“ਇੱਕ ਸਮੇਂ ਮੇਰੀ ‘ਅਫ਼ਸਰ’ ਕਹਾਣੀ ਬਹੁਤ ਚਰਚਿਤ ਹੋਈ ਸੀ। ਉਸ ਵਿਚ ...”
(ਜਨਵਰੀ 3, 2016)
ਪੰਜਾਬੀ ਅਦਬ ਵਿੱਚ ਪ੍ਰੇਮ ਗੋਰਖੀ ਦਾ ਨਾਮ ਕਿਸੇ ਜਾਣ-ਪਹਿਚਾਣ ਦਾ ਮਹੁਤਾਜ ਨਹੀਂ। ਇਸ ਹਰਮਨ ਪਿਆਰੇ ਕਥਾਕਾਰ ਨੇ ਉਹਨਾਂ ਲੋਕਾਂ ਨੂੰ ਕਹਾਣੀਆਂ ਦਾ ਪਾਤਰ ਬਣਾਇਆ,ਜਿਨ੍ਹਾਂ ਨੂੰ ਦਲਿਤ ਜਾਂ ਅਛੂਤ ਵਰਗੇ ਸ਼ਬਦਾਂ ਨਾਲ ਸਾਡੇ ਸਮਾਜ ਵਿੱਚ ਸੰਬੋਧਨ ਕੀਤਾ ਜਾਂਦਾ ਹੈ। ਗੋਰਖੀ ਨੇ ਨਾ ਸਿਰਫ ਨੀਵੇਂ ਲੋਕਾਂ ਦੇ ਜੀਵਨ ਨੂੰ ਆਪਣੀਆਂ ਕਹਾਣੀਆਂ ਵਿੱਚ ਬਿਆਨਿਆ ਸਗੋਂ ਇਹ ਸਭ ਨੂੰ ਆਪਣੇ ਪਿੰਡੇ ’ਤੇ ਵੀ ਹੰਢਾਇਆ। ਇਸੇ ਕਰਕੇ ਹੀ ਉਹ ਦੱਬੇ-ਕੁਚਲੇ ਲੋਕਾਂ ਦਾ ਕਹਾਣੀਕਾਰ ਹੈ, ਜੋ ਸਦਾ ਉਹਨਾਂ ਦੇ ਹੱਕ ਵਿਚ ‘ਹਾ’ ਦਾ ਨਾਅਰਾ ਮਾਰਦਾ ਹੈ। ਮਾਨਵਵਾਦੀ ਸਰੋਕਾਰਾਂ ਨੂੰ ਪਰਨਾਇਆ ਇਹ ਕਹਾਣੀਕਾਰ ਹੁਣ ਤੱਕ ਪੰਜਾਬੀ ਜਗਤ ਦੀ ਝੋਲੀ ਸੱਤ ਕਿਤਾਬਾਂ ਪਾ ਚੁੱਕਾ ਹੈ, ਜਿਨ੍ਹਾਂ ਵਿਚ ਕਹਾਣੀ ਸੰਗ੍ਰਿਹ ‘ਮਿੱਟੀ ਰੰਗੇ ਲੋਕ’ ‘ਜੀਣ ਮਰਨ’ ‘ਅਰਜਨ ਸਫੈਦੀ ਵਾਲਾ’ ਅਤੇ ਧਰਤੀ ਪੁੱਤ’, ਅਤੇ ਤਿੰਨ ਨਾਵਲੈਟ ‘ਤਿੱਤਰ ਖੰਭੀ ਜੂਹ’ ‘ਵਣਵੇਲਾ’ ‘ਬੁੱਢੀ ਰਾਤ ਅਤੇ ਸੂਰਜ’ ਸ਼ਾਮਲ ਹਨ। ਹਾਜ਼ਰ ਹੈ ਉਨ੍ਹਾਂ ਨਾਲ ਮੁਲਾਕਾਤ:
? ਗੱਲ ਸ਼ੁਰੂ ਕਰਦੇ ਹਾਂ ਤੁਹਾਡੇ ਜਨਮ, ਪੜ੍ਹਾਈ ਅਤੇ ਪਰਿਵਾਰ ਤੋਂ?
: ਮੇਰਾ ਪਿਛੋਕੜ ਇਕ ਦਲਿਤ ਪਰਿਵਾਰ ਦਾ ਹੈ। ਇਸ ਕਰਕੇ ਖਾਨਦਾਨ ਵਿਚ ਦੂਰੋਂ ਨੇੜਿਓਂ ਕੋਈ ਪੜ੍ਹਿਆ-ਲਿਖਿਆ ਮੈਨੂੰ ਨਹੀਂ ਸੀ ਦਿਸਿਆ। ਮੇਰਾ ਆਪਣੇ ਨਾਨਕੇ ਪਿੰਡ ਬਹਾਨੀ (ਜ਼ਿਲਾ ਕਪੂਰਥਲਾ) ਨਾਲ ਗੂੜ੍ਹਾ ਮੋਹ ਸੀ, ਨਾਨਕਿਆਂ ਵੱਲੀਂ ਹੀ ਮੇਰੇ ਦੂਰ ਦੀ ਰਿਸ਼ਤੇਦਾਰੀ ਵਿਚ ਲੱਗਦੇ ਮਾਮਾ ਜੀ ਇੱਕੋ ਸ਼ਖਸ ਸਨ ਜਿਨ੍ਹਾਂ ਨੂੰ ਮੈਂ ਪੜ੍ਹਿਆ-ਲਿਖਿਆ ਮੰਨਦਾ ਸੀ। ਮੇਰਾ ਦਾਦਕੇ ਪਿੰਡ ਲਾਡੋਵਾਲੀ ਹੈ।ਮੇਰੇ ਪਿਤਾ ਜੀ ਅਰਜਨ ਦਾਸ ਅਤੇ ਮਾਤਾ ਰੱਖੀ ਜੀ ਸਨ। ਮੇਰੇ ਦਾਦਕੇ ਪਰਿਵਾਰ ਵਾਲਿਆਂ ਦਾ ਕੋਈ ਪੱਕਾ ਕੰਮ-ਕਾਰ ਨਹੀਂ ਸੀ। ਉਹ ਭਲਵਾਨੀ ਵੀ ਕਰਦੇ ਸਨ, ਪਿੰਡਾਂ ਵਿਚ ਤਾਂਗੇ ਅਤੇ ਰੇੜ੍ਹੇ ਜੋੜਨ ਦਾ ਕੰਮ ਵੀ ਕਰ ਲੈਂਦੇ ਸਨ। ਮੇਰੇ ਪਿਤਾ ਜੀ ਸਫੈਦੀ ਦਾ ਕੰਮ ਵੀ ਕਰ ਰਹੇ ਹਨ। ਮੈਨੂੰ ਇਹ ਸਭ ਕੰਮ ਸ਼ੁਰੂ ਤੋਂ ਪਸੰਦ ਨਹੀਂ ਸਨ। ਸਾਡੇ ਚਾਰ ਭਰਾਵਾਂ ਅਤੇ ਦੋ ਭੈਣਾਂ ਵਿੱਚੋਂ ਮੈਨੂੰ ਪੜ੍ਹਿਆ-ਲਿਖਿਆ ਕਿਹਾ ਜਾ ਸਕਦੈ। ਹੁਣ ਮੈਂ ‘ਪੰਜਾਬੀ ਟ੍ਰਿਬਿਊਨ’ ਤੋਂ ਸੇਵਾ-ਮੁਕਤ ਹੋ ਕੇ ਆਪਣੇ ਪਰਿਵਾਰ ਨਾਲ ਜ਼ੀਰਕਪੁਰ ਰਹਿ ਰਿਹਾਂ ਹਾਂ।ਮੇਰੇ ਤਿੰਨ ਬੇਟੀਆਂ ਅਤੇ ਇੱਕ ਬੇਟਾ ਹੈ।
? ਕਿਸ ਗੱਲ ਦੇ ਮਾਹੌਲ ਨੇ ਤੁਹਾਨੂੰ ਸਾਹਿਤ ਵੱਲੀਂ ਖਿੱਚਿਆ?
: ਭਾਵੇਂ ਬੀਜ ਰੂਪ ਘਰ ਅਤੇ ਆਲੇ-ਦੁਆਲੇ ਵਿੱਚ ਹੀ ਪਏ ਸਨ, ਪਰ ਹੁਣ ਸਮੱਸਿਆ ਇਹ ਸੀ ਕਿ ਆਖਰ ਪੜ੍ਹਨਾ ਕੀ ਹੈ‘ਇਸ ਕੰਮ ਦੀ ਸੋਝੀ ਦਿੱਤੀ ਲਾਡੋਵਾਲੀ ਦੇ ਦੁਆਬਾ ਸਕੂਲ ਨੇ, ਇਸੇ ਸਕੂਲ ਦੇ ਮੇਰੇ ਪੰਜਾਬੀ ਦੇ ਮਾਸਟਰ ਜੀ ਸਨ ‘ਗਿਆਨੀ ਜੀ’ ਜੋ ਨੰਗਲ ਸ਼ਾਮਾਂ ਤੋਂ ਆਉਂਦੇ ਸਨ। ਦੂਜੇ ਇੱਕ ਹੋਰ ਸਾਇੰਸ ਮਾਸਟਰ ਜੀ ਸਨ ਜੋ ਸਾਨੂੰ ਕਈ ਵਿਦਿਆਰਥੀਆਂ ਨੂੰ ਪ੍ਰੇਰਿਆ ਕਰਦੇ ਸਨ। ਸਾਇੰਸ ਮਾਸਟਰ ਕੋਲ ਲਾਇਬਰੇਰੀ ਦਾ ਚਾਰਜ ਹੁੰਦਾ ਸੀ ਤੇ ਉਹਨਾਂ ਦੀ ਇੱਛਾ ਹੁੰਦੀ ਸੀ ਕਿ ਬੱਚੇ ਐਵੇਂ ਤੁਰਨ ਫਿਰਨ ਨਾਲੋਂ ਕਿਤਾਬਾਂ ਨਾਲ ਜੁੜਨ। ਉਹਨਾਂ ਇੱਕ ਪੀਰੀਅਡ ਹੀ ਜ਼ਰੂਰੀ ਕਰ ਦਿੱਤਾ ਸੀ ਕਿ ਪੂਰੀ ਕਲਾਸ ਹੀ ਕਿਤਾਬਾਂ ਲੈ ਕੇ ਪੜ੍ਹੇ। ਇਸ ਸਮੇਂ ਮੇਰਾ ਜਮਾਤੀ ਆਤਮਜੀਤ ਸੀ, ਜੋ ਬਾਅਦ ਵਿੱਚ ਪ੍ਰਸਿੱਧ ਪੰਜਾਬੀ ਨਾਟਕਕਾਰ ਬਣਿਆ। ਉਹ ਸਾਨੂੰ ਕੁਝ ਮਿੱਤਰਾਂ ਨੂੰ ਕਿਤਾਬਾਂ ਦੇ ਨਾਂ ਦੱਸਦਾ ਕਿ ਫਲਾਂ ਕਿਤਾਬ ਜ਼ਰੂਰ ਪੜ੍ਹੋ। ਇਉਂ ਮੈਂ ਸਮਝ ਆਉਣ ਵਾਲੇ ਸਭ ਤੋਂ ਪਹਿਲਾਂ ਨਾਨਕ ਸਿੰਘ ਦੇ ਨਾਵਲ ਪੜ੍ਹਨੇ ਸ਼ੁਰੂ ਕੀਤੇ। ਅਸੀਂ ਤਿੰਨ-ਚਾਰ ਮੁੰਡੇ ਵੱਧ ਤੋਂ ਵੱਧ ਲਾਇਬਰੇਰੀ ਦੀਆਂ ਕਿਤਾਬਾਂ ਪੜ੍ਹਦੇ ਸਾਂ। ਨਾਨਕ ਸਿੰਘ ਤੋਂ ਇਲਾਵਾ ਭਾਈ ਵੀਰ ਸਿੰਘ, ਚਰਨ ਸਿੰਘ ਸ਼ਹੀਦ, ਸ. ਸ. ਅਮੋਲ ਸਿੰਘ ਦੀਆਂ ਕਈ ਕਿਤਾਬਾਂ ਹੁੰਦੀਆਂ। ਇਹਨਾਂ ਕਿਤਾਬਾਂ ਨੇ ਮੇਰੇ ਅੰਦਰ ਕਾਵਿਕ ਮਾਹੌਲ ਸਿਰਜਿਆ। ਜਦੋਂ ਦਸਵੀਂ ਵਿਚ ਹੋਇਆ ਤਾਂ ਸਾਨੂੰ ਪੜ੍ਹਾਉਣ ਅੰਗਰੇਜ਼ੀ ਮਾਸਟਰ ਬਲਬੀਰ ਸਿੰਘ ਆਏ, ਉਨਾਂ ਨੂੰ ਲਿਖਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੀ ਕਿਤਾਬ ‘ਭਾਰਤ ਦੇ ਪਹਿਲਵਾਨ’ ਛਪ ਰਹੀ ਸੀ। ਬਸ, ਇਹ ਉਮਰ ਸੀ ਜਦ ਮੈਂ ਕਿਤਾਬਾਂ ਨਾਲ ਮੁਹੱਬਤ ਪਾ ਬੈਠਾ ਤੇ ਬਾਦਸਤੂਰ ਜਾਰੀ ਹੈ।
? ਤੁਹਾਡੀ ਪ੍ਰੇਰਨਾ ਦੇ ਉਹ ਕਿਹੜੇ ਸਰੋਤ ਸਨ ਜਿਨ੍ਹਾਂ ਕਰਕੇ ਆਪ ਦਾ ਝੁਕਾਅ ਕਹਾਣੀ ਵੱਲ ਹੋਇਆ?
: ਦਸਵੀਂ ਦੇ ਪੇਪਰ ਦੇ ਕੇ ਮੈਂ ਵਿਹਲਾ ਹੋਇਆ ਤਾਂ ਮੇਰੇ ਦਾਦੇ ਨੇ ਮੈਨੂੰ ਲਾਇਲਪੁਰ ਖਾਲਸਾ ਕਾਲਜ ਦੀ ਲਾਇਬਰੇਰੀ ਵਿੱਚ ਲੁਆ ਦਿੱਤਾ। ਉੱਥੇ ਕੰਮ ਕਰਦਿਆਂ ਹੀ ਮੈਂ ਸ. ਸ. ਅਮੋਲ, ਪੋ. ਮੋਹਨ ਸਿੰਘ ਜੌਹਲ ਅਤੇ ਉੱਥੇ ਹੀ ਕਿਤਾਬਾਂ ਲੈਣ ਆਏ ਹਰਨਾਮ ਦਾਸ ਸਹਿਰਾਈ ਨੂੰ ਵੇਖਿਆ। ਹੋਰ ਵੀ ਕਈ ਲੇਖਕ ਦੇਖੇ ਜੋ ਪੰਜਾਬੀ ਦੇ ਪ੍ਰਸਿੱਧ ਅਦੀਬ ਬਣੇ। ਅੱਗੇ ਚੱਲ ਕੇ ਜਿਵੇਂ ਬਰਜਿੰਦਰ ਸਿੰਘ ਹਮਦਰਦ, ਕੰਵਰ ਸੁਖਦੇਵ ਸਿੰਘ, ਅਮਰਜੀਤ ਚੰਦਨ, ਗੁਰਦੇਵ ਸਿੰਘ ਸਿੱਧੂ ਅਤੇ ਹੋਰ। ਲਾਇਬਰੇਰੀ ਵਿੱਚ ਹੀ ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਉਸ ਸਮੇਂ ਮੇਰੀ ਪਹਿਲੀ ਗਜ਼ਲ ਵੀ ਕਾਲਜ ਦੇ ਮੈਗਜ਼ੀਨ ‘ਬਿਆਸ’ ਵਿੱਚ ਛਪੀ। ਉਦੋਂ ਹੀ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਜਿਹੜੀ ਮੈਂ ਅਮਰਜੀਤ ਚੰਦਨ ਨੂੰ ਦਿਖਾਈ। ਕਹਾਣੀ ਦੇ ਲਿਖਣ ਢੰਗ ਅਤੇ ਬਣਤਰ ਬਾਰੇ ਪਹਿਲਾ ਸਬਕ ਮੈਨੂੰ ਚੰਦਨ ਨੇ ਦਿੱਤਾ। ਉਹ ਉਦੋਂ ਬੀ. ਏ. ਕਰ ਰਹੇ ਸਨ।
? ਨਵੇਂ ਲੇਖਕਾਂ ਨੂੰ ਪਹਿਲੇ-ਪਹਿਲ ਛਪਣ ਸਮੇਂ ਅਤੇ ਕਿਤਾਬ ਛਪਾਉਣ ਲਈ ਬੜੀਆਂ ਮੁਸ਼ਕਿਲਾਂ ਪੇਸ਼ ਆਉਦੀਆਂ ਨੇ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਹੋਇਆ?
: ਬਿਲਕੁਲ ਨਹੀਂ, ਉਸ ਸਮੇਂ ਦੇ ਚਰਚਿਤ ਪਰਚਿਆਂ ਨੇ ਮੈਨੂੰ ਛਾਪਿਆ।‘ਨਾਗਮਣੀ’ ਨੇ ਡੇਢ ਕੁ ਸਾਲ ਵਿੱਚ ਮੇਰੀਆਂ ਕਹਾਣੀਆਂ ਅਤੇ ਨਾਵਲੈੱਟ ਛਾਪ ਕੇ ਮੇਰੀ ਇੱਕ ਵੱਖਰੀ ਭਾਂਤ ਦੇ ਲੇਖਕ ਵਜੋਂ ਪਛਾਣ ਕਰਵਾ ਦਿੱਤੀ। ‘ਲਕੀਰ’, ‘ਹੇਮਜਯੋਤੀ’, ‘ਸਰਦਲ ਪ੍ਰੇਰਨਾ’ ਅਤੇ ਉਸ ਸਮੇਂ ਦੇ ਕਈ ਪਰਚਿਆਂ ਨੇ ਮੈਨੂੰ ਛਾਪਿਆ। ‘ਆਰਸੀ’ ਅਤੇ ‘ਸਿਰਜਣਾ’ ਨੂੰ ਮੈਂ ਬਾਅਦ ਵਿੱਚ ਰਚਨਾਵਾਂ ਭੇਜਣ ਲੱਗਾ। ਇਸੇ ਤਰ੍ਹਾਂ ਮੇਰੀ ਪਹਿਲੀ ਕਿਤਾਬ ਵੀ ਝੱਟ ਹੀ ਛਪ ਗਈ। ਅਮਰਜੀਤ ਚੰਦਨ ਮੇਰੇ ਕੋਲੋਂ ਕੁਝ ਕਹਾਣੀਆਂ ਲੈ ਗਿਆ। ਦੋਂ ਕੁ ਮਹੀਨੇ ਮਗਰੋਂ ਮੈਨੂੰ ਕਿਸੇ ਨੇ ਦੱਸਿਆ ਕਿ ਤੇਰੀ ਕਿਤਾਬ ਛਪ ਗਈ ਏ। ਇਹ ਪਹਿਲੀ ਕਿਤਾਬ ਭਾਜੀ ਗੁਰਸ਼ਰਨ ਸਿੰਘ ਨੇ ਛਾਪੀ ਸੀ ‘ਮਿੱਟੀ ਰੰਗੇ ਲੋਕ’।ਦੂਜੀ ਵੀ ਇਉਂ ਹੀ ਛਪ ਗਈ, ਉਹ ਮਹਿੰਦਰ ਭੱਟੀ ਦੀ ਕੋਸ਼ਿਸ਼ ਸਦਕਾ ਛਪੀ।
? ਕੋਈ ਉਸਤਾਦ ਵੀ ਧਾਰਿਆ?
: ਮੈਂ ਕੁਝ ਇਸ ਤਰ੍ਹਾਂ ਦੇ ਮਾਹੌਲ ਵਿੱਚੋਂ ਨਿਕਲਿਆ ਸੀ ਕਿ ਕਿਸੇ ਨਾਲ ਸਬੰਧ ਬਣਾਉਣੋਂ ਝਿਜਕਦਾ। ਸਹੀ ਗੱਲ ਤਾਂ ਇਹ ਹੈ ਕਿ ਮੇਰੇ ਅੰਦਰ ਕੋਈ ਕੰਪਲੈਕਸ ਛੁਪਿਆ ਬੈਠਾ ਸੀ। ਮੈਂ ਕਿਸੇ ਨਾਲ ਵਾਧੂ ਗੱਲ ਨਹੀਂ ਸੀ ਕਰਦਾ।
? ਕਹਾਣੀ ਦਾ ਮੁੱਢਲਾ ਖਾਕਾ ਕਿਵੇਂ ਬਣਦਾ ਏ ਮਨ ਵਿਚ?
: ਮੈਨੂੰ ਲੱਗਦਾ ਹੈ ਕਿ ਕਹਾਣੀ ਕੋਈ ਗੁਆਚੀ ਚੀਜ਼ ਨਹੀਂ ਹੁੰਦੀ। ਅਚਾਨਕ ਹੀ ਜਦੋਂ ਘਟਨਾਵਾਂ ਵਾਪਰਦੀਆਂ ਨੇ ਤਾਂ ਲੇਖਕ ਸਰਸਰੀ ਜਿਹਾ ਵਾਚਦਾ ਹੈ। ਉਨਾਂ ਵਿੱਚੋਂ ਜੋ ਕਹਾਣੀ ਉਸਦੇ ਜ਼ਹਿਨ ਵਿਚ ਬੈਠੀ ਰਹਿ ਜਾਂਦੀ ਹੈ, ਉਹਦੀ ਕਲਪਨਾ ‘ਚ ਚੱਕਰ ਕੱਟਣ ਲੱਗਦਾ ਹੈ ਤੇ ਜਦੋਂ ਜ਼ਹਿਨ ਵਿਚ ਵਿਚਾਰਾਂ ਦਾ ਟਕਰਾਓ ਹੁੰਦਾ ਹੈ, ਤਾਂ ਕਹਾਣੀ ਦਾ ਢਾਂਚਾ ਬਣਨ ਲੱਗਦਾ ਹੈ। ਕਹਾਣੀ ਦਾ ਖਾਕਾ ਅਸਲ ਵਿਚ ਲੇਖਕ ਦੇ ਜ਼ਹਿਨ ‘ਚ ਹੋਣਾ ਜ਼ਰੂਰੀ ਹੈ। ਜਿਹੜਾ ਲੇਖਕ ਕਹਿੰਦਾ ਹੈ ਕਿ ਬੱਸ ਉਹ ਤਾਂ ਲਿਖੀ ਤੁਰੀ ਜਾਂਦਾ ਹੈ, ਅਸਲ ਵਿਚ ਉਹ ਨੂੰ ਸ਼ਾਇਦ ਕਿਸੇ ਦੇ ਹੁੰਗਾਰੇ ਦੀ ਲੋੜ ਨਹੀਂ ਹੁੰਦੀ। ਮੈਂ ਜ਼ਹਿਨ ਵਿੱਚ ਹੀ ਨਹੀਂ ਬਲਕਿ ਕਈ ਵਾਰ ਕਾਗਜ਼ ਉੱਤੇ ਵੀ ਖਾਕਾ ਬਣਾ ਲੈਂਦਾ ਹਾਂ। ਜਿਵੇਂ ਪਾਤਰਾਂ ਦੇ ਨਾਂ, ਸਮਾਂ, ਸਥਾਨ ਤੇ ਵਿਸ਼ੇ ਦਾ ਸਾਰ। ਇਹ ਮੈਂ ਡਾਇਰੀ ਵਿਚ ਵੀ ਚਾੜ੍ਹ ਲੈਂਦਾ ਹਾਂ।
? ਕਹਾਣੀ ਲਿਖਣ ਸਮੇਂ ਸਭ ਤੋਂ ਵੱਧ ਧਿਆਨ ਕਿਨ੍ਹਾਂ ਨੁਕਤਿਆਂ ’ਤੇ ਦਿੰਦੇ ਹੋ?
: ਕਹਾਣੀ ਲਿਖਣ ਸਮੇਂ ਮੇਰੇ ਜ਼ਿਹਨ ਵਿੱਚ ਪਾਤਰ ਵਸੇ ਹੁੰਦੇ ਹਨ।ਉਨ੍ਹਾਂ ਦੀਆਂ ਗੱਲਾਂ ਮੇਰੇ ਦਿਮਾਗ ’ਤੇ ਭਾਰੂ ਹੁੰਦੀਆਂ ਹਨ। ਮੈਨੂੰ ਇਨ੍ਹਾਂ ਤੋਂ ਪਤਾ ਹੁੰਦਾ ਹੈ ਕਿ ਮੇਰੀ ਕਹਾਣੀ ਦਾ ਵਿਸ਼ਾ ਕੀ ਏ।
? ਤੁਹਾਡੇ ਲਈ ਲੇਖਕ ਹੋਣ ਦਾ ਕੀ ਅਰਥ ਹੈ? ਕਿਨ੍ਹਾਂ ਗੱਲਾਂ ਕਰਕੇ ਕਿਸੇ ਲੇਖਕ ਦੀ ਕਿਰਤ ਨੂੰ ਚੰਗੀ ਰਚਨਾ ਸਮਝਿਆ ਜਾਵੇ?
: ਮੇਰੇ ਅਨੁਸਾਰ ਲਿਖਣਾ ਇਕ ਕਲਾ ਹੈ, ਜਿਸ ਨੂੰ ਲੇਖਕ ਆਪਣੇ ਅਨੁਸਾਰ ਵਰਤਦਾ ਹੈ। ਅਸਲ ਰਚਨਾ ਉਹ, ਜੋ ਪਾਠਕ ਨੂੰ ਕੁਝ ਸੋਚਣ ਲਈ ਮਜਬੂਰ ਕਰੇ ਅਤੇ ਸੁਹਜ ਦੀ ਪ੍ਰਾਪਤੀ ਵੀ ਕਰੇ। ਨਿਰੋਲ ਵਿਚਾਰਧਾਰਾ ਦਾ ਪ੍ਰਗਟਾਵਾ ਵੀ ਸਾਹਿਤ ਨਹੀਂ ਕਿਹਾ ਜਾ ਸਕਦਾ।
? ਵਿਚਾਰਧਾਰਾ ਸਾਹਿਤਕ ਕਿਰਤ ਵਿੱਚ ਕਿਵੇਂ ਆਵੇ? ਤੁਸੀਂ ਕਿਸ ਵਿਚਾਰਧਾਰਾ ਨਾਲ ਜੁੜੇ ਹੋਏ ਹੋ?
: ਮੈਂ ਕਿਸੇ ਸਿਆਸੀ ਪਾਰਟੀ ਨਾਲ ਸਿੱਧੇ ਤੌਰ ’ਤੇ ਨਹੀਂ ਜੁੜਿਆ। ਬਹੁਤੇ ਲੇਖਕ ਇਸ ਤਰ੍ਹਾਂ ਜੁੜਿਆ ਵੀ ਨਹੀਂ ਕਰਦੇ। ਪਰ ਇਸਦੇ ਬਾਵਜੂਦ ਲੇਖਕ ਅੰਦਰ ਨਿਰਣਾਇਕ ਸ਼ਕਤੀ ਹੁੰਦੀ ਹੈ, ਜੋ ਉਸ ਲਈ ਪਥ-ਪਰਦਰਸ਼ਕ ਦਾ ਕੰਮ ਕਰਦੀ ਹੈ ਕਿ ਉਸਨੇ ਕਿਹੜਾ ਰਾਹ ਅਪਨਾਉਣਾ ਹੈ। ਉਸ ਦੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਦਾ ਕਿਹੜੇ ਨਜ਼ਰੀਏ ਨਾਲ ਵਿਸ਼ਲੇਸ਼ਣ ਕਰਨਾ ਹੈ। ਜਦੋਂ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ, ਉਦੋਂ ਨਕਸਲੀ ਲਹਿਰ ਦਾ ਜ਼ੋਰ ਸੀ, ਜੋ ਸਾਹਿਤ ਨਾਲ ਜੁੜੇ ਨੌਜਵਾਨਾਂ ਉੱਤੇ ਸਿੱਧਾ ਅਸਰ ਪਾਉਂਦੀ ਸੀ। ਮੈਂ ਮਹੱਲੇ ਵਿੱਚ ਭਾਰਤ ਨੌਜਵਾਨ ਸਭਾ ਵਿੱਚ ਜਾਂਦਾ ਸੀ। ਉਸ ਸਭਾ ਦਾ ਮੇਰੇ ’ਤੇ ਇੰਨਾ ਅਸਰ ਸੀ ਕਿ ਮੈਂ ਪਿੰਡ ਦੇ ਸਫੈਦਪੋਸ਼ਾਂ ਦਾ ਸਿੱਧਾ ਵਿਰੋਧ ਕਰਨ ਲੱਗ ਪਿਆ। ਪੁਲਸ ਨਾਲ ਵੀ ਆਢਾ ਲਿਆ।ਥਾਣਿਆਂ ਅਤੇ ਪੁਲਸ ਰਿਮਾਡਾਂ ਵਿੱਚ ਵੀ ਉਲਝਿਆ। ਇਹ ਸਭ ਮੇਰੀਆ ਪਹਿਲੀਆਂ ਕਹਾਣੀਆਂ ਵਿੱਚ ਵੀ ਨਜ਼ਰ ਆਵੇਗਾ। ਇੱਕ ਗੱਲ ਸਾਫ ਹੈ ਕਿ ਲੇਖਕ ਕਦੇ ਢਹਿੰਦੇ ਵਿਚਾਰਾਂ ਵਾਲਾ ਨਹੀਂ ਹੁੰਦਾ। ਉਹ ਜ਼ਿੰਦਗੀ ਦੀ ਖੂਬਸੂਰਤੀ ਅਤੇ ਬੇਹਤਰੀ ਲਈ ਆਪਣੀ ਰਚਨਾ ਨੂੰ ਹਥਿਆਰ ਵਜੋਂ ਵਰਤਦਾ ਹੈ। ਮੈਂ ਵਿਚਾਰਧਾਰਕ ਪੱਖੋਂ ਇੱਥੇ ਖੜ੍ਹਾ ਹਾਂ।
? ਤੁਹਾਡੇ ਪਹਿਲੇ ਕਹਾਣੀ ਸੰਗ੍ਰਿਹ ‘ਮਿੱਟੀ ਰੰਗੇ ਲੋਕ’ ਦੇ ਪਾਤਰ ‘ਧਰਤੀ ਪੁੱਤਰ’ ਦੇ ਪਾਤਰਾਂ ਤੋਂ ਬਿਲਕੁਲ ਵੱਖਰੀ ਸੋਚਣੀ ਅਤੇ ਰਹਿਤਲ ਦੇ ਮਾਲਕ ਹਨ। ‘ਧਰਤੀ ਪੁੱਤਰ’ ਸੰਗ੍ਰਹਿ ਦੇ ਪਾਤਰਾਂ ਦੇ ਮਸਲੇ ਮੁਹੱਬਤ ਅਤੇ ਪ੍ਰੇਮ ਵਿਆਹ ਨਾਲ ਸਬੰਧਤ ਹਨ। ਇਹ ਬਦਲਾਅ ਕਿਉਂ?
: ‘ਮਿੱਟੀ ਰੰਗੇ ਲੋਕ’ ਦੀਆਂ ਕਹਾਣੀਆਂ ਮੈਂ 1970 ਤੋਂ 74 ਤੱਕ ਦੇ ਸਮੇਂ ਦੌਰਾਨ ਲਿਖੀਆਂ। ‘ਧਰਤੀ ਪੁੱਤਰ’ ਦੀਆਂ ਕਹਾਣੀਆਂ 1997 ਤੋਂ 2002 ਤੱਕ ਦੀਆਂ ਹਨ। ਲੇਖਕ ਨੂੰ ਬਹੁਤਾ ਕੁਝ ਸਮਾਜ ਹੀ ਦਿੰਦਾ ਹੈ- ਸਮਾਜ ਵਿੱਚ ਨਵੇਂ-ਨਵੇਂ ਮਸਲੇ ਪੈਦਾ ਹੋ ਰਹੇ ਹਨ। ਇਸ ਸਮੇਂ ਦੌਰਾਨ ਮੇਰਾ ਅਨੁਭਵ ਕੁਝ ਇਸ ਤਰ੍ਹਾਂ ਹੀ ਰਿਹਾ।
? ‘ਧਰਤੀ ਪੁੱਤਰ’ ਸੰਗ੍ਰਹਿ ਦੀਆਂ ਕੁਝ ਕਹਾਣੀਆਂ ਨੂੰ ਫਾਰਮੂਲਾ ਟਾਈਪ ਕਹਾਣੀਆਂ ਸਮਝਿਆ ਜਾ ਰਿਹਾ ਹੈ। ਇੱਕ ਕਲਾਕਾਰ ਦੇ ਅੰਦਰੋਂ ਇੱਕੋ ਕਿਸਮ ਦਾ ਰਚਨਾਤਮਕ ਅਮਲ ਕਿਹੜੀਆਂ ਸਥਿਤੀਆਂ ਕਾਰਨ ਭਾਰੂ ਰਹਿੰਦਾ ਹੈ। ਨਾਲੇ ਇਹ ਦੱਸੋ, ਤੁਹਾਡੀਆਂ ਇਨ੍ਹਾਂ ਕਹਾਣੀਆਂ ਵਿਚ ਨੀਵੀਂ ਜਾਤ ਦੇ ਮੁੰਡੇ ਅਤੇ ਉੱਚੀ ਜਾਤ ਦੀ ਕੁੜੀ ਦਾ ਪਿਆਰ ਕਿਉਂ ਦਿਖਾਇਆ ਜਾਂਦਾ ਹੈ, ਇਸ ਤੋਂ ਉਲਟ ਕਿਉਂ ਨਹੀਂ ਵਾਪਰਦਾ? ਕਿਤੇ ਉੱਚੀ ਜਾਤ ਨਾਲ ਕੋਈ ਖੁੰਦਕ ਤਾਂ ਨਹੀਂ?
: ਜੀ ਬਿਲਕੁਲ ਨਹੀਂ, ਮੇਰੇ ਬਹੁਤ ਸਾਰੇ ਦੋਸਤ ਜੱਟ ਬਰਾਦਰੀ ਨਾਲ ਸਬੰਧਤ ਹਨ। ਇਹਨਾਂ ਕਹਾਣੀਆਂ ਦੇ ਅਸਲ ਕਾਰਨ ਮੇਰਾ ਆਲਾ ਦੁਆਲਾ ਵੀ ਸੀ। ਮੇਰੇ ਬਹੁਤ ਸਾਰੇ ਨਿਮਨ ਤਬਕੇ ਨਾਲ ਸਬੰਧਤ ਦੋਸਤਾਂ ਦੇ ਇੰਟਰ-ਕਾਸਟ ਵਿਆਹ ਹੋਏ ਹਨ, ਜਿਵੇਂ ਲਕਸ਼ਮੀ ਨਾਰਾਇਣ ਭੀਖੀ, ਨਰਿੰਦਰ ਸੱਤੀ, ਦੇਸ ਰਾਜ ਕਾਲੀ, ਪ੍ਰੋਫੈਸਰ ਅਜੀਤ ਲੰਗੇਰੀਅਤੇ ਮੇਰੇ ਚਾਚੇ ਦੇ ਲੜਕੇ ਦਾ - ਇਹ ਸਭ ਘਟਨਾਵਾਂ ਨੇ ਮੈਨੂੰ ਲਿਖਣ ਲਈ ਪ੍ਰੇਰਿਤ ਕੀਤਾ।
? ਕੀ ਤੁਸੀਂ ਹੁਣ ਤੀਕ ਦਲਿਤਾਂ ਬਾਰੇ ਲਿਖੀ ਕਹਾਣੀ ਤੋਂ ਸੰਤੁਸ਼ਟ ਹੋ?ਉਹ ਪੱਖ ਦੱਸੋ ਜਿਨ੍ਹਾਂ ’ਤੇ ਅਜੇ ਤੀਕ ਲਿਖਿਆ ਨਾ ਗਿਆ ਹੋਵੇ?
: ਦਲਿਤਾਂ ਬਾਰੇ ਕਈ ਬਹੁਤ ਵਧੀਆ ਕਹਾਣੀਆਂ ਲਿਖੀਆਂ ਗਈਆਂ ਹਨ। ਅਤਰਜੀਤ ਨੇ ਕਾਮਰੇਡ ਦੇ ਝੰਡੇ ਨੂੰ ਬੁਲੰਦ ਰੱਖਣ ਦੇ ਮੱਤ ਵਿੱਚ ਦਲਿਤ ਪਾਤਰ ਦੀ ਅਮੀਰੀ ਅਤੇ ਕਮੀਨਗੀ ਬਾਰੇ ‘ਠੂੰਗਾ’ ਕਹਾਣੀ ਲਿਖੀ, ਉਹ ਬਹੁਤ ਵਧੀਆ ਕਹਾਣੀ ਸੀ। ਮੋਹਨ ਲਾਲ ਫਿਲੌਰੀਆ, ਦੇਸ ਰਾਜ ਕਾਲੀ, ਸਰੂਪ ਸਿਆਲਵੀ, ਗੁਰਮੀਤ ਕੜਿਆਲਵੀ ਤੇ ਭਗਵੰਤ ਰਸੂਲਪੁਰੀ ਸਾਡੇ ਤੋਂ ਬਾਅਦ ਦੇ ਵਧੀਆ ਕਹਾਣੀਕਾਰ ਹਨ।
? ਤੁਸੀਂ ਆਪਣੇ ਕਹਾਣੀ ਸੰਗ੍ਰਿਹ ‘ਜੀਣ-ਮਰਨ’ ਅਤੇ ‘ਅਰਜਨ ਸਫੈਦੀ ਵਾਲਾ’ ਵਿਚ ਆਰਥਕ ਪੱਖੋਂ ਦੱਬੇ ਅਤੇ ਸਮਾਜਕ ਤੌਰ ’ਤੇ ਹੀਣੇ ਪਾਤਰਾਂ ਨੂੰ ਜਾਤੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ ਜਾਂ ਜਮਾਤੀ?
: ਮੈਂ ਕਹਾਣੀਆਂ ਦੋਹਾਂ ਪੱਖਾਂ ਨੂੰ ਲੈ ਕੇ ਲਿਖੀਆਂ ਹਨ। ਸਾਡਾ ਸਮਾਜਕ ਢਾਂਚਾ ਇੰਨਾ ਨਿੱਘਰਿਆ ਹੋਇਆ ਹੈ ਕਿ ਅੱਜ ਵੀ ਜਾਤੀ ਵਿਸ਼ੇਸ਼ ਵੱਲ ਹੀ ਤਵੱਜੋ ਦਿੱਤੀ ਜਾਂਦੀ ਹੈ। ਮੈਂ ਨਾਵਲੈੱਟ ‘ਤਿੱਤਰ ਖੰਭੀ ਜੂਹ’ ਨੂੰ ਵਿਚਾਰਾਤਕਮ ਪੱਧਰ ਤੇ ਲਿਖਿਆ ਸੀ।
? ਆਪ ਦੀ ਕਿਹੜੀ ਕਹਾਣੀ ਵਿਚ ‘ਅਰਜਨ ਸਫੈਦੀ ਵਾਲਾ’ ਲੁੱਕਿਆ ਹੋਇਆ ਹੈ?
: ਮੇਰੀ ਕੋਈ ਕਹਾਣੀ ਨਹੀਂ ਜਿਸ ਦਾ ਨਾਂ ‘ਅਰਜਨ ਸਫੈਦੀ ਵਾਲਾ’ ਹੋਵੇ।
? ‘ਤਿੱਤਰ ਖੰਭੀ ਜੂਹ’ ਨਾਵਲੈੱਟ ਵਿਚ ਤੁਸੀਂ ਕਿਹੜੀ ਨਵੀਂ ਗੱਲ ਪੇਸ਼ ਕੀਤੀ ਹੈ? ਨਾਲੇ ਇਸਦੀ ਸਿਰਜਣ ਪ੍ਰਕਿਰਿਆ ਬਾਰੇ ਦੱਸੋ?
: ਇਸ ਨਾਵਲੈੱਟ ਨੂੰ ਲਿਖਣ ਵੇਲੇ ਮੇਰੇ ’ਤੇ ਨਕਸਲਵਾੜੀ ਲਹਿਰ ਦਾ ਪ੍ਰਭਾਵ ਸੀ। ਇਸ ਵਿਚਲਾ ਮਸਲਾ ਵੱਡਾ ਸੀ - ਖੇਤ ਮਜ਼ਦੂਰ, ਕਿਸਾਨ ਅਤੇ ਆੜਤੀਏ ਦਾ ਮਸਲਾ ਸੀ। ਤਿੰਨੋਂ ਵੱਖੋ-ਵੱਖ ਤਰਾਸਦੀਆਂ ਦੇ ਸ਼ਿਕਾਰ ਸਨ। ਤਿੰਨੋਂ ਪੰਜਾਬ ਦੀ ਆਰਥਿਕਤਾ ਦਾ ਅਧਾਰ ਹਨ ਪਰ ਤਿੰਨੋਂ ਆਪਣੇ-ਆਪਣੇ ਹੱਕਾਂ ਲਈ ਜੂਝ ਰਹੇ ਹਨ। ਦੋ ਧਿਰਾਂ ਮਾੜੀ ਧਿਰ ਦਾ ਹਰ ਪੱਖੋਂ ਸ਼ੋਸ਼ਣ ਕਰ ਰਹੀਆਂ ਹਨ - ਆਰਥਿਕ ਵੀ ਅਤੇ ਜਿਸਮਾਨੀ ਵੀ।ਕਿਸਾਨ ਦੀ ਆੜ੍ਹਤੀਆ ਧਿਰ ਸ਼ੋਸ਼ਣ ਕਰਦੀ ਹੈ। ਇਉਂ ਕਈ ਪੱਖ ਸਨ। ਵਿਅਕਤੀਗਤ ਪੱਧਰ ’ਤੇ ਇਹ ਸਾਰਾ ਕੁਝ ਕਹਾਣੀਆਂ ਵਿੱਚ ਨਹੀਂ ਸੀ ਆ ਸਕਦਾ, ਜਿਸ ਕਰਕੇ ਨਾਵਲੈੱਟ ਲਿਖਣਾ ਪਿਆ।
? ਆਪ ਦੀ ਕਹਾਣੀ ‘ਬਚਨਾ ਬੱਕਰ ਵੱਢ’ ਕਿਨ੍ਹਾਂ ਪ੍ਰਸਥਿਤੀਆਂ ਦੀ ਦੇਣ ਹੈ?
: ਬੜੇ ਘੱਟ ਲੇਖਕ ਹੋਏ ਹਨ ਜਿਨ੍ਹਾਂ ਨੇ ਪੰਜਾਬ ਦੇ ਮਾੜੇ ਹਾਲਾਤ (1984 ਤੋਂ 90 ਤੱਕ) ਦੌਰਾਨ ਮਾਹੌਲ ਖ਼ਰਾਬ ਕਰਨ ਵਾਲੀਆਂ ਤਾਕਤਾਂ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਹਾਲਾਤ ਨੇ ਪੰਜਾਬ ਨੂੰ ਹਲੂਣਿਆ ਸੀ। ਮੇਰੀ ਸੋਚ ਅਨੁਸਾਰ ਅਜਿਹੀ ਲੜਾਈ ਵਿੱਚ ਸ਼ਾਮਲ ਦੋਹਾਂ ਧਿਰਾਂ ਦੇ ਹਿਤ ਜਦੋਂ ਕਿਸੇ ਟਰਨਿੰਗ ਪੁਆਇੰਟ ’ਤੇ ਆ ਕੇ ਟਕਰਾਉਣ ਦੀ ਬਜਾਏ ਆਪਸੀ ਪਛਾਣ ਵਿਚ ਉਲਝਣ ਉਦੋਂ ‘ਬੱਕਰਾ ਵੱਢ’ ਜਨਮ ਲੈਂਦੀ ਹੈ।
? ਤੁਹਾਡੀਆਂ ਕਹਾਣੀਆਂ ਵਿੱਚ ਫੈਲਾਓ ਬਹੁ-ਪਸਾਰੀ ਹੈ ਪਰ ਨਿਭਾਅ ਕਿਸੇ ਇਕ ਨੁਕਤੇ ’ਤੇ ਵੀ ਨਹੀਂ, ਅਜਿਹਾ ਕਿਉ?
: ਤੁਹਾਡੇ ਇਸ ਸਵਾਲ ਨਾਲ ਮੈਂ ਸਹਿਮਤ ਨਹੀਂ ਹਾਂ। ਮੈਂ ਕਹਾਣੀ ਦੀ ਵਿਉਂਤ, ਕਹਾਣੀ ਦਾ ਅੰਤ ਅਤੇ ਕਹਾਣੀ ਦੇ ਅੰਦਰ ਦੀ ਰੌਚਕਤਾ ਸਮੇਂ ਹੋਰ ਨੁਕਤਿਆਂ ਵੱਲ ਵੀ ਧਿਆਨ ਕੇਂਦਰਿਤ ਰੱਖਦਾ ਹਾਂ।ਇਹ ਫੈਲਾਓ ਹੁੰਦਾ ਵੀ ਹੈ ਤਾਂ ਨਿਭਾਓ ਸਥਿਤੀ ਅਨੁਸਾਰ ਨੁਕਤਿਆਂ ਉੱਪਰ ਹੁੰਦਾ ਹੈ, ਤਦ ਹੀ ਕਹਾਣੀ ਸੰਪੂਰਨ ਹੁੰਦੀ ਹੈ। ਜਾਂ ਤੁਸੀਂ ਆਖੋ ਕਿ ਕਹਾਣੀਆਂ ਅਧੂਰੀਆਂ ਹਨ, ਜਾਂ ਕੋਈ ਹੋਰ ਗੱਲ।
? ਤੁਹਾਡੀਆਂ ਕਹਾਣੀਆਂ ਦੇ ਸਿਰਲੇਖ ਇਕਹਿਰੇ ਤੇ ਵਿਅੰਜਨਾਤਮਕ ਅਰਥ ਭਰਪੂਰ ਮੰਨੇ ਜਾਂਦੇ ਨੇ, ਆਮ ਪਾਠਕ ਕਿਵੇਂ ਸਮਝੇ?
: ਮੇਰੀ ਸੋਚ ਇਹ ਹੈ ਕਿ ਮੇਰਾ ਆਮ ਪਾਠਕ ਵੀ ਆਮ ਜਿਹਾ ਨਾ ਹੋਵੇ,ਉਹ ਗੱਲ ਨੂੰ ਤਾਂ ਫੜੇ। ਰਚਨਾ ਵਿੱਚ ਬਥੇਰੀ ਵਾਰੀ ਲੁਕਵੇਂ ਅੱਖਰਾਂ ਵਿੱਚ ਲੁਕਵੀਂ ਭਾਸ਼ਾ ਵਿੱਚ ਗੱਲ ਕੀਤੀ ਹੁੰਦੀ ਹੈ। ਬਹੁਤੇ ਲੇਖਕ ਇਸ ਤਕਨੀਕ ਦੀ ਵਰਤੋਂ ਕਰਦੇ ਹਨ। ਪਾਠਕ ਨੂੰ ਸਾਹਿਤ-ਮੰਥਨ ਕਰਦਿਆਂ ਬੜਾ ਸੁਚੇਤ ਹੋਣਾ ਪੈਂਦਾ ਹੈ।
? ਆਪਣੀ ਨਿਵੇਕਲੀ ਭਾਸ਼ਾ ਸ਼ੈਲੀ ਬਾਰੇ ਕੀ ਕਹੋਗੇ?
: ਮੇਰੀਆਂ ਕਹਾਣੀਆਂ ਦੀ ਬੋਲੀ ਜਾਂ ਸ਼ੈਲੀ ਦੁਆਬੀ ਹੈ, ਤੁਹਾਨੂੰ ਮਾਲਵੇ ਵਾਲਿਆਂ ਨੂੰ ਸ਼ਾਇਦ ਕੁਝ ਨਿਵੇਕਲੀ ਲੱਗਦੀ ਹੋਵੇ, ਜਿਵੇਂ ਸਾਨੂੰ ਦੁਆਬੀਆਂ ਨੂੰ ਮਲਵਈ ਜਾਂ ਮਾਝੀ। ਮੇਰੀਆਂ ਪਹਿਲੀਆਂ ਰਚਨਾਵਾਂ ਦਾ ਰੰਗ ਮਲਵਈ ਹੈ, ਲੁਧਿਆਣੇ ਨੇੜਲੇ ਇਲਾਕੇ ਦਾ। ਪਰ ਹੌਲੀ-ਹੌਲੀ ਮੈਂ ਆਪਣੀ ਬੋਲੀ-ਸ਼ੈਲੀ ਵਿਚ ਪਰਤ ਆਇਆ ਹਾਂ।
? ਆਪ ਦੀ ਕਿਹੜੀ ਕਹਾਣੀ ਵੱਧ ਚਰਚਿਤ ਰਹੀ?
: ਇੱਕ ਸਮੇਂ ਮੇਰੀ ‘ਅਫ਼ਸਰ’ ਕਹਾਣੀ ਬਹੁਤ ਚਰਚਿਤ ਹੋਈ ਸੀ। ਉਸ ਵਿਚ ਸਾਡੇ ਛੋਟੇ ਕਲਰਕ ਟਾਈਪ ਲੋਕਾਂ ਦਾ ਜ਼ਿਕਰ ਸੀ, ਜਿਨ੍ਹਾਂ ਨੂੰ ਪੇਂਡੂ ਅਨਪੜ੍ਹਲੋਕ ਅਫ਼ਸਰ ਹੀ ਸਮਝਦੇ ਸਨ ਅਤੇ ਇਹ ਅਫ਼ਸਰ ਆਪਣੇ ਅਧੀਨ ਚਪੜਾਸੀ ਕੋਲੋਂ ਉਹਦੇ ਪਿੰਡ ਜਾ ਕੇ ਕੀ ਮੰਗਦੇ ਤੇ ਤਵੱਕੋ ਰੱਖਦੇ ਹਨ ਅਜਿਹੇ ਮਾਹੌਲ ਨੂੰ ਮੈਂ ਸਿਰਜਿਆ ਸੀ। ਇਸ ਤੋਂ ਬਾਅਦ ‘ਜੀਣ-ਮਰਨ’ ਵੀ ਬਹੁਤ ਚਰਚਿਤ ਰਹੀ। ਨਾਵਲੈੱਟ ‘ਤਿੱਤਰ ਖੰਭੀ ਜੂਹ’ ਨੇ ਲੰਮਾ ਸਮਾਂ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ। ਇਸੇ ਤਰ੍ਹਾਂ ‘ਕੁੰਡਾ’, ‘ਇੱਕ ਟਿਕਟ ਰਾਮਪੁਰਾਫੂਲ’, ‘ਭਲਾ ਇਉਂ ਵੀ ਕੋਈ ਜਿਉਂਦਾ’,ਚਰਚਾ ਦਾ ਵਿਸ਼ਾ ਰਹੀਆਂ ਹਨ।
? ਜ਼ਿੰਦਗੀ ਦੀ ਕੋਈ ਅਜਿਹੀ ਘਟਨਾ ਜੋ ਮਨ-ਮਸਤਕ ’ਤੇ ਉੱਕਰ ਗਈ ਹੋਵੇ?
: ਕਿਤਾਬਾਂ ਦੇ ਗਿਆਨ ਨੇ ਜਾਂ ਖਾਲਸਾ ਕਾਲਜ ਵਿਚ ਮਿਲਦੇ ਵਿਦਵਾਨ ਲੋਕਾਂ ਦੇ ਸਾਥ ਨੇ ਮੇਰਾ ਦਿਮਾਗ ਹੋਰ ਪਾਸੇ ਪਾ ਦਿੱਤਾ ਸੀ ਤੇ ਮੈਂ ਪਿੰਡ ਦੇ ਹੋਰ ਲੋਕਾਂ ਨਾਲੋਂ ਬੜਾ ਵੱਖਰਾ, ਉੱਚਾ-ਉੱਚਾ ਤੇ ਨਿਵੇਕਲੀ ਸੋਚ ਵਾਲਾ ਸਮਝਣ ਲੱਗ ਪਿਆ ਸੀ ਪਰ ਸਾਡੇ ਘਰਾਂ ਤੋਂ ਬਾਹਰ ਆ ਕੇ ਵਸੇ ਤੇ ਰਤਾ ਕੁ ਆਰਥਕ ਪੱਖੋਂ ਸਾਡੇ ਘਰਾਂ ਨਾਲੋਂ ਚੰਗਾ ਹੋਣ ਕਰਕੇ ਕਰਤਾਰ ਸਿੰਘ ਸਾਡੇ ਘਰਾਂ, ਸਾਡੇ ਤਾਇਆਂ, ਚਾਚਿਆਂ ਅਤੇ ਬਾਬਿਆਂ-ਦਾਦਿਆਂ ਨੂੰ ਉਹ ਹੈਂਕੜ ਨਾਲ ਵਗਾਰੇ ਰਲਾਈ ਰੱਖਦਾ। ਮੈਨੂੰ ਇਹ ਗੱਲਾਂ ਚੁੱਭਦੀਆਂ ਸਨ ਤੇ ਮੈਂ ਇੱਧਰ-ਉੱਧਰ ਦੂਜਿਆਂ ਵਾਂਗ ਵਗਾਰ ਨਹੀਂ ਕਰ ਸਕਦਾ ਸੀ ਅਤੇ ਆਪਣੇ ਘਰਦਿਆਂ ਨੂੰ ਵੀ ਰੋਕਦਾ ਸੀ। ਕਿਸੇ ਨੇ ਕਰਤਾਰ ਸਿੰਘ ਦੇ ਕੰਨ ਮੇਰੇ ਵਿਰੁੱਧ ਭਰ ਦਿੱਤੇ। ਕਰਤਾਰ ਸਿੰਘ ਪੁਲਿਸ ਦਾ ਟਾਊਟ ਵੀ ਸੀ ਤੇ ਥਾਣਿਆਂ ਵਿਚ ਉਹਦੀ ਚੱਲਦੀ ਵੀ ਸੀ। ਕਰਤਾਰ ਸਿੰਘ ਨੇ ਇੱਕ ਦਿਨ ਸਾਈਕਲ ਮੈਨੂੰ ਫੜਾ ਕੇ ਕਿਹਾ, ‘ਪ੍ਰੇਮ ਇਹਨੂੰ ਗਿੰਦੂ ਕੋਲ ਲੈ ਕੇ ਜਾਵੀਂ ਤੇ ਕਹੀਂ ਕਿ ਇਹਦਾ ਅਗਲਾ ਟਾਇਰ ਦੂਜੇ ਨਾਲ ਬਦਲ ਦੇਵੇ।’ਮੈਂ ਗਿੰਦੂ ਕੋਲ ਸਾਈਕਲ ਲੈ ਗਿਆ ਤੇ ਉਹਦੇ ਕੋਲ ਖੜ੍ਹਾ ਕਰਕੇ ਕਾਲਜ ਨੂੰ ਚਲਿਆ ਗਿਆ ਪਰ ਮੈਨੂੰ ਕਿਸੇ ਨੇ ਆ ਕੇ ਦੱਸਿਆ ਕਿ ਤੇਰੇ ਭਾਈਏ ਨੂੰ ਪੁਲਸ ਫੜ ਕੇ ਲੈ ਗਈ, ਅਖੇ ਤੇਰਾ ਮੁੰਡਾ ਪ੍ਰੇਮ ਚੋਰੀ ਦਾ ਸਾਈਕਲ ਇੱਥੇ ਦੇ ਗਿਆ। ਦੂਜੇ ਦਿਨ ਥਾਣੇ ਜਾ ਕੇ ਮੈਂ ਸਾਰੀ ਗੱਲ ਥਾਣੇਦਾਰ ਨੂੰ ਦੱਸੀ ਪਰ ਉਹਨੇ ਨਾ ਸੁਣੀ। ਫਿਰ ਦੌਰ ਸ਼ੁਰੂ ਹੋਇਆ ਕਦੇ ਹਵਾਲਾਤ, ਕਦੇ ਸੀ.ਆਈ.ਏ ਸਟਾਫ। ਫਿਰ ਛਾਉਣੀ ਦੀ ਮਾਰ। ਡਾਢਾ ਪੁਲਿਸ ਤਸ਼ੱਦਦ ਝੱਲਿਆ ਮੈਂ।ਹੁਣ ਤੱਕ ਵੀ ਇਹ ਡਰਾਉਣਾ ਹਾਦਸਾ ਮਨ ਮਸਤਕ ’ਤੇ ਉੱਕਰਿਆ ਪਿਆ ਹੈ।
? ਕੀ ਲੇਖਕ ਨੂੰ ਪਾਤਰਾਂ ਤੋਂ ਪਰੇ ਹੋ ਕੇ ਖਲੋ ਜਾਣਾ ਚਾਹੀਦਾ ਹੈ ਜਾਂ ਆਪ ਪਾਤਰਾਂ ਦੇ ਰੂਪ ਵਿਚ ਆਉਣਾ ਚਾਹੀਦਾ ਹੈ?
: ਲੇਖਕ ਪਾਤਰਾਂ ਦੇ ਨਾਲ ਜ਼ਰੂਰ ਰਹੇ, ਭਾਵੇਂ ਪਾਤਰਾਂ ਦੇ ਰੂਪ ਵਿਚ ਆਵੇ ਜਾਂ ਨਾ ਆਵੇ।
? ਕਲਪਨਾ, ਅਧਿਐਨ ਅਤੇ ਤਜਰਬਾ, ਕਹਾਣੀ ਲਿਖਣ ਲਈ ਕਿਸ ਦੀ ਵਧੇਰੇ ਲੋੜ ਹੁੰਦੀ ਹੈ?
: ਦੇਖੋ ਲੋੜ ਤਾਂ ਤਿੰਨਾਂ ਦੀ ਹੀ ਹੁੰਦੀ ਹੈ, ਪਰ ਕਲਪਨਾ ਨਾਲੋਂ ਵਧੇਰੇ ਤਜਰਬਾ ਅਤੇ ਅਧਿਐਨ ਕੰਮ ਕਰਦਾ ਹੈ।
? ਕੀ ਤੁਹਾਡੇ ਪਾਤਰ ਤੁਹਾਡੇ ਤੋਂ ਬਾਗੀ ਵੀ ਹੋ ਜਾਂਦੇ ਹਨ?
: ਮੇਰੇ ਪਾਤਰ ਭਾਵੇਂ ਪੂਰੀ ਤਰ੍ਹਾਂ ਮੇਰੇ ਹੱਥ ਵੱਸ ਹੁੰਦੇ ਹਨ, ਪਰ ਕਈ ਵਾਰ ਕਹਾਣੀ ਦੇ ਹਿਸਾਬ ਨਾਲ ਪਾਤਰਾਂ ਵਿਚ ਤਬਦੀਲੀ ਵੀ ਆ ਜਾਂਦੀ ਹੈ।
? ਕੀ ਕਹਾਣੀ ਨਾਵਲ ਤੋਂ ਅਗਲੀ ਪੌੜੀ ਹੈ?
: ਅਗਲੀ ਪੌੜੀ ਨਹੀਂ, ਦੋਵੇਂ ਆਪਸ ਵਿਚ ਸੁਤੰਤਰ ਵਿਧਾਵਾਂ ਹਨ।
? ਅੱਜ ਪੰਜਾਬੀ ਕਹਾਣੀ ਕਿੱਥੇ ਖੜ੍ਹੀ ਹੈ?
: ਪੰਜਾਬੀ ਕਹਾਣੀ ਅੱਜ ਬਹੁਤ ਤਰੱਕੀ ਕਰ ਹੈ। ਨਵੇਂ ਕਹਾਣੀਕਾਰਾਂ ਨੇ ਬਹੁਤ ਸਾਰੇ ਨਵੇਂ ਵਿਸ਼ੇ ਕਹਾਣੀ ਵਿੱਚ ਲਿਆਂਦੇਂ ਹਨ।
? ਕੀ ਕਹਾਣੀ ਲਿਖਣੀ ਸੌਖੀ ਹੈ ਜਾਂ ਨਾਵਲ?
: ਕਹਾਣੀ ਲਿਖਣੀ ਨਾਵਲ ਤੋਂ ਸੌਖੀ ਹੈ, ਇਹ ਮੈਂ ਇਮਾਨਦਾਰੀ ਨਾਲ ਕਬੂਲਦਾ ਹਾਂ।
? ਪਾਠਕਾਂ, ਆਲੋਚਕਾਂ ਦਾ ਹੁੰਗਾਰਾ?
: ਪਾਠਕਾਂ ਦਾ ਹੁੰਗਾਰਾ ਠੀਕ ਰਿਹਾ ਹੈ। ਅਸਲ ਵਿਚ ਮੈਨੂੰ ਲੋਕਾਂ ਨੇ ਸਾਹਿਤਕਾਰ ਨਾਲੋਂ ਵੱਧ ਪੱਤਰਕਾਰ ਕਰਕੇ ਪਛਾਣਿਆ ਹੈ। ਰਹੀ ਗੱਲ ਆਲੋਚਕਾਂ ਦੀ, ਉਹਨਾਂ ਨੂੰ ਤਾਂ ਬਾਹਰਲੇ (ਵਿਦੇਸ਼ੀ) ਲੇਖਕਾਂ ਦੇ ਕਸੀਦੇ ਪੜ੍ਹਨ ਤੋਂ ਵਿਹਲ ਨਹੀਂ ਮਿਲਦੀ। ਹੁਣ ਪੰਜਾਬੀ ਆਲੋਚਕ ਪਹਿਲੇ ਆਲੋਚਕਾਂ ਵਰਗੇ ਨਹੀਂ ਰਹੇ, ਹੁਣ ਤਾਂ ਇਹ ਪੜ੍ਹੇ-ਲਿਖੇ ਬਣੇ ਹੋਏ ਹਨ। ਪਰ ਫਿਰ ਵੀ ਮੇਰੇ ਬਾਰੇ ਡਾ. ਰਘਵੀਰ ਸਿੰਘ ‘ਸਿਰਜਣਾ’ ਨੇ ਜ਼ਰੂਰ ਲਿਖਿਆ ਹੈ, ਉਹ ਬਹੁਤ ਬਾਰੀਕ ਬੁੱਧੀ ਵਾਲਾ ਆਲੋਚਕ ਹੈ। ਉਨ੍ਹਾਂ ਨੇ ਮੈਨੂੰ ‘ਦਲਿਤ ਅਨੁਭਵ ਅਤੇ ਦਲਿਤ ਚੇਤਨਾ’ ਦਾ ਮੁੱਢਲਾ ਕਥਾਕਾਰ ਕਿਹਾ ਹੈ।
? ਲੇਖਕ ਲਈ ਇਨਾਮਾਂ-ਸਨਮਾਨਾਂ ਦੀ ਕੀ ਮਹੱਤਤਾ ਹੈ?
: ਇਨਾਮਾਂ-ਸਨਮਾਨਾਂ ਨਾਲ ਲੇਖਕ ਦਾ ਨਾਂ ਜ਼ਰੂਰ ਵੱਡਾ ਹੋ ਜਾਂਦਾ ਹੈ, ਪਰ ਰਚਨਾ ਨਹੀਂ। ਮੈਨੂੰ ਵੀ ਇਨਾਮ ਤਾਂ ਕਈ ਮਿਲੇ ਨੇ ਪਰ ਦਿੱਲੀ ਵਿਚ ਮਿਲੇ ਡਾ. ਅੰਬੇਡਕਰ ਇਨਾਮ ਨੂੰ ਜ਼ਿਕਰਯੋਗ ਕਹਿ ਸਕਦੇ ਹਾਂ।
? ਲਿਖਣ ਵੇਲੇ ਕੋਈ ਖ਼ਾਸ ਮਾਹੌਲ?
: ਨਹੀਂ।
? ਪੱਤਰਕਾਰੀ ਵਰ ਰਹੀ ਜਾਂ ਸਰਾਪ?
: ਪੱਤਰਕਾਰੀ ਤਾਂ ਵਰ ਰਹੀ ਇਸਦੇ ਸਿਰ ’ਤੇ ਹੀ ਮਾਣ-ਤਾਣ ਹੋਇਆ ਹੈ, ਨਾਲੇ ਵਿਦੇਸ਼ਾਂ ’ਚ ਚੱਕਰ ਮਾਰ ਸਕਿਆ ਹਾਂ।
? ਸਮਕਾਲੀਆਂ ਤੋਂ ਕੀ ਵੱਖਰਾ ਲਿਖਿਆ ਹੈ?
: ਜਦੋਂ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਸੀ ਉਦੋਂ ਮੇਰੇ ਸਾਹਮਣੇ ਗੁਰਦਿਆਲ ਸਿੰਘ ਦਾ ‘ਮੜ੍ਹੀ ਦਾ ਦੀਵਾ’ ਸੀ। ਉਸਦਾ ਪਾਤਰ ਮੈਨੂੰ ਬੜਾ ਕਮਜ਼ੋਰ ਤੇ ਗਲੈਮਰ ਭਰਿਆ ਲੱਗਿਆ। ਅਸਲ ਵਿਚ ਮੈਂ ਆਪਣੀਆਂ ਰਚਨਾਵਾਂ ‘ਚ ਦਲਿਤਾਂ ਦੇ ਜੀਵਨ ਦਾ ਕਰੂਰ ਯਥਾਰਥ ਪੇਸ਼ ਕੀਤਾ ਹੈ।
? ਤੁਸੀਂ ਦਲਿਤਵਾਦੀ ਕਹਾਣੀਕਾਰ ਹੋ ਜਾਂ ਪ੍ਰਗਤੀਵਾਦੀ?
: ਮੈਂ ਦੱਬੇ-ਕੁਚਲੇ ਅਤੇ ਗਰੀਬ ਲੋਕਾਂ ਦਾ ਕਹਾਣੀਕਾਰ ਹਾਂ।
? ਕੁਝ ਹੋਰ ਕਹਿਣਾ ਚਾਹੋਗੇ?
: ਮੇਰੇ ਖ਼ਿਆਲ ਵਿਚ ਤੁਸੀਂ ਬਹੁਤ ਪੁੱਛ ਲਿਆ।
*****
(143)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)