SatpalSJohal7ਐੱਲ.ਐੱਮ.ਆਈ.ਏ. ਦਾ ਫਰਾਡ ਪੰਜ ਕੁ ਹਜ਼ਾਰ ਡਾਲਰ ਤੋਂ ਸ਼ੁਰੂ ਹੋ ਕੇ ਇਸ ਸਮੇਂ ...
(24 ਦਸੰਬਰ 2019)

 

ਕੈਨੇਡਾ ਦੇ ਕਾਢ, ਖੋਜ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਨੇ ਕਿਹਾ ਹੈ ਕਿ ਵਿਦੇਸ਼ਾਂ ਤੋਂ ਆ ਰਹੇ ਵਿਦਿਆਰਥੀਆਂ ਅਤੇ ਕਾਮਿਆਂ ਸਮੇਤ ਹਰੇਕ ਪ੍ਰਕਾਰ ਦੇ ਇਮੀਗ੍ਰਾਂਟਾਂ ਦਾ ਦੇਸ਼ ਵਿੱਚ ਸਤਿਕਾਰ ਹੈਉਨ੍ਹਾਂ ਆਖਿਆ ਕਿ ਸਟੂਡੈਂਟ ਵੱਡੇ ਖਰਚੇ ਅਤੇ ਸਖਤ ਮਿਹਨਤ ਕਰਕੇ ਕੈਨੇਡਾ ਪੁੱਜਦੇ ਹਨ ਅਤੇ ਕੈਨੇਡਾ ਵਾਸਤੇ ਪਹਿਲੇ ਦਿਨ ਤੋਂ ਯੋਗਦਾਨ ਪਾਉਂਦੇ ਹਨਇਸ ਪੱਤਰਕਾਰ ਨਾਲ ਲੇਬਰ ਮਾਰਿਕਟ ਇੰਪੈਕਟ ਅਸੈੱਸਮੈਂਟ (LMIA) ਦੇ ਸਿਸਟਮ ਰਾਹੀਂ ਕੈਨੇਡਾ ਵਿੱਚ ਬਹੁਤ ਸਾਰੇ ਸਟੂਡੈਂਟਾਂ ਅਤੇ ਵਰਕਰਾਂ ਦੀ ਹੋ ਰਹੀ ਵੱਡੀ ਲੁੱਟ ਬਾਰੇ ਗੱਲਾਂ ਕਰਦਿਆਂ ਸ. ਬੈਂਸ ਨੇ ਕਿਹਾ ਕਿ ਇੰਮੀਗਰੇਸ਼ਨ ਸਲਾਹਕਾਰਾਂ ਅਤੇ ਕਾਰੋਬਾਰਾਂ ਦੇ ਮਾਲਕਾਂ ਵਿੱਚਕਾਰ ਗਠਜੋੜ ਨਾਲ ਐੱਲ.ਐੱਮ.ਆਈ.ਏ. ਵੇਚਣ ਦੇ ਭ੍ਰਿਸ਼ਟਾਚਾਰ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾਉਨ੍ਹਾਂ ਆਖਿਆ ਵੱਢੀਖੋਰੀ ਨਾਲ ਖਤਮ ਹੋਏ ਆਪਣੇ ਦੇਸ਼ਾਂ ਦੇ ਸਿਸਟਮ ਦੇ ਸਤਾਏ ਲੋਕ ਤਾਂ ਕੈਨੇਡਾ ਦੀ ਚੋਣ ਕਰਦੇ ਹਨ, ਜਿਸ ਕਰਕੇ ਕੈਨੇਡਾ ਵਿੱਚ ਉਨ੍ਹਾਂ ਦਾ ਸ਼ੋਸ਼ਣ ਨਹੀਂ ਹੋਣ ਦਿੱਤਾ ਜਾ ਸਕਦਾਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਵਲੋਂ ਸਿਸਟਮ ਦੀਆਂ ਖਾਮੀਆਂ ਦੂਰ ਕੀਤੀਆਂ ਜਾਣਗੀਆਂ

ਕਮਾਲ ਦੀ ਗੱਲ ਤਾਂ ਇਹ ਹੈ ਕਿ ਬੀਤੇ ਦੋ ਕੁ ਸਾਲਾਂ ਦੌਰਾਨ ਸਾਡੇ ਵਲੋਂ ਕੈਨੇਡਾ ਦੇ ਘੱਟੋ ਘੱਟ ਤਿੰਨ ਕੈਬਨਿਟ ਮੰਤਰੀਆਂ ਕੋਲ ਇਹ ਮਸਲਾ ਵਾਰ ਵਾਰ ਉਠਾਇਆ ਜਾਂਦਾ ਰਿਹਾ ਹੈ। ਉਹ ਇਸ ਫਰਾਡ ਬਾਰੇ ਸਿਰੇ ਤੋਂ ਅਣਜਾਣਤਾ ਪ੍ਰਗਟ ਕਰਦੇ ਆਏ ਹਨਸਾਰਾ ਵਿਸਥਾਰ ਪੁੱਛਿਆ ਜਾਂਦਾ ਹੈ, ਅਖੇ ਦੱਸੋ ਫਰਾਡ ਕਿਵੇਂ ਹੋ ਰਿਹਾ ਹੈ? ਭਾਵ ਕਿ ਉਨ੍ਹਾਂ ਦੀਆਂ ਆਪਣੀਆਂ ਅੱਖਾਂ ਅਤੇ ਕੰਨ ਬੰਦ ਹਨ! ਕੀੜੀਆਂ ਤਾਂ ਇੱਕ ਪਾਸੇ ਕਾਢੇ ਵੀ ਨਜ਼ਰ ਨਹੀਂ ਆ ਰਹੇ!

ਬੀਤੇ ਕੁਝ ਸਾਲਾਂ ਤੋਂ ਕੈਨੇਡਾ ਵੱਲ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਦੇ ਤੌਰ ’ਤੇ ਲੜਕੇ ਅਤੇ ਲੜਕੀਆਂ ਦਾ ਵੱਡਾ ਝੁਕਾਅ ਬਣਿਆ ਹੋਇਆ ਹੈ, ਜਿਨ੍ਹਾਂ ਦਾ ਇਰਾਦਾ ਕੈਨੇਡਾ ਵਿੱਚ ਪੱਕੇ ਤੌਰ ’ਤੇ ਰਹਿਣ ਦਾ ਹੁੰਦਾ ਹੈਉਨ੍ਹਾਂ ਨੂੰ ਕਿਸੇ ਸਥਾਨਿਕ ਕਾਰੋਬਰ ਵਿੱਚ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਨੌਕਰੀ ਦੀ ਪੇਸ਼ਕਸ਼ ਮਿਲ ਜਾਵੇ ਤਾਂ ਵਰਕ ਪਰਮਿਟ ਮਿਲਣ ਅਤੇ ਪੱਕੇ ਹੋਣ ਲਈ ਰਾਹ ਪੱਧਰਾ ਹੋਣ ਲੱਗਦਾ ਹੈਨੌਕਰੀ ਦੀ ਪੇਸ਼ਕਸ਼ ਨੂੰ ਸਰਕਾਰੀ ਵਿਭਾਗ, ਇੰਪਲਾਏਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈ.ਐੱਸ.ਡੀ.ਸੀ.) ਵਲੋਂ ਮਾਨਤਾ ਦੇਣ ਦੀ ਪ੍ਰਕਿਰਿਆ ਉਪਰੰਤ ਮਿਲਦੀ ਮਨਜ਼ੂਰੀ ਨੂੰ ਐੱਲ.ਐੱਮ.ਆਈ.ਏ ਕਿਹਾ ਜਾਂਦਾ ਹੈਸਰਕਾਰ ਤੋਂ ਐੱਲ.ਐੱਮ.ਆਈ.ਏ. ਲੈ ਕੇ ਵਿਦੇਸ਼ੀ ਕਾਮੇ ਰੱਖਣ ਦੇ ਸਿਲਸਿਲੇ ਵਿੱਚ ਬਹੁਤ ਸਾਰੇ ਕੈਨੇਡੀਅਨ ਕਾਰੋਬਾਰੀਆਂ ਅਤੇ ਇੰਮੀਗਰੇਸ਼ਨ ਕਾਨੂੰਨਾਂ ਦੇ ਮਾਹਿਰਾਂ ਦੀਆਂ ਧਾਂਦਲੀਆਂ ਬਾਰੇ ਕਈ ਰਾਸ਼ਟਰੀ ਪੱਧਰ ਦੀਆਂ ਮੀਡੀਆ ਰਿਪੋਰਟਾਂ ਅਤੇ ਦੰਦਕਥਾਵਾਂ ਬੀਤੇ ਸਾਲਾਂ ਤੋਂ ਕੈਨੇਡਾ ਵਿੱਚ ਚਰਚਿਤ ਹਨ, ਜਿਸ ਦੌਰਾਨ ਐੱਲ.ਐੱਮ.ਆਈ.ਏ. ਦਾ ਫਰਾਡ ਪੰਜ ਕੁ ਹਜ਼ਾਰ ਡਾਲਰ ਤੋਂ ਸ਼ੁਰੂ ਹੋ ਕੇ ਇਸ ਸਮੇਂ ਪੰਜਾਹ ਹਜ਼ਾਰ ਡਾਲਰ ਤੱਕ ਪੁੱਜ ਗਿਆ ਦੱਸਿਆ ਜਾਂਦਾ ਹੈਇਹ ਵੀ ਕਿ ਬਹੁਤ ਸਾਰੇ ਕਾਰੋਬਾਰਾਂ ਦੇ ਮਾਲਕ ਆਪਣੇ ਕਾਰੋਬਾਰਾਂ ਵਿੱਚੋਂ ਉੰਨਾ ਪੈਸਾ ਨਹੀਂ ਕਮਾ ਰਹੇ ਜਿੰਨਾ ਪੈਸਾ ਮਜਬੂਰੀਆਂ ਵਿੱਚ ਫਸੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਐੱਲ.ਐੱਮ.ਆਈ.ਏ ਵੇਚ ਕੇ ਇਕੱਠਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ‘ਜੀ ਹਜ਼ੂਰੀਏ’ ਬਣਾ ਰਹੇ ਹਨ

ਇਸ ਰੁਝਾਨ ਨਾਲ ਕੈਨੇਡਾ ਵਿੱਚ ਵੱਢੀਖੋਰੀ ਨੂੰ ਉਤਸ਼ਾਹ ਮਿਲਿਆ, ਜਿਸ ਨੂੰ ਠੱਲ੍ਹ ਪਾਉਣ ਬਾਰੇ ਸ. ਬੈਂਸ ਨੇ ਕਿਹਾ ਕਿ ਦੇਸ਼ ਦੀ ਕ੍ਰਿਤ ਮੰਤਰੀ ਫਿਲੋਮਨਾ ਤਾਸੀ ਅਤੇ ਇੰਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨਾਲ ਮਿਲ ਕੇ ਇਸ ਸਮੱਸਿਆ ਦਾ ਠੋਸ ਹੱਲ ਕੱਢਿਆ ਜਾਵੇਗਾ ਐੱਲ.ਐੱਮ.ਆਈ.ਏ. ਸਿਸਟਮ ਵਿੱਚ ਖਲਾਅ ਇਸ ਕਦਰ ਹੈ ਕਿ ਕਾਰੋਬਾਰਾਂ ਦੇ ਮਾਲਕਾਂ ਵਲੋਂ ਮਨਮਰਜ਼ੀਆਂ ਕਰਨ ਦੀ ਸੰਭਾਵਨਾ ਮੌਜੂਦ ਹੈਸ. ਬੈਂਸ ਨੇ ਕਿਹਾ ਹੈ ਕਿ ਇਸ ਸੰਭਾਵਨਾ ਨੂੰ ਮੁੜ ਵਿਚਾਰ ਕੇ ਕਾਰੋਬਾਰਾਂ ਦੇ ਮਾਲਕਾਂ ਦੀ ਜਵਾਬਦੇਹੀ ਯਕੀਨੀ ਬਣਾਉਣ ਦੀ ਲੋੜ ਹੈਸ. ਬੈਂਸ ਨੇ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਦੁਨੀਆਂ ਦੇ ਲੋਕਾਂ ਦਾ ਵਿਸ਼ਵਾਸ ਬਣਾ ਕੇ ਰੱਖਣਾ ਅਤਿ ਜ਼ਰੂਰੀ ਹੈ, ਜਿਸ ਕਰਕੇ ਕਿਸੇ ਨੂੰ ਵੀ ਸਰਕਾਰ ਦੇ ਸਿਸਟਮ ਨਾਲ ਖਿਲਵਾੜ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ

ਕੈਨੇਡਾ ਪਹੁੰਚ ਜਾਣ ਦਾ ਸੁਪਨਾ ਸੱਚ ਕਰਨ ਲਈ ਮੌਜੂਦਾ ਦੌਰ ਵਿੱਚ ਪੰਜਾਬ ਦੇ ਲੋਕਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲੱਗਾ ਕੇ ਮਿਹਨਤ ਕੀਤੀ ਜਾ ਰਹੀ ਹੈ, ਜਿਸ ਕਰਕੇ ਸਥਾਨਕ ਉੱਚ-ਵਿੱਦਿਅਕ ਸਿਸਟਮ ਹੀ ਚਰਮਰਾ ਗਿਆ ਹੈਮਾਪਿਆਂ ਅਤੇ ਉਨ੍ਹਾਂ ਦੇ ਨੌਜਵਾਨ ਬੱਚਿਆਂ ਨੂੰ ਆਪਣਾ ਬਿਹਤਰ ਭਵਿੱਖ ਕੈਨੇਡਾ ਵਿੱਚ ਨਜ਼ਰ ਪੈਂਦਾ ਹੋਣ ਕਾਰਨ ਕਰਜ਼ਿਆਂ ਦੀ ਮਾਰ ਝੱਲਣ ਨੂੰ ਤਿਆਰ ਰਿਹਾ ਜਾਂਦਾ ਹੈਇਹ ਵੀ ਕਿ ਅਜਿਹੇ ਵਿੱਚ ਕੈਨੇਡਾ ਪੁੱਜੇ ਪੁੱਤਰਾਂ ਅਤੇ ਪੁੱਤਰੀਆਂ ਬਾਰੇ ਮਾਪਿਆਂ ਨੂੰ ਚੰਗੀ ਖਬਰ ਦੀ ਉਡੀਕ ਰਿਹਾ ਕਰਦੀ ਹੈ ਪਰ ਬਹੁਤ ਸਾਰੇ ਮਾਮਲਿਆਂ ਵਿੱਚ ਅਜਿਹਾ ਨਹੀਂ ਹੋ ਪਾ ਰਿਹਾ

ਪਿਛਲੇ ਤਿੰਨ ਕੁ ਹਫਤਿਆਂ ਤੋਂ ਪੰਜਾਬ ਤੋਂ ਆਏ ਕੁਝ ਵਿਦਿਆਰਥੀ ਅਤੇ ਵਿਦਿਆਰਥਣਾਂ ਬਾਰੇ ਅਫਸੋਸਨਾਕ ਖਬਰਾਂ ਦੀ ਸਿਆਹੀ ਨਹੀਂ ਸੁੱਕ ਰਹੀਨਵੰਬਰ ਦੇ ਅਖੀਰ ਵਿੱਚ ਸਰੀ ਵਿੱਚ ਪ੍ਰਭਲੀਨ ਕੌਰ ਦਾ ਉਸ ਦੇ ਪਤੀ ਵਲੋਂ ਕਤਲ ਕਰਕੇ ਖੁਦਕੁਸ਼ੀ ਕਰਨ ਦੀਆਂ ਰਿਪੋਰਟਾਂ ਕਈ ਦਿਨ ਸੁਰਖੀਆਂ ਵਿੱਚ ਰਹੀਆਂਦਸੰਬਰ ਦੇ ਕੁਝ ਦਿਨਾਂ ਵਿੱਚ ਉਂਟਾਰੀਓ ਦੇ ਸ਼ਹਿਰਾਂ ਬਰੈਂਪਟਨ ਅਤੇ ਮਿਸੀਸਾਗਾ ਸ਼ਹਿਰਾਂ ਤੋਂ ਪੰਜਾਬੀ ਕੁੜੀਆਂ ਦੇ ਮਰਨ ਦੀਆਂ ਦਿਲ ਕੰਬਾਊ ਖਬਰਾਂ ਆ ਗਈਆਂ ਸਨਸ਼ਰਨਜੀਤ ਕੌਰ ਦਾ ਕਤਲ ਕਰਕੇ ਨਵਦੀਪ ਸਿੰਘ ਨੇ ਘਟਨਾ ਸਥਾਨ ’ਤੇ ਖੁਦਕੁਸ਼ੀ ਕਰ ਲਈ ਸੀ ਇੱਕ ਵੱਖਰੀ ਘਟਨਾ ਮਿਸੀਸਾਗਾ ਵਿੱਚ ਵਾਪਰੀ ਜਿੱਥੇ ਨਾਲ ਲੱਗਦੀ ਝੀਲ ਦੇ ਸੀਤ ਠੰਢੇ ਪਾਣੀ ਵਿੱਚੋਂ ਕੋਮਲਪ੍ਰੀਤ ਕੌਰ ਦੀ ਲਾਸ਼ ਕੱਢੀ ਗਈ ਸੀਇਨ੍ਹਾਂ ਕੁੜੀਆਂ ਦੀ ਉਮਰ ਤਕਰੀਬਨ 21-22 ਸਾਲ ਸੀ ਅਤੇ ਵਿਦਿਆਰਥਣਾਂ ਵਜੋਂ ਕੈਨੇਡਾ ਪੁੱਜੀਆਂ ਸਨਸ਼ਰਨਜੀਤ ਨੂੰ ਮਾਰ ਕੇ ਮਰਨ ਵਾਲਾ ਨਵਦੀਪ (35) ਵੀ ਵਿਦਿਆਰਥੀ ਵਜੋਂ ਹੀ ਕੈਨੇਡਾ ਆਇਆ ਸੀ

ਹੁਣ ਤਾਜ਼ਾ ਖਬਰ ਬਰੈਂਪਟਨ ਤੋਂ ਮਿਲੀ ਹੈ ਜਿੱਥੇ ਨੌਜਵਾਨ ਪੰਜਾਬੀ ਵਿਦਿਆਰਥੀ ਮੁੰਡੇ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਪੁਲਿਸ ਅਤੇ ਐਮਰਜੈਂਸੀ ਬਚਾਓ ਅਮਲੇ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਨੂੰ ਹੋਸ਼ ਲਿਆਉਣ ਵਾਸਤੇ ਇਲਾਜ ਕੀਤਾ ਜਾ ਰਿਹਾ ਹੈਇਸ ਮੁੰਡੇ ਦੀ ਪਛਾਣ ਅਜੇ ਪੁਲਿਸ ਨੇ ਬਕਾਇਦਾ ਜਾਰੀ ਨਹੀਂ ਕੀਤੀ ਹੈ

ਪੰਜਾਬੀ ਸਮਾਜ ਦੀ ਬਣਤਾਰ ਦੀ ਸਮਝ ਰੱਖਣ ਵਾਲੇ ਕੁਝ ਮਾਹਿਰਾਂ ਵਲੋਂ ਮੁੰਡਿਆਂ ਅਤੇ ਕੁੜੀਆਂ ਦੇ ਆਪਸੀ ਪ੍ਰੇਮ ਸਬੰਧਾਂ ਦੀਆਂ ਤਰੇੜਾਂ, ਪੜ੍ਹਾਈ ਦੇ ਖਰਚੇ ਪੂਰੇ ਨਾ ਕਰ ਸਕਣਾ, ਕੈਨੇਡਾ ਵਿੱਚ ਪੱਕੇ ਹੋਣ ਦਾ ਰਸਤਾ ਬੰਦ ਹੋ ਜਾਣਾ, ਮਾਪਿਆਂ ਅਤੇ ਰਿਸ਼ਤੇਦਾਰਾਂ ਦੀਆਂ ਆਸਾਂ ਮੁਤਾਬਿਕ ਕਮਾਈਆਂ ਨਾ ਕਰ ਸਕਣਾ ਆਦਿਕ ਅਜਿਹੀਆਂ ਘਟਨਾਵਾਂ ਦੇ ਮੁੱਖ ਕਾਰਨ ਦੱਸੇ ਜਾ ਰਹੇ ਹਨ

ਇਸ ਸਾਰੇ ਘਟਨਾਕ੍ਰਮ ਤੋਂ ਕੈਨੇਡਾ ਅਤੇ ਪੰਜਾਬ ਵਿੱਚ ਸੋਗ ਅਤੇ ਆਚੰਭੇ ਦਾ ਮਾਹੌਲ ਪੈਦਾ ਹੋ ਗਿਆ ਹੈ ਪਰ ਸਮਝਣ ਵਾਲ਼ੀ ਗੱਲ ਇਹ ਹੈ ਕਿ ਕੈਨੇਡਾ ਵਿੱਚ ਸੰਭਲ ਕੇ ਕਦਮ ਰੱਖਣ ਵਾਲੇ ਵਿਦਿਆਰਥੀ ਅਤੇ ਵਿਦਿਆਰਥਣਾਂ ਸਫਲਤਾ ਨਾਲ ਸਥਾਪਿਤ ਵੀ ਹੋ ਰਹੇ/ਰਹੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1859)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਸਤਪਾਲ ਸਿੰਘ ਜੌਹਲ

ਸਤਪਾਲ ਸਿੰਘ ਜੌਹਲ

Brampton, Ontario, Canada.
Email: (nadala.nadala@gmail.com)