“ਸਪਸ਼ਟਤਾ ਲਈ ਅਸੀਂ ਆਪਣੇ ਪ੍ਰੋਗਰਾਮ ਵਿੱਚ ਸ਼ਾਹਮੁਖੀ ਵਿੱਚ ਵੀ ਪੂਰੀਆਂ ਮਾਤਰਾਂ ...”
(31 ਮਾਰਚ 2019)
ਨਦੀਆਂ ਨਾਲ਼ੇ ਚਲਦੇ ਜਾਂਦੇ … (ਨਾਨਕ ਸਿੰਘ - ਨਾਵਲ: ਦੂਰ ਕਿਨਾਰਾ)
ਕੰਪਿਊਟਰ ਵੀ ਇੱਕ ਦਰਿਆ ਹੈ - ਭਰ ਵਗਦਾ ਦਰਿਆ। ਤੇ ਪਲ-ਪਲ ਰੰਗ ਵਟਾਉਂਦਾ। ਆਮ ਵਰਤੋਂਕਾਰ ‘ਕੰਪਿਊਟਰ ਅੱਜ ਕੀ ਹੈ?’ ਵੀ ਅਜੇ ਪੂਰੀ ਤਰ੍ਹਾਂ ਨਹੀਂ ਸਮਝ ਪਾਉਂਦਾ ਕਿ ਕੰਪਿਊਟਰ ਇੱਕ ਹੋਰ ਪੁਲਾਂਘ ਪੁੱਟ ਲੈਂਦਾ ਹੈ, ਇੱਕ ਵੱਡੀ ਪੁਲਾਂਘ। ਕੱਲ੍ਹ ਨੂੰ ਕੰਪਿਊਟਰ ਕਿੱਥੇ ਪਹੁੰਚੇਗਾ? ‘ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ’। ਅਸਲ ਵਿੱਚ ਹਜ਼ਾਰਾਂ ਲੱਖਾਂ ਪ੍ਰੋਗਰਾਮਰ, ਦਿਨ ਪੁਰ ਰਾਤ, ਕੰਪਿਊਟਰ ਨੂੰ ਹੋਰ ਅੱਗੇ ਲੈ ਜਾਣ, ਹੋਰ ਨਵਾਂ ਕਰ ਪਾਉਣ ਵਿੱਚ ਜੁਟੇ ਹੋਏ ਨੇ। ਕੰਪਿਊਟਰ ਹੈ ਕਿ ਕੁਦਰਤ ਦੇ ਨੇਮਾਂ ਵਾਂਗ ਇਸ ਦੀ ਸਮਰੱਥਾ ਦੀ ਥਾਹ ਇਨਸਾਨ ਦੀ ਪਕੜ ਵਿੱਚ ਹੀ ਨਹੀਂ ਆ ਰਹੀ। ਇਹ ਤਰਲ ਗੁਣਾਂ ਨਾਲ਼ ਸਮੁੰਦਰੀ ਤੇ ਭਰਪੂਰ ਅਤੇ ਸਮਰੱਥਾ ਵਿੱਚ ਹਿਮਾਲੀਆ ਨਾਲ਼ੋਂ ਵੀ ਵੱਡਾ ਤੇ ਉੱਚਾ। ਖ਼ੈਰ ਵੱਡਾ ਤਾਂ ਵੱਡਾ ਹੀ ਹੁੰਦਾ ਹੈ ਤੇ ਉੱਚਾ ਤਾਂ ਉੱਚਾ ਹੀ, ਇੱਥੇ ਤਾਂ ਮੈਂ ਅਸਾਡੀ ਇੱਕ ਹੋਰ ਨਿੱਕੀ ਜਿਹੀ ਪ੍ਰਾਪਤੀ ਦੀ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹਾਂ।
ਮੇਰੇ ਵਿਚਕਾਰਲੇ ਸਪੁੱਤਰ ਰਜਵੰਤ ਪਾਲ ਪੰਨੂੰ ਦੇ ਫੁਰਨੇ ਦੇ ਯਤਨਾਂ ਨੇ ਮੈਨੂੰ ਆਪਣੇ ਨਾਲ਼ ਜੋੜ ਲਿਆ ਅਤੇ ਛੋਟੇ ਹਰਵੰਤ ਪਾਲ ਪੰਨੂੰ ਨੂੰ ਵੀ ਸਹਿਮਤ ਕਰ ਲਿਆ। ਮੇਰੇ ਵੱਲੋਂ ਸਾਲ 2000 ਵਿੱਚ ਸਭ ਤੋਂ ਪਹਿਲੋਂ ਤਿਆਰ ਕੀਤੇ ਗਏ ‘ਗੁਰਮੁਖੀ-ਸ਼ਾਹਮੁਖੀ’ ਕਨਵਰਟਰ ਵਿੱਚ ਹੋਰ ਸੁਧਾਰ ਕਰਕੇ (ਪਹਿਲਾ ਹੰਭਲਾ ਕਦੇ ਵੀ ਸੰਪੂਰਨ ਕਾਰਜ ਨਹੀਂ ਹੋਇਆ ਕਰਦਾ) ਉਸਨੂੰ ਸਮੇਂ ਦਾ ਹਾਣੀ ਬਣਾਉਣ ਦਾ ਸੰਕਲਪ ਲਿਆ। ਮੈਂ ਉਨ੍ਹਾਂ ਨੇਮਾਂ ਨੂੰ ਘੋਖਿਆ, ਸੋਧਿਆ ਤੇ ਸੰਵਾਰਿਆ। ਰਜਵੰਤ ਨੇ ਉਸਨੂੰ ਅੱਜ ਦੀ ਸਮਰੱਥਾ ਅਨੁਸਾਰ ਉਸਦਾ ਪ੍ਰੋਗਰਾਮ ਤਿਆਰ ਕੀਤਾ। ਅਤੇ ਹਰਵੰਤ ਨੇ ਆਈਟੀ ਦੀ ਵਿਧੀ ਅਨੁਸਾਰ ਉਸਨੂੰ ਆਨਲਾਈਨ ਕੀਤਾ।
ਗੁਰਮੁਖੀ-ਸ਼ਾਹਮੁਖੀ ਕਨਵਰਟਰ ਨੂੰ ਮੈਂ ਵੀ ਸਮੇਂ-ਸਮੇਂ ਸੁਧਾਰਦਾ ਰਿਹਾ ਹਾਂ। ਹੋਰ ਵੀ ਕਈਆਂ ਨੇ ਇਸ ਪਾਸੇ ਮੱਲਾਂ ਮਾਰੀਆਂ ਨੇ। ਰਾੜਾ ਸਾਹਿਬ ਵਾਲ਼ੇ ਬਾਬਾ ਬਲਜਿੰਦਰ ਸਿੰਘ ਵੀ ਗੁਰਬਾਣੀ ਅਤੇ ਮਹਾਨਕੋਸ਼ ਦੀਆਂ ਵਿਸ਼ੇਸ਼ ਲੋੜਾਂ ਨੂੰ ਮੁੱਖ ਰੱਖਕੇ ਇਹ ਪਰਵਰਤਨ ਤਿਆਰ ਕਰ ਰਹੇ ਹਨ, ਜੋ ਲੱਗਭੱਗ ਪੂਰਾ ਹੋਣਾ ਵਾਲ਼ਾ ਹੈ। ਹੋਰ ਵੀ ਯਤਨ ਜ਼ਰੂਰ ਹੋ ਰਹੇ ਹੋਣਗੇ। ਪੰਨੂੰ ਟੀਮ ਨੇ ਜੋ ਪਰਵਰਤਨ ਤਿਆਰ ਕਿਤਾ ਹੈ ਉਸ ਵਿੱਚ ਕੁੱਝ ਕੁ ਇਨ੍ਹਾਂ ਨਿਯਮਾਂ ਨੂੰ ਬਣਾਈ ਰੱਖਣ ਦਾ ਯਤਨ ਕੀਤਾ ਹੈ।
1.‘ਪੰਨੂੰ ਲਿੱਪੀਆਂਤਰ’ ਪਰਵਰਤਨ ਵਿੱਚ ਗੁਰਮੁਖੀ ਨੂੰ ਸ਼ਾਹਮੁਖੀ ਵਿੱਚ ਸਾਕਾਰ ਕਰਨਾ।
2. ਗੁਰਮੁਖੀ ਰਚਨਾਵਾਂ ਦੀ ਮੌਲਕਤਾ ਨੂੰ ਬਣਾਈ ਰੱਖਣਾ।
3. ਗੁਰਮੁਖੀ ਸ਼ਾਹਮੁਖੀ ਲਿੱਪੀਆਂਤਰ ਨੂੰ ਅਨੁਵਾਦੀਕਰਨ ਤੋਂ ਮੁਕਤ ਰੱਖਣਾ।
(ਸੂਚਨਾ: ਇਹੋ ਹੀ ਨਿਯਮ ਸ਼ਾਹਮੁਖੀ-ਗੁਰਮੁਖੀ ਲਿੱਪੀਅੰਤਰ ਵਿੱਚ ਬਣਾਈ ਰੱਖਣ ਦਾ ਸੰਕਲਪ ਹੈ)
ਇਸ ਦੇ ਕਾਰਨ ਹਨ ਕਿ ਇੱਕ ਤਾਂ ਰਚਨਾ ਦੇ ਮੁਢਲੇ ਰੂਪ ਦਾ ਸਾਕਾਰ ਰੂਪ ਰੱਖਣ ਦਾ ਯਤਨ ਕਰਨਾ। ਦੂਸਰਾ, ਇੱਕੋ ਭਾਸ਼ਾ ਪੰਜਾਬੀ ਦੀਆਂ ਦੋ ਲਿੱਪੀਆਂ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਆਪਸੀ ਸ਼ਬਦਾਬਲੀ ਦਾ ਆਦਾਨ ਪ੍ਰਦਾਨ ਕਰਨਾ। ਤੀਸਰਾ ਤੇ ਮੁੱਖ, ਗੁਰਮੁਖੀ ਤੇ ਸ਼ਾਹਮੁਖੀ ਦੇ ਪਾਠਕਾਂ ਨੂੰ ਇੱਕ ਦੂਜੇ ਦੇ ਵਿਚਾਰ ਸਮਝਣ ਦੇ ਸਮਰੱਥ ਬਣਾਉਣਾ। ਕਹਿਣ ਵਾਲ਼ਾ ਆਪਣੀ ਗੱਲ ਆਪਣੀ ਰਹਿਤਲ ਅਨੁਸਾਰ ਲਿਖੇ ਅਤੇ ਪੜ੍ਹਨ ਵਾਲ਼ਾ ਉਸਨੂੰ ਉਸੇ ਰੂਪ ਵਿੱਚ ਸਮਝੇ। ਇਹ ਨਾ ਹੋਵੇ ਕਿ ਕਹਿਣ ਵਾਲ਼ਾ ਆਪਣੀ ਗੱਲ ਦੂਜੇ ਦੀ ਰਹਿਤਲ ਵਿੱਚ ਬੋਲ ਕੇ ਸਮਝਾਉਣ ਦਾ ਯਤਨ ਕਰੇ। ਇਸ ਉਦੇਸ਼ ਨੂੰ ਸਮਾਂ ਲੱਗ ਸਕਦਾ ਹੈ ਪਰ ਅਸੰਭਵ ਨਹੀਂ ਹੈ।
ਸ਼ਾਹਮੁਖੀ ਲਿੱਪੀ ਵਿੱਚ ਕੁੱਝ ਕਮੀਆਂ ਅਨੁਭਵ ਕੀਤੀਆਂ ਜਾ ਰਹੀਆਂ ਸਨ। (ਕਿਰਪਾ ਕਰਕੇ ਪੜ੍ਹੋ ਪਾਕਿਸਤਾਨੀ ਵੀਰ ਜਮੀਲ ਅਹਿਮਦ ਪਾਲ ਦੀ ਪੁਸਤਕ ‘ਆਓ ਪੰਜਾਬੀ ਕਿਵੇਂ ਲਿਖੀਏ’। ਪਰ ਸ਼ਾਹਮੁਖੀ ਦੀਆਂ ਆ ਰਹੀਆਂ ਨਵੀਆਂ ਯੂਨੀਕੋਡ ਫੌਂਟਾਂ ਕਾਰਨ ਉਹ ਕਮੀਆਂ ਵੀ ਦੂਰ ਹੋ ਗਈਆਂ ਹਨ। ਸਪਸ਼ਟਤਾ ਲਈ ਅਸੀਂ ਆਪਣੇ ਪ੍ਰੋਗਰਾਮ ਵਿੱਚ ਸ਼ਾਹਮੁਖੀ ਵਿੱਚ ਵੀ ਪੂਰੀਆਂ ਮਾਤਰਾਂ ਲਾਈਆਂ ਹਨ ਅਤੇ ਕੁੱਝ ਨਵੇਂ ਚਿੰਨ੍ਹ ਵੀ ਵਰਤੇ ਹਨ। ਇਸ ਪ੍ਰੋਗਰਾਮ ਲਈ ਅਸੀਂ ਨੋਟੋ ਨਸਤਾਲੀਕ ਉਰਦੂ ਫੌਂਟ ਵਰਤੀ ਹੈ।
ਦੇਖੋ:
|
ਗੁਰਮੁਖੀ
|
ਾ |
ਿ |
ੀ |
ੁ |
ੂ |
ੇ |
ੈ |
ੋ |
ੌ |
੍ |
ਂ |
ੰ |
ੱ |
|
ਸ਼ਾਹਮੁਖੀ |
ا |
ِ |
ی+ِ |
ُ |
ۄ+ُ |
ی |
ی+َ |
ۄ |
ۄ+َ |
٘ |
ں |
ں+ّ |
ّ |
ਹਵਾ ਹੋਣਾ -ہوا ہۄ ݨا, ਗਾਵਾਂ -گاںواں, ਪੌਣ ਪਾਣੀ -پۄَݨ پاݨی
ਗਲੋਬਲ ਪੰਜਾਬੀ ਡਾਟ ਕਾਮ ਉੱਤੇ ਜੋ ਵੀ ਆਰਟੀਕਲ ਪਾਏ ਗਏ ਹਨ ਉਹ ਸ਼ਾਹਮੁਖੀ ਵਿੱਚ ਵੀ ਪੜ੍ਹੇ ਜਾ ਸਕਦੇ ਹਨ। ਕੇਵਲ ਗਲੋਬਲ ਪੰਜਾਬੀ ਨੂੰ ਦੱਸਣ ਦੀ ਲੋੜ ਕਿ ਤੁਸੀਂ ਗੁਰਮੁਖੀ ਵਿੱਚ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਸ਼ਾਹਮੁਖੀ ਵਿੱਚ। ਇਹ ਪ੍ਰੋਗਰਾਮ ਗੁਰਮੁਖੀ ਯੂਨੀ ਨੂੰ ਸ਼ਾਹਮੁਖੀ ਯੂਨੀ ਵਿੱਚ ਬਦਲਦਾ ਹੈ।
ਜੇ ਤੁਸੀਂ ਆਪਣੇ ਕਿਸੇ ਵੀ ਆਰਟੀਕਲ ਨੂੰ ਜੋ ਗੁਰਮੁਖੀ ਯੂਨੀ ਵਿੱਚ ਲਿਖਿਆ ਜਾਂ ਬਦਲਿਆ ਹੋਇਆ ਹੈ, ਸ਼ਾਹਮੁਖੀ ਯੂਨੀ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਕਿਸ ਕੋਲ਼ੋਂ ਪਰਮਿੱਟ ਲੈਣ ਦੀ ਲੋੜ ਨਹੀਂ ਹੈ। ਡਈਵਡਾਟਗੁਰਸ਼ਾਹਡਾਟਕਾਮ ਤੇ ਜਾਓ ਅਤੇ ਆਪਣੀ ਇੱਛਾ ਪੂਰੀ ਕਰੋ।
ਹਰ ਕਾਰਜ ਵਿੱਚ ਹੀ ਹੋਰ ਦਰੁਸਤੀਆਂ ਵਾਧਿਆਂ ਲਈ ਥਾਂ ਬਣੀ ਰਹਿੰਦੀ ਹੈ। ਆਪ ਜੀ ਦੇ ਸੁਝਾ ਸਾਡੇ ਲਈ ਅਮੁੱਲੇ ਮੋਤੀਆਂ ਸਮਾਨ ਹੋਣਗੇ। (ਸੂਚਨਾ: ‘ਪੰਨੂੰ ਲਿੱਪੀਆਂਤਰ’ ਪ੍ਰੋਗਰਾਮ ਨੂੰ globalpunjabi.com ਉੱਤੇ ਕੰਮ ਕਰਦਿਆਂ ਅਤੇ dev.gurshah.com ਉੱਤੇ ਟੈੱਸਟ ਕਰ ਕੇ ਦੇਖਿਆ ਜਾ ਸਕਦਾ ਹੈ।)
*****
ਕਿਰਪਾਲ ਸਿੰਘ ਪੰਨੂੰ (ਇੰਡੀਆ 98152-61265, ਕੈਨੇਡਾ 905-796-0531)
**







































































































