GursharanSRandhawa7ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਸਮਾਂ ਪਾ ਕੇ ਇਹ ਮੁੰਡਾ ਮੇਰੇ ਲਈ ...
(6 ਮਈ 2020)

 

30 ਜੁਲਾਈ, 1984 ਨੂੰ ਮੈਂ ਰੁੜਕੀ ਯੂਨੀਵਰਸਿਟੀ ਵਿੱਚ ਅਧਿਆਪਕ ਦੇ ਤੌਰ ’ਤੇ ਨੌਕਰੀ ਸ਼ੁਰੂ ਕਰ ਲਈਰੁੜਕੀ ਸ਼ਹਿਰ ਉਦੋਂ ਉੱਤਰ ਪ੍ਰਦੇਸ਼ ਪ੍ਰਾਂਤ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਪੈਂਦਾ ਸੀਇਹ ਅਜੀਬ ਸਬੱਬ ਹੀ ਸੀ ਕਿ 1984 ਵਿੱਚ ਸ਼ੁਰੂ ਕੀਤੀ ਨੌਕਰੀ ਦੀ ਮੇਰੀ ਤਨਖ਼ਾਹ ਵੀ 1984 ਰੁਪਏ ਮਹੀਨਾ ਸੀਪੜ੍ਹਾਈ ਲਈ ਵਿਦੇਸ਼ ਜਾਣ ਵੇਲੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਲਏ ਉਧਾਰ ਪੈਸਿਆਂ ਦਾ ਬੋਝ ਮੇਰੇ ਸਿਰ ਉੱਪਰ ਸੀਆਰਥਿਕ ਤੰਗੀ, ਸਿਹਤ ਦੀਆਂ ਸਮੱਸਿਆਵਾਂ ਤੇ ਪੰਜਾਬ ਦੇ ਉਦੋਂ ਕਾਲੇ ਦੌਰ ਵਿੱਚੋਂ ਲੰਘਦੇ ਹੋਣ ਕਰਕੇ ਮੇਰਾ ਪੰਜਾਬ ਵਿੱਚ ਆਪਣੇ ਪਿੰਡ ਵੱਲ ਕਦੇ ਕਦੇ ਹੀ ਗੇੜਾ ਲਗਦਾਜਦ ਮਾਤਾ ਪਿਤਾ ਇੰਗਲੈਂਡ ਵਿੱਚ ਛੋਟੇ ਭਰਾ ਕੋਲ ਰਹਿਣ ਲਈ ਚਲੇ ਗਏ ਤਾਂ ਪਿੰਡ ਦੀ ਖਿੱਚ ਵੀ ਘਟ ਗਈਜਦ ਵੀ ਪੰਜਾਬ ਆਉਣਾ ਬੱਸ ਦੋ ਹੀ ਥਾਂਵਾਂ, ਇੱਕ ਭੈਣ ਦੇ ਘਰ ਲੁਧਿਆਣੇ ਤੇ ਦੂਜਾ ਕਪੂਰਥਲੇ ਕੋਲ ਗੁਰਦੁਆਰਾ ਸਤਿ ਕਰਤਾਰ ਸਾਹਿਬ, ਵਡਾਲਾ ਕਲਾਂ ਜਾ ਕੇ ਜਲਦੀ ਨਾਲ ਵਾਪਸ ਰੁੜਕੀ ਪਰਤ ਜਾਣਾਇਸ ਗੁਰਦੁਆਰੇ ਮੈਂ 1973 ਤੋਂ ਜਾ ਰਿਹਾ ਸਾਂਇੱਥੇ ਬਹੁਤ ਨੇਕ ਇਨਸਾਨ ਮੇਰੇ ਮਾਰਗ ਦਰਸ਼ਕ ਬਾਬਾ ਤਾਰਾ ਸਿੰਘ ਰੰਧਾਵਾ ਰਹਿੰਦੇ ਸਨ

ਗਰੀਬੀ ਕਾਰਨ ਇਹਨਾਂ ਦਿਨਾਂ ਵਿੱਚ ਮੇਰੇ ਕੋਲ ਥੋੜ੍ਹੇ ਜਿਹੇ ਹੀ ਵਸਤਰ ਸਨਜਦ ਵੀ ਕਿਤੇ ਜਾਣਾ ਹੁੰਦਾ ਤਾਂ ਇੱਕ ਨਿੱਕੇ ਜਿਹੇ ਕੱਪੜੇ ਦੇ ਝੋਲੇ ਵਿੱਚ ਆਪਣੇ ਤਿੰਨ ਚਾਰ ਵਸਤਰ ਪਾ ਲੈਂਦਾ

ਨਵੰਬਰ 1988, ਦਿਵਾਲੀ ਤੋਂ ਦੋ ਦਿਨ ਪਹਿਲਾਂ ਸਨਿੱਚਰਵਾਰ ਦੇ ਦਿਨ ਮੈਂ ਪੰਜਾਬ ਜਾਣ ਲਈ ਬੱਸ ਦੁਆਰਾ ਆਪਣਾ ਸਫਰ ਸ਼ੁਰੂ ਕੀਤਾਭੈਣ ਦੇ ਘਰ ਲੁਧਿਆਣੇ ਰਾਤ ਰੁਕਣ ਤੋਂ ਬਾਦ ਅਗਲੇ ਦਿਨ ਐਤਵਾਰ ਨੂੰ ਮੈਂ ਲੁਧਿਆਣੇ ਅੱਡੇ ਤੋਂ ਜਲੰਧਰ ਵਾਲੀ ਬੱਸ ਵਿੱਚ ਬੈਠ ਗਿਆਬੱਸ ਜਲਦੀ ਹੀ ਲੁਧਿਆਣੇ ਤੋਂ ਬਾਹਰ ਆ ਗਈ ਤੇ ਮੈਂ ਖੇਤਾਂ ਦੇ ਨਜ਼ਾਰੇ ਦਾ ਅਨੰਦ ਲੈਣ ਲੱਗਾਸੁਹਾਵਣਾ ਮੌਸਮ ਸੀਨਾ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਸਰਦੀਅਚਾਨਕ ਮੌਸਮ ਨੇ ਮਿਜ਼ਾਜ ਬਦਲਿਆਹਲਕੀ ਹਲਕੀ ਭੂਰ ਪੈਣ ਲੱਗ ਪਈ ਤੇ ਥੋੜ੍ਹੀ ਠੰਢ ਮਹਿਸੂਸ ਹੋਣ ਲੱਗੀਮੈਂ ਅਗਲੀ ਸੀਟ ਦੇ ਡੰਡੇ ’ਤੇ ਮੱਥਾ ਰੱਖ ਕੇ ਅੱਖਾਂ ਮੀਟ ਲਈਆਂ ਤੇ ਆਪਣੇ ਸਿਰਜਣਹਾਰ ਨੂੰ ਯਾਦ ਕਰਨ ਲੱਗ ਪਿਆਕਦੇ ਕਦੇ ਮੈਂ ਅੱਖਾਂ ਖੋਲ੍ਹ ਬਾਹਰ ਵੱਲ ਵੇਖ ਲੈਂਦਾਬੱਸ ਫਿਲੌਰ ਤੋਂ ਥੋੜ੍ਹੀ ਹੀ ਅੱਗੇ ਗਈ ਸੀ ਕਿ ਇੱਕ ਖੌਫ਼ਨਾਕ ਉੱਚੀ ਚੀਕ ਬੱਸ ਦੇ ਹੇਠੋਂ ਸੁਣਾਈ ਦਿੱਤੀ ਤੇ ਨਾਲ ਹੀ ਇੱਕ ਦਮ ਬਰੇਕਾਂ ਲੱਗਣ ਦੀ ਅਵਾਜ਼ ਆਈਅਚਾਨਕ ਲੱਗੇ ਝਟਕੇ ਤੋਂ ਸੰਭਲਦਿਆਂ ਹੋਇਆਂ ਮੈਂ ਅੱਖਾਂ ਖੋਲ੍ਹੀਆਂਬੱਸ ਦੇ ਰੁਕਦਿਆਂ ਹੀ ਚੀਕ ਵੀ ਇੱਕ ਦਮ ਸ਼ਾਂਤ ਹੋ ਗਈਪਰ ਉਸ ਚੀਕ ਨੇ ਮੈਂਨੂੰ ਪੂਰੀ ਤਰ੍ਹਾਂ ਹਿਲਾ ਦਿੱਤਾਇੰਨੀ ਭਿਆਨਕ ਚੀਕ ਮੈਂ ਜ਼ਿੰਦਗੀ ਵਿੱਚ ਕਦੇ ਨਹੀਂ ਸੀ ਸੁਣੀਮੈਂਨੂੰ ਲੱਗਿਆ ਕਿ ਕੋਈ ਬੱਸ ਹੇਠ ਆ ਕੇ ਮਰ ਗਿਆ ਤੇ ਉਹ ਖੌਫ਼ਨਾਕ ਚੀਕ ਮਰਨ ਵਾਲੇ ਦੀ ਆਖਰੀ ਚੀਕ ਹੈਮੈਂਨੂੰ ਜਾਪਿਆ ਕਿ ਇਹ ਚੀਕ ਹੁਣ ਮੈਂਨੂੰ ਸਾਰੀ ਜ਼ਿੰਦਗੀ ਪਰੇਸ਼ਾਨ ਕਰਦੀ ਰਹੇਗੀ

ਬੱਸ ਦੇ ਰੁਕਦਿਆਂ ਹੀ ਸਵਾਰੀਆਂ ਇੱਕ ਦਮ ਉੱਤਰਨੀਆਂ ਸ਼ੁਰੂ ਹੋ ਗਈਆਂ, ਇਹ ਦੇਖਣ ਲਈ ਕਿ ਕੀ ਹੋਇਆ ਹੈਮੈਂ ਸੋਚਿਆ ਕਿ ਮਰਨ ਵਾਲਾ ਤਾਂ ਮਰ ਗਿਆ, ਹੁਣ ਜਾ ਕੇ ਵੇਖ ਕੇ ਕੀ ਲੈਣਾਂ ਹੈ? ਮੈਂ ਆਪਣੀ ਸੀਟ ’ਤੇ ਹੀ ਬੈਠਾ ਰਿਹਾਕੁਝ ਨਿੱਕੇ ਨਿਆਣਿਆਂ ਵਾਲੀਆਂ ਔਰਤਾਂ ਵੀ ਬੱਸ ਵਿੱਚ ਹੀ ਬੈਠੀਆਂ ਰਹੀਆਂਅਚਾਨਕ ਇੱਕ ਆਦਮੀ ਬੱਸ ਦੇ ਅਗਲੇ ਦਰਵਾਜ਼ੇ ਤੋਂ ਅੰਦਰ ਆ ਕੇ ਕਹਿਣ ਲੱਗਾ, “ਕਿਸੇ ਕੋਲ ਪਾਣੀ ਹੈ?” ਕੋਈ ਨਹੀਂ ਬੋਲਿਆਕਿਸੇ ਕੋਲ ਵੀ ਪਾਣੀ ਨਹੀਂ ਸੀਉਦੋਂ ਪਾਣੀ ਦੀ ਬੋਤਲ ਨਾਲ ਲੈ ਕੇ ਤੁਰਨ ਦੀ ਨਾ ਹੀ ਜ਼ਰੂਰਤ ਸਮਝੀ ਜਾਂਦੀ ਸੀ ਤੇ ਨਾ ਹੀ ਇਹ ਰਿਵਾਜ ਸੀਸਰਦੀਆਂ ਵਿੱਚ ਤਾਂ ਕੋਈ ਵੀ ਪਾਣੀ ਨਾਲ ਲੈ ਕੇ ਨਹੀਂ ਸੀ ਤੁਰਦਾਮੈਂ ਇੱਕ ਦਮ ਉੱਚੀ ਅਵਾਜ਼ ਵਿੱਚ ਬੋਲਿਆ, “ਮੇਰੇ ਕੋਲ ਪਾਣੀ ਹੈ।” ਉਹਨੀਂ ਦਿਨੀਂ ਮੈਂ ਆਪਣੇ ਢਿੱਡ ਦੀ ਤਕਲੀਫ਼ ਕਰਕੇ ਰਸਤੇ ਦਾ ਪਾਣੀ ਨਹੀਂ ਸੀ ਪੀਂਦਾ ਤੇ ਇਸ ਲਈ ਸਫਰ ’ਤੇ ਤੁਰਨ ਲੱਗਿਆਂ ਇੱਕ ਬੋਤਲ ਪਾਣੀ ਦੀ ਭਰ ਕੇ ਆਪਣੇ ਨਾਲ ਰੱਖਣ ਵਾਲੇ ਝੋਲੇ ਵਿੱਚ ਪਾ ਲੈਂਦਾਮੈਂ ਉਸ ਆਦਮੀ ਨੂੰ ਪਾਣੀ ਦੀ ਬੋਤਲ ਫੜਾਉਣ ਲੱਗਾਫਿਰ ਸੋਚਿਆ ਕਿ ਜੇ ਇਹੋ ਜਿਹੇ ਹਾਲਾਤ ਬਣੇ ਹਨ ਕਿ ਸਾਰੀ ਬੱਸ ਵਿੱਚ ਸਿਰਫ ਮੇਰੇ ਕੋਲ ਹੀ ਪਾਣੀ ਹੈ ਤਾਂ ਮੈਂਨੂੰ ਆਪ ਜਾ ਕੇ ਆਪਣੇ ਹੱਥੀਂ ਜ਼ਖਮੀ ਨੂੰ ਪਾਣੀ ਦੇਣਾ ਚਾਹੀਦਾ ਹੈਇਹ ਸੋਚ ਮੈਂ ਛੇਤੀ ਨਾਲ ਪਾਣੀ ਦੀ ਬੋਤਲ ਲੈ ਕੇ ਬੱਸ ਵਿੱਚੋਂ ਉੱਤਰਿਆ ਤੇ ਭੀੜ ਨੂੰ ਪਰ੍ਹੇ ਕਰਦੇ ਹੋਏ ਅੱਗੇ ਵਧਿਆ

ਮੈਂ ਵੇਖਿਆ ਕਿ ਬੱਸ ਅੱਗੇ ਸੜਕ ਉੱਤੇ ਇੱਕ ਲਹੂ ਲੁਹਾਣ ਛੋਟੀ ਉਮਰ ਦਾ ਮੁੰਡਾ ਬੈਠਾ ਸੀਉਹਦੇ ਕੋਲ ਹੀ ਇੱਕ ਟੁੱਟਾ ਹੋਇਆ ਸਾਈਕਲ ਪਿਆ ਸੀਮੈਂ ਬੋਤਲ ਉੱਪਰਲੇ ਕੱਪ ਵਿੱਚ ਪਾਣੀ ਪਾ ਕੇ ਮੁੰਡੇ ਨੂੰ ਪੀਣ ਲਈ ਦਿੱਤਾਮੁੰਡੇ ਨੇ ਸਹਿਜ ਸਹਿਜ ਕੱਪ ਦਾ ਸਾਰਾ ਪਾਣੀ ਪੀ ਲਿਆਉਹਦੇ ਤੋਂ ਖਾਲੀ ਕੱਪ ਫੜਦਿਆਂ ਮੈਂਨੂੰ ਯਾਦ ਆਇਆ ਕਿ ਮੇਰੇ ਕੋਲ ਗੁਲੂਕੋਸ ਦੀ ਪੁੜੀ ਵੀ ਹੈਮੈਂ ਕੱਪ ਵਿੱਚ ਪਾਣੀ ਪਾ ਤੇ ਉਸ ਵਿੱਚ ਗੁਲੂਕੋਸ ਘੋਲ ਕੇ ਮੁੰਡੇ ਨੂੰ ਪੀਣ ਲਈ ਦਿੱਤਾਗੁਲੂਕੋਸ ਵਾਲਾ ਪਾਣੀ ਪੀਣ ਤੋਂ ਬਾਦ ਮੁੰਡੇ ਦੇ ਚਿਹਰੇ ’ਤੇ ਕੁਝ ਰਾਹਤ ਮਹਿਸੂਸ ਹੋਈਫਿਰ ਉਸ ਮੁੰਡੇ ਨੇ ਦੱਸਿਆ, “ਮੇਰਾ ਨਾਂ ਜਸਪਾਲ ਸਿੰਘ ਹੈਮੇਰੀ ਉਮਰ 14 ਸਾਲ ਹੈਮੈਂ ਆਪਣੇ ਹਮ-ਉਮਰ ਦੋਸਤ ਨੂੰ ਕੈਰੀਅਰ ’ਤੇ ਬਿਠਾ ਸੜਕ ਦੇ ਕਿਨਾਰੇ ਖੱਬੇ ਪਾਸੇ ਸਾਈਕਲ ’ਤੇ ਜਾ ਰਿਹਾ ਸੀਅਚਾਨਕ ਬੱਸ ਨੇ ਸਾਨੂੰ ਟੱਕਰ ਮਾਰੀਸ਼ਾਇਦ ਡਰਾਈਵਰ ਨੂੰ ਨੀਂਦ ਆ ਗਈ ਜਾਂ ਬੱਸ ਵਿੱਚ ਕੋਈ ਨੁਕਸ ਪੈ ਗਿਆਸਾਈਕਲ ਪਿੱਛੇ ਬੈਠਾ ਮੇਰਾ ਦੋਸਤ ਟੱਕਰ ਨਾਲ ਬਾਹਰ ਵੱਲ ਡਿਗ ਪਿਆ ਤੇ ਮੈਂ ਬੱਸ ਦੇ ਦੋਹਾਂ ਟਾਇਰਾਂ ਵਿਚਕਾਰਮੈਂ ਸਾਈਕਲ ਸਮੇਤ ਬੱਸ ਦੇ ਹੇਠਾਂ ਕਿਤੇ ਫਸ ਗਿਆ ਤੇ ਕੁਝ ਦੂਰੀ ਤਕ ਬੱਸ ਨਾਲ ਘੜੀਸ ਹੁੰਦਾ ਰਿਹਾਜਦ ਤਕ ਬੱਸ ਦੀ ਬਰੇਕ ਲੱਗੀ, ਮੇਰਾ ਸਰੀਰ ਬੁਰੀ ਤਰ੍ਹਾਂ ਰਗੜਿਆ ਗਿਆਬੱਸ ਰੁਕਣ ’ਤੇ ਕੁਝ ਸਵਾਰੀਆਂ ਨੇ ਮੈਂਨੂੰ ਬੱਸ ਦੇ ਹੇਠੋਂ ਕੱਢਿਆ।”

ਕੰਡਕਟਰ ਨੇ ਉਹਨਾਂ ਮੁੰਡਿਆਂ ਦੇ ਟੁੱਟੇ ਸਾਈਕਲ ਨੂੰ ਬੱਸ ਦੀ ਛੱਤ ਉੱਪਰ ਰੱਖ ਦਿੱਤਾ ਤੇ ਉਹਨਾਂ ਦੋਹਾਂ ਨੂੰ ਬੱਸ ਵਿੱਚ ਪਹਿਲੀ ਸੀਟ ’ਤੇ ਬਿਠਾ ਲਿਆਮੈਂ ਵੀ ਉਹਨਾਂ ਮੁੰਡਿਆਂ ਦੇ ਨਾਲ ਹੀ ਬੈਠ ਗਿਆਮੈਂ ਦੇਖਿਆ ਕਿ ਜਸਪਾਲ ਦੇ ਕੱਪੜੇ ਫਟ ਚੁੱਕੇ ਸਨ ਤੇ ਉਹ ਠੰਢ ਅਤੇ ਡਰ ਨਾਲ ਕੰਬ ਰਿਹਾ ਸੀਮੈਂ ਝੋਲੇ ਵਿੱਚੋਂ ਆਪਣਾ ਕੁੜਤਾ ਪਜਾਮਾ ਕੱਢ ਕੇ ਉਹਦੇ ਪਹਿਨਾ ਦਿੱਤਾਜਸਪਾਲ ਅਜੇ ਵੀ ਕੰਬ ਰਿਹਾ ਸੀਮੈਂ ਆਪਣੀ ਟ੍ਰੈਕ ਸੂਟ ਵਾਲੀ ਲਾਲ ਜੈਕਟ ਕੱਢੀ ਤੇ ਜਸਪਾਲ ਦੇ ਪੁਆ ਦਿੱਤੀਹੁਣ ਉਹਦੀ ਕੰਬਣੀ ਕੁਝ ਘਟ ਗਈਜਸਪਾਲ ਨੇ ਦੱਸਿਆ, “ਮੈਂ ਤੇ ਮੇਰਾ ਦੋਸਤ ਫਿਲੌਰ ਤੋਂ ਕੋਈ 16 ਕੁ ਕਿਲੋਮੀਟਰ ਦੂਰ ਇੱਕ ਪਿੰਡ ਤੋਂ ਹਾਂਅਸੀਂ ਆਪਣੇ ਘਰਾਂ ਦੀ ਗਰੀਬੀ ਕਾਰਨ ਫਿਲੌਰ ਇੱਕ ਕਾਰਖ਼ਾਨੇ ਵਿੱਚ ਕੰਮ ਕਰਦੇ ਹਾਂਅੱਜ ਜਦ ਅਸੀਂ ਪਿੰਡ ਤੋਂ ਫਿਲੌਰ ਪਹੁੰਚੇ ਤਾਂ ਪਤਾ ਲੱਗਾ ਕਿ ਸਭ ਕਾਰਖ਼ਾਨਿਆਂ ਵਿੱਚ ਅਚਾਨਕ ਛੁੱਟੀ ਹੋ ਗਈ ਹੈ ਤੇ ਅਸੀਂ ਕਿਸੇ ਦੋਸਤ ਨੂੰ ਮਿਲਣ ਲਈ ਤੁਰ ਪਏ।”

ਪੰਜਾਬ ਉਦੋਂ ਕਾਲੇ ਦਿਨਾਂ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਤੇ ਕਿਸੇ ਵੱਡੀ ਵਾਰਦਾਤ ਤੋਂ ਬਾਦ ਇੱਦਾਂ ਕਈ ਵਾਰ ਹੋ ਜਾਂਦਾ ਸੀ

ਇੱਕ ਚਾਲੀ ਕੁ ਸਾਲ ਦੀ ਔਰਤ ਜਸਪਾਲ ਕੋਲ ਆਈਉਹਨੇ ਜਸਪਾਲ ਦਾ ਮਿੱਟੀ ਨਾਲ ਲਿੱਬੜਿਆ ਮੱਥਾ ਪੂੰਝਿਆ ਤੇ ਉਹਦੀ ਜੇਬ ਵਿੱਚ ਕੁਝ ਰੁਪਏ ਪਾ ਦਿੱਤੇਫਿਰ ਦੋ ਤਿੰਨ ਜਣੇ ਹੋਰ ਆਏ ਤੇ ਉਹਨਾਂ ਨੇ ਵੀ ਵਾਰੀ ਵਾਰੀ ਜਸਪਾਲ ਦੀ ਜੇਬ ਵਿੱਚ ਕੁਝ ਰੁਪਏ ਪਾ ਦਿੱਤੇ

ਅਗਲੇ ਸ਼ਹਿਰ ਗੁਰਾਇਆਂ ਪਹੁੰਚ ਕੇ ਡਰਾਈਵਰ ਨੇ ਬੱਸ ਰੋਕੀ ਤੇ ਦੋਹਾਂ ਜ਼ਖਮੀ ਮੁੰਡਿਆਂ ਨੂੰ ਬੱਸ ਤੋਂ ਉਤਾਰ ਦਿੱਤਾਉਹਨਾਂ ਦਾ ਟੁੱਟਾ ਸਾਈਕਲ ਵੀ ਬੱਸ ਦੀ ਛੱਤ ਤੋਂ ਲਾਹ ਕੇ ਸੜਕ ਕਿਨਾਰੇ ਰੱਖ ਦਿੱਤਾਮੈਂ ਵੀ ਮੁੰਡਿਆਂ ਦੇ ਨਾਲ ਹੀ ਬੱਸ ਤੋਂ ਹੇਠਾਂ ਉੱਤਰ ਆਇਆਕੰਡਕਟਰ ਨੇ ਜਸਪਾਲ ਨੂੰ ਦਸ ਰੁਪਏ ਦਾ ਨੋਟ ਦਿੱਤਾ ਤੇ ਬੱਸ ਦੇ ਚੱਲਣ ਲਈ ਸੀਟੀ ਮਾਰ ਦਿੱਤੀਜਸਪਾਲ ਰੋਣ ਲੱਗ ਪਿਆ ਤੇ ਰੋਂਦੇ ਹੋਏ ਉਸਨੇ ਕਿਹਾ, “ਸਾਡੇ ਸੱਟਾਂ ਲੱਗੀਆਂ, ਸਾਡਾ ਸਾਈਕਲ ਵੀ ਟੁੱਟ ਗਿਆ, ਸਾਡੇ ਕੋਲ ਪੈਸੇ ਵੀ ਨਹੀਂ, ਅਸੀਂ ਇਹ ਦਸ ਰੁਪਏ ਨਾਲ ਕੀ ਕਰਾਂਗੇ?”

ਮੈਂ ਵੀ ਕਿਹਾ ਕਿ ਇਹਨਾਂ ਦਸ ਰੁਪਇਆਂ ਨਾਲ ਤਾਂ ਇਹਨਾਂ ਦੇ ਪੱਟੀਆਂ ਵੀ ਨਹੀਂ ਹੋ ਸਕਣੀਆਂਕੰਡਕਟਰ ਨੇ ਆਪਣੇ ਝੋਲੇ ਵਿੱਚੋਂ 60 ਕੁ ਰੁਪਏ ਹੋਰ ਕੱਢ ਕੇ ਜਸਪਾਲ ਨੂੰ ਦਿੱਤੇ ਤੇ ਕਿਹਾ, “ਮੇਰੇ ਕੋਲ ਬੱਸ ਇੰਨੇ ਹੀ ਹਨ।”

ਮੈਂ ਆਪਣੇ ਆਪ ਨੂੰ ਕਿਹਾ, “ਮੈਂ ਗੁਰਦੁਆਰੇ ਜਾ ਰਿਹਾਂ, ਜਿੱਥੇ ਗੁਰੂ ਦਾ ਉਪਦੇਸ਼ ਮਿਲਦਾ ਹੈ ਕਿ ਦੁੱਖਾਂ ਵਿੱਚ ਘਿਰੇ ਜੀਵਾਂ ਦੀ ਮਦਦ ਕਰੋ।” ਮੈਂਨੂੰ ਜਾਪਿਆ ਜਿਵੇਂ ਗੁਰੂ ਨਾਨਕ ਮੈਂਨੂੰ ਕਹਿ ਰਹੇ ਹੋਣ ਕਿ ਤੂੰ ਇਹਨਾਂ ਜ਼ਖਮੀ ਬੱਚਿਆਂ ਦੀ ਦੇਖ ਭਾਲ ਕਰ ਤੇ ਉੱਥੇ ਗੁਰਦੁਆਰੇ ਤੇਰੀ ਹਾਜ਼ਰੀ ਲੱਗ ਜਾਵੇਗੀਮੈਂ ਕੰਡਕਟਰ ਨੂੰ ਕਿਹਾ, “ਭਾਈ ਸਾਹਿਬ, ਤੁਸੀਂ ਬੱਸ ਲੈ ਜਾਓ, ਮੈਂ ਇਹਨਾਂ ਮੁੰਡਿਆਂ ਦੀ ਪੱਟੀ ਕਰਾ ਕੇ ਅਗਲੀ ਬੱਸ ਵਿੱਚ ਆ ਜਾਵਾਂਗਾ।”

ਕੰਡਕਟਰ ਨੇ ਸੀਟੀ ਮਾਰੀ ਤੇ ਡਰਾਈਵਰ ਨੇ ਬੱਸ ਤੋਰ ਲਈਮੈਂ ਦੂਰ ਜਾਂਦੀ ਬੱਸ ਨੂੰ ਕਾਫ਼ੀ ਦੇਰ ਤਕ ਦੇਖਦਾ ਰਿਹਾਫਿਰ ਮੈਂ ਟੁੱਟੇ ਸਾਈਕਲ ਨੂੰ ਇੱਕ ਦੁਕਾਨ ’ਤੇ ਰਖਵਾ ਦਿੱਤਾ ਤੇ ਦੋਹਾਂ ਮੁੰਡਿਆਂ ਨੂੰ ਇੱਕ ਰਿਕਸ਼ੇ ਵਿੱਚ ਬਿਠਾ ਕੇ ਕਿਸੇ ਡਾਕਟਰ ਦੀ ਤਲਾਸ਼ ਕਰਨ ਲੱਗਾਜਲਦੀ ਹੀ ਇੱਕ ਕਲੀਨਿਕ ਨਜ਼ਰੀਂ ਪਈਉਸ ਕਲੀਨਿਕ ਵਿੱਚ ਮੈਂ ਦੋਹਾਂ ਮੁੰਡਿਆਂ ਦੇ ਮਰਹਮ ਪੱਟੀ ਕਰਵਾਈ ਤੇ ਟੈਟਨਸ ਦੇ ਟੀਕੇ ਵੀ ਲਗਵਾਏਜਦੋਂ ਕੁਲ ਖ਼ਰਚਾ ਤੀਹ ਕੁ ਰੁਪਏ ਦੱਸਿਆ ਗਿਆ ਤਾਂ ਮੈਂਨੂੰ ਰਾਹਤ ਮਹਿਸੂਸ ਹੋਈ ਕਿਉਂਕਿ ਮੇਰੀ ਜੇਬ ਵਿੱਚ ਡੇਢ ਕੁ ਸੌ ਰੁਪਏ ਹੀ ਸਨਕਲੀਨਿਕ ਵਿੱਚ ਡਾਕਟਰ ਸਾਹਿਬ ਨੂੰ ਪੈਸੇ ਦੇ ਕੇ ਤੇ ਧੰਨਵਾਦ ਕਰਕੇ ਮੈਂ ਫਿਰ ਮੁੰਡਿਆਂ ਨੂੰ ਰਿਕਸ਼ੇ ਵਿੱਚ ਬਿਠਾ ਕੇ ਵਾਪਸ ਸਾਈਕਲ ਵਾਲੀ ਥਾਂ ’ਤੇ ਲੈ ਆਇਆਨੇੜੇ ਹੀ ਇੱਕ ਟੈਂਪੂ ਸਟੈਂਡ ਸੀਉੱਥੋਂ ਪਤਾ ਲੱਗਾ ਕਿ ਟੈਂਪੂ ਸਿਰਫ 12 ਕੁ ਕਿਲੋਮੀਟਰ ਦੂਰ ਇੱਕ ਪਿੰਡ ਤਕ ਜਾਂਦੇ ਹਨ ਜਿੱਥੋਂ ਉਹਨਾਂ ਮੁੰਡਿਆਂ ਦਾ ਪਿੰਡ 3-4 ਕਿਲੋਮੀਟਰ ਹੋਰ ਅੱਗੇ ਸੀਮੈਂ ਕਈ ਟੈਂਪੂ ਵਾਲ਼ਿਆਂ ਨੂੰ ਕਿਹਾ ਕਿ ਆਖਰੀ ਚਾਰ ਕਿਲੋਮੀਟਰ ਦੇ ਮੈਂ ਸਾਲਮ ਟੈਂਪੂ ਦੇ ਪੈਸੇ ਦੇ ਦਿਆਂਗਾ, ਇਹਨਾਂ ਮੁੰਡਿਆਂ ਨੂੰ ਇਹਨਾਂ ਦੇ ਘਰ ਛੱਡ ਆਓਪਰ ਸਾਰਿਆਂ ਨੇ 200-250 ਰੁਪਇਆਂ ਦੀ ਮੰਗ ਕੀਤੀ ਪਰ ਮੇਰੇ ਕੋਲ ਇੰਨੇ ਪੈਸੇ ਹੈ ਹੀ ਨਹੀਂ ਸਨਅਖੀਰ ਇੱਕ ਟੈਂਪੂ ਵਾਲਾ 100 ਰੁਪਏ ਵਿੱਚ ਲਿਜਾਣਾ ਮੰਨ ਗਿਆਮੈਂ ਉਹਨਾਂ ਮੁੰਡਿਆਂ ਦਾ ਸਾਈਕਲ ਟੈਂਪੂ ਪਿੱਛੇ ਰਖਵਾਇਆ ਤੇ ਉਹਨਾਂ ਨੂੰ ਬਾਕੀ ਸਵਾਰੀਆਂ ਨਾਲ ਬਿਠਾ ਦਿੱਤਾਉਹਨਾਂ ਦੇ ਚਿਹਰਿਆਂ ’ਤੇ ਅਜੇ ਵੀ ਖੌਫ਼ ਝਲਕਦਾ ਸੀਜਸਪਾਲ ਨੇ ਮੈਂਨੂੰ ਕਿਹਾ, “ਭਾਅ ਜੀ, ਆਪਣਾ ਸਰਨਾਵਾਂ ਦੇ ਦਿਓ, ਮੈਂ ਤੁਹਾਡਾ ਕੁੜਤਾ ਪਜਾਮਾ ਮੋੜਨਾ ਹੈ।”

ਮੈਂ ਕਿਹਾ, “ਤੂੰ ਫਿਕਰ ਨਾ ਕਰ, ਮੈਂ ਤੇਰੇ ਪਿੰਡ ਆ ਕੇ ਆਪੇ ਹੀ ਲੈ ਲਵਾਂਗਾ।”

ਹੁਣ ਬੱਦਲ ਹਟ ਕੇ ਧੁੱਪ ਨਿੱਕਲ ਆਈ ਸੀ। ਜਦੋਂ ਮੈਂ ਮੁੰਡਿਆਂ ਕੋਲੋਂ ਵਿਦਾ ਹੋਣ ਲੱਗਾ ਤਾਂ ਜਸਪਾਲ ਕਹਿੰਦਾ, “ਭਾਅ ਜੀ, ਮਿਲਿਓ ਜ਼ਰੂਰ।”

ਜਸਪਾਲ ਦੀ ਆਵਾਜ਼ ਵਿੱਚ ਮੋਹ ਅਤੇ ਤਰਲਾ ਸੀਮੁੰਡਿਆਂ ਨੂੰ ਟੈਂਪੂ ਵਿੱਚ ਬਿਠਾ ਕੇ ਜਦ ਮੈਂ ਵਾਪਸ ਸੜਕ ’ਤੇ ਆਇਆ ਤਾਂ ਜਲਦੀ ਹੀ ਮੈਂਨੂੰ ਜਲੰਧਰ ਜਾਣ ਵਾਲੀ ਇੱਕ ਬੱਸ ਮਿਲ ਗਈਬੱਸ ਵਿੱਚ ਭੀੜ ਸੀ ਤੇ ਮੈਂਨੂੰ ਖੜ੍ਹੇ ਹੋ ਕੇ ਹੀ ਸਫਰ ਕਰਨਾ ਪਿਆਖੜ੍ਹੇ ਹੋ ਕੇ ਸਫਰ ਕਰਦਿਆਂ ਵੀ ਮੈਂਨੂੰ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੋ ਰਿਹਾ ਸੀਮੈਂ ਰੱਬ ਨੂੰ ਲਾਡ ਅਤੇ ਨਿਹੋਰੇ ਨਾਲ ਕਿਹਾ, “ਰੱਬਾ, ਪਹਿਲਾਂ ਤਾਂ ਮੇਰੇ ਤੋਂ ਇੰਨਾ ਵਧੀਆ ਕੰਮ ਕਰਵਾਇਆ ਤੇ ਹੁਣ ਬੱਸ ਵਿੱਚ ਮੈਂਨੂੰ ਖੜ੍ਹਾ ਕੀਤਾ ਹੋਇਆ।” ਰੱਬ ਨੇ ਮੇਰੇ ਮਨ ਹੀ ਮਨ ਵਿੱਚ ਕਹੇ ਬੋਲ ਤੁਰੰਤ ਸੁਣ ਲਏਫਗਵਾੜੇ ਪਹੁੰਚ ਕੇ ਕੁਝ ਸਵਾਰੀਆਂ ਉੱਤਰ ਗਈਆਂ ਤੇ ਮੈਂਨੂੰ ਸੀਟ ਮਿਲ ਗਈ ਮੈਂ ਬਹੁਤ ਥੱਕ ਚੁੱਕਿਆ ਸੀ, ਇਸ ਲਈ ਬਹੁਤ ਰਾਹਤ ਮਹਿਸੂਸ ਹੋਈ

ਜਦ ਮੈਂ ਆਪਣੀ ਮੰਜ਼ਲ ਯਾਨੀ ਕਿ ਗੁਰਦੁਆਰਾ ਸਤਿ ਕਰਤਾਰ ਸਾਹਿਬ ਪਹੁੰਚਾ ਤਾਂ ਅਰਦਾਸ ਹੋ ਚੁੱਕੀ ਸੀਮੈਂ ਬਾਬਾ ਤਾਰਾ ਸਿੰਘ ਰੰਧਾਵਾ ਜੀ ਨੂੰ ਸਾਰੀ ਘਟਨਾ ਸੁਣਾਈਬਾਬਾ ਜੀ ਨੇ ਕਿਹਾ, “ਤੂੰ ਬਹੁਤ ਚੰਗਾ ਕੀਤਾ, ਤੇਰੀ ਇੱਥੇ ਹਾਜ਼ਰੀ ਲੱਗ ਗਈ ਹੈ, ਗੁਰੂ ਦੀ ਸਿੱਖਿਆ ’ਤੇ ਅਮਲ ਗੁਰਦਵਾਰੇ ਜਾਣ ਦੇ ਬਰਾਬਰ ਹੀ ਹੁੰਦਾ ਹੈ।”

ਪੰਜਾਬ ਤੋਂ ਰੁੜਕੀ ਵਾਪਸ ਆ ਕੇ ਮੈਂ ਆਪਣੇ ਕਿੱਤੇ ਦੇ ਕੰਮਾਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਰੁੱਝ ਗਿਆਸਿਹਤ ਦੀਆਂ ਸਮੱਸਿਆਵਾਂ ਨਾਲ ਜੂਝਦਾ ਰਹਿੰਦਾ ਸੀ ਤੇ ਪੰਜਾਬ ਦੇ ਹਾਲਾਤ ਵੀ ਠੀਕ ਨਹੀਂ ਸਨਇਹਨਾਂ ਕਾਰਨਾਂ ਕਰਕੇ ਮੇਰੀਆਂ ਪੰਜਾਬ ਫੇਰੀਆਂ ਬਹੁਤ ਹੀ ਘੱਟ ਰਹੀਆਂਜਦੋਂ ਵੀ ਆਇਆ, ਬਹੁਤ ਥੋੜ੍ਹੇ ਸਮੇਂ ਲਈ ਆਇਆ ਤੇ ਹਰ ਵਾਰ ਜਸਪਾਲ ਦੇ ਪਿੰਡ ਜਾਣ ਦਾ ਸਮਾਂ ਨਾ ਕੱਢ ਸਕਿਆਮੈਂ ਉਹਦੇ ਨਾਲ ਕੋਈ ਸੰਪਰਕ ਵੀ ਨਾ ਕਰ ਸਕਿਆ

ਚੌਦਾਂ ਕੁ ਸਾਲ ਬਾਅਦ ਅਗਸਤ 2002 ਵਿੱਚ ਮੈਂ ਆਪਣੇ ਮਹਿਕਮੇ ਦੇ ਦੋਸਤ ਵੇਦ ਪਾਲ ਸਿੰਘ ਸੈਣੀ ਨਾਲ ਕਾਰ ਦੁਆਰਾ ਪੰਜਾਬ ਆਇਆਐਤਵਾਰ ਵਡਾਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਸੀਂ ਰੁੜਕੀ ਵਾਪਸ ਜਾਣ ਲਈ ਸਫਰ ਅਰੰਭ ਕੀਤਾਫਿਲੌਰ ਕੋਲੋਂ ਲੰਘਦਿਆਂ ਮੈਂ ਅਚਾਨਕ ਕਿਹਾ, “ਸੈਣੀ ਸਾਹਿਬ, 14 ਸਾਲ ਤੋਂ ਇੱਕ ਇਨਸਾਨ ਨੂੰ ਮਿਲਣ ਦੀ ਇੱਛਾ ਹੈ, ਪਰ ਇਹ ਇੱਛਾ ਪੂਰੀ ਨਹੀਂ ਕਰ ਸਕਿਆਜੇ ਆਗਿਆ ਹੋਵੇ ਤਾਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰੀਏ? ਉਹਦਾ ਪਿੰਡ ਕੋਈ 16 ਕੁ ਕਿਲੋਮੀਟਰ ਦੂਰ ਹੈ।”

ਮੇਰੇ ਦੋਸਤ ਨੇ ਹਾਮੀ ਭਰ ਦਿੱਤੀ ਤੇ ਅਸੀਂ ਪੁੱਛਦੇ ਪੁੱਛਦੇ ਅੱਧੇ ਕੁ ਘੰਟੇ ਵਿੱਚ ਜਸਪਾਲ ਦੇ ਘਰ ਪਹੁੰਚ ਗਏਉਹਦਾ ਘਰ ਪਿੰਡ ਤੋਂ ਪੰਜ ਸੌ ਮੀਟਰ ਪਹਿਲਾਂ ਹੀ ਇੱਕ ਖੇਤ ਵਿੱਚ ਸੀਘਰ ਦੇ ਬਾਹਰ ਚੌਦਾਂ ਸਾਲਾਂ ਦੇ ਮਾੜਕੂ ਤੇ ਸਹਿਮੇ ਹੋਏ ਮੁੰਡੇ ਦੀ ਥਾਂ ਅਠਾਈ ਸਾਲਾਂ ਦੇ ਭਰਵੇਂ ਜੁੱਸੇ ਵਾਲੇ ਹੌਸਲੇ ਦੇ ਭਰੇ ਆਦਮੀ ਨੂੰ ਦੇਖ ਮੈਂ ਹੈਰਾਨ ਹੋ ਗਿਆਇਹ ਮੈਂਨੂੰ ਉਹ ਜਸਪਾਲ ਨਹੀਂ ਸੀ ਲੱਗ ਰਿਹਾ ਜਿਹਨੂੰ ਚੌਦਾਂ ਸਾਲ ਪਹਿਲਾਂ ਮੈਂ ਮਿਲਿਆ ਸੀਮੈਂਨੂੰ ਲੱਗਿਆ ਕਿ ਮੈਂ ਗਲਤ ਘਰ ਆ ਗਿਆ ਹਾਂਫਿਰ ਜਸਪਾਲ ਦੀਆਂ ਗੱਲਾਂ ਸੁਣ ਮੈਂਨੂੰ ਹੌਲੀ ਹੌਲੀ ਯਕੀਨ ਆ ਗਿਆ ਕਿ ਇਹ ਉਹੋ ਜਸਪਾਲ ਹੀ ਹੈ

ਜਸਪਾਲ ਨੇ ਦੱਸਿਆ ਕਿ ਉਹ ਉਸ ਘਟਨਾ ਤੋਂ ਬਾਅਦ ਪੰਜ ਸਾਲ ਤਕ ਮੈਂਨੂੰ ਉਡੀਕਦਾ ਰਿਹਾ ਤੇ ਫਿਰ ਉਸਦੀ ਆਸ ਖਤਮ ਹੋ ਗਈ ਸੀਉਸਨੇ ਮੈਂਨੂੰ ਇਹਨਾਂ ਚੌਦਾਂ ਸਾਲਾਂ ਦੀਆਂ ਆਪਣੀ ਜ਼ਿੰਦਗੀ ਦੀਆਂ ਵੱਡੀਆਂ ਘਟਨਾਵਾਂ ਬਾਰੇ ਦੱਸਿਆਉਹਨੇ ਦੱਸਿਆ ਕਿ ਉਹਦੇ ਪਿਤਾ ਜੀ ਦੀ ਮੌਤ ਹੋ ਗਈ ਸੀ, ਫਿਰ ਉਸਦਾ ਵਿਆਹ ਹੋ ਗਿਆ ਤੇ ਹੁਣ ਉਹ ਦੋ ਪੁੱਤਰਾਂ ਦਾ ਬਾਪ ਹੈ ਮੇਰੇ ਪਹੁੰਚਣ ਵੇਲੇ ਉਸਦੀ ਮਾਂ, ਜੀਵਨ ਸਾਥਣ ਤੇ ਦੋਵੇਂ ਪੁੱਤ ਘਰ ਹੀ ਸਨਮੈਂਨੂੰ ਜਸਪਾਲ ਦੇ ਪਿਤਾ ਜੀ ਨੂੰ ਨਾ ਮਿਲ ਸਕਣ ਦਾ ਬਹੁਤ ਦੁੱਖ ਹੋਇਆ

ਅਸੀਂ ਥੋੜ੍ਹ ਸਮਾਂ ਹੀ ਜਸਪਾਲ ਦੇ ਘਰ ਰੁਕੇ ਕਿਉਂਕਿ ਰੁੜਕੀ ਤਕ ਦਾ ਲੰਮਾ ਸਫਰ ਕਰਨਾ ਸੀਜਸਪਾਲ ਦੇ ਮਾਤਾ ਜੀ ਨੇ ਕਿਹਾ ਕਿ ਦੁਪਹਿਰ ਦੀ ਰੋਟੀ ਖੁਆ ਕੇ ਹੀ ਭੇਜਾਂਗੇਉਨ੍ਹਾਂ ਬਹੁਤ ਜਲਦੀ ਵਿੱਚ ਸਾਦਾ ਭੋਜਨ ਤਿਆਰ ਕਰਕੇ ਸਾਨੂੰ ਦੇ ਦਿੱਤਾਕਾਹਲੀ ਵਿੱਚ ਤਿਆਰ ਕੀਤੇ ਉਸ ਭੋਜਨ ਨੂੰ ਖਾਂਦੇ ਹੋਏ ਜੋ ਅਨੰਦ ਮਿਲਿਆ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾਮੈਂਨੂੰ ਜਾਪਿਆ ਜਿਵੇਂ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਸਵਾਦਲਾ ਭੋਜਨ ਹੋਵੇਜਸਪਾਲ ਕੋਲ ਮੋਬਾਇਲ ਫ਼ੋਨ ਸੀਮੈਂ ਉਹਦਾ ਫ਼ੋਨ ਨੰਬਰ ਨੋਟ ਕੀਤਾ ਤੇ ਫਿਰ ਮਿਲਣ ਦਾ ਵਾਅਦਾ ਕਰਕੇ ਅਸੀਂ ਰੁੜਕੀ ਲਈ ਆਪਣਾ ਸਫਰ ਅਰੰਭ ਕਰ ਲਿਆ

ਰੁੜਕੀ ਵਾਪਸ ਆ ਕੇ ਮੈਂ ਫਿਰ ਆਪਣੇ ਕੰਮਾਂ ਕਾਰਾਂ ਵਿੱਚ ਰੁੱਝ ਗਿਆਭਾਵੇਂ ਕਿ ਕਦੇ ਕਦੇ ਮੈਂ ਜਸਪਾਲ ਨੂੰ ਫ਼ੋਨ ਕਰ ਲੈਂਦਾ ਪਰ ਉਹਦੇ ਪਿੰਡ ਪਹੁੰਚਣ ਲਈ ਫਿਰ 13 ਸਾਲ ਲੱਗ ਗਏਉਸ ਤੋਂ ਬਾਅਦ ਦੋ ਵਾਰ ਫਿਰ ਉਸ ਦੇ ਕੋਲ ਪਹੁੰਚਿਆਮੈਂ ਭਾਵੇਂ ਜਸਪਾਲ ਨੂੰ ਸਿਰਫ ਚਾਰ ਵਾਰੀ ਮਿਲਿਆ ਹਾਂ, ਪਰ ਇਹਨਾਂ ਮਿਲਣੀਆਂ ਨੇ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ ਹੈ

ਜਸਪਾਲ ਨੇ ਮੈਂਨੂੰ ਦੱਸਿਆ ਕਿ ਉਸ ਬੱਸ ਦੁਰਘਟਨਾ ਵਾਲੇ ਦਿਨ ਤੋਂ ਬਾਅਦ ਉਹਦੀ ਜ਼ਿੰਦਗੀ ਬਦਲ ਗਈ ਸੀਸੜਕ ਉੱਪਰ ਜਾਂਦਿਆਂ ਹੋਇਆਂ ਉਹਨੂੰ ਜੋ ਵੀ ਐਕਸੀਡੈਂਟ ਨਾਲ ਜ਼ਖਮੀ ਹੋਇਆ ਇਨਸਾਨ ਦਿਸਦਾ, ਉਹ ਆਪਣਾ ਕੰਮ ਭੁੱਲ ਕੇ ਜ਼ਖਮੀ ਨੂੰ ਸਾਂਭਣ ਲੱਗ ਜਾਂਦਾਇਹ ਉਹ ਸਮਾਂ ਸੀ ਜਦੋਂ ਸੜਕ ਦੁਰਘਟਨਾਵਾਂ ਵਿੱਚ ਜ਼ਖਮੀ ਹੋਇਆਂ ਨੂੰ ਰਾਹਗੀਰ ਚਾਹੁੰਦੇ ਹੋਏ ਵੀ ਹੱਥ ਨਹੀਂ ਸਨ ਲਾਉਂਦੇ, ਪੁਲਿਸ ਦੇ ਪ੍ਰੇਸ਼ਾਨ ਕਰਨ ਦੇ ਡਰ ਤੋਂਪਰ ਜਸਪਾਲ ਕਹਿੰਦਾ ਹੈ ਕਿ ਉਹ ਬਾਅਦ ਵਿੱਚ ਹੋਣ ਵਾਲੀ ਖੱਜਲ ਖੁਆਰੀ ਤੋਂ ਬਿਲਕੁਲ ਨਹੀਂ ਸੀ ਡਰਦਾਉਹਨੇ ਦੱਸਿਆ ਕਿ ਇੱਕ ਵਾਰੀ ਇੱਕ ਬੇਹੋਸ਼ ਆਦਮੀ ਨੂੰ ਉਹਨੇ ਹਸਪਤਾਲ ਪਹੁੰਚਾਇਆ ਤੇ ਉਸ ਆਦਮੀ ਨੂੰ ਤੀਸਰੇ ਦਿਨ ਹੋਸ਼ ਆਈਉਹਨੇ ਮੈਂਨੂੰ ਕਈ ਦੁਰਘਟਨਾਵਾਂ ਦੇ ਜ਼ਖਮੀਆਂ ਨੂੰ ਸਾਂਭਣ ਬਾਰੇ ਜਾਣਕਾਰੀ ਦਿੱਤੀਮੈਂ ਉਹਨੂੰ ਪੁੱਛਿਆ ਕਿ ਕਿੰਨੀਆਂ ਕੁ ਸੜਕ ਦੁਰਘਟਨਾਵਾਂ ਵਿੱਚ ਉਹ ਮਦਦ ਕਰ ਚੁੱਕਾ ਹੈ? ਜਸਪਾਲ ਨੇ ਕਿਹਾ ਕਿ ਉਹਨੂੰ ਯਾਦ ਨਹੀਂਜਦ ਮੈਂ ਅੰਦਾਜ਼ਾ ਲਾਉਣ ਲਈ ਕਿਹਾ ਤਾਂ ਉਸ ਕਿਹਾ ਕਿ ਇਹ ਗਿਣਤੀ 25 ਕੁ ਦੇ ਨੇੜੇ ਤੇੜੇ ਹੋਵੇਗੀ

ਜਸਪਾਲ ਪੜ੍ਹਿਆ ਲਿਖਿਆ ਨਹੀਂ ਹੈਘਰ ਦੀ ਗਰੀਬੀ ਅਤੇ ਮਜਬੂਰੀਆਂ ਕਰਕੇ ਉਹ ਸਕੂਲ ਸਿਰਫ ਤਿੰਨ ਸਾਲ ਹੀ ਜਾ ਸਕਿਆਜਸਪਾਲ ਨੇ ਮੈਂਨੂੰ ਦੱਸਿਆ ਕਿ ਜਦੋਂ ਵੀ ਉਹਨੂੰ ਟੈਲੀਵੀਜ਼ਨ ਤੋਂ ਪਤਾ ਲਗਦਾ ਹੈ ਕਿ ਸ਼ਹਿਰ ਦੇ ਕਿਸੇ ਹਸਪਤਾਲ ਵਿੱਚ ਉਸਦੇ ਬਲੱਡ ਗਰੁੱਪ ਵਾਲੇ ਕਿਸੇ ਮਰੀਜ਼ ਦੀ ਖੂਨ ਦੀ ਕਮੀ ਕਰਕੇ ਜਾਨ ਖ਼ਤਰੇ ਵਿੱਚ ਹੈ ਤਾਂ ਉਹ ਬੱਸ ਰਾਹੀਂ ਤੁਰੰਤ ਉੱਥੇ ਪਹੁੰਚ ਕੇ ਖੂਨ ਦਾਨ ਕਰਦਾ ਹੈਉਹ ਮਰੀਜ਼ ਦੇ ਰਿਸ਼ਤੇਦਾਰਾਂ ਤੋਂ ਕੁਝ ਨਹੀਂ ਲੈਂਦਾ, ਬੱਸ ਦਾ ਕਿਰਾਇਆ ਵੀ ਨਹੀਂਮੈਂ ਉਹਨੂੰ ਪੁੱਛਿਆ ਕਿ ਉਹ ਕਿੰਨੀ ਕੁ ਵਾਰੀ ਇਸ ਤਰ੍ਹਾਂ ਖੂਨ ਦਾਨ ਕਰ ਚੁੱਕਾ ਹੈ? ਜਸਪਾਲ ਦਾ ਜਵਾਬ ਸੀ ਕਿ ਉਹਨੇ ਕਦੇ ਵੀ ਗਿਣਤੀ ਯਾਦ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀਉਹਦੇ ਅੰਦਾਜ਼ੇ ਮੁਤਾਬਕ ਉਹਨੇ 100 ਤੋਂ ਵੱਧ ਵਾਰ ਖੂਨ ਦਾਨ ਕੀਤਾ ਹੋਵੇਗਾਜਸਪਾਲ ਨੇ ਮੈਂਨੂੰ ਇਹ ਵੀ ਦੱਸਿਆ ਕਿ ਉਹ ਕਿਸੇ ਨੂੰ ਵੀ ਇਹਦੇ ਬਾਰੇ ਨਹੀਂ ਦੱਸਦਾਇੱਥੋਂ ਤਕ ਕਿ ਉਹ ਘਰ ਆ ਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਇਹ ਜਾਣਕਾਰੀ ਨਹੀਂ ਦਿੰਦਾ

ਇਨਸਾਨਾਂ ਦੀ ਹੀ ਨਹੀਂ, ਜਸਪਾਲ ਦੂਜੇ ਜੀਵਾਂ ਦੀ ਵੀ ਔਖੀ ਘੜੀ ਵਿੱਚ ਮਦਦ ਕਰਦਾ ਹੈਪਿਛਲੀ ਮੁਲਾਕਾਤ ਵਿੱਚ ਉਸਨੇ ਦੱਸਿਆ ਕਿ ਇੱਕ ਦਿਨ ਉਹ ਇੱਕ ਘਰ ਕੋਲੋਂ ਲੰਘ ਰਿਹਾ ਸੀਉਹਨੇ ਦੇਖਿਆ ਕਿ ਘਰ ਨੂੰ ਅੱਗ ਲੱਗੀ ਸੀ ਤੇ ਘਰ ਦੇ ਸਾਰੇ ਜੀਅ ਦੌੜ ਕੇ ਬਾਹਰ ਆ ਗਏ ਸਨਪਸ਼ੂ ਸਾਰੇ ਅੰਦਰ ਸਨ ਪਰ ਅੱਗ ਤੇਜ਼ ਹੋ ਜਾਣ ਕਾਰਨ ਕਿਸੇ ਦਾ ਵੀ ਪਸ਼ੂਆਂ ਨੂੰ ਕੱਢਣ ਲਈ ਅੰਦਰ ਜਾਣ ਦਾ ਹੌਸਲਾ ਨਹੀਂ ਸੀ ਪੈ ਰਿਹਾਜਸਪਾਲ ਨੇ ਜਲਦੀ ਨਾਲ ਗਿੱਲਾ ਕੱਪੜਾ ਸਰੀਰ ’ਤੇ ਲਪੇਟ ਕੇ ਤੇ ਇੱਕ ਗਿੱਲਾ ਕੱਪੜਾ ਮੂੰਹ ਵਿੱਚ ਪਾ ਕੇ ਕੰਧ ਟੱਪ ਕੇ ਅੰਦਰ ਛਾਲ ਮਾਰ ਦਿੱਤੀਭਾਵੇਂ ਕਿ ਉਹਦਾ ਸਰੀਰ ਕੁਝ ਸੜ ਗਿਆ ਤੇ ਅੱਗ ਵਿੱਚ ਉਹਦੇ ਸੱਟ ਵੀ ਲੱਗੀ, ਪਰ ਉਹ ਸਾਰੇ ਪਸ਼ੂਆਂ ਨੂੰ ਅੱਗ ਤੋਂ ਬਾਹਰ ਕੱਢਣ ਵਿੱਚ ਸਫਲ ਹੋ ਗਿਆ

ਇੱਕ ਵਾਰ ਮੈਂ ਜਸਪਾਲ ਨੂੰ ਕਿਹਾ, “ਜਸਪਾਲ ਜੀ, ਤੁਸੀਂ ਮਨੁੱਖਤਾ ਦੀ ਮਹਾਨ ਸੇਵਾ ਕਰ ਰਹੇ ਹੋਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਂਨੂੰ ਤੁਹਾਡੇ ਨੇੜੇ ਹੋਣ ਦਾ ਮੌਕਾ ਮਿਲਿਆ।”

ਜਸਪਾਲ ਦਾ ਜਵਾਬ ਸੀ, “ਭਾਅ ਜੀ, ਤੁਸੀਂ ਹੀ ਮੈਂਨੂੰ ਇਸ ਰਸਤੇ ’ਤੇ ਤੋਰਿਆ ਸੀ।”

ਮੈਂ ਕਿਹਾ, “ਮੇਰੇ ਕੋਲੋਂ ਤਾਂ ਉਸ ਦਿਨ ਪਰਮਾਤਮਾ ਨੇ ਤੁਹਾਡੀ ਥੋੜ੍ਹੀ ਜਿਹੀ ਹੀ ਮਦਦ ਕਰਵਾਈ ਸੀ, ਪਰ ਤੁਸੀਂ ਤਾਂ ਆਪਣਾ ਸਾਰਾ ਜੀਵਨ ਹੀ ਸੇਵਾ ਲੇਖੇ ਲਗਾ ਦਿੱਤਾਇਹ ਤੁਹਾਡੀ ਮਹਾਨਤਾ ਹੈ ਕਿ ਤੁਸੀਂ ਮੈਂਨੂੰ ਇੰਨਾ ਮਾਣ ਦੇ ਰਹੇ ਹੋ।”

ਜਦੋਂ ਅਸੀਂ ਕਿਸੇ ਮੁਸੀਬਤ ਵਿੱਚ ਘਿਰੇ ਹੋਏ ਇਨਸਾਨ ਦੀ ਨਿਰ-ਸਵਾਰਥ ਮਦਦ ਕਰਦੇ ਹਾਂ ਤਾਂ ਉਸ ਸਮੇਂ ਅਸੀਂ ਉਸ ਇਨਸਾਨ ਵਿੱਚ ਸੇਵਾ ਦਾ ਬੀਜ ਪਾ ਰਹੇ ਹੁੰਦੇ ਹਾਂਇਹ ਬੀਜ ਕੁਝ ਸਮੇਂ ਬਾਅਦ ਵੱਡਾ ਦਰਖਤ ਬਣਦਾ ਹੈ ਜੋ ਕਿ ਅਨੇਕਾਂ ਜੀਵਾਂ ਨੂੰ ਸੁਖ ਦਿੰਦਾ ਹੈ

ਜਦੋਂ ਵੀ ਮੈਂਨੂੰ ਜਸਪਾਲ ਸਿੰਘ ਦੀ ਯਾਦ ਆਉਂਦੀ ਹੈ, ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਹਾਂਜਸਪਾਲ ਸਿੰਘ ਮੈਂਨੂੰ ਰੱਬ ਦਾ ਭੇਜਿਆ ਹੋਇਆ ਕੋਈ ਫ਼ਰਿਸ਼ਤਾ ਜਾਪਦਾ ਹੈਜਦੋਂ ਮੈਂ ਉਹਨੂੰ 1988 ਵਿੱਚ ਪਹਿਲੀ ਵਾਰ ਇੱਕ ਮਾੜਕੂ ਤੇ ਡਰੇ ਹੋਏ ਚੌਦਾਂ ਸਾਲ ਦੇ ਮੁੰਡੇ ਦੇ ਰੂਪ ਵਿੱਚ ਦੇਖਿਆ ਸੀ ਤਾਂ ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਸਮਾਂ ਪਾ ਕੇ ਇਹ ਮੁੰਡਾ ਮੇਰੇ ਲਈ ਇੱਕ ਬਹੁਤ ਹੀ ਸਤਿਕਾਰਤ ਮਹਾਂਪੁਰਖ ਬਣ ਜਾਵੇਗਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2109

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

 

About the Author

ਡਾ. ਗੁਰਸ਼ਰਨ ਸਿੰਘ ਰੰਧਾਵਾ

ਡਾ. ਗੁਰਸ਼ਰਨ ਸਿੰਘ ਰੰਧਾਵਾ

Phone: (91 - 98370 - 35099)
Email: (gursharnrandhawa@gmail.com)