AvtarSinghProf7ਇਨ੍ਹਾਂ ਦੇ ਦੁੱਖ ਦਾ ਹੱਲ ਉਨ੍ਹਾਂ ਲੋਕਾਂ ਕੋਲ ਹੈ, ਜਿਨ੍ਹਾਂ ਦਾ ਸੁਖ ਇਨ੍ਹਾਂ ਲੋਕਾਂ ਦੇ ਦੁੱਖ ’ਤੇ ...
(30 ਸਤੰਬਰ 2018)

 

 ਜ਼ਿਲ੍ਹਾ ਪ੍ਰੀਸ਼ਦ ਤੇ ਬਲੌਕ ਸੰਮਤੀ ਦੀਆਂ ਵੋਟਾਂ ਵਿੱਚ ਮੇਰੀ ਡਿਊਟੀ ਲੱਗ ਗਈਦੋ ਵਾਰ ਰਿਹਰਸਲ ਹੋਈ ਤੇ ਮੈਂ ਨੀਝ ਨਾਲ ਚੋਣ ਅਮਲ ਸਮਝਣ ਦੀ ਕੋਸ਼ਿਸ਼ ਕੀਤੀ

ਮੈਂ ਵੋਟਾਂ ਤੋਂ ਇਕ ਦਿਨ ਪਹਿਲਾਂ ਡਿਊਟੀ ਸਥਾਨ ’ਤੇ ਚਲਿਆ ਗਿਆ ਤੇ ਰਿਹਰਸਲ ਵਿੱਚ ਸ਼ਾਮਿਲ ਹੋਇਆਉਹੀ ਗੱਲਾਂ ਮੁੜ ਮੁੜ ਸੁਣਦਿਆਂ ਕੰਨ ਪੱਕ ਗਏ

ਚੋਣ ਸਮੱਗਰੀ ਲਈ, ਬੱਸ ਵਿੱਚ ਬੈਠ ਗਏ ਤੇ ਮੁਕਾਮੀ ਪਿੰਡ ਲਈ ਰਵਾਨਾ ਹੋ ਗਏਕਸਬੇ ਵਿੱਚੋਂ ਬਾਹਰ ਨਿੱਕਲ ਕੇ ਬੱਸ ਪੁੱਠੇ ਸਿੱਧੇ ਜਿਹੇ ਰਸਤਿਆਂ ਵਿੱਚ ਵਿੰਗ ਵਲ਼ੇਵੇਂ ਖਾਂਦੀ ਇਵੇਂ ਭਟਕੀ ਜਿਵੇਂ ਛਿਪਕਲੀ ਛੁਪਣ ਲਈ ਰਾਹ ਲੱਭਦੀ ਹੋਵੇਚੋਣ ਅਮਲੇ ਨੂੰ ਟਿਕਾਣਿਆਂ ’ਤੇ ਉਤਾਰਦੀ ਹੋਈ ਬਰੀਕ ਬਰੀਕ ਸੜਕਾਂ ’ਤੇ ਮੇਲ੍ਹਦੀ ਅਤੇ ਤੰਗ ਮੋੜਾਂ ਵਿੱਚੋਂ ਫਸ ਫਸ ਕੇ ਲੰਘਦੀ ਹੋਈ ਬੱਸ ਆਖਰੀ ਟਿਕਾਣੇ ਵੱਲ ਜਾ ਰਹੀ ਸੀ

ਦੂਰ ਦੂਰ ਤੱਕ ਫੈਲਿਆ, ਲਹਿਲਹਾਉਂਦਾ ਹਰਾ ਕਚੂਰ ਝੋਨਾ, ਬੱਸ ਵਿੱਚੋਂ ਪਿੱਛੇ ਵੱਲ ਨੂੰ ਦੌੜਦਾ ਹੋਇਆ ਨਜ਼ਰ ਆ ਰਿਹਾ ਸੀ, ਜਿਵੇਂ ਝੋਨੇ ਦੇ ਠਾਠਾਂ ਮਾਰਦੇ ਸਮੁੰਦਰ ਨੇ ਪਿੰਡ ਤੋਂ ਬਗ਼ਾਵਤ ਕਰ ਦਿੱਤੀ ਹੋਵੇ; ਜਿਵੇਂ ਝੋਨੇ ਨੂੰ ਪਿੰਡ ਤੋਂ ਨਫਰਤ ਹੋ ਗਈ ਹੋਵੇਇਹ ਦ੍ਰਿਸ਼ ਦੇਖ ਦਿਲ ਬਾਗ਼ ਬਾਗ਼ ਹੋ ਗਿਆਇਵੇਂ ਲੱਗਿਆ ਜਿਵੇਂ ਇਹ ਪੰਜਾਬ ਦਾ ਕੋਈ ਸਭ ਤੋਂ ਬਿਹਤਰੀਨ ਅਤੇ ਖੁਸ਼ਹਾਲ ਇਲਾਕਾ ਹੋਵੇ

ਅਖੀਰ ਸਾਡਾ ਟਿਕਾਣਾ ਆ ਗਿਆਪਿੰਡ ਤੋਂ ਅੱਧਾ ਕੁ ਮੀਲ ਬਾਹਰਵਾਰ ਇਹ ਸਰਕਾਰੀ ਐਲੀਮੈਂਟਰੀ ਸਕੂਲ ਸੀ, ਜਿਸਦੇ ਸਿਰਫ ਦੋ ਕਮਰੇ ਸਨਇੱਕ ਪਾਸੇ ਕਬਾੜਖ਼ਾਨਾ ਜਿਹਾ ਸੀ, ਜਿਸਦੇ ਬਾਹਰ ‘ਰਸੋਈ’ ਲਿਖਿਆ ਹੋਇਆ ਸੀ - ਇੱਥੇ ਬੱਚਿਆਂ ਦਾ ਮਿੱਡ ਡੇ ਮੀਲ ਬਣਦਾ ਹੋਵੇਗਾਇਸ ਨੂੰ ਦੇਖ ਕੇ ਸਵੱਛ ਭਾਰਤ ਦੀ ਯਾਦ ਆ ਗਈ

ਸਕੂਲ ਦੀ ਚਾਰ ਦੀਵਾਰੀ ’ਤੇ ਰਾਮ ਤੋਰੀਆਂ ਦੀ ਵੇਲ ਨੇ ਕਬਜ਼ਾ ਕੀਤਾ ਹੋਇਆ ਸੀ; ਚਾਰੇ ਤਰਫ ਤੋਰੀਆਂ ਹੀ ਤੋਰੀਆਂ ਸਨ, ਜਿਵੇਂ ਸਾਰਾ ਪਿੰਡ ਤੋਰੀਆਂ ਦੇ ਬਿਨਾਂ ਕੁਝ ਵੀ ਨਾ ਖਾਂਦਾ ਹੋਵੇ

ਹੱਥ ਮੂੰਹ ਧੋਹ ਕੇ ਅਸੀਂ ਕੁਰਸੀਆਂ ‘ਤੇ ਬੈਠ ਗਏਧੁੱਕ ਧੁੱਕ ਧੁੱਕ ਦੀ ਅਵਾਜ਼ ਆਈਗੇਟ ਖੋਲ੍ਹਿਆ ਤਾਂ ਮੋਟਰਸਾਈਕਲ ’ਤੇ ਦੋ ਮੁੰਡੇ ਚਾਹ ਦਾ ਡੋਲੂ ਫੜਾ ਗਏਰਾਤ ਪਈ ਤਾਂ ਉਹੀ ਮੁੰਡੇ ਰੋਟੀ ਲੈ ਆਏ। ਉਹੀ ਗੱਲ ਹੋਈ - ਤੋਰੀਆਂ ਦੀ ਸਬਜ਼ੀ ਤੇ ਪਾਣੀ ਦੀ ਤਰੀਕਦੀ ਅਸੀਂ ਰੋਟੀਆਂ ਵੱਲ ਦੇਖੀਏ, ਕਦੀ ਉਨ੍ਹਾਂ ਦੇ ਮੋਟਰਸਾਈਕਲ ਵੱਲਅੱਖਾਂ ਮੀਟ ਕੇ ਰੋਟੀ ਖਾ ਲਈ

ਫਿਰ ਅਸੀਂ ਪਿੰਡ ਵੱਲ ਨਿੱਕਲ ਗਏਨੇੜੇ ਹੀ ਬਿਆਸ ਦਰਿਆ ਦਾ ਬੰਨ੍ਹ ਟੱਪ ਕੇ ਅੰਦਰ ਸੈਰ ਕੀਤੀਥਾਂ ਥਾਂ ਟਿਊਬਵੈੱਲ - ਝੋਨਾ ਸਿੰਜਿਆ ਜਾ ਰਿਹਾ ਸੀਨੇੜੇ ਤੇੜੇ ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ, ਫੁਲੀ ਆਟੋਮੈਟਿਕ ਸਿੰਜਾਈ ਸਿਸਟਮ!

ਆਉਂਦੀ ਵਾਰੀ ਦੇਖਿਆ, ਪਿੰਡ ਦੇ ਵੱਡੇ ਵੱਡੇ ਪੰਜ ਸੱਤ ਘਰ, ਬਾਹਰ ਰੌਲ਼ਾ ਪਾਉਂਦੇ ਬੱਚੇ। ਕੋਈ ਟੈਰ ਚਲਾਉਂਦਾ, ਕੋਈ ਰਿੰਮ ਰੇੜ੍ਹਦਾ, ਕੋਈ ਮਿੱਟੀ ਦੀ ਗੱਡੀ ਲਈ ਫਿਰਦਾ ਤੇ ਕੋਈ ਪੱਤੀ ਜ9ਹੀ ਦੇ ਬੰਗਲੇ ਨਾਲ ਜੀ ਪਰਚਾਉਂਦਾ। ਕੋਈ ਸਾਈਕਲ ਦਾ ਰੋਬ੍ਹ ਜਮਾਉਂਦਾ ਤੇ ਕੋਈ ਦੂਰੋਂ ਹੀ ਦੇਖ ਦੇਖ ਜੀਅ ਲਲਚਾਉਂਦਾ। ਮੈਨੂੰ ਆਪਣਾ ਪਿੰਡ ਤੇ ਬਚਪਨ ਯਾਦ ਆ ਗਿਆ - ਵੋਹ ਕਾਗ਼ਜ਼ ਕੀ ਕਸ਼ਤੀ, ਵੁਹ ਬਾਰਿਸ਼ ਕਾ ਪਾਨੀ!

ਸਕੂਲੇ ਵਾਪਸ ਆਏਕਮਰੇ ਵਿੱਚ ਦੋ ਮੰਜੇ, ਦੋ ਸਿਰਹਾਣੇ ਤੇ ਚਾਰ ਖੇਸੀਆਂ ਪਈਆਂ ਸਨ। ਇੱਕ ਇੱਕ ਖੇਸੀ ਹੇਠ ਵਿਛਾਉਣ ਲਈ, ਦੂਜੀ ਉੱਤੇ ਲੈਣ ਲਈਅਸੀਂ ਪੈ ਤਾਂ ਗਏ, ਪਰ ਨੀਂਦ ਕਿੱਥੇ? ਸਾਲਾਂ ਬੱਧੀ ਸੰਦੂਕ ਵਿੱਚ ਦੱਬੀਆਂ ਡੱਬੀਆਂ ਖੇਸੀਆਂ ਦੀ ਚੁਭਣ ਅਤੇ ਬਿਮਾਰ ਦੁਰਗੰਧਔਖੇ ਸੌਖੇ ਰਾਤ ਕੱਟੀ

ਤੜਕੇ ਉੱਠਿਆ; ਵਾਸ਼ਰੂਮ ਗਿਆ। ਨਾ ਦੀਵਾ, ਨਾ ਬੱਤੀਮੁਬਾਇਲ ਦੀ ਟੌਰਚ ਜਗਾਈ ਤਾਂ ਪਾਣੀ ਹੈਨਾਪੌਣੀ ਗੜਵੀ ਪਾਣੀ ਨਾਲ ਇਸ਼ਨਾਨ ਕੀਤਾ। ਇੰਨੇ ਘੱਟ ਪਾਣੀ ਨਾਲ ਨਹਾਉਣ ਦਾ ਰਿਕਾਰਡ ਤੋੜਿਆ

ਜਦੋਂ ਅਸੀਂ ਤਿਆਰ ਹੋਏ, ਉਦੋਂ ਹੀ ਨਾਲ ਵਾਲਾ ਲੇਡੀ ਸਟਾਫ਼ ਪਹੁੰਚ ਗਿਆਨਰਮ ਨਰਮ ਪਰਾਉਂਠੇ ਤੇ ਗਰਮ ਗਰਮ ਚਾਹ - ਨਜ਼ਾਰਾ ਆ ਗਿਆ। ਮਾਈਆਂ ਰੱਬ ਰਜਾਈਆਂ!

ਵੋਟ ਸਮੱਗਰੀ ਸੈੱਟ ਕੀਤੀ - ਵੋਟਾਂ ਸ਼ੁਰੂਪਹਿਲਾਂ ਟਾਵੇਂ ਟਾਵੇਂ ਲੋਕ ਆਏ, ਫਿਰ ਰੱਸ਼ ਪੈ ਗਿਆ। ਲਾਈਨਾਂ ਲੱਗ ਗਈਆਂਮੈ ਇੱਕ ਇੱਕ ਵੋਟ ਨੂੰ ਤਾੜਦਾ; ਚਿਹਰੇ-ਮੁਹਰੇ, ਕੱਦ-ਕਾਠ, ਬੋਲੀ ਅਤੇ ਪਹਿਰਾਵੇ ਤੋਂ ਜੀਣ ਥੀਣ ਦੇ ਪੱਧਰ ਦੇ ਅੰਦਾਜ਼ੇ ਲਗਾਉਂਦਾਫਿਰ ਬਾਹਰ ਖੜ੍ਹ ਕੇ ਕਈਆਂ ਨਾਲ ਗੱਲਾਂ ਕੀਤੀਆਂਸੂਰਤੇਹਾਲ ਦਾ ਅਨੁਮਾਨ ਹੋਇਆ। ਨਾਨਕ ਦੁਖੀਆ ਸਭ ਸੰਸਾਰ

ਕੁੱਲ ਵੋਟਾਂ ਚਾਰ ਸੌ ਤੋਂ ਉੱਪਰਪੋਲ ਹੋਈਆਂ ਦੋ ਸੌ ਉਣ੍ਹੱਤਰ; ਜਿਨ੍ਹਾਂ ਵਿੱਚ ਸੌਂਹ ਖਾਣ ਨੂੰ ਵੀ ਕੋਈ ਅਜਿਹਾ ਨਹੀਂ ਸੀ ਜਿਸਦਾ ਪਹਿਰਾਵਾ ਜਚਦਾ ਹੋਵੇ, ਜਿਸਦੇ ਚਿਹਰੇ ’ਤੇ ਰੌਣਕ ਹੋਵੇ, ਜੋ ਤੰਦਰੁਸਤ ਲੱਗਦਾ ਹੋਵੇ ਤੇ ਜਿਸਦੀ ਬੋਲ-ਚਾਲ ਚਜਦੀ ਹੋਵੇਸਾਰੇ ਹੀ ਗੂਠਾ ਛਾਪਚੇਤੇ ਆਇਆ - ਦਸਮ ਪਾਤਸ਼ਾਹ ਨੇ ਸੰਕਲਪ ਲਿਆ ਸੀ: ਅਣਪੜ੍ਹ ਕੋਊ ਰਹਿਣ ਨਾ ਪਾਵਾ, ਬਾਲ ਬਿਰਧ ਸਭ ਕੋਊ ਪਠਾਵਾ

ਫਿਰ ਇਹ ਗੂਠਾ ਛਾਪ ਕੌਣ ਸਨ? ਪੁੱਛਣ ’ਤੇ ਪਤਾ ਲੱਗਿਆ ਕਿ ਇਹ ਮੰਡ ਦੇ ਸਲੰਮ ਵਿੱਚੋਂ ਆਏ, ਨਹੀਂ, ਲਿਆਂਦੇ ਗਏ ਸਨ, ਜਿਨ੍ਹਾਂ ਦੀ ਕੀਮਤ ਸਿਰਫ ਵੋਟਾਂ ਵਾਲੇ ਦਿਨ ਹੀ ਪੈਂਦੀ ਹੈਪਿੰਡ ਵਾਲਿਆਂ ਨੂੰ ਵੀ ਵੋਟਾਂ ਵਾਲੇ ਦਿਨ ਹੀ ਇਨ੍ਹਾਂ ਦੀ ਲੋੜ ਪੈਂਦੀ ਹੈ

ਇਹ ਲੋਕ ਵੋਟਾਂ ਪਾਉਂਦੇ ਹਨ, ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਵੋਟਾਂ ਕਾਹਦੀਆਂ ਹਨ, ਕਿਉਂ ਪੈਂਦੀਆਂ ਹਨ? ਅਤੇ ਜਿੱਤਣ ਵਾਲਿਆਂ ਨੇ ਕਿਹੜੇ ਕਿਹੜੇ ਕੰਮ ਕਰਨੇ ਹਨ? ਇਨ੍ਹਾਂ ਨੂੰ ਕੁਛ ਨਹੀਂ ਪਤਾ; ਕੁਛ ਨਹੀਂ ਪਤਾ; ਮੈਨੂੰ ਸ਼ੋਅਲੇ ਫਿਲਮ ਦੇ ਗੱਬਰ ਸਿੰਘ ਦਾ ਹਾਸਾ ਚੇਤੇ ਆਇਆ!

ਇਨ੍ਹਾਂ ਵਿਚ ਤਿੰਨ ਕਿਸਮ ਦੇ ਲੋਕ ਸਨਪਹਿਲੀ ਕਿਸਮ ਦੇ ਲੋਕਾਂ ਵਿੱਚ ਰਾਜਸੀ ਚੇਤਨਾ ਜ਼ੀਰੋ, ਉਤਸ਼ਾਹ ਪੂਰਾਦੂਜੀ ਕਿਸਮ ਦੇ ਮਾੜੇ ਮੋਟੇ ਪੜ੍ਹੇ ਲਿਖੇ ਲੋਕਾਂ ਦੀ ਰਾਜਸੀ ਸੂਝ ਬੂਝ ਦੇ ਮੁਕਾਬਲੇ ਉਤਸ਼ਾਹ ਜ਼ੀਰੋਤੀਜੀ ਕਿਸਮ ਦੇ ਅੱਧੇ-ਪਚੱਧੇ ਰੱਜੇ-ਪੁੱਜੇ ਲੋਕਾਂ ਦੀ ਜਿੰਨੀ ਕੁ ਰਾਜਸੀ ਜਾਣਕਾਰੀ ਉੱਨੀ ਕੁ ਲਲਕ। ਦਿਲੀਪ ਚਿੱਤਰਾ ਦੀ ਕਾਵਿ ਪੰਗਤੀ ਚੇਤੇ ਆਈ: ਠੀਕ ਤਰਾਜੂ ਕੇ ਕਾਂਟੇ ਪਰ ਅਰਧ ਸੱਤਯ!

ਦੂਜੀ ਕਿਸਮ ਦੇ ਪੜ੍ਹੇ ਲਿਖੇ ਲੋਕ ਨਾ ਆਪ ਵੋਟ ਪਾਉਣ ਆਏ ਨਾ ਕਿਸੇ ਨੂੰ ਲਿਆਏ; ਇਨ੍ਹਾਂ ਨੂੰ ਕੌਣ ਬਣੇਗਾ ਕਰੋੜਪਤੀ ਵਿੱਚੋਂ ਵਿਹਲ ਮਿਲੇ ਤਾਂ ਕਿਤੇ ਘਰੋਂ ਬਾਹਰ ਨਿਕਲਦੇ ਹਨਤੀਜੀ ਕਿਸਮ ਦੇ ਬਹੁਤੇ ਲੋਕ ਜਹਾਜੀਂ ਜਾ ਚੜ੍ਹੇ ਤੇ ਰਹਿੰਦੇ ਖੂੰਹਦੇ ਆਪ ਵੀ ਆਏ ਤੇ ਪਹਿਲੀ ਕਿਸਮ ਦੇ ਲੋਕਾਂ ਨੂੰ ਵੀ, ਬਾਇ ਹੁੱਕ ਔਰ ਕਰੁੱਕ, ਖਿੱਚ ਧੂਹ ਕੇ ਲਿਆਏ। ਮੁਥਾਜਗੀ ਕਿੱਡੀ ਵੱਡੀ ਲਾਹਣਤ ਹੈ, ਪਹਿਲੀ ਵਾਰ ਪਤਾ ਲੱਗਾ

ਪਤਾ ਲੱਗਾ ਕਿ ਇਹ ਲੋਕ, ਪਿਛਲੀ ਚੋਣ ਸਮੇਂ ਜਿਸ ਪਾਰਟੀ ਦੇ ਹੱਕ ਵਿੱਚ ਕੁੱਲ ਬਟਾ ਕੁੱਲ ਭੁਗਤੇ ਸਨ, ਹੁਣ ਕੁੱਲ ਬਟਾ ਕੁੱਲ ਉਸੇ ਪਾਰਟੀ ਦੇ ਬਰਖ਼ਿਲਾਫ਼ ਭੁਗਤ ਰਹੇ ਸਨਉਨ੍ਹਾਂ ਦੇ ਇਨ੍ਹਾਂ ਫ਼ੈਸਲਿਆਂ ਪਿੱਛੇ ਕੋਈ ਸੂਝ ਬੂਝ ਨਹੀਂ, ਬਲਕਿ ਨਿੱਜੀ ਲਾਲਚ, ਗਰਜ ਅਤੇ ਜਹਾਲਤ ਹੀ ਸੀਇਹ ਲੋਕ ਨਹੀਂ ਜਾਣਦੇ ਕਿ ਇਨ੍ਹਾਂ ਦੇ ਕਲਿਆਣ ਹਿਤ ਦਿੱਲੀਓਂ ਜਾਰੀ ਹੋਈ ਰਾਸ਼ੀ ਸਾਰੀ ਦੀ ਸਾਰੀ ਚੰਡੀਗੜ੍ਹ ਵਿੱਚ ਹੀ ਬੋਚ ਲਈ ਜਾਂਦੀ ਹੈ ਤੇ ਚੰਡੀਗੜ੍ਹੋਂ ਜਾਰੀ ਹੁੰਦੇ ਹਨ ਇਨ੍ਹਾਂ ਲਈ ਖਾਲੀ, ਬੋਗਸ ਅਤੇ ਜਜ਼ਬਾਤੀ ਨਾਹਰੇ! ਇਨ੍ਹਾਂ ਨੂੰ ਨਹੀਂ ਪਤਾ ਕਿ ਇਨ੍ਹਾਂ ਦੇ ਚਿਹਰਿਆਂ ਦੀ ਰੌਣਕ ਕਿਸ ਤਰ੍ਹਾਂ ਨੀਲੇ ਬਾਦਲ ਰੋੜ੍ਹ ਕੇ ਲੈ ਜਾਂਦੇ ਹਨ ਜਾਂ ਕਿਸ ਤਰ੍ਹਾਂ ਸ਼ੀਸ਼-ਮਹਿਲ ਦੀਆਂ ਆਲਮੀ ਰੰਗ ਰਲੀਆਂ ਵਿੱਚ ਰੁੜ੍ਹ ਜਾਂਦੀ ਹੈ! ਇਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਹੁਣ ਤਾਂ ਗੁਰੂ ਕੀਆਂ ਗੋਲਕਾਂ ਦਾ ਪੈਸਾ ਵੀ ਕਿਸੇ ਗਰੀਬ ਦੇ ਮੂੰਹ ਦੀ ਬਜਾਏ, ਸਿੱਧਾ ਕਿਸੇ ਅਮੀਰ ਦੀ ਤਿਜੌਰੀ ਵਿੱਚ ਜਾ ਵੜਦਾ ਹੈ!

ਇਹ ਲੋਕ ਬਿਮਾਰ ਹਨ, ਕੰਗਾਲ ਹਨ ਅਤੇ ਜਾਹਲ ਹਨਇਨ੍ਹਾਂ ਦਾ ਇਲਾਜ ਲੋਕਤੰਤਰ ਕੋਲ ਨਹੀਂ ਹੈ। ਸ਼ਾਇਦ ਰੱਬ ਕੋਲ ਵੀ ਨਹੀਂ! ਇਨ੍ਹਾਂ ਦੇ ਦੁੱਖ ਦਾ ਹੱਲ ਉਨ੍ਹਾਂ ਲੋਕਾਂ ਕੋਲ ਹੈ, ਜਿਨ੍ਹਾਂ ਦਾ ਸੁਖ ਇਨ੍ਹਾਂ ਲੋਕਾਂ ਦੇ ਦੁੱਖ ’ਤੇ ਹੀ ਪਲਦਾ ਹੈਜਿਨ੍ਹਾਂ ਦੀ ਖ਼ੁਸ਼ੀ ਇਨ੍ਹਾਂ ਦੇ ਦੁਖੀ ਰਹਿਣ ਵਿੱਚ ਹੈ, ਉਹ ਕਦੋਂ ਚਾਹੁਣਗੇ ਕਿ ਇਹ ਲੋਕ ਖੁਸ਼ ਹੋਣ! ਪ੍ਰੋ. ਮੋਹਣ ਸਿੰਘ ਦੇ ਬੋਲ ਚੇਤੇ ਆਏ: ਦੋ ਹਿੱਸਿਆਂ ਵਿੱਚ ਖ਼ਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ

ਚਾਰ ਵੱਜੇਕੰਮ ਸਮੇਟਿਆ, ਕਾਗ਼ਜ਼ ਭਰੇਸਮਾਨ ਲਪੇਟਿਆ ਤੇ ਬੱਸ ਵਿੱਚ ਸਵਾਰ ਹੋਏਬੱਸ ਦੇ ਬਾਹਰ ਕੁੱਝ ਨਜ਼ਰ ਨਹੀਂ ਸੀ ਆ ਰਿਹਾਸੋਚਾਂ ਵਿੱਚ ਗੁੰਮ ਸੁੰਮ ਮੈਂ ਬਹੁਤ ਉਦਾਸ ਹੋ ਗਿਆ ਸੀਸਮਾਨ ਜਮ੍ਹਾਂ ਕਰਾਇਆ ਤੇ ਘਰ ਵਾਪਸ ਆ ਗਿਆਮੈਨੂੰ ਲੱਗਿਆ ਜਿਵੇਂ ਮੰਡ ਦੇ ਸਲੰਮ ਵਿੱਚ ਵਸਦੇ ਲੋਕਾਂ ਦੀਆਂ ਖੁਸ਼ੀਆਂ ਦਾ ਕਾਤਲ ਮੈਂ ਵੀ ਹੋਵਾਂ!

ਰਾਤ ਭਰ ਨੀਂਦ ਨਾ ਆਈ। ਮੀਸ਼ੇ ਦੀ ਲਿਖੀ ਤੇ ਜਗਜੀਤ ਸਿੰਘ ਦੀ ਗਾਈ ਨਜ਼ਮ ਚੇਤੇ ਆਈ:

ਅੱਧੀ ਰਾਤ ਪਹਿਰ ਦੇ ਤੜਕੇ, ਅੱਖਾਂ ਵਿੱਚ ਉਣੀਦਰਾ ਰੜਕੇ
ਕੱਲ੍ਹ ਇੱਕ ਰਾਹੀ ਸਿਖਰ ਦੁਪਹਿਰੇ, ਡਿਗ ਪਿਆ ਆਪਣੀ ਛਾਂ ਵਿੱਚ ਅੜਕੇ

*****

(1323)

About the Author

ਪ੍ਰੋ. ਅਵਤਾਰ ਸਿੰਘ

ਪ੍ਰੋ. ਅਵਤਾਰ ਸਿੰਘ

Professor Ramgarhia College, Phagwara.
Kapurthala, Punjab, India

Phone: (91 - 94175 - 18384)
Email: (avtar61@gmail.com)