InderjeetSBajwa7ਅੱਜ ਵੀ ਜਦੋਂ ਕਦੇ ਮੈਂ ਆਪਣੇ ਪਿੰਡ ਹਰਪੁਰੇ ...
(21 ਦਸੰਬਰ 2019)

 

ਬੀਬੀ ਆਲਮਾ ਸਾਡੇ ਪਿੰਡ ਹਰਪੁਰਾ ਦੀ ਉਹ ਮੁਸਿਲਮ ਔਰਤ ਸੀ ਜਿਸਨੂੰ ਸਾਰੇ ਹੀ ਪਿੰਡ ਵਾਲੇ ਬੇਹੱਦ ਪਿਆਰ ਅਤੇ ਸਤਿਕਾਰ ਦਿੰਦੇ ਸਨਹਾਲਾਂਕਿ ਬੀਬੀ ਆਲਮਾ ਦਾ ਅਸਲੀ ਨਾਮ ਨਬਾਬ ਬੀਬੀ ਸੀ ਪਰ ਪਿੰਡ ਦੇ ਲੋਕ ਅਤੇ ਉਸਦੇ ਪਰਵਾਰ ਵਾਲੇ ਸਾਰੇ ਹੀ ਉਸ ਨੂੰ ਬੀਬੀ ਆਲਮਾ ਕਹਿੰਦੇ ਸਨਬੀਬੀ ਆਲਮਾ ਪਿੰਡ ਵਿੱਚ ਦਾਈ ਦਾ ਕੰਮ ਕਰਦੀ ਸੀਮੇਰੇ ਸਮੇਤ ਮੇਰੇ ਸਾਰੇ ਹਾਣੀਆਂ ਜਾਂ ਸਾਥੋਂ ਵੱਡਿਆਂ ਦੇ ਜਨਮ ਸਮੇਂ ਬੀਬੀ ਆਲਮਾ ਨੇ ਹੀ ਦਾਈ ਮਾਂ ਵਜੋਂ ਸੇਵਾਵਾਂ ਨਿਭਾਈਆਂ ਸਨਕਹਿੰਦੇ ਹਨ ਕਿ ਜਨਮ ਦੇਣ ਵਾਲੀ ਮਾਂ ਵਾਂਗ ਦਾਈ ਮਾਂ ਦਾ ਵੀ ਬਹੁਤ ਉੱਚਾ ਸਥਾਨ ਹੁੰਦਾ ਹੈ ਅਤੇ ਦਾਈ ਨੂੰ ਵੀ ਮਾਂ ਵਾਂਗ ਹੀ ਸਤਿਕਾਰਿਆ ਜਾਂਦਾ ਹੈਸੋ ਮੇਰੇ ਦਿਲ ਵਿੱਚ ਬੀਬੀ ਆਲਮਾ ਪ੍ਰਤੀ ਸਤਿਕਾਰ ਹੋਣਾ ਸੁਭਾਵਿਕ ਹੈ

ਬੀਬੀ ਆਲਮਾ ਹਰ ਕਿਸੇ ਦੀ ਸੁੱਖ ਮੰਗਦੀ ਅਤੇ ਆਪਣੇ ਹੱਥੀਂ ਪਿੰਡ ਦੇ ਜੰਮੇ ਬਾਲ-ਬਾਲੜੀਆਂ ਦਾ ਪੂਰਾ ਮੋਹ ਕਰਦੀਬੀਬੀ ਆਲਮਾ ਦਾ ਚਿਹਰਾ ਮੈਂਨੂੰ ਅੱਜ ਵੀ ਯਾਦ ਹੈ, ਜਦੋਂ ਉਹ ਸਾਡੇ ਘਰ ਆਉਂਦੀ ਤਾਂ ਮੇਰੀ ਦਾਦੀ ਨੇ ਉਸਦੀ ਬੜੀ ਦੀਦ ਕਰਨੀਬੀਬੀ ਆਲਮਾ ਨੇ ਮੈਂਨੂੰ ਅਤੇ ਮੇਰੇ ਭਰਾਵਾਂ ਨੂੰ ਕੁੱਛੜ ਚੁੱਕ ਲੈਣਾ ਅਤੇ ਬੜੇ ਲਾਡ ਲਡਾਉਣੇਮੈਂ ਪੰਜ ਕੁ ਸਾਲ ਦਾ ਹੋਵਾਂਗਾ ਜਦੋਂ ਉਹ ਬਜ਼ੁਰਗ ਬੀਬੀ ਆਲਮਾ ਇਸ ਜਹਾਨ ਤੋਂ ਰੁਖ਼ਸਤ ਹੋ ਗਈ ਸੀ ਭਾਵੇਂ ਮੈਂ ਉਸ ਸਮੇਂ ਛੋਟਾ ਸੀ ਪਰ ਬੀਬੀ ਆਲਮਾ ਦਾ ਉਹ ਪਿਆਰਾ ਜਿਹਾ ਚਿਹਰਾ ਅਤੇ ਉਸਦਾ ਪਿਆਰ ਮੈਂਨੂੰ ਅੱਜ ਵੀ ਯਾਦ ਹੈਬੀਬੀ ਆਲਮਾ ਕਹਿਰੇ ਜਿਹੇ ਸਰੀਰ ਦੀ ਬਜ਼ੁਰਗ ਔਰਤ ਸੀ, ਜਿਸਦੇ ਚਿਹਰੇ ਉੱਤੇ ਮੁਸਕਾਨ ਅਤੇ ਪ੍ਰਸੰਨਤਾ ਹਰ ਸਮੇਂ ਬਣੀ ਰਹਿੰਦੀ ਸੀਹਰ ਕਿਸੇ ਨੂੰ ਦੁਆਵਾਂ ਦੇਣੀਆਂ ਅਤੇ ਖੈਰ ਮੰਗਣੀ ਉਸਦੇ ਸੁਭਾਅ ਦਾ ਹਿੱਸਾ ਸੀ

ਬੀਬੀ ਆਲਮਾ ਦੇ ਖਾਵੰਦ ਦਾ ਨਾਮ ਨਬੀ ਬਖ਼ਸ਼ ਉਰਫ਼ ਨੱਬੋ ਸੀਨਬੀ ਬਖਸ਼ ਕੱਪੜਾ ਬੁਣਨ ਦਾ ਕਿੱਤਾ ਸੀਉਸਦੇ ਤਿੰਨ ਪੁੱਤਰ ਨਸੀਬ ਅਲੀ ਉਰਫ਼ ਪੰਨਾ, ਰੂੜ ਮੁਹੰਮਦ (ਰੂੜਾ), ਬਸ਼ੀਰ ਮੁਹੰਮਦ (ਛੀਰਾ) ਸਨ ਅਤੇ ਤਿੰਨ ਧੀਆਂ ਸਨਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਨਬੀ ਬਖਸ਼ ਅੱਖਾਂ ਤੋਂ ਅੰਨ੍ਹਾ ਸੀ ਅਤੇ ਉਹ ਪਿੰਡ ਵਿੱਚ ਹੀ ਆਪਣੀ ਖੱਡੀ ਉੱਪਰ ਦਰੀਆਂ, ਚਾਦਰਾਂ ਦੀ ਬੁਣਤੀ ਕਰਦਾ ਸੀਪਿੰਡ ਦੇ ਲੋਕਾਂ ਨਾਲ ਉਸਦਾ ਅੰਤਾਂ ਦਾ ਮੋਹ ਸੀ

ਸੰਨ 1947 ਤੋਂ ਪਹਿਲਾਂ ਸਾਡੇ ਪਿੰਡ ਹਰਪੁਰਾ ਵਿੱਚ ਬਹੁਤ ਸਾਰੇ ਮੁਸਲਿਮ ਪਰਿਵਾਰ ਰਹਿੰਦੇ ਸਨਪਿੰਡ ਦੀ ਇੱਕ ਪੱਤੀ ਮੀਆਂਵਾਲ ਵਿੱਚ ਬਹੁ-ਗਿਣਤੀ ਮੁਸਲਿਮ ਵਸੋਂ ਦੀ ਹੁੰਦੀ ਸੀਅੱਜ ਵੀ ਇਸ ਪੱਤੀ ਦਾ ਨਾਮ ਮੀਆਂਵਾਲ ਹੀ ਚੱਲ ਰਿਹਾ ਹੈਜਦੋਂ ਸੰਨ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਸਾਡੇ ਪਿੰਡ ਦੇ ਸਾਰੇ ਮੁਸਲਮਾਨ ਪਾਕਿਸਤਾਨ ਨੂੰ ਹਿਜ਼ਰਤ ਕਰ ਗਏਪਿੰਡ ਵਿੱਚ ਨਬੀ ਬਖ਼ਸ਼ ਅਤੇ ਬੀਬੀ ਆਲਮਾ ਦਾ ਇੱਕੋ ਇੱਕ ਮੁਸਲਿਮ ਪਰਿਵਾਰ ਹੀ ਪਿੱਛੇ ਰਹਿ ਗਿਆਨਬੀ ਬਖਸ਼ ਦੇ ਭਰਾ ਵੀ ਪਾਕਿਸਤਾਨ ਚਲੇ ਗਏ ਉਨ੍ਹਾਂ ਨੇ ਨਬੀ ਬਖਸ਼ ਨੂੰ ਬਥੇਰਾ ਜ਼ੋਰ ਲਾਇਆ ਕਿ ਉਹ ਵੀ ਉਨ੍ਹਾਂ ਨਾਲ ਪਾਕਿਸਤਾਨ ਨੂੰ ਚਲਾ ਜਾਵੇ ਪਰ ਨਬੀ ਬਖਸ਼ ਜੋ ਅੱਖੋਂ ਅੰਨ੍ਹਾ ਸੀ, ਆਖਰ ਇੰਨੀ ਵੱਢ-ਟੁੱਕ ਅਤੇ ਕਹਿਰ ਵਿੱਚ ਕਿਵੇਂ ਪਾਕਿਸਤਾਨ ਜਾਂਦਾਖੈਰ, ਪਿੰਡ ਦੇ ਕੁਝ ਸਿੱਖ ਪਰਿਵਾਰਾਂ ਨੇ ਨਬੀ ਬਖਸ਼ ਨੂੰ ਕਿਹਾ ਕਿ ਉਹ ਪਾਕਿਸਤਾਨ ਨਾ ਜਾਵੇ, ਪਿੰਡ ਵਾਲੇ ਉਸਦੀ ਅਤੇ ਉਸਦੇ ਪਰਿਵਾਰ ਦੀ ਪੂਰੀ ਹਿਫ਼ਾਜ਼ਤ ਕਰਨਗੇਪਿੰਡ ਦੇ ਸਾਰੇ ਲੋਕਾਂ ਨੇ ਨਬੀ ਬਖ਼ਸ਼ ਦਾ ਪੂਰਾ ਸਾਥ ਦਿੱਤਾ ਅਤੇ ਉਹ ਆਪਣੇ ਪਿੰਡ ਹਰਪੁਰੇ ਹੀ ਰਿਹਾ। ਅੱਜ ਵੀ ਉਸਦਾ ਪਰਿਵਾਰ ਇਸ ਪਿੰਡ ਵਿੱਚ ਅਬਾਦ ਹੈਨਬੀ ਬਖ਼ਸ਼ ਅਤੇ ਬੀਬੀ ਆਲਮਾ ਭਾਵੇਂ ਮੁਸਲਮਾਨ ਧਰਮ ਦੇ ਸਨ ਪਰ ਸਾਡੇ ਪਿੰਡ ਵਾਲਿਆਂ ਨੇ ਕਦੀ ਉਨ੍ਹਾਂ ਨਾਲ ਦੂਜ-ਦਵੈਸ਼ ਨਹੀਂ ਕੀਤਾ

ਸੰਨ 1947 ਦੇ ਬਟਵਾਰੇ ਤੋਂ ਬਾਅਦ ਨਬੀ ਬਖਸ਼ ਅਤੇ ਬੀਬੀ ਆਲਮਾ ਆਪਣੇ ਜੀਆ-ਜੰਤ ਨਾਲ ਪਿੰਡ ਹਰਪੁਰਾ ਹੀ ਰਹਿਣ ਲੱਗ ਪਏਬੀਬੀ ਆਲਮਾ ਨੇ ਦਾਈਪੁਣੇ ਦਾ ਕੰਮ ਸਿੱਖਿਆ ਹੋਇਆ ਸੀ ਅਤੇ ਉਸ ਸਮੇਂ ਡਾਕਟਰਾਂ ਦੀ ਘਾਟ ਹੋਣ ਕਾਰਨ ਜਦੋਂ ਕਿਸੇ ਦੇ ਘਰ ਬੱਚੇ ਨੇ ਜਨਮ ਲੈਣਾ ਤਾਂ ਉਸ ਸਮੇਂ ਬੀਬੀ ਆਲਮਾ ਹੀ ਸਭ ਕੁਝ ਹੁੰਦੀ ਸੀਬੀਬੀ ਆਲਮਾ ਭਾਵੇਂ ਗਰੀਬ ਸੀ ਪਰ ਉਹ ਰੂਹ ਦੀ ਪੂਰੀ ਰੱਜੀ ਹੋਈ ਸੀਜਦੋਂ ਬੀਬੀ ਆਲਮਾ ਨੇ ਕਿਸੇ ਬੱਚੇ ਦੇ ਜਨਮ ਵੇਲੇ ਦਾਈ ਵਜੋਂ ਆਪਣੀਆਂ ਸੇਵਾਵਾਂ ਦੇਣੀਆਂ ਤਾਂ ਉਸਨੇ ਮੂੰਹੋਂ ਕੋਈ ਪੈਸਾ ਨਾ ਮੰਗਣਾ। ਜੋ ਕਿਸੇ ਨੇ ਸਰਦਾ ਬਣਦਾ ਦੇਣਾ, ਬੀਬੀ ਆਲਮਾ ਨੇ ਖੁਸ਼ੀ-ਖੁਸ਼ੀ ਲੈ ਲੈਣਾਬੀਬੀ ਆਲਮਾ ਨੇ ਪੂਰਾ ਸਵਾ ਮਹੀਨਾ ਉਸ ਘਰ ਵਿੱਚ ਜੱਚੇ-ਬੱਚੇ ਦੀ ਪੂਰੀ ਸੇਵਾ ਕਰਨੀ ਅਤੇ ਬਦਲੇ ਵਿੱਚ ਕੁਝ ਵੀ ਵਿਸ਼ੇਸ਼ ਨਾ ਮੰਗਣਾਪਿੰਡ ਦੀਆਂ ਔਰਤਾਂ ਵਿੱਚ ਬੀਬੀ ਆਲਮਾ ਦਾ ਬਹੁਤ ਸਤਿਕਾਰ ਸੀ ਅਤੇ ਸਾਰੇ ਹੀ ਲੋਕ ਉਸਨੂੰ ਆਪਣੇ ਪਰਿਵਾਰ ਦਾ ਅੰਗ ਸਮਝਦੇ ਸਨ

ਭਾਵੇਂ ਅੱਜ ਦੇ ਸਾਇੰਸ ਯੁੱਗ ਵਿੱਚ ਸਾਰੇ ਹੀ ਬੱਚੇ ਛੋਟੇ ਹਸਪਤਾਲਾਂ ਤੋਂ ਲੈ ਕੇ ਵੱਡੇ-ਵੱਡੇ ਸੁਪਰ-ਸਪੈਸ਼ਲਿਟੀ ਹਸਪਤਾਲਾਂ ਵਿੱਚ ਪੈਦਾ ਹੁੰਦੇ ਹਨ, ਜੋ ਕਿ ਇੱਕ ਲਿਹਾਜ ਨਾਲ ਚੰਗਾ ਵੀ ਹੈ, ਪਰ ਅੱਜ ਦੇ ਡਾਕਟਰ ਅਤੇ ਟਰੇਂਡ ਦਾਈਆਂ ਦੀ ਫੀਸ ਇੱਕ ਵਾਰ ਤਾਂ ਦੰਦਾਂ ਹੇਠ ਉਂਗਲ ਦਬਾਉਣ ਨੂੰ ਮਜਬੂਰ ਕਰ ਦਿੰਦੀ ਹੈਮੈਂ ਜਦੋਂ ਆਪਣੀ ਦਾਈ ਮਾਂ ਬੀਬੀ ਆਲਮਾ ਬਾਰੇ ਸੋਚਦਾ ਹਾਂ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ। ਕਈ ਦਰਵੇਸ਼ੀ ਰੂਹਾਂ ਧੁਰੋਂ ਹੀ ਕਿੰਨੀਆਂ ਸੰਤੋਖੀਆਂ ਹੁੰਦੀਆਂ ਹਨ ਬੀਬੀ ਆਲਮਾ ਦੇ ਖਾਵੰਦ ਨਬੀ ਬਖਸ਼ ਨੂੰ ਅੱਖਾਂ ਤੋਂ ਨਹੀਂ ਸੀ ਦਿਸਦਾ ਅਤੇ ਖੱਡੀ ਉੱਪਰ ਕੰਮ ਕਰਨਾ ਤਾਂ ਉਸ ਲਈ ਸਿਰਫ਼ ਡੰਗ ਟਪਾਉਣ ਦਾ ਸਾਧਨ ਸੀਬੀਬੀ ਆਲਮਾ ਨੇ ਬੇਹੱਦ ਗੁਰਬਤ ਵਾਲਾ ਜੀਵਨ ਬਤੀਤ ਕੀਤਾ ਅਤੇ ਆਪਣੀ ਮਿਹਨਤ ਨਾਲ ਆਪਣੇ ਛੇਆਂ ਧੀਆਂ ਪੁੱਤਰਾਂ ਦਾ ਪਾਲਣ-ਪੋਸਣ ਕੀਤਾ, ਪਰ ਉਸਨੇ ਕਦੀ ਵੀ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ

ਭਾਵੇਂ ਬੀਬੀ ਆਲਮਾ ਨੂੰ ਇਸ ਜਹਾਨ ਤੋਂ ਰੁਖਸਤ ਹੋਇਆਂ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਮੇਰਿਆਂ ਚੇਤਿਆਂ ਵਿੱਚ ਅੱਜ ਵੀ ਬੀਬੀ ਆਲਮਾ ਉਵੇਂ ਹੀ ਵਸੀ ਹੋਈ ਹੈਅੱਜ ਵੀ ਜਦੋਂ ਕਦੇ ਮੈਂ ਆਪਣੇ ਪਿੰਡ ਹਰਪੁਰੇ ਬੀਬੀ ਆਲਮਾ ਦੇ ਘਰ ਅੱਗੋਂ ਲੰਗਦਾ ਹਾਂ ਤਾਂ ਇਵੇਂ ਲੱਗਦਾ ਹੈ ਕਿ ਹੁਣੇ ਹੀ ਬੀਬੀ ਆਲਮਾ ਆ ਮਿਲੇਗੀ ਅਤੇ ਲਾਡ ਲਡਾਉਂਦੀ ਹੋਈ ਢੇਰ ਸਾਰੀਆਂ ਅਸੀਸਾਂ ਅਤੇ ਦੁਵਾਵਾਂ ਨਾਲ ਮੇਰੀ ਝੋਲੀ ਭਰ ਦੇਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1853)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਇੰਦਰਜੀਤ ਸਿੰਘ ਬਾਜਵਾ

ਇੰਦਰਜੀਤ ਸਿੰਘ ਬਾਜਵਾ

Harpura, Batala, Gurdaspur, Punjab, India.
Phone: (91 - 98155 - 77574)
Email: (isbajwapro@gmail.com)