BhajanbirSingh7ਫਿਰ ਸਵੇਰ ਹੁੰਦਿਆਂ ਲੋਕਾਂ ਨੂੰ ਫ਼ੋਨ ਕਰਨੇ ਸ਼ੁਰੂ ਕੀਤੇ ...
(ਦਸੰਬਰ 17, 2015)

 

Gulzarਇਹ ਸਾਹਿਰ ਦੀ ਮੱਈਅਤ ਉੱਠਣ ਤੋਂ ਪਹਿਲਾਂ ਦੀ ਗੱਲ ਹੈ। ਮੈਂ ਗੱਲ ਜਾਦੂ ਦੀ ਕਰ ਰਿਹਾ ਹਾਂ ਅਤੇ ਜ਼ਿਕਰ ਸਾਹਿਰ ਲੁਧਿਆਣਵੀ ਦਾ ਹੈ।

ਜਾਦੂ ਅਤੇ ਸਾਹਿਰ ਦਾ ਰਿਸ਼ਤਾ ਬੜਾ ਅਜੀਬ ਸੀ। ਜਾਦੂ ਜਾਵੇਦ ਅਖ਼ਤਰ ਦਾ ਨਿੱਕਾ ਨਾਂ ਹੈ, ਲਾਡ ਦਾ ਨਾਂ। ਮਿਜਾਜ਼ ਸ਼ਾਇਰਾਨਾ ਵੀ ਹੈ, ਬਾਗ਼ੀਆਨਾ ਵੀ ... ਪੂਰੀ ਪੈਡੀਗ੍ਰੀ ਹੀ ਅਜਿਹੀ ਹੈ। ਬਾਪ ਜਾਂ ਨਿਸਾਰ ਅਖ਼ਤਰ। ਮਾਮਾ ਮਿਜਾਜ਼ ਅਤੇ ਹੁਣ ਸਹੁਰਾ ਕੈਫ਼ੀ ਆਜ਼ਮੀ।

ਉਸਨੇ ਬਾਪ ਦੀ ਇੱਜ਼ਤ ਤਾਂ ਕਦੇ ਕੀਤੀ ਨਹੀਂ। ਕੋਈ ਗੁੱਸਾ ਸੀ, ਨਾਰਾਜ਼ਗੀ ਸੀ, ਜਿਹੜੀ ਜਾਦੂ ਦੀ ਰਗ-ਰਗ ਵਿੱਚ ਭਰੀ ਹੋਈ ਸੀ, ਆਪਣੇ ਬਾਪ ਦੇ ਖ਼ਿਲਾਫ਼। ਮਾਂ ਦੇ ਜੀਊਂਦੇ ਜੀਅ ਤਾਂ ਬਰਦਾਸ਼ਤ ਵੀ ਕਰ ਲੈਂਦਾ ਸੀ, ਪਰ ਉਸਦੇ ਗੁਜ਼ਰ ਜਾਣ ਪਿੱਛੋਂ ਗੱਲ-ਗੱਲ ’ਤੇ ਘਰੋਂ ਨਿਕਲ ਜਾਂਦਾ ਸੀ ਅਤੇ ਸਿੱਧਾ ਸਾਹਿਰ ਕੋਲ ਜਾ ਪਹੁੰਚਦਾ। ਉਸਦੀ ਸ਼ਕਲ ਦੇਖਦਿਆਂ ਹੀ ਸਾਹਿਰ ਵੀ ਸਮਝ ਜਾਂਦੇ ਸਨ ਕਿ ਫਿਰ ਬਾਪ ਨਾਲ ਝਗੜਾ ਕਰਕੇ ਆਇਆ ਹੈ। ਪਰ ਉਹ ਇਸ ਗੱਲ ਦਾ ਬਿਲਕੁਲ ਵੀ ਜ਼ਿਕਰ ਨਾ ਕਰਦੇ। ਜਾਣਦੇ ਸਨ, ਪਹਿਲਾਂ ਤਾਂ ਜਾਦੂ ਭੜਕ ਪਵੇਗਾ ਅਤੇ ਫਿਰ ਰੋ ਪਵੇਗਾ। ਦੋਵਾਂ ਹਾਲਤਾਂ ਵਿੱਚ ਉਸਨੂੰ ਸੰਭਾਲਣਾ ਮੁਸ਼ਕਲ ਸੀ।

ਥੋੜ੍ਹੀ ਦੇਰ ਬਾਅਦ ਕਹਿੰਦੇ, “ਜਾਦੂ ਚੱਲ ਆ, ਰੋਟੀ ਖਾਈਏ।

ਅਤੇ ਰੋਟੀ ਖਾਂਦਿਆਂ ਜਾਦੂ ਖ਼ੁਦ ਹੀ ਬੋਲ-ਬਾਲ ਕੇ ਭੜਾਸ ਕੱਢ ਲੈਂਦਾ ਅਤੇ ਵਿਲਕਦਾ ਹੋਇਆ ਉਹ ਦਿਨ ਉੱਥੇ ਹੀ ਕੱਢ ਦਿੰਦਾ। ਪਰ ਕਦੇ-ਕਦੇ ਇੰਝ ਵੀ ਹੁੰਦਾ ਕਿ ਸਾਹਿਰ ਉਸਨੂੰ ਦੱਸ ਦਿੰਦੇ, “ਅਖ਼ਤਰ ਆ ਰਿਹਾ ਹੈ, ਦੁਪਹਿਰ ਦੇ ਖਾਣੇ ਤੇ।

ਜਾਦੂ ਨਜ਼ਰ ਚੁੱਕ ਕੇ ਦੇਖਦਾ ਕਿ ਇੱਥੇ ਵੀ ਚੈਨ ਨਹੀਂ। ਉਸਦਾ ਵੱਸ ਚੱਲਦਾ ਤਾਂ ਸਾਹਿਰ ਦੇ ਸਾਹਮਣੇ ਕਹਿ ਦਿੰਦਾ, “ਇਹ ਬਾਪ, ਹਰ ਥਾਂ! ਹਰ ਵੇਲੇ ਕਿਉਂ?”

JavedAkhtarਜਾਦੂ ਬੇਟਾ ਜਾਂ ਨਿਸਾਰ ਅਖ਼ਤਰ ਦਾ ਸੀ ਪਰ ਉਸਦਾ ਸੁਭਾਅ ਆਪਣੇ ਮਾਮੇ ਮਜਾਜ਼ ਤੇ ਸੀ। ਬਹੁਤ ਜਜ਼ਬਾਤੀ ਅਤੇ ਬਹੁਤ ਗੁੱਸੇਖ਼ੋਰ ... ਸਾਹਿਰ ਨੇ ਉਸਨੂੰ ਪੁੱਤਰ ਵਾਂਗ ਪਾਲਿਆ ਅਤੇ ਦੋਸਤ ਵਾਂਗ ਸੰਭਾਲਿਆ। ਸਾਹਿਰ ਕਹਿੰਦੇ, “ਜਾਦੂ ਏਰੋਜ਼ਵਿੱਚ ਬਹੁਤ ਚੰਗੀ ਫ਼ਿਲਮ ਲੱਗੀ ਹੈ ਯਾਰ। ਉਹ ਕੀ ਨਾਂ ਹੈ ਉਸਦਾ ... ਜਾ ਕੇ ਦੇਖ ਆ ...

ਅਤੇ ਇਸ ਤਰ੍ਹਾਂ ਉਹ ਬਾਪ ਬੇਟੇ ਦਾ ਸਾਹਮਣਾ ਹੋਣ ਤੋਂ ਬਚਾ ਦਿੰਦੇ। ਬੜਾ ਅਨੋਖਾ ਨਿਸ਼ਤਾ ਸੀ, ਸਾਹਿਰ ਅਤੇ ਜਾਦੂ ਦਾ।

ਅਤੇ ਇਕ ਦਿਨ ਉਹ ਸਾਹਿਰ ਦੇ ਘਰੋਂ ਵੀ ਨਿਕਲ ਗਿਆ।

ਤੁਸੀਂ ਮੇਰੇ ਬਾਪ ਨੂੰ ਜ਼ਿਆਦਾ ਹੀ ਸਿਰ ਚੜ੍ਹਾਇਆ ਹੋਇਆ ਹੈ।

ਸਾਹਿਰ ਹੱਸ ਪਏ ਤਾਂ ਜਾਦੂ ਬੋਲਿਆ, “ਮੇਰਾ ਬਾਪ ਵੀ ਮੇਰੇ ਤੇ ਇੰਝ ਹੀ ਹੱਸਦਾ ਹੈ। ਮੈਨੂੰ ਕੋਈ ਨਹੀਂ ਚਾਹੀਦਾ। ਨਾ ਉਹ ਨਾ ਤੁਸੀਂ। ਅਤੇ ਲੜ ਕੇ ਘਰੋਂ ਨਿਕਲ ਗਿਆ

ਕੁਝ ਦਿਨ ਗਾਇਬ ਰਿਹਾ। ਖ਼ੁਦਦਾਰੀ ਬਹੁਤ ਸੀ। ਨੱਕ ਬਹੁਤ ਉੱਚਾ ਸੀ ਅਤੇ ਮਿਜਾਜ਼ ਉਸ ਤੋਂ ਵੀ ਉੱਚਾ। ਪਤਾ ਨਹੀਂ ਕਿੱਥੇ ਸੁੱਤਾ! ਕੀ ਖਾਧਾ!

ਕਮਾਲ ਸਾਹਿਬ, ਕਮਾਲ ਅਮਰੋਹੀ ਦੇ ਪ੍ਰੋਡਕਸ਼ਨ ਮੈਨੇਜਰ ਨਾਲ ਦੋਸਤੀ ਸੀ। ਉਸਦੇ ਨਾਲ ਹੀ ਸ਼ਾਮ ਲੰਘਾ ਦਿੰਦਾ ਅਤੇ ਰਾਤ ਨੂੰ ਉੱਥੇ ਹੀ ਸਟੂਡੀਓ ਵਿੱਚ, ਪ੍ਰੋਡਕਸ਼ਨ ਸਟੋਰ ਵਿੱਚ ਸੌਂ ਜਾਂਦਾ। ਉਸ ਸਟੋਰ ਵਿੱਚ ਜਿੱਥੇ ਹਰ ਤਰ੍ਹਾਂ ਦਾ ਪ੍ਰੋਡਕਸ਼ਨ ਦਾ ਸਾਮਾਨ ਭਰਿਆ ਪਿਆ ਸੀ। ਮੀਨਾ ਕੁਮਾਰੀ ਦੀਆਂ ਫ਼ਿਲਮ ਫ਼ੇਅਰ ਦੀਆਂ ਦੋ ਟ੍ਰਾਫ਼ੀਆਂ ਵੀ ਉੱਥੇ ਪਈਆਂ ਸਨ। ਉਹ ਇੱਕ ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਹੋ ਕੇ, ਖ਼ੁਦ ਨੂੰ ਟ੍ਰਾਫ਼ੀ ਪੇਸ਼ ਕਰਦਾ, ਫਿਰ ਇਹ ਟ੍ਰਾਫੀ ਰਿਸੀਵ ਕਰਦਾ, ਫਿਰ ਹਾਜ਼ਰੀਨ ਵੱਲੋਂ ਤਾੜੀਆਂ ਵੀ ਵਜਾਉਂਦਾ ਅਤੇ ਫਿਰ ਝੁਕ ਕੇ ਲੋਕਾਂ ਦਾ ਸ਼ੁਕਰੀਆ ਕਰਦਾਇਹ ਘਟਨਾ ਜਾਦੂ ਨੇ ਇੱਕ ਇੰਟਰਵਿਊ ਵਿੱਚ ਦੱਸੀ ਸੀ ਕਿ ਉਹ ਤਕਰੀਬਨ ਹਰ ਰੋਜ਼ ਸੌਣ ਤੋਂ ਪਹਿਲਾਂ ਇਹੀ ਰੀਹੈਰਸਲ ਕਰਦਾ ਸੀ। ਕਈ ਦਿਨ ਉਸਨੇ ਸਟੂਡੀਓ ਵਿੱਚ ਲੰਘਾਏ।

ਫਿਰ ਜਦ ਸਾਹਿਰ ਦੇ ਘਰ ਨਜ਼ਰ ਆਇਆ ਤਾਂ ਮੂੰਹ ਉੱਤਰਿਆ ਹੋਇਆ ਸੀ। ਸਾਹਿਰ ਨੇ ਲਾਡ ਨਾਲ ਬੁਲਾਇਆ ਪਰ ਜਾਦੂ ਦਾ ਗੁੱਸਾ ਅਜੇ ਉੱਤਰਿਆ ਨਹੀਂ ਸੀ।

ਸਿਰਫ਼ ਨਹਾਉਣ ਲਈ ਤੁਹਾਡਾ ਬਾਥਰੂਮ ਅਤੇ ਸਾਬਣ ਵਰਤਣਾ ਚਾਹੁੰਦਾ ਹਾਂ।

“... ... ...”

ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ...

ਜ਼ਰੂਰਸਾਹਿਰ ਨੇ ਇਜਾਜ਼ਤ ਦਿੱਤੀ ਫਿਰ ਕਿਹਾ, “ਕੁਝ ਖਾ ਲੈ।

ਖਾ ਲਵਾਂਗਾ ਕਿਤੇ ਵੀ। ਤੁਹਾਡੇ ਇੱਥੇ ਨਹੀਂ ਖਾਣਾ ਮੈਂ।


ਜਦ ਨਹਾ ਕੇ ਆਇਆ ਤਾਂ ਸਾਹਿਰ ਡ੍ਰੈਸਿੰਗ ਟੇਬਲ ਤੇ ਸੌ ਦਾ ਨੋਟ ਰੱਖ ਕੇ ਲਗਾਤਾਰ ਆਪਣੇ ਵਾਲਾਂ ਵਿੱਚ ਕੰਘੀ ਫੇਰ ਰਹੇ ਸਨ ਅਤੇ ਸ਼ਬਦ ਲੱਭ ਰਹੇ ਸਨ ਕਿ ਜਾਵੇਦ ਨੂੰ ਸੌ ਰੁਪਏ ਲੈਣ ਲਈ ਕਿਵੇਂ ਕਿਹਾ ਜਾਵੇ। ਜਾਵੇਦ ਦੀ ਖੁਦਦਾਰੀ ਤੋਂ ਡਰਦੇ ਵੀ ਸਨ
, ਇੱਜ਼ਤ ਵੀ ਕਰਦੇ ਸਨ। ਆਖ਼ਰ ਡਰਦਿਆਂ ਡਰਦਿਆਂ ਕਹਿ ਦਿੱਤਾ,

ਜਾਦੂ ਇਹ ਸੌ ਰੁਪਏ ਰੱਖ ਲੈ, ਮੈਂ ਤੇਰੇ ਕੋਲੋਂ ਲੈ ਲਵਾਂਗਾ।

ਸੌ ਰੁਪਏ ਉਸ ਸਮੇਂ ਬਹੁਤ ਵੱਡੀ ਰਕਮ ਹੁੰਦੀ ਸੀ। ਸੌ ਰੁਪਏ ਦਾ ਨੋਟ ਤੁੜਵਾਉਣ ਲਈ ਲੋਕ ਬੈਂਕ ਜਾਂਦੇ ਸਨ, ਜਾਂ ਪੈਟਰੋਲ ਪੰਪ।

ਜਾਦੂ ਨੇ ਇੰਝ ਨੋਟ ਲਿਆ ਜਿਵੇਂ ਸਾਹਿਰ ’ਤੇ ਅਹਿਸਾਨ ਕਰ ਰਿਹਾ ਹੋਵੇ, “ਲੈ ਲੈਂਦਾ ਹਾਂ। ਮੋੜ ਦਿਆਂਗਾ, ਜਿਸ ਦਿਨ ਤਨਖ਼ਾਹ ਮਿਲੇਗੀ।

ਜਾਵੇਦ ਸ਼ੰਕਰ ਮੁਕਰਜੀ ਨਾਲ ਅਸਿਸਟੈਂਟ ਲੱਗ ਗਿਆ ਸੀ, ਜਿੱਥੇ ਉਸ ਦੀ ਮੁਲਾਕਾਤ ਸਲੀਮ ਖ਼ਾਨ ਨਾਲ ਹੋਈ ਸੀ। ਬਹੁਤ ਕਮਾਇਆ ਉਸਨੇ। ਸ਼ਰਾਬ ਮਾਮੇ ਵਾਂਗ ਪੀਂਦਾ ਸੀ ਅਤੇ ਪੀ ਕੇ ਬਾਪ ’ਤੇ ਭੜਾਸ ਕੱਢਦਾ ਸੀ, ਸਾਹਿਰ ਦੇ ਅੰਦਾਜ਼ ਵਿੱਚ। ਪਰ ਉਹ ਸੌ ਰੁਪਏ ਉਸਨੇ ਕਦੇ ਵਾਪਸ ਨਾ ਕੀਤੇ। ਹਜ਼ਾਰਾਂ ਕਮਾਏ, ਫਿਰ ਲੱਖਾਂ ਵੀ ਆਏ, ਪਰ ਹਮੇਸ਼ਾ ਇਹੀ ਕਿਹਾ ਸਾਹਿਰ ਨੂੰ:

ਤੁਹਾਡਾ ਸੌ ਰੁਪਇਆ ਤਾਂ ਮੈਂ ਖਾ ਗਿਆ।

ਅਤੇ ਸਾਹਿਰ ਵੀ ਹਮੇਸ਼ਾ ਇਹੀ ਕਹਿੰਦੇ, “ਉਹ ਤਾਂ ਮੈਂ ਤੇਰੇ ਕੋਲੋਂ ਕਢਵਾ ਲਵਾਂਗਾ ਪੁੱਤਰਾ ...

ਇਹ ਨੋਕ-ਝੋਕ ਸਾਹਿਰ ਅਤੇ ਜਾਦੂ ਵਿੱਚ ਆਖ਼ਰੀ ਦਿਨਾਂ ਤੱਕ ਚਲਦੀ ਰਹੀ ਅਤੇ ਦੋਸਤੀ ਬਾਦਸਤੂਰ ਕਾਇਮ ਰਹੀ। ਸਾਹਿਰ ਦੇ ਬਹੁਤ ਜ਼ਿਆਦਾ ਦੋਸਤ ਤਾਂ ਨਹੀਂ ਸਨ, ਉਹ ਦੋਸਤਾਂ ਦੇ ਦੋਸਤ ਸਨ ਅਤੇ ਸ਼ਾਮ ਨੂੰ ਸ਼ਰਾਬ ਪੀ ਕੇ ਬਹੁਤ ਲੋਕਾਂ ਦੀ ਐਸੀ-ਤੈਸੀ ਕਰ ਦਿੰਦੇ ਸਨ। ਉਨ੍ਹਾਂ ਦਿਨੀਂ ਕ੍ਰਿਸ਼ਨ ਚੰਦਰ ਵਾਲੇ ਮਕਾਨ ਵਿੱਚ ਰਹਿੰਦੇ ਸਨ, ਉਨ੍ਹਾਂ ਦੇ ਪੁਰਾਣੇ ਦੋਸਤ ਓਮ ਪ੍ਰਕਾਸ਼ ਅਸ਼ਕ ਸਾਲਾਂ ਬੱਧੀ ਉਨ੍ਹਾਂ ਦੇ ਨਾਲ ਰਹੇ। ਇੱਕ ਵਾਰ ਮੇਰੇ ਸਾਹਮਣੇ ਹੀ ਅਸ਼ਕ ਸਾਹਿਬ ਨੇ ਪੰਜਾਬੀ ਵਿੱਚ ਕਿਹਾ ਸੀ।

ਸਾਹਿਰ, ਸ਼ਰਾਬ ਪੀਣ ਤੋਂ ਬਾਅਦ ਤੂੰ ਗਾਲੀ ਗਲੋਚ’ਤੇ ਕਿਉਂ ਉੱਤਰ ਆਉਂਦਾ?”

ਸਾਹਿਰ ਨੇ ਪੰਜਾਬੀ ਵਿੱਚ ਹੀ ਜਵਾਬ ਦਿੱਤਾ, “ਸ਼ਰਾਬ ਨਾਲ ਨਮਕੀਨ ਵੀ ਤਾਂ ਚਾਹੀਦਾ ਹੈ ਨਾ ਯਾਰ!

ਸਾਹਿਰ ਦੇ ਦੋਸਤਾਂ ਵਿੱਚ ਇੱਕ ਡਾਕਟਰ ਕਪੂਰ ਵੀ ਸਨ, ਜਿਹੜੇ ਖ਼ੁਦ ਦਿਲ ਦੇ ਮਰੀਜ਼ ਸਨ ਪਰ ਸਾਹਿਰ ਦੇ ਡਾਕਟਰ। ਸਾਹਿਰ ਕਹਿੰਦੇ ਹੁੰਦੇ ਸਨ, “ਕਪੂਰ, ਮੈਂ ਦੇਖਣ ਆਵਾਂ ਤੈਨੂੰ ਜਾਂ ਖ਼ੁਦ ਨੂੰ ਦਿਖਾਉਣ ਆਵਾਂ?”

ਉਸ ਸ਼ਾਮ ... ਉਸ ਆਖ਼ਰੀ ਸ਼ਾਮ ਵੀ ਇਹੀ ਹੋਇਆ। ਇੰਨੇ ਸਾਲਾਂ ਵਿੱਚ ਸਾਹਿਰ ਆਪਣਾ ਮਕਾਨ ਬਣਾ ਚੁੱਕੇ ਸਨ। ਪਰਛਾਈਆਂਡਾ. ਕਪੂਰ ਵਰਸੋਵਾ ਦੇ ਇੱਕ ਬੰਗਲੇ ਵਿੱਚ ਸ਼ਿਫਟ ਹੋ ਗਏ ਸਨ। ਜਾਦੂ ਇੱਕ ਬਹੁਤ ਕਾਮਯਾਬ ਰਾਈਟਰ ਬਣ ਚੁੱਕਾ ਸੀ। ਉਸ ਸ਼ਾਮ ਸਾਹਿਰ ਡਾ. ਕਪੂਰ ਨੂੰ ਦੇਖਣ ਗਏ ਸਨ। ਖ਼ਬਰ ਮਿਲੀ ਸੀ ਉਨ੍ਹਾਂ ਦੀ ਤਬੀਅਤ ਠੀਕ ਨਹੀਂ। ਹਾਰਟ ਸਪੈਸ਼ਲਿਸਟ ਡਾ. ਸੇਠ ਉਨ੍ਹਾਂ ਨੂੰ ਦੇਖਣ ਆ ਰਹੇ ਸਨ। ਸ਼ਾਇਦ ਰਾਮਾਨੰਦ ਸਾਗਰ ਵੀ ਉੱਥੇ ਸਨ। ਜਾਂ ਬਾਅਦ ਵਿੱਚ ਆਏ। ਸਾਹਿਰ ਨੇ ਕਪੂਰ ਦਾ ਦਿਨ ਬਹਿਲਾਉਣ ਲਈ ਤਾਸ਼ ਮੰਗਵਾਈ ਅਤੇ ਉਨ੍ਹਾਂ ਦੇ ਬਿਸਤਰੇ ’ਤੇ ਬੈਠ ਕੇ ਹੀ ਖੇਡਣ ਲੱਗੇ। ਪੱਤੇ ਵੰਡਦਿਆਂ-ਵੰਡਦਿਆਂ ਅਚਾਨਕ ਡਾਕਟਰ ਕਪੂਰ ਨੇ ਦੇਖਿਆ, ਸਾਹਿਰ ਦਾ ਚਿਹਰਾ ਸਖ਼ਤ ਹੁੰਦਾ ਜਾ ਰਿਹਾ ਸੀ। ਸ਼ਾਇਦ ਉਹ ਦਰਦ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕਪੂਰ ਨੇ ਬੁਲਾਇਆ, “ਸਾਹਿਰ!

ਅਤੇ ਨਾਲ ਹੀ ਸਾਹਿਰ ਬਿਸਤਰੇ ਤੇ ਲੁੜ੍ਹਕ ਗਏ। ਡਾ. ਸੇਠ ਦਾਖ਼ਲ ਹੋਏ। ਬਹੁਤ ਕੋਸ਼ਿਸ਼ ਕੀਤੀ ਦਿਲ ਬਹਾਲ ਕਰਨ ਦੀ। ਪਰ ਸਾਹਿਰ ਜਾ ਚੁੱਕੇ ਸਨ। ਡਾ. ਕਪੂਰ ਦੀ ਘਬਰਾਹਟ ਦੇਖ ਕੇ ਰਾਮਾਨੰਦ ਸਾਗਰ, ਤੁਰੰਤ ਉਨ੍ਹਾਂ ਨੂੰ ਆਪਣੇ ਘਰ ਲੈ ਗਏ।

ਸਾਹਿਰ ਦਾ ਡਰਾਈਵਰ ਅਨਵਰ ਭੱਜਾ ਆਇਆ। ਉਸਨੇ ਲਾਸ਼ ਸੰਭਾਲ ਲਈ। ਯਸ਼ ਚੋਪੜਾ ਉਨ੍ਹਾਂ ਦੇ ਬਹੁਤ ਨੇੜਲੇ ਸਨ। ਉਨ੍ਹਾਂ ਕੋਲ ਖ਼ਬਰ ਭੇਜੀ ਤਾਂ ਉਹ ਸ਼੍ਰੀਨਗਰ ਗਏ ਹੋਏ ਸਨ। ਇਸ ਪਿੱਛੋਂ ਜਾਦੂ ਨੂੰ ਖ਼ਬਰ ਦਿੱਤੀ ਗਈ। ਡਰਾਈਵਰ ਨਹੀਂ ਸੀ ਉਹ ਟੈਕਸੀ ਲੈ ਕੇ ਪਹੁੰਚਿਆ ਅਤੇ ਇਸ ਟੈਕਸੀ ਵਿੱਚ ਜਾਦੂ, ਸਾਹਿਰ ਨੂੰ ਉਨ੍ਹਾਂ ਦੇ ਘਰ ਪਰਛਾਈਆਂਲੈ ਗਿਆ ਅਨਵਰ ਅਤੇ ਟੈਕਸੀ ਵਾਲੇ ਦੀ ਮਦਦ ਨਾਲ ਉਨ੍ਹਾਂ ਨੂੰ ਉੱਪਰ ਲੈ ਗਏ। ਫਸਟ ਫਲੋਰ ਤੇ, ਜਿੱਥੇ ਉਹ ਰਹਿੰਦੇ ਸਨ।

ਜਾਦੂ ਕਿਸੇ ਸਨਾਟੇ ਵਿੱਚ ਸੀ। ਪਰ ਘਰ ਪਹੁੰਚ ਕੇ ਉਨ੍ਹਾਂ ਦੇ ਗਲੇ ਲੱਗ ਕੇ ਜਿਵੇਂ ਰੋਇਆ ਜ਼ਿੰਦਗੀ ਵਿੱਚ ਕਦੇ ਨਹੀਂ ਰੋਇਆ ਸੀ। ਉਸ ਵੇਲੇ ਰਾਤ ਦਾ ਇੱਕ ਵੱਜਿਆ ਹੋਵੇਗਾ, ਕਿੱਥੇ ਜਾਵੇ? ਕਿਸ ਨੂੰ ਬੁਲਾਵੇ? ਕੁਝ ਨਹੀਂ ਕੀਤਾ ਜਾਦੂ ਨੇ। ਇਕੱਲਾ ਬੈਠਾ ਰਿਹਾ ਉਨ੍ਹਾਂ ਦੇ ਕੋਲ, ਆਂਢੀ-ਗੁਆਂਢੀ ਪਹੁੰਚ ਗਏ ਸਨ। ਇੱਕ ਗੁਆਂਢੀ ਨੇ ਕਿਹਾ, “ਥੋੜ੍ਹੀ ਦੇਰ ਵਿੱਚ ਲਾਸ਼ ਆਕੜਨ ਲੱਗੇਗੀ। ਦੋਵੇਂ ਹੱਥ ਸੀਨੇ ਤੇ ਲਿਜਾ ਕੇ ਬੰਨ੍ਹ ਦਿਓ। ਬਾਅਦ ਵਿੱਚ ਮੁਸ਼ਕਲ ਹੋਵੇਗੀ।”

ਜਾਦੂ ਰੋਂਦਾ ਰਿਹਾ ਅਤੇ ਉਹ ਸਭ ਕਰਦਾ ਰਿਹਾ, ਜੋ ਲੋਕ ਦੱਸਦੇ ਰਹੇ।

ਫਿਰ ਸਵੇਰ ਹੁੰਦਿਆਂ ਲੋਕਾਂ ਨੂੰ ਫ਼ੋਨ ਕਰਨੇ ਸ਼ੁਰੂ ਕੀਤੇ। ਜਿਵੇਂ-ਜਿਵੇਂ ਖ਼ਬਰ ਫ਼ੈਲਦੀ ਗਈ, ਲੋਕ ਆਉਣੇ ਸ਼ੁਰੂ ਹੋਏ। ਬੈਠਣ ਲਈ ਚਾਦਰਾਂ ਕੱਢੋ। ਇੱਧਰੋਂ ਕੁਰਸੀਆਂ ਚੁੱਕ ਦਿਉ। ਉੱਧਰਲਾ ਬੂਹਾ ਖੋਲ੍ਹ ਦਿਉ। ਬੱਚਿਆਂ ਵਾਂਗੂੰ, ਜਾਦੂ ਦੇ ਹੰਝੂ ਵਹਿ ਰਹੇ ਸਨ ਅਤੇ ਉਹ ਇਹ ਕੰਮ ਕਰ ਰਿਹਾ ਸੀ।

ਮੱਈਅਤ ਦੇ ਪ੍ਰਬੰਧ ਲਈ ਹੇਠਾਂ ਗਿਆ ਤਾਂ ਦੇਖਿਆ, ਟੈਕਸੀ ਵਾਲਾ ਉੱਥੇ ਹੀ ਖੜ੍ਹਾ ਹੈ।

ਉਫ਼! ਦੱਸਿਆ ਕਿਉਂ ਨਹੀਂ? ਕਿੰਨੇ ਪੈਸੇ ਹੋਏ ਤੇਰੇ?”

ਉਹ ਕੋਈ ਬਹੁਤ ਚੰਗਾ ਇਨਸਾਨ ਸੀ। ਝੱਟ ਹੱਥ ਜੋੜ ਦਿੱਤੇ।

ਮੈਂ ਸਾਹਿਬ ... ਨਹੀਂ, ਪੈਸਿਆਂ ਲਈ ਨਹੀਂ ਰੁਕਿਆ। ਇਸ ਪਿੱਛੋਂ ਮੈਂ ਕਿੱਥੇ ਜਾਂਦਾ ਰਾਤ ਨੂੰ?”

ਜਾਦੂ ਨੇ ਜੇਬ ਵਿੱਚ ਬਟੂਆ ਕੱਢਿਆ।

ਟੈਕਸੀ ਵਾਲਾ ਫਿਰ ਬੋਲਿਆ, “ਨਹੀਂ ਸਾਹਿਬ, ਰਹਿਣ ਦਿਉ ਸਾਹਿਬ।

ਜਾਦੂ ਤਕਰੀਬਨ ਚੀਕ ਕੇ ਬੋਲਿਆ, “ਇਹ ਲੈ, ਰੱਖ ਲੈ ਸੌ ਰੁਪਏ। ਮਰ ਕੇ ਵੀ ਕਢਵਾ ਲਏ ਰੁਪਏ ਆਪਣੇ।

ਅਤੇ ਫੁੱਟ-ਫੁੱਟ ਕੇ ਰੋ ਪਿਆ।

ਇਹ ਸਾਹਿਰ ਦਾ ਜਨਾਜ਼ਾ ਉੱਠਣ ਤੋਂ ਪਹਿਲਾਂ ਦੀ ਗੱਲ ਹੈ।

*****

(137)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਭਜਨਬੀਰ ਸਿੰਘ

ਭਜਨਬੀਰ ਸਿੰਘ

Zirakpur, Ajitgarh (Mohali), Punjab.
Mobile: 91 - 98556 - 75724