SantSGill7ਅਚਾਨਕ ਮੌਤ ਦਾ ਸੁਨੇਹਾ ਸਾਡੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਲਈ ਅਸਮਾਨੋਂ ਡਿੱਗੀ ਬਿਜਲੀ ਸੀ ...
(2 ਅਪਰੈਲ 2019)

 

ਦੁਨੀਆਂ ਦੀ ਹਰ ਕੌਮ ਆਪਣੇ ਸੱਭਿਆਚਾਰ, ਆਪਣੀ ਬੋਲੀ, ਆਪਣੀ ਵਿਰਾਸਤ ’ਤੇ ਮਾਣ ਕਰਦੀ ਹੈਦੁਨੀਆ ਵਿੱਚ ਸਿੱਖ ਕੌਮ ਭਾਵੇਂ ਉਮਰ ਵਿੱਚ ਛੋਟੀ ਹੋਵੇ, ਗਿਣਤੀ ਵਿੱਚ ਵੀ ਭਾਵੇਂ ਛੋਟੀ ਹੋਵੇ ਪ੍ਰੰਤੂ ਆਪਣੇ ਵਿਲੱਖਣ ਗੁਣਾਂ ਕਰਕੇ ਹੋਰ ਕੌਮਾਂ ਲਈ ਵੀ ਰਾਹ-ਦਸੇਰਾ ਬਣ ਗਈ ਹੈਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਵੱਲੋਂ ਚਲਾਈ ਲੰਗਰ ਦੀ ਸੇਵਾ ਬਗੈਰ ਧਰਮ, ਜਾਤੀ, ਇਲਾਕੇ ਦੇ ਭੇਦ-ਭਾਵ ਤੋਂ ਉੱਪਰ ਉੱਠਕੇ ਕਰਨ ਦੀ ਲਾਲਸਾ ਵੀ ਦੁਨੀਆ ਲਈ ਉਦਾਹਰਣ ਬਣ ਰਹੀ ਹੈਕੋਈ ਕੁਦਰਤੀ ਆਫਤ ਆਵੇ, ਫਿਰਕੂ ਲੋਕਾਂ ਦੀਆਂ ਭੀੜਾਂ ਸਮੂਹਿਕ ਹਿੰਸਾ ’ਤੇ ਉੱਤਰ ਆਉਣ ਤਾਂ ਪੀੜਤਾਂ ਨੂੰ ਬਚਾਉਣ ਲਈ ਸਿੱਖ ਯੋਧੇ ਜਾਨ ਤਲੀ ’ਤੇ ਧਰਕੇ ਮੈਦਾਨ ਵਿੱਚ ਆ ਖਲੋਂਦੇ ਹਨਜਿਵੇਂ ਹੁਣੇ-ਹੁਣੇ ਭਾਰਤ ਵਿੱਚ ਸੀ.ਆਰ.ਪੀ.ਐੱਫ. ਦੀ ਕਾਨਵਾਈ ’ਤੇ ਦਹਿਸ਼ਤਗਰਦਾਂ ਵੱਲੋਂ ਕੀਤੇ ਖੂਨੀ ਹਮਲੇ ਤੋਂ ਬਾਅਦ ਮੁਸਲਮਾਨਾਂ ਖਾਸ ਕਰਕੇ ਕਾਲਜ ਪੜ੍ਹਦੇ ਮੁਸਲਮਾਨ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਲਈ ਫਿਰਕੂ ਟੋਲੀਆਂ ਵੱਲੋਂ ਕੀਤੇ ਹਮਲੇ ਰੋਕਣ ਲਈ ਸਿੱਖ ਨੌਜਵਾਨਾਂ ਨੇ ਇਕੱਠੇ ਹੋ ਕੇ ਕਿਵੇਂ ਗੁਰਦਵਾਰਿਆਂ ਦੇ ਦਰ ਉਹਨਾਂ ਦੀ ਸੁਰੱਖਿਆ ਲਈ ਖੋਲ੍ਹ ਦਿੱਤੇ

ਪੰਜਾਬੀਆਂ, ਖਾਸ ਕਰਕੇ ਸਿੱਖਾਂ ਵਿੱਚ ਇੱਕ-ਦੂਜੇ ਦੇ ਕੰਮ ਆਉਣ ਦੀ ਭਾਵਨਾ, ਉਦਾਰ-ਦਿੱਲੀ, ਤਰਸ ਕਰਨ ਦੀ ਭਾਵਨਾ ਉਹਨਾਂ ਦੀ ਰਗ-ਰਗ ਵਿੱਚ ਹੈ ਅਤੇ ਉਹਨਾਂ ਦੇ ਅਮਲਾਂ ਤੋਂ ਇਸਦਾ ਪ੍ਰਤੱਖ ਪ੍ਰਗਟਾਵਾ ਹੁੰਦਾ ਹੈਹੱਡ-ਬੀਤੀ ਵਿੱਚੋਂ ਇਸ ਪ੍ਰਗਟਾਵੇ ਦੀ ਪ੍ਰਤੱਖ ਮਿਸਾਲ ਦਾ ਜ਼ਿਕਰ ਕਰਨਾ ਮੈਂ ਇੱਥੇ ਜ਼ਰੂਰੀ ਸਮਝਦਾ ਹਾਂ

10 ਦਸੰਬਰ, 2018 ਨੂੰ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਰਹਿੰਦੀ ਮੇਰੀ ਬੇਟੀ ਸੁਖਜੀਤ ਦੀ ਅਚਾਨਕ ਮੌਤ ਦਾ ਸੁਨੇਹਾ ਸਾਡੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਲਈ ਅਸਮਾਨੋਂ ਡਿੱਗੀ ਬਿਜਲੀ ਸੀਜਿਹੜੀ ਸਾਡੀ ਬੇਟੀ ਨੂੰ ਸਾਡੇ ਤੋਂ ਖੋਹ ਕੇ ਲੈ ਗਈਮੌਤ ਤੋਂ ਤੁਰੰਤ ਬਾਅਦ ਅਸੀਂ ਬੇਟੀ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ ਪ੍ਰੰਤੂ ਅਖੀਰ ਫੈਸਲਾ ਹੋਇਆ ਕਿ ਬੇਟੀ ਦਾ ਅੰਤਮ ਸੰਸਕਾਰ ਔਕਲੈਂਡ ਹੀ ਕੀਤਾ ਜਾਵੇ ਅਤੇ ਮੈਂ ਵੀਜਾ ਲੈ ਕੇ 26 ਦਸੰਬਰ, 2018 ਨੂੰ ਔਕਲੈਂਡ ਪਹੁੰਚ ਗਿਆ

ਬੇਟੀ ਦਾ ਸੰਸਕਾਰ ਲੰਮਾ ਹੋ ਜਾਣ ਕਾਰਨ ਸਿੱਖ/ਪੰਜਾਬੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣ ਗਿਆਜਦੋਂ ਮੈਂ ਔਕਲੈਂਡ ਦੇ ਗੁਰਦਵਾਰਾ ਟਾਕਾ ਨਿੰਨੀ ਦੇ ਪ੍ਰਧਾਨ ਸ੍ਰ. ਦਿਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹ ਜਿਵੇਂ ਮੇਰੇ ਫੋਨ ਦਾ ਹੀ ਇੰਤਜ਼ਾਰ ਕਰ ਰਹੇ ਸਨ ਅਤੇ ਮੌਤ ਤੋਂ ਪਹਿਲਾਂ ਤੋਂ ਜਾਣੂ ਸਨ, ਬੋਲੇ, ਸਾਨੂੰ ਦੱਸੋ ਤੁਹਾਨੂੰ ਵੀਜਾ ਲੈਣ ਵਿੱਚ ਕੀ ਦਿੱਕਤ ਆ ਰਹੀ ਹੈਮੈਂ ਉਹਨਾਂ ਨੂੰ ਦੱਸਿਆ ਕਿ ਵੀਜਾ ਲੱਗ ਗਿਆ ਹੈ ਅਤੇ ਮੈਂ ਮਿਤੀ 27 ਦਸੰਬਰ ਨੂੰ ਔਕਲੈਂਡ ਪਹੁੰਚ ਰਿਹਾ ਹਾਂਮਿੱਥੇ ਪ੍ਰੋਗਰਾਮ ’ਤੇ ਪ੍ਰਧਾਨ ਜੀ ਨੇ ਹਵਾਈ ਅੱਡੇ ’ਤੇ ਤਿੰਨ ਸਿੰਘ ਮੈਂਨੂੰ ਲੈਣ ਲਈ ਭੇਜ ਦਿੱਤੇ ਅਤੇ ਸਾਡੇ ਜਾਣੂ ਸੱਜਣਾਂ ਦਾ ਰਿਸ਼ਤੇਦਾਰ ਦਵਿੰਦਰ ਸਿੰਘ ਵੀ ਹਵਾਈ ਅੱਡੇ ’ਤੇ ਪਹੁੰਚ ਗਿਆਮੈਂ ਸਿੰਘਾਂ ਨਾਲ ਬੈਠ ਕੇ ਪਹਿਲਾਂ ਗੁਰਦਵਾਰਾ ਸਾਹਿਬ ਨਤਮਸਤਕ ਹੋਇਆ ਅਤੇ ਫਿਰ ਸ੍ਰ. ਦਲਜੀਤ ਸਿੰਘ ਜੀ ਨੂੰ ਮਿਲਿਆ

ਪ੍ਰਧਾਨ ਜੀ ਨੇ ਮੇਰੇ ਨਾਲ ਦੁੱਖ ਸਾਂਝਾ ਕਰਦੇ ਹੋਏ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀਦੂਸਰੇ ਦਿਨ ਬੇਟੀ ਦੇ ਅੰਤਮ ਸੰਸਕਾਰ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਸ੍ਰ. ਗੁਰਵਿੰਦਰ ਸਿੰਘ ਔਲਖ ਦਾ ਸਟੋਰ ਮੇਰੇ ਲਈ ਦਿਨ ਦੀ ਠਹਿਰ ਅਤੇ ਸਹਾਰਾ ਬਣ ਗਿਆਹੁਸ਼ਿਆਰਪੁਰ ਤੋਂ ਸ੍ਰ. ਹਰਜਿੰਦਰ ਸਿੰਘ ਬਸਿਆਲਾ ਜੋ ਇੱਕ ਪੱਤਰਕਾਰ ਦੇ ਨਾਲ-ਨਾਲ ਜੇ.ਪੀ.ਵੀ. ਹਨ ਵੀ ਮੇਰੇ ਨਾਲ ਦੁੱਖ ਸਾਂਝਾ ਕਰਦੇ ਰਹੇਇਸ ਤੋਂ ਇਲਾਵਾ ਗੁਰਦਵਾਰਾ ਦੁੱਖ ਨਿਵਾਰਨ ਪਾਪਾਕੁਰਾ ਦੇ ਪ੍ਰਧਾਨ ਅਤੇ ਸਟਾਫ਼ ਵੀ ਮੈਂਨੂੰ ਇਸ ਦੁੱਖ ਵਿੱਚ ਹੌਸਲਾ ਦਿੰਦੇ ਰਹੇ

ਜਲੰਧਰ ਤੋਂ ਸ੍ਰ. ਚਰਨਜੀਤ ਸਿੰਘ ਖਾਲਸਾ ਮੈਂਨੂੰ ਸ਼ਾਮ ਵੇਲੇ ਗੁਰਦਵਾਰਾ ਸਾਹਿਬ ਤੋਂ ਘਰ ਛੱਡ ਕੇ ਜਾਂਦੇ ਰਹੇਇਹਨਾਂ ਸਾਰੇ ਸੱਜਣਾਂ ਨਾਲ ਮੇਰੀ ਕੋਈ ਅਗਲੀ ਪਿਛਲੀ ਸਾਂਝ ਨਹੀਂ ਸੀਇਲਾਕੇ ਦੀ ਜਾਤ ਦੀ ਵੀ ਕੋਈ ਸਾਂਝ ਨਹੀਂ ਸੀਸਾਂਝ ਸੀ ਤਾਂ ਧਰਮ ਦੀ, ਇੱਕ ਪੰਜਾਬੀ ਹੋਣ ਦੀ, ਇਨਸਾਨੀਅਤ ਦੀ, ਜਿਹੜੀ ਇਹਨਾਂ ਨੇ ਨਜ਼ਦੀਕੀ ਰਿਸ਼ਤੇਦਾਰਾਂ ਨਾਲੋਂ ਵੀ ਵਧੀਆ ਨਿਭਾਈਜਦੋਂ ਵੀ ਮੈਂਨੂੰ ਕੋਈ ਪੰਜਾਬੀ ਟੈਕਸੀ ਡਰਾਈਵਰ ਮਿਲਿਆ ਤਾਂ ਉਹ ਪਹਿਲਾਂ ਹੀ ਮੇਰੀ ਬੇਟੀ ਦੀ ਅਚਾਨਕ ਹੋਈ ਮੌਤ ਤੋਂ ਜਾਣੂ ਹੁੰਦਾ ਸੀ ਕਿਉਂਕਿ ਟਾਕਾ ਨਿੰਨੀ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਜੀ ਨੇ ਆਪਣੇ ਸਰਕਲ ਦੇ ਸੱਜਣਾਂ ਨੂੰ ਇਸ ਮੌਤ ਦਾ ਸੁਨੇਹਾ ਭੇਜ ਦਿੱਤਾ ਸੀ

ਪੰਜਾਬੀਆਂ ਦੇ ਏਕੇ ਨੇ, ਉਹਨਾਂ ਦੀ ਸਾਂਝ ਨੇ ਅਤੇ ਦੁੱਖ ਦਰਦਾਂ ਵਿੱਚ ਹਮਦਰਦੀ ਅਤੇ ਕੰਮ ਆਉਣ ਦੀ ਭਾਵਨਾ ਨੇ ਮੈਂਨੂੰ ਵਿਦੇਸ਼ ਵਿੱਚ ਇਕੱਲਾ ਹੋਣ ਦਾ ਅਹਿਸਾਸ ਹੋਣ ਹੀ ਨਹੀਂ ਦਿੱਤਾਵਾਪਸੀ ਵੇਲੇ ਭਾਵੇਂ ਮੇਰੀ ਬੇਟੀ ਮੇਰੇ ਨਾਲ ਨਹੀਂ ਸੀ ਪ੍ਰੰਤੂ ਪੰਜਾਬੀਆਂ ਦਾ ਪਿਆਰ ਅਤੇ ਦੁੱਖ ਵਿੱਚ ਮੇਰੇ ਨਾਲ ਖੜ੍ਹੇ ਹੋਣ ਦਾ ਅਹਿਸਾਸ ਮੇਰੇ ਨਾਲ ਸੀ ਅਤੇ ਹਮੇਸ਼ਾ ਰਹੇਗਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1539)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੰਤ ਸਿੰਘ ਗਿੱਲ

ਸੰਤ ਸਿੰਘ ਗਿੱਲ

Baba Farid Nagar, Bathinda, Punjab, India.
Phone: (91 - 99886 - 38498)
Email: (ssgill239@gmail.com)