MandeepSheron7ਮਾਸਟਰ ਜੀ, ਬਹੁਤਾ ਸੋਚੋ ਨਾ, ਬੱਸ ਹੀਲਾ ਕਰੋ। ਆਪਾਂ ਦਸਵੀਂ ...
(29 ਅਕਤੂਬਰ 2019)

 

ਅਧਿਆਪਨ ਦੇ ਕਿੱਤੇ ਨਾਲ ਸੰਬੰਧਿਤ ਹੋਣ ਕਰਕੇ ਮੇਰਾ ਵਾਹ ਅਕਸਰ ਹੀ ਸਾਥੀ ਅਧਿਆਪਕਾਂ, ਲੇਖਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਪੈਂਦਾ ਰਹਿੰਦਾ ਹੈਹਰ ਕੋਈ ਆਪਣੇ ਕਿੱਤੇ ਅਤੇ ਮਾਨਸਿਕਤਾ ਅਨੁਸਾਰ ਗੱਲ ਕਰਦਾ ਹੈਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਦੀ ਗੱਲ ਸਾਨੂੰ ਜਚੇਕਈ ਵਾਰ ਕਿਸੇ ਦੀ ਗੱਲ ਉੱਤੇ ਸੋਚਣਾ ਵੀ ਪੈ ਸਕਦਾ ਹੈ ਅਤੇ ਕਈਆਂ ਦੀ ਗੱਲ ਵੈਸੇ ਹੀ ਮਨ ਨੂੰ ਲੱਗ ਜਾਂਦੀ ਹੈ

ਪੰਜ-ਛੇ ਸਾਲ ਪੁਰਾਣੀ ਗੱਲ ਹੈਉਦੋਂ ਮੈਂ ਟਿਊਸ਼ਨਾਂ ਪੜ੍ਹਾਉਂਦਾ ਹੁੰਦਾ ਸੀਨਵੰਬਰ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਮੇਰੇ ਕੋਲ ਦੋ ਪੈਂਤੀ-ਚਾਲੀ ਸਾਲ ਦੀ ਉਮਰ ਦੇ ਦੋ ਵਿਅਕਤੀ ਇੱਕ ਦਸਵੀਂ ਜਮਾਤ ਦੇ ਵਿਦਿਆਰਥੀ ਨੂੰ ਲੈ ਕੇ ਆਏ ਅਤੇ ਟਿਊਸ਼ਨ ਪੜ੍ਹਾਉਣ ਲਈ ਬੇਨਤੀ ਕਰਨ ਲੱਗੇਗੱਲਾਂ ਕਰਦਿਆਂ ਪਤਾ ਲੱਗਾ ਕਿ ਇੱਕ ਮੁੰਡੇ ਦਾ ਪਿਓ ਸੀ ਅਤੇ ਦੂਜਾ ਚਾਚਾਸ਼ਾਇਦ ਪਿਓ ਦੇ ਘੱਟ ਪੜ੍ਹਿਆ ਹੋਣ ਕਰਕੇ ਮੁੰਡਾ ਮੇਰੇ ਨਾਲ ਗੱਲਬਾਤ ਕਰਨ ਖਾਤਰ ਆਪਣੇ ਚਾਚੇ ਨੂੰ ਨਾਲ ਲਿਆਇਆ ਸੀਚਾਹ-ਪਾਣੀ ਪੀਂਦਿਆਂ ਹੀ ਗੱਲ ਤੁਰੀ ਤੇ ਚਾਚਾ ਬੋਲਿਆ, “ਦੇਖੋ ਮਾਸਟਰ ਜੀ, ਪੜ੍ਹਾਉਣਾ ਤਾਂ ਤੁਹਾਡੇ ਕੋਲ ਈ ਆ, ਜਿਵੇਂ ਮਰਜ਼ੀ ਕਰੋ।”

ਮੈਂ ਉਨ੍ਹਾਂ ਨੂੰ ਨਾਂਹ-ਨੁੱਕਰ ਇਸ ਕਰਕੇ ਕਰ ਰਿਹਾ ਸੀ ਕਿਉਂਕਿ ਅਖੀਰਲੇ ਤਿੰਨ ਮਹੀਨਿਆਂ ਵਿੱਚ ਸਾਰਾ ਪਾਠਕ੍ਰਮ ਕਰਵਾਉਣਾ ਮੁਸ਼ਕਿਲ ਸੀਦੁਬਾਰਾ ਫਿਰ ਉਨ੍ਹਾਂ ਨੇ ਮਿੰਨਤ ਕੀਤੀ, “ਜਿੰਨਾ ਵੀ ਹੁੰਦਾ ਹੈ, ਕਰੋਬੱਸ ਪਾਸ ਹੋਣਾ ਚਾਹੀਦਾ ਐ।”

ਇੰਨਾ ਸੁਣ ਕੇ ਮੈਂ ਉਨ੍ਹਾਂ ਨੂੰ ਹਾਮੀ ਭਰ ਦਿੱਤੀ

ਮੇਰੀ ਹਾਂ ਸੁਣਦਿਆਂ ਹੀ ਮੁੰਡੇ ਦਾ ਪਿਓ ਬੋਲਿਆ, “ਮਾਸਟਰ ਜੀ, ਆਹ ਥੋਡੇ ਸਾਬ੍ਹ ਨਾਲ ਫੀਸ ਵੀ ਦੱਸ ਈ ਦਿਓ ਜ਼ਰਾ ਸਾਨੂੰ ਹੁਣ।”

ਮੈਂ ਕਿਹਾ, “ਜੀ, ਅੱਠ ਸੌ ਰੁਪਏ ਮਹੀਨਾ।”

ਓ ਨਾ-ਨਾ ਮਾਸਟਰ ਜੀ, ਇਹ ਤਾਂ ਬਹੁਤ ਜ਼ਿਆਦਾ ਐਬੱਸ ਪਾਸ ਹੋਣ ਜੋਗਾ ਈ ਤਾਂ ਕਰਾਉਣਾ ਐ ਮੁੰਡੇ ਨੂੰ।” ਇਕਦਮ ਮੁੰਡੇ ਦਾ ਚਾਚਾ ਬੋਲਿਆਮੈਂ ਕਿਹਾ, “ਦੇਖੋ ਸਰ, ਜਮਾਤ ਅਨੁਸਾਰ ਫੀਸ ਤਾਂ ਇਹੀ ਬਣਦੀ ਐ, ਤੁਸੀਂ ...।” ਗੱਲ ਕੱਟਦਾ ਹੋਇਆ ਮੁੰਡੇ ਦਾ ਪਿਓ ਬੋਲਿਆ, “ਸਾਡੇ ਸਾਬ੍ਹ ਨਾਲ ਤਾਂ ਪੰਜ ਸੌ ਈ ਬਣਦਾ ਮਾਸਟਰ ਜੀਅਸੀਂ ਤਾਂ ਆਹੀ ਦੇਵਾਂਗੇ।” ਇੰਨਾ ਕਹਿੰਦੇ ਹੋਏ ਉਹ ਬਾਹਰ ਨੂੰ ਤੁਰ ਪਏਮੈਂ ਵੀ ਬਹੁਤੀ ਬਹਿਸ ਵਿੱਚ ਨਾ ਪੈਂਦਾ ਹੋਇਆ ਮੁੰਡੇ ਨੂੰ ਕੱਲ੍ਹ ਤੋਂ ਭੇਜਣ ਲਈ ਕਹਿ ਕੇ ਚੁੱਪ ਕਰ ਗਿਆ

**

ਮੁੰਡੇ ਨੂੰ ਪੜ੍ਹਾਉਂਦਿਆਂ ਮੈਂਨੂੰ ਤਿੰਨ ਮਹੀਨੇ ਬੀਤ ਗਏ ਸਨਬੋਰਡ ਨੇ ਪੇਪਰਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਸੀਪੇਪਰ ਸ਼ੁਰੂ ਹੋਣ ਤੋਂ ਹਫ਼ਤਾ ਕੁ ਪਹਿਲਾਂ ਉਹ ਦੋਵੇਂ ਭਰਾ ਫਿਰ ਇੱਕ ਦਿਨ ਮੁੰਡੇ ਨੂੰ ਨਾਲ ਲੈ ਕੇ ਮੇਰੇ ਕੋਲ ਆ ਗਏਮੇਰੇ ਨਾਲ ਹੱਥ ਮਿਲਾਉਂਦਿਆਂ ਹੀ ਮੁੰਡੇ ਦਾ ਚਾਚਾ ਬੋਲਿਆ, “ਮੈਂ ਕਿਹਾ, ਚਲੋ ਮਾਸਟਰ ਜੀ ਕੋਲ ਜਾ ਆਈਏ ... ਹਿਸਾਬ-ਕਿਤਾਬ ਕਰ ਦੇਵਾਂਗੇਨਾਲੇ ਮੁੰਡੇ ਦੀ ਰਿਪੋਰਟ ਲਵਾਂਗੇ ਕਿ ਕੁਝ ਕਰਦਾ ਵੀ ਐ ਕਿ ਨਹੀਂ?”

ਮੈਂ ਉਨ੍ਹਾਂ ਨੂੰ ਬੈਠਣ ਲਈ ਇਸ਼ਾਰਾ ਕਰਦਿਆਂ ਕਿਹਾ, “ਵਧੀਆ ਗੱਲ ਐ ਜੀ ਤੁਸੀਂ ਗੇੜਾ ਮਾਰਿਆ, ਵੈਸੇ ਪਾਸ ਤਾਂ ਹੋ ਈ ਜਾਊ ਮੁੰਡਾ ਤੁਹਾਡਾ।” ਇੰਨਾ ਸੁਣਦੇ ਹੀ ਮੁੰਡੇ ਦਾ ਚਾਚਾ ਮੇਰੇ ਹੋਰ ਨੇੜੇ ਹੋ ਕੇ ਬੋਲਿਆ, “ਪਾਸ ਤਾਂ ਤੁਸੀਂ ਕਰਾਉਣਾ ਈ ਆ ਜੀ ਇਹਨੂੰ, ਬੱਸ ਪੈਸੇ ਦੀ ਪਰਵਾਹ ਨਹੀਂ ਕਰਨੀ।”

ਮੈਂ ਹੈਰਾਨ ਹੋਇਆ ਕਿ ਇਹ ਓਹੀ ਫੀਸ ਘੱਟ ਕਰਾਉਣ ਵਾਲਾ ਬੰਦਾ ਐ? ਉਹ ਵਿਅਕਤੀ ਫਿਰ ਬੋਲਿਆ, “ਮਾਸਟਰ ਜੀ, ਬਹੁਤਾ ਸੋਚੋ ਨਾ, ਬੱਸ ਹੀਲਾ ਕਰੋਆਪਾਂ ਦਸਵੀਂ ਕਢਵਾਉਣੀ ਐਂ ਐਤਕੀਂ ਇਹਦੀ ...।”

ਮੈਂ ਸਮਝਾਇਆ ਕਿ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ, ਬਹੁਤ ਸਖ਼ਤਾਈ ਹੋ ਚੁੱਕੀ ਹੈਅਜਿਹਾ ਕੰਮ ਨਹੀਂ ਹੋਣਾ ਅਤੇ ਨਾ ਹੀ ਕੋਈ ਅਜਿਹਾ ਬੰਦਾ ਮੇਰੀ ਨਿਗਾਹ ਵਿੱਚ ਹੈਪਰ ਉਹ ਨਾ ਟਲੇਉਹਨਾਂ ਨੇ ਜਬਰਦਸਤੀ ਮੇਰੇ ਹੱਥ ਵਿੱਚ ਬਿਨਾ ਗਿਣੇ ਪੰਜ-ਪੰਜ ਸੌ ਦੇ ਕਈ ਨੋਟ ਰੱਖੇ ਅਤੇ ਬਾਹਰ ਵੱਲ ਨੂੰ ਚੱਲ ਪਏਮੈਂ ਆਪਣੀ ਫੀਸ ਦੇ ਪੈਸੇ ਕੱਟ ਕੇ ਬਾਕੀ ਬਚਦੇ ਨੋਟ ਲੈ ਕੇ ਤੇਜ਼ੀ ਨਾਲ ਉਨ੍ਹਾਂ ਦੇ ਪਿੱਛੇ ਬਾਹਰ ਗਿਆ ਤੇ ਕਿਹਾ, “ਜੀ ਮੇਰੇ ਹਿਸਾਬ ਨਾਲ ਜਿੰਨੀ ਫੀਸ ਬਣਦੀ ਸੀ ਮੈਂ ਕੱਟ ਲਈ, ਆਹ ਬਾਕੀ ਤੁਸੀਂ ਰੱਖੋ ਆਪਣੇ ਪੈਸੇ।”

ਮੋਟਰਸਾਇਕਲ ਸਟਾਰਟ ਕਰਦੇ ਹੋਏ ਮੁੰਡੇ ਦਾ ਪਿਓ ਬੋਲਿਆ, “ਓਹੋ ... ਮਾਸਟਰ ਜੀ, ਥੋਡੇ ਸਾਬ੍ਹ ਦੀ ਨਾ ਸਹੀ, ਸਾਡੇ ਸਾਬ੍ਹ ਦੀ ਫੀਸ ਸਮਝ ਕੇ ਈ ਰੱਖ ਲਉ।”

ਮੈਂ ਹੁਣ ਚੁੱਪ ਸੀ ਅਤੇ ਉਨ੍ਹਾਂ ਦੇ ਹਿਸਾਬ ਦੀ ਫੀਸ ਅਤੇ ਆਪਣੇ ਹਿਸਾਬ ਦੀ ਫੀਸ ਵਿੱਚ ਫਰਕ ਨਹੀਂ ਸੀ ਸਮਝ ਪਾ ਰਿਹਾ ...

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1789)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮਨਦੀਪ ਸਿੰਘ ਸ਼ੇਰੋਂ

ਮਨਦੀਪ ਸਿੰਘ ਸ਼ੇਰੋਂ

Phone: (91 - 73076 - 25006)
Email: (mandeepsunny59@gmail.com)