LalCSirsivala7ਘਰ ਦਾ ਜੀਅ ਹੀ ਬਣ ਗਿਆ ਹੁਣ ਤਾਂ। ਬਹੁਤ ਸਿਆਣਾ ਤੇ ਜ਼ਿੰਮੇਵਾਰ ...
(20 ਜੂਨ 2020)

 

ਆਪਣੇ ਗੱਭਰੂ ਮੁੰਡੇ ਨੂੰ ਕਿਸੇ ਕੰਮ ਵਾਸਤੇ ਨਹੀਂ ਸਨ ਕਹਿੰਦੇ। ਮੈਂ ਕਈ ਵਾਰ ਵੇਖਿਆ ਕਿ ਜੇ ਉਹ ਕੰਮ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਅੱਗੋਂ ਟੋਕ ਦਿੰਦੇ, “ਰਹਿਣ ਦੇ, ਅਸੀਂ ਆਪੇ ਕਰਲਾਂਗੇ। ਸਰਜੂ ਤੇਰੇ ਬਿਨਾਂ।”

ਇੱਕ ਵਾਰ ਮੈਂ ਪੁੱਛਿਆ ਕਿ ਗੱਭਰੂ ਮੁੰਡਾ ਐ, ਤੁਸੀਂ ਇਹਦੀ ਐ ਬੇਇੱਜ਼ਤੀ ਕਰਦੇ ਓ ਸਭ ਦੇ ਸਾਹਮਣੇ? ਤਾਂ ਉਨ੍ਹਾਂ ਇਹ ਕਹਿ ਕੇ ਗੱਲ ਮੁਕਾ ਦਿੱਤੀ, “ਸਾਲਾ ਚੋਰ ਐ, ਪੈਸੇ ਚੁਰਾ ਕੇ ਨਸ਼ਾ ਪੱਤਾ ਕਰ ਲੈਂਦੈ। ਇਹਨੇ ਤਾਂ ਥੱਲੇ ਲਾ ’ਤੇ।”

ਮੈਂ ਸਲਾਹ ਦਿੱਤੀ ਕਿ ਇਸ ਨੂੰ ਕੋਈ ਜ਼ਿੰਮੇਵਾਰੀ ਦਿਉ। ਨਸ਼ੇ ਛੱਡਣ ਲਈ ਦਵਾਈ ਦਿਵਾਓ, ਕੌਂਸਲਿੰਗ ਕਰਵਾਉ ਤੇ ਸੁਧਰਨ ਦਾ ਇੱਕ ਮੌਕਾ ਦੇ ਕੇ ਤਾਂ ਵੇਖੋ। ਉਹ ਹੋਰ ਉੱਚੀ ਆਵਾਜ਼ ਵਿੱਚ ਬੋਲੇ, “ਜਿਹੜਾ ਵਿਗੜ ਗਿਆ, ਬੱਸ ਵਿਗੜ ਗਿਆ। ਨਸ਼ੇੜੀ ਤੇ ਚੋਰ ਵੀ ਕਦੀ ਸੁਧਰੇ ਨੇ? ਸਾਡੇ ਕਰਮ ਹੀ ਮਾੜੇ ਨੇ ਜੋ ਸਾਡੇ ਘਰ ਇਹ ਜੰਮਿਆ।” ਤੇ ਉਹ ਚੁੱਪ-ਚਾਪ ਅੰਦਰ ਚਲਾ ਗਿਆ।

ਮੈਂ ਉਸ ਗੱਭਰੂ ਦੇ ਭਵਿੱਖ ਅਤੇ ਮਾਪਿਆਂ ਦੇ ਦੁੱਖ ਵਿੱਚ ਗੁਆਚ ਗਿਆ। ਇੱਕ ਡੇਅਰੀ ਫਾਰਮ ’ਤੇ ਕੰਮ ਕਰਨ ਵਾਲੇ ਭਈਏ ਧਰਮਿੰਦਰ ਦੀ ਕਹਾਣੀ ਮੇਰੇ ਦਿਮਾਗ ਵਿੱਚ ਫਿਲਮ ਵਾਂਗ ਘੁੰਮਣ ਲੱਗੀ। ਪਸ਼ੂ ਪਾਲਣ ਵਿਭਾਗ ਵਿੱਚ ਵੈਟਨਰੀ ਇੰਸਪੈਕਟਰ ਵਜੋਂ ਸੇਵਾ ਨਿਭਾਉਂਦਿਆਂ ਇਲਾਜ, ਬਣਾਉਟੀ ਗਰਭਧਾਨ (ਏ.ਆਈ) ਅਤੇ ਵੈਕਸੀਨੇਸ਼ਨ ਵਰਗੇ ਕੰਮਾਂ ਵਾਸਤੇ ਅਕਸਰ ਫਾਰਮ ’ਤੇ ਜਾਣਾ ਤਾਂ ਉਹ ਪਹਿਲਾਂ ਹੀ ਸਾਬਣ, ਪਾਣੀ, ਰੱਸੀ ਤਿਆਰ ਅਤੇ ਪਸ਼ੂ ਨੂੰ ਸਾਫ ਜਗ੍ਹਾ ਬੰਨ੍ਹ ਕੇ ਰੱਖਦਾ। ਇਲਾਜ ਤੋਂ ਬਾਅਦ ਪ੍ਰਹੇਜ਼, ਖੁਰਾਕ ਬਾਰੇ ਪੂਰੀ ਜਾਣਕਾਰੀ ਲੈਂਦਾ। ਉਹ ਆਪਣੀ ਸਿਹਤ, ਫਰਜ਼ ਅਤੇ ਪਰਿਵਾਰਕ ਲੋੜਾਂ ਪ੍ਰਤੀ ਵੀ ਬਹੁਤ ਸੰਜੀਦਾ ਗੱਲਾਂ ਕਰਦਾ ਤੇ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਸੀ।

ਇੱਕ ਵਾਰ ਡੇਅਰੀ ਮਾਲਕ ਤੋਂ ਮੈਂ ਧਰਮਿੰਦਰ ਬਾਰੇ ਜਾਣਨਾ ਚਾਹਿਆ ਤਾਂ ਉਸਨੇ ਦੱਸਿਆ ਕਿ ਗਿਆਰਾਂ ਕੁ ਸਾਲ ਦਾ ਸੀ ਇਹ ਜਦੋਂ ਇਸਦਾ ਵੱਡਾ ਭਰਾ ਸੁਪਨੇ ਦਿਖਾ ਕੇ ਇਸ ਨੂੰ ਪੰਜਾਬ ਲੈ ਆਇਆ। ਇਹ ਹੁਸ਼ਿਆਰ ਛੋਟਾ ਹੁੰਦਾ ਹੀ ਸੀ ਤੇ ਮੇਰੇ ਸਹੁਰਿਆਂ ਨਾਲ ਕੰਮ ’ਤੇ ਲਾ ਦਿੱਤਾ। ਦੋਂਹ ਤਿੰਨਾਂ ਸਾਲਾਂ ਵਿੱਚ ਵੱਡਾ ਹੋ ਗਿਆ ਤੇ ਸਾਰੇ ਕੰਮ ਸਿੱਖ ਗਿਆ। ਫੇਰ ਇੱਕ ਵਾਰ ਪੂਰੇ ਸਾਲ ਦੀ ਤਨਖਾਹ ਅਡਵਾਂਸ ਲੈ ਕੇ ਰਾਤ ਨੂੰ ਤਿੱਤਰ ਹੋ ਗਿਆ। ਭਰਾ ਇਸਦਾ ਪਹਿਲਾ ਹੀ ਬਿਹਾਰ ਗਿਆ ਹੋਇਆ ਸੀ। ਉਸ ਨੂੰ ਇਸਦੇ ਭੱਜਣ ਦਾ ਬੜਾ ਦੁੱਖ ਲੱਗਾ। ਫਿਰ ਹੌਲੀ ਹੌਲੀ ਖੁਰਾ ਨਿੱਕਲਿਆ ਕਿ ਇਹ ਲੁਧਿਆਣੇ ਕਿਸੇ ਡੇਅਰੀ ਵਿੱਚ ਮਹੀਨੇ ਦੀ ਤਨਖਾਹ ’ਤੇ ਕੰਮ ਕਰ ਰਿਹਾ ਹੈ। ਬੱਸ ਫੇਰ ਕੀ ਸੀ, ਫੜ ਲਿਆ ਜਾਕੇ। ਮਹੀਨੇ ਦੇ ਪੈਸੇ ਡੇਅਰੀ ਵਾਲੇ ਨੂੰ ਦੇ ਕੇ ਘਰ ਲੈ ਆਂਦਾ। ਥੋੜ੍ਹਾ ਬਹੁਤਾ ਕੁੱਟਿਆ ਵੀ ਗਿਆ। ਪੈਸੇ ਦੇਣ ਨੂੰ ਇਹਦੇ ਕੋਲ ਨਹੀਂ ਸਨ ਤੇ ਸਹੁਰੇ ਇਸ ਬੇਇਤਬਾਰੇ ਨੂੰ ਕੰਮ ’ਤੇ ਰੱਖਣ ਤੋਂ ਜਵਾਬ ਦੇ ਗਏ। ਫੇਰ ਉਨ੍ਹਾਂ ਮੇਰੇ ਨਾਲ ਤੋਰ ਦਿੱਤਾ ਤੇ ਮੈਂ ਘਰ ਆ ਕੇ ਇਸਦੇ ਸੰਗਲ ਲਾ ਦਿੱਤਾ। ਰੋਟੀ ਪਾਣੀ ਦੇ ਦਿੰਦੇ, ਬਾਹਰ ਅੰਦਰ ਜਾਣ ਵੇਲੇ ਧਿਆਨ ਰੱਖਦੇ ਕਿ ਕਿਤੇ ਫੇਰ ਭੱਜ ਨਾ ਜਾਵੇ। ਤੇ ਫਿਰ ਇਹ ਇੱਕ ਦਿਨ ਬੋਲ ਪਿਆ, “ਸਰਦਾਰ ਜੀ, ਗਲਤੀ ਕਿਸ ਸੇ ਨਹੀਂ ਹੋਤੀ, ਮੁਜਰਿਮ ਕੋ ਸੁਧਰਨੇ ਕਾ ਏਕ ਮੌਕਾ ਤੋਂ ਮਿਲਣਾ ਚਾਹੀਏ, ਮੁਝੇ ਏਕ ਮੌਕਾ ਦੋ, ਆਪਕਾ ਕਾਮ ਕਰੂੰਗਾ ਅਰ ਵਾਅਦਾ ਕਰਤਾ ਹੂੰ ਕਿ ਸ਼ਿਕਾਇਤ ਕਾ ਮੌਕਾ ਨਹੀਂ ਦੂੰਗਾ।”

ਮੈਂਨੂੰ ਤਰਸ ਆ ਗਿਆ। ਮੈਂ ਸੰਗਲ ਖੋਲ੍ਹ ਦਿੱਤਾ ਤੇ ਕਿਹਾ, “ਪਹਿਲੇ ਪੈਸੇ ਛੱਡੇ, ਜਿੱਥੇ ਜਾਣਾ ਹੈ ਜਾ ਪਰ ਬੰਦਾ ਬਣਕੇ ਰਹੀਂ।”

“ਨਹੀਂ ਸਰਦਾਰ ਜੀ, ਆਪਕੇ ਜਹਾਂ ਹੀ ਕਾਮ ਕਰੂੰਗਾ। ਜੋ ਦੇਨਾ, ਦੇ ਦੇਨਾ, ਮੈਂ ਕਹੀਂ ਔਰ ਨਹੀਂ ਜਾਉਗਾ।”

ਉਹ ਦਿਨ ਤੇ ਆਹ ਦਿਨ, ਪੰਦਰਾਂ ਸਾਲ ਹੋ ਗਏ ਹਨ। ਚਾਰ ਵਜੇ ਉੱਠਦੈ, ਦਸ ਵਜੇ ਤਕ ਕੱਖ ਪਾ, ਧਾਰਾਂ ਕੱਢ, ਗੋਹਾ ਚੱਕ, ਪੱਠੇ ਲਿਆ ਸਾਰਾ ਕੰਮ ਨਿਬੇੜ ਕੇ ਵਾਲਾਂ ਨੂੰ ਤੇਲ ਲਾ ਲੈਂਦਾ ਹੈ। ਇਸੇ ਤਰ੍ਹਾਂ ਸ਼ਾਮ ਚਾਰ ਵਜੇ ਸ਼ਰੂ ਹੋ ਕੰਮ ਨਿਬੇੜ ਕੇ ਅੱਠ ਵਜੇ ਨਹਾ ਕੇ ਬੀ.ਬੀ.ਸੀ. ਦੀਆਂ ਖਬਰਾਂ ਸੁਣਦੈ। ... ਫੇਰ ਇੱਕ ਦਿਨ ਕਹਿੰਦਾ, “ਸਰਦਾਰ ਜੀ, ਦਸ ਵਜੇ ਸੇ ਚਾਰ ਵਜੇ ਤਕ ਵਿਹਲਾ ਰਹਿੰਤਾ ਹੂੰ, ਘਰ ਮੇਂ ਜ਼ਿਆਦਾ ਕਾਮ ਹੈ ਤੋ ਬੀਬੀ ਸੇ ਨਹੀਂ ਹੋਤਾ। ਆਪ ਮੁਝੇ ਇਸ ਕਾਮ ਕੇ ਅਲੱਗ ਸੇ ਪੈਸੇ ਦੇ ਦੇਣਾ, ਉਨਕੇ ਸਾਥ ਵੀ ਕਾਮ ਕਰਦੂੰਗਾ। ਮੈਂ ਤਾਂ ਟਾਲਦਾ ਸੀ ਪਰ ਇਹਨੇ ਪੰਦਰਾਂ ਸੌ ਵਿੱਚ ਝਾੜੂ-ਪੋਚਾ, ਸਾਫ-ਸਫਾਈ ਕਰਨ ਦਾ ਬੀਬੀ ਨਾਲ ਸੌਦਾ ਤੈਅ ਕਰ ਲਿਆ। ਮੇਰੀ ਪਤਨੀ ਤੇ ਬੀਬੀ ਨਸ਼ਿਆਂ ਤੋਂ ਨਫਰਤ ਕਰਦੇ ਹਨ ਤਾਂ ਘਰੇ ਕੰਮ ਕਰਨ ਤੋਂ ਪਹਿਲਾਂ ਜਰਦਾ, ਬੀੜੀ ਛੱਡ ਗਿਆ। ਖੁਸ਼ੀ ਦੇ ਮੌਕੇ, ਤਿੱਥ ਤਿਉਹਾਰ ਤੇ ਵਧਾਈਆਂ ਲੈ ਲੈਂਦਾ ਤੇ ਪੈਸੇ ਜੋੜਦਾ ਰਿਹਾ। ... ਬਿਹਾਰ ਘਰ ਬਣਾ ਲਿਆ, ਭੈਣ ਦੇ ਤੇ ਆਪਣੇ ਵਿਆਹ ਦਾ ਖਰਚਾ ਕੀਤਾ। ਥੋੜ੍ਹੀ ਜ਼ਮੀਨ ਵੀ ਲੈ ਲਈ ਉੱਥੇ। ਸੋਹਣਾ ਜੀਵਨ ਬਸਰ ਕਰ ਰਿਹਾ ਹੈ। ਘਰ ਕੰਮ ਵਾਸਤੇ ਜਿੰਨੇ ਵੀ ਪੈਸੇ ਐਡਵਾਂਸ ਮੰਗਦੈ, ਦੇ ਦਿੰਦੇ ਹਾਂ। ਘਰ ਦਾ ਜੀਅ ਹੀ ਬਣ ਗਿਆ ਹੁਣ ਤਾਂ। ਬਹੁਤ ਸਿਆਣਾ ਤੇ ਜ਼ਿੰਮੇਵਾਰ ਹੋ ਗਿਆ। ਇਸਦੇ ਸਿਰ ’ਤੇ ਮੈਂਨੂੰ ਫਿਕਰ ਕੋਈ ਨਹੀਂ। ਇਹ ਵੀ ਉਸ ਮੌਕੇ ਨੂੰ ਹਮੇਸ਼ਾ ਯਾਦ ਰੱਖਦੈ। ...”

ਕਹਾਣੀ ਦਾ ਅੰਤ ਹੁੰਦਿਆਂ ਮੇਰੇ ਖਿਆਲਾਂ ਵਿੱਚ ਉਸ ਪਰਿਵਾਰ ਵਰਗੇ ਅਨੇਕਾਂ ਹੀ ਮਾਪੇ ਆਉਣ ਲੱਗੇ, ਜਿਨ੍ਹਾਂ ਦੇ ਬੱਚੇ ਕਿਸੇ ਕਾਰਨ ਕੁਰਾਹੇ ਪੈ ਗਏ ਹਨ। ਮੈਂ ਸੋਚ ਰਿਹਾ ਸੀ ਕਿ ਮਿਲਿਆ ਤੇ ਸੰਭਾਲਿਆ ਇੱਕ ਮੌਕਾ ਕਿੰਨਾ ਕੁਝ ਬਦਲ ਦਿੰਦਾ ਹੈ। ਕੀ ਇਹ ਮੌਕਾ ਉਨ੍ਹਾਂ ਬੱਚਿਆਂ ਨੂੰ ਦਿੱਤਾ ਹੀ ਨਹੀਂ ਗਿਆ ਜਾਂ ਫਿਰ ਉਨ੍ਹਾਂ ਬੱਚਿਆਂ ਨੇ ਮੌਕਾ ਸੰਭਾਲਿਆ ਹੀ ਨਹੀਂ? ਭਾਵੇਂ ਕਾਰਨ ਕੋਈ ਵੀ ਹੋਵੇ, ਦੁੱਖ ਪਰਿਵਾਰ ਭੁਗਤਦੇ ਨੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2205) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਲਾਲ ਚੰਦ ਸਿਰਸੀਵਾਲਾ

ਲਾਲ ਚੰਦ ਸਿਰਸੀਵਾਲਾ

Phone: (91 - 98144 - 24896)
Email: (awasthilal@gmail.com)