MonikaKumar7ਲੋਕਤੰਤਰ ਦੀ ਰਾਖੀ ਕਰਨੀ ਪੈਂਦੀ ਹੈ ਤੇ ਅਸੀਂ ਵੋਟਾਂ ਪਾ ਕੇ ਸਮਝਦੇ ਹਾਂ ਕਿ ਹੁਣ ...
(23 ਫਰਵਰੀ 2019)

 

ਦੋ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਚੰਡੀਗੜ੍ਹੋਂ ਲੁਧਿਆਣੇ ਜਾ ਰਹੀ ਸੀ। ਜਨਵਰੀ ਦੀ ਅਖ਼ੀਰੀ ਠੰਢ ਵਿੱਚ ਉਂਜ ਹੀ ਲੋਕ ਸ਼ੀਤ ਹਵਾ ਦੇ ਚੁੱਪ ਕਰਾਏ ਹੋਏ ਸਨ ਤੇ ਇੱਕ ਵਾਰੀ ਬੱਸ ਅੱਡਿਓਂ ਬਾਹਰ ਨਿਕਲ਼ੀ ਤਾਂ ਮਾਹੌਲ ਰਵਾਂ ਹੋ ਗਿਆ। ਘਰ ਦੇ ਬਿਸਤਰਿਆਂ ਉੱਤੇ ਨੀਂਦ ਦਾ ਆਪਣਾ ਹੀ ਮਜ਼ਾ ਹੁੰਦਾ ਪਰ ਹਟਕੋਰੇ ਭਰਦੀ ਬੱਸ ਵਿੱਚ ਪੰਦਰਾਂ ਮਿੰਟ ਵੀ ਜੋ ਨੀਂਦ ਆਉਂਦੀ ਏ, ਉੱਠ ਕੇ ਮਨ ਬਰੋਬਰ ਹੋ ਜਾਂਦਾ ਏ। ਬ੍ਰੇਕ ਦੇ ਝਟਕੇ ਨਾਲ ਡਿਗਦੀ ਧੌਣ ਵੀ ਨੀਂਦ ਦਾ ਤਲਿਸਮ ਨਹੀਂ ਤੋੜਦੀ, ਘੜੀ ਕੁ ਅੱਖ ਖੋਲ੍ਹ ਕੇ ਬੰਦਾ ਫਿਰ ਗੁੰਮ ਜਾਂਦਾ ਹੈ। ਬੱਸਾਂ ਵਿੱਚ ਸੁੱਤੇ ਪਏ ਲੋਕਾਂ ਦੇ ਖੁੱਲ੍ਹੇ ਮੂੰਹ ਬੜੇ ਨਿਰਦੋਸ਼ ਲੱਗਦੇ ਨੇ। ਦੁਨੀਆ ਵਿੱਚ ਕੋਈ ਕਿਤੇ ਵੀ ਕੰਮ ਲੱਗਾ ਹੋਵੇ, ਤਾਂ ਕੰਮ ਦੀ ਸਪੀਡ ਘਟਾਉਣ ਵਧਾਉਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ; ਪਰ ਬੱਸ ਵਿੱਚ ਪਤਾ ਹੁੰਦਾ ਹੈ ਕਿ ਹੁਣ ਜੋ ਕਰਨਾ ਹੈ, ਡਰਾਈਵਰ ਨੇ ਹੀ ਕਰਨਾ ਹੈ। ਸੋ ਸੁਰਖ਼ਰੂ ਹੋ ਕੇ ਮੈਂ ਵੀ ਸੌਂ ਗਈ।

ਉੱਠ ਕੇ ਜਦੋਂ ਮੈਂ ਬਾਰੀ ਵਿੱਚੋਂ ਬਾਹਰ ਝਾਕਿਆ ਤਾਂ ਰਾਹ ਓਪਰਾ ਜਿਹਾ ਲੱਗਾ। ਮੈਂਨੂੰ ਵਹਿਮ ਹੋਇਆ ਕਿ ਮੈਂ ਗ਼ਲਤ ਬੱਸ ਚੜ੍ਹ ਗਈ ਹਾਂ। ਨਾਲ ਦੀ ਸਵਾਰੀ ਨੂੰ ਪੁੱਛਿਆ ਤਾਂ ਉਹਨੇ ਪੁਸ਼ਟੀ ਕੀਤੀ ਕਿ ਬੱਸ ਲੁਧਿਆਣੇ ਚੱਲੀ ਹੈ। ਅੱਭੜਵਾਹ ਉੱਠ ਕੇ ਮੇਰੇ ਤੋਂ ਰਾਹ ਨਹੀਂ ਪਛਾਣ ਹੋਇਆ ਤੇ ਦੂਜਾ ਇਹ ਕਿ ਅੱਜ-ਕੱਲ੍ਹ ਤਿੰਨਾਂ-ਚੌਹਾਂ ਮਹੀਨਿਆਂ ਬਾਅਦ ਹੀ ਕਿਸੇ ਸ਼ਹਿਰ ਜਾਵੋ ਤਾਂ ਸੜਕਾਂ ਦੇ ਪਾਸੇ ਦਿਸਦੀਆਂ ਰਾਹ ਦੀਆਂ ਨਿਸ਼ਾਨੀਆਂ ਗ਼ਾਇਬ ਹੋਈਆਂ ਹੁੰਦੀਆਂ ਹਨ ਜਾਂ ਉਨ੍ਹਾਂ ਦੇ ਆਲ਼ੇ-ਦੁਆਲ਼ੇ ਹੋਰ ਬੜਾ ਕੁਝ ਬਣ ਚੁੱਕਿਆ ਹੁੰਦਾ ਏ। ਉਸ ਸਵਾਰੀ ਨੇ ਦੱਸਿਆ ਕਿ ਉਹਨੇ ਲੁਧਿਆਣਿਓਂ ਉਰ੍ਹਾਂ ਕਿਸੇ ਪਿੰਡ ਵਿੱਚ ਉੱਤਰਨਾ ਹੈ ਉਹ ਤਾਰੀਖ਼ ਭੁਗਤਣ ਚੰਡੀਗੜ੍ਹ ਆਇਆ ਸੀ। ਮੈਂ ਧਿਆਨ ਕੀਤਾ ਕਿ ਉਹ ਬਹੁਤ ਸੁਹਣਾ ਆਦਮੀ ਸੀ; ਖੁੱਲ੍ਹੀ ਚਿੱਟੀ ਦਾਹੜੀ, ਪੁਰਾਣੇ ਰਿਵਾਜ ਦੇ ਕੱਪੜੇ; ਪਰ ਮੁੱਖ ਉੱਤੇ ਕਰੜੀ ਮਿਹਨਤ ਨਾਲ ਜੋ ਆਉਂਦੀ ਹੈ, ਉਸ ਤਰ੍ਹਾਂ ਦੀ ਚਮਕ। ਮੈਂ ਬਹੁਤਾ ਸੋਚਿਆ ਨਹੀਂ, ਪਰ ਪੁੱਛ ਲਿਆ: ਤੁਸੀਂ ਵਾਹੀ ਕਰਦੇ ਓ? ਮੇਰੇ ਪੁੱਛਣ ਦੀ ਦੇਰ ਸੀ ਕਿ ਉਹ ਕਿਸਾਨ ਦੀ ਮੰਦਹਾਲੀ ਦੀ ਵਿੱਥਿਆ ਸੁਣਾਉਣ ਲੱਗਾ। ਉਹਨੇ ਦੱਸਿਆ ਕਿ ਸਾਨੂੰ ਕਮਾਈ ਦਾ ਕੋਈ ਸਵਾਦ ਨਹੀਂ ਆਉਂਦਾ ਕਿਉਂਕਿ ਇੱਕ ਫ਼ਸਲ ਨਾਲ ਅਸੀਂ ਪਿਛਲਾ ਕਰਜ਼ਾ ਤਾਰੀਦਾ ਹੈ ਤੇ ਏਨੇ ਵਿੱਚ ਹੋਰ ਕਰਜ਼ਾ ਚੁੱਕ ਲਈਦਾ। ਉਹ ਕਹਿੰਦਾ ਕਿ ਉਹਦੇ ਨਾਲ ਦੇ ਕਈ ਕਿਸਾਨ ਹੁਣ ਅਨਾਜ ਦੀ ਥਾਂ ਸਬਜ਼ੀ ਬੀਜਣ ਲੱਗ ਪਏ ਨੇ, ਕਿਉਂਕਿ ਸ਼ਹਿਰ ਵਿੱਚ ਸਬਜ਼ੀ ਵੇਚ ਕੇ ਤਾਜ਼ੀ ਕਮਾਈ ਮਿਲ ਜਾਂਦੀ ਹੈ। ਪਰ ਉਹ ਨੂੰ ਇਹ ਕੰਮ ਚੰਗਾ ਨਹੀਂ ਲੱਗਦਾ। ਉਹਨੇ ਦੱਸਿਆ ਕਿ ਉਹ ਖੇਤੀ ਕਰਨੀ ਜਾਣਦਾ ਹੈ, ਪਰ ਇੰਜ ਰੋਜ਼ ਜਾ ਕੇ ਆੜ੍ਹਤੀਆਂ ਨੂੰ ਸਬਜ਼ੀਆਂ ਸਸਤੇ ਭਾਅ ਵੇਚਣ ਨਾਲੋਂ ਆਪ ਸ਼ਹਿਰ ਜਾ ਕੇ ਸਬਜੀ ਵੇਚਣਾ ਉਹਦੇ ਵੱਸ ਦੀ ਗੱਲ ਨਹੀਂ।

ਉਹ ਕਿਸਾਨ ਦੁੱਖ ਦਾ ਮਾਰਿਆ ਸੀ, ਪਰ ਉਹਦੇ ਮਨ-ਵਚਨ-ਕਰਮ ਵਿੱਚ ਖੋਟ ਨਹੀਂ ਸੀ। ਉਹ ਆਪਣੇ ਪਿੰਡ ਦੇ ਗਟ ’ਤੇ ਉੱਤਰ ਗਿਆ ਤੇ ਮੈਂਨੂੰ ਖ਼ਿਆਲ ਆਇਆ ਕਿ ਆਪਣੇ ਜੀਵਨ ਵਿੱਚ ਮੈਂ ਕਦੇ ਕਿਸਾਨ ਬਾਰੇ ਨਹੀਂ ਸੋਚਿਆ। ਮੇਰਾ ਪਰਿਵਾਰ ਤਾਂ ਖੇਤੀ ਨਹੀਂ ਕਰਦਾ। ਪਰ ਮੇਰੇ ਸੰਪਰਕ ਵਿੱਚ ਵਾਹੀ ਕਰਨ ਵਾਲ਼ੇ ਕੁਝ ਲੋਕ ਜ਼ਰੂਰ ਹਨ। ਮੈਂ ਕਦੇ ਸੋਚਿਆ ਨਹੀਂ ਕਿ ਅੱਜ ਦੇ ਜ਼ਮਾਨੇ ਵਿੱਚ ਕਿਰਸਾਨੀ ਕਰਨ ਦਾ ਕੀ ਮਤਲਬ ਏ।

ਮੈਂਨੂੰ ਉਸ ਦਿਨ ਅਹਿਸਾਸ ਹੋਇਆ ਕਿ ਕਿਸਾਨ ਮੇਰੀ ਚੇਤਨਾ ਦਾ ਹਿੱਸਾ ਨਹੀਂ ਏ, ਇਸ ਲਈ ਮੇਰੇ ਚਿੰਤਨ ਜਾਂ ਚਿੰਤਾ ਦਾ ਵਿਸ਼ਾ ਨਹੀਂ ਏ। ਖੇਤਾਂ ਦੀ ਹਰਿਆਵਲ ਦਾ ਦ੍ਰਿਸ਼, ਪੱਕੀ ਕਣਕ ਦਾ ਸੋਨੇਹਾਰਾ ਦ੍ਰਿਸ਼ ਹਰੇਕ ਪੰਜਾਬੀ ਦੇ ਮਨ ਦਾ ਹਰਿਆ ਬਿੰਬ ਹੈ ; ਪਰ ਮਿੱਟੀ ਵਿੱਚੋਂ ਇਹ ਚਮਤਕਾਰ ਪੈਦਾ ਕਰਦੇ ਕਿਸਾਨ ਦੇ ਜੀਵਨ ਤੋਂ ਮੇਰੇ ਵਰਗੇ ਗ਼ੈਰ-ਕਿਸਾਨ ਲੋਕ ਅਸਲੋਂ ਟੁੱਟ ਗਏ ਨੇ। ਇਹੋ ਜਿਹੀਆਂ ਗੱਲਾਂ ਸੋਚਦਿਆਂ ਮੈਂ ਲੁਧਿਆਣੇ ਪੁੱਜ ਗਈ, ਪਰ ਉਸ ਕਿਸਾਨ ਦਾ ਚਿਹਰਾ ਮੈਂਨੂੰ ਯਾਦ ਆਉਂਦਾ ਰਿਹਾ ਕਿ ਉਸ ਆਦਮੀ ਵਿੱਚ ਏਡਾ ਸੁਹਣਾ ਕੀ ਸੀ? ਫਿਰ ਇੱਕ ਦਿਨ ਮੈਂਨੂੰ ਖ਼ਿਆਲ ਆਇਆ ਕਿ ਪੰਜਾਬ ਦਾ ਅਧਿਆਤਮ ਕਿਸਾਨ ਦੇ ਮੁੱਖ ’ਤੇ ਹੈ।

ਦੇਸ ਵਿੱਚ ਵਸਦਾ ਤੇ ਕੰਮ ਕਰਦਾ ਹਰ ਮਨੁੱਖ ਦੇਸ ਦੀ ਹੋਣੀ ਵਿੱਚ ਹਿੱਸਾ ਪਾਉਂਦਾ ਹੈ। ਮੋਚੀ, ਦਰਜੀ, ਦੋਧੀ, ਅਧਿਆਪਕ, ਦੁਕਾਨਦਾਰ, ਲੁਹਾਰ, ਡਾਕਟਰ, ਜਮਾਂਦਾਰ, ਵਕੀਲ ਤੇ ਰੱਦੀ ਲਈ ਹਾਕ ਮਾਰਦਾ ਸਾਈਕਲ ’ਤੇ ਫੇਰੀ ਲਾਉਂਦਾ ਬੰਦਾ ਵੀ ਪਰ ਹਰ ਦੇਸ਼ ਦੇ ਕੰਮ-ਕਾਜ ਦਾ ਧੁਰਾ ਹੁੰਦਾ ਹੈ, ਜਿਸਦੇ ਠੀਕ ਚੱਲਣ ਨਾਲ ਗੱਡੀ ਦਾ ਸੰਤੁਲਨ ਬਣਿਆ ਰਹਿੰਦਾ ਏ। ਮੈਂ ਛੋਟੀ ਹੁੰਦੀ ਸੁਣਦੀ ਸੀ, ‘ਉੱਤਮ ਖੇਤੀ, ਮੱਧਮ ਵਪਾਰ, ਨਖਿਧ ਨੌਕਰੀ’। ਪਰ ਅੱਜ ਹਾਲਤ ਇਹ ਹੈ ਕਿ ਤਿੰਨੇ ਕੰਮ ਹੀ ਨਖਿਧ ਹੋ ਗਏ ਨੇ। ਮਤਲਬ ਹੈ ਕਿ ਪੰਜਾਬੀ ਸਮਾਜ ਦਾ ਧੁਰਾ ਹਿੱਲ ਗਿਆ ਹੈ ਤੇ ਇਹਦੀ ਮੌਲਿਕ ਰਚਨਾ ਵਿੱਚ ਤੋਟ ਆ ਗਈ ਹੈ। ਕਿਸੇ ਦੇਸ਼ ਵਿੱਚ ਸੁਹਣਾ ਵਸਣ-ਰਸਣ ਲਈ ਸਭ ਵਸਤਾਂ ਦੀ ਦਾਤ ਪੰਜਾਬ ਕੋਲ ਸੀ, ਉਪਜਾਊ ਜਾਗ੍ਰਿਤ ਮਿੱਟੀ, ਹਵਾ, ਪਾਣੀ, ਬਾਰਾਂਮਾਹ ਕੰਮ ਕਰਨ ਤੇ ਪ੍ਰੇਮ ਹੰਢਾਉਣ ਵਾਲੀ ਰੁੱਤ ਤੇ ਇਸ ਸਭ ਨੂੰ ਵਰਤਣ ਦੀ ਸੇਧ ਦੇਣ ਵਾਲੀ ਵਿਚਾਰ ਦੀ ਮਹਾਨ ਪਰੰਪਰਾ। ਸਾਡਾ ਧਰਮ ਇਸ ਵਿਰਸੇ ਨੂੰ ਹੋਰ ਅੱਗੇ ਲਿਜਾਣਾ ਸੀ, ਪਰ ਸਾਡਾ ਤਾਂ ਚੱਕਾ ਹੀ ਜਾਮ ਹੋਣ ਲੱਗਾ ਹੈ। ਭ੍ਰਿਸ਼ਟ ਸਿਆਸਤੀ ਪ੍ਰਬੰਧ ਸਭ ਕੁਝ ’ਤੇ ਭਾਰੂ ਹੋ ਗਿਆ ਤੇ ਇਨ੍ਹਾਂ ਵਸਤਾਂ ਨੂੰ ਵਰਤਣ ਦੀ ਜਾਚ ਸਾਡੇ ਤੋਂ ਵਿਸਰ ਗਈ ਹੈ। ਅੱਜ ਸਾਡੇ ਕੋਲ ਇੱਕ ਵੀ ਸੂਤਰ ਨਹੀਂ, ਜਿਸ ਵਿੱਚ ਅਸੀਂ ਸਾਰੇ ਪੰਜਾਬ ਦੀ ਲੋਕਾਈ ਨੂੰ ਬੰਨ੍ਹ ਸਕੀਏ।

ਸਮਾਜਿਕ ਅਤੇ ਆਰਥਿਕ ਬਰਾਬਰੀ ਦਾ ਆਦਰਸ਼ ਵਿੱਢ ਕੇ ਆਜ਼ਾਦੀ ਤੋਂ ਮਗਰੋਂ ਦੇਸ਼ ਭਰ ਵਿੱਚ ਜੋ ਲਹਿਰਾਂ ਚੱਲੀਆਂ, ਉਹ ਪੰਜਾਬ ਵਿੱਚ ਵੀ ਬੜੇ ਉਤਸਾਹ ਨਾਲ ਵਗੀਆਂ। ਪਰ ਹਾਲ ਇਹ ਹੈ ਕਿ ਨਾ ਇੱਥੇ ਔਰਤ ਦੀ ਸਥਿਤੀ ਬਹੁਤੀ ਬਿਹਤਰ ਹੋਈ, ਨਾ ਦਲਿਤ ਨੂੰ ਬਰਾਬਰੀ ਦਾ ਅਧਿਕਾਰ ਮਿਲਿਆ ਅਤੇ ਨਾ ਹੀ ਕਿਰਸਾਨੀ ਨੂੰ ਉਹ ਗ਼ੌਰਵ ਵਾਪਸ ਮਿਲ਼ਿਆ, ਜੋ ਅਸੀਂ ਰਲ਼ ਕੇ ਉਸ ਤੋਂ ਖੋਹਿਆ ਹੈ। ਕਾਰਵਾਈ ਸਾਰੀ ਪਈ, ਪਰ ਸਾਡਾ ਬਣਿਆ ਕੁਝ ਨਹੀਂ ਕਿਉਂਕਿ ਅਸੀਂ ਕਦੇ ਇਕੱਠੇ ਹੋ ਕੇ ਨਹੀਂ ਲੜੇ। ਅਸੀਂ ਇਨ੍ਹਾਂ ਲਹਿਰਾਂ ਦੀ ਤਕਰੀਰ ਨਾਲ ਸਹਿਮਤ ਨਹੀਂ। ਸਾਨੂੰ ਅੰਦਰੋਂ ਝੋਰਾ ਨਹੀਂ ਕਿ ਅਸੀਂ ਸਦੀਆਂ ਤੋਂ ਜ਼ਾਤ ਦੇ ਆਧਾਰ ’ਤੇ ਆਪਣੇ ਹੀ ਵਰਗੇ ਮਨੁੱਖਾਂ ਦਾ ਸ਼ੋਸ਼ਣ ਕੀਤਾ ਹੈ। ਕੋਈ ਔਰਤ ਜੀਵਨ ਸੰਵਾਰਨ ਦੇ ਮੌਕਿਆਂ ਤੋਂ ਵਾਂਝੀ, ਪਰਿਵਾਰ ਅਤੇ ਸਮਾਜ ਵਿੱਚ ਰਹਿੰਦਿਆਂ ਸਾਰੀ ਜ਼ਿੰਦਗੀ ਸ਼ੱਕ ਅਤੇ ਸਾਜ਼ਿਸ਼ ਭਰੀਆਂ ਨਜ਼ਰਾਂ ਤੋਂ ਬਚਦੀ-ਬਚਦੀ ਵੀ ਜ਼ੁਲਮ ਦਾ ਸ਼ਿਕਾਰ ਹੋ ਜਾਂਦੀ ਹੈ। ਅਸੀਂ ਬਾਜ਼ਾਰ ਦੇ ਭਾਅ ’ਤੇ ਆਟਾ-ਦਾਲ਼ ਖ਼ਰੀਦ ਕੇ ਅਸੀਂ ਪੰਜਾਬ ਦੀ ਕਿਰਸਾਨੀ ਦਾ ਮੁੱਲ ਚੁੱਕਤਾ ਕੀਤਾ ਜਾਣਦੇ ਹਾਂ। ਇਸ ਸਵਾਰਥੀ ਸੋਚ ਕਰਕੇ ਅਸੀਂ ਦੇਸ਼ ਪੰਜਾਬ ਨੂੰ ਰੋਗੀ ਕਰ ਲਿਆ ਹੈ। ਇਸ ਗੱਲ ਤੋਂ ਅਨਜਾਣ ਕਿ ਸਾਡਾ ਨਿੱਜੀ ਜੀਵਨ ਸਮਾਜਿਕ ਜੀਵਨ ਦਾ ਅੰਸ਼ ਹੈ, ਅਸੀਂ ‘ਮੈਂ ਤੇ ਮੇਰਾ ਪਰਿਵਾਰ’ ਦੇ ਸਿਧਾਂਤ ਉੱਤੇ ਆਪਣਾ ਨਿੱਜੀ ਅਤੇ ਸਮਾਜਿਕ ਜੀਵਨ ਸਮੇਟ ਲਿਆ ਹੈ। ਪਰ ਪੰਜਾਬ ਵਿੱਚ ਪਰਿਵਾਰਕ ਜਿਊਣ ਦੇ ਨਿਘਾਰ ਦੀ ਕਥਾ ਪੰਜਾਬ ਦੇ ਸਮਾਜਿਕ ਜੀਵਨ ਦੇ ਨਿਘਾਰ ਦੀ ਕਥਾ ਤੋਂ ਵੱਖਰੀ ਨਹੀਂ ਹੈ, ਕਿਉਂਕਿ ਸੁਥਰੇ ਸਮਾਜ ਵਿੱਚ ਹੀ ਸੁਥਰੇ ਪਰਿਵਾਰ ਪਲ਼ ਸਕਦੇ ਹਨ। ਬਾਹਰ ਦੀ ਹਵਾ ਖ਼ਰਾਬ ਹੋਵੇ ਤਾਂ ਆਪਣਾ ਵੱਖਰਾ ਸਵਰਗ ਨਹੀਂ ਬਣਾਇਆ ਜਾ ਸਕਦਾ; ਕਿਉਂਕਿ ਘਰ ਦੀ ਸੱਜਰੀ ਹਵਾ ਵਾਸਤੇ ਤਾਕੀ ਅੰਦਰ ਵੱਲ ਦੀ ਨਹੀਂ, ਬਾਹਰ ਵੱਲ ਨੂੰ ਹੀ ਖੋਲ੍ਹਣੀ ਪੈਂਦੀ ਹੈ। ਜੇ ਇਹ ਸੱਚ ਹੁੰਦਾ ਤਾਂ ਅਸੀਂ ਘਰਾਂ ਅੰਦਰ ਖੱਜਲ਼ ਨਾ ਪਏ ਹੁੰਦੇ, ਪਰਿਵਾਰਾਂ ਦੇ ਨੌਜਵਾਨ ਬੇਰੁਜ਼ਗਾਰ ਤੇ ਗੁੰਮਰਾਹ ਨਾ ਹੁੰਦੇ ਤੇ ਘਰ ਦੀਆਂ ਔਰਤਾਂ ਦੀ ਹਿਫ਼ਾਜ਼ਤ ਦੀ ਚਿੰਤਾ ਨਾ ਹੁੰਦੀ।

ਇਹ ਕਹਿਣਾ ਬੜਾ ਸੌਖਾ ਹੈ ਕਿ ਭ੍ਰਿਸ਼ਟ ਰਾਜਨੀਤੀ ਨੇ ਪੰਜਾਬ ਨੂੰ ਖ਼ਰਾਬ ਕੀਤਾ ਹੈ। ਪਰ ਗੱਲ ਤਾਂ ਇਹ ਵੀ ਸੋਚਣ ਦੀ ਹੈ ਕਿ ਅਸੀਂ ਕਦੋਂ ਲੋਕਤੰਤਰ ਦਾ ਧਰਮ ਨਿਭਾਇਆ ਹੈ। ਦਫ਼ਤਰਾਂ, ਯੂਨੀਵਰਸਿਟੀਆਂ, ਪੰਚਾਇਤਾਂ ਤੋਂ ਲੈ ਕੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਸੀਂ ਜ਼ਾਤ ਧਰਮ ਦੇ ਨਾਂ ’ਤੇ ਵੋਟਾਂ ਪਾਉਂਦੇ ਹਾਂ। ਇਹ ਨਹੀਂ ਤਾਂ ਲੋਕਾਂ ਦੇ ਮੂੰਹ ਨੂੰ ਵੋਟਾਂ ਪਾਉਂਦੇ ਹਾਂ ਤੇ ਇਹੋ ਜਿਹੀ ਸਰਕਾਰ ਚੁਣਦੇ ਹਾਂ, ਜੋ ਸਾਡੀਆਂ ਇਨ੍ਹਾਂ ਕਮਜ਼ੋਰੀਆਂ ਨੂੰ ਆਧਾਰ ਬਣਾ ਕੇ ਹੀ ਸਾਡੀ ਸੁੱਚੀ ਕਮਾਈ ਦਾ ਸਿਲਾ ਸਾਥੋਂ ਖੋਹ ਲੈਂਦੀ ਹੈ ਤੇ ਸਾਨੂੰ ਜ਼ਾਤ ਧਰਮ ਦੀ ਵੰਡੀ ਵਿੱਚ ਉਲਝਾ ਦਿੰਦੀ ਹੈ। ਆਧੁਨਿਕ ਰਾਜ ਵਿੱਚ ਸਰਕਾਰ ਆਪਣੀ ਤਾਸੀਰ ਜਨਤਾ ਦੀ ਤਾਸੀਰ ਤੋਂ ਗ੍ਰਹਿਣ ਕਰਦੀ ਹੈ ਤੇ ਉਸ ਅਨੁਸਾਰ ਹੀ ਜਨਤਾ ਨਾਲ ਵਰਤਦੀ ਹੈ। ਜਦ ਸਾਡੇ ਆਪਣੇ ਕਿਰਦਾਰ ਡਿੱਗੇ ਹੋਏ ਨੇ ਤਾਂ ਅਸੀਂ ਸਰਕਾਰਾਂ ਵਿੱਚ ਇਖ਼ਲਾਕ ਕਿਵੇਂ ਭਾਲੀਏ। ਲੋਕਤੰਤਰ ਦਾ ਮਤਲਬ ‘ਜਾਗਤੇ ਰਹੋ’ ਹੈ। ਲੋਕਤੰਤਰ ਦੀ ਰਾਖੀ ਕਰਨੀ ਪੈਂਦੀ ਹੈ ਤੇ ਅਸੀਂ ਵੋਟਾਂ ਪਾ ਕੇ ਸਮਝਦੇ ਹਾਂ ਕਿ ਹੁਣ ਜੋ ਕਰਨਾ ਹੈ, ਸਰਕਾਰ ਕਰੇਗੀ। ਲੋਕਤੰਤਰ ਦੀ ਸਫ਼ਲਤਾ ਲੋਕ ਧਰਮ ਦੇ ਨਿਰਵਾਹ ’ਤੇ ਨਿਰਭਰ ਕਰਦੀ ਹੈ। ਪਰ ਸਾਡੇ ਲੋਕ-ਧਰਮ ਦਾ ਘੇਰਾ ਬਹੁਤ ਸੌੜਾ ਹੈ। ਲੋਕਤੰਤਰ ਦੀ ਕਾਮਯਾਬੀ ਲਈ ਜ਼ਾਤ-ਬਰਾਦਰੀ ਦਾ ਘੇਰਾ ਵੱਡਾ ਕਰਕੇ ਹਰ ਦਿਨ ਆਪਣੇ ਘਰਾਂ, ਦਫ਼ਤਰਾਂ, ਗਲ਼ੀਆਂ-ਮੁਹੱਲਿਆਂ ਤੇ ਚੋਣ ਹਲਕਿਆਂ ਅੰਦਰ ਸੰਘਰਸ਼ ਕਰਨਾ ਪੈਂਦਾ ਹੈ।

ਜੀਵਨ ਸੰਘਰਸ਼ ਹੈ ਤੇ ਸੰਘਰਸ਼ ਕਰਨਾ ਕੋਈ ਬੁਰੀ ਗੱਲ ਨਹੀਂ। ਵਧਦੇ ਹੋਏ ਵਿਸ਼ਵ ਪੂੰਜੀਵਾਦ ਨੇ ਭਰਮ ਪਾ ਦਿੱਤਾ ਹੈ ਕਿ ਘਰ ਬਹਿ ਕ ਚੀਜ਼ਾਂ ਆਰਡਰ ਕਰੀ ਜਾਣਾ ਜੀਵਨ ਦਾ ਮਜ਼ਾ ਹੈ ਤੇ ਸੰਘਰਸ਼ ਕਰਨਾ ਜਿਵੇਂ ਵਿਹਲੇ ਅਤੇ ਨਾਲਾਇਕ ਲੋਕਾਂ ਦਾ ਕੰਮ ਹੈ। ਅੱਜ ਸਾਡਾ ਮਨੋਬਲ ਟੁੱਟਾ ਹੋਇਆ ਹੈ, ਕਿਉਂਕਿ ਸਾਨੂੰ ਯਕੀਨ ਨਹੀਂ ਕਿ ਸਾਡੇ ਸੰਘਰਸ਼ ਦਾ ਸਾਨੂੰ ਯੋਗ ਫ਼ਲ ਮਿਲੇਗਾ ਵੀ ਕਿ ਨਹੀਂ। ਪਰ ਇੱਕ ਵਾਰ ਜੇ ਪੰਜਾਬ ਦੇ ਲੋਕ ਫ਼ੈਸਲਾ ਕਰ ਲੈਣ ਕਿ ਹਰ ਗ਼ਲਤ ਨੂੰ ਸਹੀ ਕਰਨਾ ਹੈ ਤਾਂ ਜੱਗ ਜਾਣਦਾ ਹੈ ਕਿ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ। ਮੇਰਾ ਅਨੁਭਵ ਹੈ ਕਿ ਪ੍ਰਮਾਣਿਕ ਜੀਵਨ ਦੀ ਸ਼ੁਰੂਆਤ ਇਸ ਤਰ੍ਹਾਂ ਦੇ ਫ਼ੈਸਲ ਕਰਕੇ ਹੁੰਦੀ ਹੈ। ਪੰਜਾਬ ਦੇ ਉਠਾਣ ਨੂੰ ਸਹੀ ਰਾਜਨੀਤਿਕ ਸੇਧ ਦੇਣ ਲਈ ਹਰੇਕ ਪੰਜਾਬੀ ਨੂੰ ਕੁਕਨੂਸ ਦੀ ਤਰ੍ਹਾਂ ਆਪਣੀ ਰਾਖ ਵਿੱਚੋਂ ਉੱਠ ਕੇ ਇਸ ਕ੍ਰਾਂਤੀ ਦਾ ਨਾਇਕ ਹੋਣਾ ਚਾਹੀਦਾ ਹੈ। ਉਹ ਜਿੱਥੇ ਹੈ, ਜੋ ਕਰ ਰਿਹਾ ਹੈ, ਲੋਕ-ਧਰਮ ਨਿਭਾ ਰਿਹਾ ਹੈ ਤੇ ਮੁਸਤੈਦੀ ਨਾਲ ਲੋਕਤੰਤਰ ਦੀ ਰਾਖੀ ਕਰ ਰਿਹਾ ਹੈ। ਜਿਸ ਦਿਨ ਸਾਡੀਆਂ ਰਸੋਈਆਂ, ਵਿਹੜਿਆਂ, ਮੁਹੱਲਿਆਂ ਅਤੇ ਦਫ਼ਤਰਾਂ ਵਿੱਚ ਅਸੀਂ ਸਮਦਰਸ਼ੀ ਬਣ ਕੇ ਲੋਕਤੰਤਰ ਦੇ ਰਖਵਾਲੇ ਬਣ ਗਏ; ਜਿਸ ਦਿਨ ਅਸੀਂ ਦੂਜੇ ਦੇ ਹੱਕ ਦੀ ਰਾਖੀ ਵੀ ਓਵੇਂ ਕਰਨ ਲੱਗੇ, ਜਿਵੇਂ ਆਪਣੇ ਦੀ ਕਰੀਦੀ ਹੈ ਤਾਂ ਉਸ ਦਿਨ ਪਾਰਲੀਮੈਂਟ ਵਿੱਚ ਬੈਠੇ ਸਾਡੇ ਲੇਖ ਲਿਖਣ ਵਾਲੇ ਵੀ ਇਹ ਸਮਝ ਜਾਣਗੇ ਕਿ ਅਸੀਂ ਹੁਣ ਉਹ ਨਹੀਂ ਰਹੇ!

ਮੇਰ ਤਾਈ ਜੀ ਜਦੋਂ ਸਵੈਟਰ ਬੁਣਨ ਲਈ ਸਲਾਈਆਂ ਉੱਤੇ ਕੁੰਡੇ ਪਾਉਣ ਲੱਗਦੇ ਸੀ ਜਾਂ ਕੋਈ ਵੀ ਲੰਮਾ ਤੇ ਔਖਾ ਕੰਮ ਕਰਨ ਲੱਗਦੇ ਸੀ ਤਾਂ ਕਿਸੇ ਕਰਮਸ਼ੀਲ ਆਦਮੀ ਦਾ ਪੌਂਖਾ ਲੈ ਕੇ ਕੰਮ ਸ਼ੁਰੂ ਕਰਦੇ ਸੀ ਤਾਂ ਜੋ ਕੰਮ ਨਿਰਵਿਘਨ ਅਤੇ ਛੇਤੀ ਪੂਰਾ ਹੋ ਜਾਵੇ। ਮੈਂਨੂੰ ਲੱਗਦਾ ਹੈ ਪੰਜਾਬ ਦੇ ਨਵ-ਨਿਰਮਾਣ ਦੇ ਸੁਪਨੇ ਦਾ ਪੌਂਖਾ ਸਾਨੂੰ ਕਿਸਾਨ ਦੇ ਮੁੱਖ ਤੋਂ ਲੈਣਾ ਚਾਹੀਦਾ ਹੈ, ਕਿਉਂਕਿ ਉਹਦੇ ਮੁੱਖ ’ਤੇ ਪੰਜਾਬ ਦਾ ਅਧਿਆਤਮ ਹੈ। ਇਹ ਅਧਿਆਤਮ ਕਿਰਤ, ਸੰਘਰਸ਼, ਸੰਜਮ ਅਤੇ ਸਿਦਕ ਨਾਲ ਕਮਾਇਆ ਹੋਇਆ ਅਧਿਆਤਮ ਹੈ। ਤਰੱਕੀ ਦੀ ਬੇਤੁਕੀ ਦੌੜ ਵਿੱਚ ਕਿਸਾਨ ਨੂੰ ਪਿੱਛੇ ਪਾ ਕੇ ਪੰਜਾਬ ਦੀ ਬਰਕਤ ਘਟੀ ਹੈ ਤੇ ਸਾਡੇ ਪਦਾਰਥਿਕ ਅਤੇ ਆਤਮਿਕ ਖ਼ਜ਼ਾਨੇ ਖ਼ਾਲੀ ਹੋ ਗਏ ਨ। ਇਹ ਵੇਲ਼ਾ ਕਿਸਾਨ ਨੂੰ ਪੰਜਾਬ ਦੀ ਲੋਕ ਚੇਤਨਾ ਵਿੱਚ ਗੱਭੇ ਰੱਖ ਕੇ ਪੰਜਾਬ ਦੀ ਖ਼ੁਸ਼ਹਾਲੀ ਦਾ ਸਾਂਝਾ ਸੁਪਨਾ ਵੇਖਣ ਦਾ ਹੈ। ਕਿਸਾਨ-ਮੁਖੀ ਚੇਤਨਾ ਪੰਜਾਬ ਦੇ ਲੋਕ-ਧਰਮ ਵਿੱਚ ਉਸ ਤਰ੍ਹਾਂ ਵਸੀ ਹੋਵੇ, ਜਿਵੇਂ ਗੁਰਮੁਖ ਵਾਸਤੇ ਗੁਰੂ ਦਾ ਬਚਨ ਹੁੰਦਾ ਹੈ; ਜੋ ਸਦਾ ਉਹਦੇ ਨਾਲ ਵਸਦਾ ਹੈ, ਜੋ ਜਲ ਵਿੱਚ ਡੁੱਬਦਾ ਨਹੀਂ, ਜਿਹਨੂੰ ਤਸਕਰ ਲੁੱਟ ਨਹੀਂ ਸਕਦਾ ਤੇ ਅੱਗ ਜਿਹਨੂੰ ਜਲਾ ਨਹੀਂ ਸਕਦੀ।

*****

(1493)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੋਨੀਕਾ ਕੁਮਾਰ

ਮੋਨੀਕਾ ਕੁਮਾਰ

Phone: (91 - 94175 - 32822)
Email: (turtle.walks@gmail.com)