KulwantSTibba7ਇਸ ਲੜਕੇ ਨੂੰ ਨਾਲ ਲੈ ਕੇ ਅਗਲੇ ਹਫ਼ਤੇ ਚੰਡੀਗੜ੍ਹ ਮੇਰੀ ਸਰਕਾਰੀ ਰਿਹਾਇਸ਼ ’ਤੇ ...
(14 ਮਈ 2018)

 

ਪੰਜਾਬ ਅੰਦਰ ਮੌਜੂਦਾ ਦੌਰ ਵਿੱਚ ਜਾਤੀ ਅਧਾਰਤ ਛੂਆਛਾਤ ਉਸ ਤਰ੍ਹਾਂ ਨਹੀਂ ਜਿਵੇਂ ਦੇਸ ਦੇ ਹੋਰਨਾਂ ਸੂਬਿਆਂ ਵਿੱਚ ਪੜ੍ਹਨ, ਸੁਣਨ ਅਤੇ ਦੇਖਣ ਨੂੰ ਮਿਲਦਾ ਹੈ। ਇਸ ਦਾ ਪ੍ਰਤੱਖ ਕਾਰਣ ਸਿੱਖ ਲਹਿਰ ਦਾ ਪ੍ਰਭਾਵ ਕਿਹਾ ਜਾ ਸਕਦਾ ਹੈ। ਪਰ ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਅੰਦਰ ਪ੍ਰਤੱਖ ਛੂਆਛਾਤ ਦੀ ਥਾਂ ਮਾਨਸਿਕ ਛੂਆਛਾਤ ਨੇ ਲੈ ਲਈ ਹੈ। ਜਦੋਂ ਕਦੇ ਵੀ ਨੀਵੀਂ ਜਾਤੀ ਦੇ ਕਿਸੇ ਮੈਂਬਰ ਨੂੰ ਉਸਦੀ ਯੋਗਤਾ ਦੇ ਅਧਾਰ ’ਤੇ ਕਿਸੇ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਹੁੰਦੇ ਹਨ ਤਾਂ ਕੁੱਝ ਉੱਚ ਜਾਤੀ ਦੇ ਲੋਕ ਮਾਨਸਿਕ ਛੂਆਛਾਤ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। ਬੇਸ਼ੱਕ ਉੱਚ ਜਾਤੀ ਦੇ ਅਜਿਹੇ ਲੋਕ, ਨੀਵੀਂ ਜਾਤੀ ਦੇ ਮੈਂਬਰਾਂ ਨਾਲ ਇਕੱਠੇ ਬੈਠ ਕੇ ਖਾਣ ਪੀਣ ਦੇ ਨਾਲ ਨਾਲ ਵਿਆਹ ਸ਼ਾਦੀਆਂ ਵਿੱਚ ਵਰਤ ਵਰਤਾਵਾ ਵੀ ਰੱਖਦੇ ਹਨ ਪਰ ਸਿੱਖੀ ਸਿਧਾਂਤਾਂ ਦੇ ਬਾਵਜੂਦ ਉਨ੍ਹਾਂ ਦੇ ਮਨਾਂ ਅੰਦਰ ਜਾਤੀ ਵਿਤਕਰੇ ਦੀ ਭਾਵਨਾ ਖ਼ਤਮ ਨਹੀਂ ਹੋ ਰਹੀ।

ਅਜਿਹੀ ਹੀ ਇੱਕ ਘਟਨਾ ਮੇਰੇ ਨਾਲ ਸਾਲ 2001 ਵਿੱਚ ਵਾਪਰੀ। ਮੇਰੀ ਲਿਖਾਈ ਬੇਹੱਦ ਸੁੰਦਰ ਹੋਣ ਕਾਰਣ ਅਕਸਰ ਹੀ ਮੇਰੇ ਮਿੱਤਰ ਦੋਸਤ ਅਤੇ ਪਿੰਡ ਦੇ ਲੋਕ ਆਪਣੇ ਨਿੱਜੀ ਜਾਂ ਸਮਾਜਿਕ ਕੰਮਾਂ ਲਈ ਵੱਖ ਵੱਖ ਵਿਭਾਗਾਂ ਨੂੰ ਦੇਣ ਲਈ ਦਰਖਾਸਤਾਂ ਲਿਖਾਉਣ ਲਈ ਆਉਂਦੇ ਰਹਿੰਦੇ ਹਨ। ਮੇਰਾ ਇੱਕ ਉੱਚ ਜਾਤੀ ਨਾਲ ਸਬੰਧਿਤ ਦੋਸਤ ਸੱਤਾਧਾਰੀ ਧਿਰ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਸੀ। ਉਸ ਨੇ ਆਪਣੀ ਸਿਆਸੀ ਸਾਥੀਆਂ ਨਾਲ ਮਿਲ ਕੇ ਮੁੱਖ ਮੰਤਰੀ ਨੂੰ ਕਿਸੇ ਸਮਾਜਿਕ ਕੰਮ ਲਈ ਦਰਖਾਸਤ ਦੇਣੀ ਸੀ। ਉਸਨੂੰ ਮੇਰੀ ਸੁੰਦਰ ਲਿਖਾਈ ਬਾਰੇ ਪਤਾ ਸੀ, ਜਿਸ ਕਰਕੇ ਉਸ ਨੇ ਮੈਨੂੰ ਮੁੱਖ ਮੰਤਰੀ ਦੇ ਨਾਂ ਦਰਖਾਸਤ ਲਿਖਣ ਲਈ ਕਿਹਾ। ਮੈਂ ਦਰਖਾਸਤ ਲਿਖ ਦਿੱਤੀ ਅਤੇ ਮੇਰਾ ਉਹ ਦੋਸਤ ਆਪਣੇ ਅੱਧੀ ਦਰਜਨ ਸਿਆਸੀ ਸਾਥੀਆਂ ਨਾਲ ਮੇਰੀ ਹੱਥ ਲਿਖਤ ਦਰਖਾਸਤ ਲੈ ਕੇ ਮੁੱਖ ਮੰਤਰੀ ਨੂੰ ਉਸਦੇ ਜੱਦੀ ਪਿੰਡ ਜਾ ਮਿਲਿਆ। ਮੁੱਖ ਮੰਤਰੀ ਨੇ ਸੁੰਦਰ ਲਿਖਾਈ ਵਾਲੀ ਦਰਖਾਸਤ ਦੇਖ ਕੇ ਮੇਰੇ ਦੋਸਤ ਨੂੰ ਕਿਹਾ, “ਮੈਂ ਤੁਹਾਡਾ ਕੰਮ ਕਰ ਦਿੰਦਾ ਹਾਂ, ਤੁਸੀਂ ਮੇਰਾ ਇੱਕ ਕੰਮ ਕਰ ਦਿਓ।’

ਮੁੱਖ ਮੰਤਰੀ ਦੇ ਮੂੰਹੋਂ ਇਹ ਗੱਲ ਸੁਣ ਕੇ ਸਿਆਸੀ ਵਫ਼ਦ ਹੱਕਾ-ਬੱਕਾ ਰਹਿ ਗਿਆ ਕਿ ਮੁੱਖ ਮੰਤਰੀ ਨੂੰ ਸਾਡੇ ਤੱਕ ਕੀ ਕੰਮ ਹੋ ਸਕਦਾ ਹੈ? ਮੁੱਖ ਮੰਤਰੀ ਨੇ ਮੇਰੇ ਦੋਸਤ ਨੂੰ ਪੁੱਛਿਆ ਕਿ ਇਹ ਦਰਖਾਸਤ ਕਿਸ ਨੇ ਲਿਖੀ ਹੈ ? ਉਸ ਨੇ ਕਿਹਾ ਕਿ ਜੀ ਇਹ ਮੇਰੇ ਇੱਕ ਦੋਸਤ ਨੇ ਲਿਖੀ ਹੈ। ਮੁੱਖ ਮੰਤਰੀ ਨੇ ਫਿਰ ਪੁੱਛਿਆ ਕਿ ਦਰਖਾਸਤ ਲਿਖਣ ਵਾਲਾ ਲੜਕਾ ਕੀ ਕੰਮ ਕਰਦਾ ਹੈ? ਤਾਂ ਮੇਰੇ ਦੋਸਤ ਨੇ ਦੱਸਿਆ ਕਿ ਜੀ ਉਹ ਤਾਂ ਬੇਰੁਜ਼ਗਾਰ ਹੈ। ਮੁੱਖ ਮੰਤਰੀ ਨੇ ਤੁਰੰਤ ਹੀ ਮੇਰੇ ਲਿਖੀ ਦਰਖਾਸਤ ਮਾਰਕ ਕਰਕੇ ਸਬੰਧਿਤ ਵਿਭਾਗ ਨੂੰ ਭੇਜਦਿਆਂ ਕਿਹਾ, “ਤੁਸੀਂ ਇਹ ਲੜਕਾ ਮੈਨੂੰ ਦੇ ਦਿਓ। ਇਸ ਲੜਕੇ ਨੂੰ ਨਾਲ ਲੈ ਕੇ ਅਗਲੇ ਹਫ਼ਤੇ ਚੰਡੀਗੜ੍ਹ ਮੇਰੀ ਸਰਕਾਰੀ ਰਿਹਾਇਸ਼ ’ਤੇ ਮੈਨੂੰ ਮਿਲੋ।”

ਉਸ ਸਮੇਂ ਮੇਰੇ ਦੋਸਤ ਸਮੇਤ ਬਾਕੀਆਂ ਨੇ ਮੁੱਖ ਮੰਤਰੀ ਨੂੰ ਹਾਂ ਕਰ ਦਿੱਤੀ ਪਰ ਜਿਉਂ ਹੀ ਮੁੱਖ ਮੰਤਰੀ ਦੇ ਘਰ ਤੋਂ ਮੇਰਾ ਦੋਸਤ ਅਤੇ ਉਸਦੇ ਸਾਥੀ ਬਾਹਰ ਨਿਕਲ ਕੇ ਗੱਡੀ ਵਿੱਚ ਬੈਠੇ ਤਾਂ ਉੱਚ ਜਾਤੀ ਨਾਲ ਸਬੰਧਿਤ ਮੇਰੇ ਦੋਸਤ ਨੇ ਆਪਣੇ ਬਾਕੀ ਸਾਥੀਆਂ ਨੂੰ ਇਹ ਹਦਾਇਤ ਕਰ ਦਿੱਤੀ ਕਿ ‘ਇਹ ਗੱਲ ਇੱਥੇ ਹੀ ਦੱਬ ਦਿਓ, ਕੁਲਵੰਤ ਨੂੰ ਇਸ ਗੱਲ ਦੀ ਭਿਣਕ ਨਹੀਂ ਲੱਗਣੀ ਚਾਹੀਦੀ।’

ਇਸ ਗੱਲ ਦਾ ਪਤਾ ਮੈਨੂੰ ਛੇ ਮਹੀਨੇ ਬਾਅਦ ਉਦੋਂ ਲੱਗਿਆ, ਜਦੋਂ ਮੇਰਾ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਿਤ ਦੋਸਤ ਮਿਲਿਆ, ਜੋ ਮੁੱਖ ਮੰਤਰੀ ਨੂੰ ਮਿਲਣ ਵਾਲੇ ਵਫ਼ਦ ਵਿੱਚ ਸ਼ਾਮਿਲ ਸੀ। ਮੈਨੂੰ ਮਿਲਣ ਸਾਰ ਉਸ ਨੇ ਮੈਥੋਂ ਮੁਆਫ਼ੀ ਮੰਗਦਿਆਂ ਕਿਹਾ, “ਮੈਥੋਂ ਬਹੁਤ ਵੱਡੀ ਗ਼ਲਤੀ ਹੋ ਗਈ ਹੈ। ਮੈਨੂੰ ਇਹ ਗੱਲ ਤੈਨੂੰ ਉਦੋਂ ਹੀ ਦੱਸ ਦੇਣੀ ਚਾਹੀਦੀ ਸੀ।”

ਮੈਂ ਉਸਦੀ ਗੱਲ ਸਮਝ ਨਾ ਸਕਿਆ। ਜਦੋਂ ਉਸ ਨੇ ਵਿਸਥਾਰ ਨਾਲ ਦੱਸਿਆ ਤਾਂ ਪਤਾ ਲੱਗਿਆ ਕਿ ਮੈਂ ਮਾਨਸਿਕ ਛੂਆਛਾਤ ਦਾ ਸ਼ਿਕਾਰ ਹੋ ਗਿਆ ਹਾਂ। ਮੇਰੇ ਅਨੁਸੂਚਿਤ ਜਾਤੀ ਦੇ ਮਿੱਤਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਹਿੰਦਾ ਸੀ ਕਿ ਜੇ ਅੱਜ ਅਸੀਂ ਉਸ ਨੂੰ ਮੁੱਖ ਮੰਤਰੀ ਦੇ ਸਪੁਰਦ ਕਰ ਦਿੱਤਾ ਤਾਂ ਕੱਲ੍ਹ ਨੂੰ ਨੀਵੀਂ ਜਾਤੀ ਦੇ ਬੰਦੇ ਕੋਲ ਸਿਫ਼ਾਰਸ਼ ਕਰਨੀ ਪਿਆ ਕਰੂ। - ਮੈਂ ਜਾਤੀ ਆਧਾਰਤ ਛੂਆਛਾਤ ਦਾ ਇਹ ਬਦਲਵਾਂ ਰੂਪ ਦੇਖ ਕੇ ਹੈਰਾਨ ਰਹਿ ਗਿਆ।

*****

(1151)

About the Author

ਕੁਲਵੰਤ ਸਿੰਘ ਟਿੱਬਾ

ਕੁਲਵੰਤ ਸਿੰਘ ਟਿੱਬਾ

Tibba, Sangur, Punjab, India.
Phone: (91 - 92179 - 71379)
Email: (kulwanttibbapress@gmail.com)