“ਬਾਬਿਓ, ਆਪਾਂ ਤਾਂ ਬਹੁਤ ਕਸੂਤੇ ਫਸ ਗਏ, ਹੁਣ ਤਾਂ ਲੋਕਾਂ ਨੇ ਆਪਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ ...”
(2 ਫਰਵਰੀ 2021)
(ਸ਼ਬਦ: 710)
30-35 ਵਰ੍ਹੇ ਪਹਿਲਾਂ ਮੈਂ ਇੱਕ ਮਿਨੀ ਕਹਾਣੀ ਪੜ੍ਹੀ ਸੀ ਜਿਸਦੇ ਲੇਖਕ ਦਾ ਨਾਂ ਤਾਂ ਹੁਣ ਯਾਦ ਨਹੀਂ ਪਰ ਉਸ ਕਹਾਣੀ ਦਾ ਨਿਚੋੜ ਮੈਨੂੰ ਅੱਜ ਵੀ ਯਾਦ ਹੈ।
ਕਿਸੇ ਪਿੰਡ ਵਿੱਚ ਇੱਕ ਸਾਧ ਮੰਗਣ ਆਇਆ ਕਰਦਾ ਸੀ। ਉਸਨੇ ਆਪਣੇ ਲੱਕ ਦੇ ਸੱਜੇ ਅਤੇ ਖੱਬੇ ਪਾਸੇ ਦੋ ਝੋਲ਼ੀਆਂ ਲਟਕਾਈਆਂ ਹੁੰਦੀ ਸਨ। ‘ਅਲਖ ਨਿਰੰਜਣ! ਰੱਬ ਤੁਹਾਡਾ ਭਲਾ ਕਰੇ, ... ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ... ਬਾਲ-ਬੱਚੇ ਰਾਜੀ ਰਹਿਣ,’ ਆਖਦਾ ਹੋਇਆ ਉਹ ਸਾਧ ਘਰ-ਘਰ ਫੇਰੀ ਪਾਉਂਦਾ। ਜੇ ਕੋਈ ਆਟਾ ਦਿੰਦਾ ਤਾਂ ਇੱਕ ਝੋਲ਼ੀ ਵਿੱਚ ਅਤੇ ਜੇ ਕੋਈ ਦਾਣੇ ਦਿੰਦਾ ਤਾਂ ਦੂਜੀ ਝੋਲ਼ੀ ਵਿੱਚ ਪਵਾ ਲੈਂਦਾ। ਫਿਰ ਉਹ ਸਾਧ ਇਕੱਠਾ ਹੋਇਆ ਸਾਰਾ ਆਟਾ-ਦਾਣਾ ਨੇੜੇ ਪੈਂਦੇ ਸ਼ਹਿਰ ਵੇਚ ਦਿੰਦਾ ਤੇ ਆਪਣੀ ਲੋੜ ਦੀਆਂ ਵਸਤਾਂ ਸ਼ਹਿਰੋਂ ਖਰੀਦ ਕੇ ਆਪਣੇ ਡੇਰੇ ਜਾ ਵੜਦਾ।
ਇੰਝ ‘ਖਾਓ, ਪੀਓ, ਐਸ਼ ਕਰੋ ਮਿੱਤਰੋ ...” ਦੇ ਸਿਧਾਂਤ ’ਤੇ ਚੱਲਦਿਆਂ ਉਸ ਸਾਧ ਦਾ ਵਾਹਵਾ ਸੁਹਣਾ ਵਕਤ ਲੰਘ ਰਿਹਾ ਸੀ। ਇਕ ਦਿਨ ਜਦੋਂ ਉਹ ਦੁਪਹਿਰਾ ਢਲਦਿਆਂ ਇਕੱਲਾ ਹੀ ਹਰਾ ਤਰਬੂਜ਼ੀਆ ਹੋਇਆ ਬੈਠਾ ਸੀ ਤਾਂ ਉਸਦੇ ਮਨ ਵਿੱਚ ਖਿਆਲ ਆਇਆ ਕਿ ਇਕੱਲੇ ਦਾ ਮੌਜ ਮੇਲਾ ਕਾਹਦਾ, ਕੋਈ ਸੰਗੀ-ਸਾਥੀ ਜ਼ਰੂਰ ਹੋਣਾ ਚਾਹੀਦਾ ਹੈ। ਉਸਨੇ ਖੇਸੀ ਦੀ ਬੁੱਕਲ਼ ਮਾਰ ਕੇ ਦਾਰੂ ਦੀ ਬੋਤਲ ਕੱਛ ਵਿੱਚ ਦੇ ਲਈ ਤੇ ਨਾਲ ਦੇ ਪਿੰਡ ਦੇ ਡੇਰੇ ਜਾ ਵੜਿਆ। ਉਸ ਡੇਰੇ ਦਾ ਸਾਧ ਉਸ ਨਾਲੋਂ ਵੀ ਵਧੇਰੇ ਲਟਬੌਰਾ ਹੋਇਆ ਬੈਠਾ ਸੀ। ਉਸਨੇ ਹੋਰ ਲਾਗਲੇ ਦੋਂਹ ਤਿੰਨਾਂ ਪਿੰਡਾਂ ਦੇ ਸਾਧਾਂ ਨੂੰ ਨਾਲ ਲੈ ਕੇ ਕਿਸੇ ਡੇਰੇ ਵਿੱਚ ਯਾਦਗਾਰੀ ਜਸ਼ਨ ਮਨਾਉਣ ਦੀ ਮਨਸ਼ਾ ਪ੍ਰਗਟ ਕਰ ਦਿੱਤੀ।
ਝੱਟ ਮੰਗਣੀ ਪਟੱਕ ਵਿਆਹ ਵਾਂਗ ਨਾ ਮਹਿਫਿਲ ਸਜਦਿਆਂ ਦੇਰ ਲੱਗੀ ਅਤੇ ਨਾ ਹੀ ਖਰਮਸਤੀਆਂ ਨੂੰ ਖੌਰੂ ਵਿੱਚ ਬਦਲਦਿਆਂ। ਪਿੰਡ ਦੇ ਲੋਕਾਂ ਲਈ ਇਹ ਅੱਲੋਕਾਰ ਵਰਤਾਰਾ ਸੀ, ਉਨ੍ਹਾਂ ਥਾਣੇ ਜਾ ਕੇ ਇਤਲਾਹ ਦੇ ਦਿੱਤੀ। ਤਿੰਨ ਚਾਰ ਪੁਲਸੀਏ ਸਾਈਕਲਾਂ ’ਤੇ ਡੇਰੇ ਪਹੁੰਚ ਗਏ। ਪੁਲਸੀਆਂ ਨੇ ਸਾਧਾਂ ਦੇ ਹੱਥਕੜੀਆਂ ਲਾ ਕੇ ਇੱਕ ਸਾਈਕਲ ਦੀ ਪਿਛਲੀ ਕਾਠੀ ਨਾਲ ਬੰਨ੍ਹ ਕੇ ਥਾਣੇ ਨੂੰ ਹੱਕ ਲਏ। ਇਹ ਦ੍ਰਿਸ਼ ਇੰਨਾ ਅਦਭੁੱਤ ਸੀ ਕਿ ਉਤਸੁਕਤਾ-ਵੱਸ ਪਿੰਡ ਦੇ ਕੁਝ ਲੋਕ ‘ਅਗਾਂਹ ਕੀ ਹੋਊ’ ਜਾਂ ‘ਸਾਧਾਂ ਦਾ ਹੁਣ ਕੀ ਬਣੂੰ?’ ਦਾ ਉੱਤਰ ਲੱਭਣ ਲਈ ਸਾਧਾਂ ਦੇ ਮਗਰ-ਮਗਰ ਤੁਰ ਪਏ।
ਰਾਹ ਵਿੱਚ ਪੈਂਦੇ ਪਿੰਡ ਵਿੱਚੋਂ ਲੰਘਦਿਆਂ ਕੁਝ ਹੋਰ ਲੋਕ ਨਾਲ ਜੁੜ ਗਏ। ਥਾਣੇ ਲਾਗੇ ਪਹੁੰਚਣ ਤਕ ਲੋਕਾਂ ਦੀ ਵਾਹਵਾ ਭੀੜ ਇਕੱਠੀ ਹੋ ਗਈ। ਭੈਭੀਤ ਹੋਏ ਇਕ ਸਾਧ ਨੇ ਦੂਜੇ ਦੇ ਕੰਨ ਵਿੱਚ ਆਖਿਆ, “ਬਾਬਿਓ, ਆਪਾਂ ਤਾਂ ਬਹੁਤ ਕਸੂਤੇ ਫਸ ਗਏ, ਹੁਣ ਤਾਂ ਲੋਕਾਂ ਨੇ ਆਪਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ ...”
ਦੂਜਾ ਸਾਧ, ਜਿਹੜਾ ਆਪਣੇ ਆਪ ਨੂੰ ਬਹੁਤ ਘੈਂਟ ਸਮਝਦਾ ਸੀ, ਬੋਲਿਆ, “ਮੋਕ ਨਈਂ ਮਾਰੀਦੀ ਹੁੰਦੀ, ਧੀਰਜ ਰੱਖ, ਮੈਂ ਬਣਾ ਰਿਹਾਂ ਕੋਈ ਜੁਗਾੜ ...”
ਕੁਝ ਚਿਰ ਪਿੱਛੋਂ ਘੈਂਟ ਸਾਧ ਬੋਲਿਆ, “ਮੈਂ ਆਖੂੰਗਾ - ਗਊ ਹੱਤਿਆ, ਤੁਸੀਂ ਸਾਰਿਆਂ ਨੇ ਰਲ਼ ਕੇ ਕਹਿਣਾ ਹੈ - ਬੰਦ ਕਰੋ, ਬੰਦ ਕਰੋ ...।”
ਘੈਂਟ ਸਾਧ ਨੇ ਨਾਅਰਾ ਬੁਲੰਦ ਕੀਤਾ, “ਗਊ ਹੱਤਿਆ ...”
ਦੂਜੇ ਸਾਧ ਬੋਲੇ, “ਬੰਦ ਕਰੋ ... ਬੰਦ ਕਰੋ।”
ਕੁਝ ਦੇਰ ਬਾਅਦ ਲੋਕ ਵੀ ਉੱਚੀ ਉੱਚੀ ‘ਬੰਦ ਕਰੋ ... ਬੰਦ ਕਰੋ’ ਕਹਿਣ ਲੱਗ ਪਏ। ਥਾਣੇ ਤੱਕ ਪਹੁੰਚਦਿਆਂ ਸਾਰੇ ਸਾਧ ਰਲ਼ ਕੇ ਉੱਚੀ ਉੱਚੀ “ਗਊ ਹੱਤਿਆ ...” ਤੇ ਲੋਕ, “ਬੰਦ ਕਰੋ ... ਬੰਦ ਕਰੋ।” ਕਹਿਣ ਤਕ ਪਹੁੰਚ ਗਏ।
ਉਦੋਂ ਜਿਵੇਂ ਡੇਰੇ ਵਿੱਚ ਇਕੱਠੇ ਹੋ ਕੇ ਮਚਾਏ ਧੂਤਕੜੇ ਕਾਰਨ ਹੋਈ ਗ੍ਰਿਫਤਾਰੀ ਨੂੰ ਸਾਧਾਂ ਨੇ ‘ਗਊ ਹੱਤਿਆ’ ਨਾਲ ਜੋੜ ਕੇ ਆਪਣੇ ਬਚਣ ਲਈ ਰਾਹ ਕੱਢ ਲਿਆ ਸੀ ਉਵੇਂ ਹੀ ਹੁਣ ਕਰੋਨਾ ਦੇ ਸੰਕਟ ਸਮੇਂ ਅਫਰਾ-ਤਫਰੀ ਵਿੱਚ ਪਾਸ ਕੀਤੇ ਤਿੰਨਾਂ ਖੇਤੀ ਬਿੱਲਾਂ ਕਾਰਣ ਚਾਰੇ ਪਾਸਿਆਂ ਤੋਂ ਘਿਰੀ ਹੋਈ ਬੇਜੇਪੀ ਸਰਕਾਰ ਕਿਸਾਨ ਅੰਦੋਲਨ ਨੂੰ ਤਿਰੰਗੇ ਝੰਡੇ ਦੇ ਅਪਮਾਨ ਵਾਲਾ ਮੋੜ ਦੇ ਕੇ ਅੰਦੋਲਨ ਤੋਂ ਖਹਿੜਾ ਛੁਡਾਉਣ ਦੇ ਰਾਹ ਪਈ ਹੋਈ ਹੈ।
ਸ਼ਾਇਰ ਮੀਰ ਤਕੀ ਮੀਰ ਦਾ ਸ਼ੇਅਰ ਹੈ: ਇਬਤਦਾ-ਏ-ਇਸ਼ਕ ਹੈ, ਰੋਤਾ ਹੈ ਕਿਯਾ, ਆਗੇ ਆਗੇ ਦੇਖੀਏ ਹੋਤਾ ਹੈ ਕਿਯਾ। ਇਬਤਦਾ ਦਾ ਅਰਥ ਹੈ, ਸ਼ੁਰੂਆਤ। ਜਦੋਂ ਕਿਸਾਨ ਦਿੱਲੀ ਵਲ ਆਉਣੇ ਸ਼ੁਰੂ ਹੋਏ ਸਨ, ਉਦੋਂ ਉਨ੍ਹਾਂ ਨੂੰ ਰਾਹ ਵਿੱਚ ਰੋਕਣ ਲਈ ਸਰਕਾਰ ਨੇ ਪਹਿਲਾਂ ਸੜਕਾਂ ਵਿੱਚ ਟੋਏ ਪੁੱਟੇ, ਬੈਰੀਕੇਡ ਲਾਏ, ਪਾਣੀ ਦੀਆਂ ਬੁਸ਼ਾੜਾਂ ਮਾਰੀਆਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਪਰ ਸਫਲਤਾ ਨਹੀਂ ਮਿਲੀ। ਅੱਤਵਾਦ, ਵੱਖਵਾਦ ਅਤੇ ਫਿਰਕੂਪੁਣੇ ਦੇ ਸਾਰੇ ਹੱਥਕੰਡੇ ਵਰਤ ਲਏ ਪਰਨਾਲਾ ਫਿਰ ਵੀ ਉੱਥੇ ਦਾ ਉੱਥੇ ਹੀ ਰਿਹਾ। ਭੰਨਤੋੜ ਕਰਕੇ ਬਣਾਇਆ ਦਹਿਸ਼ਤੀ ਮਾਹੌਲ ਵੀ ਕਿਸੇ ਕੰਮ ਨਹੀਂ ਆਇਆ।
ਹੁਣ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਦੇ ਵਾਪਸੀ ਵਾਲੇ ਰਾਹਾਂ ਵਿੱਚ ਰੋਕਾਂ ਖੜ੍ਹੀਆਂ ਕਰਕੇ ਕੀਤੀ ਗੜਬੜ ਵੀ ਹਾਕਮਾਂ ਨੂੰ ਬਹੁਤਾ ਲਾਭ ਨਹੀਂ ਪਹੁੰਚਾ ਸਕੀ। ਪਰ ਹਾਂ, ਇੱਕ ਟੋਲੇ ਨੂੰ ਲਾਲ ਕਿਲੇ ਦੇ ਰਾਹ ਪਾ ਕੇ ਗਣਤੰਤਰ ਦਿਵਸ ’ਤੇ ਖ਼ਲਲ ਪਾਉਣ ਦਾ ਮੌਕਾ ਜ਼ਰੂਰ ਪ੍ਰਦਾਨ ਕਰ ਦਿੱਤਾ। ਇਹ ਪਹਿਲੀ ਯੋਜਨਾ ਹੈ ਜਿਹੜੀ ਅੱਜ ਤਕ ਸ਼ਾਂਤਮਈ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੀਹੋਂ ਕੁਲੀਹੇ ਪਾਉਣ ਵਾਲਿਆਂ ਨੇ ਸਫਲਤਾ ਪੂਰਵਕ ਸਿਰੇ ਚਾੜ੍ਹ ਲਈ ਹੈ, ਆਗੇ ਆਗੇ ਦੇਖੀਏ ਹੋਤਾ ਹੈ ਕਿਯਾ ...।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2562)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































