JagjiwanKaur7ਸੁਰ ਤੇ ਤਾਲ ਦੇ ਸੰਗਮ ਤੋਂ ਬਿਨਾਂ ਵੀ,   ਗਾਏ ਜਾ ਸਕਦੇ ਨੇ,   ਗੀਤ ਦਰਦਾਂ ਦੇ ...
(ਮਈ 11, 2016)

 

            1.

     ਦੁਨੀਆਂ ਗੋਲ਼ ਹੈ

ਕਹਿੰਦੇ ਨੇ ਇਹ ਦੁਨੀਆਂ ਗੋਲ ਹੈ,

ਤੇ ਬੜੀ ਛੋਟੀ ਹੈ ...
ਪਰ
ਸਾਰੀ ਉਮਰ ਬੀਤ ਜਾਂਦੀ ਹੈ,
ਰੂਹ ਦਾ ਹਾਣੀ ਭਾਲਦਿਆਂ।

ਭੇਖ ਫ਼ਕੀਰੀ ਦਾ ਵੀ ਕਰ ਕੇ,
ਕੀ ਲੈਣਾ ...
ਮੁੱਦਤਾਂ ਬਾਅਦ ਹੈ ਮੇਲ਼ ਹੋਇਆ,
ਬੱਸ ਰੱਜ ਕੇ ਜੀ ਲੈਣਾ,
ਬੱਸ ਰੱਜ ਕੇ ਜੀ ਲੈਣਾ।

ਮਾਇਆ ਜਾਲ਼ ਤੋਂ ਬਾਹਰ,
ਨਿਕਲ ਕੇ ਵੀ ਦੇਖ ਜ਼ਰਾ,
ਝੁੱਗੀਆਂ ਵਾਲੇ ਕੁਝ ਲੋਕ ਵੀ,
ਖੁਸ਼ ਨੇ ਇੱਥੇ ...
ਬੱਸ ਉਹਨਾਂ ਨੇ,
ਸਬਰ ਨਾਲ ਜਿਊਣਾ ਹੈ ਸਿੱਖ ਲਿਆ।

ਸੁਰ ਤੇ ਤਾਲ ਦੇ ਸੰਗਮ ਤੋਂ ਬਿਨਾਂ ਵੀ,
ਗਾਏ ਜਾ ਸਕਦੇ ਨੇ,
ਗੀਤ ਦਰਦਾਂ ਦੇ ...
ਬਸ਼ਰਤੇ ਦਿਲ ਜਖ਼ਮੀਹੋਣਾ ਚਾਹੀਦਾ ਹੈ।

ਰਿਸ਼ਤਿਆਂ ਦੇ ਇਹ ਚਾਬਕ’,
ਰੋਜ਼ ਛੱਡ ਦਿੰਦੇ ਨੇ ਨਿਸ਼ਾਨ,
ਤੇ ਫਿਰ ਵੀ ...
ਇਹ ਲਹੂ-ਲੁਹਾਣ ਪਿੰਡਾ,
ਵਿਛ ਜਾਂਦਾ ਹੈ ...
ਉਹੀ ਰਿਸ਼ਤੇ ਬਚਾਉਣ ਲਈ।

             **

               2.

ਪਿੰਜਰੇ ਦਾ ਬੂਹਾ ਖੁੱਲ੍ਹਾ ਰੱਖੀਂ

ਤੂੰ ਪਿੰਜਰੇ ਦਾ ਬੂਹਾ ਖੁੱਲ੍ਹਾ ਰੱਖੀਂ
ਮੈਂ ਪਰਤ ਇੱਥੇ ਹੀ ਆਵਾਂਗੀ
ਬਸ ਜ਼ਰਾ ਰੰਗ ਮਾਣ ਲੈਣ ਦੇ
ਖੁੱਲ੍ਹੀਆਂ ਹਵਾਵਾਂ ਦੇ

ਹੇ ਮੇਰੇ ਰਹਿਬਰ,
ਤੂੰ ਕਿਉਂ ਨਹੀਂ ਜਾਣਦਾ
ਮੁੱਠੀ ਘੁੱਟਿਆਂ ਰੇਤ ਖਿਸਕ ਜਾਂਦੀ ਹੈ ਸਾਰੀ

ਤੇ ਹੱਥ ਕੁੱਝ ਨਹੀਂ ਰਹਿੰਦਾ

ਰੱਖ ਭਰੋਸਾ ਆਪਣੀ ਚੋਗ ’ਤੇ
ਮੇਰੇ ’ਤੇ ਖੰਭਾਂ ’ਤੇ।

ਸਾਰੇ ਬ੍ਰਹਿਮੰਡ ਦੀ ਥਾਹ ਤੇ ਮੈਂ ਪਾਉਣੀ ਨਹੀਂ
ਬੱਸ ਮੈਨੂੰ ਮੇਰੇ ਹਿੱਸੇ ਦਾ ਅਕਾਸ਼ ਤੱਕ ਲੈਣ ਦੇ ਜ਼ਰਾ
ਬੱਸ ਤੂੰ
ਪਿੰਜਰੇ ਦਾ ਬੂਹਾ ਖੁੱਲ੍ਹਾ ਰੱਖੀਂ,
ਮੈਂ ਪਰਤ ਇੱਥੇ ਹੀ ਆਵਾਂਗੀ।

             **

                      3.

                  ਹਾਰਾ

ਵਿਚਾਰਾ ਹਾਰਾਹਰ ਵਕਤ ਧੁਖਦਾ ਹੀ ਰਹਿੰਦਾ ਹੈ,
ਕਦੇ ਕਦੇ ਉਸਦੇ ਦਿਲ ਵਿੱਚ ਵੀ ਡੋਬ ਜਿਹਾ ਪੈਂਦਾ ਹੈ,
ਹੇ ਰੱਬਾ ਮੇਰੀ ਜ਼ਿੰਦਗੀ ਕਿਉਂ ਬਣਾਈ ਇਹੋ ਜਿਹੀ,
ਸੂਹੀ-ਸੂਹੀ, ਲਾਲ-ਲਾਲ ਲਾਟ ਲੈ ਜਾਵੇ ਹੋਰ ਕੋਈ
ਤੇ ਮੈਂ ਧੁਖ-ਧੁਖ ਕੇ ਬਲਦਾ ਰਹਾਂ,
ਤੇ ਫਿਰ ਵੀ ਲੁਕਾਈ ਦੀਆਂ ਸੱਧਰਾਂ ਪੂਰੀਆਂ ਕਰਦਾ ਰਹਾਂ।

ਕਿਸੇ ਨੂੰ ਬਹੁਤਾ ਵੀ ਤੰਗ ਕਰਨਾ ਠੀਕ ਨਹੀਂ,
ਧੁਖ-ਧੁਖ ਕੇ ਮੇਰਾ ਅੰਦਰ ਕਾਲਾ ਹੋ ਗਿਆ,
ਹੁਣ ਰੱਬਾ ਤੂੰ ਹੀ ਦੱਸ,
ਮੈਂ ਕਾਲਖ ਨਾ ਵੰਡਾਂ, ਧੂੰਆਂ ਨਾ ਵੰਡਾਂ ...,
ਮੇਰੇ ਅੰਦਰ ਜੋ ਤੂੰ ਪਾਇਆ ਹੈ
ਮੈਂ ਉਹੀ ਵੰਡਾਂਗਾ।

ਕਾਸ਼! ਅਗਲੀ ਵਾਰੀ ਮੈਂ ਵੀ ਚੁੱਲ੍ਹਾ ਬਣ ਜਾਵਾਂ
ਜੀਵਨਵਾਗੂੰ ਹਰ ਚੰਗੀ-ਮਾੜੀ,
ਸੁੱਕੀ-ਗਿਲੀ ਲੱਕੜੀ
ਬਣ ਜਾਵੇ ਅੰਗਿਆਰ ਮੇਰੇ ਅੰਦਰ।

               **

                4.

           ਕੁਝ ਪਲ

ਇੱਕ ਸੁਪਨਾ ਮੈਨੂੰ ਰੋਜ਼ ਰਾਤ ਨੂੰ ਆਵੇ
ਸੁਪਨੇ ਦੇ ਵਿੱਚ ਇੱਕ ਬੁੱਢੀ ਮਾਈ
ਇੱਕ ਗੱਲ ਰਾਜ਼ ਦੀ ਸਮਝਾਵੇ ...

ਅਗਨੀ ਪ੍ਰੀਖਿਆ
ਹਰ ਯੁੱਗ ਵਿੱਚ ਹੁੰਦੀ ਹੈ
ਵੇਖੀ ਤੂੰ ...
ਸੋਚ ਲਵੀਂ ਸਮਝ ਲਵੀਂ
ਮੇਰੀ ਧੀ।

ਫਿਰ ਇੱਕ ਦਿਨ ਮੈਂ ਉਸ ਬੁੱਢੀ ਮਾਈ
ਦੀ ਬਾਂਹ ਫੜ੍ਹ
ਇਹ ਕਹਿ ਹੀ ਦਿੱਤਾ

ਇਸ ਮਨੁੱਖੀ ਜਨਮ ਵਿੱਚ ਮਾਈ
ਦੱਸ ਕਿੰਨੀ ਕੁ ਵਾਰੀ ਆਉਣਾ ਏ।
ਨਾ ਮੈਂ ਕੁਝ ਸਮਝਣਾ ਤੇ ਨਾ
ਕੁਝ ਸਮਝਾਉਣਾ ਏ
ਬੱਸ ਮੈਂ ਤਾਂ
ਕੁਝ ਕੁ ਪਲ ਜਿਊਣਾ ਹੈ।
ਬੱਸ ... ਕੁਝ ਕੁ ਪਲ ਜਿਊਣਾ ਹੈ।

              **

          5.

      ਦੁਨੀਆਂ

ਮਾਂ ਦੁਨੀਆਂ ਕਿੰਨੀ ਕੁ ਏ?
ਦੋਵੇਂ ਹੱਥ ਖੋਲ੍ਹ ਧੀ,
ਪੁੱਛਿਆ ਮਾਂ ਕੋਲੋਂ।
ਇੰਨੀ ... ਇੰਨੀ ... ਕਿ ਇੰਨੀ?

ਬੱਸ- ਬੱਸ- ਬੱਸ,
ਮੇਰੀ ਧੀ,
ਜਿੰਨੀ ਖੁੱਲ੍ਹੀ ਤੇ ਉੱਚੀ ਤੇਰੀ
ਸੋਚ ...
ਦੁਨੀਆਂ ਹੈ ਉੰਨੀ ਵੱਡੀ।

ਮਾਂ ਕੀ ਮੈਂ ਉੱਡ ਸਕਦੀ ਹਾਂ
ਖੰਭ ਖੋਲ੍ਹ ਕੇ?

ਹਾਂ ਮੇਰੀ ਧੀ
ਬੱਸ ਉਦੋਂ ...
ਜਦੋਂ ਤੇਰੇ ਮਾਲਕ ਨੂੰ ਤੇਰੇ ’ਤੇ ਭਰੋਸਾ
ਤੇ ਤੈਨੂੰ ਆਪਣੇ ਖੰਭਾਂ ’ਤੇ ਯਕੀਨ
ਪਰ ਇੱਕ ਗੱਲ ਯਾਦ ਰੱਖੀਂ
ਮੇਰੀ ਧੀ
ਤੂੰ ਹੈ ਪਿੰਜਰੇ ਦਾ ਪੰਛੀ
ਬਸ ਪਰਤ ਆਵੀਂ
ਬਸ ਪਰਤ ਆਵੀਂ।

    *****

(283)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਜਗਜੀਵਨ ਕੌਰ

ਜਗਜੀਵਨ ਕੌਰ

Ludhiana, Punjab, India.

Email: (jiwanjassi@gmail.com)