AjitSinghDr7“ਇਹ ਸਾਰੇ ਤਸੀਹੇ ਗੁਰੂ ਸਾਹਿਬ ਜੀ ਦੇ ਸਾਹਮਣੇ ਹੀ ਦਿੱਤੇ ਗਏ ਸਨ। ਇਹਨਾਂ ਸੇਵਾਦਾਰਾਂ ...”
(1 ਮਈ 2021)

 

GuruTegBahadur1

 ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥

ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਾਂਤ ਸੁਭਾਅ ਅਤੇ ਤਿਆਗ ਵਾਲੀ ਬਿਰਤੀ ਦੇ ਮਾਲਕ ਸਨ। ਪਰੰਤੂ ਇਹ ਤਿਆਗ ਵਾਲੀ ਬਿਰਤੀ ਕਿਸੇ ਡਰ ਕਾਰਨ ਜਾਂ ਮਾਨਸਿਕ ਕਮਜ਼ੋਰੀ ਜਾਂ ਸਰੀਰਕ ਕਮਜ਼ੋਰੀ ਕਾਰਨ ਨਹੀਂ ਸੀਇਹ ਤਿਆਗੀ ਬਿਰਤੀ ਉਨ੍ਹਾਂ ਦੇ ਜਨਮ ਤੋਂ ਹੀ ਉਨ੍ਹਾਂ ਦੇ ਸੰਗ ਸਾਥ ਸੀ ਉਨ੍ਹਾਂ ਦੇ ਜਨਮ ਸਮੇਂ ਛੇਵੇਂ ਪਾਤਸਾਹ ਵਲੋਂ ਉਨ੍ਹਾਂ ਦਾ ਨਾਂ ਤਿਆਗ ਮੱਲ ਰੱਖਿਆ ਗਿਆ ਸੀ ਅਤੇ ਜਦੋਂ ਉਨ੍ਹਾਂ ਨੇ ਕਰਤਾਰਪੁਰ ਦੀ ਜੰਗ ਸਮੇਂ ਆਪਣੀ ਤਲਵਾਰ ਦੇ ਜਲਵੇ ਦਿਖਾਏ ਸਨ ਤਾਂ ਉਨ੍ਹਾਂ ਦੇ ਪਿਤਾ ਛੇਵੇਂ ਨਾਨਕ ਵਲੋਂ ਉਨ੍ਹਾਂ ਦਾ ਨਾਂ ਤੇਗ ਬਹਾਦਰ ਕਰ ਦਿਤਾ ਗਿਆ ਸੀਇਹ ਬਹਾਦਰੀ ਵਾਲਾ ਨਾਂ ਉਨ੍ਹਾਂ ਦੇ ਨਾਲ ਅੰਤ ਤਕ ਨਿਭਿਆ ਸੀ ਭਾਵੇਂ ਉਹ ਮਨ ਤੋਂ ਪੂਰੇ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਦੇ ਸ਼ਾਂਤ ਸੁਭਾਅ ਵਿਚ ਹੀ ਉਨ੍ਹਾਂ ਦੀ ਤਾਕਤ ਸੀ ਉਨ੍ਹਾਂ ਦੀ ਰਚੀ ਹੋਈ ਬਾਣੀ ਅੰਦਰ ਇਕ ਖਾਸ ਕਿਸਮ ਦਾ ਵਿਰਾਗ ਵੀ ਉਨ੍ਹਾਂ ਦੇ ਸ਼ਾਂਤ ਸੁਭਾਅ ਨੂੰ ਹੀ ਪ੍ਰਗਟ ਕਰਦਾ ਹੈ ਸ਼ਾਂਤੀ ਨਾਲ ਹੀ ਉਨ੍ਹਾਂ ਨੇ ਆਪਣੇ ਸਿਧਾਂਤਾਂ ਦੀ ਰਾਖੀ ਲਈ ਧਰਮ ਯੁੱਧ ਕੀਤਾ ਅਤੇ ਆਪਣਾ ਜੀਵਨ ਕੁਰਬਾਨ ਕਰਨਾ ਕਬੂਲ ਕੀਤਾ ਸੀਅਤੇ ਤਿਲਕ ਤੇ ਜੰਜੂ ਦੀ ਰਖਿਆ ਲਈ ਸ਼ਹੀਦੀ ਪ੍ਰਾਪਤ ਕੀਤੀ ਭਾਵੇਂ ਉਨ੍ਹਾਂ ਨੇ ਸਾਰੀ ਉਮਰ ਤਿਲਕ ਨਹੀਂ ਲਗਾਇਆ ਅਤੇ ਨਾ ਹੀ ਤਿਲਕ ਲਾਉਣ ਦੀ ਪ੍ਰੇਰਨਾ ਕੀਤੀ ਉਨ੍ਹਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਜੰਜੂ ਵੀ ਨਹੀਂ ਪਹਿਨਿਆ ਅਤੇ ਇਸ ਜੰਜੂ ਦੀ ਵਿਰੋਧਤਾ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ ਅਤੇ ਪਹਿਨਣ ਤੋਂ ਇਨਕਾਰ ਕਰ ਦਿਤਾ ਸੀ ਭਾਵੇਂ ਉਨ੍ਹਾਂ ਦੇ ਪਿਤਾ ਜੀ ਮਹਿਤਾ ਕਾਲੂ ਵਲੋਂ ਇਸ ਸਬੰਧੀ ਸਾਰੇ ਪ੍ਰਬੰਧ ਕੀਤੇ ਹੋਏ ਸਨ ਇਸ ਸਬੰਧੀ ਵੇਰਵਾ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਆਸਾ ਦੀ ਵਾਰ ਵਿਚ ਮਿਲਦਾ ਹੈ:

ਸਲੋਕੁ ਮਃ ੧ ॥

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥੧॥ (ਅੰਗ
 471)

ਇਕ ਨਾਟਕ ਜੋ ਕੇਵਲ ਧਾਲੀਵਾਲ ਜੀ ਨੇ ਲਿਖਿਆ ਹੈ ਉਸ ਵਿਚ ਉਹ ਆਖਦਾ ਹੈ ਕਿ ਸਿਰ ਤਾਂ ਹਰ ਇਕ ਦੇ ਮੋਢੇ ਉੱਪਰ ਹੁੰਦਾ ਹੈ ਪਰ ਸੀਸ ਕਿਸੇ ਕਿਸੇ ਕੋਲ ਹੀ ਹੁੰਦਾ ਹੈ ਮੇਰੇ ਵਿਚਾਰ ਅਨੁਸਾਰ ਸੀਸ ਜਿਨ੍ਹਾਂ ਕੋਲ ਹੁੰਦਾ ਹੈ ਉਹ ਆਪਣਾ ਸੀਸ ਤਾਂ ਦੇ ਸਕਦੇ ਹਨ ਪਰੰਤੂ ਸਿਰੜ ਹਮੇਸ਼ਾ ਦੇ ਪੱਕੇ ਹੁੰਦੇ ਹਨ। ਅਜਿਹਾ ਹੀ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਕੀਤਾ ਗਿਆ ਸੀ ਜਿਨ੍ਹਾਂ ਨੇ ਸੀਸ ਤਾਂ ਕੁਰਬਾਨ ਕਰ ਦਿੱਤਾ ਸੀ ਅਤੇ ਸਿਰੜ ਨਹੀਂ ਛੱਡਿਆ ਸੀ। ਉਹ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਲਾਸਾਨੀ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦਿਤਾ ਸੀਉਸ ਨਾਟਕ ਅੰਦਰ ਔਰੰਗਜ਼ੇਬ ਵਲੋਂ ਇਹ ਆਖਿਆ ਗਿਆ ਦਿਖਾਇਆ ਗਿਆ ਹੈ ਕਿ -------------

ਤੁਸੀਂ ਆਪਣੇ ਗੁਰੂ ਨੂੰ ਆਖੋ ਕਿ ਉਹ ਇਨ੍ਹਾਂ ਬ੍ਰਾਹਮਣਾ ਤੇ ਬੁੱਤ ਪੂਜ ਹਿੰਦੂਆਂ ਦਾ ਸਾਥ ਛੱਡ ਦੇਣ ਤੁਹਾਡੇ ਗੁਰੂ ਬੂਤ ਪੂਜ ਨਹੀਂ ਹਨ ਫਿਰ ਇਹਨਾਂ ਬੁੱਤ ਪੂਜਕਾਂ ਦਾ ਸਾਥ ਕਿਓਂ ਦੇ ਰਹੇ ਹਨ

ਉੱਤਰ ਵਿਚ ਦੱਸਿਆ ਹੈ ਕਿ -----

ਸਾਡੇ ਗੁਰੂ ਬੁੱਤ ਪੂਜ ਨਹੀਂ, ਇਹ ਠੀਕ ਹੈ, ਪਰੰਤੂ ਬੁੱਤ ਸ਼ਿਕਨ ਵੀ ਨਹੀਂ ਹਨ ਸਾਡੇ ਗੁਰੂ ਹਰ ਕਿਸੇ ਨੂੰ ਆਪਣੇ ਧਰਮ ਵਿਸ਼ਵਾਸ ਤੇ ਰਹੁ ਰੀਤੀ ਅਨੁਸਾਰ ਜਿਉਣ ਦੀ ਖੁੱਲ੍ਹ ਦੇ ਹਾਮੀ ਹਨ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਕਿ ਉਹ ਹਕੂਮਤ ਦੀ ਤਾਕਤ ਨਾਲ ਜਾਂ ਤਲਵਾਰ ਦੇ ਜ਼ੋਰ ਨਾਲ ਦੂਜਿਆਂ ਦਾ ਧਰਮ ਤਬਦੀਲ ਕਰੇ

ਉਸੇ ਨਾਟਕ ਵਿਚ ਇਹ ਵੀ ਹੈ ਕੇ ਔਰੰਗਜ਼ੇਬ ਦੀ ਬੇਟੀ ਜ਼ੇਬੁਨਸਾਂ ਵੀ ਆਪਣੇ ਬਾਪ ਨੂੰ ਆਖਦੀ ਹੈ:

ਇਸ ਮੁਲਕ ਦੀ ਗੰਗਾ ਜਮਨਾ ਵਾਲੀ ਸਾਂਝੀ ਤਹਿਜ਼ੀਬ ਏ, ਤੁਸੀਂ ਮੁਲਕ ਦੇ ਹਰ ਮਜ਼ਹਬ ਨੂੰ ਤਸਲੀਮ ਕਰੋ ਅੱਬਾ ਹਜ਼ੂਰ ਹਰ ਨਸਲ ਤੇ ਕੌਮ ਨੂੰ ਨਾਲ ਲੈ ਕੇ ਤੁਰੋ

ਜ਼ੇਬੁਨਸਾਂ ਇਕ ਹੋਰ ਥਾਂ ਆਖਦੀ ਹੈ:

ਅੱਬਾ ਹਜ਼ੂਰ ਜਿਵੇਂ ਕੁਦਰਤ ਨੇ ਵੱਖ ਵੱਖ ਰੰਗਾਂ ਦੇ ਫੁੱਲਾਂ ਨਾਲ ਇਸ ਧਰਤੀ ਨੂੰ ਮਹਿਕਾਇਆ ਹੈ ਉਸੇ ਤਰਾਂ ਵੱਖ ਵੱਖ ਧਰਮਾਂ ਤੇ ਵੱਖ ਵੱਖ ਜਾਤਾਂ ਦੇ ਲੋਕਾਂ ਦੇ ਸਾਥ ਨਾਲ ਹੀ ਮੁਲਕ ਬਣਦਾ ਏ ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਧਰਤੀ ਉੱਪਰ ਇੱਕੋ ਰੰਗ ਦੇ ਹੀ ਫੁੱਲ ਹੋਣ ਤਾਂ ਇਹ ਕੁਦਰਤ ਨਾਲ ਵੀ ਅਤੇ ਅੱਲਾ ਤਾਲਾ ਨਾਲ ਵੀ ਜ਼ਿਆਦਤੀ ਹੋਵੇਗੀ

 ਗੁਰੂ ਜੀ ਨੇ ਸਮਝਾਇਆ ਕਿ ਇਹ ਜਗ ਰਚਨਾ ਝੂਠ ਦਾ ਪਸਾਰਾ ਹੈ ਅਤੇ ਜਿਸ ਨੇ ਜਨਮ ਲਿਆ ਹੈ ਉਸ ਦਾ ਅੰਤ ਹੋਣਾ ਹੀ ਹੈ ਮੌਤ ਦਾ ਆਉਣਾ ਕੁਦਰਤ ਦੀ ਪ੍ਰੀਕਿਰਿਆ ਹੈ ਮੌਤ ਦਾ ਕਾਰਨ ਕੋਈ ਵੀ ਹੋ ਸਕਦਾ ਹੈ ਜਿਵੇਂ ਬਿਮਾਰੀ ਜਾਂ ਦੁਰਘਟਨਾ ਆਦਿ ਸਿੱਖ ਧਰਮ ਦੇ ਅੰਦਰ ਸ਼ਹੀਦੀ ਦਾ ਸੰਕਲਪ ਹੀ ਵੱਖਰਾ ਹੈ ਅਤੇ ਗੁਰਬਾਣੀ ਦੇ ਅੰਦਰ ਸਪਸ਼ਟ ਕੀਤਾ ਗਿਆ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ
ਸਿਰੁ ਧਰਿ ਤਲੀ ਗਲੀ ਮੇਰੀ ਆਉ

ਇਤੁ ਮਾਰਗਿ ਪੈਰੁ ਧਰੀਜੈ

ਸਿਰੁ ਦੀਜੈ ਕਾਣਿ ਨ ਕੀਜੈ ॥੨੦॥[ਅੰਗ
 1412]

ਸਿੱਖੀ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਕਿਤਨਾ ਜ਼ਰੂਰੀ ਹੈ, ਹੇਠਾਂ ਦਰਜ ਹੈ:

ਸਲੋਕ ਮ: ੫ ॥

 ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥

ਸ਼ਹੀਦ ਜਾਂ ਸ਼ਹਾਦਤ ਦਾ ਅਰਥ ਹੈ ਕਿਸੇ ਉਦੇਸ਼ ਲਈ ਆਪਾ ਵਾਰ ਦੇਣਾ ਜਾਂ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਉਸ ਉਦੇਸ਼ ਅੰਦਰ ਕੌਮ ਜਾਂ ਦੇਸ਼ ਦੀ ਭਲੇ ਲਈ ਹੋ ਸਕਦੀ ਹੈ ਜਿਸ ਦੇ ਸਵੈ ਦਾ ਕੋਈ ਸਥਾਨ ਨਹੀਂ ਹੁੰਦਾ ਭਾਵ ਸਵੈ ਰਹਿਤ ਉਦੇਸ਼ ਲਈ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਦੇਣਾ ਫੌਜੀ ਦੇਸ਼ ਦੀ ਰਾਖੀ ਲਈ ਮਰ ਮਿਟਦਾ ਹੈ ਅਤੇ ਸਮੇਂ ਤੋਂ ਪਹਿਲਾਂ ਮੌਤ ਨੂੰ ਗਲੇ ਲਗਾਉਣਾ ਕਬੂਲ ਕਰ ਲੈਂਦਾ ਹੈ ਇਸੇ ਤਰ੍ਹਾਂ ਹੀ ਸਿੱਖ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਸਿੱਖੀ ਨੂੰ ਨਿਭਾਉਣ ਦੀ ਖਾਤਰ ਆਪਣੀ ਮੌਤ ਨੂੰ ਗਲੇ ਲਗਾ ਲਿਆ ਸੀ ਅਜਿਹੇ ਸ਼ਹੀਦੀਆਂ ਪਾਉਣ ਵਾਲੇ ਸਿੱਖਾਂ ਦੀ ਗਿਣਤੀ ਕਰਨੀ ਅਸੰਭਵ ਹੈ ਕਿਓਂ ਜੋ ਸਿੱਖ ਇਤਿਹਾਸ ਹੀ ਖੂਨ ਨਾਲ ਲਿਖਿਆ ਹੋਇਆ ਹੈ ਅਤੇ ਸਿੱਖ ਸ਼ਹੀਦਾਂ ਨੇ ਆਪ ਕੁਰਬਾਨ ਕਰ ਸਿੱਖੀ ਨੂੰ ਜਿਉਂਦਾ ਰਖਿਆ ਹੋਇਆ ਹੈ ਅਤੇ ਤਾਂ ਹੀ ਕਿਸੇ ਕਵੀ ਨੇ ਲਿਖਿਆ ਹੈ:

ਸ਼ਹੀਦ ਕਿ ਜੋ ਮੌਤ ਹੈ ਵੋਹ ਕੌਮ ਕਿ ਹਯਾਤ ਹੈ

ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਆਪਾ ਕੁਰਬਾਨ ਕੀਤਾ ਸੀ ਸਿਖਾਂ ਦੇ ਅੰਦਰ ਪਹਿਲੇ ਗੁਰੂ ਸ਼ਹੀਦ ਦਾ ਦਰਜਾ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੈ ਜਿਨ੍ਹਾਂ ਨੇ ਆਪਣੇ ਸਰੀਰ ਉੱਪਰ ਕਸ਼ਟ ਝਲੇ ਅਤੇ ਸਮੇਂ ਦੇ ਹਾਕਮ ਅੱਗੇ ਝੁਕਣ ਤੋਂ ਇਨਕਾਰ ਕਰ ਦਿਤਾ ਸੀ ਉਨ੍ਹਾਂ ਨੂੰ ਤੱਤੀ ਤਵੀ ਉੱਪਰ ਬਿਠਾਇਆ ਗਿਆ ਸੀ ਅਤੇ ਭਾਰੀ ਜ਼ੁਲਮ ਕੀਤਾ ਗਿਆ ਸੀ ਪਰੰਤੂ ਉਨ੍ਹਾਂ ਨੇ ਇਸ ਵਰਤਾਰੇ ਨੂੰ ਵਾਹਿਗੁਰੂ ਦਾ ਮੀਠਾ ਭਾਣਾ ਸਮਝ ਕੇ ਮੰਨਿਆ ਸੀ ਅਤੇ ਮੁੱਖੋਂ ਉਚਾਰਿਆ ਸੀ:

 ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥ [ਅੰਗ 394]

ਨੌਵੇਂ ਨਾਨਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਛੇਵੇਂ ਪਾਤਸਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਅਤੇ ਮਾਤਾ ਨਾਨਕੀ ਜੀ ਦੀ ਉਦਰ ਵਿੱਚੋਂ 18 ਅਪ੍ਰੈਲ 1621 ਨੂੰ ਹੋਇਆ ਸੀ ਅਤੇ ਉਨ੍ਹਾਂ ਦੇ 400 ਸਾਲਾ ਪੁਰਬ ਮਨਾਇਆ ਜਾ ਰਿਹਾ ਹੈ। ਉਹ ਆਪਣੇ ਮਾਤਾ ਪਿਤਾ ਦੇ ਸਭ ਤੋਂ ਛੋਟੇ ਸਪੁੱਤਰ ਸਨ ਉਹਨਾਂ ਦੇ ਵੱਡੇ ਬਾਬਾ ਗੁਰਦਿੱਤਾ ਜੀ ਸਨ ਜਿਨ੍ਹਾਂ ਦੇ ਪੁੱਤਰ ਸ਼੍ਰੀ ਗੁਰੂ ਹਰ ਰਾਏ ਜੀ ਨੂੰ ਇਹਨਾਂ ਦੇ ਪਿਤਾ ਜੀ ਨੇ ਆਪਣੇ ਤੋਂ ਬਾਅਦ ਸੱਤਵੇਂ ਗੁਰੂ ਥਾਪਿਆ ਸੀ ਬਾਕੀ ਪਰਿਵਾਰ ਵਿਚ ਬਾਬਾ ਸੂਰਜ ਮੱਲ ,ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ ਅਤੇ ਇਹਨਾਂ ਦੀ ਇੱਕ ਭੈਣ ਬੀਬੀ ਵੀਰੋ ਜੀ ਸਨ ਆਪ ਜੀ ਦਾ ਸਾਰਾ ਬਚਪਨ ਅੰਮ੍ਰਿਤਸਰ ਵਿਚ ਬੀਤਿਆ ਬਚਪਨ ਵਿਚ ਆਪ ਜੀ ਨੇ ਹਿੰਦੀ, ਉਰਦੂ, ਗੁਰਮੁਖੀ, ਸੰਸਕ੍ਰਿਤ ਅਤੇ ਹੋਰ ਭਾਸ਼ਾਵਾਂ ਦਾ ਗਿਆਨ ਭਾਈ ਗੁਰਦਾਸ ਜੀ ਤੋਂ ਪ੍ਰਾਪਤ ਕੀਤਾ ਆਪ ਜੀ ਨੂੰ ਧਰਮ ਗ੍ਰੰਥਾਂ ਦੀ ਸਿੱਖਿਆ ਜਿਸ ਵਿਚ ਮਹਾਂਭਾਰਤ , ਰਮਾਇਣ ਅਤੇ ਕੁਰਾਨ ਆਦਿ ਸ਼ਮਲ ਸਨ ,ਵੀ ਭਾਈ ਗੁਰਦਾਸ ਜੀ ਤੋਂ ਗ੍ਰਹਿਣ ਕੀਈ ਤੀਰ ਅੰਦਾਜ਼ੀ ਅਤੇ ਘੋੜ ਸਵਾਰੀ ਦੀ ਸਿਖਲਾਈ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ਤਲਵਾਰ ਦਾ ਭਲੀਭਾਂਤ ਪ੍ਰਯੋਗ ਕਰਨਾ ਉਨ੍ਹਾਂ ਨੂੰ ਮੀਰੀ ਪੀਰੀ ਦੇ ਮਾਲਕ ਨੇ ਸਿਖਾਇਆ ਸੀ

ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਗ੍ਰੰਥਾਂ ਅਤੇ ਹਿੰਦੂ ਸ਼ਾਸਤਰਾਂ ਅਤੇ ਸਿਮ੍ਰਿਤੀਆਂ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਅਤੇ ਉਹ ਉੱਚ ਕੋਟੀ ਦੇ ਵਿਦਵਾਨ ਤੇ ਕਵੀ ਸਨ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਅਟਲ ਸਚਾਈਆਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਉਨ੍ਹਾਂ ਨੇ ਗੁਰਬਾਣੀ ਵੀ ਉਚਾਰੀ ਜਿਸ ਨੂੰ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗਰੰਥ ਵਿਚ ਦਰਜ ਕਰਵਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਣ ਕੀਤਾ ਅਤੇ ਗੁਰਿਆਈ ਬਖਸ਼ੀ ਕੁਲ 59 ਸ਼ਬਦ ਅਤੇ 57 ਸ਼ਲੋਕ ਜਿਹੜੇ 15 ਵੱਖਰੇ ਵੱਖਰੇ ਰਾਗ ਵਿਚ ਦਰਜ ਕੀਤੇ ਗਏ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਸਪਸ਼ਟ ਝਲਕ ਮਿਲਦੀ ਹੈ ਕਿ ਮੌਤ ਤਾਂ ਨਿਸਚਿਤ ਹੈ ਅਤੇ ਕੁਝ ਵੀ ਸਥਿਰ ਨਹੀਂ ਕੇਵਲ ਉਸ ਅਕਾਲ ਪੁਰਖ ਦਾ ਨਾਂ ਹੀ ਹਮੇਸ਼ਾ ਰਹਿਣ ਵਾਲਾ ਹੈ ਇਸ ਲਈ ਮਨੁੱਖ ਨੂੰ ਸਮਝਾਇਆ ਕਿ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਮਾਨਵਤਾ ਦਾ ਭਲਾ ਕਰਨ ਵਲ ਕਦਮ ਵਧਾਵੇ ਅਤੇ ਸਿੱਖਿਆ ਦਿੱਤੀ ਕਿ ਉਸ ਅਕਾਲ ਪੁਰਖ ਦੀ ਭਗਤੀ ਕਰ ਕੇ ਉਸ ਵਿਚ ਅਭੇਦ ਹੋ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਲਿਖਿਆ ਹੈ ਜੋ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਸੁਭਾਏਮਾਨ ਹੈ:

ਸੋਰਠਿ ਮਹਲਾ ੯

ੴ ਸਤਿਗੁਰ ਪ੍ਰਸਾਦਿ ॥
ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥ 
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧
[ਅੰਗ 631]

ਇਸ ਸ਼ਬਦ ਰਾਹੀਂ ਗੁਰੂ ਜੀ ਸਮਝਾ ਰਹੇ ਹਨ ਕਿ ਬੰਦੇ ਤੂੰ ਪ੍ਰਭੂ ਨਾਲ ਪ੍ਰੀਤ ਪਾ ਆਪਣੇ ਕੰਨਾਂ ਨਾਲ ਉਸ ਅਕਾਲ ਪੁਰਖ ਦੀ ਕੀਰਤੀ ਨੂੰ ਸੁਣ ਅਤੇ ਆਪਣੀ ਰਸਨਾ ਨਾਲ ਉਸ ਦੇ ਗੀਤ ਗਾ ਸਤ ਸੰਗਤ ਨਾਲ ਜੁੜ ਕੇ ਅਤੇ ਉਸ ਵਾਹਿਗੁਰੂ ਦੀ ਅਰਾਧਨਾ ਕਰ ਇਸ ਤਰ੍ਹਾਂ ਨਾਲ ਤੂੰ ਪਾਪੀ ਤੋਂ ਪਵਿੱਤਰ ਹੋ ਜਾਵੇਂਗਾ ਹੈ ਮੇਰੇ ਮਿੱਤਰ ਇਸ ਕੰਮ ਤੋਂ ਆਲਸ ਨਾ ਕਰ ਕਿਓਂਕਿ ਮੌਤ ਸੱਪ ਵਾਂਗਰਾਂ ਮੂੰਹ ਨੂੰ ਖੋਲ੍ਹ ਕੇ ਫਿਰ ਰਹੀ ਹੈ ਇਹ ਗੱਲ ਤੂੰ ਆਪਣੇ ਮਨ ਵਿਚ ਸੋਚ ਲੈ, ਉਸ ਮੌਤ ਨੇ ਤੈਨੂੰ ਅੱਜ ਜਾਂ ਭਲਕੇ ਫੜ ਹੀ ਲੈਣਾ ਹੈ ਅਤੇ ਗੁਰੂ ਜੀ ਫਰਮਾ ਰਹੇ ਹਨ ਕਿ ਤੈਨੂੰ ਆਪਣੇ ਮਾਲਕ ਦਾ ਸਿਮਰਨ ਕਰਨਾ ਚਾਹੀਦਾ ਹੈ ਤੇਰਾ ਇਹ ਮੌਕਾ ਹੱਥੋਂ ਖੁਸਦਾ ਜਾ ਰਿਹਾ ਹੈ

ਇਸ ਲਈ ਸਾਨੂੰ ਬਾਹਰਲੀਆਂ ਵਸਤਾਂ ਨਾਲ ਲਗਾਉ ਕਰਨ ਦੀ ਬਜਾਏ ਉਸ ਪ੍ਰਮਾਤਮਾ ਵਲ ਧਿਆਨ ਕਰਨਾ ਚਾਹੀਦਾ ਹੈ ਜੋ ਵੀ ਦੁੱਖ ਸੁਖ ਸਾਨੂੰ ਮਿਲਦਾ ਹੈ, ਘਾਟਾ ਜਾਂ ਵਾਧਾ ਸਾਡੀ ਝੋਲੀ ਵਿਚ ਪੈਂਦਾ ਹੈ, ਉਸ ਨੂੰ ਵਾਹਿਗੁਰੂ ਦਾ ਭਾਣਾ ਮੰਨ ਕਬੂਲ ਕਰ ਲੈਣ ਦੀ ਲੋੜ ਹੈ ਉਹ ਦੱਸਦੇ ਹਨ ਕਿ ਵਾਹਿਗੁਰੂ ਨਾਲ ਮੇਲ ਕਰਨ ਲਈ ਕਿਤੇ ਵੀ ਭਟਕਣ ਦੀ ਲੋੜ ਨਹੀਂ ਹੈ ਉਹ ਤਾਂ ਸਾਡੇ ਅੰਦਰ ਹੀ ਸਮਾਇਆ ਹੋਇਆ ਹੈ ਉਨ੍ਹਾਂ ਨੇ ਇਸ ਸ਼ਬਦ ਵਿਚ ਵਰਨਣ ਕੀਤਾ ਹੈ ਜੋ ਕਿ ਅੰਗ 684 ਉਪਰ ਸੁਭਾਏਮਾਨ ਹੈ:

ੴ ਸਤਿਗੁਰ ਪ੍ਰਸਾਦਿ ॥

ਧਨਾਸਰੀ ਮਹਲਾ ੯ ॥
ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
 
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥

ਉਹਨਾ ਨੇ ਫਰਮਾਇਆ ਹੈ ਕਿ ਜਿਵੇਂ ਫੁੱਲਾਂ ਦੇ ਅੰਦਰ ਖੁਸ਼ਬੋਈ ਅਤੇ ਸ਼ੀਸ਼ੇ ਦੇ ਅੰਦਰ ਸਾਡੀ ਪਰਛਾਈ ਹੈ ਇਸ ਤਰ੍ਹਾਂ ਪਰਮਾਤਮਾ ਸਾਡੇ ਅੰਦਰ ਵਸ ਰਿਹਾ ਹੈ ਉਸ ਨੂੰ ਲੱਭਣ ਦਾ ਯਤਨ ਕਰੋ ਭਾਵ ਆਪਣਾ ਆਪ ਪਛਾਣੋ ਅਤੇ ਉਸ ਦਾ ਸਿਮਰਨ ਕਰਕੇ ਆਪਣੇ ਅੰਦਰ ਹੀ ਉਸ ਨੂੰ ਜਗਾਓ ਇਸ ਨੂੰ ਸਮਝਾਉਣ ਲਈ ਉਨ੍ਹਾਂ ਨੇ ਲਿਖਿਆ ਹੈ ਜੋ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 631 ਉਪਰ ਸੁਭਾਏਮਾਨ ਹੈ:

 ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥

ਉਹ ਦੱਸਦੇ ਹਨ ਕਿ ਵਾਹਿਗੁਰੂ ਦੀ ਪ੍ਰਾਪਤੀ ਲਈ ਗ੍ਰਹਿਸਥ ਜੀਵਨ ਦਾ ਤਿਆਗ ਕਰਕੇ ਪਹਾੜਾਂ ਜਾਂ ਜੰਗਲਾਂ ਦੇ ਅੰਦਰ ਤਪ ਕਰਨ ਦੀ ਲੋੜ ਨਹੀਂ ਹੈ, ਸਗੋਂ ਉਸ ਦਾਤੇ ਨੂੰ ਆਪਣੇ ਅੰਦਰ ਖੋਜਣ ਦੇ ਯਤਨ ਕਰਨ ਦੀ ਲੋੜ ਹੈ

ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਧੀਆਂ-ਪੁੱਤਰਾਂ, ਸਾਕ ਸਬੰਧੀਆਂ ਅਤੇ ਪਤਨੀ ਦੇ ਮੋਹ ਵਿਚ ਮਗਨ ਮਨੁੱਖ ਭਗਤੀ ਤੋਂ ਬਿਨਾ ਆਪਣਾ ਖਾਲੀ ਜੀਵਨ ਬਤੀਤ ਕਰਕੇ ਜਦੋਂ ਅੰਤਮ ਸਮੇਂ ’ਤੇ ਪੁੱਜਦਾ ਹੈ ਤਾਂ ਉਸ ਦਾ ਕੋਈ ਵੀ ਸੰਗ ਨਹੀਂ ਕਰ ਸਕਦਾ ਉਸ ਵੇਲੇ ਜਦੋਂ ਵਾਹਿਗੁਰੂ ਵਲ ਧਿਆਨ ਧਰਦਾ ਹੈ ਤਾਂ ਬਹੁਤ ਹੀ ਦੇਰ ਹੋ ਚੁਕੀ ਹੁੰਦੀ ਹੈ ਮਨੁੱਖ ਦਾ ਮਨ ਉਸ ਪਾਸੇ ਵਲ ਨਹੀਂ ਜਾਂਦਾ ਹੈ ਅਤੇ ਅੰਗ 219 ਉੱਪਰ ਸੁਭਾਏਮਾਨ ਸ਼ਬਦ ਜੋ ਇਸ ਤਰ੍ਹਾਂ ਹੈ:

ਗਉੜੀ ਮਹਲਾ ੯ ॥
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥
 
ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥
ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥ 

ਹੋਰ ਅੱਗੇ ਗੁਰੂ ਜੀ ਲਿਖਦੇ ਹਨ ਜੋ ਅੰਗ 726 ਉਪਰ ਸੁਭਾਏਮਾਨ ਹੈ ਅਤੇ ਇਸ ਤਰ੍ਹਾਂ ਹੈ:

ਤਿਲੰਗ ਮਹਲਾ ੯ ॥

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ 
ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥
ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥
ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥
ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥
ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥

ਉਨ੍ਹਾਂ ਨੇ ਸਮਝਾਇਆ ਹੈ ਕਿ ਇਸ ਅਮੋਲਕ ਜਨਮ ਨੂੰ ਬਿਰਥਾ ਨਾ ਗਵਾਓ ਉਸ ਮਾਲਕ ਦਾ ਸਿਮਰਨ ਕਰੋ ਅਤੇ ਉਸ ਦੀ ਸ਼ਰਨ ਵਿਚ ਆਪਣਾ ਜੀਵਨ ਬਤੀਤ ਕਰੋ ਉਹ ਲਿਖਦੇ ਹਨ ਜੋ ਅੰਗ 220 ਉਪਰ ਸੁਭਾਏਮਾਨ ਹੈ ਜੋ ਇਸ ਪ੍ਰਕਾਰ ਹੈ:

ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥
ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥

ਅੰਗ 219 ਉਪਰ ਸੁਭਾਏਮਾਨ ਸ਼ਬਦ ਵੀ ਪੁਸ਼ਟੀ ਕਰਦਾ ਹੈ:

ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥ 
ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 1426 ਤੋਂ 1429 ਤਕ ਉੱਪਰ ਵਰਨਣ 57 ਸ਼ਲੋਕਾਂ ਵਿਚ ਮਨੁੱਖੀ ਮਨ ਦੀ ਤਰਸਯੋਗ ਹਾਲਤ ਨੂੰ ਬਿਆਨਿਆ ਹੈ ਕਿ ਮਨੁੱਖੀ ਮਨ ਦੀ ਤ੍ਰਿਸ਼ਨਾ ਨੂੰ ਬੁਝਾਉਣ ਲਈ ਝੂਠੀ ਦੁਨੀਆ ਦੇ ਮੱਕੜਜਾਲ ਦੇ ਅੰਦਰ ਫਸਿਆ ਹੋਇਆ ਹੈ ਜਦੋਂ ਕਿ ਮੌਤ ਹਮੇਸ਼ਾ ਹੀ ਉਸ ਦੇ ਸਿਰ ਉੱਪਰ ਭਵਰੇ ਦੀ ਤਰ੍ਹਾਂ ਚੱਕਰ ਕੱਢ ਰਹੀ ਹੈ ਉਸ ਤੋਂ ਬੇਖਬਰ ਮਨੁੱਖ ਦੌਲਤ ਅਤੇ ਸ਼ੋਹਰਤ ਇਕੱਠੀ ਕਰਨ ਵਿਚ ਮਗਨ ਹੈ ਇਹ ਸਭ ਦੌਲਤ ਅਤੇ ਸ਼ੋਹਰਤ ਮਿਥਿਆ ਹੈ ਅਤੇ ਰੇਤੇ ਵਾਂਗ ਸਾਡੇ ਹੱਥਾਂ ਵਿੱਚੋਂ ਕਿਰਦੀ ਰਹਿੰਦੀ ਹੈ ਇਹ ਸ਼ਲੋਕ ਕਿਸੇ ਵਿਛੋੜੇ ਦੇ ਸਮੇਂ ਪੈਦਾ ਹੋਏ ਜ਼ਖਮਾਂ ਉੱਪਰ ਮਰ੍ਹਮ ਦਾ ਕੰਮ ਕਰਦੇ ਹਨ ਅਤੇ ਸਾਡੇ ਭਟਕੇ ਮਨ ਨੂੰ ਸ਼ਾਂਤੀ ਬਖਸ਼ਦੇ ਹਨ ਉਹ ਅੰਗ 1429 ਉਪਰ ਸੁਭਾਏਮਾਨ ਸ਼ਲੋਕ ਰਾਹੀਂ ਦਸ ਰਹੇ ਹਨ:

ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥

ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥੪੭॥

ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥

ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥

ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥

ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥

ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥

ਗੁਰੂ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਦੂਜਿਆਂ ਦੀ ਨਿੰਦਾ ਚੁਗਲੀ ਕਰਨ ਅਤੇ ਪਰਾਈ ਨਾਰੀ ਦੇ ਰੂਪ ’ਤੇ ਮੋਹਿਤ ਹੋਣ ਦੀ ਥਾਂ ਉਸ ਵਾਹਿਗੁਰੂ ਦੀ ਭਗਤੀ ਕਰੇ ਤਾਂ ਹੀ ਉਹ ਭਵਸਾਗਰ ਨੂੰ ਪਾਰ ਕਰ ਸਕਦਾ ਹੈ ਜੋ ਇਸ ਸ਼ਬਦ ਰਾਹੀਂ ਸਪਸ਼ਟ ਕੀਤਾ ਗਿਆ ਹੈ ਜੋ ਇਸ ਪ੍ਰਕਾਰ ਹੈ ਅਤੇ ਅੰਗ 631 ਉਪਰ ਸੁਸ਼ੋਭਿਤ ਹੈ:

ਸੋਰਠਿ ਮਹਲਾ ੯ ॥

ਮਨ ਰੇ ਕਉਨੁ ਕੁਮਤਿ ਤੈ ਲੀਨੀ ॥

ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥
 
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥ 
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ 
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥

ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਣ ਲਈ ਆਪ ਦਿੱਲੀ ਚੱਲ ਕੇ ਗਏ ਉਨ੍ਹਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਸਨ ਜਦੋਂ ਸਮੇਂ ਦੇ ਹਾਕਮ ਨੇ ਗੁਰੂ ਜੀ ਦੀ ਜਾਨ ਬਖਸ਼ੀ ਲਈ ਸ਼ਰਤਾਂ ਰੱਖੀਆਂ ਕਿ ਉਹ ਇਸਲਾਮ ਕਬੂਲ ਕਰਨ ਜਾਂ ਕਰਾਮਾਤ ਵਿਖਾਉਣ ਤਾਂ ਗੁਰੂ ਜੀ ਨੇ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਮੌਤ ਨੂੰ ਸਵੀਕਾਰ ਕਰਨਾ ਮੰਨ ਲਿਆ ਗੁਰੂ ਜੀ ਨੂੰ ਡਰਾਉਣ ਲਈ ਉਨ੍ਹਾਂ ਦੇ ਨਾਲ ਗਏ ਸੇਵਾਦਾਰਾਂ ਨੂੰ ਬੜੀ ਬੇਰਹਿਮੀ ਅਤੇ ਬੇਦਰਦੀ ਨਾਲ ਸ਼ਹੀਦ ਕਰ ਦਿਤਾ ਗਿਆ

ਭਾਈ ਮਤੀ ਦਾਸ ਜੀ ਨੂੰ ਜਿਉਂਦੇ ਜੀਅ ਆਰੇ ਨਾਲ ਚੀਰ ਦਿਤਾ ਗਿਆ ਭਾਈ ਦਿਆਲਾ ਜੀ ਨੂੰ ਉੱਬਲਦੇ ਪਾਣੀ ਵਿਚ ਉਬਾਲਿਆ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਕਪਾਹ ਵਿਚ ਲਪੇਟ ਕੇ ਸਾੜ ਦਿੱਤਾ ਗਿਆ ਇਹ ਸਾਰੇ ਤਸੀਹੇ ਗੁਰੂ ਸਾਹਿਬ ਜੀ ਦੇ ਸਾਹਮਣੇ ਹੀ ਦਿੱਤੇ ਗਏ ਸਨ ਇਹਨਾਂ ਸੇਵਾਦਾਰਾਂ ਨੇ ਪੂਰੀ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਬਿਨਾ ਕਿਸੇ ਡਰ ਅਤੇ ਸਹਿਮ ਦੇ ਬਿਨਾ ਸੀ ਕੀਤਿਆਂ ਸ਼ਹੀਦੀ ਜਾਮ ਪੀ ਲਿਆ ਸੀ ਗੁਰੂ ਸਾਹਿਬ ਲੋਹੇ ਦੇ ਪਿੰਜਰੇ ਅੰਦਰ ਇਸ ਕਰੁਣਾਮਈ ਵਰਤਾਰੇ ਨੂੰ ਅਡੋਲ ਅਤੇ ਸ਼ਾਂਤ ਚਿੱਤ ਦੇਖ ਰਹੇ ਸਨ ਉਨ੍ਹਾਂ ਨੇ ਇਸਲਾਮ ਕਬੂਲ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਕਾਜ਼ੀ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਤਾਂ ਸੰਗਤਾਂ ਭਾਵੁਕ ਹੋ ਗਈਆਂ ਤੇ ਰੋਣਾ-ਧੋਣਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬ ਨੇ ਸਮਝਾਇਆ:

 ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥(ਪੰਨਾ 1429)

ਗੁਰੂ ਸਾਹਿਬਾਂ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਅਤੇ ਸਮਾਧੀ ਵਿਚ ਲੀਨ ਹੋ ਗਏ 11 ਨਵੰਬਰ 1675 ਨੂੰ ਜਲਾਦ ਜਲਾਲੁਦੀਨ ਨੇ ਤਲਵਾਰ ਦੇ ਇੱਕੋ ਵਾਰ ਨਾਲ ਸਿਰ ਨੂੰ ਧੜ ਨਾਲੋਂ ਅਲੱਗ ਕਰ ਦਿੱਤਾ ਜਦੋਂ ਸੀਸ ਬਾਲ ਗੋਬਿੰਦ ਰਾਏ ਕੋਲ ਪੂਜਿਆ ਤਾਂ ਓਹਨਾ ਨੇ ਇਹ ਉਚਾਰਿਆ:

ਰੰਘਰੇਟੇ ਗੁਰੂ ਕੇ ਬੇਟੇ

ਅਤੇ ਉਨ੍ਹਾਂ ਨੇ ਭਾਈ ਜੈਤੇ ਨੂੰ ਸੀਨੇ ਨਾਲ ਲਾ ਲਿਆ ਸੀ

ਗੁਰੂ ਜੀ ਦੀ ਲਾਸਾਨੀ ਸ਼ਹੀਦੀ ਸਾਨੂੰ ਇਸ ਦੋਹਰੇ ਰਾਹੀਂ ਸਮਝਾਉਂਦੀ ਹੈ;

ਠੀਕਰਿ ਫੋਰ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ
ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ
।।
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ
।।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ
।।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2741)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਅਜੀਤ ਸਿੰਘ ਕੋਟ ਕਪੂਰਾ

ਡਾ. ਅਜੀਤ ਸਿੰਘ ਕੋਟ ਕਪੂਰਾ

Dr. Ajit Singh Kot Kapura
Phone: USA (585 305 0443)
Email: (dr.singhajit@gmail.com)