹੂਰ ਸਨ ਤੇ ਉਨ੍ਹਾਂ ਦੀ ਕਈ ਸਾਲਾਂ ਤੋਂ ਦੁਕਾਨਦਾਰੀ ਚੱਲ ਰਹੀ ਸੀ। ਤੀਸਰੀ ਕੰਪਨੀ ਨਵੀਂ ਲਗਦੀ ਸੀ ਪਰ ਸਭ ਤੋਂ ਘੱਟ ਕੀਮਤ ਦੱਸ ਰਹੀ ਸੀ। ਘੱਟ ਕੀਮਤ ਦੇ ਲਾਲਚ ਵਿੱਚ ਆ ਕੇ ਮੇਰੇ ਬੇਟੇ ਨੇ ਉਸ ਕੰਪਨੀ ਨੂੰ ਆਰਡਰ ਦੇ ਦਿੱਤਾ। ਉਹਨਾਂ ਨੇ ਸਾਰੇ ਪੈਸੇ ਅਗਾਊਂ ਮੰਗੇ ਤਾਂ ਉਹ ਵੀ ਦੇ ਦਿੱਤੇ। ਮੈਂ ਥੋੜ੍ਹਾ ਸ਼ੱਕ ਜ਼ਾਹਰ ਕੀਤਾ ਤਾਂ ਉਸ ਨੇ ਕਿਹਾ “ਬੈਂਕ ਤੋਂ ਬੈਂਕ ਵਿੱਚ ਪੈਸੇ ਜਾ ਰਹੇ ਹਨ, ਕੰਪਨੀ ਕਿੱਥੇ ਭੱਜ ਜਾਏਗੀ? ਕੁਝ ਨਹੀਂ ਹੁੰਦਾ।” ਤਿੰਨ ਚਾਰ ਦਿਨ ਜਦੋਂ ਕੋਈ ਸੂਚਨਾ ਨਾ ਆਈ ਤਾਂ ਮੇਰੇ ਬੇਟੇ ਨੇ ਕੰਪਨੀ ਨੂੰ ਫੋਨ ਕਰਨਾ ਸ਼ੁਰੂ ਕੀਤਾ। ਪਹਿਲਾਂ ਕੁਝ ਦਿਨ ਟਾਲ ਮਟੋਲ ਕਰਦੇ ਰਹੇ ਫਿਰ ਹੋਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਮੈਂ ਸਮਝਾਇਆ, “ਇਹੋ ਜਿਹੀਆਂ ਕੰਪਨੀਆਂ ਫਰਾਡ ਵੀ ਹੋ ਸਕਦੀਆਂ ਹਨ। ਪਹਿਲੇ ਪੈਸੇ ਡੁੱਬ ਚੁੱਕੇ ਹਨ, ਹੁਣ ਹੋਰ ਨਹੀਂ ਫਸਾਉਣੇ।”

ਬੇਟੇ ਨੂੰ ਬਹੁਤ ਪਛਤਾਵਾ ਹੋਇਆ। ਮੈਂ ਕਿਹਾ, “ਇਨਸਾਨ ਗਲਤੀਆਂ ਕਰਕੇ ਹੀ ਸਿੱਖਦਾ ਹੈ। ਤੈਨੂੰ ਸਮਝ ਆ ਗਈ ਹੈ ਕਿ ਇਸ ਤਰ੍ਹਾਂ ਹਰ ਕਿਸੇ ’ਤੇ ਭਰੋਸਾ ਨਹੀਂ ਕਰਨਾ ਅਤੇ ਅਡਵਾਂਸ ਪੈਸੇ ਕਿਸੇ ਨੂੰ ਨਹੀਂ ਦੇਣੇ। ਜੋ ਵੀ ਚੀਜ਼ ਲੈਣੀ ਹੈ, ਦੁਕਾਨ ਤੋਂ ਲੈਣ ਦੀ ਕੋਸ਼ਿਸ਼ ਕਰੀਂ ਤਾਂ ਕਿ ਖਰਾਬ ਹੋਣ ’ਤੇ ਕੱਲ੍ਹ ਨੂੰ ਉਲਾਂਭਾ ਵੀ ਦੇ ਸਕੇਂ। ਜਿਹੜਾ ਪੈਸਿਆਂ ਦਾ ਨੁਕਸਾਨ ਹੋ ਗਿਆ ਹੈ ਉਸ ਨੂੰ ਘਾਟੇ ਵਾਲੇ ਖਾਤੇ ਵਿੱਚ ਲਿਖ ਦੇ।”

ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਚੰਗੇ ਮਾੜੇ ਕਰਮਾਂ ਦਾ ਹਿਸਾਬ ਤਾਂ ਅਗਲੇ ਘਰ ਜਾ ਕੇ ਹੋਣਾ ਹੈ। ਸੋ ਜੇ ਆਪਣੀ ਜ਼ਮੀਰ ਨੂੰ ਸਾਫ਼ ਰੱਖੀਏ, ਵਰਤਮਾਨ ਵਿੱਚ ਜ਼ਿੰਦਗੀ ਗੁਜ਼ਾਰੀਏ, ਡੁੱਲ੍ਹੇ ਬੇਰਾਂ ’ਤੇ ਨਾ ਰੋਈਏ, ਭਵਿੱਖ ਦੀ ਚਿੰਤਾ ਵਿੱਚ ਰਾਤਾਂ ਦੀ ਨੀਂਦ ਖਰਾਬ ਨਾ ਕਰੀਏ ਅਤੇ ਘਾਟੇ ਵਾਲਾ ਖਾਤਾ ਲਗਾ ਕੇ ਰੱਖੀਏ ਤਾਂ ਜ਼ਿੰਦਗੀ ਗ਼ੁਲਜ਼ਾਰ ਬਣ ਸਕਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2902)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਅਰਵਿੰਦਰ ਸਿੰਘ ਨਾਗਪਾਲ

ਡਾ. ਅਰਵਿੰਦਰ ਸਿੰਘ ਨਾਗਪਾਲ

Phone: (91 - 98151 - 77324)
Email: (gadssldh@gmail.com)