GurmelSidhu7ਪੰਜਾਬੀ ਦੇ ਕੁਝ ਆਲੋਚਕਾਂ ਵਲੋਂ ਹਰਿਭਜਨ ਦੀ ਕਵਿਤਾ ’ਤੇ ਸੁਹਜਵਾਦੀ ...
(10 ਸਤੰਬਰ 2020)

 

HarbhajanSinghDrA1ਡਾ. ਹਰਿਭਜਨ ਸਿੰਘ ਨੂੰ ਮੈਂ ਪਹਿਲੀ ਵਾਰ ਉਸ ਦੇ 66 ਨਾਈਵਾਲਾ, ਕਰੋਲਬਾਗ, ਦਿੱਲੀ ਵਾਲੇ ਘਰ ਵਿੱਚ ਮਿਲਿਆ। ਉਸ ਵੇਲੇ ਮੈਂ ਵਿਦਿਆਰਥੀ ਸਾਂ ਅਤੇ ਆਪਣੇ ਖੋਜ-ਪ੍ਰਬੰਧ ਲਈ “ਪੂਸਾ ਐਗ੍ਰੀਕਲਚਰਲ ਇੰਨਸਟੀਚਿਊਟ” ਦੀ ਲਾਇਬ੍ਰੇਰੀ ਵਿੱਚੋਂ ਹਵਾਲੇ ਇਕੱਠੇ ਕਰਨ ਗਿਆ ਸੀ। ਉਨ੍ਹਾਂ ਦਿਨਾਂ ਵਿੱਚ ਮੇਰੀ ਅਤੇ ਹਰਿਭਜਨ ਸਿੰਘ ਦੀ ਇੱਕ-ਇੱਕ ਨਜ਼ਮ ਨਾਵਲਕਾਰ ਨਾਨਕ ਸਿੰਘ ਦੇ ਮਾਹਵਾਰੀ ਰਸਾਲੇ “ਲੋਕ ਸਾਹਿਤ” ਵਿੱਚ ਆਹਮੋ-ਸਾਹਮਣੇ ਸਫ਼ਿਆਂ ’ਤੇ ਛਪੀ ਸੀ। ਇਹ ਸਾਂਝ ਸਾਡੀ ਪਹਿਲੀ ਮਿਲਣੀ ਦਾ ਸਬੱਬ ਬਣੀ।

ਹਰਿਭਜਨ ਸਿੰਘ ਦੀ ਰਿਹਾਇਸ਼ ਦਾ ਪਤਾ ਕਰਕੇ ਮੈਂ ਬਿਨਾ ਦੱਸੇ ਉਸ ਦੇ ਘਰ ਪਹੁੰਚ ਗਿਆਉਸ ਨੂੰ ਪਹਿਲੀ ਵਾਰ ਸਾਖਿਆਤ ਰੂਪ ਵਿੱਚ ਦੇਖ ਕੇ ਮੈਂ ਕਾਫੀ ਅਚੰਭਤ ਹੋਇਆਮਿਲਣ ਤਾਂ ਮੈਂ ਇਹ ਕਿਆਸ ਕਰਕੇ ਗਿਆ ਸੀ ਕਿ ਉਹ ਮੇਰਾ ਹਾਣੀ ਪਰਵਾਣੀ ਹੋਵੇਗਾ, ਪਰ ਉਹ ਮੇਰੇ ਨਾਲੋਂ ਉਮਰ ਵਿੱਚ ਕਾਫੀ ਵੱਡਾ ਲੱਗਿਆਦੇਖਦਿਆਂ ਸਾਰ ਉਸ ਪ੍ਰਤੀ ਮੇਰਾ ਵਤੀਰਾ ਸ਼ਰਧਾ ਭਾਵਨਾ ਵਾਲਾ ਹੋ ਗਿਆਉਸ ਦੀ 1956 ਵਿੱਚ ਛਪੀ ਪਹਿਲੀ ਕਾਵਿ-ਪੁਸਤਕ, “ਲਾਸਾਂ”, ਮੈਂ ਪੜ੍ਹ ਚੁੱਕਿਆ ਸੀਪੜ੍ਹਨ ਉਪਰੰਤ ਮਹਿਸੂਸ ਹੋਇਆ ਸੀ ਕਿ ਇਸਦਾ ਲੇਖਕ ਕੋਈ ਸਿਧਿਆ ਹੋਇਆ ਕਵੀ ਹੋਵੇਗਾਇਹ ਕਿਆਸ ਨਹੀਂ ਸੀ ਕੀਤਾ ਕਿ ਉਮਰ ਵਜੋਂ ਵੀ ਪ੍ਰੌੜ੍ਹ ਅਤੇ ਹੰਢਿਆ ਵਰਤਿਆ ਹੋਵੇਗਾਆਲਮਾਂ ਵਰਗੀ ਦੇਖਣੀ-ਪਾਖਣੀ ਤੋਂ ਯਕੀਨ ਹੋ ਗਿਆ ਕਿ “ਲਾਸਾਂ” ਬਾਕਈ ਉਸਦੀ ਹੀ ਲਿਖਤ ਹੋਵੇਗੀਮਿਲਣ ਸਾਰ ਮੈਂ ਕਿਹਾ, ਮੈਂ ਗੁਰਮੇਲ “ਰਾਹੀ” ਹਾਂਮੁਸਕੜੀ ਹੱਸਦਾ, ਮਸਤ ਔਲੀਏ ਵਾਂਗ ਹੱਥ ਉਲਾਰ ਕੇ ਹਰਿਭਜਨ ਸਿੰਘ ਬੋਲਿਆ, “ਬਈ ਤੇਰੀ ਕਵਿਤਾ “ਲੋਕ ਸਾਹਿਤ” ਵਿੱਚ ਪੜ੍ਹੀ ਸੀ।” ਮੈਂ ਕਿਹਾ, “ਜੀ, ਉਸੇ ਕਵਿਤਾ ਨੇ ਤੁਹਾਨੂੰ ਮਿਲਣ ਦਾ ਸਬੱਬ ਬਣਾਇਆ ਹੈ।”

ਘਰ ਵਿੱਚ ਬੱਚਿਆਂ ਦੀ ਚਹਿਲ-ਪਹਿਲ ਕਰਕੇ ਕੁਝ ਸ਼ੋਰ ਪੈ ਰਿਹਾ ਸੀ।”ਆਓ, ਕਾਫੀ ਹਾਊਸ ਚਲਦੇ ਹਾਂ।” ਹਰਿਭਜਨ ਨੇ ਬੜੀ ਬੇਵਾਕੀ ਨਾਲ ਕਿਹਾਕਾਫੀ ਹਾਊਸ ਉਸ ਦੇ ਘਰ ਦੇ ਲਾਗੇ ਹੀ ਸੀਕਾਫੀ ਮੰਗਵਾਈ ਤੇ ਅਸੀਂ ਗੱਲਾਂ ਵਿੱਚ ਰੁੱਝ ਗਏਮੈਂ ਉਸ ਦੀ ਪਹਿਲੀ ਪੁਸਤਕ “ਲਾਸਾਂ” ਦੀ ਸ਼ਲਾਘਾ ਕੀਤੀ।”ਲਾਸਾਂ” ਵਿੱਚ ਭਾਵਪੂਰਤ ਪ੍ਰਗੀਤਕ ਨਜ਼ਮਾਂ ਅਤੇ ਸਾਹਿਤਕ ਗੀਤ ਹਨਨਜ਼ਮਾਂ ਨਾਲੋਂ ਗੀਤ ਵਧੇਰੇ ਪ੍ਰਭਾਵਸ਼ਾਲੀ ਹਨ ਕੁਝ ਗੀਤਾਂ ਦੀਆਂ ਮੁੱਢਲੀਆਂ ਪੰਕਤੀਆਂ ਮੈਂਨੂੰ ਯਾਦ ਸਨ: “ਸਿੰਜਿਆ ਨੀ ਸਾਡੀ ਧਰਤੀ ਨੂੰ ਸਿੰਜਿਆ, ਸਰਘੀ ਦੀ ਨਿੰਮ੍ਹੀ ਨਿੰਮ੍ਹੀ ਲੋਅ।”, “ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ।”, “ਵੇਖੋ ਜੀ ਮੇਰੇ ਕਾਲੇ ਕਾਲੇ ਕੇਸ”, ‘ਮੈਂ ਕਰ ਕਰ ਜਤਨਾਂ ਹਾਰੀ ਰਾਮਾ ਨਹੀਂ ਮੁੱਕਦੀ ਫੁਲਕਾਰੀ।” ਉਸ ਨੇ ਗੀਤਾਂ ਦੀ ਪਿੱਠਭੂਮੀ ਬਾਰੇ ਦੱਸਿਆ ਤਾਂ ਉਨ੍ਹਾਂ ਦੀ ਸੁਭਾਵਕਤਾ, ਸੁਬ੍ਹਕਤਾ ਅਤੇ ਸਰਲਤਾ ਦਾ ਅਹਿਸਾਸ ਹੋਇਆਖਾਸ ਕਰਕੇ ਗੀਤਾਂ ਦੀ ਪ੍ਰਗੀਤਕ ਸ਼ੈਲੀ ਅਤੇ ਸੁਹਜਮਈ (Aesthetic) ਸ਼ਬਦਾਂ ਦੀ ਚੋਣ ਨੇ ਮੈਂਨੂੰ ਬਹੁਤ ਪ੍ਰਭਾਵਤ ਕੀਤਾ

"ਲਾਸਾਂ” ਦੀ ਕਵਿਤਾ ਦਾ ਪ੍ਰਭਾਵ ਮੇਰੀ ਕਵਿਤਾ ’ਤੇ ਪਿਆ1966 ਵਿੱਚ ਛਪੀ ਮੇਰੀ ਪਹਿਲੀ ਕਾਵਿ-ਪੁਸਕਤ, “ਦੁਬਿਧਾ”, ਦੇ ਇੱਕ-ਦੋ ਗੀਤਾਂ ਵਿੱਚੋਂ ਇਹ ਪ੍ਰਭਾਵ ਝਲਕਦਾ ਹੈ ਉਦਾਹਰਣ ਵਜੋਂ, “ਮੈਂ ਕਰ ਕਰ ਜਤਨਾਂ ਹਾਰੀ, ਰਾਮਾ ਨਹੀਂ ਮੁੱਕਦੀ ਫੁਲਕਾਰੀ” ਦੀ ਭਾਅ ਮੇਰੇ ਹੇਠਲੇ ਗੀਤ ਵਿੱਚੋਂ ਪੈਦੀ ਹੈ

ਅਸੀਂ ਵਣਜ ਕਰੇਂਦੇ ਦਿਲ ਦਾ,
ਨਹੀਂ ਕੋਈ ਵਿਉਪਾਰੀ ਮਿਲਦਾ

ਜਿੰਦ ਹੋਕਾ ਦੇ ਦੇ ਹਾਰੀ,
ਰਾਮਾ ਭੇਜ ਕੋਈ ਵਿਉਪਾਰੀ

ਕਾਫੀ ਹਾਊਸ ਵਿੱਚ ਬੈਠਿਆਂ ਉਸ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬਹੁਤ ਕੁਝ ਦੱਸਿਆ ਮੈਂਨੂੰ ਇਉਂ ਮਹਿਸੂਸ ਹੋਇਆ ਜਿਵੇਂ ਕੋਈ ਉਸਤਾਦ ਕਵੀ ਇੱਕ ਪੁੰਗਰਦੇ ਕਵੀ (Budding poet) ਨੂੰ ਕਵਿਤਾ ਲਿਖਣ ਦੀ ਸਿੱਖਿਆ ਦੇ ਰਿਹਾ ਹੋਵੇਉਸ ਦੀ ਗਿਆਨਵਾਨ ਵਾਰਤਾਲਾਪ ਨੂੰ ਧਿਆਨ ਨਾਲ ਸੁਣਦਿਆਂ ਮੈਂ ਹੈਰਾਨ ਹੋ ਰਿਹਾ ਸੀ ਕਿ ਕੀ ਇਹ ਓਹੋ ਕਵੀ ਹੈ ਜਿਸਦੇ ਨਾਲ ਮੇਰੀ ਕਵਿਤਾ ਛਪੀ ਸੀ? ਉਸ ਵੇਲੇ ਤਕ ਹਰਿਭਜਨ ਅਜੇ ਪੰਜਾਬੀ ਦੇ ਰਸਾਲਿਆਂ ਵਿੱਚ ਬਹੁਤਾ ਨਹੀਂ ਸੀ ਛਪਿਆਇਸ ਲਈ ਮੈਂਨੂੰ ਉਸ ਦੀ ਕਾਵਿ-ਸਮਰੱਥਾ ਦਾ ਪੂਰਾ ਅੰਦਾਜ਼ਾ ਨਹੀਂ ਸੀ

ਕਾਫੀ ਹਾਊਸ ਵਿੱਚੋਂ ਬਾਹਰ ਨਿਕਲੇ ਤਾਂ ਹਰਿਭਜਨ ਕਵਿਤਾ ਬਾਰੇ ਗੱਲਾਂ ਕਰਦਾ ਹੋਇਆ ਘਰ ਵਲ ਜਾਣ ਦੀ ਬਜਾਏ ਮੈਂਨੂੰ ਇੱਕ ਛੋਟੇ ਜਿਹੇ ਪਹਾੜੀ ਕਿੱਕਰਾਂ ਦੇ ਜਖੀਰੇ ਵਲ ਲੈ ਗਿਆਸਰਦੀਆਂ ਦੀ ਰੁੱਤ ਸੀ, ਕੋਸੀ ਕੋਸੀ ਧੁੱਪ ਪਿੰਡੇ ਨੂੰ ਗਰਮਾ ਰਹੀ ਸੀਅਸੀਂ ਇੱਕ ਵੱਡੇ ਸਾਰੇ ਪੱਥਰ ’ਤੇ ਬਹਿ ਗਏਉਸ ਨੇ ਪੱਗ ਉਤਾਰ ਕੇ ਲਾਗੇ ਰੱਖ ਲਈ ਅਤੇ ਲਟਬੌਰਾ ਜਿਹਾ ਹੋ ਕੇ ਕਵਿਤਾ ਦੀਆਂ ਪੰਗਤੀਆਂ ਉਚਾਰਨ ਲੱਗ ਪਿਆਮੈਂ ਸੋਚਾਂ, ਇਹ ਬੰਦਾ ਕਿੰਨਾ ਮਸਤ ਮੌਲਾ ਹੈ, ਝਰਨੇ ਵਾਂਗ ਆਪਣੀ ਹੀ ਰੌਂ ਵਿੱਚ ਵਹੀ ਜਾਂਦਾ ਹੈ ਵਿੱਚੋਂ ਟੋਕ ਕੇ ਮੈਂ ਪੁੱਛਿਆ, ਪੰਜਾਬੀ ਵਿੱਚ ਤੁਸੀਂ ਹੋਰ ਕੀ ਕੁਝ ਲਿਖਿਆ ਹੈ? ਉਸ ਨੇ ਦੱਸਿਆ ਕਿ ਪਿੱਛੇ ਜਿਹੇ ਇੱਕ ਕਾਵਿ-ਨਾਟਕ “ਤਾਰ ਤੁਪਕਾ” (1957) ਛਪਿਆ ਹੈਮੈਂ ਕਿਹਾ, ਉਸ ਵਿੱਚੋਂ ਕੁਝ ਸੁਣਾਉ, ਤਾਂ ਹਰਿਭਜਨ ਫੇਰ ਉਸੇ ਰੌਂ ਵਿੱਚ ਸ਼ੁਰੂ ਹੋ ਗਿਆਉਸ ਦੇ ਮੂਹੋਂ ਸ਼ਬਦ ਇਉਂ ਕਿਰ ਰਹੇ ਸਨ ਜਿਵੇਂ ਕੋਈ ਮੱਕੀ ਦੀ ਛੱਲੀ ਅਘੇਰ ਰਿਹਾ ਹੋਵੇਮਸਤੀ ਵਿੱਚ ਉਹ ਕਾਵਿ-ਨਾਟ ਦਾ ਕਾਫੀ ਹਿੱਸਾ ਸੁਣਾ ਗਿਆਖਿੱਲ੍ਹੀ ਕਵਿਤਾ ਵਿੱਚ ਲਿਖੇ ਕਾਵਿ-ਨਾਟਕ ਨੂੰ ਮੂੰਹ ਜ਼ੁਬਾਨੀ ਸੁਣਾਉਣਾ ਬਹੁਤ ਮੁਸ਼ਕਲ ਹੁੰਦਾ ਹੈਮੈਂ ਉਸ ਦੀ ਯਾਦਦਾਸ਼ਤ ’ਤੇ ਹੈਰਾਨ ਰਹਿ ਗਿਆਨਾਟਕ ਦੇ ਵਿਸ਼ੇ ਦੀ ਉਸਾਰੀ ਵਿੱਚ ਪਾਤਰਾਂ ਦੀ ਵਾਰਤਾਲਾਪ ਮੰਜੇ ਦੀ ਦੌਣ ਵਾਂਗ ਕੱਸੀ ਹੋਈ ਸੀ ਅਤੇ ਸ਼ਬਦ ਮਾਲਾ ਦੇ ਮਣਕਿਆਂ ਨਿਆਈਂ ਪਰੋਏ ਹੋਏ ਸਨਨਾਟਕ ਦੀ ਸ਼ਬਦਾਵਲੀ ਵਿੱਚੋਂ ਗੁਰਬਾਣੀ ਅਤੇ ਲੋਕ ਸਾਹਿਤ ਵਰਗੀ ਭਾਸ਼ਾ ਦੀ ਝਲਕ ਪੈਂਦੀ ਸੀਥਾਂ-ਪੁਰ-ਥਾਂ ਸੁਮਾਸੀ ਸ਼ਬਦਾਂ, ਮੁਹਾਵਰਿਆਂ ਅਤੇ ਵਾਕੰਸ਼ਾਂ ਦੀ ਵਰਤੋਂ ਦੁਆਰਾ ਅਰਥਾਂ ਦੇ ਸੁਹਜਮਈ ਪੱਖ ਨੂੰ ਬੜੀ ਸ਼ਿੱਦਤ ਨਾਲ ਪ੍ਰਚੰਡ ਕੀਤਾ ਹੋਇਆ ਸੀਤਸਦੀਕ ਲਈ ਕੁਝ ਹਾਜ਼ਰ ਹਨ:

ਚਿੱਕੜ-ਤੋਰ ਸਮਾਂ, ਹਉਕੇ-ਰੰਗਾ ਚਾਨਣ, ਬਹਿਆ ਤਜਰਬਾ, ਪੁਸ਼ਤਾਂ ਦੇ ਜਗਰਾਤੇ, ਅਣਭੰਨੀ ਆਕੜ, ਤਲਖੀ ਖੰਘਿਆਰਣਾ, ਦੁਖਦੇ ਹੱਡਾਂ ਨੂੰ ਮਿਹਣਾ, ਮਸਾਣ-ਪਤੀ, ਲਹੂ-ਜਿਹਾ ਥੁੱਕਣ, ਤੇਜ਼ਾਬੀ ਵਰਖਾ, ਮਾਨੁਖ-ਸਪ-ਹਤਿਆਰੇ, ਘੁੱਟ ਤੇਹ ਦਾ, ਕੌੜੀ-ਕਾਲਖ, ਸੂਹਾ ਚੁੰਬਨ, ਭੁਰ ਭੁਰ ਟੁੱਟਣ ਤਾਰੇ, ਉਡੀਕਾਂ-ਰੱਜੇ ਨੈਣ, ਚੀਕ-ਚਿਹਾੜਾ, ਕਾਤਰ-ਚੱਬ ਕੇ, ਨਿੰਦਿਆ ਦਾ ਸ਼ੌਕ, ਸਾਗਰ ਸਾਡੀ ਲਾਂਘ, ਦੁੱਧ-ਸੱਧਰ, ਆਦਮ ਬੋ ਦੀ ਦੁਰਗੰਧ, ਵਾਅਦੇ ਦੀ ਖੁਸ਼ਬੋ, ਆਦਿ।” ਤਾਰ-ਤੁਪਕਾ” ਦੀ ਸ਼ਬਦਾਬਲੀ ਮੇਰੇ ਕੰਨਾਂ ਵਿੱਚ ਮਿਸ਼ਰੀ ਘੋਲ ਰਹੀ ਸੀ ਤਾਂ ਹਰਿਭਜਨ ਨੇ ਅਚਾਨਕ ਮੇਰੇ ਮੋਡੇ ’ਤੇ ਹੱਥ ਧਰਦਿਆਂ ਕਿਹਾ, “ਇਸ ਕਾਵਿ-ਨਾਟ ਦਾ ਅਖੰਡ ਪਾਠ ਮੈਂ ਯਾਰਾਂ ਦੋਸਤਾਂ ਨਾਲ ਕਈ ਵਾਰ ਕਰ ਚੁੱਕਿਆ ਹਾਂ ਇਸਦਾ ਉਨ੍ਹਾਂ ਨੂੰ ਕੰਨ-ਰਸ ਪੈ ਚੁੱਕਿਆ ਹੈ।” ਇਹ ਨਾਟਕ ਬਾਕਈ ਉਸ ਦੇ ਦਿਲ ਦੇ ਬਹੁਤ ਕਰੀਬ ਸੀਆਪਣੀ ਸਵੈ ਜੀਵਨੀ, “ਚੋਲਾ ਟਾਕੀਆਂ ਵਾਲਾ” ਵਿੱਚ ਲਿਖਦਾ ਹੈ, “ਆਪਣੀਆਂ ਹੋਰ ਵੀ ਨਜ਼ਮਾਂ ’ਤੇ ਬਹੁਤ ਪਿਆਰ ਆਉਂਦਾ ਹੈ, ਪਰ “ਤਾਰ ਤੁਪਕੇ” ਨੇ ਤਾਂ ਮੈਂਨੂੰ ਝੱਲਾ ਕੀਤਾ ਹੋਇਆ ਸੀ।”

ਹਨ੍ਹੇਰਾ ਹੋ ਰਿਹਾ ਸੀ, ਅਸੀਂ ਘਰ ਵਲ ਮੋੜੇ ਪਾਏਮੈਂ ਆਪਣੇ ਹੋਸਟਲ ਮੁੜਨ ਲਈ ਵਿਦਾ ਮੰਗੀ ਤਾਂ ਹਰਿਭਜਨ ਨੇ ਕਿਹਾ, ਘਰ ਵਿੱਚ ਜੋ ਰੁਖੀ-ਸੁੱਕੀ ਹੈ, ਖਾ ਕੇ ਜਾਵੀਂਰੋਟੀ ਖਾ ਕੇ ਰਿਕਸ਼ਾ ਫੜਿਆ ਅਤੇ ਅਲਵਿਦਾ ਕਹਿੰਦਿਆਂ ਵਿਦਾ ਲਈਰਾਹ ਵਿੱਚ ਸੋਚਦਾ ਆਇਆ ਕਿ ਹਰਿਭਜਨ ਸਿੰਘ ਵੱਡੀ ਸੰਭਾਵਨਾ ਵਾਲਾ ਕਵੀ ਹੈਹੁਣ ਮੈਂ ਜਦ ਉਸ ਦੀ ਸਮੁੱਚੀ ਸਾਹਿਤਕ ਕਮਾਈ ਵਲ ਨਜ਼ਰ ਮਾਰਦਾ ਹਾਂ ਤਾਂ ਮਾਣ ਨਾਲ ਕਹਿ ਸਕਦਾ ਹਾਂ ਕਿ ਮੇਰੀ ਭਵਿੱਖਬਾਣੀ ਗ਼ਲਤ ਨਹੀਂ ਸੀਹਰਿਭਜਨ ਨਿਰਸੰਦੇਹ ਪੰਜਾਬੀ ਸਾਹਿਤ ਦਾ ਵਿਸ਼ੇਸ਼ ਅਤੇ ਵਸ਼ਿਸ਼ਟ ਹਸਤਾਖਸ਼ਰ ਹੈ; ਪੰਜਾਬੀ ਕਵਿਤਾ ਦੇ “ਮੱਥੇ ਦਾ ਦੀਵਾ” ਹੈ

ਹਰਿਭਜਨ ਦੀ ਕਵਿਤਾ ਅਤੇ ਵਾਰਤਕ ਦੋਵੇਂ, ਅਲੱਗ, ਰੌਚਕ ਅਤੇ ਰਸਕ ਹਨਇਨ੍ਹਾਂ ਵਿੱਚ ਇੱਕ ਖਾਸ ਕਿਸਮ ਦਾ ਸੋਹਜ ਅਤੇ ਸੁਆਦ ਹੈਉਸ ਦੇ ਸ਼ਬਦ ਪੰਜਾਬੀ ਸਾਹਿਤ ਦੇ ਵਿਹੜੇ ਵਿੱਚ ਖਿੱਲਰੀ ਹੋਈ ਮੋਤੀਆਂ ਦੀ ਚੋਗੇ ਨਿਆਈਂ ਹਨ ਜਿਸ ਨੂੰ ਚੁਗਣ ਲਈ ਹਰ ਪ੍ਰਕਾਰ ਦੇ ਲੇਖਕ ਤੇ ਪਾਠਕ ਆਉਂਦੇ-ਜਾਂਦੇ ਰਹਿੰਦੇ ਹਨਇਹ ਹਰਿਭਜਨ ਦੀ ਸੁਹਜਵਾਦੀ ਸ਼ਬਦਾਬਲੀ ਦਾ ਕ੍ਰਿਸ਼ਮਾ ਹੈ ਜਿਸ ਦੀ ਵਿਲੱਖਣਤਾ ਨੇ ਉਸ ’ਤੇ “ਸੁਹਜਵਾਦੀ ਕਵੀ” ਦਾ ਲੇਬਲ ਲਾ ਦਿੱਤਾਖੇਦ ਵਾਲੀ ਗੱਲ ਇਹ ਹੈ ਕਿ ਸਮਕਾਲੀ ਸਾਹਿਤਕਾਰਾਂ ਨੇ ਇਸ ਯੋਗਤਾ ਨੂੰ, ਬਕੌਲ ਹਰਿਭਜਨ, ਇੱਕ “ਮਿਹਣੇ” ਵਜੋਂ ਵਰਤਿਆਸਵਾਲ ਪੈਦਾ ਹੁੰਦਾ ਹੈ, ਕੀ ਸੁਹਜਵਾਦ ਸਾਹਿਤ ਦਾ ਬਾਕਈ ਨਿਗੂਣਾ ਗੁਣ ਹੈ? ਉਲਾਰਵਾਦੀ ਆਲੋਚਨਾ ਨੂੰ ਸਵੀਕਾਰ ਕਰਿਦਆਂ ਹਰਿਭਜਨ ਨੇ ਸੁਹਜਵਾਦ ਬਾਰੇ ਆਪਣਾ ਪੱਖ “ਮੇਰੀ ਕਾਵਿ-ਯਾਤਰਾ” ਦੀ ਭੂਮਿਕਾ ਵਿੱਚ ਪੂਰਿਆ:

“ਮੇਰੇ ਕਾਵਿ ਪ੍ਰਕਾਸ਼ਨ ਦੇ ਪਹਿਲੇ ਪੜਾਅ ਉੱਪਰ ਹੀ ਮੈਂਨੂੰ ਸੁਹਜਵਾਦੀ ਕਿਹਾ ਜਾਣ ਲੱਗਾਮੇਰੇ ਲਈ ਇਹ ਵਿਸ਼ੇਸ਼ਣ ਵੀ ਮਿਹਣੇ ਵਾਂਗ ਤਜਵੀਜ਼ ਹੋਇਆ, ਪਰ ਸੀ ਇਹ ਦਰੁਸਤਵਾਸਤਵਿਕ-ਉਪਯੋਗਤਾ ਦੇ ਚਾਹਵਾਨ ਸਿਰਜਕ-ਵਿਚਾਰਕਾਂ ਨੂੰ ਸੁਹਜ ਆਪਣੇ ਵਿਰੁੱਧ ਬੇਪਰਤੀਤੀ ਦਾ ਮਤਾ ਜਾਪਦਾ ਹੈਇਉਂ ਜਾਪਦਾ ਹੈ ਜਿਵੇਂ ਕੋਈ ਕਿਸੇ ਦੇ ਪੈਰਾਂ ਹੇਠੋਂ ਠੋਸ ਧਰਤੀ ਖਿੱਚ ਰਿਹਾ ਹੋਵੇ ਤੇ ਉਹਨੂੰ ਨਿਰੋਲ ਹਵਾ ਵਿੱਚ ਲਟਕਣ ’ਤੇ ਮਜਬੂਰ ਕਰ ਰਿਹਾ ਹੋਵੇਮੈਂ ਸੁਹਜਵਾਦੀ ਵਿਸ਼ੇਸ਼ਣ ਨੂੰ ਖੁਸ਼ੀ ਖੁਸ਼ੀ ਸਵੀਕਾਰ ਕੀਤਾਮੈਂ ਸਗੋਂ ਸੁਹਜ ਦੇ ਵਿਸ਼ੇਸ਼ ਅਧਿਐਨ ਵਲ ਰੁਚਿਤ ਹੋਇਆਪਹਿਲਾਂ ਇਹ ਮੇਰਾ ਅਚੇਤ ਅਨੁਭਵ ਸੀ, ਫਿਰ ਇਹ ਮੇਰੇ ਸੁਚੇਤ ਅਧਿਐਨ ਦੀ ਵਸਤ ਬਣ ਗਿਆਕਾਵਿ-ਰਚਨਾ ਉਪਯੋਗਿਤਾ-ਸੁਹਜ ਦੀ ਪਹਿਲ ਦੂਜ ਨੂੰ ਬਦਲਣ ਦਾ ਉੱਦਮ ਹੈਰਚਨਾ ਦੇ ਨਾਲੋ ਨਾਲ ਵਾਪਰਦਾ ਵਿਰਚਨਾ ਦਾ ਕਾਰਜਤਿਆਗਿਆ ਇਹਨਾਂ ਵਿੱਚੋਂ ਕੋਈ ਵੀ ਨਹੀਂ ਜਾਂਦਾਉਪਯੋਗੀ ਵਾਸਤਵਿਕਤਾ ਆਪਣੀ ਥਾਵੇਂ ਟਿਕੀ ਰਹਿੰਦੀ ਹੈਸਿਰਫ ਕਵੀ ਸੁਹਜ ਨੂੰ ਵਾਸਤਵਿਕਤਾ ਤੋਂ ਪਹਿਲਾਂ ਥਾਂ ਦੇ ਦਿੰਦਾ ਹੈਕਵਿਤਾ ਉਸ ਕੋਝ ਦੇ ਵਿਰੁੱਧ ਬੇਪਰਤੀਤੀ ਦਾ ਮਤਾ ਹੈ ਜੋ ਵਾਸਤਵਿਕਤਾ ਦਾ ਲਾਜ਼ਮੀ ਅੰਗ ਹੈਸਦਾਚਾਰ, ਪ੍ਰਗਤੀ, ਕ੍ਰਾਂਤੀ, ਇਹ ਸਭ ਆਪੋ ਆਪਣੇ ਥਾਂ ਸੁਹਜ ਦੇ ਹੀ ਵੱਖੋ ਵੱਖ ਮੁਹਾਂਦਰੇ ਹਨਜੋ ਆਦਮੀ ਵਾਸਤਵਿਕਤਾ ਤੋਂ ਵਾਫ਼ਰ ਸੁਪਨੇ ਸਾਜਣਾ ਨਹੀਂ ਲੋਚਦਾ, ਉਸ ਨੂੰ ਸੁਹਜ ਦੀ ਕੋਈ ਸਾਰ ਨਹੀਂ

ਵਾਸਤਵਿਕਤਾ ਅਤੇ ਸੁਹਜ ਵਰਗਾ ਰਿਸ਼ਤਾ ਹੀ ਮੈਂ ਕਵਿਤਾ ਅਤੇ ਕਾਵਿ ਵਿੱਚ ਮਿਥਿਆ ਹੋਇਆ ਹੈਨਿਰੋਲ ਕਵਿਤਾਵਾਂ ਜੋੜਦੇ ਰਹਿਣ ਵਿੱਚ ਮੈਂਨੂੰ ਦਿਲਚਸਪੀ ਨਹੀਂ, ਮੇਰਾ ਸ਼ੌਕ ਤਾਂ ਕਾਵਿ-ਸਿਰਜਣਾ ਹੈਮੇਰੇ ਅੰਗ-ਸੰਗ ਵਸਦਾ ਮੇਰਾ ਆਪਣਾ ਬੇਲਿਹਾਜ਼ ਪਾਰਖੂ ਹੀ ਮੈਂਨੂੰ ਦੱਸਦਾ ਰਹਿੰਦਾ ਹੈ ਕਿ ਮੇਰੀ ਕਿਵਿਤਾ ਨੂੰ ਕਾਵਿ ਦੀ ਛੋਹ ਪ੍ਰਾਪਤ ਹੋਈ ਹੈ ਜਾਂ ਨਹੀਂਮੇਰੀ ਪਹਿਲ ਕਾਵਿ ਲਈ ਹੈਜੋ ਕੁਝ ਕਾਵਿ ਤੋਂ ਉਰ੍ਹਾਂ ਉਰ੍ਹਾਂ ਹੈ ਉਸ ਨੂੰ ਤਿਆਗਦਿਆਂ ਮੈਂਨੂੰ ਸੰਕੋਚ ਨਹੀਂ ਹੁੰਦਾਮੇਰੀ ਤਿਆਗੀ ਹੋਈ ਹੋਂਦ ਦੇ ਟੁਕੜੇ ਮੇਰੀ ਸਵੀਕਾਰੀ ਹੋਈ ਹੋਂਦ ਦੇ ਮੁਕਾਬਲੇ ਬਹੁਤ ਜ਼ਿਆਦਾ ਹਨਮੇਰੀ ਕਾਵਿ-ਸਿਰਜਣਾ ਨਿਰੰਤਰ ਉੱਦਮ ਹੈ, ਆਪਣੇ ਵਿੱਚੋਂ ਬਹੁਤ ਕੁਝ ਨੂੰ ਤਿਆਗ ਕੇ ਆਪਣੀ ਨਜ਼ਰ ਵਿੱਚ ਆਪ ਸਵੀਕਾਰਣ ਜੋਗ ਬਣਨ ਦਾਇਹੋ ਜਿਹਾ ਨਿਖੇੜਾ ਹੀ ਮੈਂਨੂੰ ਲੇਖਕ ਅਤੇ ਕਰਤੇ ਵਿਚਕਾਰ ਜਾਪਦਾ ਹੈਲੇਖਕ ਨੂੰ ਉਲੰਘ ਕੇ ਕਰਤੇ ਤਕ ਪਹੁੰਚਣਾ, ਬੱਸ ਇਹੋ ਮੇਰੀ ਕਾਵਿ-ਯਾਤਰਾ ਦੀ ਦਿਸ਼ਾ ਅਤੇ ਲਕਸ਼ ਹੈ।”

ਹਰਿਭਜਨ ਨੂੰ ਸੁਹਜਵਾਦ ਦੀ ਦੀਖਸ਼ਾ ਆਲੋਚਕ ਰਾਮਚੰਦਰ ਸ਼ੁਕਲਾ ਦੀ ਕਿਰਤ “ਚਿੰਤਾਮਣੀ” ਦਾ ਅਧਿਐਨ ਕਰਨ ਉਪਰੰਤ ਮਿਲੀਅਚਾਰਿਆ ਸ਼ੁਕਲਾ ਹਿੰਦੀ ਕਵਿਤਾ ਦੇ ਮੰਨੇ ਪਰਮੰਨੇ ਆਲੋਚਕ ਸਨਕਵਿਤਾ ਦੇ ਗੰਭੀਰ ਵਿਸ਼ਿਆਂ ਦਾ ਮੁਲਅੰਕਣ ਕਰਨ ਸਮੇਂ ਉਹ ਕਾਵਿਤਾ ਦੇ ਰਸਕ ਪੱਖ ਨੂੰ ਅੱਖੋਂ ਪਰੋਖੇ ਨਹੀਂ ਹੋਣ ਦਿੰਦੇ ਸਨਹਰਿਭਜਨ ਦੇ ਸ਼ਬਦਾਂ ਵਿੱਚ, “ਅਚਾਰੀਆ ਸ਼ੁਕਲਾ ਤੋਂ ਮੈਂ ਕਾਵਿ-ਰਚਨਾ ਸੰਬੰਧੀ ਦੋ ਅੰਤਰਦ੍ਰਿਸ਼ਟੀਆਂ ਪ੍ਰਾਪਤ ਕੀਤੀਆਂ ਇੱਕ, ਕਵਿਤਾ ਰਸਾਤਮਿਕ ਅਨੰਦ ਪ੍ਰਦਾਨ ਕਰਨ ਵਾਲੀ ਰਚਨਾ ਹੈ, ਦੂਜੇ, ਉਹ ਆਪਣੀ ਗੱਲ ਬਿੰਬਾਂ ਰਾਹੀਂ ਪ੍ਰਸਾਰਦੀ ਹੈਇਹ ਅੰਤਰਦ੍ਰਿਸ਼ਟੀਆਂ ਮੈਂਨੂੰ ਬਹੁਤ ਵੇਲੇ ਸਿਰ ਪ੍ਰਾਪਤ ਹੋ ਗਈਆਂ ਰੱਬ ਤਵੱਕਲ ਕਵਿਤਾ ਰਚਣ ਦੇ ਖੇਤਰ ਵਿੱਚੋਂ ਨਿਕਲ ਕੇ ਮੈਂ ਰਚਨਾਕਾਰੀ ਦੇ ਐਸੇ ਪੜਾਉ ਉੱਪਰ ਪਹੁੰਚਾ ਸਾਂ ਜਿੱਥੋਂ ਅਗਾਂਹ ਮੈਂਨੂੰ ਕਵਿਤਾ ਦੇ ਸੁਭਾਅ ਅਤੇ ਬਣਤਰ ਸੰਬੰਧੀ ਸੁਚੇਤ ਹੋਣ ਦੀ ਲੋੜ ਸੀ ਮੈਂਨੂੰ ਪੈਰੋ-ਪੈਰ ਚਾਨਣ ਹੋ ਰਿਹਾ ਸੀ ਕਿ ਕਾਵਿ-ਰਚਨਾ ਕਾਫੀ ਸੂਖਮ ਕਲਾ ਹੈ ਤੇ ਇਸ ਵਾਸਤੇ ਮੈਂਨੂੰ ਭਰੋਸੇਯੋਗ ਦੀਖਿਆ ਦੀ ਲੋੜ ਹੈਇਹ ਦੀਖਿਆ ਮੈਂਨੂੰ “ਚਿੰਤਾਮਣੀ” ਨੇ ਦਿੱਤੀ।”

ਮੈਂ ਮੁੱਢ ਤੋਂ ਹੀ ਹਰਿਭਜਨ ਦੇ ਸੁਹਜਵਾਦ ਦਾ ਪ੍ਰਸ਼ੰਸਕ ਰਿਹਾ ਹਾਂਅਚੇਤ ਜਾਂ ਸੁਚੇਤ ਤੌਰ ’ਤੇ ਉਸ ਦਾ ਪ੍ਰਭਾਵ ਵੀ ਕਬੂਲਿਆ ਹੈਮੇਰੇ ਅੰਦਰ ਸੰਗੀਤ ਕੁਦਰਤਨ ਵਸਿਆ ਹੋਇਆ ਹੈ, ਇਸ ਲਈ ਸ਼ਬਦਾਂ ਦੀ ਧੁਨੀ ਦੇ ਸਰੋਦੀ ਪੱਖ ਨਾਲ ਮੈਂਨੂੰ ਬਹੁਤ ਲਗਾਵ ਹੈਪਾਠਕ ਨੂੰ ਸਭ ਤੋਂ ਪਹਿਲਾਂ ਸ਼ਬਦਾਂ ਦੀ ਧੁਨੀ ਦਾ ਸਰੋਦੀ ਪੱਖ ਪੋਹੰਦਾ ਹੈਧਿਆਨ ਖਿੱਚਣ ਲਈ ਇਹ ਪੱਖ ਇੱਕ ਠੁੱਮਣੇ Catalyst) ਦਾ ਕਰਤਵ ਨਿਭਾਉਂਦਾ ਹੈ ਇਸਦਾ ਲਾਭ ਵੀ ਤੇ ਹਾਨ ਵੀ ਹੈ। ਲਾਭ ਇਹ ਹੈ ਕਿ ਪਾਠਕ ਦੀ ਸਿਮ੍ਰਤੀ ਵਿੱਚ ਸਹਿਵਨ ਹੀ ਬੈਠ ਜਾਂਦਾ ਹੈ ਅਤੇ ਹਾਨ ਇਹ ਕਿ ਅਰਥਾਂ ’ਤੇ ਪਰਦਾ ਪਾ ਦਿੰਦਾ ਹੈਫਲਸਰੂਪ, ‘ਕਲਾ, ਮਹਿਜ਼ ਕਲਾ ਲਈ’ (Art for Art Sake) ਦਾ ਉਲ੍ਹਾਮਾ ਸਹੇੜਦੀ ਹੈਇਹ ਪ੍ਰਵਿਰਤੀ ਸਾਹਿਤ ਦੇ ਸਮਾਜਿਕ ਪੱਖ ਤੋਂ ਅਣਭਿੱਜ ਰਹਿਣ ਦਾ ਕਾਰਨ ਬਣ ਜਾਂਦੀ ਹੈ ਅਜਿਹੀ ਕਲਾ ਭਲੇ ਹੀ ਇੰਦਰਿਆਵੀ ਝਲਕਾਰਿਆਂ ਦਾ ਦਰਸ਼ਨ ਕਰਾਵੇ, ਪਰ ਇਸਦੀ ਹੋਂਦ ਜੀਵਨ ਦੀ ਚਿਤਰਕਾਰੀ ਕਰਕੇ ਹੀ ਕੋਈ ਸਾਰਥਕ ਬਿੰਬ ਸਿਰਜਦੀ ਹੈਵਾਸਤਵਿਕਤਾ ((Reality) ਜੀਵਨ ਦੀ ਉਪਯੋਗਤਾ (Utility) ਨਾਲ ਬੱਝੀ ਹੋਈ ਹੈਸੁਹਜਵਾਦ ਦਾ ਪੱਖ ਪੂਰਦਾ ਹੋਇਆ ਹਰਿਭਜਨ ਵਾਸਤਵਿਕ-ਉਪਯੋਗਤਾ ਦੇ ਧਾਰਨੀਆਂ ਨੂੰ ਸੁਹਜ ਦੇ ਵਿਰੁੱਧ ਬੇਪਰਤੀਤੀ ਦਾ ਮਤਾ ਦੱਸਦਾ ਹੈਉਪਯੋਗਤਾ ਦੇ ਮੱਤ ਅਨੁਸਾਰ ਜੀਵਨ ਵਿੱਚ ਲਾਭਦਾਇਕ ਕਰਮ ਉਹ ਹੈ ਜੋ ਖੁਸ਼ੀ ਵਿੱਚ ਇਜ਼ਾਫਾ ਕਰੇ ਅਤੇ ਗਮੀ ਨੂੰ ਘਟਾਵੇਇਸ ਕਰਮ ਦੇ ਸੁਹਜਵਾਦੀ ਪੱਖ ਨੂੰ ਜੀਵਨ ਦੇ ਪ੍ਰਤੀਕਰਮ ਤੋਂ ਪਹਿਚਾਣਿਆਂ ਜਾ ਸਕਦਾ ਹੈਕਾਵਿਤਾ (Poeticality) ਮਹਿਜ਼ ਉਪਯੋਗਤਾ-ਸੁਹਜ ਦੀ ਪਹਿਲ ਦੂਜ ਨੂੰ ਬਦਲਣ ਦਾ ਉੱਦਮ ਹੈਉਪਯੋਗੀ ਪੱਖ ਦੀ ਅਸਲੀਅਤ ਨੂੰ ਸੁਹਜਵਾਦੀ ਪੁੱਠ ਚਾੜ੍ਹ ਕੇ ਪੇਸ਼ ਕਰਨਾ ਕਵੀ ਦਾ ਵਿਆਪਿਕ ਕਰਤਵ ਹੈਜੀਵਨ ਦੇ ਕੁਹਜ ਨੂੰ ਸੁਹਜ ਵਿੱਚ ਰੰਗ ਕੇ ਪਾਠਕ ਦੇ ਧਿਆਨ ਗੋਚਰੇ ਲਿਆਉਣ ਦਾ ਕਰਤਵ ਵੀ ਕਵੀ ਨਿਭਾਉਂਦਾ ਹੈਸਿੱਧੇ ਜਾਂ ਅਸਿੱਧੇ ਤੌਰ ’ਤੇ ਕੁਹਜ ਵਿੱਚ ਜੀਵਨ ਦੇ ਉਹ ਸਾਰੇ ਪੱਖ ਆ ਜਾਂਦੇ ਹਨ ਜਿਨ੍ਹਾਂ ਕਰਕੇ ਪ੍ਰਗਤੀ, ਕ੍ਰਾਂਤੀ ਜਾਂ ਭ੍ਰਾਂਤੀ ਦਾ ਜਨਮ ਹੁੰਦਾ ਹੈਇਹ ਪੱਖ ਕੁਹਜ ਤੇ ਪ੍ਰਤੀਕਰਮ ਵਿੱਚੋਂ ਪੈਦਾ ਹੁੰਦੇ ਹਨਇਸ ਲਈ ਹਰਿਭਜਨ ਸੁਹਜਵਾਦ ਨੂੰ ਨਿੰਦਣ ਯੋਗ ਨਹੀਂ ਸਗੋਂ ਸਲਾਹੁਣ ਯੋਗ ਬਣਾ ਕੇ ਪੇਸ਼ ਕਰਦਾ ਹੈਉਸ ਦੀ ਇਸ ਦਲੀਲ ਨਾਲ ਮੇਰੀ ਸਹਿਮਤੀ ਹੈਖਾਸ ਕਰਕੇ ਸਮਾਜ ਦੀ ਅਯੋਕੀ ਸਥਿਤੀ ਨੂੰ, ਜੋ ਮਾਨਸਿਕ ਤੌਰ ’ਤੇ ਰੁੱਖੀ, ਓਪਰੀ ਤੇ ਅਕਾਊ ਹੋ ਚੁੱਕੀ ਹੈ, ਸੁਹਜਵਾਦੀ ਸਾਹਿਤ ਦੀ ਵਧੇਰੇ ਲੋੜ ਹੈਪ੍ਰਕਿਰਤੀ ਵੀ ਸੁਹਜ ਦਾ ਹੀ ਪ੍ਰਕਾਸ਼ ਹੈਜੇ ਪ੍ਰਕਿਰਤੀ ਸੁਹਜ ਦਾ ਪ੍ਰਕਾਸ਼ ਹੈ ਅਤੇ ਕਵਿਤਾ, ਬਕੌਲ ਅਰਸਤੂ, ਇਸਦੀ ਨਕਲ ਹੈ ਤਾਂ ਕਵਿਤਾ ਦਾ ਸੁਹਜਵਾਦੀ ਹੋਣਾ ਬੜਾ ਸੁਭਾਵਕ ਹੈਕੁਦਰਤ ਦੀ ਸੁਹੱਪਣ ਪ੍ਰਤੀ ਸਾਡਾ ਪ੍ਰਤੀਕਰਮ ਕਾਲਪਨਿਕ ਹੋਣ ਦੇ ਨਾਤੇ ਆਨੰਦਮਈ ਵੀ ਹੈਇਸ ਲਈ ਕਵਿਤਾ, ਕਲਪਨਾ ਦੀ ਆਨੰਦਮਈ ਕਲਾ ਹੈ ਜੋ ਜੀਵਨ ਵਿੱਚ ਸੁਹਜ ਪੈਦਾ ਕਰਦੀ ਹੈਇਤਿਹਾਸਿਕ ਤੌਰ ’ਤੇ ਹਰਿਭਜਨ ਦਾ ਸੁਹਜਵਾਦ ਬਹੁਤਾ ਵੱਖਰਾ ਨਹੀਂ, ਫਰਕ ਇਹ ਹੈ ਕਿ ਸੁਹਜਵਾਦ ਦੀ ਪ੍ਰੰਪਰਾਗਤ ਪਰਿਭਾਸ਼ਾ, ਸ਼ਬਦਾਂ ਦੇ ਸ੍ਰੋਦੀ ਪੱਖ ’ਤੇ ਹੀ ਕੇਂਦ੍ਰਿਤ ਨਹੀਂ, ਇਸ ਵਿੱਚ ਜੀਵਨ ਨੂੰ ਸੁਖਾਵਾਂ ਬਣਾਉਣ ਦੀ ਪ੍ਰਵਿਰਤੀ ਵੀ ਸ਼ਾਮਿਲ ਹੈ

ਮੇਰੀ ਕਵਿਤਾ ਵਿੱਚ ਸੁਹਜ

ਮੇਰੀ ਕਵਿਤਾ ਤੇ ਹਰਿਭਜਨ ਦੀ ਰੀਤੀਬੱਧ ਸ਼ੈਲੀ ਅਤੇ ਸ਼ਬਦ ਚੋਣ ਦਾ ਕਾਫੀ ਅਸਰ ਪਿਆਜਦ ਪ੍ਰੋ. ਮੋਹਨ ਸਿੰਘ ਨੇ ਪਹਿਲੀ ਵਾਰ ਮੇਰੀਆਂ ਕੁਝ ਕਵਿਤਾਵਾਂ “ਪੰਜ ਦਰਿਆ” ਵਿੱਚ ਛਾਪੀਆਂ ਸਨ ਤਾਂ ਅਤਰ ਸਿੰਘ ਨੇ ਅੰਗਰੇਜ਼ੀ ਵਿੱਚ ਮੇਰੇ ਬਾਰੇ ਇੱਕ ਸੰਖੇਪ ਜਿਹੀ ਟਿੱਪਣੀ ਕੀਤੀ ਸੀ: “Your poems portray mannerism.” ਉਦੋਂ ਮੈਂਨੂੰ Mannerism ਦੇ ਅਰਥ ਨਹੀਂ ਸਨ ਆਉਂਦੇ, ਪਰ ਇਸਦੀ ਧੁਨੀ ਬੜੀ ਚੰਗੀ ਲੱਗੀਕਿਆਸ ਕਰ ਲਿਆ ਕਿ ਬੜੀ ਤਾਰੀਫ ਕੀਤੀ ਹੋਈ ਹੈਕੁਝ ਦਿਨਾਂ ਬਾਅਦ ਹਰਿਭਜਨ ਨਾਲ ਮੁਲਾਕਾਤ ਹੋਈ ਤਾਂ ਮੈਂ ਚਾਈਂ ਚਾਈਂ ਉਸ ਨੂੰ ਦੱਸਿਆ ਕਿ ਅਤਰ ਸਿੰਘ ਅਨੁਸਾਰ ਮੇਰੀ ਕਵਿਤਾ ਵਿੱਚ “ਮੈਨਿਰਿਜ਼ਮ” ਹੈਹਰਿਭਜਨ ਨੇ ਕੇਵਲ ਇੰਨਾ ਕਿਹਾ, “ਅਤਰ ਸਿੰਘ ਨੂੰ ਜਦ ਕੋਈ ਅੰਗਰੇਜ਼ੀ ਦਾ ਨਵਾਂ ਸ਼ਬਦ ਭਾਉਂਦਾ ਹੈ ਤਾਂ ਉਹ ਪੰਜਾਬੀ ਕਵਿਤਾ ’ਤੇ ਢੁਕਾਅ ਦਿੰਦਾ ਹੈ।” ਹਰਿਭਜਨ ਦੇ ਕਹਿਣ ਦੇ ਲਹਿਜ਼ੇ ਤੋਂ ਪ੍ਰਤੀਤ ਹੋਇਆ ਕਿ ਉਸ ਨੂੰ ਜਾਂ ਤਾਂ ਅਤਰ ਸਿੰਘ ਨਾਲ ਕੋਈ ਚਿੜ ਸੀ ਜਾਂ “ਮੈਨਿਰਿਜ਼ਮ” ਬੁਰਾ ਸ਼ਬਦ ਸੀਸਾਹਿਤ ਅਧਿਅਨ ਤੋਂ ਪਤਾ ਲੱਗਾ ਕਿ ਕਵਿਤਾ ਵਿੱਚ ਮੈਨਿਰਿਜ਼ਮ ਇੱਕ ਪ੍ਰਕਾਰ ਦੀ ਸ਼ੈਲੀ ਹੈ ਜੋ ਵਿਚਾਰ ਨੂੰ ਮਿੱਠੇ ਅਤੇ ਸੁਰੀਲੇ ਸ਼ਬਦਾਂ ਰਾਹੀਂ ਪੇਸ਼ ਕਰਦੀ ਹੈਇਸ ਸ਼ੈਲੀ ਦਾ ਉਲਾਰੂ ਪੱਖ ਇਹ ਹੈ ਕਿ ਵਿਸ਼ੇ ਵਸਤੂ ਦਾ ਯਥਾਰਥਕ ਪੱਖ ਮੱਠਾ ਪੈ ਜਾਂਦਾ ਹੈ ਤੇ ਭਾਵਕਤਾ ਭਾਰੂ ਹੋ ਜਾਂਦੀ ਹੈਭਾਵੇਂ ਇਹ ਸ਼ੈਲੀ ਵਿਚਾਰ ਦੇ ਯਥਾਰਥਕ ਪੱਖ ਨੂੰ ਉਜਾਗਰ ਹੋਣ ਵਿੱਚ ਵਾਧਕ ਸਿੱਧ ਹੁੰਦੀ ਹੈ, ਪਰ ਇਸ ਨੂੰ ਅਪਨਾਉਣ ਲਈ ਬੌਧਿਕਤਾ ਅਤੇ ਸਿਆਣਪ (Intellect and sophistication) ਦੀ ਲੋੜ ਹੈਦੂਜੇ ਸ਼ਬਦਾਂ ਵਿੱਚ ਵਿਚਾਰ ਨੂੰ ਕਾਰਗਰ ਬਣਾਉਣ ਲਈ, ਸਰੋਦੀ ਸ਼ਬਦਾਂ ਦੀ ਚੋਣ ਅਤੇ ਸੁਰਬੱਧਤਾ ਲਈ ਬੌਧਿਕ ਕਲਾ ਕੌਸ਼ਿਲਤਾ ਲੋੜੀਂਦੀ ਹੈ ਅਜਿਹਾ ਉਹ ਸਾਹਿਤਕਾਰ ਹੀ ਕਰ ਸਕਦਾ ਹੈ ਜਿਸ ਪਾਸ ਸੁਰ ਦੀ ਸਮਝ ਹੋਵੇ, ਸ਼ਬਦਾਬਲੀ ਦਾ ਚੋਖਾ ਭੰਡਾਰ ਹੋਵੇ ਅਤੇ ਕਾਵਿ-ਕਲਾ ਦੀ ਸੂਝ ਹੋਵੇਹਰਿਭਜਨ ਇਨ੍ਹਾਂ ਪੱਖਾਂ ਵਿੱਚ ਮਾਹਿਰ ਸੀਉਸ ਦੇ ਸ਼ਬਦਾਂ ਦੀ ਜਾਦੂਗਰੀ ਦਾ ਪ੍ਰਭਾਵ ਕਈ ਨਵੇਂ ਤੇ ਪੁਰਾਣੇ ਕਵੀਆਂ ਉੱਤੇ ਪਿਆ

ਵਿਗਿਆਨਿਕ ਪਿੱਠਭੂਮੀ ਹੋਣ ਦੇ ਨਾਤੇ ਮੇਰੀ ਕਵਿਤਾ ਵਿੱਚੋਂ ਵਿਚਾਰ ਦੀ ਅਹਿਮੀਅਤ ਅਤੇ ਭਾਵ ਦੀ ਇਕਾਗਰਤਾ ਕਦੇ ਗ਼ੈਰਹਾਜ਼ਰ ਨਹੀਂ ਹੁੰਦੇ ਮੈਂਨੂੰ ਇਸ ਗੱਲ ਦਾ ਵੀ ਗਿਆਨ ਹੈ ਕਿ ਵਿਚਾਰ ਨੂੰ ਪਾਠਕ ਤਕ ਪਹੁੰਚਾਉਣ ਲਈ ਸ਼ਬਦਾਬਲੀ ਦਾ ਤਲਿਸਮ ਬਹੁਤ ਜ਼ਰੂਰੀ ਹੈਇਸ ਲਈ ਮੈਂ ਕਵਿਤਾਵਾਂ ਵਿੱਚ ਉਚੇਚ ਨਾਲ ਸੂਖਮ ਸ਼ਬਦ ਵਰਤਣ ਦੀ ਕੋਸ਼ਿਸ਼ ਕਰਦਾ ਹਾਂਕਈ ਵਾਰੀ ਇਹ ਉਚੇਚ ਸ਼ਬਦ ਅਡੰਬਰ ਬਣ ਜਾਣ ਦਾ ਖਦਸ਼ਾ ਸਹੇੜਦੀ ਹੈ

ਸੁਹਜਵਾਦ ਅਤੇ ਸ਼ਬਦ ਅਡੰਬਰ

ਕਵਿਤਾ ਵਿੱਚ ਸੁਹਜਵਾਦੀ ਸ਼ਬਦਾਂ ਦੀ ਭਰਮਾਰ, ਸ਼ਬਦ ਅਡੰਬਰ (Bombast) ਬਣ ਜਾਣ ਦਾ ਖਦਸ਼ਾ ਸਹੇੜਦੀ ਹੈਉਚੇਚ ਨਾਲ ਵਰਤੇ ਸੁਹਜਵਾਦੀ ਸ਼ਬਦ ਬੋਝਲ ਅਤੇ ਅਕਾਊ ਲੱਗਣ ਲੱਗ ਪੈਂਦੇ ਹਨਜਿਵੇਂ ਬਾਹਲਾ ਮਿੱਠਾ ਖਾਣ ਨਾਲ ਜੀ ਭਗਲ ਜਾਂਦਾ ਹੈ, ਉਸੇ ਤਰ੍ਹਾਂ ਸੁਹਜਵਾਦੀ ਸ਼ਬਦਾਂ ਦੀ ਬਹੁਤਾਤ ਅਲਕਾਣ ਪੈਦਾ ਕਰ ਸਕਦੀ ਹੈਪੰਜਾਬੀ ਦੇ ਕੁਝ ਆਲੋਚਕਾਂ ਵਲੋਂ ਹਰਿਭਜਨ ਦੀ ਕਵਿਤਾ ’ਤੇ ਸੁਹਜਵਾਦੀ ਸ਼ਬਦ ਅਡੰਬਰ ਦਾ ਅਰੋਪ ਲਗਦਾ ਰਿਹਾ ਹੈ ਇੱਕ ਵਾਰ ਮੈਂ ਇਸ ਵਿਸ਼ੇ ਤੇ ਹਰਿਭਜਨ ਨਾਲ ਮੱਥਾ ਡਾਹ ਬੈਠਾ

ਮੈਂ: ਮੈਂਨੂੰ ਇਉਂ ਮਹਿਸੂਸ ਹੁੰਦਾ ਕਿ ਤੇਰੇ ਸ਼ਬਦਾਂ ਦੀ ਚੋਣ ਅਤੇ ਚਿਣਤ ਐਨੀ ਸ਼ਕਤੀਸ਼ਾਲੀ ਹੈ ਕਿ ਪੜ੍ਹਨ-ਸੁਣਨ ਵਾਲਾ ਇਨ੍ਹਾਂ ਦੀ ਜਾਦੂਗਰੀ ਵਿੱਚ ਉਲਝ ਕੇ ਰਹਿ ਜਾਂਦਾ ਹੈ, ਵਿਸ਼ੇ ਦੀ ਮਹੱਤਤਾ ਅੱਖੋਂ ਪਰੋਖੇ ਹੋ ਜਾਂਦੀ ਹੈਇਸ ਲਈ ਤੇਰੇ ’ਤੇ ਸ਼ਬਦ ਅਡੰਬਰ ਦਾ ਦੋਸ਼ ਲਾਇਆ ਜਾਂਦਾ ਹੈ

ਹਰਿਭਜਨ: ਕੀ ਤੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾਂ, ਮੇਰੀ ਕਵਿਤਾ ਵਿੱਚ ਵਿਸ਼ਾ-ਵਸਤੂ ਨਹੀਂ ਹੁੰਦੇ?

ਮੈਂ: ਮੇਰੇ ਕਹਿਣ ਦਾ ਇਹ ਭਾਵ ਨਹੀਂ।

ਹਰਿਭਜਨ: (ਵਿੱਚੋਂ ਟੋਕਦਿਆਂ) ਜੇ ਮੇਰੀ ਸ਼ਬਦਾਵਲੀ ਵਿੱਚ ਰਸ ਹੈ ਤਾਂ ਹੀ ਸਰੋਤੇ ਪੜ੍ਹਦੇ ਸੁਣਦੇ ਹਨ, ਜੇ ਇਹ ਨਾ ਹੋਵੇ ਤਾਂ ਕਾਹਨੂੰ ਧਿਆਨ ਦੇਣਗੇ; ਪਾਠਕ ਗੱਲ ਨੂੰ ਸੁਣਨਗੇ ਤਾਂ ਹੀ ਸਮਝਣਗੇ

ਮੈਂ: ਤੇਤੋਂ ਪਹਿਲਾਂ ਭਾਈ ਵੀਰ ਸਿੰਘ ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਨੂੰ ਲੋਕ ਸ਼ੌਕ ਨਾਲ ਪੜ੍ਹਦੇ-ਸੁਣਦੇ ਸਨਉਹ ਵੀ ਸੂਖਮ ਸ਼ਬਦ ਵਰਤਦੇ ਸਨ, ਪਰ ਕਿਰਸ ਨਾਲਉਨ੍ਹਾਂ ਨੂੰ ਵਿਸ਼ੇ ਦੀ ਮਹੱਤਤਾ ਕਰਕੇ ਸਲਾਹਿਆ ਜਾਂਦਾ ਸੀ

ਹਰਿਭਜਨ: ਤੇਰੀ ਗੱਲ ਦਰੁਸਤ ਹੈ, ਪਰ ਕਿੰਨੇ ਕੁ ਲੋਕਾਂ ਨੂੰ ਉਨ੍ਹਾਂ ਦੀਆਂ ਨਜ਼ਮਾਂ ਮੂੰਹ ਜ਼ੁਬਾਨੀ ਯਾਦ ਹਨ?

ਮੈਂ: ਤੇਰੀ ਗੱਲ ਵਿੱਚ ਦਮ ਹੈ, ਪਰ ਵਿਸ਼ੇ ਦੀ ਪੁਖਤਗੀ ਤੋਂ ਵਗੈਰ ਸਾਹਿਤ ਸਮੇਂ ਦੀ ਗਰਦ ਹੇਠਾਂ ਗੁੰਮ ਗੁਆਚ ਜਾਂਦਾ ਹੈ

ਹਰਿਭਜਨ: ਕਵਿਤਾ ’ਤੇ ਇਹ ਗੱਲ ਬਹੁਤੀ ਨਹੀਂ ਢੁੱਕਦੀ, ਨਾਵਲ ਅਤੇ ਕਹਾਣੀ ਉੱਤੇ ਢੁੱਕਦੀ ਹੈਕਵਿਤਾ ਸਰਵਣੀ ਕਲਾ ਹੈ, ਕੰਨ-ਰਸ ਦੀ ਅਭਿਲਾਸ਼ੀਸ਼ਬਦਾਂ ਰਾਹੀਂ ਜੋ ਰਸ ਕਵਿਤਾ ਵਿੱਚ ਪੈਦਾ ਕੀਤਾ ਜਾਂਦਾ ਹੈ, ਉਹ ਵਾਰਤਕ ਰਾਹੀਂ ਪੈਦਾ ਕਰਨਾ ਮੁਸ਼ਕਿਲ ਹੈ

ਮੈਂ: ਰਚਨ-ਪ੍ਰਕਿਰਿਆ ਸਮੇਂ, ਵਿਸ਼ਾ ਪਹਿਲਾਂ ਕਿ ਰੂਪ ਪਹਿਲਾਂ ਉਜਾਗਰ ਹੁੰਦਾ ਹੈ?

ਹਰਿਭਜਨ: ਵਿਸ਼ਾ ਆਪਣਾ ਰੂਪ ਨਾਲ ਲੈ ਕੇ ਆਉਂਦਾ ਹੈ, ਉਸੇ ਤਰ੍ਹਾਂ ਜਿਵੇਂ ਪਾਣੀ ਦਾ ਵਹਾ ਆਪੇ ਰਾਹ ਬਣਾ ਲੈਂਦਾ ਹੈ

ਮੈਂ: ਤੇਰੀਆਂ ਕਈ ਕਵਿਤਾਵਾਂ ਦੇ ਵਿਸ਼ੇ ਮਿਥ ਕੇ ਉਚੇਚ ਨਾਲ ਕਿਸੇ ਖਾਸ ਰੂਪ ਵਿੱਚ ਢਾਲੇ ਹੋਏ ਹਨ ਜਿਵੇਂ, ਪੁਸਤਕ, “ਸੜਕ ਦੇ ਸਫ਼ੇ ਉੱਤੇ”, ਦੀਆਂ ਕਵਿਤਾਵਾਂਇਹ ਕਸਬ ਛੰਨੇ ਜਾਂ ਗਲਾਸ ਵਿੱਚ ਪਾਣੀ ਪਾਉਣ ਵਾਂਗ ਹੈ, ਅਰਥਾਤ, ਪਾਣੀ ਵਰਤਣ ਦਾ ਰੂਪ ਧਾਰ ਲੈਂਦਾ ਹੈ

ਹਰਿਭਜਨ: ਕੁਝ ਕਵਿਤਾਵਾਂ ਦੇ ਆਧਾਰ ’ਤੇ ਤੂੰ ਮੇਰੀ ਸਾਰੀ ਕਵਿਤਾ ਨੂੰ ਇੱਕੋ ਰੱਸੇ ਨਹੀਂ ਬੰਨ੍ਹ ਸਕਦਾਸਮੁੱਚੀ ਕਵਿਤਾ ਨੂੰ ਪੜ੍ਹਨ ਉਪਰੰਤ ਪਤਾ ਲੱਗੇਗਾ ਕਿ ਵਿਸ਼ੇ ਅਤੇ ਰੂਪ ਦਾ ਨਾਤਾ ਹੱਥ ਅਤੇ ਦਸਤਾਨੇ ਵਾਂਗ ਹੈਤੇਰੀ ਉਦਾਹਰਣ ਦੇ ਉੱਤਰ ਵਿੱਚ ਮੈਂ ਇਹ ਕਹਾਂਗਾ ਕਿ ਇਹ ਪਾਣੀ ਦੀ ਮਾਤਰਾ ਤੈਅ ਕਰਦੀ ਹੈ ਕਿ ਇਸ ਨੂੰ ਸਮਾਉਣ ਲਈ ਛੰਨਾ ਲੋੜੀਂਦਾ ਹੈ ਜਾਂ ਗਲਾਸ

ਉਸ ਦੇ ਇਸ ਉੱਤਰ ਨੇ ਮੈਂਨੂੰ ਨਿਰਉੱਤਰ ਕਰ ਦਿੱਤਾਨਾਲੇ ਮੈਂ ਗੱਲ ਨੂੰ ਬਹੁਤਾ ਲਮਕਾਉਣਾ ਵੀ ਨਹੀਂ ਸੀ ਚਾਹੁੰਦਾਇਸ ਬਹਿਸ ਤੋਂ ਬਾਅਦ ਹਰਿਭਜਨ ਨੇ ਮੈਂਨੂੰ ਵਡਿਆਉਣ ਜਾਂ ਪਿੱਛਾ ਛੜਾਉਣ ਲਈ ਕਿਹਾ, “ਤੇਰੀ ਆਲੋਚਨਾ ਦੀ ਸੂਝ-ਬੂਝ ਨਿੱਖਰ ਰਹੀ ਹੈ।” ਮੈਂ ਕਿਹਾ, “ਆਪ ਹੀ ਕੀ ਕਿਰਪਾ ਸੇ ਸਜੇ ਹਮ ਹਾਂ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2333)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਗੁਰੂਮੇਲ ਸਿੱਧੂ

ਡਾ. ਗੁਰੂਮੇਲ ਸਿੱਧੂ

Fresno, California, USA.
Email: (gurmel.sidhu@gmail.com)