ParamjitSandhu7

 “ਉਹ ਸਕੂਲ ਵਿੱਚ ਸ਼ਰਾਬ ਪੀ ਕੇ ਜਾਂਦਾ ਰਿਹਾ ਅਤੇ ਫਿਰ ਸਕੂਲ ਵਿੱਚੋਂ ਕੱਢ ...
(4 ਦਸੰਬਰ 2016)


ਕੈਨੇਡੀਅਨ ਬੱਚਿਆਂ ਦੇ ਨਸ਼ਿਆਂ ਵੱਲ ਵੱਧ ਰਹੇ ਰੁਝਾਨ ਵਾਰੇ ਇੱਕ ਰਿਪੋਰਟ ਆਈ ਹੈ
ਇਸ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਬੱਚੇ ਛੋਟੀ ਉਮਰ ਵਿੱਚ ਨਸ਼ੇ ਕਰਨੇ ਸ਼ੁਰੂ ਕਰ ਰਹੇ ਹਨ ਅਤੇ ਬੱਚਿਆਂ ਵਿੱਚ ਨਸ਼ਿਆਂ ਦੀ ਆਦਤ ਬਹੁਤ ਹੀ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਕੈਨੇਡਾ ਦੇ ਬੱਚਿਆਂ ਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ, ਪਹਿਲਾਂ ਪੰਜਾਬ ਤੋਂ ਆਈ ਇੱਕ ਖ਼ਬਰ ’ਤੇ ਝਾਤ ਮਾਰਦੇ ਹਾਂ। ਪੰਜਾਬ ਵਿੱਚ ਇੱਕ ਪਹਿਲੀ ਜਮਾਤ ਦਾ ਬੱਚਾ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕੀਤਾ ਗਿਆ ਹੈ। ਲੁਧਿਆਣਾ ਵਿੱਚ ਇੱਕ ਸੱਤ ਸਾਲ ਦੇ ਬੱਚੇ ਨੂੰ ਉਸਦੇ ਮਾਤਾ-ਪਿਤਾ ਵੱਲੋਂ ਨਸ਼ਾ ਛੁਡਾਉਣ ਦੇ ਲਈ ਸਿਵਲ ਹਸਪਤਾਲ ਵਿੱਚ ਬਣੇ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਮਾਸੂਮ ਚਰਸ ਨਾਲ ਭਰੀ ਸਿਗਰਟ ਅਤੇ ਫਲਿਊਡ ਵਰਗੇ ਨਸ਼ੇ ਖਾਣ ਦਾ ਆਦੀ ਹੋ ਚੁੱਕਾ ਹੈ। ਇਸ ਬੱਚੇ ਨੂੰ ਇਹ ਤੋਹਫਾ’ਕਿਸੇ ਬਾਹਰ ਵਾਲੇ ਨੇ ਨਹੀਂ, ਬਲਕਿ ਉਸਦੇ ਆਪਣੇ ਰਿਸ਼ਤੇਦਾਰਾਂ ਤੋਂ ਮਿਲਿਆ ਹੈ। ਬੀਤੇ ਇੱਕ ਹਫਤੇ ਤੋਂ ਬੱਚੇ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਕਿ ਬੱਚੇ ਨੂੰ ਇਸ ਸਥਿਤੀ ਵਿੱਚੋਂ ਬਾਹਰ ਆਉਣ ਵਿੱਚ ਘੱਟ ਤੋਂ ਘੱਟ ਇੱਕ ਸਾਲ ਦਾ ਸਮਾਂ ਲੱਗ ਸਕਦਾ ਹੈ।

ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸਦਾ ਬੇਟਾ ਪ੍ਰਾਈਵੇਟ ਸਕੂਲ ਵਿੱਚ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਬੀਤੇ ਦੋ ਮਹੀਨਿਆਂ ਤੋਂ ਉਸਦੇ ਵਿਵਹਾਰ ਵਿੱਚ ਕਾਫੀ ਬਦਲਾਅ ਹੋਇਆ ਸੀ। ਜਦੋਂ ਉਹ ਘਰ ਵਿੱਚ ਹੁੰਦਾ ਤਾਂ ਸਿਰਦਰਦ ਅਤੇ ਥਕਾਵਟ ਮਹਿਸੂਸ ਕਰਦਾ ਰਹਿੰਦਾ, ਪਰ ਜਦੋਂ ਉਹ ਘਰ ਦੇ ਬਾਹਰ ਜਾ ਕੇ ਵਾਪਸ ਆਉਂਦਾ ਤਾਂ ਬਿਲਕੁਲ ਠੀਕ ਹੁੰਦਾ। ਪਹਿਲਾਂ ਉਸਦੀ ਮਾਂ ਨੂੰ ਬੇਟੇ ਦੀ ਜੇਬ ਵਿੱਚੋਂ ਬੀੜੀ ਦਾ ਬੰਡਲ ਮਿਲਿਆ। ਫਿਰ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸਦਾ ਬੇਟਾ ਚਰਸ ਅਤੇ ਫਲਿਊਡ ਦਾ ਨਸ਼ਾ ਕਰਦਾ ਹੈ। ਨਸ਼ੇ ਦੀ ਲਤ ਲਾਉਣ ਵਾਲੇ ਉਸਦੇ ਰਿਸ਼ਤੇਦਾਰੀ ਵਿੱਚੋਂ ਭਤੀਜੇ ਲੱਗਦੇ ਹਨ। ਬੱਚੇ ਦੀ ਮਾਂ ਦੱਸਦੀ ਹੈ ਕਿ ਨਸ਼ੇ ਕਾਰਨ ਉਹ ਉਲਟਾ ਸਿੱਧਾ ਬੋਲਣ ਲੱਗਾ ਸੀ। ਨਿੱਕੀਆਂ-ਨਿੱਕੀਆਂ ਗੱਲਾਂ ਉੱਪਰ ਚਿੜ੍ਹਨ ਲੱਗਾ ਸੀ। ਹੁਣ ਉਸਦੀ ਹਾਲਤ ਵਿੱਚ ਕਾਫੀ ਸੁਧਾਰ ਹੋਇਆ ਹੈ। ਪਰ ਉਸ ਦਾ ਭਵਿੱਖ ਕੀ ਹੋਵੇਗਾ ਇਸ ਦਾ ਕੋਈ ਪਤਾ ਨਹੀਂ ਹੈ।

ਇਹ ਖ਼ਬਰ ਤਾਂ ਪੰਜਾਬ ਤੋਂ ਆਈ ਸੀ, ਜਿੱਥੇ ਨਸ਼ਿਆਂ ਵੱਲ ਰੁਚਿਤ ਹੋ ਰਹੇ ਲੋਕਾਂ ਬਾਰੇ ਨਿੱਤ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਕੋਈ ਇਸਦਾ ਦੋਸ਼ ਸਰਕਾਰਾਂ ਤੇ ਲਾਉਂਦਾ ਹੈ, ਕੋਈ ਸੱਭਿਆਚਾਰ ਦੀ ਬਦਲ ਰਹੀ ਨੁਹਾਰ 'ਤੇ ਲਾਉਂਦਾ ਹੈ ਪਰ ਇੱਕ ਗੱਲ ਸੱਚ ਹੈ ਕਿ ਇਕੱਲੇ ਪੰਜਾਬ ਵਿੱਚ ਹੀ ਨਹੀਂ, ਸਾਰੀ ਦੁਨੀਆ ਵਿੱਚ ਨਸ਼ਿਆ ਵੱਲ ਲੋਕ ਵੱਧ ਰੁਚਿਤ ਹੋ ਰਹੇ ਹਨ, ਜਿਨ੍ਹਾਂ ਵਿੱਚ ਛੋਟੀ ਉਮਰ ਦੇ ਬੱਚੇ ਵੀ ਸ਼ਾਮਿਲ ਹਨ।

ਪੰਜਾਬ ਵਰਗੀ ਉਦਾਹਰਣ ਕੈਨੇਡਾ ਦੇ ਅਲਬਰਟਾ ਸੂਬੇ ਤੋਂ ਵੀ ਪਿੱਛੇ ਜਿਹੇ ਆਈ ਸੀ ਉੱਥੇ ਪੁਲੀਸ ਨੇ ਇੱਕ 8 ਸਾਲ ਦੇ ਬੱਚੇ ਨੂੰ ਸ਼ਰਾਬੀ ਹਾਲਤ ਵਿੱਚ ਸੜਕ ’ਤੇ ਡਿੱਗੇ ਹੋਏ ਨੂੰ ਚੁੱਕਿਆ ਸੀ ਅਤੇ ਉਸ ਦੇ ਕੋਲ ਉਸ ਦਾ ਕਿਤਾਬਾਂ ਵਾਲਾ ਬੈਗ, ਭਾਵ ਬਸਤਾ ਵੀ ਸੀ। 8 ਸਾਲ ਦਾ ਬੱਚਾ ਐਲੀਮੈਂਟਰੀ ਸਕੂਲ ਦਾ ਵਿਦਿਆਰਥੀ ਸੀ ਅਤੇ ਦੋਸਤਾਂ ਨਾਲ ‘ਬੁੱਸ਼’ਪਾਰਟੀ ’ਤੇ ਗਿਆ ਬੀਅਰ ਪੀ ਬੈਠਾ ਸੀ। ਵੈਸੇ ਤਾਂ ਕੈਨੇਡਾ ਵਿੱਚ ਆਦੀ-ਵਾਸੀਆਂ ਦੇ ਬੱਚੇ ਬਹੁਤ ਹੀ ਛੋਟੀ ਉਮਰ ਵਿੱਚ ਨਸ਼ੇ ਦਾ ਸਵਾਦ ਚੱਖ ਲੈਂਦੇ ਹਨ ਅਤੇ ਜਵਾਨ ਹੋਣ ਤੱਕ ਉਹ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ, ਪਰ ਉਨ੍ਹਾਂ ਦੀਆਂ ਖ਼ਬਰਾਂ ਮੁੱਖ ਧਾਰਾ ਮੀਡੀਆ ਦਾ ਸ਼ਿੰਗਾਰ ਘੱਟ ਹੀ ਬਣਦੀਆਂ ਹਨ। ਹੁਣੇ ਜਿਹੜੀ ਇੱਕ ਰਿਪੋਰਟ ਛਾਇਆ ਹੋਈ ਹੈ, ਇਸ ਵਿੱਚ ਕਿਹਾ ਗਿਆ ਹੈ ਕੈਨੇਡਾ ਵਿੱਚ ਜਨਮੇ ਬੱਚੇ ਵੀ ਹੋਰਨਾਂ ਦੇਸ਼ਾਂ ਦੇ ਬੱਚਿਆਂ ਵਾਂਗ ਜਲਦੀ ਨਸ਼ੇ ਕਰਨ ਵੱਲ ਰੁਚਿਤ ਹੋ ਰਹੇ ਹਨ। ਰਿਪੋਰਟ ਮੁਤਾਬਿਕ ਕੈਨੇਡਾ ਦੇ 19 ਸਾਲ ਤੋਂ ਘੱਟ ਉਮਰ ਦੇ ਬੱਚੇ ਛੋਟੀ ਉਮਰ ਵਿੱਚ ਹੀ ਨਸ਼ੇ ਕਰਨ ਲੱਗ ਜਾਂਦੇ ਹਨ। ਰਿਪੋਰਟ ਮੁਤਾਬਿਕ 2010 ਵਿੱਚ 15 ਸਾਲ ਦੀ ਉਮਰ ਵਿੱਚ 67% ਬੱਚਿਆਂ ਨੇ ਨਸ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਨਸ਼ੇ ਕੀਤੇ ਸਨ। ਇਨ੍ਹਾਂ ਨਸ਼ਿਆਂ ਵਿੱਚ ਸ਼ਰਾਬ ਦਾ ਇਸਤੇਮਾਲ ਵੱਧ ਹੋਇਆ ਸੀ। ਜਦ ਕਿ 8 ਸਾਲ ਪਹਿਲਾਂ 43% ਬੱਚਿਆਂ ਨੇ 15 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਸ਼ਰਾਬ ਪੀਤੀ ਸੀ। ਸੋ ਅੱਠਾਂ ਸਾਲਾਂ ਵਿੱਚ 24% ਜ਼ਿਆਦਾ ਬੱਚੇ ਸ਼ਰਾਬ ਪੀਣ ਲੱਗੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਵਰਤਾਰਾ ਇਕੱਲੇ ਕੈਨੇਡਾ ਵਿੱਚ ਹੀ ਨਹੀਂ ਹੈ, ਸਗੋਂ ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਵਧ ਰਿਹਾ ਹੈ। ਰਿਪੋਰਟ ਕਹਿੰਦੀ ਹੈ ਕਿ ਜਿਹੜੇ ਬੱਚੇ ਛੋਟੀ ਉਮਰ ਵਿੱਚ ਸ਼ਰਾਬ ਪੀਣ ਲੱਗ ਜਾਂਦੇ ਹਨ ਅਤੇ ਉਹ ਵੱਡੇ ਹੋ ਹੋਰਨਾਂ ਖਤਰਨਾਕ ਬਿਮਾਰੀਆਂ ਦੇ ਨਾਲ ਨਾਲ ਅਲਕੋਹਲਕ ਹੋ ਜਾਂਦੇ ਹਨ ਜਿਸ ਨਾਲ ਉਹ ਸਮਾਜਿਕ ਕੁਰੀਤੀਆਂ ਅਤੇ ਆਰਥਕ ਸਮੱਸਿਆਵਾਂ ਵਿੱਚ ਫਸ ਜਾਂਦੇ ਹਨ।

ਇਸ ਤਰ੍ਹਾਂ ਦੀ ਰਿਪੋਰਟ ਹੀ ਕੁਝ ਮਹੀਨੇ ਪਹਿਲਾਂ ਅਮਰੀਕਾ ਤੋਂ ਆਈ ਸੀ। ਉਸ ਰਿਪੋਰਟ ਮਤਾਬਿਕ ਵੀ 13 ਅਤੇ 14 ਸਾਲ ਦੇ 10% ਬੱਚੇ ਅਕਸਰ ਰੈਗੂਲਰਲੀ ਭਾਵ ਨਿਯਮਿਤ ਤੌਰ ਤੇ ਸ਼ਰਾਬ ਪੀਂਦੇ ਹਨ। ਜਦ ਕਿ 17 ਅਤੇ 18 ਸਾਲ ਦੇ 20% ਬੱਚੇ ਅਕਸਰ ਸ਼ਰਾਬ ਪੀਣ ਦੇ ਆਦੀ ਹਨ। ਇਹ ਬੱਚੇ ਸ਼ਰਾਬ ਦੇ ਨਾਲ ਨਾਲ ਮੈਰੂਵਾਨਾ, ਕੋਕੇਨ ਅਤੇ ਹੋਰ ਡਰੱਗ ਦਾ ਵੀ ਇਸਤੇਮਾਲ ਕਰਦੇ ਹਨ। ਅਮਰੀਕੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਛੋਟੇ ਬੱਚਿਆਂ ਨੂੰ ਪਤਾ ਹੀਂ ਨਹੀਂ ਹੁੰਦਾ ਕਿ ਇਹ ਕਿਹੜਾ ਨਸ਼ਾ ਹੈ ਅਤੇ ਇਸ ਦਾ ਅਸਰ ਕਿਸ ਤਰ੍ਹਾਂ ਹੁੰਦਾ ਹੈ, ਬੱਸ ਉਹ ਸਾਥੀਆਂ ਵੱਲੋਂ ਦਿੱਤੇ ਹਰ ਪ੍ਰਕਾਰ ਦੇ ਨਸ਼ੇ ਨੂੰ ਵਰਤ ਲੈਂਦੇ ਹਨ।

ਕੈਨੇਡੀਅਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਕੂਲੀ ਵਿਦਿਆਰਥੀ ਜ਼ਿਆਦਾਤਰ ਸ਼ਰਾਬ ਗੈਰ ਕਾਨੂੰਨੀ ਤੌਰ ’ਤੇ ਖਰੀਦ ਕੇ ਪੀਂਦੇ ਹਨ ਜੋ ਕਿ ਠੇਕਿਆਂ ਤੋਂ ਮਿਲਦੀ ਸ਼ਰਾਬ ਤੋਂ ਵੱਧ ਹਾਨੀਕਾਰਕ ਹੁੰਦੀ ਹੈ। ਇਸ ਦੇ ਇਲਾਵਾ ਜਿਨ੍ਹਾਂ ਬੱਚਿਆਂ ਨੂੰ ਸ਼ਰਾਬ ਨਹੀਂ ਮਿਲਦੀ, ਉਹ ਪੈਟਰੋਲ ਅਤੇ ‘ਵਿੰਡਸ਼ੀਲਡ ਵਾਸ਼ਰ’ਪੀਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਕੈਨੇਡਾ ਦੇ ਇੱਕ 12 ਸਾਲ ਦੇ ਬੱਚੇ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਸ਼ਰਾਬ ਪੀਣ ਦਾ ਆਦੀ ਕਿਵੇਂ ਹੋਇਆ ਤਾਂ ਉਸ ਦਾ ਕਹਿਣਾ ਸੀ ਕਿ ਪਹਿਲਾਂ ਉਸ ਦਾ ਡੈਡ ਉਸ ਨੂੰ ਖਾਣਾ ਖਾਣ ਤੋਂ ਪਹਿਲਾਂ ਬਰਾਂਡੀ ਦਾ ਇੱਕ ਪੈੱਗ ਦੇ ਦਿੰਦਾ ਸੀ ਤਾਂ ਕਿ ਮੈਂ ਸੁੱਤਾ ਰਹਾਂ ਅਤੇ ਉਹ ਕੰਮ ਕਰਦਾ ਰਹੇ। ਪਰ ਫਿਰ ਇਹ ਉਸਦੀ ਆਦਤ ਹੀ ਬਣ ਗਈ ਉਹ ਸਕੂਲ ਵਿੱਚ ਸ਼ਰਾਬ ਪੀ ਕੇ ਜਾਂਦਾ ਰਿਹਾ ਅਤੇ ਫਿਰ ਸਕੂਲ ਵਿੱਚੋਂ ਕੱਢ ਵੀ ਦਿੱਤਾ ਗਿਆ। ਸੋਸ਼ਲ ਮੀਡੀਏ ਦੇ ਯੁੱਗ ਵਿੱਚ ਨਸ਼ਿਆਂ ਪ੍ਰਤੀ ਬਦਲ ਰਹੇ ਰੁਝਾਨ ਵਿੱਚ ਬੱਚਿਆਂ ਨੂੰ ਨਸ਼ਿਆਂ ਵੱਲ ਜਾਣ ਤੋਂ ਰੋਕਣਾ ਮੁਸ਼ਕਿਲ ਜਾਪ ਰਿਹਾ ਹੈ। ਹੁਣ ਮਾਪਿਆਂ ਨੂੰ ਬੱਚਿਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਨੂੰ ਵੱਧ ਸ਼ਰਾਬ ਪੀਣ ਦੇ ਮਾੜੇ ਅਸਰਾਂ ਵਾਰੇ ਦੱਸਣਾ ਚਾਹੀਦਾ ਹੈ ਤਾਂ ਕਿ ਉਹ ਅਗਰ ਸ਼ਰਾਬ ਪੀਣ ਵੀ, ਤਾਂ ਖਿਆਲ ਨਾਲ ਪੀਣਇਹ ਨਾ ਹੋਵੇ ਕਿ ਚੋਰੀ ਪੀ ਪੀ ਕੇ ਐਨੇ ਆਦੀ ਹੋ ਜਾਣ ਕਿ ਜਿਨ੍ਹਾਂ ਨੂੰ ਮੁੜ ਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਣਾ ਪਵੇ।

ਪਰ ਜੋ ਵੀ ਕੈਨੇਡਾ ਦੇ ਬੱਚਿਆਂ ਵਾਰੇ ਰਿਪੋਰਟ ਆਈ ਹੈ, ਇਹ ਇੱਕ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਇੰਨੀ ਵੱਡੀ ਗਿਣਤੀ ਵਿੱਚ ਸਾਡੇ ਬੱਚੇ ਨਸ਼ਿਆਂ ਵੱਲ ਪ੍ਰੇਰਿਤ ਹੋ ਰਹੇ ਹਨ ਕਿ ਮਾਪਿਆਂ ਨੂੰ ਸ਼ਰਾਬ ਦੇ ਮਾੜੇ ਅਸਰ ਬਾਰੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਸਿੱਖਿਆ ਦੇਣ ਦੀ ਲੋੜ ਹੈਜਦੋਂ ਇੱਕ ਵਾਰ ਬੱਚੇ ਨੂੰ ਨਸ਼ਿਆਂ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਤਾਂ ਫਿਰ ਬਾਅਦ ਵਿੱਚ ਵਿਰਲਾਪ ਕੀਤਿਆਂ ਕੁਝ ਨਹੀਂ ਬਣਨਾ। ਸੋ ਮਾਪਿਆਂ ਨੂੰ ਇਸ ਬਾਰੇ ਹੁਣ ਤੋਂ ਸੁਚੇਤ ਹੋਣ ਦੀ ਲੋੜ ਹੈ।

*****

(17)

About the Author

ਪਰਮਜੀਤ ਸੰਧੂ

ਪਰਮਜੀਤ ਸੰਧੂ

Editor: Khabarnama Punjabi Weekly 
(Toronto, Canada)
Email: (editor@khabarnama.com)