TrailochanLochi7“ਅੱਜ ਤਾਂ ਛਿੱਤਰ ਪਰੇਡ ਪੱਕੀ ਸਮਝ। ਬਾਪੂ ਨੂੰ ਕਿਵੇਂ ਸਮਝਾਏਂਗਾ?” ਭੁਪਿੰਦਰ ਨੇ ਹੌਲੇ ਜਿਹੇ ਆਤਮਾ ਸਿੰਘ ਨੂੰ ...”
(4 ਜੁਲਾਈ 2021)

 

ਪਿਛਾਂਹ ਨੂੰ ਪਰਤ ਕੇ ਜਦ ਵੇਖਦਾ ਹਾਂ,
ਬੜਾ ਕੁਝ ਤੁਰਦਾ ਨਾਲੋ-ਨਾਲ ਮੇਰੇ

ਕਦੇ ਕਦੇ ਜਦੋਂ ਉਪਰੋਕਤ ਸ਼ਿਅਰ ਮੇਰੇ ਜ਼ਿਹਨ ਵਿੱਚ ਘੁੰਮਦਾ ਹੈ ਤਾਂ ਸੱਚਮੁੱਚ ਉਦੋਂ ਬੜਾ ਕੁਝ ਨਾਲੋ-ਨਾਲ ਹੋ ਤੁਰਦਾ ਹੈਅਤੀਤ ਦੇ ਕਈ ਪਲ ਚੇਤਿਆਂ ਵਿੱਚ ਆ ਜਾਂਦੇ ਨੇਉਹਨਾਂ ਵਿੱਚੋਂ ਕਈ ਖ਼ੂਬਸੂਰਤ ਪਲਾਂ ਦਾ ਆਪਣਾ ਹੀ ਰੰਗ ਹੁੰਦਾ ਹੈ ਤੇ ਅੱਜ ਮੇਰੇ ਕਾਲਜ ਦਾ ਮਿੱਤਰ ਆਤਮਾ ਸਿੰਘ ਬਰਾੜ ਮੇਰੇ ਚੇਤਿਆਂ ਵਿੱਚ ਆਣ ਬੈਠਾ ਹੈਸਾਊ, ਸ਼ਰਮਾਊ ਤੇ ਮੁਹੱਬਤੀ ਇਨਸਾਨ ਸਾਡੇ ਸਭਨਾਂ ਦਾ ਬੜਾ ਹੀ ਪਿਆਰਾ ਮਿੱਤਰਸੰਗਾਊ ਇੰਨਾ ਕਿ ਕੁੜੀਆਂ ਨਾਲ ਜੇ ਗੱਲ ਕਰਨੀ ਪੈ ਜਾਂਦੀ ਤਾਂ ਉਸ ਦੇ ਭਾਅ ਦੀ ਬਣ ਜਾਂਦੀ, ਬੱਸ ਉਹ ਉੱਥੋਂ ਖਿਸਕਣ ਦੀ ਕਰਦਾਅਸੀਂ ਬਾਅਦ ਵਿੱਚ ਉਸ ਨੂੰ ਮਜ਼ਾਕ ਕਰਦੇ ਤਾਂ ਉਹ ਹਰ ਗੱਲ ਹੱਸ ਕੇ ਟਾਲ ਜਾਂਦਾ ਪਰ ਜਦੋਂ ਉਹ ਕਬੱਡੀ ਦੇ ਮੈਦਾਨ ਵਿੱਚ ਜਾਂਦਾ, ਰੇਡ ਪਾਉਂਦਾ ਤਾਂ ਵਿਰੋਧੀਆਂ ਵਿੱਚ ਹਲਚਲ ਪੈਦਾ ਹੋ ਜਾਂਦੀ ਤੇ ਉਹ ਵਿਰੋਧੀਆਂ ਦੀਆਂ ਛਾਲਾਂ ਚੁਕਾ ਦਿੰਦਾਹਰ ਪਾਸੇ ਆਤਮਾ ਆਤਮਾ ਹੁੰਦੀ

ਅੱਜ ਕਾਲਜ ਸਮੇਂ ਦੀ ਇੱਕ ਬਹੁਤ ਹੀ ਖ਼ੂਬਸੂਰਤ ਘਟਨਾ ਚੇਤਿਆਂ ਵਿੱਚ ਆਈ ਹੈ, ਜਿਸਦਾ ਸਿੱਧਾ ਸੰਬੰਧ ਆਤਮਾ ਸਿੰਘ ਨਾਲ ਹੈਇੱਕ ਵਾਰ ਸਾਡੇ ਸਰਕਾਰੀ ਕਾਲਜ ਮੁਕਤਸਰ ਵਿੱਚ ਗੂੰਗੇ ਤੇ ਬਹਿਰੇ ਸਕੂਲੀ ਬੱਚਿਆਂ ਦਾ ਇੱਕ ਟਰੁੱਪ ਘੁੰਮਣ ਲਈ ਆਇਆਮੁੱਖ ਮਕਸਦ ਇਹ ਸੀ ਕਿ ਉਹਨਾਂ ਬੱਚਿਆਂ ਨੂੰ ਦਿਖਾਉਣਾ ਕਿ ਕਾਲਜ ਕਿਸ ਤਰ੍ਹਾਂ ਦੇ ਹੁੰਦੇ ਨੇ, ਉੱਥੋਂ ਦਾ ਮਾਹੌਲ ਕਿਹੋ ਜਿਹਾ ਹੁੰਦਾ ਹੈ ਤੇ ਕਲਾਸਾਂ ਵਿੱਚ ਵਿਦਿਆਰਥੀ ਕਿਵੇਂ ਪੜ੍ਹਦੇ ਨੇਉਹ ਮਾਸੂਮ ਬਾਲ ਆਪਣੇ ਇੰਚਾਰਜ ਮੈਡਮ ਨਾਲ ਹਰ ਕਲਾਸ ਵਿੱਚ ਜਾ ਰਹੇ ਸਨਜਦੋਂ ਉਹ ਨਿੱਕੇ ਨਿੱਕੇ ਬੱਚੇ ਆਪਣੀ ਮੈਡਮ ਸਮੇਤ ਸਾਡੀ ਕਲਾਸ ਵਿੱਚ ਆਏ ਤਾਂ ਅਸੀਂ ਸਭਨਾਂ ਨੇ ਖੜ੍ਹੇ ਹੋ ਕੇ, ਤਾੜੀਆਂ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾਬੱਚੇ ਬੜੇ ਹੀ ਪਿਆਰ ਨਾਲ ਸਾਡੇ ਵੱਲ ਦੇਖ ਰਹੇ ਸਨਉਹਨਾਂ ਗੂੰਗੇ ਤੇ ਬਹਿਰੇ ਬਾਲਾਂ ਨੂੰ ਦੇਖ ਕੇ ਸਾਡੇ ਮਨ ਪਸੀਜੇ ਗਏਉਹਨਾਂ ਦੇ ਮੈਡਮ ਸਾਨੂੰ ਸਾਰਿਆਂ ਨੂੰ ਮੁਖ਼ਾਤਿਬ ਹੋ ਕੇ ਕਹਿਣ ਲੱਗੇ, “ਪਿਆਰੇ ਵਿਦਿਆਰਥੀਓ, ਇਹ ਨਿੱਕੇ ਨਿੱਕੇ ਬਾਲ ਗੂੰਗੇ ਤੇ ਬਹਿਰੇ ਨੇ ਤੇ ਇਸ ਤੋਂ ਵੀ ਵੱਧ ਦੁੱਖ ਦੀ ਗੱਲ ਇਹ ਹੈ ਕਿ ਇਹ ਵਿਚਾਰੇ ਸਾਰੇ ਹੀ ਅਨਾਥ ਨੇ ਫਿਰ ਵੀ ਇਹਨਾਂ ਦੇ ਸਿਦਕ ਤੇ ਸਿਰੜ ਦੇਖੋ, ਇਹ ਪੜ੍ਹ ਰਹੇ ਨੇ ਤੇ ਨਾਲ ਨਾਲ ਨਿੱਕਾ ਮੋਟਾ ਕੰਮ ਵੀ ਕਰ ਰਹੇ ਨੇਤੁਸੀਂ ਆਪਣੀ ਇੱਛਾ ਮੁਤਾਬਕ ਇਹਨਾਂ ਦੀ ਜੋ ਵੀ ਮਦਦ ਕਰੋਗੇ, ਇਹਨਾਂ ਅਨਾਥ ਬਾਲਾਂ ਨੂੰ ਬਹੁਤ ਖੁਸ਼ੀ ਹੋਵੇਗੀ

ਇੰਨਾ ਕਹਿ ਕੇ ਮੈਡਮ ਬੜੀ ਹੀ ਆਸ ਨਾਲ ਸਾਡੇ ਵੱਲ ਦੇਖਣ ਲੱਗੇ ਤੇ ਅਸੀਂ ਸਾਰੇ ਵਿਦਿਆਰਥੀ ਇੱਕ ਦੂਜੇ ਵੱਲ ਤੱਕਣ ਲੱਗੇ, ਕਿਉਂਕਿ ਇੱਕ ਦੂਜੇ ਦੇ ਹੱਥਾਂ ਵਿੱਚੋਂ ਖੋਹ ਖੋਹ ਕੇ ਸਮੋਸੇ ਖਾਣ ਵਾਲੇ ਤੇ ਚਾਹ ਪੀਣ ਵਾਲੇ ਸੂਰਮਿਆਂ ਉੱਤੇ ਸੱਚਮੁੱਚ ਹੀ ਇਹ ਇੱਕ ਔਖੀ ਘੜੀ ਸੀਘਰੋਂ ਦੋ ਦੋ ਰੁਪਏ ਖਿਸਕਾ ਕੇ ਚੋਰੀ ਫਿਲਮ ਵੇਖਣ ਵਾਲੇ ਯੋਧਿਆਂ ’ਤੇ ਸੱਚਮੁੱਚ ਹੀ ਇਹ ਸੰਕਟ ਦਾ ਸਮਾਂ ਸੀਸੂਰਮਿਆਂ ਲਈ ਮਾਹੌਲ ਥੋੜ੍ਹਾ ਜਿਹਾ ਵਿਗੜਿਆ ਹੋਇਆ ਸੀ ਪਰ ਅਚਾਨਕ ਸਾਡਾ ਮਿੱਤਰ ਆਤਮਾ ਸਿੰਘ ਆਪਣੀ ਸੀਟ ਤੋਂ ਉੱਠਿਆ ਤੇ ਆਪਣੀ ਜੇਬ ਵਿੱਚੋਂ ਸੌ ਸੌ ਦੇ ਪੰਜ ਨੋਟ ਕੱਢ ਕੇ ਉਸ ਨੇ ਬੜੇ ਹੀ ਅਦਬ ਨਾਲ ਮੈਡਮ ਹੁਰਾਂ ਦੇ ਹਵਾਲੇ ਕਰ ਦਿੱਤੇਇਹ ਸੀਨ ਦੇਖ ਕੇ ਮੈਡਮ ਹੁਰਾਂ ਦੇ ਨਾਲ ਨਾਲ ਅਸੀਂ ਵੀ ਸਾਰੇ ਡੌਰ ਭੌਰ ਹੋ ਗਏ ਪਰ ਮਾਸੂਮ ਬੱਚਿਆਂ ਦੀਆਂ ਤਾੜੀਆਂ ਨਾਲ ਕਮਰਾ ਗੂੰਜ ਉੱਠਿਆਉਸ ਤੋਂ ਬਾਅਦ ਸੰਗ ਸੰਗ ਵਿੱਚ ਕਿਸੇ ਨੇ ਪੰਜ, ਕਿਸੇ ਨੇ ਦਸ ਤੇ ਕਿਸੇ ਨੇ ਵੀਹ ਰੁਪਏ ਦੇ ਕੇ ਭਰੇ ਜਿਹੇ ਮਨ ਨਾਲ ਆਪੋ ਆਪਣਾ ਯੋਗਦਾਨ ਪਾਇਆ

ਪੀਰੀਅਡ ਖ਼ਤਮ ਹੋਣ ਤੋਂ ਬਾਅਦ ਰੋਜ਼ ਵਾਂਗ ਅਸੀਂ ਸਾਰੇ ਕੰਟੀਨ ਵਿੱਚ ਜਾ ਬੈਠੇਹੈਰਾਨ ਪਰੇਸ਼ਾਨ ਹੋਏ ਸਾਰੇ ਹੀ ਆਤਮਾ ਸਿੰਘ ਵੱਲ ਦੇਖ ਰਹੇ ਸਨ, ਜਿਵੇਂ ਉਸ ਨੇ ਅੱਜ ਕੋਈ ਜੱਗੋਂ ਤੇਰ੍ਹਵੀਂ ਕਰ ਦਿੱਤੀ ਹੋਵੇਉਸ ਵੱਲੋਂ ਦਿੱਤੇ ਪੰਜ ਸੌ ਦਮੜੇ ਸਾਡੀਆਂ ਅੱਖਾਂ ਮੂਹਰੇ ਘੁੰਮ ਰਹੇ ਸੀਸਾਡਾ ਮਿੱਤਰ ਭੁਪਿੰਦਰ, ਆਤਮਾ ਸਿੰਘ ਵੱਲ ਇਸ਼ਾਰਾ ਕਰਕੇ ਬੋਲਿਆ, “ਅੱਜ ਚਾਹ ਕਿਵੇਂ ਪੀਵਾਂਗੇ, ਇਹਨੇ ਵੱਡੇ ਸੂਰਮੇ ਨੇ ਸਾਨੂੰ ਵੀ ਨੰਗ ਕਰ ਦਿੱਤਾ

ਅਜੇ ਬੋਲ ਭੁਪਿੰਦਰ ਦੇ ਮੂੰਹ ਵਿੱਚ ਹੀ ਸਨ ਕਿ ਆਤਮਾ ਸਿੰਘ ਨੇ ਆਪਣੀ ਜੇਬ ਵਿੱਚੋਂ ਪੰਜਾਹ ਰੁਪਏ ਦਾ ਨੋਟ ਕੱਢਿਆ ਤੇ ਕੰਟੀਨ ਵਾਲੇ ਪੰਡਤ ਜੀ ਨੂੰ ਚਾਹ ਤੇ ਸਮੋਸਿਆਂ ਲਈ ਕਹਿ ਦਿੱਤਾਹੁਣ ਸਾਡੇ ਕੋਲ ਨੀਵੀਆਂ ਪਾਉਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਸੀਚਾਹ ਪੀਂਦੇ ਪੀਂਦੇ ਇੱਕ ਹੋਰ ਮਿੱਤਰ ਅੰਗਰੇਜ਼ ਨੇ ਆਤਮੇ ਨੂੰ ਪੁੱਛਿਆ, “ਆਤਮਾ ਸਿਆਂ! ਇੰਨੇ ਪੈਸੇ ਤੇਰੇ ਕੋਲ ਆਏ ਤਾਂ ਆਏ ਕਿੱਥੋਂ?”

“ਯਾਰ! ਅੱਜ ਤੜਕੇ ਬਾਪੂ ਨੇ ਕਿਹਾ ਸੀ ਕਿ ਆੜ੍ਹਤੀਏ ਕੋਲੋਂ ਪੰਜ ਸੌ ਰੁਪਏ ਫੜ ਕੇ ਲਿਆਈਂ ਘਰੇ ਬਹੁਤ ਹੀ ਤੰਗੀ ਫੰਗੀ ਹੈਇਹ ਉਹੀ ਆੜ੍ਹਤੀਏ ਆਲੇ ਹੀ ਪੈਸੇ ਸਨ ਯਾਰ ਮੈਥੋਂ ਅਨਾਥ ਬੱਚਿਆਂ ਦੇ ਚਿਹਰੇ ਦੇਖੇ ਨਹੀਂ ਗਏ, ਸੱਚੀਂ ਮੇਰੇ ਕੋਲ ਹੋਰ ਪੈਸੇ ਹੁੰਦੇ ਤਾਂ ਉਹ ਵੀ ਮੈਂ ਦੇ ਦਿੰਦਾ

ਇੰਨਾ ਆਖ ਕੇ ਆਤਮਾ ਸਿੰਘ ਚੁੱਪ ਕਰ ਗਿਆ ਪਰ ਅਸੀਂ ਸਾਰਿਆਂ ਨੇ ਉਸਦੇ ਚਿਹਰੇ ’ਤੇ ਪਹਿਲੀ ਵਾਰ ਇੰਨੀ ਉਦਾਸੀ ਦੇਖੀ ਸੀ

“ਮਿੱਤਰਾ! ਹੁਣ ਬਾਪੂ ਨੂੰ ਕੀ ਜਵਾਬ ਦਏਂਗਾਅੱਜ ਤਾਂ ਛਿੱਤਰ ਪਰੇਡ ਪੱਕੀ ਸਮਝ ਬਾਪੂ ਨੂੰ ਕਿਵੇਂ ਸਮਝਾਏਂਗਾ?” ਭੁਪਿੰਦਰ ਨੇ ਹੌਲੇ ਜਿਹੇ ਆਤਮਾ ਸਿੰਘ ਨੂੰ ਪੁੱਛਿਆ

“ਯਾਰ, ਬਾਪੂ ਇੱਡਾ ਮਾੜਾ ਤਾਂ ਨਹੀਂ” ਇੰਨੀ ਗੱਲ ਕਹਿ ਕੇ ਆਤਮਾ ਸਿੰਘ ਸਾਡੇ ਸਾਰਿਆਂ ਤੋਂ ਬਾਜ਼ੀ ਮਾਰ ਗਿਆਜਿਵੇਂ ਕਬੱਡੀ ਖੇਡਦਾ ਉਹ ਮੈਦਾਨ ਵਿੱਚ ਵਿਰੋਧੀਆਂ ਨੂੰ ਚਿੱਤ ਕਰਦਾ ਸੀ, ਅੱਜ ਸਰੇਆਮ ਚਿੱਟੇ ਦਿਨ ਉਹ ਸਾਨੂੰ ਸਾਰਿਆਂ ਨੂੰ ਚਿੱਤ ਕਰ ਗਿਆ

ਮੈਂ ਮਨ ਹੀ ਮਨ ਵਿੱਚ ਉਸ ਵੱਲੋਂ ਕੀਤੇ “ਸੱਚੇ ਸੌਦੇ” ਨੂੰ ਸਲਾਮ ਕਰ ਰਿਹਾ ਸਾਂਅੱਜ ਵੀ ਜਦੋਂ ਆਤਮਾ ਸਿੰਘ ਮੇਰੇ ਚੇਤਿਆਂ ਵਿੱਚ ਆਉਂਦਾ ਹੈ ਤਾਂ ਮੈਂ ਉਸ ਨੂੰ ਪੌਣਾਂ ਹੱਥੀਂ ਸਲਾਮ ਭੇਜ ਦਿੰਦਾ ਹਾਂ ...

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2878)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਤ੍ਰੈਲੋਚਨ ਲੋਚੀ

ਤ੍ਰੈਲੋਚਨ ਲੋਚੀ

Ludhiana, Punjab, India.
Phone: (91 - 98142 - 53315)
Email: (trailochanlochi68@gmail.com)