AmitaDr7ਪੁੱਤ ਵੰਡਾਉਂਦੇ ਧਨ ਤੇ ਜ਼ਮੀਨਾਂਪਰ ਧੀਆਂ ਵੰਡਾਉਂਦੀਆਂ ਦਰਦ ...
(ਫਰਵਰੀ 15, 2016)

 

ਕੀ ਦੱਸਾਂ ਧੀਏ ਇਸ ਦੁਨੀਆ ਦਾ ਮੈਂ ਹਾਲ, ਇਹ ਸ਼ਬਦ, ਜਾਂ ਲਿਖੇ ਅੱਖਰ, ਸਿਰਫ ਅੱਖਰ ਹੀ ਨਹੀਂ ਹਨ ਇਨ੍ਹਾਂ ਵਿੱਚ ਇੱਕ ਬਹੁਤ ਡੂੰਘਾ ਅਰਥ ਲੁਕਿਆ ਹੋਇਆ ਹੈ ਇਸ ਸਮਾਜ ਵਿੱਚ ਹੋ ਰਹੀਆਂ ਬੁਰਾਈਆਂ ਅਤੇ ਅੱਤਿਆਚਾਰਾਂ ਦੀ ਇੱਕ ਸੱਚੀ ਦਾਸਤਾਨ ਲੁਕੀ ਹੋਈ ਹੈ। ਭਾਵੇਂ ਅੱਜ ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਪਰ ਅਸੀਂ ਆਪਣੀ ਸਦੀਆਂ ਪੁਰਾਣੀ ਸੋਚ ਤੋਂ ਛੁਟਕਾਰਾ ਨਹੀਂ ਪਾ ਸਕੇ। ਇਸ ਦਾ ਪਰਤੱਖ ਸਬੂਤ ਸਾਨੂੰ ਅੱਜ ਹਰ ਪਾਸੇ ਮਿਲ ਰਿਹਾ ਹੈ,ਉਹ ਹੈ ਧੀਆਂ ਭੈਣਾਂ ਉੱਤੇ ਹੋ ਰਹੇ ਅੱਤਿਆਚਾਰ, ਬੇਰਹਿਮੀ ਨਾਲ ਉਨ੍ਹਾਂ ਦੀਆਂ ਮੌਤਾਂ ਮੌਤ ਭਾਵੇਂ ਕਿਸੇ ਵੀ ਤਰ੍ਹਾਂ ਦੇ ਤਸੀਹੇ ਦੇ ਕੇ ਦਿੱਤੀ ਜਾਵੇ ਪਰ ਹਰ ਰੋਜ਼ ਪਤਾ ਨਹੀਂ ਕਿੰਨੀਆਂ ਕੁ ਧੀਆਂ ਭੈਣਾਂ ਦਾ ਮਾਨਸਿਕ, ਸਰੀਰਿਕ ਅੱਤਿਆਚਾਰ ਤੇ ਬੇਰਹਿਮੀ ਨਾਲ ਮੌਤ ਹੁੰਦੀ ਹੈ

ਅੱਜ ਧੀ ਨੂੰ ਮਾਂ ਆਪਣੇ ਪੇਟ ਵਿੱਚ ਹੀ ਸਾਹ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੀ ਹੈ ਇਹ ਸੰਗੀਨ ਜੁਰਮ ਕਰਦੇ ਹੋਏ ਮਾਂ ਅਤੇ ਬਾਪ ਦਾ ਦਿਲ ਜ਼ਰਾ ਵੀ ਨਹੀਂ ਕੰਬਦਾਜਿੱਥੇ ਇਕ ਹਜ਼ਾਰ ਮੁੰਡਿਆਂ ਪਿੱਛੇ ਸਿਰਫ 742 ਕੁੜੀਆਂ ਹਨ, ਸੋਚੋ, ਕੁੜੀਆਂ ਦੀ ਘਾਟ ਕਿਵੇਂ ਪੂਰੀ ਹੋਵੇਗੀ? ਜਿਹੜਾ ਸਮਾਜ ਹਮੇਸ਼ਾ ਹੀ ਇਹ ਕਹਿੰਦਾ ਹੈ ਕਿ ਸਾਡੇ ਘਰ ਮੁੰਡਾ ਹੋਵੇ ਤਾਂ ਕਿ ਬਾਪ ਦਾਦੇ ਦੀ ਪੀੜ੍ਹੀ ਅੱਗੇ ਚਲਦੀ ਰਹੇ ਪਰ ਐਸਾ ਕਿਉਂ ਨਹੀਂ ਸੋਚਦੇ ਕਿ ਜੇਕਰ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿੱਚ ਖਤਮ ਕਰ ਦਿੱਤਾ ਜਾਵੇਗਾ ਤਾਂ ਮੁੰਡਿਆਂ ਦਾ ਕੀ ਹੋਵੇਗਾ? ਇਹ ਸੰਸਾਰ ਕਿਵੇਂ ਅੱਗੇ ਵਧੇਗਾ

ਜੇਕਰ ਧੀਆਂ ਜੰਮੀਆਂ ਵੀ ਜਾਂਦੀਆਂ ਹਨ ਤਾਂ ਉਸਦੀ ਭਵਿੱਖ ਵਿੱਚ ਕੀ ਤਸਵੀਰ ਹੈ, ਕੋਈ ਵੀ ਮਾਂ ਬਾਪ ਇਹ ਤੈਅ ਨਹੀਂ ਕਰ ਸਕਦਾ ਜਦ ਤੱਕ ਸਮਾਜ ਵਿੱਚ ਫੈਲੀ ਹੋਈ ਗੰਦਗੀ, ਦਰਿੰਦਗੀ, ਵਹਿਸ਼ਗੀ ਬੰਦ ਨਹੀਂ ਹੁੰਦੀ ਕੋਈ ਇਸ ਨੂੰ ਪੈਸਿਆਂ, ਰੁਪਇਆਂ ਦੇ ਨਾਲ ਤੋਲਦਾ ਹੈ, ਕੋਈ ਬਾਬਲ ਤੇ ਲਾਲਚੀ ਸਹੁਰਾ ਪਰਿਵਾਰ ਉਸਨੂੰ ਪੈਸੇ ਨਾਲ ਤੋਲਣ ਲਈ ਮਜਬੂਰ ਕਰਦਾ ਹੈ ਕੋਈ ਜਾਂ ਤਾਂ ਖੁਦਕੁਸ਼ੀ ਕਰ ਲੈਂਦੀ ਹੈ, ਜਾਂ ਫਿਰ ਉਸ ਨੂੰ ਮਾਰ ਕੇ ਜਾਂ ਅੱਗ ਨਾਲ ਸਾੜ ਕੇ ਉਸਦੀ ਜਿੰਦਗੀ ਨੂੰ ਹਮੇਸ਼ਾ ਲਈ ਅਲਵਿਦਾ ਕਰ ਦਿੱਤਾ ਜਾਂਦਾ ਹੈ ਗੰਦੀ ਹਵਸ ਦੇ ਸ਼ਿਕਾਰੀ ਆਪਣਾ ਸ਼ਿਕਾਰ ਇਸ ਔਰਤ ਜਾਤ ਨੂੰ ਹੀ ਬਣਾਉਂਦੇ ਹਨ ਆਖਿਰ ਕਦੋਂ ਤੱਕ ਇਹ ਸਭ ਕੁਝ ਹੁੰਦਾ ਰਹੇਗਾ? ਕਦੋਂ ਤੱਕ ਮਾਸੂਮ ਧੀ ਹਰ ਰੋਜ਼, ਹਰ ਪਲ ਮਰਦੀ ਰਹੇਗੀ, ਕਦੀ ਸਹਿਮ ਡਰ ਕੇ ਕਦੀ ਖੌਫ ਨਾਲ ਦਰਦਾਂ ਨੂੰ ਸਹਿਣ ਕਰਦੇ ਕਰਦੇ, ਆਖਿਰ ਕਿਉਂ?

ਜੇਕਰ ਇਨ੍ਹਾਂ ਸਭ ਗੱਲਾਂ ਤੋਂ ਧੀਆਂ ਨੂੰ ਮੁਕਤੀ ਦਿਵਾਉਣੀ ਹੈ ਤਾਂ ਸਿਰਫ ਲੋੜ ਹੈ ਧੀਆਂ ਦਾ ਸਤਿਕਾਰ ਕਰਨ ਦੀ, ਮਾਣ ਇੱਜ਼ਤ ਦੇਣ ਦੀ, ਅੱਤਿਆਚਾਰ ਨੂੰ ਰੋਕਣ ਦੀ ਇਹ ਤਦ ਹੀ ਸੰਭਵ ਹੈ ਜੇਕਰ ਦੇਸ ਦਾ ਹਰ ਨਾਗਰਿਕ, ਹਰ ਇਨਸਾਨ ਪਹਿਲਾਂ ਆਪਣੇ ਆਪ ਲਈ ਇਮਾਨਦਾਰ ਹੋਵੇ, ਫੇਰ ਹੀ ਉਹ ਬਹੁਤ ਸੋਚ ਸਮਝ ਕੇ ਕਦਮ ਚੁੱਕ ਸਕਦਾ ਹੈ ਜੇਕਰ ਇੱਕ ਇਨਸਾਨ ਨੇ ਇਸ ਸੋਚ ਨੂੰ ਅਪਣਾ ਲਿਆ ਤਾਂ ਸਾਰਿਆਂ ਨੂੰ ਇੱਕ ਮੁੱਠ ਹੋਣ ਦੀ ਲੇੜ ਹੈ ਫੇਰ ਇੱਕ ਇੱਕ ਕਰਕੇ 100 ਦਾ ਇਕੱਠ ਬਣੇਗਾ, ਫੇਰ ਹਜ਼ਾਰ ਦਾ, ਫੇਰ ਲੱਖ ਦਾ ਫੇਰ ਵੇਖਣਾ, ਕਿਵੇਂ ਧੀਆਂ ਨੂੰ ਇਸ ਸਮਾਜ ਵਿੱਚ ਇੱਜ਼ਤ ਮਾਣ ਮਿਲਦਾ ਹੈ

ਅੱਜਕਲ ਤਾਂ ਇਹ ਵੀ ਸੱਚ ਹੈ ਕਿ ਪੁੱਤਰ ਤੋਂ ਵੱਧ ਧੀ ਹੀ ਆਪਣੇ ਮਾਪਿਆਂ ਦਾ ਦਰਦ ਵੰਡਦੀ ਹੈ। ਉਹਨਾਂ ਦੀ ਦਿਲੋਂ ਸੇਵਾ ਕਰਦੀ ਹੈ ਆਉ ਆਪਾਂ ਸਾਰੇ ਮਿਲ ਕੇ ਇਸ ਸਮਾਜ ਦੀ ਤੇ ਧੀ ਦੀ ਕਿਸਮਤ ਬਦਲੀਏ ਤਾਂ ਕਿ ਇੱਕ ਸਕੂਨ ਭਰੀ ਜਿੰਦਗੀ ਜੀ ਸਕੀਏ ਕੋਈ ਧੀ ਡਾਕਟਰ ਬਣ ਰਹੀ ਹੈ, ਕੋਈ ਪਾਇਲਟ, ਕੋਈ ਵਕੀਲ, ਕੋਈ ਚੰਗੀ ਐਕਟਰ, ਕੋਈ ਚੰਗੀ ਮਾਂ ਸਿਰਫ ਜੇਕਰ ਲੋੜ ਹੈ, ਇਹਨਾਂ ਨੂੰ ਸਤਿਕਾਰ ਦੇਣ ਦੀ, ਇੱਜ਼ਤ ਦੇਣ ਦੀ। ਇੱਕ ਨਾਰੀ ਜਾਤੀ ਵਿੱਚ ਹੀ ਹਰ ਦਰਦ ਦੁੱਖ ਸਹਿਣ ਦੀ ਰੱਬ ਨੇ ਸ਼ਕਤੀ ਦਿੱਤੀ ਹੈ ਜਿੰਨੀ ਸਹਿਣ ਸ਼ਕਤੀ ਇਸ ਵਿੱਚ ਹੈ, ਸ਼ਾਇਦ ਕਿਤੇ ਵੀ ਨਹੀਂ ਨਾਰੀ ਵਿੱਚ ਧੀ ਵੀ ਹੈ, ਮਾਂ ਵੀ ਹੈ, ਭੈਣ ਵੀ। ਇਸ ਨੂੰ ਹਰ ਮੋੜ ’ਤੇ ਇੱਕ ਚਿਤਾਵਣੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਿੱਤ ਵੀ ਹੋ ਜਾਂਦੀ ਹੈ ਸਾਡੇ ਸਮਾਜ ਵਿੱਚ ਇੱਕ ਸੱਭ ਤੋਂ ਵੱਡੀ ਬੁਰਾਈ ਇਹ ਹੈ ਕਿ ਨਾਰੀ ਹੀ ਨਾਰੀ ਦੀ ਦੁਸ਼ਮਣ ਬਣੀ ਬੈਠੀ ਹੈ। ਮਾਂ ਹੀ ਆਪਣੀ ਧੀ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰ ਦਿੰਦੀ ਹੈ ਸਭ ਤੋਂ ਵੱਡੀ ਦੁਸ਼ਮਣ ਮਾਂ ਹੀ ਬਣ ਜਾਂਦੀ ਹੈ, ਭਾਵੇਂ ਉਹ ਇਹ ਕਦਮ ਆਪਣੀ ਮਰਜ਼ੀ ਨਾਲ ਚੁੱਕੇ ਜਾਂ ਕਿਸੇ ਮਜ਼ਬੂਰੀ ਵਿੱਚ।

ਧੀਆਂ ਦੀ ਕਮੀ ਸਮਾਜ ਕਦੇ ਵੀ ਪੂਰੀ ਨਹੀਂ ਕਰ ਸਕਦਾ ਸਰਕਾਰ ਨੂੰ ਵੀ ਇਸ ਵਿੱਚ ਮਦਦ ਕਰਨੀ ਚਾਹੀਦੀ ਹੈ ਗਰੀਬ ਘਰ ਦੀ ਧੀਆਂ ਨੂੰ ਮੁਫਤ ਪੜ੍ਹਾਈ ਲਿਖਾਈ ਤੇ ਉਸਦੇ ਜੰਮਣ ’ਤੇ ਆਰਥਿਕ ਮਦਦ ਦੇਣੀ ਚਾਹੀਦੀ ਹੈ ਤਾਂ ਕਿ ਗਰੀਬ ਪਰਿਵਾਰ ਦੀ ਧੀ ਆਪਣੇ ਮਾਂ ਬਾਪ ਤੇ ਬੋਝ ਨਾ ਬਣ ਕੇ ਆਪਣੇ ਪੈਰਾਂ ਉੱਤੇ ਖੜ੍ਹੇ ਤੇ ਕਲਪਨਾ ਚਾਵਲਾ, ਝਾਂਸੀ ਦੀ ਰਾਣੀ ਬਣ ਸਕਦੀ ਹੈ

ਦੇਖਿਆ ਜਾਵੇ ਤਾਂ ਗ੍ਰੰਥਾਂ ਉਪਨਿਆਸਾਂ ਵਿੱਚ ਨਾਰੀ ਨੂੰ ਮਹਾਨ ਦਰਜਾ ਦਿੱਤਾ ਗਿਆ ਹੈ, ਉਸਦਾ ਸਤਿਕਾਰ ਕਰਨ ਨੂੰ ਕਿਹਾ ਗਿਆ ਹੈ ਮੰਦਰਾਂ ਵਿੱਚ ਮਹਾਂਮਾਈ ਦੀ, ਕਾਲੀ ਦੀ, ਲਕਸ਼ਮੀ ਦੀ, ਹਰ ਰੂਪ ਵਿੱਚ ਇਸ ਨੂੰ ਪੂਜਿਆ ਜਾਂਦਾ ਹੈ। ਬੇਸ਼ੁਮਾਰ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ, ਅਤੇ ਦੂਜੇ ਪਾਸੇ ...

ਮੇਰੇ ਕਹਿਣ ਦਾ ਮਤਲਬ ਇਹ ਵੀ ਨਹੀਂ ਕਿ ਸਾਡੇ ਸਮਾਜ ਵਿੱਚ ਅਜਿਹੇ ਮਾਪੇ ਵੀ ਨਹੀਂ ਹਨ, ਜੋ ਧੀਆਂ ਤੇ ਜਾਨ ਕੁਰਬਾਨ ਨਹੀਂ ਕਰਦੇ।

ਕਦੀ ਧੀ ਆਪਣੇ ਮਾਪਿਆਂ ਦੀ ਇੱਜ਼ਤ ਰੱਖਣ ਲਈ ਤੇ ਕਦੇ ਸੁਹਰੇ ਪਰਿਵਾਰ ਦਾ ਮਾਣ ਸਨਮਾਨ ਰੱਖਣ ਲਈ ਤੇ ਕਦੇ ਆਪਣੀ ਮਾਨ ਮਰਿਆਦਾ ਲਈ ਲੜਦੀ ਹੈ ਤਾਂ ਫਿਰ ਵੀ ਕਿਉਂ ਇਹ ਸਮਾਜ ਧੀ ਨੂੰ ਕਮਜ਼ੋਰ ਸਮਝਦਾ ਹੈ। ਮੈਂ ਤਾਂ ਇਹੀ ਕਹਿੰਦੀ ਹਾਂ ਕਿ ਧੀ ਨੂੰ ਹਰ ਪੱਖੋਂ ਲਾਚਾਰ ਬੇਵਸ ਨਾ ਸਮਝ ਕੇ ਉਸਦੀ ਸੋਚ ਦੀ, ਉਸਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਜੇਕਰ ਉਹ ਕਿਸੇ ਮਾੜੇ ਹਾਲਤ ਵਿੱਚ ਜਿੰਦਗੀ ਦੇ ਕਿਸੇ ਪੜਾ ’ਤੇ ਆ ਕੇ ਉਲਝ ਜਾਂ ਫਸ ਜਾਂਦੀ ਹੈ ਤਾਂ ਉਸ ਨੂੰ ਹੌਸਲਾ ਦੇਣਾ ਚਾਹੀਦਾ ਹੈ ਪੁੱਤ ਅਜੇ ਇੰਨਾ ਬਾਪ ਦਾ ਜਾਂ ਮਾਂ ਦਾ ਦੁੱਖ ਨਹੀਂ ਵੰਡਾਉਂਦੇ, ਜਿੰਨਾ ਧੀਆਂ ਵੰਡਾਉਂਦੀਆਂ ਹਨ, ਫੇਰ ਵੀ ਜੇ ਅਸੀਂ ਧੀ ਨੂੰ ਮਾੜੀ ਕਹੀਏ ਤਾਂ ਇਸ ਤੋਂ ਵੱਡਾ ਪਾਪ ਹੋਰ ਕੀ ਆਪਾਂ ਕਰ ਸਕਦੇ ਹਾਂ?

ਪੁੱਤ ਵੰਡਾਉਂਦੇ ਧਨ ਤੇ ਜ਼ਮੀਨਾਂ, ਪਰ ਧੀਆਂ ਵੰਡਾਉਂਦੀਆਂ ਦਰਦਇਹ ਗੱਲ ਝੂਠੀ ਨਹੀਂ ਹੈ ਇਸ ਵਿੱਚ ਬਹੁਤ ਹੀ ਵੱਡੀ ਹਕੀਕਤ ਹੈ ਸਾਡੇ ਸਾਹਮਣੇ ਹਰ ਦਿਨ ਇਸ ਗੱਲ ਦੀ ਇੱਕ ਵੱਡੀ ਉਦਾਹਰਨ ਮਿਲਦੀ ਹੈ ਪੁੱਤਾਂ ਨੂੰ ਹਮੇਸ਼ਾ ਆਪਣੇ ਮਾਂ ਬਾਪ ਕੋਲੋਂ ਇਹੀ ਆਸ ਰਹਿੰਦੀ ਹੈ ਕਿ ਉਹ ਕਦੋਂ ਸਭ ਕੁਝ ਉਸਦੇ ਨਾਂਅ ਕਰਨਗੇ ਪਰ ਉਹ ਇਹ ਕਿਉਂ ਨਹੀਂ ਸੋਚਦੇ ਕਿ ਉਹਨਾਂ ਦਾ ਵੀ ਫਰਜ਼ ਹੈ ਕਿ ਉਹ ਵੀ ਇੱਕ ਚੰਗੇ ਪੁੱਤ ਬਣ ਕੇ ਮਾਪਿਆਂ ਦੀ ਸੇਵਾ ਕਰਨ, ਉਹਨਾਂ ਬਜ਼ੁਰਗਾਂ ਦੀਆਂ ਅਸੀਸਾਂ ਲੈਣ।

ਅੱਜਕਲ ਪੁੱਤਰ ਮਾਪਿਆਂ ਨੂੰ ਬੁਢਾਪੇ ਵਿੱਚ ਭੁੱਖਾ ਮਰਨ ਤੇ ਮਜ਼ਬੂਰ ਕਰਦੇ ਹਨ ਤਾਂ ਕਿ ਤੜਪ ਤੜਪ ਕੇ ਉਹਨਾਂ ਦੀ ਜਾਨ ਨਿਕਲੇ। ਪੈਸੇ, ਜ਼ਮੀਨ ਜਾਇਦਾਦਾਂ ਲਈ ਕਤਲ ਕਰੀ ਜਾਂਦੇ ਹਨ ਭਰਾਵਾਂ ਵਿੱਚ ਵੀ ਫਿੱਕ ਪਈ ਜਾਂਦਾ ਹੈ ਇੱਕ ਦੂਜੇ ਦੇ ਵੈਰੀ ਬਣ ਜਾਂਦੇ ਹਨ, ਆਖਿਰ ਇਹ ਸੱਭ ਕਿਉਂ ਹੋ ਰਿਹਾ ਹੈ? ਦਿਨੋਂ ਦਿਨ ਵਧਦੇ ਲਾਲਚ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ?

ਇਸ ਦੇ ਉਲਟ ਕਦੀ ਵੇਖਿਆ ਹੈ ਕਿ ਧੀ, ਮਾਪਿਆਂ ’ਤੇ ਜਾਂ ਸਹੁਰੇ ਪਰਿਵਾਰ ’ਤੇ ਪੈਸੇ ਲਈ, ਜ਼ਮੀਨ ਜਾਇਦਾਦ ਲਈ, ਮਾੜੀ ਸੋਚ ਰੱਖ ਕੇ ਮਾੜੇ ਵਤੀਰੇ ਕਰੇ, ਸਗੋਂ ਧੀਆਂ ਤਾਂ ਸਹੀ ਅਰਥਾਂ ਵਿੱਚ ਹਮਦਰਦ ਹੁੰਦੀਆਂ ਹਨ ਜੇਕਰ ਉਸਦੇ ਮਾਪਿਆਂ ਤੇ ਜਾਂ ਸੁਹਰੇ ਪਰਿਵਾਰ ’ਤੇ ਕੋਈ ਸੰਕਟ ਆ ਵੀ ਜਾਂਦਾ ਹੈ ਤਾਂ ਉਸਦਾ ਦਿਲ ਦਿਮਾਗ ਇਹ ਸੋਚਦੇ ਹੀ ਕੰਬ ਜਾਂਦਾ ਹੈ ਕਿ ਮੇਰੇ ਮਾਪਿਆਂ ਨੂੰ ਹੇ ਰੱਬਾ! ਕੁੱਝ ਨਾ ਹੋਵੇ ਤਾਂ ਦੱਸੋ ਫੇਰ ਵੀ ਇਹ ਸਮਾਜ ਧੀਆਂ ਨੂੰ ਮਾੜਾ ਕਿਉਂ ਕਹਿੰਦਾ ਹੈ?

ਹੋਰ ਤਾਂ ਹੋਰ ਗਾਉਣ ਵਾਲਿਆਂ ਨੇ ਹਮੇਸ਼ਾ ਹੀ ਧੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੁੜੀਆਂ ਅੱਧ ਨੰਗੀਆਂ ਕਰਕੇ ਸਟੇਜ਼ਾਂ ’ਤੇ ਨਚਾਉਂਦੇ ਹਨ, ਪਰ ਗੁਰਦਾਸ ਮਾਨ ਇੱਕ ਅਜਿਹਾ ਗਾਇਕ ਹੈ, ਜਿਸਨੇ ਕੁੜੀਆਂ ਦੇ ਦੁੱਖ ਦਰਦ ਨੂੰ ਸਮਝਦਿਆਂ ਹੋਏ ਗਾਇਆ ਹੈ ਕਦੇ ਵੀ ਨਾ ਹੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਨਿਰਾਦਰ ਕੀਤਾ ਹੈ

ਕੁੜੀਏ ਕਿਸਮਤ ਪੜੀਏ ਤੈਨੂੰ ਇੰਨਾ ਪਿਆਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ

ਗਾ ਕੇ ਮਾਂ, ਧੀ, ਭੈਣਾਂ ਦਾ ਦਿਲੋਂ ਸਤਿਕਾਰ ਕੀਤਾ ਹੈ ਹੋਰਾਂ ਨੂੰ ਵੀ ਗੁਰਦਾਸ ਮਾਨ ਤੋਂ ਨਸੀਹਤ ਲੈਂਦਿਆਂ ਧੀਆਂ, ਭੈਣਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਧੀ ਨੂੰ ਜਨਮ ਲੈਣ ਦਾ ਇੱਕ ਮੌਕਾ ਤਾਂ ਦਿਉ ਤਾਂ ਫੇਰ ਵੇਖਿਉ, ਧੀਆਂ ਆਪਣੇ ਮਾਪਿਆਂ ਦਾ ਦੁੱਖ ਕਿਵੇਂ ਵੰਡਾਉਂਦੀਆਂ ਹਨ ਚੰਗਾ ਪੜ੍ਹ ਲਿਖ ਕੇ ਮਾਪਿਆਂ ਦਾ ਨਾਂਅ ਕਿਵੇਂ ਰੋਸ਼ਨ ਕਰਦੀਆਂ ਹਨ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਆਪਾਂ ਸਾਰੇ ਰਲ ਮਿਲ ਕੇ ਕਸਮ ਖਾਈਏ ਕਿ ਅਸੀਂ ਧੀ ਨੂੰ ਜਨਮ ਲੈਣ ਦਾ ਹੱਕ ਦੇਵਾਂਗੇ

ਧੀਆਂ ਦੇ ਜੰਮਣ ਤੋਂ ਪਹਿਲਾਂ ਕੁੱਖ ਵਿੱਚ ਹੋ ਰਹੇ ਕਤਲ (ਭਰੂਣ ਹੱਤਿਆ) ਨੂੰ ਰੋਕਣ ਲਈ ਸਰਕਾਰ ਨੇ ਕਾਨੂੰਨ ਤਾਂ ਬਣਾ ਦਿੱਤੇ ਹਨ, ਪਰ ਅਮਲੀ ਜਾਮਾ ਨਹੀਂ ਪਹਿਨਾਇਆ ਥਾਂ ਥਾਂ ਤੇ ਖੁੱਲ੍ਹੇ ਹੋਏ ਸੀ.ਟੀ. ਸਕੈਨ ਸੈਂਟਰ, ਜੋ ਕਿ ਪੈਸੇ ਲੈ ਕੇ ਗੈਰ ਕਾਨੂੰਨੀ ਢੰਗ ਨਾਲ ਅਲਟਰਾਸਾਊਂਡ ਕਰਦੇ ਹਨ, ਜਿਸ ਵਿੱਚ ਮੁੰਡਾ ਜਾਂ ਕੁੜੀ ਹੋਣ ਦੀ ਪੁਸ਼ਟੀ ਹੁੰਦੀ ਹੈ ਡਾਕਟਰ ਜੋ ਪੈਸੇ ਦੇ ਲਾਲਚ ਵਿੱਚ ਆ ਕੇ ਧੀਆਂ ਦੇ ਕਤਲ ਹੀ ਨਹੀਂ ਕਰਦੇ ਸਗੋਂ ਡਾਕਟਰੀ ਦੇ ਪਵਿੱਤਰ ਕਿੱਤੇ ’ਤੇ ਵੀ ਦਾਗ਼ ਲਾ ਰਹੇ ਹਨ

ਲੋੜ ਹੈ ਕਿ ਸਰਕਾਰ ਇਸ ਪਾਸੇ ਉਚੇਚਾ ਧਿਆਨ ਦੇਵੇ ਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਕੇ ਭਰੂਣ ਹੱਤਿਆ ਨੂੰ ਜੜ੍ਹੋਂ ਖਤਮ ਕਰੇ ਇਹ ਤਾਂ ਹੀ ਸੰਭਵ ਹੈ, ਜੇਕਰ ਦੇਸ ਦਾ ਹਰ ਨਾਗਰਿਕ ਆਪਣਾ ਮੌਲਿਕ ਅਧਿਕਾਰ ਸਮਝੇ ਅਤੇ ਸਰਕਾਰ ਦਾ ਸਾਥ ਦੇਵੇ ਇਕੱਲਾ ਕੋਈ ਕੁੱਝ ਵੀ ਨਹੀਂ ਕਰ ਸਕਦਾ ਆਉ ਅਸੀਂ ਕਸਮ ਖਾਈਏ ਤੇ ਕੁੱਖ ਵਿੱਚ ਹੋ ਰਹੇ ਧੀਆਂ ਦੇ ਕਤਲ ਨੂੰ ਰੋਕੀਏ

*****

(185)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਅਮੀਤਾ

ਡਾ. ਅਮੀਤਾ

Mobile:  (India - 95923 -21299)