“ਕਰ’ਤੀ ਨਾ ਉਹੀ ਬਾਣੀਆਂ ਵਾਲੀ ਗੱਲ, ਮਾਰ ਗਿਆ ਮੋਕ?...”
(22 ਨਵੰਬਰ 2020)
“ਕਰ’ਤੀ ਨਾ ਉਹੀ ਬਾਣੀਆਂ ਵਾਲੀ ਗੱਲ, ਮਾਰ ਗਿਆ ਮੋਕ?” ਮੈਂਨੂੰ ਭੜਕਾਉਣ ਲਈ ਉਸਨੇ ਮੇਰੀ ਅਣਖ ਨੂੰ ਵੰਗਾਰਿਆ।
ਇਹ ਗੱਲ 2002 ਦੀ ਹੈ। ਸ਼ਹਿਰ ਦੇ ਇੱਕ ਮੰਦਿਰ ਵਿੱਚ ਚੱਲ ਰਹੇ ਭੰਡਾਰੇ ਸਮੇਂ ਇੱਕ ਗਰੀਬ ਪਰਿਵਾਰ ਦਾ ਸੁਨੀਲ ਨਾਂ ਦਾ ਇੱਕ ਸਾਲ ਦਾ ਬੱਚਾ ਇੱਕ ਔਰਤ ਵਲੋਂ ਅਗਵਾ ਕਰ ਲਿਆ ਗਿਆ।
ਮੈਂਨੂੰ ਡਿਊਟੀ ਤੋਂ ਆਪਣੇ ਘਰ ਜਾਣ ਲਈ ਉਸ ਪਰਿਵਾਰ ਦੇ ਘਰ ਦੇ ਅੱਗੋਂ ਦੀ ਲੰਘਣਾ ਪੈਂਦਾ ਸੀ। ਬੱਚੇ ਦੀ ਮਾਂ ਦੇ ਦਿਲ-ਚੀਰਵੇਂ ਕੀਰਣੇ ਸੁਣਕੇ ਪੱਥਰ ਦਿਲ ਵੀ ਪਸੀਜ ਜਾਂਦੇ ਸਨ, ਪਰ ਪਰਿਵਾਰ ਦੀ ਮਦਦ ਕਰਨ ਲਈ ਕੋਈ ਵੀ ਅੱਗੇ ਨਹੀਂ ਸੀ ਆ ਰਿਹਾ। ਮੈਥੋਂ ਰਿਹਾ ਨਾ ਗਿਆ। ਸ਼ਹਿਰ ਵਿਚਲੇ ਕੁਝ ਜਾਗਦੀਆ ਜਮੀਰਾਂ ਵਾਲੇ ਨਿਵਾਸੀਆਂ ਨੂੰ ਨਾਲ ਜੋੜ ਕੇ ਮੈਂ ਬੱਚੇ ਨੂੰ ਬਰਾਮਦ ਕਰਾਉਣ ਲਈ ਹੰਭਲਾ ਮਾਰਣ ਦਾ ਫੈਸਲਾ ਲਿਆ। ਪੁਲਿਸ ਪਰਸਾਸਨ ’ਤੇ ਦਬਾਅ ਪਾਉਣ ਲਈ ਇੱਕ ਮੀਟਿੰਗ ਕੀਤੀ ਤੇ ਇੱਕ ਸੰਘਰਸ਼ ਕਮੇਟੀ ਦਾ ਗਠਨ ਕੀਤਾ। ਸਰਬਸੰਮਤੀ ਨਾਲ ਮੈਂਨੂੰ ਕਮੇਟੀ ਦਾ ਕਨਵੀਨਰ ਬਣਾ ਦਿੱਤਾ ਗਿਆ। ਸ਼ਹਿਰ ਅੰਦਰ ਸਾਂਤੀਪੂਰਣ ਧਰਨੇ, ਮੁਜ਼ਾਹਰੇ, ਮਸ਼ਾਲ-ਮਾਰਚ, ਸ਼ਹਿਰ ਬੰਦ ਆਦਿ ਕਰਾਇਆ। ਪਹਿਲਾਂ ਪਹਿਲਾਂ ਤਾਂ ਪੁਲਿਸ ਸਾਡੇ ਸੰਘਰਸ਼ ਨੂੰ ਅਣ-ਗੌਲਿਆ ਕਰਦੀ ਰਹੀ ਪਰ ਜਦੋਂ ਅਖਬਾਰਾਂ ਅਤੇ ਅਤੇ ਇਲੈਕਟ੍ਰੌਨਿਕ ਮੀਡੀਆ ਨੇ ਮਸਲਾ ਚੁੱਕ ਲਿਆ ਤਾਂ ਪਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਦੀ ਨਾਕਾਮੀ ਜੱਗ ਜ਼ਾਹਿਰ ਹੋ ਰਹੀ ਸੀ।
ਸੰਘਰਸ਼ ਕਮੇਟੀ ਦੇ ਮੈਂਬਰਾਂ ਉੱਪਰ, ਖਾਸ ਕਰਕੇ ਮੇਰੇ ਉੱਪਰ ਸੰਘਰਸ਼ ਨੂੰ ਖਤਮ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ। ਸਿੱਧੇ-ਅਸਿੱਧੇ ਤਰੀਕੇ ਧਮਕੀਆਂ ਦਾ ਦੌਰ ਵੀ ਜਾਰੀ ਸੀ। ਇੱਕ ਦਿਨ ਡੀ.ਐੱਸ.ਪੀ. ਨੇ ਮੇਰੇ ਅੰਦਰ ਸਹਿਮ ਬਣਾਉਣ ਲਈ ਮੈਂਨੂੰ ਸੁਨੇਹਾ ਭੇਜਿਆ ਕਿ ਮੈਂ ਇਕੱਲਾ ਉਹਨੂੰ ਸ਼ਹਿਰ ਦੇ ਵਿਚਕਾਰ ਸਥਿਤ ਥਾਣੇ ਵਿੱਚ ਮਿਲਾ। ਮੇਰੇ ਸਾਥੀਆਂ ਨੇ ਮੈਂਨੂੰ ਇਕੱਲਾ ਜਾਣ ਤੋਂ ਵਰਜਿਆ। ਇੱਥੋਂ ਤਕ ਕਿ ਸਾਡੇ ਬੈਂਕ ਦੇ ਉਸ ਸਮੇਂ ਦੇ ਚੇਅਰਮੈਨ ਨੇ ਵੀ ਮੈਂਨੂੰ ਇਕੱਲੇ ਜਾਣ ਤੋਂ ਰੋਕਿਆ। ਮੈਂ ਫੇਰ ਵੀ ਅਡਿਗ ਰਿਹਾ। ਉਸ ਸਮੇਂ ਮੁਬਾਇਲ ਵੀ ਵਿਰਲੇ ਵਿਰਲੇ ਕੋਲ ਹੀ ਹੁੰਦੇ ਸੀ ਤੇ ਮੇਰੇ ਕੋਲ ਵੀ ਮੂਬਾਇਲ ਫੋਨ ਨਹੀਂ ਸੀ।
ਚੇਅਰਮੈਨ ਸਾਹਿਬ ਨੇ ਆਪਣਾ ਮੁਬਾਇਲ ਮੈਂਨੂੰ ਦੇ ਕੇ ਕਿਹਾ, “ਤੂੰ ਜ਼ਿੱਦੀ ਬੰਦਾ ਐਂ, ਟਲਣਾ ਤਾਂ ਤੂੰ ਹੈ ਨਹੀਂ, ਆਹ ਮੇਰਾ ਮੁਬਾਈਲ ਲੈ ਜਾ, ਜੇ ਕੋਈ ਗੜਬੜ ਲੱਗੇ ਤਾਂ ਝੱਟ ਫੋਨ ਕਰ ਦੇਵੀਂ।” ਇਸ ਤੋਂ ਪਹਿਲਾਂ ਸਾਡੇ ਬੈਂਕ ਦੇ ਚੇਅਰਮੈਨ ਨੂੰ ਵੀ ਐੱਸ.ਐੱਸ.ਪੀ. ਨੇ ਫੋਨ ਕਰਕੇ ਮੈਂਨੂੰ ਇਸ ਸੰਘਰਸ਼ ਤੋਂ ਪਾਸੇ ਹੋਣ ਲਈ ਕਿਹਾ ਸੀ ਪਰ ਜਨਤਾ ਦੇ ਸਹਿਯੋਗ ਸਦਕਾ ਤੇ ਇਹ ਸੋਚ ਕੇ ਕਿ ਮੈਂ ਤਾਂ ਸਮਾਜ-ਸੇਵਾ ਦਾ ਕੰਮ ਹੀ ਕਰ ਰਿਹਾ ਹਾਂ, ਮੈਂ ਸੰਘਰਸ਼ ਨੂੰ ਅੱਗੇ ਤੋਰਨ ਲਈ ਅਡੋਲ ਰਿਹਾ।
ਡੀ.ਐੱਸ.ਪੀ ਵਲੋਂ ਦਿੱਤੇ ਸਮੇਂ ਮੁਤਾਬਿਕ ਮੈਂ ਥਾਣੇ ਚਲਾ ਗਿਆ ਤੇ ਉਹ ਥਾਣੇ ਵਿੱਚ ਐੱਸ.ਐੱਚ.ਓ. ਨਾਲ ਉਸਦੇ ਕਮਰੇ ਵਿੱਚ ਬੈਠਾ ਸੀ। ਮੈਂਨੂੰ ਦੇਖਕੇ ਉਸਨੇ ਐੱਸ.ਐੱਚ.ਓ. ਨੂੰ ਸੰਬੋਧਨ ਹੁੰਦਿਆਂ ਕਿਹਾ, “ਗਿੰਦੀ, ਦੋ ਕੁਰਸੀਆਂ ਵਿਹੜੇ ਵਿੱਚ ਨਿੰਮ ਥੱਲੇ ਲਗਵਾ ਦੇ ਤੇ ਨਾਲ ਦੋ ਕੱਪ ਚਾਹ ਭਿਜਵਾ ਦਿਓ।” ਨਾਲ ਹੀ ਉਸ ਨੂੰ ਤਾਕੀਦ ਕੀਤੀ, “ਅਸੀਂ ਜ਼ਰੂਰੀ ਗੱਲ ਕਰਨੀ ਐ, ਸਾਡੇ ਕੋਲ ਕੋਈ ਆਵੇ ਨਾ।”
ਅਸੀ ਦੋਨੋ ਨਿੰਮ ਥੱਲੇ ਕੁਰਸੀਆਂ ’ਤੇ ਬੈਠ ਗਏ। ਰਸਮੀ ਹਾਲ-ਚਾਲ ਪੁੱਛਣ ਤੋਂ ਬਾਦ ਡੀ.ਐੱਸ.ਪੀ ਸਾਹਿਬ ਲੱਗ ਗਏ ਖਾੜਕੂਵਾਦ ਦੌਰਾਨ ਕੀਤੇ “ਮੁਕਾਬਲਿਆਂ” ਦੀਆਂ ਗੱਲਾਂ ਸੁਣਾਉਣ। ਮੈਂ ਹੁੰਗਾਰਾ ਭਰਦਾ ਰਿਹਾ। ਅੱਧੇ ਕੁ ਘੰਟੇ ਬਾਦ ਡਿਪਟੀ ਸਾਹਿਬ ਕਹਿਣ ਲੱਗੇ, “ਚਲੋ ਠੀਕ ਐ ਜੀ, ਚਲੋ ਫੇਰ ਤੁਸੀਂ ਵੀ।”
ਮੈਂ ਪੁੱਛਿਆ, "ਡਿਪਟੀ ਸਾਹਿਬ, ਮੈਂਨੂੰ ਕਿਸ ਕੰਮ ਲਈ ਬੁਲਾਇਆ ਸੀ?”
ਉਹ ਕਹਿੰਦਾ, “ਵੈਸੇ ਹੀ ਗੱਪ-ਸ਼ੱਪ ਲਈ।”
ਮੈਥੋਂ ਰਿਹਾ ਨਾ ਗਿਆ ਤੇ ਮੈਂ ਕਿਹਾ, “ਡਿਪਟੀ ਸਾਹਿਬ, ਜੇਕਰ ਮੈਂਨੂੰ ਬੁਲਾ ਕੇ ਤੁਸੀਂ ਆਹ ‘ਮੁਕਾਬਲਿਆਂ’ ਵਾਲੀਆਂ ਸਾਰੀਆਂ ਕਹਾਣੀਆਂ ਮੈਂਨੂੰ ਡਰਾਉਣ ਲਈ ਸੁਣਾਈਆਂ ਨੇ ਤਾਂ ਮੈਂਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੇ।” ਉਸ ਦਾ ਜਵਾਬ ਉਡੀਕੇ ਬਗੈਰ ਹੀ ਮੈਂ ਥਾਣੇ ਵਿੱਚੋਂ ਬਾਹਰ ਆ ਗਿਆ।
ਡੀ.ਐੱਸ.ਪੀ. ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਅੰਦੋਲਨ ਤੋਂ ਬਹੁਤ ਔਖੇ ਸਨ ਕਿਉਂਕਿ ਬੱਚਾ ਅਗਵਾ ਕਰਨ ਵਾਲੀ ਔਰਤ ਦੀ ਫੋਟੋ ਭੰਡਾਰੇ ਸਮੇਂ ਬਣਾਈ ਜਾ ਰਹੀ ਵਿਡੀਓ ਵਿੱਚ ਸਾਫ ਆ ਗਈ ਸੀ। ਅਸੀਂ ਪੁਲਿਸ ਨੂੰ ਇਹ ਵੀਡੀਓ ਤੇ ਅਗਵਾ ਕਰਨ ਵਾਲੀ ਔਰਤ ਦੀ ਫੋਟੋ ਵੀ ਮੁਹਈਆ ਕਰਵਾ ਦਿੱਤੀ ਸੀ। ਫੋਟੋ ਤੇ ਵਿਡੀਓ ਦੇ ਹੋਣ ਦੇ ਬਾਵਜੂਦ ਵੀ ਪੁਲਿਸ ਵਲੋਂ ਬੱਚੇ ਤੇ ਅਗਵਾ ਕਰਨ ਵਾਲੀ ਔਰਤ ਦੀ ਤਲਾਸ਼ ਨਾ ਕਰਨ ਕਾਰਣ ਪੁਲਿਸ ਦੀ ਬਹੁਤ ਕਿਰਕਰੀ ਹੋ ਰਹੀ ਸੀ। ਜਨਤਾ ਦੇ ਵਧਦੇ ਦਬਾਅ ਨੂੰ ਦੇਖਦੇ ਹੋਏ ਪੁਲਿਸ ਨੇ ਥਾਂ ਥਾਂ ’ਤੇ ਉਸ ਔਰਤ ਅਤੇ ਬੱਚੇ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਵਾਏ ਤੇ ਸੂਚਨਾ ਦੇਣ ਵਾਲੇ ਨੂੰ ਮੋਟੀ ਰਾਸ਼ੀ ਇਨਾਮ ਦੇਣ ਦਾ ਵੀ ਐਲਾਨ ਕੀਤਾ। ਬੇਸ਼ਕ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਰਿਹਾ ਸੀ ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ। ਜਨਤਾ ਦਾ ਰੋਹ ਵਧ ਰਿਹਾ ਸੀ।
ਸਾਡੇ ਅੰਦੋਲਨ ਨੂੰ ਖਤਮ ਕਰਾਉਣ ਲਈ ਪੁਲਿਸ ਹਰ ਹਰਬਾ ਵਰਤ ਰਹੀ ਸੀ ਪਰ ਕਾਮਯਾਬ ਨਹੀਂ ਸੀ ਹੋ ਰਹੀ। ਥੱਕ-ਹਾਰ ਕੇ ਪੁਲਿਸ ਅਧਿਕਾਰੀਆਂ ਨੇ ਵਿਉਂ ਬਣਾਈ ਕਿ ਇਸ ਅੰਦੋਲਨ ਨੂੰ ਕਿਸੇ ਤਰੀਕੇ ਹਿੰਸਕ ਰੂਪ ਦਿਵਾਇਆ ਜਾਵੇ ਤਾਂ ਕਿ ਸੰਘਰਸ਼ ਨੂੰ ਕੁਚਲਿਆ ਜਾ ਸਕੇ।
ਪੁਲਿਸ ਅਧਿਕਾਰੀਆਂ ਨੇ ਆਪਣੇ ਇੱਕ ਬੰਦੇ ਦੀ ਡਿਊਟੀ ਲਾਈ ਤੇ ਉਹ ਇਸ ਸੰਘਰਸ਼ ਵਿੱਚ ਘੁਸਪੈਠ ਕਰ ਗਿਆ। ਇੱਕ ਦਿਨ ਅਗਲੇ ਪਰੋਗਰਾਮ ਸਬੰਧੀ ਮੀਟਿੰਗ ਚੱਲ ਰਹੀ ਸੀ ਤੇ ਉਹ ਬੰਦਾ ਵੀ ਵਿੱਚ ਆ ਵੜਿਆ। ਆ ਕੇ ਕਹਿੰਦਾ, “ਇਨ੍ਹਾਂ ਗਾਂਧੀਵਾਦੀ ਤਰੀਕਿਆਂ ਨਾਲ ਪੁਲਿਸ ਨੂੰ ਸਮਝ ਨਹੀਂ ਆਉਂਦੀ, ਆਓ ਸਵੇਰੇ ਬੱਸਾਂ ਦਾ ਘਿਰਾਓ ਕਰੀਏ। ਬੱਸਾਂ ਦੀ ਸਾੜ-ਫੂਕ ਕਰੀਏ, ਬੱਸਾਂ ਦੀ ਭੰਨ-ਤੋੜ ਵੀ ਕਰੀਏ। ਮੈਂ ਪਊਂ ਬੱਸ ਮੂਹਰੇ। ਮੈਂ ਲਾਊਂ ਅੱਗ ਸਭ ਤੋਂ ਪਹਿਲਾਂ ਬੱਸ ਨੂੰ। ਕੁਝ ਖਾੜਕੂਪੁਣਾ ਦਿਖਾਓ, ਐਮੀ ਲਿਪ ਲਿਪ ਜੇ ਕਰੀ ਜਾਣੇ ਓਂ।”
ਮੈਂ ਉਸ ਬੰਦੇ ਦੀ ਫਿਤਰਤ ਤੋਂ ਭਲੀਭਾਂਤ ਜਾਣੂ ਸੀ। ਮੈਂ ਉਸਦੇ ਸੁਝਾਅ ਦਾ ਡਟ ਕੇ ਵਿਰੋਧ ਕੀਤਾ ਤੇ ਕਿਹਾ, “ਸੰਘਰਸ਼ ਤਾਂ ਸ਼ਾਂਤਮਈ ਹੀ ਚੱਲੂ।”
ਮੈਂਨੂੰ ਭੜਕਾਉਣ ਲਈ ਉਹ ਕਹਿੰਦਾ, “ਕਰਤੀ ਨਾ ਉਹੀ ਬਾਣੀਆ ਵਾਲੀ ਗੱਲ, ਮਾਰ ਗਏ ਮੋਕ?”
ਮੈਂਨੂੰ ਪਤਾ ਸੀ ਕਿ ਇਹ ਮੈਂਨੂੰ ਭੜਕਾ ਕੇ ਪੁਲਿਸ ਵਲੋਂ ਲਾਈ ਡਿਊਟੀ ਨਿਭਾਉਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਕੁਝ ਜਵਾਬ ਦਿੰਦਾ, ਮਰਹੂਮ ਕਾਂਗਰਸੀ ਆਗੂ ਪਵਨ ਸ਼ਰਮਾ ਸੋਹੀਆਂ ਉਸ ਬੰਦੇ ਨੂੰ ਟੁੱਟ ਕੇ ਪੈ ਗਿਆ, “ਜਾ ਓਏ ਜਾ, ਤੇਰੇ ਵਰਗੇ ਬਥੇਰੇ ਟਾਊਟ ਦੇਖੇ ਨੇ। ਪੁਲਿਸ ਨੇ ਤੇਰੀ ਡਿਊਟੀ ਲਾਈ ਐ ਕਿ ਤੂੰ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰੀਕੇ ਹਿੰਸਕ ਰੂਪ ਦੇ ਦੇਵੇਂ। ਪੁਲਿਸ ਡਾਂਗ ਫੇਰ ਦੇਵੇਗੀ ਤੇ ਮੋਹਰੀ ਬੰਦਿਆਂ ਨੂੰ ਫੜ ਕੇ ਅੰਦਰ ਦੇ ਦੇਊ ਤੇ ਪਰਚੇ ਦਰਜ ਕਰ ਦੇਊ। ਮੋਹਰੀ ਬੰਦੇ ਆਪਣੇ ’ਤੇ ਦਰਜ ਹੋਏ ਪਰਚਿਆਂ ਨੂੰ ਕੈਂਸਲ ਕਰਾਉਣ ਵਿੱਚ ਉਲਝ ਜਾਣਗੇ ਤੇ ਅਸਲੀ ਮੁੱਦਾ ਪਾਸੇ ਹੀ ਰਹਿ ਜਾਵੇਗਾ।”
ਮੀਟਿੰਗ ਵਿੱਚ ਮੌਜੂਦ ਸਾਥੀਆਂ ਦਾ ਰੁਖ ਦੇਖ ਕੇ ਉਹ ਬੰਦਾ ਆਪਣੀ ਜਾਨ ਛੁਡਾ ਕੇ ਭੱਜ ਗਿਆ ਤੇ ਅਸੀਂ ਸ਼ਾਂਤੀ ਪੂਰਵਕ ਅੰਦੋਲਨ ਦੇ ਸਹਾਰੇ ਹੀ ਉਹ ਬੱਚਾ ਤਲਾਸ਼ ਕਰਵਾ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2426)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































