NirmalSDharni7ਕੇਂਦਰ ਦੇ ਕਾਲੇ ਕਾਨੂੰਨਾਂ ਵਿੱਚ ਹਿੱਸਾ ਪਾ ਕੇ ਕਾਨੂੰਨਾਂ ਦਾ ਪ੍ਰਚਾਰ ਵੀ ਕਰ ਲਿਆ ਤੇ ...
(13 ਅਪਰੈਲ 2021)


ਆਦਿ ਕਾਲ ਦਾ ਮਨੁੱਖ ਇਕੱਲਾ ਰਹਿੰਦਾ ਸੀ
, ਜੰਗਲੀ ਜੀਵਨ ਬਿਤਾਉਂਦਾ ਸੀ। ਜੋ ਮਿਲਿਆ ਉਸ ਨਾਲ ਢਿੱਡ ਭਰ ਲਿਆ। ਗਰਮੀ ਸਰਦੀ ਸਦਾ ਨੰਗਾ ਰਹਿੰਦਾ ਸੀ। ਇਸ਼ਾਰਿਆਂ ਨਾਲ ਗੱਲਾਂ ਸਮਝ ਸਮਝਾ ਲੈਂਦਾ ਸੀ। ਹੌਲੀ ਹੌਲੀ ਅਵਾਜ਼ਾਂ ਕੱਢਣ ਲੱਗ ਪਿਆ, ਬੋਲੀ ਹੋਂਦ ਵਿੱਚ ਆ ਗਈ। ਮਿਲਕੇ ਰਹਿਣ ਦੀ ਸਮਝ ਆ ਗਈ। ਖਾਣ ਪੀਣ ਅਤੇ ਪਹਿਰਨ ਪੁਚਰਨ ਵਿੱਚ ਸੁਧਾਰ ਆਉਣ ਲੱਗ ਪਿਆ। ਰਹਿਣ ਲਈ ਮਾੜੇ ਮੋਟੇ ਕੁੱਲੀਆਂ ਢਾਰੇ ਬਣਨ ਲੱਗ ਪਏ। ਇੱਕ ਦੂਸਰੇ ਦੀ ਮਦਦ ਕਰਨ ਦਾ ਜਜ਼ਬਾ ਪੈਦਾ ਹੋਣ ਨਾਲ ਖੋਹ ਕੇ ਖਾਣ ਦੀ ਪ੍ਰਵਿਰਤੀ ਵੀ ਘਟ ਗਈ। ਸਮਾਜਿਕ ਜੀਵਨ ਸ਼ੁਰੂ ਹੋ ਗਿਆ।

ਸਮਾਜਿਕ ਜੀਵਨ ਸ਼ੁਰੂ ਹੋਣ ਨਾਲ ਸਮਾਜਿਕ ਪ੍ਰਬੰਧ ਬਣਾਉਣ ਦੀ ਲੋੜ ਪਈ। ਕੁਝ ਸਮਝਦਾਰ ਲੋਕਾਂ ਨੂੰ ਇਹ ਜ਼ਿੰਮੇਵਾਰੀ ਮਿਲ ਗਈ। ਪ੍ਰਬੰਧਕੀ ਸੰਸਥਾਵਾਂ ਹੋਂਦ ਵਿੱਚ ਆ ਗਈਆਂ। ਇਹ ਸੰਸਥਾਵਾਂ ਬਿਨਾ ਕਿਸੇ ਵਿਤਕਰੇ, ਬਿਨਾ ਲਗ ਲਪੇਟ ਆਪਣੇ ਫੈਸਲੇ ਦੇਣ ਲੱਗੀਆਂ। ਕਬਜ਼ੇ ਦੀ ਭਾਵਨਾ ਨੇ ਰਾਜ ਹੋਂਦ ਵਿੱਚ ਲੈ ਆਂਦੇ। ਰਾਜ ਦਾ ਮੁਖੀਆ ਜਿੱਥੇ ਰਾਜਾ ਹੁੰਦਾ ਸੀ, ਉਸ ਦੀ ਸਹਾਇਤਾ ਲਈ ਬਣੀਆਂ ਜਥੇਬੰਦੀਆਂ ਨੂੰ ਸਭਾਵਾਂ ਕਿਹਾ ਜਾਣ ਲੱਗ ਪਿਆ। ਇਹ ਸਭਾਵਾਂ ਪਿੰਡਾਂ ਤੋਂ ਸ਼ੁਰੂ ਹੋ ਕੇ ਹਰ ਰਾਜ ਦੇ ਕੇਂਦਰ ਤਕ ਹੋਂਦ ਵਿੱਚ ਆ ਗਈਆਂ ਅਤੇ ਰਾਜਿਆਂ ਦੇ ਰੋਜ਼ਾਨਾ ਕੰਮਾਂ ਕਾਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਲਾਹਾਂ ਦੇਣ ਲੱਗ ਪਈਆਂ। ਰਾਜਿਆਂ ਅਤੇ ਸਭਾਵਾਂ ਦਾ ਮੁੱਖ ਕੰਮ ਲੋਕ-ਹਿੱਤਾਂ ਦੀ ਰਾਖੀ ਕਰਨਾ ਅਤੇ ਸਮਾਜ ਭਲਾਈ ਦੇ ਕੰਮ ਕਰਨ ਵੱਲ ਧਿਆਨ ਦੇਣਾ ਸ਼ੁਰੂ ਹੋਇਆ। ਧਰਮ ਦੇ ਪੈਦਾ ਹੋਣ ਨਾਲ ਧਾਰਮਕ ਸੰਸਥਾਵਾਂ ਹੋਂਦ ਵਿੱਚ ਆਈਆਂ ਅਤੇ ਰਾਜਿਆਂ ਦੀਆਂ ਸਹਾਇਕ ਬਣ ਗਈਆਂ। ਰਾਜੇ ਨੇ ਇਨ੍ਹਾਂ ਸੰਸਥਾਵਾਂ ਉੱਤੇ ਵੀ ਰਾਜ ਦੀ ਸ਼ਕਤੀ ਨਾਲ ਆਪਣਾ ਗਲਬਾ ਪਾਉਣਾ ਸ਼ੁਰੂ ਕਰ ਲਿਆ।

ਧਾਰਮਿਕ ਸੰਸਥਾਵਾਂ ਨੇ ਲੋਕਾਂ ਨੂੰ ਮਾੜੇ ਲੋਕ ਅਤੇ ਚੰਗੇ ਲੋਕਾਂ ਵਿੱਚ ਵੰਡ ਲਿਆ। ਬੁਰੀ ਸੋਚ ਵਾਲੇ ਦੁਸ਼ਟ ਬਣ ਗਏ। ਰਾਜੇ ਕੋਲ ਪ੍ਰਬੰਧਕੀ ਸ਼ਕਤੀਆਂ ਅਤੇ ਰਾਜ ਦੀ ਸੱਤਾ ਹੋਣ ਕਾਰਣ ਧਾਰਮਿਕ ਲੋਕ ਵੀ ਰਾਜੇ ਦੀ ਮਰਜ਼ੀ ਅਨੁਸਾਰ ਚੱਲਣ ਲੱਗ ਪਏ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਰਾਜੇ ਦੇ ਰਹਿਮ ਤੇ ਰਹਿਣ ਲੱਗੀਆਂ। ਜੇ ਰਾਜਾ ਮਾੜੀ ਸੋਚ ਵਾਲਾ ਅਰਥਾਤ ਦੁਸ਼ਟ ਹੁੰਦਾ ਸੀ ਤਾਂ ਉਸ ਦੀ ਸਾਰੀ ਸਭਾ ਵੀ ਨਿੱਜੀ ਹਿਤਾਂ ਕਾਰਨ, ਥੋੜ੍ਹੇ ਜਿਹੇ ਲਾਭਾਂ ਕਾਰਨ ਦੁਸ਼ਟ ਦਾ ਸਾਥ ਦੇਣ ਲੱਗ ਪਈ। ਜਿਸ ਕਾਰਨ ਸਮਾਜ ਵਿੱਚ ਟਕਰਾ ਆ ਗਿਆ। ਸਾਡੇ ਦੇਸ਼ ਭਾਰਤ ਨੇ ਮੁੱਢ ਤੋਂ ਅੱਜ ਤਕ ਅਜਿਹੇ ਬਹੁਤ ਟਕਰਾ ਦੇਖੇ ਹਨ। ਮੁਲਤਾਨ ਦਾ ਰਾਜਾ ਹਰਨਾਕਸ਼ ਆਪਣਾ ਨਾਂ ਜਪਾਉਣ ਲੱਗਿਆ। ‘ਜਲੇ ਹਰਨਾਖਸ਼ ਥਲੇ ਹਰਨਾਕਸ਼’ ਦਾ ਜਾਪ ਸ਼ੁਰੂ ਕਰਵਾਇਆ ਗਿਆ। ਸਮਾਜਿਕ ਸੰਸਥਾਵਾਂ, ਧਾਰਮਿਕ ਆਗੂਆਂ ਅਤੇ ਸੰਡਾ ਮਰਕਾ ਵਰਗੇ ਬੁੱਧੀਜੀਵੀਆਂ ਨੇ ਰਾਜੇ ਦਾ ਸਾਥ ਦਿੱਤਾ ਅਤੇ ਸਾਰੀ ਦੁਸ਼ਟ ਸਭਾ ਨੇ ਰਾਜੇ ਦੀ ਮਰਜ਼ੀ ਅਨੁਸਾਰ ਆਪਣੀ ਭੈਣ ਦੇ ਪੁੱਤ ਪ੍ਰਹਲਾਦ ਨੂੰ ਜਲ ਵਿੱਚ ਡੋਬਣ ਅਤੇ ਅਗਨੀ ਵਿੱਚ ਸਾੜਨ ਦੀਆਂ ਸਜ਼ਾਵਾਂ ਦਿੱਤੀਆਂ।

ਮਹਾਂਭਾਰਤ ਦੀ ਕਹਾਣੀ ਵੀ ਅਜਿਹੀ ਹੀ ਸਭਾ ਵਿੱਚ ਵਾਪਰੀ ਅਣਮਨੁੱਖੀ ਕਹਾਣੀ ਹੈ। ਸਭਾ ਵਿੱਚ ਵੱਡੇ ਵੱਡੇ ਅਹਿਲਕਾਰ, ਅਮੀਰ ਵਜ਼ੀਰ ਅਤੇ ਯੋਧੇ ਹਾਜ਼ਰ ਹਨ। ਭੀਸ਼ਮ ਪਿਤਾਮਾ ਹਾਜ਼ਰ ਹੈ, ਦਰੋਣਾਚਾਰਿਆ ਅਤੇ ਕਰਨ ਵਰਗੇ ਯੋਧੇ ਹਾਜ਼ਰ ਹਨ। ਦਰਯੋਧਨ ਦੇ ਫੈਸਲੇ ਦੇ ਖਿਲਾਫ ਕਿਸੇ ਨੇ ਵੀ ਬੋਲਣ ਦੀ ਹਿੰਮਤ ਕਿਉਂ ਨਹੀਂ ਕੀਤੀ? ਸ਼ਾਇਦ ਅੱਜ ਵਾਂਗ ਹੀ ਸਾਰਿਆਂ ਨੂੰ ਆਪਣੇ ਅਹੁਦੇ ’ਤੇ ਵਜ਼ੀਰੀਆਂ ਪਿਆਰੀਆਂ ਸਨ। ਧ੍ਰਿਤਰਾਸ਼ਟਰ ਆਪਣੇ ਪੁੱਤਰ ਮੋਹ ਵਿੱਚ ਅੰਨ੍ਹਾ ਸੀ। ਦੁਨਿਆਵੀ (ਸਰੀਰਕ) ਅੱਖਾਂ ਦੇਖ ਸਕਦੀਆਂ ਸਨ, ਪਰ ਬੋਲਿਆ ਕੋਈ ਨਾ। ਅਨਰਥ ਹੁੰਦਾ ਵੇਖਦੇ ਰਹੇ ਅਤੇ ਦੁਸ਼ਟ ਸਭਾ ਦਾ ਹਿੱਸਾ ਬਣ ਗਏ। ਚੁੱਪ ਰਹਿਣ ਦਾ ਸਿੱਟਾ ਮਹਾਂਭਾਰਤ ਦਾ ਯੁੱਧ ਹੋਇਆ, ਜਿੱਥੇ ਅਠਾਰਾਂ ਖੂਹਣੀਆਂ ਸੈਨਾ ਮਾਰੀ ਗਈ।

ਇੱਕ ਦੁਸ਼ਟ ਸਭਾ ਸਰਹਿੰਦ ਵਿੱਚ ਵੀ ਬੈਠੀ ਸੀ ਕਿਸੇ ਸਮੇਂ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦਾ ਕੇਸ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਆਇਆ। ਵਜ਼ੀਰ ਖਾਂ ਸਜ਼ਾ ਦੇਣ ਲਈ ਤਤਪਰ ਸੀ। ਇੱਥੇ ਦੋ ਧਿਰਾਂ ਬਣ ਗਈਆਂ ਅਤੇ ਕਾਜੀ ਸ਼ਰ੍ਹਾ ਦਾ ਫਤਵਾ ਲਾਉਣ ਤੋਂ ਮੁੱਕਰ ਗਿਆ। ਸੁੱਚਾ ਨੰਦ ਪੁਰੀ ਵਜ਼ੀਰ ਨੇ ਕਾਜੀ ਨੂੰ ਆਪਣੀਆਂ ਦਲੀਲਾਂ ਨਾਲ ਮਨਾ ਲਿਆ। ਨਵਾਬ ਮਲੇਰਕੋਟਲਾ ਸਭਾ ਵਿੱਚੋਂ ਵਾਕ-ਆਊਟ ਕਰ ਗਿਆ ਅਤੇ ਦੁਸ਼ਟ ਸਭਾ ਦਾ ਹਿੱਸਾ ਬਣਨ ਤੋਂ ਬਚ ਗਿਆ। ਬਹੁ-ਸੰਮਤੀ ਅਤੇ ਵਜ਼ੀਰ ਖਾਂ ਦੀ ਇੱਛਾ ਅਨੁਸਾਰ ਸਾਹਿਬਜਾਦਿਆਂ ਨੂੰ ਕੰਧ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਇਸ ਸਭਾ ਦੇ ਇਨ੍ਹਾਂ ਅਨਿਆਈ ਫੈਸਲਿਆਂ ਕਾਰਨ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ।

ਅੱਜ ਵੀ ਸਾਡੇ ਸੂਬੇ ਪੰਜਾਬ ਵਿੱਚ ਅਤੇ ਕੇਂਦਰ ਸਰਕਾਰ ਵਿੱਚ ਸਭਾਵਾਂ ਬਣਦੀਆਂ ਅਤੇ ਕੰਮ ਕਰਦੀਆਂ ਹਨ। ਰਾਜ ਸਭਾ ਵਿੱਚ ਰਾਜਿਆਂ ਵੱਲੋਂ ਨਾਮਜ਼ਦ ਲੋਕ ਹੀ ਉੱਚ ਅਹੁਦਿਆਂ ਉੱਤੇ ਪਹੁੰਚਦੇ ਸਨ ਪਰ ਅਜੋਕਾ ਸਿਸਟਮ ਲੋਕ ਰਾਜੀ ਸਿਸਟਮ ਹੋਣ ਕਾਰਨ ਇਹ ਸਭਾਵਾਂ ਲੋਕਾਂ ਰਾਹੀਂ ਵੋਟਾਂ ਪਾ ਕੇ ਚੁਣੀਆਂ ਜਾਂਦੀਆਂ ਹਨ। ਸਾਡਾ ਦੇਸ਼ ਗਰੀਬ ਅਤੇ ਅਨਪੜ੍ਹ ਹੈ। ਸਿਹਤ ਸੇਵਾਵਾਂ ਵੀ ਚੰਗੀਆਂ ਨਹੀਂ। ਸਭਾਵਾਂ ਦੇ ਮੈਂਬਰ ਬਣਨ ਦੇ ਚਾਹਵਾਨ ਲੋਕ ਆਮ ਲੋਕਾਂ ਦੀ ਗਰੀਬੀ, ਮਜਬੂਰੀ ਅਤੇ ਅਗਿਆਨਤਾ ਦੀ ਕਮਜ਼ੋਰੀ ਦਾ ਲਾਹਾ ਲੈ ਕੇ, ਗਲਤ ਸਾਧਨ ਵਰਤਕੇ, ਸ਼ਰਾਬ ਆਦਿ ਨਸ਼ੇ ਅਤੇ ਪੈਸੇ ਦੇ ਕੇ ਸਭਾਵਾਂ ਦੀਆਂ ਸਾਰੀਆਂ ਪੌੜੀਆਂ ਚੜ੍ਹ ਜਾਂਦੇ ਹਨ। ਸਾਡੇ ਦੇਸ਼ ਵਿੱਚ ਰਾਜਨੀਤੀ ਇੱਕ ਬਹੁਤ ਹੀ ਲਾਹੇਵੰਦ ਕਿੱਤਾ ਬਣ ਗਈ ਹੈ। ਸਭਾਵਾਂ ਦੇ ਮੈਂਬਰਾਂ ਨੇ ਆਪਣੇ ਨਿੱਜੀ ਹਿਤਾਂ ਲਈ ਆਮ ਲੋਕਾਂ ਦੇ ਹਿਤ ਕੁਰਬਾਨ ਕਰ ਦਿੱਤੇ ਹਨ। ਹਰ ਵਰ੍ਹੇ ਤਨਖਾਹਾਂ ਵਿੱਚ ਵਾਧਾ, ਬਿਨਾਂ ਕਿਸੇ ਨਿਸ਼ਚਿਤ ਸਮੇਂ ਲਈ ਕੰਮ ਕਰਨ ਦੇ ਵਾਰ ਵਾਰ ਪੈਨਸ਼ਨ, ਟੈਲੀਫੋਨ, ਸਰਕਾਰੀ ਗੱਡੀਆਂ, ਸਰਕਾਰੀ ਘਰ, ਕੋਟੇ, ਪਰਮਿਟ, ਹੋਰ ਪਤਾ ਨਹੀਂ ਕੀ ਕੁਝ ਆਪਣੇ ਨਾਂ ਲਿਖੀ/ਲਿਖਵਾਈ ਜਾਂਦੇ ਹਨ। ਅਜਿਹਾ ਉੱਜਲ ਭਵਿੱਖ ਦੇਖ ਕੇ ਸਮਾਜ ਦੇ ਘਟੀਆ ਦਰਜੇ ਦੇ ਲੋਫਰ ਬੰਦੇ, ਗੁੰਡਿਆਂ ਦੇ ਸਰਦਾਰ ਬਣਕੇ ਸਮਾਜ ਵਿੱਚ ਦਹਿਸ਼ਤ ਪਾ ਕੇ, ਲੋਕ ਰਾਜ ਦੀ ਭਾਵਨਾ ਦੇ ਉਲਟ ਜਾਤ-ਪਾਤ ਦੀ ਵੰਡ ਦਾ ਰੌਲਾ ਪਾ ਕੇ, ਧਰਮਾਂ ਦੇ ਨਾਂ ’ਤੇ ਭਟਕਾ ਕੇ ਉਨ੍ਹਾਂ ਲੋਕਾਂ ਦੇ ਮਾਲਕ ਬਣ ਬੈਠਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਚੁਣਿਆ ਹੁੰਦਾ ਹੈ। ਫਿਰ ਇਹ ਲੋਕਾਂ ਦੀ ਇੱਕ ਨਹੀਂ ਸੁਣਦੇ। ਗਲਤ ਸਾਧਨਾਂ ਰਾਹੀਂ ਚੁਣੇ ਗਏ ਬੰਦੇ, ਜਿਨ੍ਹਾਂ ਵਿੱਚ ਸੰਜੀਦਗੀ ਅਤੇ ਸਿੱਖਿਆ ਦੀ ਘਾਟ ਹੁੰਦੀ ਹੈ, ਲੋਕ-ਸਭਾ ਦੀਆਂ ਪੌੜੀਆਂ ਚੜ੍ਹਕੇ ਜਦੋਂ ਉੱਚ ਪਦਵੀਆਂ ’ਤੇ ਜਾ ਬੈਠਦੇ ਹਨ ਤਾਂ ਕੁਝ ਇੱਕ ਨੂੰ ਛੱਡਕੇ ਉਹ ਸਭਾ, ਦੁਸ਼ਟ ਸਭਾ ਹੀ ਬਣ ਜਾਂਦੀ ਹੈ। ਫੇਰ ਦੁਸ਼ਟ ਸਭਾ ਜਿਹੜੇ ਫਰਮਾਨ ਜਾਰੀ ਕਰੇਗੀ, ਉਹ ਲੋਕ-ਹਿਤੂ ਨਹੀਂ, ਲੋਕ ਵਿਰੋਧੀ ਹੋਣਗੇ। ਇਹੋ ਕੁਝ ਤਾਂ ਸਾਡੇ ਸਾਹਮਣੇ ਵਾਪਰਿਆ ਹੈ ਅਤੇ ਵਾਪਰ ਰਿਹਾ ਹੈ। ਨੋਟਬੰਦੀ, ਧਾਰਾ 370, ਆਰ. ਬੀ. ਆਈ. ਦੇ ਗਵਰਨਰ ਦੀ ਨਿਯੁਕਤੀ, ਕਰੋਨਾ ਦੇ ਨਾਂ ’ਤੇ ਨਾਦਰੀ ਹੁਕਮ, ਖੇਤੀ ਸਬੰਧੀ ਕਾਲੇ ਕਾਨੂੰਨ, ਇਹੋ ਹੀ ਤਾਂ ਦੁਸ਼ਟ ਸਭਾ ਦਾ ਮੰਤਰ ਹੈ।

ਲੜਾਈ ਸ਼ੁਰੂ ਹੋ ਚੁੱਕੀ ਹੈ। ਭਾਰਤ ਦਾ ਮਾਣ ਬਾਹਰਲੇ ਦੇਸ਼ਾਂ ਵਿੱਚ ਘਟਿਆ ਹੈ। U.N.O. ਨੇ ਨੋਟਿਸ ਲਿਆ ਹੈ। ਵੱਡੇ ਦੇਸ਼ਾਂ ਨੇ ਕਿਸਾਨ ਘੋਲ ਦੀ ਹਿਮਾਇਤ ਕੀਤੀ ਹੈ। ਸਾਡਾ ਖੇਤੀ ਮੰਤਰੀ ਕਾਨੂੰਨਾਂ ਉੱਤੇ ਚਰਚਾ-ਚਰਚਾ ਕੁਰਲਾ ਰਿਹਾ ਹੈ। ਖੇਤੀ ਮੰਤਰੀ ਇਸ ਪਦ ਨਾਲ ਇਨਸਾਫ ਨਹੀਂ ਕਰ ਸਕਿਆ। ਪ੍ਰਧਾਨ ਮੰਤਰੀ ਤਾਂ ਅੱਜ ਤਾਈਂ ਕਾਨੂੰਨਾਂ ਸਬੰਧੀ ਇੱਕ ਵੀ ਪਰੈੱਸ-ਕਾਨਫਰੰਸ ਨਹੀਂ ਕਰ ਸਕਿਆ। ਲੀਡਰਾਂ ਦੇ ਦੇਸ਼ ਦੀ ਸਥਿਤੀ ਸਬੰਧੀ ਗਿਆਨ ਦਾ ਹਾਲ ਇਹ ਹੈ ਕਿ ਟੈਲੀਵਿਜ਼ਨ ਦੀ ਬਹਿਸ ਵਿੱਚ ਐਂਕਰ ਨੇ ਸ. ਹਰਜੀਤ ਸਿੰਘ ‘ਗਰੇਵਾਲ’ ਨੂੰ ਪੁੱਛਿਆ ਕਿ ਇਨ੍ਹਾਂ ਕਾਨੂੰਨਾਂ ਦੇ ਨਾਂ ਹੀ ਦੱਸ ਦਿਉ। ਅੱਜ ਦਾ ਪਤਾ ਨਹੀਂ ਉਦੋਂ ਤਾਂ ਨਹੀਂ ਦੱਸ ਸਕਿਆ। ਸੋ ਸਾਡੀ ਦਿੱਲੀ ਦੀ ਦੁਸ਼ਟ ਸਭਾ ਨੇ ਦੇਸ਼ ਵਿੱਚ ਅਰਾਜਕਤਾ ਫੈਲਾ ਦਿੱਤੀ ਹੈ। ਰੱਬ ਭਲੀ ਕਰੇ।

ਹੁਣ ਮੈਂ ਬਹੁਤ ਹੀ ਸੰਖੇਪ ਵਿੱਚ ਆਪਣੇ ਪੰਜਾਬ ਪ੍ਰਾਂਤ ਦੀ ਗੱਲ ਵੀ ਕਰ ਲਵਾਂ। ਸਾਡੇ ਪ੍ਰਾਂਤ ਵਿੱਚ ਦੋ ਮੁੱਖ ਪਾਰਟੀਆਂ ਨੇ ਹੀ ਰਾਜ ਕੀਤਾ ਹੈ। ਦੋਹਾਂ ਦੇ ਮੁੱਖ ਮੰਤਰੀ ਸਰਦਾਰ ਅਤੇ ਜੱਟ ਸਿਵਾਏ ਗਿਆਨੀ ਜੈਲ ਸਿੰਘ ਦੇ, ਬਣਦੇ ਰਹੇ। ਇਨ੍ਹਾਂ ਦੋਨਾਂ ਪਾਰਟੀਆਂ ਵਿੱਚੋਂ ਵੀ ਮੈਂ ਗੱਲ ਕਰਾਗਾਂ ਕੇਵਲ ਅਕਾਲੀ ਦਲ ਦੀ। ਕਿਉਂਕਿ ਮੈਂ ਆਪ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ। ਅਸੀਂ ਸਦਾ ਮਾਣ ਕਰਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਹੈ ਅਤੇ ਇਹ ਸਿੱਖੀ ਸਿਧਾਂਤਾ ’ਤੇ ਪਹਿਰਾ ਦਿੰਦੀ ਹੈ। ਪਰ ਦੇਖ ਰਹੇ ਹਾਂ ਕਿ ਅੱਜ ਇਹ ਦੋਨੋਂ ਹੀ ਗੱਲਾਂ ਸਹੀ ਨਹੀਂ ਹਨ। ਸਿੱਖ ਸਿਧਾਂਤ ਸਾਡੀ ਪਾਰਟੀ ਨੇ ਕੋਈ ਵੀ ਨਹੀਂ ਮੰਨਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੀ ਅਗਵਾਈ ਵਿੱਚ ਪ੍ਰਾਈਮ ਮਨਿਸਟਰ ਨੂੰ ਮਿਲ ਕੇ ਅਕਾਲੀ ਦਲ ਸਰਕਾਰ ਤੋੜਨ ਦੀ ਸਿਫਾਰਸ਼ ਕੀਤੀ ਕਿਉਂਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਪਾਰਟੀ ਪਾਲਸੀ ਅਤੇ ਸਿੱਖ ਸਿਧਾਂਤਾਂ ਅਨੁਸਾਰ ਕੰਮ ਨਹੀਂ ਸੀ ਕਰ ਰਿਹਾ। ਇਸਦਾ ਸਿੱਟਾ ਇਹ ਨਿਕਲਿਆ ਕਿ ਮੁੱਖ ਮੰਤਰੀ ਨੇ ਰਾਜ ਦੇ ਜ਼ੋਰ ਨਾਲ ਪਾਰਟੀ ਉੱਤੇ ਹੀ ਕਬਜ਼ਾ ਕਰ ਲਿਆ ਤੇ ਪੰਥਕ ਰਵਾਇਤਾਂ ਟੁੱਟ ਗਈਆਂ। ਪਾਰਟੀ ਘਰ ਦੀ, ਐੱਮ.ਐੱਲ.ਏ. ਵਜ਼ੀਰ ਘਰ ਦੇ ਅਤੇ ਰਿਸ਼ਤੇਦਾਰ। ਪੰਥਕ ਸੋਚ ਵਾਲੇ ਬੰਦੇ ਪਾਰਟੀ ਤੋਂ ਬਾਹਰ ਕਰ ਦਿੱਤੇ ਗਏ। ਹੱਥ ਜੋੜ ਕੇ ‘ਰਾਜ ਨਹੀਂ ਸੇਵਾ’ ਅਤੇ ‘ਰਣਜੀਤ ਸਿੰਘ ਵਰਗਾ ਰਾਜ’ ਦੇਣ ਦੇ ਵਾਅਦੇ ਹਵਾ ਵਿੱਚ ਉੱਡ ਗਏ। ਪਿੱਛੇ ਰਹਿ ਗਈ ‘ਦੁਸ਼ਟ ਸਭਾ’। ਦੁਸ਼ਟ ਸਭਾ ਨੇ ਪੰਜਾਬ ਅਤੇ ਪਾਰਟੀ ਦਾ ਅੰਤ ਕਰਨ ਵਿੱਚ ਕੋਈ ਕਸਰ ਨਾ ਛੱਡੀ। ਮੈਂ ਮਰਾਂ ਪੰਥ ਜੀਵੇ ਉਲਟਾ ਹੋ ਗਿਆ। “ਤਖਤ ਰਾਜਾ ਟਿਕੇ ਗੁਣੀ ਭਾਇ ਪੰਚਾਇਣ ਤੱਤ”, ‘ਤਖਤ ਬਹੈ ਤਖਤੈ ਕੀ ਲਾਇਕ’ ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਆਪਣੀਆਂ ਖੁਦ ਗਰਜੀਆਂ ਕਾਰਨ ਪੰਥਕ ਰਵਾਇਤਾਂ ਅਤੇ ਹਲੇਮੀ ਰਾਜ ਦੇ ਸੰਕਲਪ ਨੂੰ ਭੁਲਾ ਦਿੱਤਾ। ‘ਦੁਸ਼ਟ ਸਭਾ’ ਨੇ ਜੋ ਕਰਨਾ ਸੀ ਕਰ ਲਿਆ। ਕੇਂਦਰ ਦੇ ਕਾਲੇ ਕਾਨੂੰਨਾਂ ਵਿੱਚ ਹਿੱਸਾ ਪਾ ਕੇ ਕਾਨੂੰਨਾਂ ਦਾ ਪ੍ਰਚਾਰ ਵੀ ਕਰ ਲਿਆ ਤੇ ਉਨ੍ਹਾਂ ਦੇ ਵਿਰੋਧ ਵਿੱਚ ਸੱਚੇ ਵੀ ਹੋ ਲਏ। ਮੰਨਣਾ ਤਾਂ ਨਹੀਂ ਕਿਸੇ ਨੇ ਕਿਉਂਕਿ ‘ਮਾਇਆਧਾਰੀ ਅਤਿ ਅੰਨ੍ਹਾ ਬੋਲਾ’ ਪਰ ਪਹਿਰੇਦਾਰ ਦਾ ਕੰਮ ਹੈ ਹੋਕਾ ਦੇਣਾ। ਮੇਰੀ ਪਾਰਟੀ, ਜਿਸਦਾ ਮੈਂ 1970 ਤੋਂ ਪੱਲਾ ਫੜਿਆ ਹੋਇਆ ਸੀ, ਤਾਂ ਹੀ ਸਹੀ ਰਸਤੇ ਤੁਰ ਸਕਦੀ ਹੈ ਜੇ ਬਿਨਾਂ ਮੋਹ ਪਾਰਟੀ ਦੀ ਲੀਡਰਸ਼ਿੱਪ ਬਦਲੀ ਜਾਵੇ, ਨਹੀਂ ਤਾਂ ਰਸਤਾ ਖੁਆਰੀ ਭਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਰਾਜ ਕਰਨਾ ਨਹੀਂ, ਲੋਕ ਭਲਾਈ ਲਈ ਲੱਕ ਬੰਨ੍ਹ ਕੇ ਲੜਨਾ ਹੈ ਪਰ ਅਸੀਂ ਤਾਂ ‘ਦੁਸ਼ਟ ਸਭਾ’ ਬੈਠ ਗਏ ਤੇ ਪਾਰਟੀ ਖਤਮ ਕਰ ਬੈਠੇ। ਸ਼੍ਰੋਮਣੀ ਅਕਾਲੀ ਦਲ ਲੋਕ-ਹਿਤਾਂ ਦੀ ਲੜਾਈ ਕਿਉਂ ਭੁੱਲ ਗਿਆ? ਮੈਦਾਨ ਭਖਿਆ ਹੋਇਆ ਹੈ। ਖੇਤੀ ਕਾਨੂੰਨ ਕੇਵਲ ਕਿਸਾਨਾਂ ਦੇ ਖਿਲਾਫ ਹੀ ਨਹੀਂ ਸਗੋਂ ਇਹ ਮਜ਼ਦੂਰਾਂ ਅਤੇ ਉਪਭੋਗਤਾਵਾਂ ਦੇ ਵੀ ਖਿਲਾਫ ਹਨ। ਪਰ ਤੁਸੀਂ ਲੜਾਈ ਦੇ ਮੈਦਾਨ ਦੇ ਭਗੌੜੇ ਹੋ ਗਏ ਹੋ। ਚੋਣਾਂ ਲਈ ਆਪਣੇ ਕੈਂਡੀਡੇਟ ਐਲਾਨ ਕਰ ਰਹੇ ਹੋ। ‘ਰੋਮ ਸੜ ਰਿਹਾ ਹੈ, ਨੀਰੋ ਬੰਸਰੀ ਬਜਾ ਰਿਹਾ ਹੈ।

ਆਓ ਨਿੱਤਰੋ ਮੈਦਾਨ ਵਿੱਚ ਨਹੀਂ ਤਾਂ ਜਿਹੜਾ ਲਾਇਕ ਹੈ, ਉਸ ਨੂੰ ਅੱਗੇ ਕਰੋਭਾਵ ਉਹ ਨਿੱਜੀ ਤੌਰ ’ਤੇ ਬਾਦਲ ਪਰਿਵਾਰ ਦਾ ਵਿਰੋਧੀ ਹੀ ਹੋਵੇ। ਪਾਰਟੀ ਅਤੇ ਕੌਮ ਦਾ ਸੋਚੋ, ਖੁਦਗਰਜ਼ੀ ਛੱਡੋ। ਗੁਰਬਾਣੀ ਨਾਲ ਜੁੜਿਆਂ ਹੀ ਗੁਰਮਤਿ ਦੇ ਧਾਰਨੀ ਹੋਇਆ ਜਾ ਸਕਦਾ ਹੈ। ਗੁਰਮਤਿ ਦੇ ਧਾਰਨੀ ਹੋ ਕੇ ਹੀ ‘ਹਲੇਮੀ ਰਾਜ’ ਸਿਰਜਿਆ ਜਾ ਸਕਦਾ ਹੈ। “ਰਾਜ ਚੂਲੀ ਨਿਆਵ ਕੀ ਪੜ੍ਹਿਆ ਸਚੁ ਧਿਆਨ”ਜਿਸ ਰਣਜੀਤ ਸਿੰਘ ਰਾਜ ਦੇ ਨਾਂ ਤੇ ਅਸੀਂ ਵੋਟਾਂ ਲਈਆਂ ਸਨ ਉਸ ਨੂੰ ਲੋਕਾਂ ਨੇ ਬਲਾਕ ਲਾਹੌਰ ਦਾ ਰਾਜ ਦਿੱਤਾ ਸੀ। ਬਤੌਰ ਮਹਾਰਾਜਾ ਉਸ ਨੇ ਆਪੇਣ ਆਪ ਉੱਤੇ ਵੀ ਕੁੰਡਾ ਲਾਇਆ ਹੋਇਆ ਸੀ, ਕਿ ਜੇ ਮੈਂ ਕੋਈ ਅਜਿਹਾ ਹੁਕਮ ਦੇ ਦਿਆਂ ਜਿਹੜਾ ਲੋਕ-ਹਿੱਤ ਵਿੱਚ ਨਾ ਹੋਵੇ ਤਾਂ ਫਕੀਰ ਸਾਹਿਬ ਵਾਪਸ ਨਜ਼ਰਸਾਨੀ ਲਈ ਭੇਜ ਸਕਦੇ ਹਨ। ਲਾਹੌਰ ਦੇ ਕਿਲੇ ਵਿੱਚ ਅੱਜ ਵੀ ਦੋ ਹੁਕਮ ਜਿਨ੍ਹਾਂ ਵਿੱਚ ਲਾਹੌਰ ਦੇ ਕੋਤਵਾਲ ਨੂੰ ਲੋਕ-ਹਿਤ ਕੰਮ ਕਰਨ ਦੀਆਂ ਹਿਦਾਇਤਾਂ ਹਨ, ਪੜ੍ਹੇ ਜਾ ਸਕਦੇ ਹਨ। ਇਸ ਤਰ੍ਹਾਂ ਦੇ ਰਾਜੇ ਦੇ ਰਾਜ ਵਿੱਚ ਸਭਾ ਬਣ ਜਾਂਦੀ ਹੈ ‘ਸੰਤ ਸਭਾ’ਲੁੱਟ ਕੇ ਖਾਣ ਵਾਲਿਆਂ ਦੇ ਰਾਜ ਵਿੱਚ ਸਭਾ ਬਣ ਜਾਂਦੀ ਹੈ ‘ਦੁਸ਼ਟ ਸਭਾ’ਦੁਸ਼ਟ ਸਭਾ ਨੇ ਦੁਸ਼ਟਾਂ ਲਈ ਹੀ ਕੰਮ ਕਰਨਾ ਹੁੰਦਾ ਹੈ, ਜੋ ਅੱਜ ਹੋ ਰਿਹਾ ਹੈ। ਸਿੱਟੇ ਮਾੜੇ ਹੀ ਨਿਕਲਣਗੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2707)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਿਰਮਲ ਸਿੰਘ ਧਾਰਨੀ

ਨਿਰਮਲ ਸਿੰਘ ਧਾਰਨੀ

Brampton, Ontario, Canada.
Phone: (905-497-1173)