SarabjitKaur7ਕੀ ਸਾਡੀ ਮਾਨਸਿਕਤਾ ਵਿੱਚ ਗ਼ੁਲਾਮੀ ਇੰਨੀ ਘਰ ਚੁੱਕੀ ਹੈ ਕਿ ਅਸੀਂ ਕੂਣ ਜੋਗੇ ...
(30 ਮਾਰਚ 2019)

 

ਕੀ ਤੁਸੀਂ ਕਦੇ ਸ਼ੋਰ ਦੀ ਭਾਸ਼ਾ ਨੂੰ ਸਮਝਣ ਦਾ ਯਤਨ ਕੀਤਾ ਹੈ? ਕੀ ਕਦੇ ਚੁੱਪ, ਖ਼ਾਸ ਕਰਕੇ ਬੇਲੋੜੀ ਚੁੱਪ ਤੁਹਾਡੇ ਸੂਲਾਂ ਵਾਂਗ ਚੁੱਭੀ ਹੈ? ਕੀ ਤੁਹਾਨੂੰ ਨਿੱਤ ਦਿਨ ਹਜ਼ਾਰ ਕਿਸਮ ਦੀਆਂ ਆਵਾਜ਼ਾਂ ਨਾਲ ਭਰਿਆ ਆਪਣਾ ਆਲਾ-ਦੁਆਲਾ ਰਾਤ ਦੇ ਸੰਨਾਟੇ ਨਾਲੋਂ ਵੱਧ ਤਨਹਾ ਲੱਗਿਆ ਹੈ? ਕੀ ਕਦੇ ਰਾਤਾਂ ਵਿੱਚ ਤੁਹਾਡਾ ਦਿਲ ਉੱਚੀ ਉੱਚੀ ਚੀਕਾਂ ਮਾਰਨ ਨੂੰ ਕਰਦਾ ਹੈ ਤਾਂ ਕਿ ਆਸਮਾਨ ਤੱਕ ਪਸਰੀ ਇਸ ਜਾਨਲੇਵਾ ਚੁੱਪ ਨੂੰ ਤੋੜਿਆ ਜਾ ਸਕੇ? ਕੀ ਤੁਹਾਨੂੰ ਕਦੇ ਜਿਉਂਦੇ ਜੀਆਂ ਵਿੱਚੋਂ ਲਾਸ਼ ਹੋਣ ਦਾ ਭਰਮ ਪਿਆ ਹੈ? ਜਾਂ ਫਿਰ ਤੁਹਾਡਾ ਦਫਤਰ, ਘਰ, ਕਮਰਾ, ਸੜਕ ਜਾਂ ਅਜਿਹੀ ਹਰ ਜਗ੍ਹਾ, ਜੋ ਕਦੇ ਤੁਹਾਨੂੰ ਪਿਆਰੀ ਲੱਗਦੀ ਸੀ, ਉਹ ਕਬਰਿਸ਼ਤਾਨ ਵਰਗੀ ਲੱਗੀ ਹੈ? ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਤੁਹਾਡੇ ਅੰਦਰਲਾ ਮਾਸੂਮ, ਭੋਲਾ, ਨਿਰਛਲ ਤੇ ਮਿਲਾਪੜਾ ਇਨਸਾਨ ਗਵਾਚਦਾ ਜਾ ਰਿਹਾ ਹੈ ਤੇ ਤੁਹਾਨੂੰ ਇਸ ਇਨਸਾਨ ਨੂੰ ਬਚਾਈ ਰੱਖਣ ਲਈ ਆਪਣੇ-ਆਪ ਨਾਲ ਲਗਾਤਾਰ ਜੱਦੋਜਹਿਦ ਕਰਨੀ ਪੈ ਰਹੀ ਹੈ?

ਜੇ ਇਨ੍ਹਾਂ ਸਾਰੇ ਸਵਾਲਾਂ ਲਈ ਤੁਹਾਡਾ ਜਵਾਬ ‘ਹਾਂ’ ਹੈ ਤਾਂ ਤੁਸੀਂ ਵਧਾਈ ਦੇ ਹੱਕਦਾਰ ਹੋਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਸੀਂ ਅਜੇ ਜਿਉਂਦੇ ਹੋਇਹ ਜਵਾਬ ਦੱਸਦਾ ਹੈ ਕਿ ਤੁਹਾਡੀ ਚੇਤਨਾ ਨੇ ਅਜੇ ਹਾਰ ਨਹੀਂ ਮੰਨੀ ਅਤੇ ਤੁਹਾਡੀ ਰੂਹ ਨੇ ਅਜੇ ਤੁਹਾਡਾ ਸਾਥ ਨਹੀਂ ਛੱਡਿਆਇਸ ਪ੍ਰਸੰਗ ਵਿੱਚ ਜੇ ਤੁਹਾਡਾ ਜਵਾਬ ‘ਨਾਂਹ’ ਵਿੱਚ ਹੈ ਤਾਂ ਯਕੀਨਨ ਤੁਸੀਂ ਮਰ ਚੁੱਕੇ ਹੋਮਨੁੱਖ ਹੋਣ ਦੀ ਗੱਲ ਤਾਂ ਛੱਡੋ ਤੁਸੀਂ ‘ਜੀਵ’ ਹੋਣ ਦੀ ਸੰਵੇਦਨਾ ਵੀ ਗਵਾ ਚੁੱਕੇ ਹੋਇਸ ਸੂਰਤ ਵਿੱਚ ਮੇਰੇ ਕੋਲ ਤੁਹਾਡੇ ਲਈ ਕੇਵਲ ਤਰਸ ਬਚਦਾ ਹੈ ਪਰ ਜੇ ਤੁਹਾਡੀ ਹਾਲਤ ਅਜਿਹੀ ਹੈ ਕਿ ਤੁਹਾਨੂੰ ਇਹ ਸਵਾਲ ਹੀ ਸਮਝ ਨਹੀਂ ਲੱਗੇ ਤਾਂ ਸੱਚ ਜਾਣਿਓਂ! ਤੁਸੀਂ ਭਰਮ ਦੀ ਜ਼ਿੰਦਗੀ ਜਿਉਂ ਰਹੇ ਹੋਤੁਹਾਨੂੰ ਭੁਲੇਖਾ ਹੈ ਕਿ ਤੁਹਾਡਾ ਕੋਈ ਵਜੂਦ ਹੈ। ਪਰ ਸੱਚਾਈ ਇਹ ਹੈ ਕਿ ਤੁਸੀਂ ਆਪਣੀ ‘ਹੋਂਦ’ ਜਾਂ ‘ਹੋਣ’ ਦੇ ਮਹੱਤਵ ਨੂੰ ਗਵਾ ਚੁੱਕੇ ਹੋਇਹ ਬਹੁਤ ਖ਼ਤਰਨਾਕ ਹਾਲਤ ਹੈਇਨ੍ਹਾਂ ਸਵਾਲਾਂ ਦਾ ਜਵਾਬ ‘ਨਾਂਹ’ ਵਿੱਚ ਦੇਣਾ ਤੁਹਾਨੂੰ ਸੁਰਖਰੂ ਕਰ ਦਿੰਦਾ ਹੈ ਲੇਕਿਨ ਸਵਾਲਾਂ ਦਾ ਸਮਝ ਨਾ ਆਉਣਾ, ਤੁਹਾਨੂੰ ਇਨ੍ਹਾਂ ਸਵਾਲਾਂ ਨਾਲੋਂ ਵੱਧ ਅਤੇ ਵੱਡੇ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੰਦਾ ਹੈ

ਸਾਡੀ ਮਾਨਸਿਕ ਹਾਲਤ ਦਾ ਉੱਪਰਲਾ ਪ੍ਰਸੰਗ ਸਾਡੇ ਵਰਤਮਾਨ ਨਾਲ ਸਿੱਧੇ ਰੂਪ ਜੁੜਿਆ ਹੋਇਆ ਹੈਸਾਡਾ ਵਰਤਮਾਨ ਹਜ਼ਾਰਾਂ ਸ਼ੰਕਿਆਂ, ਸਮੱਸਿਆਵਾਂ, ਬੇਰਹਿਮ ਘਟਨਾਵਾਂ, ਝੰਜੋੜਨ ਵਾਲੇ ਵਰਤਾਰਿਆਂ ਅਤੇ ਨੀਂਦ ਉਡਾ ਦੇਣ ਵਾਲੇ ਸਵਾਲਾਂ ਨਾਲ ਭਰਪੂਰ ਹੈਸਾਡੇ ਵਰਤਮਾਨ ਦੀ ਇਹ ਪ੍ਰਕਿਰਤੀ ਵੱਖ ਵੱਖ ਕਿਸਮ ਦੇ ‘ਸਦਮਿਆਂ’ ਨੇ ਘੜੀ ਹੈਇਸ ਕਰਕੇ ਜੇ ਤੁਸੀਂ ਚੈਨ, ਸਕੂਨ ਅਤੇ ਆਰਾਮ ਵਾਲੀ ਨੀਂਦ ਸੌਂਦੇ ਹੋ ਤਾਂ ਹਾਲਤ ਕਾਫ਼ੀ ਗੰਭੀਰ ਤੇ ਫ਼ਿਕਰ ਵਾਲੀ ਬਣ ਜਾਂਦੀ ਹੈਫ਼ਿਕਰ ਵਾਲੀ ਅਜਿਹੀ ਹਾਲਤ ਵਿੱਚੋਂ ਹੀ ਬਹੁਤ ਸਾਰੇ ਅਜਿਹੇ ਸਵਾਲ ਪੈਦਾ ਹੁੰਦੇ ਹਨ ਜਿਹੜੇ ਸਾਡੇ ਪੜ੍ਹੇ-ਲਿਖੇ, ਚੇਤਨ, ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਇਕੀਵੀਂ ਸਦੀ ਦੇ ਮਨੁੱਖ ਹੋਣ ਉੱਪਰ ਸ਼ੱਕ ਪੈਦਾ ਕਰਦੇ ਹਨਇਸ ਲੇਖ ਵਿੱਚ ਮੈਂ ਉਨ੍ਹਾਂ ਤਮਾਮ ਸਵਾਲਾਂ ਵਿੱਚੋਂ ਕੇਵਲ ਕੁਝ ਕੁ ਸਵਾਲ ਲੈ ਕੇ ਤੁਹਾਡੇ ਰੂ-ਬ-ਰੂ ਹਾਂ

ਮੈਂਨੂੰ ਨਿੱਜੀ ਤੌਰ ’ਤੇ ਇੱਕ ਸਵਾਲ ਬਹੁਤ ਤੰਗ ਕਰਦਾ ਹੈ ਕਿ ਵਰਤਮਾਨ ਸਮਿਆਂ ਵਿੱਚ ਸਾਨੂੰ ਸਾਡੇ ਨੇੜੇ-ਤੇੜੇ ਵੱਖ ਵੱਖ ਮੌਕਿਆਂ ਜਿਵੇਂ ਦੰਗਿਆਂ, ਯੁੱਧਾਂ ਅਤੇ ਧੱਕੇਸ਼ਾਹੀ ਸਮੇਂ ਪੈਦਾ ਹੋਣ ਵਾਲੀਆਂ ਕੂਕਾਂ ਤੇ ਚੀਕਾਂ ਸੁਣਨੀਆਂ ਬੰਦ ਕਿਉਂ ਹੋ ਗਈਆਂ ਹਨ? ਇਸਦਾ ਜਵਾਬ ਬਿਨਾਂ ਸ਼ੱਕ, ਇਤਿਹਾਸਕ ਪ੍ਰਸੰਗ ਤੇ ਉਸਦੀ ਸਮਝ ਵਿੱਚ ਹੈ ਲੇਕਿਨ ਅਸੀਂ ਘਟਨਾਵਾਂ ਨੂੰ ਇਤਿਹਾਸ ਨਾਲੋਂ ਤੋੜ ਕੇ ਸਮਝਣਾ ਚਾਹੁੰਦੇ ਹਾਂਇਹੀ ਕਾਰਨ ਹੈ ਕਿ ਸਾਡੇ ਨੇੜਲੇ ਸਮਿਆਂ ਵਿੱਚ ਵਾਪਰੀਆਂ ਇੱਕੋ ਜਿਹੀਆਂ ਘਟਨਾਵਾਂ ਤੋਂ ਬਾਅਦ ਅਸੀਂ ਇੱਕੋ ਜਿਹੇ ਪ੍ਰਤੀਕਰਮ ਦਿੱਤੇ ਪਰ ਆਉਣ ਵਾਲੇ ਸਮਿਆਂ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਲਈ ਕੋਈ ਸਾਰਥਕ ਕਦਮ ਨਹੀਂ ਚੁੱਕੇਇੱਥੇ ਕਦਮਾਂ ਦੀ ਗੱਲ ਛੱਡੋ, ਅਸੀਂ ਸਾਰਥਕ ਅਤੇ ਬਣਦੇ ਸਵਾਲ ਵੀ ਨਹੀਂ ਕੀਤੇ; ਜਿਵੇਂ ਦਾਮਨੀ ਕੇਸ, ਆਰੂਸ਼ੀ ਕਾਂਡ ਤੇ ਲੁਧਿਆਣਾ ਬਲਾਤਕਾਰ ਕਾਂਡ ਤੋਂ ਬਾਅਦ ਵੀ ਕਿਸੇ ਨੇ ਨਹੀਂ ਪੁੱਛਿਆ ਕਿ ਅਜੇ ਤੱਕ ਔਰਤ-ਸੁਰੱਖਿਆ ਲਈ ਕੋਈ ਠੋਸ ਕਦਮ ਕਿਉਂ ਨਹੀਂ ਚੁੱਕੇ ਗਏ?

ਇਹ ਕਿਸੇ ਹੋਰ ਦਾ ਮਸਲਾ ਨਹੀਂ ਹੈਇਹ ਸਾਡਾ ਸਾਰਿਆਂ ਦਾ ਮਸਲਾ ਹੈਮੇਰਾ, ਤੁਹਾਡਾ ਅਤੇ ਸਮਾਜ ਦੀਆਂ ਤਮਾਮ ਔਰਤਾਂ ਦਾ ਮਸਲਾ ਹੈਇੰਨਾ ਹੀ ਨਹੀਂ, ਅੱਜ ਪੰਜਾਬ ਵਿੱਚ ਵੱਡੀ ਗਿਣਤੀ ਸਰਕਾਰੀ ਨੌਕਰੀਆਂ ਦੀ ਭਰਤੀ ਠੇਕੇ ਉੱਪਰ ਕੀਤੀ ਜਾਂਦੀ ਹੈਕਿਸੇ ਨੇ ਸਰਕਾਰ ਨੂੰ ਸਵਾਲ ਨਹੀਂ ਕੀਤਾ ਕਿ ਠੇਕੇ ਉੱਪਰ ਭਰਤੀ ਦਾ ਸਿਸਟਮ ਪੰਜਾਬ ਦੇ ਭਵਿੱਖ ਨੂੰ ਕਿੱਧਰ ਲੈ ਕੇ ਜਾਵੇਗਾ? ਕਿਸੇ ਨੇ ਸਵਾਲ ਨਹੀਂ ਕੀਤਾ ਕਿ ਇਹ ਸਿਸਟਮ ਆਰਥਿਕ ਖੇਤਰ ਦੇ ਨਾਲ ਨਾਲ ਸਿੱਖਿਆ, ਸਿਹਤ, ਗਿਆਨ-ਵਿਗਿਆਨ ਅਤੇ ਤਕਨਾਲੋਜੀ ਵਿੱਚ ਪੰਜਾਬ ਦੀ ਗੁਣਵੱਤਾ ਉੱਪਰ ਕਿਹੋ ਜਿਹੇ ਦੂਰਵਰਤੀ ਪ੍ਰਭਾਵ ਪਾਏਗਾਇਸੇ ਤਰ੍ਹਾਂ ਪੰਜਾਬ ਦੇ ਜਨਤਕ ਖੇਤਰਾਂ ਦਾ ਵੱਡੀ ਗਿਣਤੀ ਵਿੱਚ ਨਿੱਜੀਕਰਨ ਕੀਤਾ ਗਿਆ ਲੇਕਿਨ ਕਿਸੇ ਨੇ ਸਵਾਲ ਨਹੀਂ ਕੀਤਾਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਰੇ ਜਦ ਐਲਾਨ ਹੋਇਆ ਕਿ ਯੂਨੀਵਰਸਿਟੀ ਘਾਟੇ ਵਿੱਚ ਚੱਲ ਰਹੀ ਹੈ ਤਾਂ ਕਿਸੇ ਨੇ ਨਹੀਂ ਕਿਹਾ ਕਿ ਯੂਨੀਵਰਸਿਟੀਆਂ ਮੁਨਾਫ਼ੇ ਦਾ ਸਾਧਨ ਕਦੋਂ ਸਨ? ਪੰਜਾਬ ਦਾ ਪ੍ਰਾਇਮਰੀ ਵਿੱਦਿਅਕ ਢਾਂਚਾ ਬੇਤੁਕੇ ਪ੍ਰਯੋਗਾਂ ਕਰਕੇ ਤਬਾਹ ਹੋ ਗਿਆ, ਸੈਕੰਡਰੀ ਸਕੂਲਾਂ ਦਾ ਪ੍ਰਬੰਧ ਤਬਾਹੀ ਵੱਲ ਵੱਧ ਰਿਹਾ ਹੈ, ਲੇਕਿਨ ਕਿਸੇ ਨੇ ਸਰਕਾਰਾਂ ਦੇ ਗੱਲ ’ਗੂਠਾ ਨਹੀਂ ਦਿੱਤਾ

ਕਾਨੂੰਨ ਅਤੇ ਨਿਆਂ ਵਿਵਸਥਾ ਦੇ ਨਾਮ ਉੱਪਰ ਲੋਕਾਂ ਨਾਲ ਮਜ਼ਾਕ ਕੀਤਾ ਜਾਂਦਾ ਹੈ ਕਿਉਂਕਿ ਕਾਨੂੰਨ ਅਮੀਰਾਂ ਲਈ ਅਤੇ ਨਿਆਂ ਗ਼ਰੀਬਾਂ ਲਈ ਨਾ ਦੇ ਬਰਾਬਰ ਹੈ; ਲੇਕਿਨ ਕੋਈ ਸਵਾਲ ਨਹੀਂ ਕਰਦਾਸਭ ਤੋਂ ਵੱਡੇ ਚੋਰ, ਭ੍ਰਿਸ਼ਟਾਚਾਰੀ, ਗੁੰਡੇ, ਬਦਮਾਸ਼, ਕਾਤਲ ਅਤੇ ਬਲਾਤਕਾਰੀ ਭਾਰਤੀ ਰਾਜਨੀਤੀ ਦੇ ਸਿਕੰਦਰ ਬਣ ਜਾਂਦੇ ਹਨ ਅਤੇ ਲੋਕ ਆਰਾਮ ਨਾਲ ਕ੍ਰਿਕਟ ਦਾ ‘ਵਨ ਡੇਅ ਮੈਚ’ ਦੇਖ ਕੇ ਸੌਂ ਜਾਂਦੇ ਹਨਇੱਥੇ ਕਦੇ ਅਧਿਆਪਕਾਂ ’ਤੇ ਲਾਠੀਚਾਰਜ ਹੁੰਦਾ ਹੈ, ਕਦੇ ਕਿਸਾਨਾਂ ਨੂੰ ਧਰਨਿਆਂ ਉੱਪਰ ਰੋਲਿਆ ਜਾਂਦਾ ਹੈ, ਕਦੇ ਆਂਗਣਵਾੜੀ ਵਰਕਰਾਂ ਨਾਲ ਪੁਲੀਸ ਧੱਕਾ ਕਰਦੀ ਹੈ, ਕਦੇ ਨਰਸਾਂ ਪੱਕੀ ਨੌਕਰੀ ਲਈ ਸਰਕਾਰੀ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਦਿੰਦੀਆਂ ਹਨ ਤੇ ਲੋਕਾਂ ਦੇ ਕੰਨ ਉੱਪਰ ਜੂੰ ਨਹੀਂ ਸਰਕਦੀਸਾਡੇ ਆਲੇ-ਦੁਆਲੇ ਦੋ ਦਿਨ ਦੀ ਬੱਚੀ ਤੋਂ ਲੈ ਕੇ ਸੌ ਸਾਲ ਦੀ ਬੁੱਢੀ ਤੱਕ ਨਾਲ ਜਬਰ ਜਨਾਹ ਹੋ ਰਿਹਾ ਹੈ, ਭੁੱਖੇ-ਨੰਗੇ ਤੋਂ ਲੈ ਕੇ ਕਰੋੜਪਤੀਆਂ ਤੱਕ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਸਾਧਾਰਨ ਬੰਦੇ ਤੋਂ ਲੈ ਕੇ ਸਮਾਜਿਕ ਕਾਰਕੁਨ, ਵਿਦਵਾਨ ਅਤੇ ਮੁਲਕ ਦੇ ਪ੍ਰਧਾਨ ਮੰਤਰੀ ਤੱਕ ਨੂੰ ਕਤਲ ਕਰ ਦਿੱਤਾ ਜਾਂਦਾ ਹੈ, ਕਫ਼ਨ ਤੋਂ ਲੈ ਕੇ ਜਹਾਜ਼ਾਂ ਤੱਕ ਘਪਲੇ ਰਿਕਾਰਡ ਹੋ ਜਾਂਦੇ ਹਨ, ਇੱਕ ਤੋਂ ਵੱਧ ਵਾਰ ਸਿਆਸੀ ਪਾਰਟੀਆਂ ਦੇ ਇਸ਼ਾਰਿਆਂ ਉੱਪਰ ਸੈਂਕੜੇ-ਹਜ਼ਾਰਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਕਈ ਖਿੱਤਿਆਂ ਵਿੱਚ ਲੋਕ ਦਹਾਕਿਆਂ ਤੋਂ ਆਪਣੀ ਲੜਾਈ ਲੜਦੇ ਹੋਏ ਮਰ ਰਹੇ ਹਨ ਲੇਕਿਨ ਸਾਨੂੰ ਕੋਈ ਫ਼ਰਕ ਨਹੀਂ ਪੈਂਦਾਆਖ਼ਿਰ ਕਿਉਂ?

ਸਾਡੇ ਆਲੇ-ਦੁਆਲੇ ਦੀ ਧਰਤੀ ਲਹੂ-ਲੁਹਾਣ ਹੈ ਪਰ ਸਾਡੀ ਨਿੱਜੀ ਜ਼ਿੰਦਗੀ ਉੱਪਰ ਇਸਦਾ ਕੋਈ ਅਸਰ ਨਹੀਂ ਹੈਸਾਡੀਆਂ ਆਵਾਜ਼ਾਂ ਚੀਕਾਂ ਵਿੱਚ ਕਦ ਬਦਲ ਗਈਆਂ? ਅਸੀਂ ਆਪਣੇ ਬੋਲਾਂ ਦੀ ਇੱਜ਼ਤ ਅਤੇ ਅਸਰ ਕਦ ਗਵਾ ਲਏ? ਅੱਜ ਸੰਘਰਸ਼ ਕਰਦੀਆਂ ਧਿਰਾਂ ਤੋਂ ਸਰਕਾਰ ਖ਼ੌਫ਼ਜ਼ਦਾ ਕਿਉਂ ਨਹੀਂ ਹੈ? ਸਰਕਾਰ ਲੋਕਾਂ ਤੋਂ ਖ਼ੌਫ਼ਜ਼ਦਾ ਕਿਉਂ ਨਹੀਂ ਹੈ? ਕੀ ਅੱਜ ਸਰਕਾਰਾਂ ਇੰਨੀਆਂ ਤਾਕਤਵਰ ਹੋ ਗਈਆਂ ਕਿ ਉਨ੍ਹਾਂ ਨੂੰ ਪੰਜਾਬ ਦੀ ਜਵਾਨੀ ਦਾ ਡਰ ਨਹੀਂ ਰਿਹਾ ਜਾਂ ਪੰਜਾਬ ਦੀ ਜਵਾਨੀ ਹੀ ਸਰਕਾਰਾਂ ਨੂੰ ਡਰਾਉਣ ਦੇ ਸਮਰੱਥ ਨਹੀਂ ਰਹੀ? ਸਾਡੇ ਵਿਦਵਾਨ ਅਤੇ ਜੁਝਾਰੂ ਆਗੂ ਕਿੱਥੇ ਹਨ? ਸਾਡੇ ਆਦਰਸ਼ ਕਿੱਥੇ ਹਨ? ਕਿਤੇ ਅਸੀਂ ਆਪਣੇ ਆਦਰਸ਼ਾਂ ਦੇ ਹਾਣ ਦੇ ਬਣਨ ਦੀ ਬਜਾਇ ਉਨ੍ਹਾਂ ਨੂੰ ਆਪਣੇ ਆਪਣੇ ਹਾਣ ਦਾ ਤਾਂ ਨਹੀਂ ਕਰ ਲਿਆ? ਅਸੀਂ ਖੂਨ ਦੇ ਜੰਮ ਜਾਣ ਦੀ ਹੱਦ ਤੱਕ ਚੁੱਪ ਕਿਉਂ ਹਾਂ? ਸਾਨੂੰ ਕਿਸਦਾ ਡਰ ਹੈ ਅਤੇ ਕਿਉਂ ਹੈ? ਕੀ ਅਸੀਂ ਲੜਨਾ ਭੁੱਲ ਚੁੱਕੇ ਹਾਂ? ਕੀ ਸਾਡੀ ਮਾਨਸਿਕਤਾ ਵਿੱਚ ਗ਼ੁਲਾਮੀ ਇੰਨੀ ਘਰ ਚੁੱਕੀ ਹੈ ਕਿ ਅਸੀਂ ਕੂਣ ਜੋਗੇ ਵੀ ਨਹੀਂ ਰਹੇ? ਅਸੀਂ ਕਦੋਂ ਸਮਝਾਂਗੇ ਕਿ ਵਿਵਸਥਾ ਦੇ ਕਾਰਨ ਪੈਦਾ ਹੋਈਆਂ ਅਜਿਹੀਆਂ ਕੂਕਾਂ ਤੇ ਚੀਕਾਂ ਕਿਸੇ ਇੱਕ ਬੰਦੇ ਦਾ ਮਸਲਾ ਨਹੀਂ ਹੁੰਦੀਆਂ, ਇਹ ਸਮੁੱਚੇ ਸਮਾਜ ਦਾ ਮਸਲਾ ਹੁੰਦੀਆਂ ਹਨਅਜਿਹੀਆਂ ਕੂਕਾਂ, ਆਵਾਜ਼ਾਂ ਤੇ ਸ਼ੋਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸਮੁੱਚੇ ਸਮਾਜ ਨੂੰ ਵੱਡੀਆਂ ਸਮੱਸਿਆਵਾਂ ਵੱਲ ਧੱਕ ਦਿੰਦਾ ਹੈ। ਲੇਕਿਨ ਪੰਜਾਬੀਆਂ/ਭਾਰਤੀਆਂ ਨੇ ਅਜਿਹੀਆਂ ਚੀਕਾਂ ਤੇ ਕੂਕਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗ਼ਲਤੀ ਵਾਰ ਵਾਰ ਕੀਤੀ ਹੈ

ਵਰਤਮਾਨ ਸਮੇਂ ਵੀ ਪੰਜਾਬੀ/ਭਾਰਤੀ ਸਮਾਜ ਇਤਿਹਾਸਕ ਕਾਲਾਂ ਦੌਰਾਨ ਪੈਦਾ ਹੋਈਆਂ ਚੀਕਾਂ ਤੇ ਕੂਕਾਂ ਨੂੰ ਨਜ਼ਰਅੰਦਾਜ਼ ਕਰਨ ਦੇ ਸਿੱਟੇ ਵਜੋਂ ਪੈਦਾ ਹੋਈਆਂ ਸਮੱਸਿਆਵਾਂ ਦੇ ਰੂ-ਬ-ਰੂ ਹੈਪੰਜਾਬੀਆਂ/ਭਾਰਤੀਆਂ ਨੇ ਇੱਕ ਸਮੇਂ ਤੋਂ ਬਾਅਦ ਇਤਿਹਾਸਕ ਘਟਨਾਵਾਂ ਵਿੱਚੋਂ ਪੈਦਾ ਹੋਏ ਸਵਾਲਾਂ ਨੂੰ ਮੁਖ਼ਾਤਿਬ ਹੋਣਾ ਛੱਡ ਦਿੱਤਾ ਹੋਇਆ ਹੈਅਸੀਂ ਇਤਿਹਾਸਕ ਪ੍ਰਸੰਗ ਵਿੱਚ ਆਪਣੀਆਂ ਸਮੱਸਿਆਵਾਂ ਨੂੰ ਸਮਝਣ ਤੋਂ ਹਮੇਸ਼ਾ ਟਾਲਾ ਵੱਟਿਆ ਹੈਅੱਜ ਵੀ ਅਸੀਂ ਇਤਿਹਾਸ ਨੂੰ ਮੁਖਾਤਿਬ ਹੋਣ ਤੋਂ ਡਰਦੇ ਹਾਂ ਲੇਕਿਨ ਸਵਾਲ ਇਹ ਵੀ ਹੈ ਕਿ ਆਖ਼ਿਰ ਅਸੀਂ ਕਦ ਤੱਕ ਟਲਦੇ ਤੇ ਟਾਲਦੇ ਰਹਾਂਗੇ? ਇਹ ਸਾਰੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਕੋਈ ਨਹੀਂ; ਘੱਟੋ-ਘੱਟ ਮੇਰੇ ਕੋਲ ਬਿਲਕੁਲ ਵੀ ਨਹੀਂ ਹੈ

*****

*ਖੋਜਾਰਥੀ, ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ

**

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1535)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)