×

Warning

JUser: :_load: Unable to load user with ID: 601

VijayKumar7ਉਹ ਬਜ਼ੁਰਗ ਪਾਕਿਸਤਾਨ ਮੁੜ ਗਿਆ। ਸਲਾਮਤ ਇੱਥੇ ਹੀ ਰਹੀ ...
(2 ਅਕਤੂਬਰ 2020)

 

ਉਸ ਦਾ ਨਾਂ ਸਲਾਮਤ ਜ਼ਰੂਰ ਸੀ ਪਰ ਉਸ ਦੀ ਜ਼ਿੰਦਗੀ ਦੁੱਖਾਂ ਦਰਦਾਂ ਨਾਲ ਭਰੀ ਹੋਈ ਸੀਉਸ ਦੇ ਨਾਂ ਤੋਂ ਹੀ ਪਤਾ ਲਗਦਾ ਸੀ ਕਿ ਉਸ ਦਾ ਧਰਮ ਮੁਸਲਿਮ ਸੀਮੈਂ ਆਪਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਦੌਲਤ ਅਤੇ ਇੱਜ਼ਤ ਲੁੱਟਣ ਵਾਲੇ ਲੋਕਾਂ ਦੀ ਜਹਾਲਤ ਦਾ ਸ਼ਿਕਾਰ ਹੋਈ ਸੀ ਸਲਾਮਤਇਨਸਾਨੀਅਤ ਦੇ ਦੁਸ਼ਮਣਾਂ, ਦਰਿੰਦਿਆਂ ਨੇ ਉਸ ਦੇ ਪਤੀ, ਬੱਚਿਆਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਦਿੱਤਾ। ਉਸ ਦੇ ਕਬੀਲੇ ਦੇ ਸਾਰੇ ਲੋਕ ਪਾਕਿਸਤਾਨ ਚਲੇ ਗਏਉਹ ਸੋਹਣੀ ਬਹੁਤ ਸੀਪਿੰਡ ਦੇ ਚੌਧਰੀਆਂ ਨੇ ਉਸ ਨੂੰ ਆਪਣੇ ਸਵਾਰਥ ਲਈ ਬਚਾਅ ਲਿਆਮੁੜ ਉਹ ਸਾਡੇ ਪਿੰਡ ਵਿੱਚ ਹੀ ਵਸ ਗਈਉਸ ਨੇ ਆਪਣੀ ਬਾਕੀ ਜ਼ਿੰਦਗੀ ਕੱਟਣ ਲਈ, ਦੁਨੀਆਦਾਰੀ ਰੱਖਣ ਨੂੰ ਭਾਵੇਂ ਆਪਣੇ ਉੱਤੇ ਹੋਏ ਤਸ਼ੱਦਦ ਨੂੰ ਭੁਲਾ ਦਿੱਤਾ ਸੀ ਪਰ ਫੇਰ ਵੀ ਉਸ ਦੇ ਚਿਹਰੇ ਤੋਂ ਉਸ ਨਾਲ ਹੋਏ ਗੈਰ ਮਨੁੱਖੀ ਵਤੀਰੇ ਦਾ ਗਮ ਜ਼ਰੂਰ ਝਲਕਦਾ ਸੀਉਸ ਬਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਕਦੇ-ਕਦੇ ਆਪਣੇ ਕੋਲ ਬੈਠਣ ਵਾਲੇ ਲੋਕਾਂ ਨੂੰ ਜਦੋਂ ਉਹ ਆਪਣਾ ਅਤੀਤ ਸੁਣਾਉਂਦੀ ਸੀ ਤਾਂ ਸੁਣਨ ਵਾਲਿਆਂ ਦੇ ਹੰਝੂ ਰੁਕਦੇ ਨਹੀਂ ਸਨ

ਸਲਾਮਤ ਦੀ ਗੁਰਬਤ ਨੇ ਉਸ ਵਿੱਚ ਸਬਰ, ਹਲੀਮੀ, ਸਲੀਕਾ ਅਤੇ ਸਮੇਂ ਦੀ ਨਜ਼ਾਕਤ ਨੂੰ ਪਹਿਚਾਨਣ ਦਾ ਗੁਣ ਪੈਦਾ ਕਰ ਦਿੱਤਾ ਸੀਜਦੋਂ ਤੋਂ ਮੈਂ ਸੁਰਤ ਸੰਭਾਲੀ ਮੈਂ ਉਸ ਨੂੰ ਆਪਣੇ ਪਿੰਡ ਦੇ ਵਿਚਕਾਰ ਇੱਕ ਪਿਲਕਣ ਦੇ ਬੂਟੇ ਹੇਠਾਂ ਇੱਕ ਵੱਡੀ ਛੱਨ ਵਿੱਚ ਵਸਦੇ ਵੇਖਿਆਅੱਲਾ ਨੇ ਉਸ ਦੇ ਜੀਵਨ ਬਸਰ ਲਈ ਉਸ ਉੱਤੇ ਇੱਕ ਰਹਿਮਤ ਕਰ ਦਿੱਤੀ ਕਿ ਉਸ ਨੇ ਬਾਂਸ ਦੀਆਂ ਘਰ ਵਿੱਚ ਵਰਤਣ ਵਾਲੀਆਂ ਚੀਜ਼ਾਂ ਬਣਾਉਣੀਆਂ ਸਿੱਖ ਲਈਆਂਅਸੀਂ ਉਸ ਨੂੰ ਦਿਨਾਂ ਤਿਉਹਾਰਾਂ, ਵਿਆਹਾਂ, ਖੁਸ਼ੀ ਅਤੇ ਗਮੀਂ ਦੇ ਮੌਕਿਆਂ ’ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦਿਆਂ ਵੀ ਵੇਖਿਆਅਸੀਂ ਲੋਂਕਾਂ ਨੂੰ ਉਸ ਬਾਰੇ ਇਹ ਕਹਿੰਦੇ ਸੁਣਿਆ ਕਿ ਜਿਸ ਘਰ ਵੀ ਉਹ ਕੰਮ ਕਰਨ ਜਾਂਦੀ ਸੀ, ਉਸ ਘਰ ਨੂੰ ਉਹ ਆਪਣਾ ਘਰ ਸਮਝ ਕੇ ਕੰਮ ਕਰਦੀ ਸੀਉਸ ਦੇ ਆਉਣ ਨਾਲ ਘਰਦਿਆਂ ਨੂੰ ਬੇਫਿਕਰੀ ਹੋ ਜਾਂਦੀ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਉਸ ਦੇ ਹੁੰਦਿਆਂ ਉਨ੍ਹਾਂ ਨੂੰ ਕੁਝ ਵੀ ਵੇਖਣ ਦੀ ਲੋੜ ਨਹੀਂਉਹ ਕਦੇ ਵੀ ਕੰਮ ਪੈਸੇ ਕਮਾਉਣ ਲਈ ਨਹੀਂ, ਸਗੋਂ ਆਪਣੇ ਮਨ ਦੀ ਖੁਸ਼ੀ ਲਈ ਕਰਦੀ ਸੀਉਸ ਨੇ ਕੰਮ ਕਰਨ ਦਾ ਕਿਸੇ ਤੋਂ ਵੀ ਕਦੇ ਵੀ ਕੁਝ ਨਹੀਂ ਮੰਗਿਆ ਸੀ ਪਰ ਲੋਕ ਉਸ ਦਾ ਹੱਕ ਰੱਖਦੇ ਵੀ ਨਹੀਂ ਸਨਲੋਕ ਉਸ ਦੇ ਕੰਮ ਨੂੰ ਵੇਖ ਕੇ ਉਸ ਦੀ ਆਸ ਤੋਂ ਵੱਧ ਦੇ ਦਿੰਦੇਦਿਨਾਂ ਤਿਉਹਾਰਾਂ ਤੇ ਪਿੰਡ ਦੇ ਲੋਕ ਉਸ ਨੂੰ ਰੋਟੀ, ਮਿਠਿਆਈਆਂ ਅਤੇ ਹੋਰ ਸੌਗਾਤਾਂ ਦੇ ਜਾਂਦੇ

ਸਲਾਮਤ ਦੀ ਸੰਜੀਦਗੀ, ਨਿਮਰਤਾ ਅਤੇ ਲੋਕਾਂ ਦੇ ਸੁਖ-ਦੁੱਖ ਵਿੱਚ ਕੰਮ ਆਉਣ ਦੀ ਆਦਤ ਨੇ ਉਸ ਦਾ ਲੋਕਾਂ ਨਾਲ ਕਾਫੀ ਮੇਲ ਜੋਲ ਵਧਾ ਰੱਖਿਆ ਸੀਪਿੰਡ ਦਾ ਸ਼ਾਇਦ ਹੀ ਕੋਈ ਅਜਿਹਾ ਘਰ ਹੁੰਦਾ ਸੀ ਜਿਸਦੇ ਕਾਰਜ ਵਿੱਚ ਉਸ ਦੀ ਸ਼ਮੂਲੀਅਤ ਨਾ ਹੋਵੇਉਂਝ ਵੀ ਪਿੰਡ ਦੇ ਲੋਕ ਉਸ ਦੇ ਹਾਲਾਤ ਨੂੰ ਵੇਖਦਿਆਂ ਹੋਇਆਂ ਉਸ ਨੂੰ ਕੁਝ ਨਾ ਕੁਝ ਦੇ ਆਉਂਦੇਤਿਉਹਾਰਾਂ, ਵਿਆਹ ਸ਼ਾਦੀਆਂ ਅਤੇ ਖੁਸ਼ੀ ਦੇ ਮੌਕਿਆਂ ਤੇ ਉਸ ਨੂੰ ਬਹੁਤੇ ਘਰਾਂ ਤੋਂ ਵਧੀਆ ਸੂਟ ਵੀ ਆ ਜਾਂਦੇਸਲਾਮਤ ਉੱਤੇ ਅੱਲਾ ਦੀ ਇਸ ਰਹਿਮਤ ਨੇ ਉਸ ਨੂੰ ਸਾਡੇ ਪਿੰਡ ਦੇ ਹਰ ਘਰ ਦੀ ਮੈਂਬਰ ਬਣਾ ਦਿੱਤਾਬੱਚਿਆਂ ਦੀਆਂ ਮਾਵਾਂ ਆਪਣੀ ਉਮਰ ਮੁਤਾਬਕ ਉਸ ਨੂੰ ਬੜੇ ਅਦਬ ਨਾਲ ਤਾਈ, ਚਾਚੀ, ਭਾਬੀ ਅਤੇ ਬੇਬੇ ਕਹਿ ਕੇ ਬੁਲਾਉਂਦੀਆਂਉਸ ਦੇ ਗੁਣਾਂ ਨੇ ਪਿੰਡ ਦੇ ਹਰ ਬਸ਼ਰ ਨਾਲ ਉਸ ਦਾ ਸਬੰਧ ਜੋੜ ਦਿੱਤਾਪਰ ਫੇਰ ਵੀ ਜਨੂੰਨੀ ਅਤੇ ਫਿਰਕਾ ਪ੍ਰਸਤੀ ਵਾਲੇ ਦਿਮਾਗਾਂ ਵਿੱਚੋਂ ਉਸਦੇ ਮੁਸਲਮਾਨ ਹੋਣ ਦਾ ਗੁਬਾਰ ਨਿਕਲਿਆ ਨਹੀਂ ਸੀ

ਸਲਾਮਤ ਦੀ ਇੱਕ ਖਾਸੀਅਤ ਇਹ ਵੀ ਸੀ ਕਿ ਅਸੀਂ ਲੋਕਾਂ ਨੇ ਉਸ ਦਾ ਸਭ ਕੁਝ ਖੋਹ ਲਿਆ ਸੀ ਪਰ ਉਸ ਕੋਲ ਜੋ ਕੁਝ ਵੀ ਹੁੰਦਾ ਸੀ ਉਸ ਨਾਲ ਉਹ ਗਰੀਬ ਗੁਰਬੇ ਦੀ ਮਦਦ ਕਰ ਛੱਡਦੀਗ਼ਰੀਬ ਕੁੜੀਆਂ ਦੇ ਵਿਆਹਾਂ ’ਤੇ ਉਹ ਉਨ੍ਹਾਂ ਦੀ ਮਦਦ ਜ਼ਰੂਰ ਕਰਦੀਉਸ ਨੂੰ ਬੱਚਿਆਂ ਨਾਲ ਬਹੁਤ ਮੋਹ ਸੀ ਜਿਨ੍ਹਾਂ ਲੋਕਾਂ ਨੇ ਉਸ ਦੇ ਬੱਚਿਆਂ ਨੂੰ ਮਾਰਿਆ ਸੀ, ਉਨ੍ਹਾਂ ਦੇ ਪੋਤੇ-ਪੋਤੀਆਂ ਨੂੰ ਉਹ ਰੱਜ ਕੇ ਮੋਹ ਕਰਦੀ ਸੀਅੱਲਾ ਤੋਂ ਉਨ੍ਹਾਂ ਦੇ ਰਾਜ਼ੀ ਖੁਸ਼ੀ ਰਹਿਣ ਅਤੇ ਲੰਬੀ ਉਮਰ ਹੋਣ ਦੀ ਦੁਆ ਮੰਗਦੀ ਸੀਸਾਰੇ ਪਿੰਡ ਦੇ ਬੱਚਿਆਂ ਦੀ ਉਹ ਜਗਤ ਭੂਆ ਸੀਬੱਚੇ ਵੀ ਉਸ ਨਾਲ ਦਿਲ ਤੋਂ ਪਿਆਰ ਕਰਦੇ ਸਨਉਸ ਨੇ ਲਾਡ ਨਾਲ ਬੱਚਿਆਂ ਦੇ ਆਪਣੇ ਨਾਂ ਰੱਖੇ ਹੋਏ ਸਨ

ਸਾਡੀ ਮਾਂ ਨਾਲ ਉਸ ਦਾ ਬਹੁਤ ਮੋਹ ਸੀਉਸ ਦਾ ਅਕਸਰ ਹੀ ਸਾਡੇ ਘਰ ਆਉਣਾ ਜਾਣਾ ਬਣਿਆ ਰਹਿੰਦਾਜਿਸ ਦਿਨ ਮੇਰੇ ਪਿਤਾ ਜੀ ਦੀ ਮੌਤ ਹੋਈ, ਉਸ ਦਿਨ ਉਸ ਨੇ ਮੇਰੀ ਮਾਂ ਨੂੰ ਬੁੱਕਲ ਵਿੱਚ ਲੈ ਕੇ ਕਿਹਾ, “ਮੁੰਨੀ, ਮੁਸੀਬਤਾਂ ਦਲੇਰੀ ਨਾਲ ਕੱਟੀਆਂ ਜਾਂਦੀਆਂ ਹਨ, ਢੇਰੀ ਢਾਹ ਕੇ ਨਹੀਂਤੈਨੂੰ ਇਨ੍ਹਾਂ ਬੱਚਿਆਂ ਲਈ ਮਾਂ-ਬਾਪ ਹੋ ਕੇ ਜਿਊਣਾ ਪੈਣਾ ਹੈ ਸਲਾਮਤ ਦੇ ਇਨ੍ਹਾਂ ਸ਼ਬਦਾਂ ਨੇ ਮੈਂਨੂੰ ਉਸ ਨਾਲ ਮਨੋ ਜੋੜ ਦਿੱਤਾਉਸ ਦੇ ਚਿਹਰੇ ਵਿੱਚੋਂ ਮੈਂਨੂੰ ਆਪਣੀ ਨਾਨੀ ਨਜ਼ਰ ਆਈਸਲਾਮਤ ਕੋਲ ਬੱਚਿਆਂ ਦਾ ਮੇਲਾ ਲੱਗਿਆ ਰਹਿੰਦਾ ਕਿਉਂਕਿ ਜਿਹੜਾ ਵੀ ਬੱਚਾ ਉਸ ਨੂੰ ਭੂਆ ਕਹਿ ਕੇ ਉਸ ਤੋਂ ਕੁਝ ਖਾਣ ਲਈ ਮੰਗਦਾ, ਸਲਾਮਤ ਝੱਟ ਉਸ ਦੀ ਖੁਹਾਇਸ਼ ਪੂਰੀ ਕਰ ਦਿੰਦੀਉਹ ਆਪਣੇ ਕੋਲ ਹਰ ਵੇਲੇ ਟਾਫੀਆਂ, ਕੇਲੇ, ਬਿਸਕੁਟ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਜਮ੍ਹਾਂ ਰੱਖਦੀ ਉਸ ਨੂੰ ਪਤਾ ਹੁੰਦਾ ਸੀ ਕਿ ਬੱਚਿਆਂ ਨੇ ਸਵੇਰੇ ਸ਼ਾਮ ਉਸ ਕੋਲ ਮੰਗਣ ਲਈ ਆਉਣਾ ਹੈਉਸ ਦੇ ਨੇੜੇ-ਤੇੜੇ ਰਹਿੰਦੇ ਬੱਚੇ ਤਾਂ ਸਕੂਲ ਨੂੰ ਆਉਣ ਜਾਣ ਲੱਗਿਆਂ ਵੀ ਉਸ ਕੋਲੋਂ ਹੋ ਕੇ ਜਾਂਦੇਛੁੱਟੀ ਵਾਲੇ ਦਿਨ ਤਾਂ ਉਨ੍ਹਾਂ ਦਾ ਸਾਰਾ ਦਿਨ ਉਸ ਦੇ ਘਰ ਨੇੜੇ ਹੀ ਖੇਡਦਿਆਂ ਲੰਘ ਜਾਂਦਾ

ਸਲਾਮਤ ਦੇ ਪਿਆਰ ਦੇ ਨਿੱਘ ਨੇ ਸਾਡੇ ਪਿੰਡ ਦੇ ਬੱਚਿਆਂ ਨਾਲ ਐਨੀ ਗਹਿਰੀ ਸਾਂਝ ਪਾ ਲਈ ਕਿ ਸਾਨੂੰ ਉਹ ਸੱਚਮੁੱਚ ਦੀ ਭੂਆ ਲਗਦੀਬੱਚਿਆਂ ਦੇ ਪਾਸ ਹੋਣ ਦੀ ਐਨੀ ਖੁਸ਼ੀ ਉਨ੍ਹਾਂ ਦੇ ਮਾਪਿਆਂ ਨੂੰ ਨਹੀਂ ਹੁੰਦੀ ਸੀ ਜਿੰਨੀ ਉਸ ਨੂੰ ਹੁੰਦੀ ਸੀਮੇਰੇ ਨੌਕਰੀ ਲੱਗਣ ’ਤੇ ਉਸ ਨੇ ਧਰਤੀ ਨੂੰ ਹੱਥ ਲਾ ਕੇ ਕਿਹਾ, “ਅੱਲਾ, ਤੇਰਾ ਸ਼ੁਕਰ ਹੈ ਕਿ ਇਸ ਟੱਬਰ ਦੇ ਵੀ ਦਿਨ ਬਦਲਣ ਲੱਗੇ ਹਨ।”

ਪਾਕਿਸਤਾਨ ਬਣਨ ਦੇ ਕਾਫੀ ਸਾਲਾਂ ਮਗਰੋਂ ਉਨ੍ਹਾਂ ਦੇ ਕਬੀਲੇ ਦਾ ਇੱਕ ਬਜ਼ੁਰਗ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਵੇਲੇ ਦੇ ਲੋਕਾਂ ਦੇ ਜਿਉਂਦੇ ਹੋਣ ਦੀ ਆਸ ਰੱਖ ਕੇ ਉਨ੍ਹਾਂ ਨੂੰ ਮਿਲਣ ਲਈ ਸਾਡੇ ਪਿੰਡ ਆਇਆਜਿਨ੍ਹਾਂ ਲੋਕਾਂ ਨੂੰ ਉਹ ਮਿਲਣਾ ਚਾਹੁੰਦਾ ਸੀ ਉਨ੍ਹਾਂ ਵਿੱਚੋਂ ਵਿਰਲੇ-ਵਿਰਲੇ ਅਜੇ ਜਿਉਂਦੇ ਸਨਪਿੰਡ ਦੇ ਲੋਕਾਂ ਨੇ ਉਸ ਦਾ ਕਾਫੀ ਮਾਣ-ਸਤਿਕਾਰ ਕੀਤਾਉਹ ਕਈ ਦਿਨ ਉਨ੍ਹਾਂ ਲੋਕਾਂ ਕੋਲ ਰਿਹਾ, ਜਿਨ੍ਹਾਂ ਨੂੰ ਉਹ ਮਿਲਣ ਦੀ ਆਸ ਨਾਲ ਆਇਆ ਸੀ ਉਸ ਨੂੰ ਸਲਾਮਤ ਦੇ ਜਿਉਂਦੇ ਹੋਣ ਦਾ ਵੀ ਪਤਾ ਲੱਗਾਉਹ ਉਸ ਨੂੰ ਛੰਨ ਵਿੱਚ ਰਹਿੰਦਿਆਂ ਵੇਖ ਫੁੱਟ-ਫੁੱਟ ਕੇ ਰੋਇਆਉਸ ਨੇ ਸਾਡੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ ਲੋਕਾਂ ਨੇ ਸਾਡੇ ਨਾਲ ਹੁਣ ਵਰਗਾ ਪਿਆਰ ਵਿਖਾਇਆ ਹੁੰਦਾ ਤਾਂ ਅਸੀਂ ਆਪਣੀ ਜੰਮਣ ਭੋਏਂ ਤੋਂ ਉੱਜੜਨਾ ਨਹੀਂ ਸੀਉਸ ਬਜ਼ੁਰਗ ਦੇ ਸ਼ਬਦਾਂ ਨੇ ਪਿੰਡ ਦੇ ਲੋਕਾਂ ਨੂੰ ਤਰੇਲੀਆਂ ਲਿਆ ਦਿੱਤੀਆਂਉਸ ਬਜ਼ੁਰਗ ਨੇ ਸਲਾਮਤ ਨੂੰ ਕਿਹਾ ਕਿ ਉਹ ਉਸ ਨਾਲ ਪਾਕਿਸਤਾਨ ਚੱਲੇਸਲਾਮਤ ਨੇ ਉਸ ਨੂੰ ਅੱਗੋਂ ਕਿਹਾ, “ਵੀਰ, ਹੁਣ ਤੁਹਾਡੇ ਨਾਲ ਮੇਰਾ ਜਾਣਾ ਸੰਭਵ ਨਹੀਂਹੁਣ ਤੁਹਾਡੇ ਨਾਲੋਂ ਮੈਂਨੂੰ ਇਹ ਜ਼ਿਆਦਾ ਆਪਣੇ ਪਿਆਰੇ ਲਗਦੇ ਨੇਮੈਂ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਇਨ੍ਹਾਂ ਨਾਲ ਕੱਟ ਕੇ ਇਸ ਦੁਨੀਆ ਤੋਂ ਜਾਣਾ ਚਾਹੁੰਦੀ ਹਾਂ।” ਉਹ ਬਜ਼ੁਰਗ ਪਾਕਿਸਤਾਨ ਮੁੜ ਗਿਆਸਲਾਮਤ ਇੱਥੇ ਹੀ ਰਹੀਉਹ ਪਿੰਡ ਦੀ ਮਿੱਟੀ ਨਾਲ ਮਿੱਟੀ ਹੋ ਗਈ

ਅੱਜ ਸਲਮਤ ਤਾਂ ਨਹੀਂ ਹੈ ਪਰ ਉਸ ਦੀਆਂ ਯਾਦਾਂ ਮੌਜੂਦ ਹਨਇੱਕ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਸਿਆਸੀ ਸੱਜਣ ਨੇ ਉਸ ਦੀ ਛੰਨ ’ਤੇ ਕਬਜ਼ਾ ਕਰ ਲਿਆ ਹੈਸਾਡੇ ਪਿੰਡ ਦੇ ਬੱਚੇ ਜਦ ਵੀ ਮਿਲਦੇ ਹਨ, ਉਹ ਸਲਾਮਤ ਭੂਆ ਦੀ ਗੱਲ ਜ਼ਰੂਰ ਕਰਦੇ ਹਨ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2360)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)