HarmitAtwal7ਗੁੰਝਲਦਾਰ ਇਨਸਾਨੀ ਨਾਤੇਦਾਰੀਆਂ ਵਿਚਲੀ ਸਾਰਥਿਕਤਾ-ਨਿਰਾਰਥਿਕਤਾ ਦੇ ਸੰਘਣੇਪਨ ਨੂੰ ...SurinderSohal7
(18 ਮਈ 2021)

 

SurinderSohal7ਪ੍ਰਤਿਭਾ ਦੇ ਕੋਸ਼ਗਤ ਅਰਥ ਸੂਝਬੂਝ, ਬੁੱਧੀ, ਸਮਝ, ਵਿਵੇਕ, ਚਮਕ, ਕੁਦਰਤੀ ਗਿਆਨ ਆਦਿ ਦੇ ਹਨ। ਇਹ ਸੂਝਬੂਝ, ਇਹ ਵਿਵੇਕ, ਇਹ ਸਮਝ ਜੇ ਬਹੁਪੱਖੀ ਹੋਵੇ, ਪ੍ਰਚੰਡ ਹੋਵੇ ਤੇ ਸਾਹਿਤਕ ਵੀ ਹੋਵੇ ਤਾਂ ਗੱਲ ਅਤਿਅੰਤ ਅਹਿਮੀਅਤ ਦੇ ਅੰਤਰਗਤ ਆ ਜਾਂਦੀ ਹੈ। ਐਸੀ ਅਹਿਮੀਅਤ ਦੀ ਪ੍ਰਾਪਤੀ ਸਾਡੇ ਨਿਊਯਾਰਕ (ਅਮਰੀਕਾ) ਨਿਵਾਸੀ ਬਹੁਪੱਖੀ ਸਾਹਿਤਕ ਪ੍ਰਤਿਭਾ ਦੇ ਮਾਲਕ ਸੁਰਿੰਦਰ ਸੋਹਲ ਨੂੰ ਹੈ ਜਿਸਨੇ ਸ਼ਾਇਰੀ ਵਿੱਚ ਤਾਂ ਸਿਰਜਣਾਤਮਕ ਕਮਾਲ ਕੀਤੀ ਹੀ ਹੈ ਸਗੋਂ ਉਸਨੇ ਕਹਾਣੀ, ਨਾਵਲ, ਵਾਰਤਕ, ਸੰਪਾਦਨ ਤੇ ਅਨੁਵਾਦ ਆਦਿ ਵਿੱਚ ਵੀ ਆਪਣੇ ਰਚਨਾਤਮਕ ਵਿਵੇਕ ਦੀ ਵਿਲੱਖਣਤਾ ਵਿਖਾਈ ਹੈ।

ਦਰਅਸਲ ਦਾਨਿਸ਼ਮੰਦਾਂ ਦੇ ਦਰਗਾਹੀ ਬੋਲ ਹਨ ਕਿ ਸਾਹਿਤਕਾਰ ਨੂੰ ਸਤਿ ਜਿਹਾ ਕੌੜਾ ਤੇ ਇਨਸਾਫ਼ ਜਿਹਾ ਨਿਰਪੱਖ ਹੋਣਾ ਚਾਹੀਦਾ ਹੈ ਕਿਉਂਕਿ ਇਸ ਵਿਸ਼ਾਲ ਬ੍ਰਹਿਮੰਡ ਵਿਚ ਬੰਦੇ ਦੀ ਹੋਂਦ ਤੂਫ਼ਾਨ ਵਿਚ ਉਡਦੇ ਤੀਲੇ ਦੀ ਨਿਆਈਂ ਹੈ। ਕਦੋਂ ਹਵਾ ਕਿੱਧਰ ਨੂੰ ਲੈ ਜਾਵੇ, ਕੋਈ ਪਤਾ ਨਹੀਂ। ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਵਸਤੂ ਯਥਾਰਥ ਦੇ ਵਿਲੱਖਣ ਵੇਰਵਿਆਂ ਦੀ ਡੂੰਘੀ ਸਮਝ ਤੋਂ ਬਿਨਾਂ ਵਿਸਥਾਰਮਈ ਬਿਰਤਾਂਤ ਸਿਰਜਿਆ ਹੀ ਨਹੀਂ ਜਾ ਸਕਦਾ। ਥਿੜਕੀ ਮਾਨਸਿਕਤਾ ਦੀਆਂ ਬੇਤਰਤੀਬੀਆਂ ਵੀ ਸੂਖਮ ਸੂਝ ਹੀ ਫੜ ਸਕਦੀ ਹੈ। ਗੁੰਝਲਦਾਰ ਇਨਸਾਨੀ ਨਾਤੇਦਾਰੀਆਂ ਵਿਚਲੀ ਸਾਰਥਿਕਤਾ-ਨਿਰਾਰਥਿਕਤਾ ਦੇ ਸੰਘਣੇਪਨ ਨੂੰ ਅਨਿਕ-ਭਾਂਤੀ ਨੁਕਤਿਆਂ ਤੋਂ ਵਾਚਣਾ-ਪਰਖਣਾ ਹਰ ਹਾਰੀ ਸਾਰੀ ਦਾ ਕੰਮ ਨਹੀਂ ਹੈ। ਤਰ੍ਹਾਂ-ਤਰ੍ਹਾਂ ਦੀਆਂ ਸੰਸਕਾਰੀ ਤਾਰਾਂ ਵਿਚ ਵਿਚ ਫਸੇ ਅਚੇਤ ਮਨਾਂ ਦੀ ਮਾਨਸਿਕਤਾ ਨੂੰ ਮੁਲਾਂਕਣਾ ਕੋਈ ਆਮ-ਫਹਿਮ ਕਾਰਜ ਨਹੀਂ ਹੈ। ਸੁਖ-ਸਹੂਲਤਾਂ ਦੇ ਜੰਨਤ ਜਾਣੇ ਜਾਂਦੇ ਮੁਲਖਾਂ ਵਿਚਲੀ ਮੋਹ-ਭੰਗ ਦੀ ਸਥਿਤੀ ਵਿੱਚੋਂ ਉਪਜੀ ਕਰੁਣਾਮਈ ਸਥਿਤੀ ਨੂੰ ਸਿਰਜਣਾ ਵੀ ਵਡੇਰੀ ਸਾਹਿਤਕ ਪ੍ਰਤਿਭਾ ਦੇ ਵੱਸ ਦੀ ਗੱਲ ਹੀ ਹੁੰਦੀ ਹੈ। ਆਤਮਿਕ ਖਲਾਅ ਨੂੰ ਖੋਜਣਾ ਖਾਲਾ ਜੀ ਦਾ ਬਾੜਾ ਨਹੀਂ। ਬਗਲਿਆਂ ਦੀ ਦੁੱਧ-ਚਿੱਟੀ ਦਿੱਖ ਵਿਚ ਛੁਪੀ ਮੱਛੀਆਂ ਖਾਣ ਵਾਲੀ ਖਸਲਤ ਨੂੰ ਜ਼ਹੀਨ ਬੁੱਧ ਹੀ ਆਪਣੀ ਪਕੜ ਵਿਚ ਲਿਆ ਸਕਦੀ ਹੈ। ਵਾਸਤਵਿਕਤਾ ਦੇ ਵਸਤਰ ਪਾ ਕੇ ਵਿਚਰਦਾ ਭਰਮ-ਭੁਲੇਖਾ ਪਾਰਖੂ ਅੱਖ ਤੋਂ ਬਚ ਨਹੀਂ ਸਕਦਾ। ਇੱਕ ਪਾਰਖੂ ਦ੍ਰਿਸ਼ਟੀ ਹੀ ਨਾਅਰੇ ਤੇ ਨੁਸਖ਼ੇ ਵਿਚਲਾ ਫ਼ਰਕ ਗ੍ਰਹਿਣ ਕਰ ਸਕਦੀ ਹੈ। ਇਹ ਵੀ ਕਿ ਮਨ ਦੇ ਖੱਪੇ ਕਿਸੇ ਸਥੂਲ ਵਸਤ ਨਾਲ ਨਹੀਂ ਭਰੇ ਜਾ ਸਕਦੇ। ਇਹ ਵੀ ਸਿਆਣਿਆਂ ਦਾ ਮੰਨਣਾ ਹੈ ਕਿ ਭ੍ਰਾਂਤਕ ਤੇ ਵਿਨਾਸ਼ਕ ਸੰਸਾਰ ਅਕਸਰ ਵੱਧ ਤਲਿੱਸਮੀ ਲਗਦਾ ਹੈ। ਜਦੋਂ ਪਾੜਾ ਹੀ ਦਰਾੜ ਬਣ ਜਾਵੇ ਤੇ ਮਨੁੱਖ ਇੱਕ ਸੰਤਾਪੀ ਸੱਭਿਆਚਾਰ ਦੀ ਘੁਸਮੁਸੀ ਸੁਰੰਗ ਵਿੱਚੋਂ ਮਜਬੂਰੀ ਜਾਂ ਲਾਲਚ ਵੱਸ ਲੰਘ ਰਿਹਾ ਹੋਵੇ ਤਾਂ ਉਸ ਦੀ ਹਾਲਤ ਦੀ ਨਿਰਖ-ਪਰਖ ਕਰਕੇ ਉਸ ਦੇ ਅਦਬੀ ਅਸਤਿਤਵ ਦਾ ਸਰੂਪ ਨਿਸ਼ਚਿਤ ਕਰਨਾ ਵੀ ਕਿਸੇ ਕਮਜ਼ੋਰ ਕਲਮ ਦਾ ਕੰਮ ਨਹੀਂ ਹੁੰਦਾ ਕਿਉਂਕਿ ਚੰਗੇ ਨਾਲੋਂ ਮੰਦੇ ਨੂੰ ਪੇਸ਼ ਕਰਨਾ ਹੋਰ ਵੀ ਔਖਾ ਹੁੰਦਾ ਹੈ। ਇਹ ਪੇਸ਼ਕਾਰੀ ਵੀ ਬੁੱਧੀ-ਵਿਵੇਕ ਤੇ ਕਲਮੀ ਕਾਬਲੀਅਤ ਦੀ ਮੰਗ ਕਰਦੀ ਹੈ।

ਨਚੋੜਨੁਮਾ ਨੁਕਤਾ ਇਹ ਹੈ ਕਿ ਉਪਰੋਕਤ ਵਰਣਿਤ ਤੇ ਹੋਰ ਸਾਰੀਆਂ ਸਥਿਤੀਆਂ ਤੇ ਮਨੋਸਥਿਤੀਆਂ ਨੂੰ ਕੋਈ ਬਹੁਪੱਖੀ ਪ੍ਰਤਿਭਾਸ਼ੀਲ ਕਾਬਲ ਕਲਮ ਹੀ ਸਹੀ ਸਾਹਿਤਕ ਸਰੂਪ ਦੇ ਸਕਦੀ ਹੈ। ਸੁਰਿੰਦਰ ਸੋਹਲ ਦੀ ਕਲਮ ਇਸ ਪੱਖੋਂ ਸੁਭਾਗੀ ਹੈ। ਕਾਬਲੀਅਤ ਸੰਪੰਨ ਹੈ।

ਸੁਰਿੰਦਰ ਸੋਹਲ ਦਾ ਜਨਮ ਪਿਤਾ ਜਗੀਰ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ 12 ਦਸੰਬਰ 1966 ਈ. ਨੂੰ ਪਿੰਡ ਸੰਗਲ ਸੋਹਲ (ਜਲੰਧਰ) ਵਿਚ ਹੋਇਆ। ਉੱਚ ਵਿੱਦਿਆ ਐੱਮਏ, ਐੱਮ.ਫਿਲ ਪ੍ਰਾਪਤ ਸੁਰਿੰਦਰ ਸੋਹਲ ਨੇ ਪਹਿਲਾਂ ਜਲੰਧਰੋਂ ਛਪਦੀਆਂ ਕੁਝ ਅਖ਼ਬਾਰਾਂ ਵਿਚ ਵੀ ਕੁਝ ਅਰਸਾ ਕੰਮ ਕੀਤਾ। ਕੁਝ ਕਾਲਜਾਂ ਵਿਚ ਵੀ ਪੜ੍ਹਾਇਆ ਤੇ 1997 ਵਿਚ ਅਮਰੀਕਾ ਵਿਚ ਪੁੱਜਣ ਦਾ ਸਬੱਬ ਬਣ ਗਿਆ।

ਸੁਰਿੰਦਰ ਸੋਹਲ ਮੂਲ ਰੂਪ ਵਿਚ ਸ਼ਾਇਰ ਹੈ ਭਾਵੇਂ ਉਸਨੇ ਹੁਣ ਤਕ ਹੋਰ ਬਹੁਤ ਸਾਰਾ ਉੱਚ ਪਾਏ ਦਾ ਸਾਹਿਤ ਪਾਠਕਾਂ ਦੇ ਹੱਥਾਂ ਵਿਚ ਪੁੱਜਦਾ ਕੀਤਾ ਹੈ। ਜੇ ਇੰਜ ਵੀ ਕਹਿ ਲਈਏ ਕਿ ਸੋਹਲ ਨੂੰ ਕਵਿਤਾ, ਕਹਾਣੀ, ਨਾਵਲ ਤੇ ਵਾਰਤਕ ਲਿਖਣ ਦੀ ਇੱਕੋ ਜਿੰਨੀ ਮੁਹਾਰਤ ਹੈ, ਤਾਂ ਇਹ ਵੀ ਕੋਈ ਅਤਿ ਕਥਨੀ ਨਹੀਂ ਹੋਵੇਗੀ। ਸ਼ਾਇਰੀ ਤੋਂ ਗੱਲ ਸ਼ੁਰੂ ਕਰੀਏ ਤਾਂ ‘ਖੰਡਰ ਖਾਮੋਸ਼ੀ ਤੇ ਰਾਤ’ ਅਤੇ ‘ਕਿਤਾਬ ਆਸਮਾਨ ਦੀ’, ਸੋਹਲ ਦੇ ਗ਼ਜ਼ਲ ਸੰਗ੍ਰਹਿ ਸਾਡੇ ਅਧਿਐਨ ਦਾ ਹਿੱਸਾ ਬਣਦੇ ਹਨ। ਇਸ ਤੋਂ ਅੱਗੇ ‘ਚਿਹਰੇ ਦੀ ਤਲਾਸ਼’ ਕਾਵਿ-ਸੰਗ੍ਰਹਿ ਉਸ ਦਾ ਹਿੰਦੀ ਕਾਵਿ-ਸੰਗ੍ਰਹਿ ਹੈ ਤੇ ‘ਸ਼ੀਸ਼ੇ ’ਤੇ ਖਿੜਦੇ ਫੁੱਲ’ ਉਸ ਦੀਆਂ ਚੋਣਵੀਆਂ ਗ਼ਜ਼ਲਾਂ ਹਨ ਜਿਹੜੀਆਂ ਸ਼ਾਹਮੁਖੀ ਵਿਚ ਛਪੀਆਂ ਹਨ। ‘ਇਬਾਰਤ ਚੁੱਪ ਕਿਉਂ ਹੈ?’ ਨਿਊਯਾਰਕ ਬਾਰੇ ਕਵਿਤਾਵਾਂ ਦੀ ਬੜੀ ਭਾਵਪੂਰਤ ਕਿਤਾਬ ਹੈ। ਥਾਂ ਦੇ ਸੰਜਮ ਸਨਮੁਖ ਬਹੁਤ ਸੰਖੇਪ ਵਿਚ ਵੀ ਆਖੀਏ ਤਾਂ ਆਖਿਆ ਜਾ ਸਕਦਾ ਹੈ ਕਿ ਸੁਰਿੰਦਰ ਸੋਹਲ ਦੀ ਸ਼ਾਇਰੀ ਸਾਦਗੀ ਤੋਂ ਸੰਜੀਦਗੀ ਤਕ ਦਾ ਸਫ਼ਰ ਕਰਦੀ ਹੋਈ ਪਾਠਕ ਦੇ ਮਨ-ਮਸਤਕ ਨੂੰ ਇਸ ਕਦਰ ਆਪਣੇ ਸਾਹਿਤਕ ਪ੍ਰਭਾਵ ਦੇ ਕਲਾਵੇ ਵਿੱਚ ਲੈਂਦੀ ਹੈ ਕਿ ਪਾਠਕ ਨੂੰ ਇਹ ਰਚਨਾਤਮਕ ਗੱਲਾਂ ਅਸਲ ਜ਼ਿੰਦਗੀ ਦਾ ਸ਼ੀਸ਼ਾ ਹੀ ਪ੍ਰਤੀਤ ਹੋਣ ਲਗਦੀਆਂ ਹਨ। ਸ਼ਾਇਰ ਦੀ ਇਸ ਕਦਰ ਪਾਠਕ ਜਾਂ ਸਰੋਤੇ ਦੇ ਦਿਲੋ-ਦਿਮਾਗ਼ ਤਕ ਪਹੁੰਚ ਹੋਣੀ ਆਪਣੇ ਆਪ ਵਿਚ ਉਸ ਦੀ ਸਿਰਜਣਾਤਮਕ ਸਫਲਤਾ ਹੁੰਦੀ ਹੈ ਜਿਹੜੀ ਅੱਗੋਂ ਹੋਰ ਉਤਸ਼ਾਹ ਦਾ ਸਬੱਬ ਬਣਦੀ ਹੈ। ਸੁਰਿੰਦਰ ਸੋਹਲ ਦੀ 88 ਪੰਨਿਆਂ ਦੀ ਗ਼ਜ਼ਲਾਂ ਦੀ ਪੁਸਤਕ ‘ਕਿਤਾਬ ਆਸਮਾਨ ਦੀ’ ਵਿੱਚੋਂ ਕੁਝ ਸ਼ਿਅਰ ਇੱਥੇ ਆਪ ਦੀ ਨਜ਼ਰ ਹਨ ਜਿਸ ਵਿੱਚੋਂ ਸੋਹਲ ਕਾਵਿ ਦੀ ਅੰਤਰੀਵਤਾ ਨੂੰ ਕਿਸੇ ਹੱਦ ਤਕ ਆਤਮਸਾਤ ਕੀਤਾ ਜਾ ਸਕਦਾ ਹੈ:

ਅਲਗ ਜ਼ਮੀਨ ਅਲਗ ਆਸਮਾਨ ਦਿਸਦਾ ਹੈ,
ਹਰੇਕ ਸ਼ਖ਼ਸ ਨੂੰ ਵੱਖਰਾ ਜਹਾਨ ਦਿਸਦਾ ਹੈ।

ਬਦਨ ਹੈ ਕਾਗਜ਼ੀ ਮੇਰਾ ਤਾਂ ਸੋਚਣਾ ਬਣਦੈ,
ਚਿਰਾਗ਼ ਮੇਰੇ ’ਤੇ ਕਿਉਂ ਮਿਹਰਬਾਨ ਦਿਸਦਾ ਹੈ।

ਨਿਗ੍ਹਾ ਦਾ ਫ਼ਰਕ ਹੈ ਯਾ ਚੇਤਿਆਂ ਦਾ ਚਾਨਣ ਹੈ,
ਲਿਖਾਂ ਜੇ ‘ਲਾਅਨ’ ਤਾਂ ਮੈਨੂੰ ‘ਦਲਾਨ’ ਦਿਸਦਾ ਹੈ।

ਨਿਸ਼ਾਨ ਏਸ ’ਤੇ ਛੱਡਦਾ ਮੈਂ ਲੰਘ ਜਾਵਾਂਗਾ,
ਮੇਰੇ ਸਫ਼ਰ ’ਚ ਜੋ ਆਉਂਦਾ ਤੂਫ਼ਾਨ ਦਿਸਦਾ ਹੈ।

ਸਰੀ (ਕੈਨੇਡਾ) ਵਸਦੀ ਸਮਰੱਥ ਸਾਹਿਤਕਾਰ ਤਨਦੀਪ ਤਮੰਨਾ ਦਾ ਸੋਹਲ ਦੀ ਸ਼ਾਇਰੀ ਬਾਰੇ ਇਹ ਕਥਨ ਕਾਬਲਿਗੌਰ ਹੈ ਕਿ ‘ਸੁਰਿੰਦਰ ਸੋਹਲ ਨੂੰ ਸ਼ਬਦ ਰਿੜਕਣੇ ਆਉਂਦੇ ਨੇ- ‘ਖੰਡਰ, ਖ਼ਾਮੋਸ਼ੀ ਤੇ ਰਾਤ’ ਤੋਂ ‘ਇਬਾਰਤ ਚੁੱਪ ਕਿਉਂ ਹੈ?’ ਦਾ ਸਫ਼ਰ ਸ਼ਾਇਰੀ ਦੇ ਨਿਤਰਨ ਦਾ ਸਫ਼ਰ ਹੈ- ਜਿਵੇਂ ਕੋਈ ਗਲੇਸ਼ੀਅਰ ਆਪਣੀ ਯਾਤਰਾ ’ਤੇ ਹੋਵੇ- ਤੁਸੀਂ ਬਰਫ਼ ਵੀ ਵੇਖ ਸਕਦੇ ਓ, ਉਸ ਦੇ ਹੇਠ ਵਹਿੰਦਾ ਪਾਣੀ ਅਤੇ ਧੁੱਪ ਪੈਂਦੀ ਤੋਂ ਭਾਫ਼ ਬਣ ਕੇ ਉਡਦੇ ਵਾਸ਼ਪ ਵੀ- ਪ੍ਰਕਿਰਤੀ ਵਾਂਗ ਸ਼ਾਇਰੀ ਵਿਚ ਵੀ ਇਹ ਅਵਸਥਾਵਾਂ ਵੱਡੇ ਤੇ ਅਲੌਕਿਕ ਬਦਲਾਵਾਂ ਦੀਆਂ ਸੰਕੇਤਕ ਹਨ।’

ਸੁਰਿੰਦਰ ਸੋਹਲ ਦੀ ਵਾਰਤਕ ਲੇਖਣੀ ਦੀ ਮੁਹਾਰਤ ਉਸ ਦੀ ਪੁਸਤਕ ‘ਚਿਤ ਲੇਖਾਰੀ’ (ਪੰਨੇ 120) ਵਿੱਚੋਂ ਦੇਖੀ ਜਾ ਸਕਦੀ ਹੈ। ਇਸ ਪੁਸਤਕ ਵਿਚਲੇ 10 ਵਿੱਚੋਂ ਪਹਿਲੇ 6 ਲੇਖ ਸਿਮਰਤੀ ਉੱਤੇ ਆਧਾਰਤ ਹਨ। ਪ੍ਰੋ. ਨਿਰੰਜਨ ਸਿੰਘ ਢੇਸੀ ਨੇ ਇਸ ਪੁਸਤਕ ਬਾਰੇ ਬਿਲਕੁਲ ਸਹੀ ਆਖਿਆ ਹੈ ਕਿ ‘ਸੁਰਿੰਦਰ ਸੋਹਲ ਵਿਸ਼ੇਸ਼ ਵਿਅਕਤੀਆਂ ਬਾਰੇ ਲਿਖਦਿਆਂ ਬਿਰਤਾਂਤ ਦੇ ਨਾਲ-ਨਾਲ ਵਿਸ਼ਲੇਸ਼ਣ, ਖੋਜ ਅਤੇ ਪਰਖ ਕਰਨ ਵਿਚ ਵੀ ਸਫਲ ਹੈ।’ ਸੁਰਿੰਦਰ ਸੋਹਲ ਨੇ ‘ਸਿੰਘਾਸਣ’ (ਪੰਨੇ 120) ਨਾਂ ਦਾ ਨਾਵਲ ਵੀ ਲਿਖਿਆ ਹੈ। ਇਹ ਨਾਵਲ ਸਿਆਸਤ ਦੇ ਇੱਕ ਨੁਕਤੇ ਤੋਂ ਲੈ ਕੇ ਵਿਸ਼ਵ ਪੱਧਰ ਦੀ ਰਾਜਨੀਤੀ ਨਾਲ ਗਲਪੀ ਸੰਵਾਦ ਰਚਾਉਂਦਾ ਹੈ। ਇਸ ਨਾਵਲ ਵਿਚ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ਨੂੰ ਵੀ ਕਾਫ਼ੀ ਸਰਲ ਤਰੀਕੇ ਨਾਲ ਸਮਝਾਉਣ ਦਾ ਉਪਰਾਲਾ ਕੀਤਾ ਗਿਆ ਹੈ। ਸੁਰਿੰਦਰ ਸੋਹਲ ਨੇ ਕੁਝ ਕਹਾਣੀਆਂ ਵੀ ਲਿਖੀਆਂ ਹਨ ਜਿਨ੍ਹਾਂ ਵਿੱਚੋਂ ਏਸ਼ੀਆਈ ਕਹਾਣੀ ਦੀ ਵੱਖਰਤਾ ਵਾਚੀ ਜਾ ਸਕਦੀ ਹੈ। ‘ਬਹਾਦਰ ਬਾਂਦਰ ਦੇ ਕਾਰਨਾਮੇ’ ਉਸ ਦਾ ਬਾਲ ਨਾਵਲੈੱਟ ਹੈ। ਉਸ ਨੇ ਹੁਣ ਤਕ ਕਈ ਪੁਸਤਕਾਂ ਅਨੁਵਾਦ ਵੀ ਕੀਤੀਆਂ ਹਨ ਤੇ ਕਈਆਂ ਦਾ ਸੰਪਾਦਨ ਵੀ ਕੀਤਾ ਹੈ। ਵੱਖ-ਵੱਖ ਵਿਧਾਵਾਂ ਦੀਆਂ ਉਸ ਦੀਆਂ ਕੁਝ ਪੁਸਤਕਾਂ ਛਪਾਈ ਅਧੀਨ ਵੀ ਹਨ। ਸੁਰਿੰਦਰ ਸੋਹਲ ਦੇ ਸਿਰਜਣਾ ਸੰਸਾਰ ਨੂੰ ਵਿਸਤ੍ਰਿਤ ਰੂਪ ’ਚ ਸਮਝਣਾ ਹੋਵੇ ਤਾਂ ਡਾ. ਦਵਿੰਦਰ ਮੰਡ ਵੱਲੋਂ ਸੰਪਾਦਿਤ ਪੁਸਤਕ ‘ਸੁਰਿੰਦਰ ਸੋਹਲ ਦੀ ਸਾਹਿਤ ਸਿਰਜਣਾ: ਵਿਭਿੰਨ ਪਾਸਾਰ’ ਤੇ ਡਾ. ਸਰਬਜੀਤ ਸਿੰਘ ਦੀ ਪੁਸਤਕ ‘ਅਸਤਿਤਵੀ ਸੰਕਟ ਦੇ ਪਰਿਪੇਖ ਵਿਚ ਸੋਹਲ ਕਾਵਿ’ ਜ਼ਰੂਰ ਪੜ੍ਹੀ ਜਾਣੀ ਚਾਹੀਦੀ ਹੈ।

ਸੁਰਿੰਦਰ ਸੋਹਲ ਨਾਲ ਹੁੰਦੇ ਰਹਿੰਦੇ ਵਿਚਾਰ ਵਟਾਂਦਰੇ ਵਿੱਚੋਂ ਉਸ ਵੱਲੋਂ ਕੁਝ ਅੰਸ਼ ਇੱਥੇ ਲਿਖੇ ਜਾਂਦੇ ਹਨ:

* ਮੈਂ ਬਚਪਨ ਤੋਂ ਹੀ ਬਹੁਤ ਕਲਪਨਾਸ਼ੀਲ ਤਬੀਅਤ ਵਾਲਾ ਸਾਂ। ਛੇਵੀਂ ਕਲਾਸ ਤਕ ਮੈਂ ਧਾਰਮਕ ਗੀਤ ਲਿਖਣ ਲੱਗ ਪਿਆ ਸੀ। ਸਾਡੀ ਹਿਸਟਰੀ ਦੀ ਮੈਡਮ ਨੇ ਸੱਤਵੀਂ-ਅੱਠਵੀਂ ਕਲਾਸ ਵਿਚ ਪੁੱਛ ਲਿਆ ਸੀ ਕਿ ਕਿਸੇ ਨੂੰ ਗੀਤ-ਕਵਿਤਾ ਲਿਖਣ ਦਾ ਸ਼ੌਕ ਹੈ। ਸਿਰਫ਼ ਦੋ ਜਣਿਆਂ ਨੇ ਹੱਥ ਖੜ੍ਹੇ ਕੀਤੇ। ਇੱਕ ਮੈਂ ਤੇ ਇੱਕ ਉਸ ਕੁੜੀ ਨੇ ਜਿਸ ਨੂੰ ਅੱਜ ਅਸੀਂ ਸੁਨੀਲਮ ਮੰਡ ਦੇ ਨਾਮ ਨਾਲ ਜਾਣਦੇ ਹਾਂ।

* ਸਾਹਿਤ ਮੇਰੇ ਲਈ ਪੈਸ਼ਨ ਹੀ ਬਣਿਆ ਰਿਹਾ, ਫੈਸ਼ਨ ਕਦੇ ਨਹੀਂ ਬਣਿਆ।

* ਜਨਮ ਸਾਖੀਆਂ ਬਾਰੇ ਦੋ ਤਰ੍ਹਾਂ ਦੀਆਂ ਧਾਰਨਾਵਾਂ ਪ੍ਰਚਲਤ ਹਨ। ਇੱਕ ਉਹ ਲੋਕ ਹਨ ਜੋ ਇਨ੍ਹਾਂ ਸਾਖੀਆਂ ਨੂੰ ਮੁੱਢੋ-ਸੁੱਢੋਂ ਹੀ ਰੱਦ ਕਰਦੇ ਹਨ। ਦੂਜੇ ਉਹ ਹਨ ਜੋ ਇਨ੍ਹਾਂ ਨੂੰ ਅਸੀਮ ਸ਼ਰਧਾ ਤਹਿਤ ਪੇਸ਼ ਕਰਦੇ ਹਨ। ‘ਸਾਖੀਓਂ ਨੂਰ ਝਰੈ’ ਨਾਂ ਦੀ ਮੇਰੀ ਕਾਵਿ-ਪੁਸਤਕ ਤੀਸਰਾ ਰਾਹ ਦਰਸਾਉਂਦੀ ਹੈ।

* ‘ਇਬਾਰਤ ਚੁੱਪ ਕਿਉਂ ਹੈ?’ ਭਾਵੇਂ ਨਿਊਯਾਰਕ ਸ਼ਹਿਰ ਨੂੰ ਹੀ ਲੈ ਕੇ ਲਿਖੀਆਂ ਕਵਿਤਾਵਾਂ ਹਨ ਪਰ ਇਨ੍ਹਾਂ ਵਿਚਲੇ ਸੱਚ ਨੂੰ ਦੁਨੀਆ ਦੇ ਕਿਸੇ ਵੀ ਮੈਟਰਪੋਲੀਟਨ ਸ਼ਹਿਰ ’ਤੇ ਢੁਕਾਇਆ ਜਾ ਸਕਦਾ ਹੈ। ਉਂਜ ਵੀ ਨਿਊਯਾਰਕ ਨੂੰ ਦੁਨੀਆ ਦੀ ਰਾਜਧਾਨੀ ਕਿਹਾ ਜਾਂਦਾ ਹੈ।

* ਸਾਹਿਤ ਸਭਾਵਾਂ ਦਾ ਮੇਰਾ ਬਹੁਤ ਤਜਰਬਾ ਹੈ। ਨਾਵਲ ‘ਸਿੰਘਾਸਣ’ ਦਾ ਵਿਚਾਰ ਮੈਨੂੰ ਸਾਹਿਤ ਸਭਾਵਾਂ ਦੇ ਤਜਰਬੇ ਤੋਂ ਪ੍ਰੇਰਿਤ ਹੋ ਕੇ ਹੀ ਆਇਆ ਸੀ। ਹਾਲਾਂਕਿ ਇਸ ਨਾਵਲ ਦਾ ਸੰਬੰਧ ਸਭਾ ਨਾਲ ਨਹੀਂ, ਵਿਸ਼ਵ ਪੱਧਰੀ ਰਾਜਨੀਤੀ ਨਾਲ ਹੈ।

ਮੈਂ ਚਾਹੁੰਦਾ ਹਾਂ ਲੋਕ ਮੈਨੂੰ ਗ਼ਜ਼ਲਗੋਅ ਵਜੋਂ ਜਾਣਨ।

* ਬਾਲ ਸਾਹਿਤ ਲਿਖਣ ਦਾ ਉਛਾਲ ਮੇਰੇ ਮਨ ਵਿਚ ਬਹੁਤ ਆਉਂਦਾ ਰਿਹਾ ਹੈ। ਸ਼ੁਰੂ ਵਿਚ ਹੀ ਮੈਂ ‘ਜਾਸੂਸ ਲੂੰਬੜੀ’ (ਜਾਸੂਸੀ ਬਾਲ ਕਹਾਣੀਆਂ) ਤੇ ‘ਬਹਾਦਰ ਬਾਂਦਰ ਦੇ ਕਾਰਨਾਮੇ’ (ਜਾਸੂਸੀ ਬਾਲ ਨਾਵਲ) ਲਿਖ ਲਏ ਸਨ। ਇਹ ਵਾਰ ਵਾਰ ਛਪੇ ਵੀ ਹਜ਼ਾਰਾਂ ਦੀ ਗਿਣਤੀ ਵਿਚ। ਅਮਰੀਕਾ ਆ ਕੇ ਮੈਂ ਵੇਖਿਆ ਕਿ ਪੰਜਵੀਂ ਛੇਵੀਂ ਤੋਂ ਹੀ ਬੱਚੇ ਵੱਡੀਆਂ-ਵੱਡੀਆਂ ਬਾਲ ਪੁਸਤਕਾਂ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ। ਮੈਂ ਉਨ੍ਹਾਂ ਕਿਤਾਬਾਂ ਦਾ ਅਧਿਐਨ ਕੀਤਾ। ਮੇਰੀਆਂ ਚਾਰ ਪੁਸਤਕਾਂ ਹੁਣ ਛਪਣ ਲਈ ਤਿਆਰ ਹਨ।

* ਹੋਰ ਬਹੁਤ ਕੁਝ ਛਪਣ ਵਾਲਾ ਹੈ। ਕਹਾਣੀਆਂ ਦੀ ਕਿਤਾਬ ਵੀ ਤੇ ‘ਚਿੱਤ ਲੇਖਾਰੀ’ ਦਾ ਦੂਜਾ ਭਾਗ ਵੀ। ਬਲਦੇਵ ਸਿੰਘ ਗਰੇਵਾਲ ਦੀ ਅਖ਼ਬਾਰ ‘ਸ਼ੇਰ-ਏ-ਪੰਜਾਬ’ ਵਿਚ ਛਪਦੇ ਰਹੇ ‘ਸੰਦਲੀ ਬੂਹਾ’ ਕਾਲਮ ਵਿਚ ਛਪੇ ਕਾਵਿਕ-ਸ਼ੈਲੀ ਵਾਲੀ ਵਾਰਤਕ ਦੇ ਦਿਲਚਸਪ ਗਲਪੀ ਪੀਸ ਵੀ।

ਨਿਰਸੰਦੇਹ ਬਹੁਪੱਖੀ ਸਾਹਿਤਕ ਪ੍ਰਤਿਭਾ ਦੇ ਮਾਲਗ ਗ਼ਜ਼ਲਗੋਅ/ਸ਼ਾਇਰ ਸੁਰਿੰਦਰ ਸੋਹਲ ਦੀ ਹਰ ਗੱਲ ਗੌਲਣਯੋਗ ਹੈ। ਉਸ ਦੇ ਹੇਠ ਲਿਖੇ ਕੁਝ ਹੋਰ ਸ਼ਿਅਰਾਂ ਨਾਲ ਹੀ ਇੱਥੇ ਆਗਿਆ ਲਈ ਜਾਂਦੀ ਹੈ:

ਦਾਨ ਦੇਣਾ ਤਾਂ ਦੇਹ ਪਰਾਂ ਦਾ ਹੁਣ,
ਰਾਹ ਵਿਚ ਆਸਮਾਨ ਹੈ ਪਿਆਰੇ।

ਹਿਜਰ, ਪੀੜਾਂ, ਉਦਾਸੀਆਂ ਰਾਤਾਂ,
ਮੇਰਾ ਇੱਕ ਖ਼ਾਨਦਾਨ ਹੈ ਪਿਆਰੇ।

ਛੱਡ ਪਰ੍ਹੇ ਹੋਰ ਫਾਲਤੂ ਬਹਿਸਾਂ,
ਜਾਨ ਹੈ ਤਾਂ ਜਹਾਨ ਹੈ’ ਪਿਆਰੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2788)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)