BalwinderBrar7ਜਦੋਂ ਮੈਂ ਪੰਜਾਬ ਤੋਂ ਫੇਰੀ ਪਾ ਕੇ ਵਾਪਸ ਕਨੇਡਾ ਪਰਤਦੀ ਹਾਂ ਤਾਂ ਬਹੁਤੇ ਪਰਵਾਸੀ ਇਕ ਸਵਾਲ ਪੁੱਛਦੇ ਨੇ ਕਿ ...
(ਜਨਵਰੀ 24, 2016)

 

ਸੁਣਿਆ ਹੈ ਇਕ ਵਾਰੀ ਕੋਈ ਜੱਟ ਪੰਸਾਰੀ ਦੀ ਹੱਟੀ ਲੌਂਗ ਲੈਣ ਗਿਆ, ਪੰਜ ਰੁਪਈਏ ਬਾਣੀਏ ਨੂੰ ਫੜਾਏ ਤਾਂ ਅੱਗੋਂ ਪੰਜ ਸੱਤ ਲੌਂਗ ਬਾਣੀਏ ਨੇ ਜੱਟ ਦੀ ਹਥੇਲੀ ਉੱਤੇ ਧਰ ਦਿੱਤੇ। ਜੱਟ ਉਹਨਾਂ ਲੌਂਗਾਂ ਦਾ ਫੱਕਾ ਮਾਰ ਕੇ ਦੁਕਾਨ ਮੂਹਰੇ ਚਾਦਰਾ ਵਿਛਾ ਕੇ ਬੈਠ ਗਿਆ। ਬਾਣੀਆਂ ਕਹਿੰਦਾ ਕੀ ਗੱਲ? ਜੱਟ ਆਖੇ ਲੌਂਗ ਢੇਰੀ ਕਰ, ਉਹ ਤਾਂ ਮੈਂ ਸਵਾਦ ਦੇਖਦਾ ਹੀ ਖਾ ਗਿਆ। ਇਹ ਕਹਾਣੀ ਉਸ ਮਨੁੱਖ ਦੇ ਸੁਭਾਅ ਦੀ ਸੂਚਕ ਹੈ, ਜਿਸ ਮਨੁੱਖ ਦਾ ਵਾਹ ਲੰਮੇ ਅਰਸੇ ਤੋਂ ਬੋਹਲਾਂ ਨਾਲ, ਮਿੱਟੀ ਨਾਲ, ਡੰਗਰਾਂ ਨਾਲ ਜਾਂ ਕੁਦਰਤ ਵਲੋਂ ਬਿਨਾਂ ਮਿਣੇ-ਤੋਲੇ ਬਖਸ਼ੀ ਬਾਰਸ਼, ਧੁੱਪ, ਛਾਂ ਨਾਲ ਪੈਂਦਾ ਰਿਹਾ ਹੈ ਹੁਣ ਤਕ ਇਸੇ ਤਰ੍ਹਾਂ ਪਲਦੀ ਆ ਰਹੀ ਮਾਨਸਿਕਤਾ ਅੱਜ ਦੀ ਮਿਣ-ਤੋਲ ਕੇ ਚਲਦੀ ਸੋਚ ਨਾਲ ਟਕਰਾ ਕੇ ਮੂਧੇ ਮੂੰਹ ਡਿਗਦੀ ਨਜ਼ਰ ਆ ਰਹੀ ਹੈ ਅੱਜ ਜਦੋਂ ਇਕ ਕਦਮ ਚੱਲਣ ਲਈ ਦੋ ਗਜ਼ ਧਰਤੀ ਸੁੰਭਰਨੀ ਪੈ ਰਹੀ ਹੈ ਤਾਂ ਇਹ ਜੱਟ-ਸੌਦਾ ਓਨਾ ਹੀ ਫੇਲ ਹੋਇਆ ਲਗਦਾ ਹੈ। ਚਾਹੇ ਇਸ ਸੌਦੇ ਵਿਚ ਵੀ ਨਫੇ ਨੁਕਸਾਨ ਦਾ ਲੇਖਾ ਜੋਖਾ ਇਕ ਵੱਖਰਾ ਵਿਸ਼ਾ ਹੈ ਪਰ ਹਾਲ ਦੀ ਘੜੀ ਮਾਰਚ ਦੇ ਮਹੀਨੇ ਤਕ ਪੂਰੇ ਸਾਲ ਦੀ ਕਮਾਈ ਦੇ ਵਹੀ ਖਾਤੇ ਫਰੋਲਣ ਦਾ ਵੇਲਾ ਹੋ ਨਿੱਬੜਦਾ ਹੈ

ਜਦੋਂ ਮੈਂ ਪੰਜਾਬ ਤੋਂ ਫੇਰੀ ਪਾ ਕੇ ਵਾਪਸ ਕਨੇਡਾ ਪਰਤਦੀ ਹਾਂ ਤਾਂ ਬਹੁਤੇ ਪਰਵਾਸੀ ਇਕ ਸਵਾਲ ਪੁੱਛਦੇ ਨੇ ਕਿ ਪੰਜਾਬੀਆਂ ਹੱਥ ਕਿਹੜੀ ਗਿੱਦੜਸਿੰਗੀ ਲੱਗੀ ਹੈ, ਵੱਡੀਆਂ-ਵੱਡੀਆਂ ਕਾਰਾਂ ਦੀ ਭੀੜ ਸੜਕਾਂ ’ਤੇ ਖਹਿੰਦੀ ਫਿਰਦੀ ਹੈ? ਵੱਡੀਆਂ-ਵੱਡੀਆਂ ਕੋਠੀਆਂ, ਪੈਰ-ਪੈਰ ’ਤੇ ਮੈਰਿਜ ਪੈਲਿਸਾਂ ਵਿਚਲਾ ਧੂਮ-ਧੜੱਕਾ, ਵਿਆਹਾਂ ’ਤੇ ਕਰਜ਼ਾ ਚੁੱਕ ਕੇ ਕੀਤਾ ਖਰਚਾ ਇੰਨੀ ਖੁਸ਼ਹਾਲੀ ਬਿਨਾਂ ਮਿਹਨਤ ਤੋਂ ਕਿਵੇਂ ਹੱਥ ਲੱਗ ਗਈ? ਸਭ ਤੋਂ ਵੱਧ ਹੈਰਾਨੀ ਜਵਾਨ ਪੀੜ੍ਹੀ ’ਤੇ ਹੁੰਦੀ ਹੈ ਜਿਨ੍ਹਾਂ ਦੀ ਬਹੁਤੀ ਫੀਸਦੀ ਬਿਨਾਂ ਡੱਕਾ ਭੰਨੇ ਬਰੈਂਡਿਡ ਕੱਪੜਿਆਂ ਅਤੇ ਜੁੱਤੀਆਂ ਵਿਚ ਨਾਚ-ਗਾਣਿਆਂ ਜਾਂ ਮੋਬਾਇਲਾਂ ਨਾਲ ਰੁੱਝੀ ਹੋਈ ਹੈ ਕਈ ਮਾਪੇ ਔਲਾਦ ਦੇ ਦੁੱਖ ਸੁੱਖ ਜਰਨ ਦੀ ਥਾਂ ਸਾਹ ਲੈਣ ਦੀ ਤਕਲੀਫ ਵੀ ਹਰਨ ਤਕ ਆਪ ਅਪੜਨਾ ਚਾਹੁੰਦੇ ਹਨ ਅਜਿਹੀ ਸਥਿਤੀ ਵੇਖ ਕੇ ਸਭ ਮਨਾਂ ਅੰਦਰ ਆਉਣ ਵਾਲੇ ਸਮੇਂ ਵਿਚ ਇਸ ਪਨੀਰੀ ਦੀ ਸਮਰੱਥਾ ਅਤੇ ਸੰਭਾਵਨਾਵਾਂ ਬਾਰੇ ਜਗਿਆਸਾ ਸਿਰ ਚੁੱਕਦੀ ਹੈ ਕਿ ਇਹ ਜੋ ਮਾਪਿਆਂ ਦਾ ਪਿਆ ਲਫੇੜਾ ਨਹੀਂ ਜਰ ਸਕਦੇ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਕਿਵੇਂ ਕਰਨਗੇ?

ਪਹਿਲਾਂ ਤਾਂ ਸਰਫੇ ਦੀ ਇਸ ਔਲਾਦ, ਤਕਸੀਮ ਹੁੰਦੀ ਜ਼ਮੀਨ, ਨੈਤਿਕਤਾ ਜਾਂ ਧਰਮ ਰੁਚੀ ਦਾ ਡਿੱਗਦਾ ਮਿਆਰ, ਤਿੜਕਦੇ ਜਾਂ ਸਿਮਟਦੇ ਰਿਸ਼ਤੇ, ਨਿੱਜੀ ਹਿਤਾਂ ਲਈ ਭਾਈਚਾਰਕ ਸੰਬੰਧਾਂ ਵਲ ਕੀਤੀ ਪਿੱਠ ਆਦਿ ਸਭ ਰਲਕੇ ਮਨੁੱਖ ਦੀ ਜਿਉਣ ਦੀ ਲਾਲਸਾ ਨੂੰ ਖੋਰਾ ਲਾ ਰਹੀਆਂ ਹਨ ਦੂਜਾ, ਬਾਜ਼ਾਰ ਦੀ ਚਕਾਚੌਂਧ ਝੱਗਾ ਚੌੜ ਕਰਨ ਦੀ ਠਾਣੀ ਫਿਰਦੀ ਹੈ ਬਾਹਰਲੀਆਂ ਕੰਪਨੀਆਂ ਨੇ ਪੰਜਾਬ ਦੀ ਧਰਤੀ ਦਾ ਚੱਪਾ-ਚੱਪਾ ਪਰੁੰਨ੍ਹ ਕੇ ਖੇਤੀ ਹੇਠੋਂ ਖਿਸਕਾ ਲੈਣ ਦਾ ਇਕ ਨੁਕਾਤੀ ਪਰੋਗਰਾਮ ਉਲੀਕ ਰੱਖਿਆ ਹੈ ਜੱਟ ਖੇਤੀ ਤੋਂ ਬਿਨਾਂ ਹੋਰ ਧੰਦਾ ਸਿੱਖਣ ਤੋਂ ਹੁਣ ਤਕ ਇਨਕਾਰੀ ਰਿਹਾ ਹੈ। ਜ਼ਮੀਨਾਂ ਦਾ ਮੁੱਲ ਵੱਟ ਕੇ ਘਰ ਸਫਾਰੀਆਂ ਗੱਡੀਆਂ ਖੜ੍ਹੀਆਂ ਕਰਦਾ, ਮੋਢਿਆਂ ਉੱਤੋਂ ਦੀ ਥੁੱਕਦੀ ਫਿਰਦੀ ਔਲਾਦ ਹੱਥੋਂ ਦੁੱਭਰ ਖੁਦਕਸ਼ੀਆਂ ਦੀ ਪਗਡੰਡੀ ਫੜ ਰਿਹਾ ਹੈ ਜ਼ਮੀਨਾਂ ਵੇਚ ਕੇ ਆਪਣੀ ਆਮਦਨ ਦਾ ਹੀਲਾ ਹੋਰਨਾਂ ਹੱਥ ਕਰਕੇ ਇਹ ਸਿੱਧ ਕਰ ਰਿਹਾ ਹੈ ਕਿ ਮੱਝ ਵੇਚਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਚੁੱਕਣੀ ਪਈ ਉਸ ਨੂੰ ਚਾਰ ਛਿੱਲੜ ਦੇ ਕੇ ਕੰਪਨੀ ਵਾਲੇ ਆਖੀ ਜਾਂਦੇ ਨੇ ਆਪਣੇ ਨੈਣ ਮੈਨੂੰ ਦੇ ਦੇ, ਤੂੰ ਮਟਕਾਉਂਦਾ ਫਿਰ ਜਿਵੇਂ ਸਿਆਣੇ ਆਖਦੇ ਹਨ ਕਿ ਬਾਣੀਏ ਨੂੰ ਜ਼ਮੀਨ ਅਤੇ ਜੱਟ ਨੂੰ ਪੈਸਾ ਸਾਂਭਣ ਦਾ ਚੱਜ ਨਹੀਂ ਹੈ। ਇਹ ਇਸ ਵੇਲੇ ਦਾ ਸੱਚ ਹੋ ਰਿਹਾ ਹੈ ਇਉਂ ਅੱਜ ਦਾ ਇਹ ਮਟਕਾਉਣਾ ਕੱਲ੍ਹ ਨੂੰ ਮਹਿੰਗਾ ਪੈ ਸਕਦਾ ਹੈ

ਔਲਾਦ ਵੀ ਉਸਦੀ ਅਨਪੜ੍ਹਤਾ ਦਾ ਪੂਰਾ ਲਾਹਾ ਲੈ ਰਹੀ ਹੈ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਪੀ.ਜੀ. ਰਿਹਾਇਸ਼ਾਂ ਵਿਚ ਪਲਦੀ ਪਨੀਰੀ ਘਰੋਂ ਇਹ ਕਹਿ ਕੇ ਪੈਸਾ ਲੈ ਜਾਂਦੀ ਹੈ ਕਿ ਅਸੀਂ ਬਾਹਰਲੇ ਮੁਲਕ ਜਾਣ ਦਾ ਟੈਸਟ (ਆਇਲਟਸ) ਪਾਸ ਕਰਨਾ ਹੈਊਠ ਦਾ ਬੁੱਲ੍ਹ ਡਿਗਣ ਵਰਗੇ ਅਜਿਹੇ ਸੁਪਨੇ ਉਸਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ ਜ਼ਮੀਨ ਵੇਚ ਕੇ ਰੁਜ਼ਗਾਰ ਲਈ ਕੀਤਾ ਇਹ ਵਣਜ ਉਸ ਨੂੰ ਨਿਹੱਥਾ, ਨਿਕੰਮਾ ਤੇ ਬੇਰੁਜ਼ਗਾਰ ਕਰ ਰਿਹਾ ਹੈ ਪਿੱਛੇ ਜਿਹੇ ਅਖ਼ਬਾਰਾਂ ਵਿਚ ਇਸ ਸਬੰਧੀ ਕਈ ਆਰਟੀਕਲ ਪੜ੍ਹੇ ਹਨ, ਜਿਨ੍ਹਾਂ ਅਨੁਸਾਰ 27 ਹਜ਼ਾਰ ਲੜਕੀਆਂ ਚੰਡੀਗੜ੍ਹ-ਮੋਹਾਲੀ ਵਿਚ ਪੀ.ਜੀ. ਰਿਹਾਇਸ਼ ਲਈ ਆਈਆਂ ਹੋਈਆਂ ਹਨਜਿਨ੍ਹਾਂ ਨੇ ਇਸ ਥਾਂ ਦਾ ਮੁੱਲ ਪਾਈਏ ਤੋਂ ਪੰਸੇਰੀ ਕਰ ਧਰਿਆ ਹੈ। ਇਉਂ ਕਈਆਂ ਕੋਲ ਕਮਾਈ ਦੇ ਵੱਖ-ਵੱਖ ਚੰਗੇ ਮਾੜੇ ਸਾਧਨ ਇਕੱਠੇ ਹੋ ਰਹੇ ਹਨ ਪਰ ਬਹੁਤਿਆਂ ਹੱਥੋਂ ਇਹ ਸਰਕ ਰਹੇ ਹਨ ਦੋਹਾਂ ਵਿਚਕਾਰ ਨਾ ਪੂਰਨ ਵਾਲੀ ਖਾਈ ਹੋਰ ਡੂੰਘੀ, ਹੋਰ ਚੌੜੀ ਤੇ ਹੋਰ ਡਰਾਵਣੀ ਹੋਈ ਜਾ ਰਹੀ ਹੈ ਇਸ ਉੱਪਰ ਕੋਈ ਫਲਾਈ ਓਵਰ ਬਣਾਉਣ ਦੀ ਲੋੜ ਹੈ,ਕੋਈ ਪੁਲ ਚਾਹੀਦਾ ਹੈ,ਨਹੀਂ ਤਾਂ ਇਸਦੇ ਵਿਚੋਲੇ ਲੁੱਟ-ਲੁੱਟ ਖਾ ਜਾਣਗੇ

ਪੰਜਾਬ ਦੇ ਕਿਸਾਨ, ਜਵਾਨ, ਹਵਾ, ਪਾਣੀ, ਧਰਤੀ, ਧੀਆਂ ਸਭ ਮੌਤ ਦੇ ਰਾਹ ਤੁਰ ਪਏ ਹਨ ਫਜ਼ੂਲ ਖਰਚੀ, ਵਿਖਾਵਾ, ਅਨਪੜ੍ਹਤਾ ਜਿਹੀਆਂ ਅਲਾਮਤਾਂ ਅੰਦਰੋ-ਅੰਦਰੀ ਪਰਿਵਾਰਾਂ ਨੂੰ ਖੋਖਲਾ ਕਰ ਰਹੀਆਂ ਹਨ ਗੰਧਲੀ ਸਿਆਸਤ ਕੋਲ ਇਹ ਸਭ ਕੁਝ ਗੌਲਣ ਦੀ ਨਾ ਸਮਰੱਥਾ ਹੈ, ਨਾ ਸਮਾਂ ਹੈ, ਨਾ ਹੀ ਰੁਚੀ ਹੈ ਇਸ ਤਬਦੀਲ ਹੋ ਰਹੀ ਮਾਨਸਿਕਤਾ ਬਾਰੇ ਕਈ ਵਿਦਵਾਨ ਲਿਖ ਰਹੇ ਹਨ ਜਾਗਦੀ ਰੂਹ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਪੜ੍ਹਿਆਂ ਹੋਇਆਂ ਨੂੰ ਪੜ੍ਹਾਉਣ ਦਾ ਕੋਈ ਫਾਇਦਾ ਨਹੀਂ, ਇਹ ਸਭ ਕੁਝ ਅਨਪੜ੍ਹਾਂ ਕੋਲ ਆਪੋ-ਆਪਣੀ ਸਮਰੱਥਾ, ਵਿੱਤ, ਸੋਚ ਅਤੇ ਦਾਇਰਿਆਂ ਅਨੁਸਾਰ ਜਾ ਕੇ ਸਮਝਾਉਣਾ ਪਵੇਗਾ

ਮੇਰੀ ਅਪੀਲ ਹੈ ਜਾਗਦੀ ਸੋਚ ਵਾਲਿਆਂ ਲਈ ਕਿ ਕੋਈ ਸੰਸਥਾ, ਕੋਈ ਹੀਲਾ, ਕੋਈ ਹੰਭਲਾ ਜੁਟਾਓ ਤੇ ਇਨ੍ਹਾਂ ਸਭ ਤਕ ਪਹੁੰਚ ਕਰੋ। ਇਕ ਵਾਰੀ ਪਟਿਆਲੇ ਹੜ੍ਹ ਆਇਆ ਸੀ, ਸ਼ਹਿਰ ਨਾਲ ਵਸਦੇ ਸਭ ਪਿੰਡਾਂ ਦੇ ਵਾਸੀ ਸਿਰਾਂ ’ਤੇ ਰੋਟੀਆਂ ਢੋ ਕੇ ਲੱਕ-ਲੱਕ ਪਾਣੀ ਵਿੱਚੋਂ ਤੁਰ ਕੇ ਸਾਡੇ ਤਕ ਮਦਦ ਲਈ ਅੱਪੜੇ ਸਨ ਆਓ, ਆਪਾਂ ਵੀ ਇਹ ਹੋਕਾ ਆਪੋ-ਆਪਣੇ ਪਿੰਡਾਂ ਵਿਚ ਪਹੁੰਚਾਈਏ। ਘੱਟੋ-ਘੱਟ ਸਕੂਲ ਦੇ ਅਧਿਆਪਕਾਂ ਤਕ ਇਹੋ ਜਿਹੇ ਸੁਨੇਹੇ ਜ਼ਰੂਰ ਅੱਪੜਦੇ ਕਰੀਏ ਕੋਈ ਵਿਰਲਾ ਜ਼ਰੂਰ ਹਰ ਥਾਂ ਹੋਵੇਗਾ ਜੋ ਇਨਸਾਨੀਅਤ ਦੀ ਬਾਂਹ ਫੜਨੀ ਚਾਹ ਰਿਹਾ ਹੋਵੇਗਾ ਨਹੀਂ ਤਾਂ ਅਖ਼ਬਾਰਾਂ ਵਿਚ ਲਿਖੇ ਅੱਖਰ ਕਾਗਜ਼ ਦੇ ਸੀਨੇ ਤੇ ਫਿਰੀ ਸਿਆਹੀ ਹੋ ਕੇ ਰਹਿ ਜਾਣਗੇ

ਕੁਝ ਸਾਲ ਪਹਿਲਾਂ ਕੰਧਾਂ ਉੱਤੇ ‘ਹਮ ਦੋ - ਹਮਾਰੇ ਦੋ’ ਲਿਖਿਆ ਨਾਅਰਾ ਸਭ ਪੜ੍ਹਿਆਂ-ਲਿਖਿਆਂ ਨੇ ਪੜ੍ਹ ਲਿਆ ਸੀ। ਨਤੀਜੇ ਵਜੋਂ ਪੜ੍ਹੇ-ਲਿਖੇ ਪਰਿਵਾਰ ਸਿਮਟ ਗਏ, ਪਰ ਜਿਨ੍ਹਾਂ ਲਈ ਲਿਖਿਆ ਸੀ, ਉਹਨਾਂ ਦਾ ਪਰਨਾਲਾ ਓਥੇ ਦਾ ਓਥੇ ਹੀ ਰਿਹਾ ਹੈ

ਇਉਂ ਹੀ ਕਈ ਸਾਲ ਪਹਿਲਾਂ ਪਟਿਆਲਾ ਤਹਿਸੀਲ ਦੀ ਇਕ ਧੁਆਂਖੀ ਕੰਧ ’ਤੇ ਲਿਖਿਆ ਸੀ – ਅਨਪੜ੍ਹਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੰਗੂਠਾ ਏਥੇ ਨਾ ਪੂੰਝੋ ਜੀ - ਉਸ ਸਮੇਂ ਲਿਖਣ ਵਾਲੇ ਦੀ ਅਨਪੜ੍ਹਤਾ ਤੇ ਹਾਸਾ ਆਇਆ ਸੀ ਪਰ ਹੁਣ ਜੱਟਾਂ ਦੀ ਬੇਤਰਤੀਬੀ ਵਾਲੀ ਅਨਪੜ੍ਹਤਾ ਵੇਖ ਕੇ ਹਾਸੇ ਦਾ ਤਮਾਸ਼ਾ ਨਜ਼ਰ ਆ ਰਿਹਾ ਹੈ ਆਓ ਰਲ ਕੇ ਇਸ ਬੇਤਰਤੀਬੀ ਨੂੰ ਤਰਤੀਬ ਦੇਈਏ। ਜੱਟ ਨੂੰ ਲੌਂਗ ਦਾ ਭਾਅ ਦੱਸ ਹੀ ਆਈਏ, ਜਿਸ ਨੂੰ ਖਰੀਦਣ ਲੱਗਿਆਂ ਉਹ ਗਿਣਤੀ-ਮਿਣਤੀ ਜ਼ਰੂਰ ਕਰ ਲਵੇ

*****

(164)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਬਲਵਿੰਦਰ ਕੌਰ ਬਰਾੜ

ਡਾ. ਬਲਵਿੰਦਰ ਕੌਰ ਬਰਾੜ

Calgary, Alberta, Canada.
Email: (brarbk@yahoo.com)