GurdeepSingh7ਇਹ ਸੁਣ ਕੇ ਮੈਨੂੰ ਵੀ ਇਕਦਮ ਝਟਕਾ ਲੱਗਿਆ। ਥੋੜ੍ਹਾ ਕੁ ਸੰਭਲ਼ਦਿਆਂ ਮੈਂ ਪੁੱਛਿਆ ਕਿ ...
(ਫਰਵਰੀ 8, 2016)

 

ਗੱਲ 1982 ਦੀ ਹੈ। ਮੇਰਾ ਵੱਡਾ ਭਰਾ ਜਸਵਿੰਦਰ ਨਕਸਲਵਾੜੀ ਮੂਵਮੈਂਟ ਫੇਲ੍ਹ ਹੋਣ ਉਪਰੰਤ ਇੱਕ ਕੇਸ ਦੀਆਂ ਤਰੀਕਾਂ ਭੁਗਤਣ ਮੋਗੇ ਜਾਂਦਾ ਹੁੰਦਾ ਸੀ ਤੇ ਨਾਲ ਰੋਡੇ ਵਾਲੇ ਕਾਲਜ ਵਿੱਚ ਦੁਬਾਰਾ ਦਾਖਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹਨਾਂ ਦਿਨਾਂ ਵਿੱਚ ਹੀ ਮੈਂ ਆਪਣੀ ਟੈਲੀਫ਼ੋਨ ਵਿਭਾਗ ਦੀ ਨੌਕਰੀ ਭੁੱਚੋ ਮੰਡੀ ਵਿੱਚ ਸ਼ੁਰੂ ਕੀਤੀ ਸੀ। ਇਕ ਦਿਨ ਤਰੀਕ ’ਤੇ ਜਾਣ ਤੋਂ ਪਹਿਲਾਂ ਉਸ ਨੇ ਕਿਹਾ ਕਿ ਤਰੀਕ ’ਤੇ ਜੋ ਫੈਸਲਾ ਹੋਵੇਗਾ, ਉਸ ਬਾਰੇ ਉਹ ਮੋਗੇ ਤੋਂ ਪਿੰਡ ਤਾਰ (ਟੈਲੀਗ੍ਰਾਮ) ਭੇਜ ਦੇਵੇਗਾ, ਕਿਉਂਕਿ ਉਸ ਨੂੰ ਕੁਝ ਦਿਨ ਕਾਲਜ ਵਿੱਚ ਕੰਮ ਹੈ। ਘਰਦਿਆਂ ਨੇ ਕੇਸ ਵਿੱਚੋਂ ਬਰੀ ਹੋਣ ਦੀ ਸੁੱਖਣਾ ਸੁੱਖਦਿਆਂ ਰਵਾਨਾ ਕਰ ਦਿੱਤਾ।

ਚਾਰ ਪੰਜ ਦਿਨ ਬਾਅਦ ਪਿੰਡੋਂ ਬਾਪੂ ਜੀ, ਚਾਚਾ ਲਾਭ ਸਿੰਘ ਤੇ ਜਲੌਰ ਸਿੰਘ ਸਰਾਂ ਮੇਰੇ ਕੋਲ ਟੈਲੀਫ਼ੋਨ ਐਕਸਚੇਜ ਭੁੱਚੋ ਮੰਡੀ ਆ ਪਹੁੰਚੇ। ਸਾਰੇ ਬਹੁਤ ਘਬਰਾਏ ਹੋਰੇ ਸਨਆਉਂਦੇ ਹੀ ਮੈਨੂੰ ਕਹਿਣ ਲੱਗੇ ਕਿ ਦੋ ਤਿੰਨ ਦਿਨ ਦੀ ਛੁੱਟੀ ਲੈ ਲੈ, ਆਪਾਂ ਨੂੰ ਮੋਗੇ ਤੇ ਫਿਰ ਫਰੀਦਕੋਟ ਜਾਣਾ ਪੈਣਾ ਹੈ। ਜਸਵਿੰਦਰ ਨੂੰ ਸਜ਼ਾ ਹੋ ਗਈ ਹੈ। ਉਸ ਨਾਲ ਮੁਲਾਕਾਤ ਵੀ ਕਰਨੀ ਹੈ ਤੇ ਅੱਗੇ ਕੇਸ ਲੜਨ ਲਈ ਕੋਈ ਵਕੀਲ ਵੀ ਕਰਨਾ ਹੈ।

ਇਹ ਸੁਣ ਕੇ ਮੈਨੂੰ ਵੀ ਇਕਦਮ ਝਟਕਾ ਲੱਗਿਆ। ਥੋੜ੍ਹਾ ਕੁ ਸੰਭਲ਼ਦਿਆਂ ਮੈਂ ਪੁੱਛਿਆ ਕਿ ਤੁਹਾਨੂੰ ਕੀਹਨੇ ਦੱਸਿਐਤਾਂ ਬਾਪੂ ਜੀ ਨੇ ਜੇਬ ਵਿੱਚੋਂ ਟੈਲੀਗ੍ਰਾਮ ਕੱਢ ਕੇ ਮੇਰੇ ਅੱਗੇ ਕਰਦਿਆਂ ਕਿਹਾ,ਆਹ ਦੇਖ, ... ਆਹ ਤਾਰ ਆਈ ਹੈ।”

ਤਾਰ ਪੜ੍ਹ ਕੇ ਮੈਂ ਹੈਰਾਨ ਹੁੰਦਿਆਂ ਉਹਨਾਂ ਨੂੰ ਪੁੱਛਿਆ ਕਿ ਤਾਰ ਕੀਹਨੇ ਪੜ੍ਹੀ ਸੀ? ਕਹਿੰਦੇ “ਪਹਿਲਾਂ ਡਾਕੀਏ ਨੇ ਪੜ੍ਹੀ, ਫਿਰ ਅਮਰਜੀਤ ਤੋਂ ਪੜ੍ਹਾਈ, ਪਿੰਡ ’ਚ ਸਾਰਿਆਂ ਤੋਂ ਵੱਧ ਉਹੀ ਪੜ੍ਹਿਆ ਲਿਖਿਆ ਹੈ, ਬੀ ਏ ਪਾਸ।”

ਮੈਂ ਹਾਸੇ ਦੇ ਮੂਡ ਵਿਚ ਚਾਚੇ ਨੂੰ ਕਿਹਾ, “ਚਾਚਾ ਸਿਆਂ, ਤੂੰ ਤਾਂ ਦਸ ਜਮਾਤਾਂ ਪੜ੍ਹਿਐਂ, ਉਹ ਵੀ ਪੰਜਾਬ ਦੇ ਸਾਰਿਆਂ ਤੋਂ ਵੱਡੇ ਪਿੰਡ ਮਹਿਰਾਜ ਦੇ ਸਕੂਲ ’ਚੋਂ, ਲੈ ਹੁਣ ਮੈਂ ਪੜ੍ਹਦਾਂ, ਧਿਆਨ ਨਾਲ ਸੁਣੋ।

ਅਟੈਂਡਡ ਕੋਰਟ, ਡੌਂਟ ਵਰੀ” ਜਦ ਮੈਂ ‘ਡੌਂਟ ਵਰੀ’ ਦੁਹਰਾ ਕੇ ਪੜ੍ਹਿਆ ਤਾਂ ਚਾਚਾ ਕਹਿੰਦਾ, ਅਮਰਜੀਤ ਕੋਲ ਇਹ ਹੀ ਗਏ ਸਨ ਮੈਂ ਨਹੀਂ। ਡਾਕੀਏ ਹੋਰਾਂ ਏਸ ਦੇ ਅਰਥ ਕੀਤੇ ਸਨ ਕਿ “ਕਚਹਿਰੀ ਗਿਆ ਸੀ, ਬਰੀ ਨਹੀਂ ਹੋਇਆ।”

‘ਡੌਂਟ ਵਰੀ’ ਦਾ ਮਤਲਬ ਸਮਝ ਕੇ ਸਾਰੇ ਖ਼ੁਸ਼ੀ ਖ਼ੁਸ਼ੀ ਵਾਪਸ ਪਿੰਡ ਚਲੇ ਗਏ।

**

... ਤੇਤੀ ਸਾਲ ਬਾਅਦ।

ਕੁਝ ਹਫਤੇ ਪਹਿਲਾਂ ਜਸਵਿੰਦਰ ਮੇਰੇ ਕੋਲ ਅਮਰੀਕਾ ਆਇਆ ਤਾਂ ਪਰਿਵਾਰ ਵਿਚ ਬੈਠੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਰਹੇ ਸਾਂ ਤਾਂ ਏਸ ਗੱਲ ਨੇ ਵੱਖਰਾ ਹੀ ਰੰਗ ਬਨ੍ਹਿਆ।

... ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਨੇ ਫਰੀਮੌਂਟ ਵਿੱਚ ਜਸਵਿੰਦਰ ਲਈ ਸਨਮਾਨ ਸਮਾਰੋਹ ਰੱਖਿਆ ਸੀ।ਉਸ ਵਿੱਚ ਵੀ ਜਸਵਿੰਦਰ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਸੀ। ਅੱਜ ਇੱਥੋਂ ਦੇ ਬਹੁਤ ਸਾਰੇ ਪੰਜਾਬੀ ਅਖ਼ਬਾਰਾਂ ਵਿੱਚ ਉਸ ਸਮਾਰੋਹ ਦੀਆਂ ਖ਼ਬਰਾਂ ਲੱਗੀਆਂ ਹਨ। ਸਭ ਨੇ ਹੀ ਲਿਖਿਆ ਹੈ ਕਿ ਜਸਵਿੰਦਰ ਨੇ ਨਕਸਲਵਾੜੀ ਲਹਿਰ ਸਮੇਂ ਜੇਲ ਦੀ ਸਜ਼ਾ ਵੀ ਭੁਗਤੀ।

... ਇੱਥੇ ਵੀ ਡਾਕੀਏ ਵਾਲੇ ਅਰਥ ਹੀ ਚੱਲੇ।

*****

(179)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

ਉਦਾਹਰਣ ਵਜੋਂ ਇਕ ਰਿਪੋਰਟ:

 

JaswinderReport

 

About the Author

ਗੁਰਦੀਪ ਸਿੰਘ

ਗੁਰਦੀਪ ਸਿੰਘ

Fremont, California, USA.
Email: (gurdeep408@yahoo.com)