RavinderBittu7ਇਹ ਨਵਾਂ ਮੋਟਰਸਾਈਕਲ ਹੁਣ ਮੈਂਨੂੰ ਮੇਰੇ ਪਾਪਾ ਨੇ ਨਹੀਂ ਸਗੋਂ ਮੈਂ ਆਪਣੇ ਪਾਪਾ ਨੂੰ ...
(12 ਅਪਰੈਲ 2019)

 

ਇਹ ਘਟਨਾ ਮੇਰੇ ਸੈਕੰਡਰੀ ਸਕੂਲ ਬਰ੍ਹੇ ਜ਼ਿਲ੍ਹਾ ਮਾਨਸਾ ਦੀ ਹੈ ਬਰ੍ਹੇ ਦੇ ਨੇੜਲੇ ਪਿੰਡ ਟਾਹਲੀਆਂ ਦਾ ਬੱਗਾ ਸਿੰਘ ਕਿਸੇ ਹੋਰ ਸਕੂਲ ਦਾ ਵਿਦਿਆਰਥੀ ਸੀ ਰਾਈਟ ਟੂ ਐਜੂਕੇਸ਼ਨ ਐਕਟ ਤਹਿਤ ਬਿਨਾਂ ਪੜ੍ਹਿਆਂ ਲਗਾਤਾਰ ਅੱਠ ਕਲਾਸਾਂ ਪਾਸ ਕਰਨ ਤੋਂ ਬਾਅਦ ਨੌਵੀਂ ਕਲਾਸ ਵਿੱਚ ਲਗਾਤਾਰ ਦੋ ਵਾਰ ਫੇਲ ਹੋਣ ਤੇ ਤੀਸਰੀ ਵਾਰ ਸਕੂਲ ਵਾਲਿਆਂ ਨੇ ਇਸ ਸ਼ਰਤ ’ਤੇ ਪਾਸ ਕਰ ਦਿੱਤਾ ਕਿ ਉਹ ਦਸਵੀਂ ਕਲਾਸ ਵਿੱਚ ਦਾਖ਼ਲਾ ਉਨ੍ਹਾਂ ਦੇ ਸਕੂਲ ਵਿੱਚ ਨਹੀਂ ਲਵੇਗਾ ਕਿਸੇ ਹੋਰ ਸਕੂਲ ਵਿੱਚ ਦਸਵੀਂ ਦਾ ਦਾਖਲਾ ਲੈ ਲਵੇਗਾ ਪਿਛਲੇ ਸਕੂਲ ਵਿੱਚੋਂ ਨੌਵੀਂ ਪਾਸ ਦਾ ਸਰਟੀਫਿਕੇਟ ਲੈ ਕੇ ਦਸਵੀਂ ਕਲਾਸ ਵਿੱਚ ਮੇਰੇ ਸਕੂਲ ਦਾਖਲ ਹੋ ਗਿਆ ਬੱਗਾ ਸਿੰਘ ਪੜ੍ਹਾਈ ਵਿੱਚ ਬੇਹੱਦ ਨਾਲਾਇਕ ਅਤੇ ਰੋਜ਼ਾਨਾ ਸਕੂਲੋਂ ਭੱਜਣ ਵਾਲਾ ਵਿਦਿਆਰਥੀ ਸੀ ਸਕੂਲੋਂ ਭੱਜਣਾ ਉਸਦੀ ਆਦਤ ਸੀ

ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਸਟੇਜ ਤੇ ਬੁਲਾ ਕੇ ਖੜ੍ਹੇ ਕਰਨਾ ਅਤੇ ਸਜ਼ਾ ਦੇਣਾ ਮੇਰੀ ਡਿਊਟੀ ਸੀ ਸਜ਼ਾ ਦੇ ਤੌਰ ’ਤੇ ਰੋਜ਼ਾਨਾ ਪੌਦਿਆਂ ਵਿੱਚ ਪਾਣੀ ਪਵਾਉਣਾ ਅਤੇ ਸਟੇਡੀਅਮ ਦੇ ਟਰੈਕ ਵਿੱਚ ਚਾਰ ਚਾਰ ਚੱਕਰ ਲਗਾਉਣੇ ਮੇਰਾ ਰੋਜ਼ਾਨਾ ਦਾ ਪੱਕਾ ਕੰਮ ਸੀ ਦੇਖਦੇ ਹੀ ਦੇਖਦੇ ਰੋਜ਼ਾਨਾ ਸਕੂਲ ਵਿੱਚੋਂ ਦੌੜਨ ਵਾਲਾ ਇਹ ਵਿਦਿਆਰਥੀ ਟਰੈਕ ਦਾ ਦੌੜਾਕ ਬਣ ਗਿਆ ਉਸ ਨੂੰ ਟਰੈਕ ਵਿੱਚ ਦੌੜਨ ਦੀ ਅਜਿਹੀ ਲਲਕ ਪਈ ਕਿ ਉਹ ਸਕੂਲ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜ਼ੋਨ ਪੱਧਰ, ਜ਼ਿਲ੍ਹਾ ਪੱਧਰ, ਸਟੇਟ ਪੱਧਰ ਤੱਕ ਦੌੜਦਾ ਦੌੜਦਾ ਨੈਸ਼ਨਲ ਪੱਧਰ ਦਾ ਪੰਦਰਾਂ ਸੌ ਮੀਟਰ, ਪੰਜ ਹਜ਼ਾਰ ਮੀਟਰ ਅਤੇ ਕਰਾਸ ਕੰਟਰੀ ਦਾ ਵਧੀਆ ਅਥਲੀਟ ਬਣ ਗਿਆ ਪ੍ਰੰਤੂ ਉਹ ਪੜ੍ਹਾਈ ਵਿੱਚ ਬੇਹੱਦ ਦਰਜੇ ਦਾ ਨਾਲਾਇਕ ਹੀ ਸੀ

ਸਕੂਲ ਵਿੱਚ ਪ੍ਰੀ ਬੋਰਡ ਦੇ ਪੇਪਰਾਂ ਵਿੱਚ ਕੋਈ ਵਧੀਆ ਪ੍ਰਾਪਤੀ ਨਾ ਕਰਨ ’ਤੇ ਇੱਕ ਦਿਨ ਉਸ ਦੇ ਪਿਤਾ ਜੀ ਸਕੂਲ ਆਏ ਤੇ ਮੈਂਨੂੰ ਮਿਲ ਕੇ ਆਖਣ ਲੱਗੇ ਕਿ ਇਸ ਦੇ ਵਾਰ ਵਾਰ ਫੇਲ ਹੋਣ ਤੋਂ ਪਰੇਸ਼ਾਨ ਹਾਂ ਉਸ ਦੇ ਪਿਤਾ ਨੇ ਕਿਹਾ ਕਿ ਮੈਂ ਇਸ ਨੂੰ ਪੱਕੇ ਪੇਪਰਾਂ ਦੇ ਰਿਜ਼ਲਟ ਤੋਂ ਬਾਅਦ ਮੋਟਰਸਾਈਕਲ ਲੈ ਕੇ ਦੇਵਾਂਗਾ ਮੈਂ ਹੈਰਾਨ ਹੋ ਕੇ ਪੁੱਛਿਆ ਕਿ ਮੋਟਰਸਾਈਕਲ ਕਿਉਂ? ਉਸ ਨੇ ਕਿਹਾ ਕਿ ਜੇ ਇਸ ਸਾਲ ਦਸਵੀਂ ਪਾਸ ਕਰ ਗਿਆ ਤਾਂ ਇਸ ਨੂੰ ਗਿਆਰ੍ਹਵੀਂ ਕਲਾਸ ਵਿੱਚ ਸਕੂਲ ਆਉਣ ਜਾਣ ਲਈ ਕੰਮ ਆਵੇਗਾ ਜੇ ਫੇਲ ਹੋ ਗਿਆ ਤਾਂ ਦੁੱਧ ਵਾਲੇ ਦੋ ਢੋਲ ਵੀ ਲੈ ਕੇ ਦੇਵਾਂਗਾ ਫਿਰ ਮੋਟਰਸਾਈਕਲ ਤੇ ਘਰ ਘਰ ਦੁੱਧ ਇਕੱਠਾ ਕਰ ਕੇ ਬੁਢਲਾਡਾ ਮੰਡੀ ਘਰ ਘਰ ਦੁੱਧ ਵੇਚ ਕੇ ਆਇਆ ਕਰੇਗਾ ਅਤੇ ਉਸਨੇ ਇਹ ਵੀ ਕਿਹਾ ਕਿ ਜੇ ਮੋਟਰਸਾਈਕਲ ਨਾ ਖਰੀਦ ਕੇ ਦੇ ਸਕਿਆ ਤਾਂ ਕੁਝ ਭੇਡਾਂ ਬੱਕਰੀਆਂ ਖਰੀਦ ਕੇ ਦੇਵਾਂਗਾ ਇਹ ਕੰਮ ਵੀ ਸਾਡੇ ਗਰੀਬਾਂ ਵਾਸਤੇ ਵਧੀਆ ਹੈ ਇਸ ਨੂੰ ਇੱਕ ਢਾਂਗੀ ਬਣਾ ਕੇ ਦੇਵਾਂਗਾ ਭੇਡਾਂ ਬੱਕਰੀਆਂ ਦੀ ਰਾਖੀ ਕਰ ਲਿਆ ਕਰੇਗਾ

ਮੋਟਰਸਾਈਕਲ ਉੱਤੇ ਸਕੂਲ ਆਉਣ ਵਾਲੀ ਗੱਲ ਤਾਂ ਮੈਂਨੂੰ ਕੁਝ ਹੱਦ ਤੱਕ ਚੰਗੀ ਲੱਗੀ ਪ੍ਰੰਤੂ ਦੁੱਧ ਵੇਚਣ ਅਤੇ ਭੇਡਾਂ ਦੀ ਰਾਖੀ ਕਰਨ ਵਾਲੀ ਗੱਲ ਨੇ ਮੈਂਨੂੰ ਕਾਫੀ ਪ੍ਰੇਸ਼ਾਨ ਕਰਦੀ ਜਾਪੀ! ਬੱਗਾ ਸਿੰਘ ਦੇ ਵਧੀਆ ਐਥਲੀਟ ਬਣਨ ਕਰਕੇ ਮੇਰੇ ਨਾਲ ਕਾਫ਼ੀ ਨੇੜਤਾ ਹੋ ਗਈ ਸੀ ਮੈਂ ਉਸ ਨੂੰ ਪਿਆਰ ਨਾਲ ਭੇਡਾਂ ਬੱਕਰੀਆਂ ਦੀ ਰਾਖੀ ਅਤੇ ਘਰ ਘਰ ਦੁੱਧ ਵੇਚਣ ਦੀ ਮਿਹਨਤ ਬਾਰੇ ਦੱਸਿਆ ਕਿ ਕਿੰਨਾ ਮੁਸ਼ਕਲ ਕੰਮ ਹੈ, ਪੁੱਤਰਾ ਤੂੰ ਪੜ੍ਹਾਈ ਵੱਲ ਧਿਆਨ ਦੇ. ਨਹੀਂ ਤਾਂ ਬਹੁਤ ਔਖਾ ਹੋਵੇਗਾ

ਜ਼ਿਲ੍ਹਾ ਪੱਧਰ ’ਤੇ ਬੈਸਟ ਅਥਲੀਟ ਬਣਨ ਕਰਕੇ ਸਕੂਲ ਦਾ ਨਾਮ ਚਮਕਾਉਣ ਕਰਕੇ ਬਾਕੀ ਅਧਿਆਪਕ ਵੀ ਉਸ ਨੂੰ ਪਿਆਰ ਕਰਨ ਲੱਗ ਪਏ ਸਨ ਸਕੂਲੋਂ ਦੌੜਨਾ ਵੀ ਉਸ ਨੇ ਬੰਦ ਕਰ ਦਿੱਤਾ ਸੀ ਦਸਵੀਂ ਕਲਾਸ ਦੇ ਪੱਕੇ ਪੇਪਰਾਂ ਵਿੱਚੋਂ ਅਨੇਕਾਂ ਸਿਫਾਰਸ਼ਾਂ ਕਰਨ ’ਤੇ ਵੀ ਦੋ ਪੇਪਰਾਂ ਵਿੱਚੋਂ ਰੀਅਪੀਅਰ ਆ ਗਈ ਰੀਅਪੀਅਰ ਦੇ ਦੋਵੇਂ ਮੌਕਿਆਂ ’ਤੇ ਵਾਰੀ ਵਾਰੀ ਇੱਕ ਇੱਕ ਪੇਪਰ ਪਾਸ ਕਰਕੇ ਬੱਗਾ ਦਸਵੀਂ ਪਾਸ ਕਰ ਗਿਆ

ਫੌਜ ਦੀ ਭਰਤੀ ਆਉਣ ’ਤੇ ਵਧੀਆ ਅਥਲੀਟ ਹੋਣ ਕਾਰਨ ਬੱਗਾ ਪਹਿਲੇ ਹੀ ਮੌਕੇ ਫ਼ੌਜੀ ਭਰਤੀ ਹੋ ਗਿਆ

ਫੌਜੀ ਟ੍ਰੇਨਿੰਗ ਪੂਰੀ ਹੋਣ ਤੋਂ ਲੱਗਭਗ ਦੋ ਸਾਲ ਬਾਅਦ ਆਪਣੇ ਪਿਤਾ ਜੀ ਨਾਲ ਮਠਿਆਈ ਦਾ ਡੱਬਾ ਲੈ ਕੇ ਨਵੇਂ ਮੋਟਰਸਾਈਕਲ ’ਤੇ ਮੇਰੇ ਕੋਲ ਸਕੂਲ ਵਧਾਈ ਦੇਣ ਆਇਆ ਸਕੂਲ ਦੇ ਸਾਰੇ ਸਟਾਫ ਅਤੇ ਮੇਰੇ ਪੈਰੀਂ ਹੱਥ ਲਾ ਕੇ ਉਸ ਨੇ ਕਿਹਾ, “ਸਰ ਜੀ, ਤੁਸੀਂ ਮੈਂਨੂੰ ਟਰੈਕ ਵਿੱਚ ਭਜਾ ਭਜਾ ਕੇ ਫੌਜੀ ਬਣਾਇਆ ਹੈ

ਫਿਰ ਉਸ ਨੇ ਦੱਸਿਆ ਕਿ ਇਹ ਨਵਾਂ ਮੋਟਰਸਾਈਕਲ ਹੁਣ ਮੈਂਨੂੰ ਮੇਰੇ ਪਾਪਾ ਨੇ ਨਹੀਂ ਸਗੋਂ ਮੈਂ ਆਪਣੇ ਪਾਪਾ ਨੂੰ ਲੈ ਕੇ ਦਿੱਤਾ ਹੈ ਹੁਣ ਮੇਰੇ ਪਾਪਾ ਇਸ ਮੋਟਰਸਾਈਕਲ ਤੇ ਬਾਹਰ ਅੰਦਰ ਜਾ ਆਇਆ ਕਰਨਗੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿ ਭੇਡਾਂ ਦੀ ਰਾਖੀ ਦੀ ਉਮੀਦ ਲਗਾਈ ਬੈਠਾ ਇੱਕ ਪਿਤਾ ਦਾ ਪੁੱਤਰ ਹੁਣ ਸਰਹੱਦ ਤੇ ਦੇਸ਼ ਦੀ ਰਖਵਾਲੀ ਕਰ ਰਿਹਾ ਹੈ

ਸਲੂਟ ਹੈ ਮੇਰਾ ਇਸ ਫੌਜੀ ਜਵਾਨ ਨੂੰ ਦੇਸ਼ ਦੇ ਰਖਵਾਲੇ ਨੂੰ!

**

(ਰਵਿੰਦਰ ਬਿਟੂ: ਸਟੇਟ ਅਵਾਰਡੀ ਅਧਿਆਪਕ।)

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1550)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਵਿੰਦਰ ਬਿੱਟੂ

ਰਵਿੰਦਰ ਬਿੱਟੂ

Phone: (91 - 98159 - 84558)
Email: (ravindermiglani@gmail.com)