PuranSPandhi7ਉਹੋ ਹੀ ਦਸੰਬਰ ਦਾ ਮਹੀਨਾਪੋਹ ਦੀਆਂ ਠੰਢੀਆਂ ਰਾਤਾਂ ਹਨ। ਦਿੱਲੀ ਦੀਆਂ ਸੜਕਾਂ ’ਤੇ ...
(28 ਦਸੰਬਰ 2020)

 

ਸਿੱਖ ਇਤਿਹਾਸ ਵਿੱਚ ਦਸੰਬਰ 20 ਤੋਂ 27 ਤਕ ਦਾ ਇੱਕ ਹਫਤਾ ਲਹੂ ਭਿੱਜੀਆਂ ਲਾਸਾਨੀ ਕੁਰਬਾਨੀਆਂ ਤੇ ਅਦੁੱਤੀ ਸ਼ਹਾਦਤਾਂ ਦਾ ਹਫਤਾ ਮੰਨਿਆ ਜਾਂਦਾ ਹੈ। ਇਸ ਨੂੰ ਸ਼ਹੀਦੀ ਸਾਤਾ ਆਖਿਆ ਜਾਂਦਾ ਹੈ। 20 ਦਸੰਬਰ ਨੂੰ ਅਨੰਦਪੁਰ ਛੱਡਣਾ, 21 ਦਸੰਬਰ ਨੂੰ ਸਰਸਾ ਨਦੀ ਉੱਤੇ ਭਿਆਨਕ ਜੰਗ, ਗੁਰੂ ਜੀ ਦੇ ਪਰਿਵਾਰ ਦਾ ਖੇਰੂੰ ਖੇਰੂੰ ਹੋਣਾ, 22 ਦਸੰਬਰ ਨੂੰ ਚਮਕੌਰ ਦੀ ਗੜ੍ਹੀ ਵਿੱਚ ਵੱਡੇ ਸਾਹਿਬਜ਼ਾਦੇ, ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਸ਼ਹੀਦੀ, 23 ਤੋਂ 26 ਤਕ ਚਾਰ ਦਿਨ ਛੋਟੇ ਸਹਿਬਜ਼ਾਦੇ ਜੋਰਾਵਰ ਸਿੰਘ ਤੇ ਫਤੇਹ ਸਿੰਘ ਨੂੰ ਸਰਹੰਦ ਦੇ ਹਾਕਮਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਤਸੀਹੇ, ਡਰਾਵੇ ਤੇ ਲਾਲਚ, ਅੰਤ 27 ਦਸੰਬਰ 1704 ਨੂੰ ਨੀਹਾਂ ਵਿੱਚ ਚਿਣ ਦਿੱਤੇ ਤੇ ਸ਼ਹੀਦ ਕੀਤੇ ਗਏ।

11 ਨਵੰਬਰ 1675 ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਕੇਵਲ 9 ਸਾਲ ਦੀ ਕਿਸ਼ੋਰ ਉੇਮਰ ਸੀ; ਜਦੋਂ ਵਕਤ ਦੇ ਜਰਵਾਣਿਆਂ ਨੇ ਗੁਰੂ ਜੀ ਦੇ ਪਿਤਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ। ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਪੁੱਜਾ। ਸੰਸਾਰ ਦੀ ਹਿਸਟਰੀ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕਿਸੇ ਹੋਰ ਥਾਂ ਦਿੱਲੀ ਵਿੱਚ ਅਤੇ ਸੀਸ ਦਾ ਕਿਸੇ ਹੋਰ ਥਾਂ ਅਨੰਦਪੁਰ ਹੋਇਆ ਹੋਵੇ।

ਉਦੋਂ ਤੋਂ ਹੀ ਬਾਲ ਗੋਬਿੰਦ ਰਾਇ ਜੀ ਦੇ ਅੰਦਰ ਇੱਕ ਵੱਖਰੀ ਤੇ ਨਿਆਰੀ ਕੌਮ ਦੀ ਸਿਰਜਣਾ ਦਾ ਸੰਕਲਪ ਸੀ। ਨੌਂ ਸਾਲ ਤੋਂ ਆਪਣੀ ਸਾਰੀ ਆਯੂ 42 ਵਿੱਚੋਂ ਕੇਵਲ 33 ਸਾਲਾਂ ਵਿੱਚ ਆਪ ਜੀ ਨੇ ਸਿੱਖ ਜਥੇਬੰਦੀ ਮਜ਼ਬੂਤ ਕਰਨ, ਸਿੱਖਾਂ ਵਿੱਚ ਸੂਰਬੀਰਤਾ ਭਰਨ, ਸ਼ਿਕਾਰ ਖੇਡਣ, ਨਗਾਰੇ ਵਜਾਉਣ ਅਤੇ ਕਿਲੇ ਬਣਾਉਣ ਉੱਤੇ ਜ਼ੋਰ ਦਿੱਤਾ।

ਆਪ ਜੀ ਨੇ ਸਮੇਂ ਦੀ ਲੋੜ ਮੁਤਾਬਕ, ਜੰਗੀ ਦ੍ਰਿਸ਼ਟੀਕੋਣ ਤੋਂ ਪੰਜ ਕਿਲਿਆਂ ਦੀ ਉਸਾਰੀ ਕੀਤੀ: ਲੋਹਗੜ੍ਹ, ਹੋਲਗੜ੍ਹ, ਫਤਿਹਗੜ੍ਹ, ਅਨੰਦਗੜ੍ਹ ਤੇ ਕੇਸਗੜ੍ਹ। ਗੁਰੂ ਸਾਹਿਬਾਂ ਦੇ ਸਮੇਂ ਅਨੰਦਪੁਰ ਠੀਕ ਅਰਥਾਂ ਵਿੱਚ ਅਨੰਦ ਤੇ ਆਤਮਕ ਖੁਸ਼ੀ ਦਾ ਸੋਮਾ ਸੀ। ਸੂਰਮਿਆਂ, ਸਾਹਿਤਕਾਰਾਂ ਤੇ ਸੰਗੀਤਕਾਰਾਂ ਦਾ ਅਨੰਦਪੁਰ ਗੜ੍ਹ ਬਣ ਗਿਆ। ਗੁਰੂ ਜੀ ਦੇ ਦਰਬਾਰ ਵਿੱਚ ਕਵੀਆਂ ਦੀ ਗਿਣਤੀ 52 ਤਕ ਮੰਨੀ ਜਾਂਦੀ ਹੈ। ਹੋਲੀ ਤੋਂ ਹੋਲਾ ਮਹੱਲਾ ਦੀ ਰੀਤ ਤੋਰੀ। ਇੱਕ ਪਾਸੇ ਜੰਗਾਂ ਯੁੱਧਾਂ ਲਈ ਸਿੱਖਾਂ ਵਿੱਚ ਜੁਝਾਰੂ ਸਪਿਰਟ ਭਰੀ ਜਾ ਰਹੀ ਸੀ, ਰਣਜੀਤ ਨਗਾਰੇ ਵੱਜ ਰਹੇ ਸਨ, ਦੂਜੇ ਪਾਸੇ ਗੁਰਬਾਣੀ ਤੇ ਸੰਗੀਤ ਦੀਆਂ ਧੁਨਾਂ ਦੀ ਗੁੰਜਾਰ ਸੀ। ਸਾਹਿਤ ਰਚਿਆ ਜਾ ਰਿਹਾ ਸੀ। ਹਰ ਪੱਖ ਤੋਂ ਨਵੇਂ, ਨਰੋਏ ਤੇ ਸਮਰੱਥ ਮਨੁੱਖ ਦਾ ਮਾਡਲ ਤਿਆਰ ਹੋ ਰਿਹਾ ਸੀ।

ਇਸ ਸੰਕਲਪ ਨੂੰ ਸਾਕਾਰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਕੇਸ ਗੜ੍ਹ (ਅਨੰਦਪੁਰ) ਦੇ ਸਥਾਨ ’ਤੇ ਖਾਲਸੇ ਦੀ ਸਿਰਜਣਾ ਕੀਤੀ। ਇਹ ਇੱਕ ਇਨਕਲਾਬੀ ਜਥੇਬੰਦੀ ਸੀ, ਜਿਸਦਾ ਰੂਪ ਸਰੂਪ, ਰਹਿਤ ਬਹਿਤ, ਪੁਸ਼ਾਕ ਤੇ ਬਾਹਰੀ ਦਿੱਖ ਸੰਸਾਰ ਦੀਆਂ ਹੋਰ ਕੌਮਾਂ ਤੋਂ ਅਨੋਖੀ ਤੇ ਨਿਆਰੀ ਸੀ। ਗੁਰੂ ਜੀ ਨੇ ਅੰਮ੍ਰਿਤ ਛਕਾਉਣ ਦੀ ਰਸਮ ਅਰੰਭ ਕੀਤੀ। ਹਰ ਸਿੱਖ ਦੇ ਨਾਂ ਨਾਲ ‘ਸਿੰਘ’ ਅਤੇ ਹਰ ਸਿੱਖਣੀ ਦੇ ਨਾਂ ਨਾਲ ‘ਕੌਰ’ ਲਾਉਣ ਦੀ ਰੀਤ ਤੋਰੀ। ਹਿੰਦੂਆਂ ਵਾਲੀਆਂ ਰੀਤਾਂ ਰਸਮਾਂ ਤੇ ਜਾਤਾਂ ਪਾਤਾਂ ਖਤਮ ਕੀਤੀਆਂ। ਸਭ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਣ, ਇੱਕੋ ਥਾਂ ਉੱਤੇ ਇੱਕੋ ਜਿਹਾ ਲੰਗਰ ਛਕਣ ਅਤੇ ਸਭ ਨੂੰ ਭਾਈ ਭਾਈ ਹੋਣ ਦਾ ਸੰਦੇਸ਼ ਦਿੱਤਾ।

ਗੁਰੂ ਗੋਬਿੰਦ ਸਿੰਘ ਦੇ ਸਿੱਖਾਂ, ਉਸ ਦੇ ਪਰਿਵਾਰ ਤੇ ਮਿਸ਼ਨ ਨੂੰ ਤਹਿਸ-ਨਹਿਸ ਕਰਨ ਲਈ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਅਤੇ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਲਿਆ। ਆਖਿਆ ਜਾਂਦਾ ਹੈ ਕਿ ਇਹ ਘੇਰਾ 7 ਮਹੀਨੇ ਤਕ ਲਗਾਤਾਰ ਰਿਹਾ। ਅੰਦਰ ਖੁਰਾਕ ਦੀ ਤੋਟ ਆਉਣ ਲੱਗੀ। ਭੁੱਖੇ ਭਾਣੇ ਕਿੰਨਾ ਕੁ ਚਿਰ ਮੁਕਾਬਲਾ ਕਰਦੇ? ਆਖਰ ਮੁਗਲਾਂ ਤੇ ਹਿੰਦੂ ਰਾਜਿਆਂ ਦੀਆਂ ਕਸਮਾਂ ਉੱਤੇ ਇਤਬਾਰ ਕਰ ਕੇ 20 ਦਸੰਬਰ 1704 ਨੂੰ ਗੁਰੂ ਜੀ ਨੇ ਆਪਣਾ ਪਿਆਰਾ ਅਨੰਦਪੁਰ ਛੱਡ ਦਿੱਤਾ। ਛੱਡ ਤਾਂ ਦਿੱਤਾ ਪਰ ਹਿੰਦੂ ਰਾਜਿਆਂ ਤੇ ਮੁਗਲਾਂ ਦੀਆਂ ਕਸਮਾਂ, ਭਰੋਸੇ ਤੇ ਇਤਬਾਰ ਝੂਠੇ ਨਿਕਲੇ। ਬਾਹਰ ਨਿਕਲਦਿਆਂ ਹੀ ਸ਼ਾਹੀ ਫੌਜਾਂ ਨੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕਿਨਾਰੇ ਭਿਆਨਕ ਜੰਗ ਹੋਈ। ਬੇਅੰਤ ਸਿੰਘ ਸ਼ਹੀਦ ਹੋਏ। ਪਰਿਵਾਰ ਖੇਰੂੰ ਖੇਰੂੰ ਹੋ ਗਿਆ।

ਗੁਰੂ ਜੀ ਲੜਦੇ ਹੋਏ 40 ਸਿੰਘਾਂ ਤੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਪਹੁੰਚੇ। ਉੱਥੇ ਵੀ ਇੱਕ ਕੱਚੀ ਗੜ੍ਹੀ ਵਿੱਚ ਫਿਰ ਘਿਰ ਗਏ। ਗੜ੍ਹੀ ਵਿੱਚ ਘਿਰੇ ਭੁੱਖੇ ਭਾਣੇ 40 ਸਿੰਘਾਂ ਨੇ ਮੁਗਲ ਫੌਜਾਂ ਦਾ ਟਾਕਰਾ ਕੀਤਾ। ਸੰਸਾਰ ਦੀ ਸਭ ਤੋਂ ਭਿਆਨਕ ਤੇ ਅਸਾਵੀਂ ਚਮਕੌਰ ਦੀ ਇਸ ਜੰਗ ਵਿੱਚ 40 ਸਿੰਘ ਤੇ ਦੋਨੋਂ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋਏ। ਪਰ ਗੁਰੂ ਜੀ ਇੱਥੋਂ ਸਹੀ ਸਲਾਮਤ ਨਿਲਕਣ ਵਿੱਚ ਕਾਮਯਾਬ ਹੋ ਗਏ ਅਤੇ ਮਾਛੀਵਾੜੇ ਪਹੁੰਚ ਗਏ। ਇੱਥੋਂ ਉੱਚ ਦਾ ਪੀਰ ਬਣ ਕੇ ਦੀਨੇ ਕਾਂਗੜ ਗਏ। ਇੱਥੇ ਫਾਰਸੀ ਵਿੱਚ ਜ਼ਫਰਨਾਮਾ (ਫਤਿਹ ਦੀ ਚਿੱਠੀ) ਲਿਖ ਕੇ ਔਰੰਗਜ਼ੇਬ ਨੂੰ ਭੇਜਿਆ। ਇੱਥੋਂ ਗੁਰੂ ਜੀ ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ) ਗਏ। ਇੱਥੇ ਗੁਰੂ ਜੀ 9 ਮਹੀਨੇ ਤੋਂ ਵੱਧ ਸਮਾਂ ਰਹੇ। ਦਮਦਮਾ ਸਾਹਿਬ ਨੂੰ ਸਾਹਿਤ, ਸੰਗੀਤ ਤੇ ਕਲਾ ਦਾ ਘਰ ਬਣਾਇਆ। ਇੱਥੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਚੜ੍ਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਵਰਤਮਾਨ ਸਰੂਪ ਦਿੱਤਾ।

ਉੱਧਰ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ, ਫਤੇਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਗੁਰੂ ਜੀ ਦਾ ਰਸੋਈਆ ਗੰਗੂ ਰਾਮ ਆਪਣੇ ਪਿੰਡ ਸਹੇਰੀ ਲੈ ਗਿਆ ਸੀ। ਉਸ ਨੇ ਮਾਤਾ ਜੀ ਦਾ ਧਨ ਤੇ ਗਹਿਣੇ ਹੜੱਪ ਲਏ ਅਤੇ ਮਾਤਾ ਜੀ ਤੇ ਸਾਹਿਬਜ਼ਾਦੇ ਮੁਗਲਾਂ ਦੇ ਹਵਾਲੇ ਕਰ ਦਿੱਤੇ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਸਖਤ ਠੰਢ ਵਿੱਚ ਠੰਢੇ ਬੁਰਜ ਵਿੱਚ ਰੱਖ ਕੇ ਤਸੀਹੇ ਦਿੱਤੇ। ਅੰਤ 27 ਦਸੰਬਰ 1704 ਨੂੰ ਸਾਹਿਬਜ਼ਾਦੇ ਬੜੀ ਬੇਦਰਦੀ ਨਾਲ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤੇ। ਉਦੋਂ ਇਨ੍ਹਾਂ ਦੀ ਉਮਰ 6 ਸਾਲ ਤੇ 8 ਸਾਲ ਸੀ। ਇਸ ਭਿਆਨਕ ਸਦਮੇ ਨੂੰ ਉਸਦਾ ਭਾਣਾ ਮੰਨਦੇ ਹੋਏ ਮਾਤਾ ਜੀ ਵੀ ਉੱਥੇ ਹੀ ਸੁਰਗਵਾਸ ਹੋ ਗਏ।

ਇਸ ਪਿੱਛੋਂ ਗੁਰੂ ਜੀ ਨੇ ਕਈ ਵੱਡੇ ਫੈਸਲੇ ਕੀਤੇ:

1. ਮਸੰਦਾਂ ਦੀਆਂ ਆਚਰਣਕ ਗਿਰਾਵਟਾਂ ਦੇਖ ਕੇ ਚੌਥੇ ਗੁਰੂ ਰਾਮਦਾਸ ਜੀ ਦੀ ਅਰੰਭ ਕੀਤੀ ਮਸੰਦ ਪਰਣਾਲੀ ਖਤਮ ਕੀਤੀ।

2. ਵਿਅਕਤੀ ਗੁਰਤਾ ਸਮਾਪਤ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਬਖਸ਼ੀ ਅਤੇ ਪੰਥ ਨੂੰ ਸਦਾ ਲਈ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ।

3. ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਸਾਮਰਾਜ ਨਾਲ ਟੱਕਰ ਲੈਣ ਅਤੇ ਸਿੱਖ ਰਾਜ ਦੀ ਨੀਂਹ ਰੱਖਣ ਲਈ ਥਾਪੜਾ ਦਿੱਤਾ ਅਤੇ ਪੰਜਾਬ ਨੂੰ ਰਵਾਨਾ ਕੀਤਾ। ਬੰਦਾ ਸਿੰਘ ਬਹਾਦਰ ਦੀਆਂ ਲਾਸਾਨੀ ਜਿੱਤਾਂ, ਪ੍ਰਾਪਤੀਆਂ ਤੇ ਅਦੁੱਤੀ ਕੁਰਬਾਨੀਆਂ ਦਾ ਬੇਹੱਦ ਸਿਰੜ, ਸਿਦਕ ਤੇ ਦਰਦ ਭਰਿਆ ਵੱਖਰਾ ਕਾਂਡ ਹੈ।

7 ਅਕਤੂਬਰ 1708 ਨੂੰ ਨਾਦੇੜ ਦੇ ਸਥਾਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਪਿੱਛੋਂ 18ਵੀਂ ਸਦੀ ਸਿੱਖ ਕੌਮ ਦੀ ਸਾੜ੍ਹਸਤੀ ਦੀ ਸਦੀ ਹੈ। ਇਸ ਵਿੱਚ ਦੋ ਵੱਡੇ ਘੱਲੂਘਾਰੇ ਹੋਏ, ਹਜ਼ਾਰਾਂ ਸਿੰਘ ਸਿੰਘਣੀਆਂ ਸ਼ਹੀਦ ਹੋਏ। ਪੂਰੀ ਕੌਮ ਘਰੋਂ ਬੇਘਰ ਹੋ ਗਈ। ਪਰ ਆਣ ਅਣਖ ਤੇ ਸਿਰੜ, ਸਿਦਕ ਦੇ ਨਗਾਰੇ ਵੱਜਦੇ ਰਹੇ, ਕੇਸਰੀ ਨਿਸ਼ਾਨ ਝੂਲਦੇ ਰਹੇ। ਇਨ੍ਹਾਂ ਕੁਰਬਾਨੀਆਂ ਸਦਕਾ ਹੀ ਇਸੇ 18ਵੀਂ ਸਦੀ ਦੇ ਅੰਤ ਤਕ ਸਿੱਖ ਰਾਜ ਸਥਾਪਤ ਹੋ ਸਕਿਆ।

ਇਤਿਹਾਸ ਦੇ ਤਿੰਨ ਸੌ ਸਾਲਾਂ ਪਿੱਛੋਂ ਅੱਜ ਫੇਰ ਪੂਰੀ ਕੌਮ ਇੱਕ ਜਝਾਰੂ ਪ੍ਰੀਖਿਆ ਵਿੱਚੋਂ ਲੰਘ ਰਹੀ ਹੈ। ਉਹੋ ਹੀ ਦਸੰਬਰ ਦਾ ਮਹੀਨਾ, ਪੋਹ ਦੀਆਂ ਠੰਢੀਆਂ ਰਾਤਾਂ ਹਨ। ਦਿੱਲੀ ਦੀਆਂ ਸੜਕਾਂ ’ਤੇ ਕਿਰਤੀਆਂ ਦਾ ਟਰਾਲੀਆਂ ਵਿੱਚ ਰੈਣ ਬਸੇਰਾ ਹੈ। ਪਰ ਸਮੇਂ ਨਾਲ ਇਸਦਾ ਰੂਪ ਸਰੂਪ ਬਦਲੇ ਹੋਏ ਰੰਗ ਵਿੱਚ ਹੈ। ਅੱਜ ਜਾਤਾਂ, ਗੋਤਾਂ, ਬੋਲੀ, ਪਹਿਰਾਵਿਆਂ ਤੇ ਭਿੰਨ ਭਿੰਨ ਸਭਿਆਚਾਰਾਂ ਦੇ ਵਿਤਕਰਿਆਂ ਦੇ ਬੰਧਨ ਤੋੜ ਕੇ ਸਾਰੇ ਵਰਗ, ਸਾਰੀਆਂ ਮਾਈਆਂ ਬੀਬੀਆਂ, ਸਾਰੇ ਕਿਸਾਨ ਭਾਈ ਭਾਈ ਬਣ ਕੇ, ਇੱਕ ਮੰਚ ਉੱਤੇ ਇਕੱਤਰ ਹੋ ਕੇ ਸਾਂਝੇ ਕਾਜ ਲਈ ਸੰਘਰਸ਼ ਵਿੱਚ ਕੁੱਦੇ ਹੋਏ ਹਨ। ਦਿੱਲੀ ਦੇ ਇਕਹਿਰੀ ਸੋਚ ਵਾਲ਼ੇ ਔਰੰਗਜ਼ੇਬੀ ਹਾਕਮਾਂ ਨਾਲ ਅੱਜ ਫੇਰ ਟੱਕਰ ਹੈ। ਜੋਸ਼ ਤੇ ਜਜ਼ਬਾ ਸਾਂਝਾ ਹੈ। ਨਿਸ਼ਾਨਾ ਇੱਕੋ ਹੈ: ਨਾ ਧੱਕਾ ਕਰਨਾ ਹੈ, ਨਾ ਧੱਕਾ ਸਹਿਣਾ ਹੈ। ਕਿਸੇ ਦੀ ਅਜ਼ਾਦੀ ਤੇ ਹੱਕ ਮਾਰਨਾ ਨਹੀਂ, ਆਪਣੀ ਅਜ਼ਾਦੀ ਤੇ ਹੱਕ ਖੋਹਣ ਨਹੀਂ ਦੇਣੇ। ਭੈ ਕਾਹੂੰ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਦਿੱਲੀ ਦੀ ਸਰਕਾਰ ਦੇ ਕਿਸਾਨ ਵਿਰੋਧੀ ਬਣਾਏ ਕਾਨੂੰਨ ਕਿਸੇ ਵੀ ਢੰਗ ਨਾਲ ਲਾਗੂ ਨਹੀਂ ਹੋਣ ਦੇਣੇ। ਦਿੱਲੀ ਘੇਰੀ ਹੋਈ ਹੈ। ਕੁਰਬਾਨੀਆਂ ਘੱਟ ਜਾਂ ਵੱਧ ਹੋ ਸਕਦੀਆਂ ਹਨ, ਅਖੀਰ ਜਿੱਤ ਸੱਚ ਦੀ ਹੀ ਹੋਵੇਗੀ। ਸੱਚ ਦੇ ਰਾਹ ਉੱਤੇ ਚੱਲ ਰਹੇ ਕਿਸਾਨਾਂ ਦੀ ਹੋਵੇਗੀ। ਇਹ ਅੱਜ ਦੇ ਸਮਿਆਂ ਦਾ ਯਕੀਨ ਹੈ। ਇਹ ਬੀਤੇ ਕੱਲ੍ਹ ਦੇ ਇਤਿਹਾਸ ਦੇ ਪੰਨੇ ਪੰਨੇ, ਸਤਰ ਸਤਰ ਤੇ ਲਿਖਿਆ ਯਕੀਨ ਹੈ। ਕਿਰਤੀਓ ਡਟੇ ਰਹੋ। ਹਉਮੈਂ ਦੇ ਕਿੰਗਰੇ ਢਹਿ ਕੇ ਰਹਿਣਗੇ, ਢਹਿ ਕੇ ਰਹਿਣਗੇ, ਢਹਿ ਕੇ ਹੀ ਰਹਿਣਗੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2491)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

 

About the Author

ਪੂਰਨ ਸਿੰਘ ਪਾਂਧੀ

ਪੂਰਨ ਸਿੰਘ ਪਾਂਧੀ

Brampton, Ontario, Canada.
Phone: (905 - 789 - 6670)

Email: (pspandhi@hotmail.com)