NarinderSThind7ਅਵਾਰਾ ਪਸ਼ੂਆਂ ਦਾ ਸੜਕਾਂ ’ਤੇ ਆਉਣਾਖਸਤਾ ਵਾਹਨਘੱਟ ਚੌੜੀਆਂ ਤੇ ਖਸਤਾ ਸੜਕਾਂਤੰਗ ਪੁੱਲ ..."
(3 ਜਨਵਰੀ 2018)

 

RoadAccidentsA1

 

ਵਿਸ਼ਵ ਵਿੱਚ ਰੋਜ਼ਾਨਾ ਹਜ਼ਾਰਾਂ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਸੜਕੀ ਅਤੇ ਰੇਲ ਹਾਦਸਿਆਂ ਦੀ ਹੁੰਦੀ ਹੈ। ਦੁਨੀਆ ਭਰ ਵਿੱਚ ਦੋ ਪਹੀਆਂ ਵਾਹਨ, ਕਾਰਾਂ ਅਤੇ ਹੋਰ ਨਵੇਂ ਵਾਹਨ ਹਰ ਰੋਜ਼ ਸੜਕਾਂ ਤੇ ਉੱਤਰਦੇ ਹਨ। ਇਨ੍ਹਾਂ ਵਾਹਨਾਂ ਦੀ ਗਿਣਤੀ ਦਿਨ ਪ੍ਰਤੀਦਿਨ ਵਧਦੀ ਜਾਂਦੀ ਹੈ। ਸੜਕਾਂ ਤੇ ਸਾਈਕਲਾਂ, ਕਾਰਾਂ, ਸਕੂਟਰਾਂ, ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ। ਇਹ ਸਾਧਨ ਜਿੱਥੇ ਆਵਾਜਾਈ ਲਈ ਵਰਦਾਨ ਸਾਬਤ ਹੋ ਰਹੇ ਹਨ ਉੱਥੇ ਮਨੁੱਖੀ ਜਾਨਾਂ ਦਾ ਖੌਅ ਵੀ ਬਣੇ ਹੋਏ ਹਨ। ਸੜਕ ਸੁਰੱਖਿਆ ਦਾ ਮੁੱਦਾ ਪੂਰੀ ਦੁਨੀਆਂ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ’ਤੇ ਵਿਚਾਰ ਕਰਨ ਦੀ ਲੋੜ ਹੈ।

ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਅਨੁਸਾਰ ਹਰ ਸਾਲ 13 ਲੱਖ ਲੋਕ ਸੜਕ ਹਾਦਸਿਆਂ ਵਿੱਚ ਮਰਦੇ ਹਨ ਅਤੇ 5 ਕਰੋੜ ਤੋਂ ਵਧ ਲੋਕ ਜਖ਼ਮੀ ਹੁੰਦੇ ਹਨ। ਸੜਕ ਹਾਦਸਿਆਂ ਵਿੱਚ ਮਰਨ ਅਤੇ ਜਖ਼ਮੀ ਹੋਣ ਵਾਲਿਆਂ ਵਿੱਚ 90 ਫੀਸਦੀ ਲੋਕ ਘੱਟ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਹੁੰਦੇ ਹਨ। ਇਨ੍ਹਾਂ ਹਾਦਸਿਆਂ ਨਾਲ ਨਾ ਸਿਰਫ ਜਾਨੀ ਨੁਕਸਾਨ ਹੁੰਦਾ ਹੈ ਸਗੋਂ ਮਾਲੀ ਨੁਕਸਾਨ ਵੀ ਹੁੰਦਾ ਹੈ। ਵਿਸ਼ਵ ਵਿੱਚ ਹਰ ਇੱਕ ਮਿੰਟ ਵਿੱਚ ਇੱਕ ਸੜਕ ਹਾਦਸਾ ਵਾਪਰਦਾ ਹੈ ਅਤੇ ਹਰ ਤਿੰਨ ਮਿੰਟ ਬਾਅਦ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ।

ਵਿਸ਼ਵ ਵਿੱਚ ਸਭ ਤੋਂ ਵੱਧ ਸੜਕ ਹਾਦਸੇ ਭਾਰਤ ਵਿੱਚ ਹੁੰਦੇ ਹਨ। ਭਾਰਤ ਵਿੱਚ ਸਾਲ 2014 ਵਿੱਚ ਸੜਕੀ ਹਾਦਸਿਆਂ ਵਿੱਚ 1,41,526 ਲੋਕਾਂ ਦੀ ਮੌਤ ਅਤੇ 4,77,731 ਲੋਕ ਜ਼ਖ਼ਮੀ ਹੋਏ। ਭਾਰਤ ਵਿੱਚ ਹਰ ਚਾਰ ਮਿੰਟ ਵਿੱਚ ਇੱਕ ਵਿਅਕਤੀ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠਦਾ ਹੈ। ਸੜਕ ਹਾਦਸਿਆਂ ਵਿੱਚ ਜ਼ਖ਼ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੀ ਲੋੜ ਹੁੰਦੀ ਹੈ। ਆਮ ਤੌਰ ’ਤੇ ਹਾਦਸੇ ਦੇ ਤਕਰੀਬਨ 1 ਘੰਟੇ ਪਿੱਛੋਂ ਹੀ ਫੱਟੜ ਹਸਪਤਾਲ ਪਹੁੰਚਦੇ ਹਨ। ਹਸਪਤਾਲ ਤੱਕ ਪਹੁੰਚਣ ਤੱਕ ਹੋਣ ਵਾਲੀ ਦੇਰੀ ਜ਼ਖ਼ਮੀਆਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਸਾਲ ਦੋ ਲੱਖ ਮੌਤਾਂ ਸੜਕੀ ਹਾਦਸਿਆਂ ਵਿੱਚ ਹੁੰਦੀਆਂ ਹਨ। ਸਾਲ 2014 ਵਿੱਚ ਹਰ ਘੰਟੇ ਵਿੱਚ 16 ਭਾਰਤੀਆਂ ਨੇ ਸੜਕ ਹਾਦਸਿਆਂ ਵਿੱਚ ਜਾਨ ਗੁਆਈ ਸੀ। ਭਾਰਤ ਵਿੱਚ ਹਰ ਸਾਲ ਪੰਜ ਲੱਖ ਤੋਂ ਉੱਪਰ ਸੜਕ ਹਾਦਸੇ ਵਾਪਰਦੇ ਹਨ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਸਾਲ 2014 ਅਤੇ 2015 ਦੇ ਸੜਕ ਹਾਦਸਿਆਂ ਬਾਰੇ ਪੇਸ਼ ਅੰਕੜਿਆਂ ਵਿੱਚ ਦੱਸਿਆ ਕਿ ਹਰ ਰੋਜ਼ ਔਸਤਨ 1374 ਸੜਕ ਹਾਦਸੇ ਵਾਪਰਦੇ ਹਨ। ਇਹਨਾਂ ਹਾਦਸਿਆਂ ਵਿੱਚ 400 ਮੌਤਾਂ ਹੁੰਦੀਆਂ ਹਨ। ਸਾਲ 2015 ਵਿੱਚ ਸੜਕ ਹਾਦਸਿਆਂ ਦੀ ਦਰ ਵਿੱਚ ਸਾਲ 2014 ਨਾਲੋਂ 4.6 ਫੀਸਦੀ ਵਾਧਾ ਹੋਇਆ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਮਨੁੱਖੀ ਜੀਵਨ ਦਾ ਕੋਈ ਮੁੱਲ ਨਹੀ ਹੈ।

ਸਰਕਾਰ ਵੱਲੋਂ ਸੜਕਾਂ ਦਾ ਨਿਰਮਾਣ ਵੱਡੇ ਪੱਧਰ ਤੇ ਭਾਵੇਂ ਕੀਤਾ ਜਾ ਰਿਹਾ ਹੈ ਪਰ ਦਿਨ ਪ੍ਰਤੀਦਿਨ ਵਧਦੇ ਵਾਹਨਾਂ ਦੇ ਮੁਕਾਬਲੇ ਇਹ ਯਤਨ ਕਾਫੀ ਘੱਟ ਹਨ। ਸੜਕਾਂ ਦੇ ਹਰ ਪਾਸੇ ਹਫੜਾ ਦਫੜੀ ਮਚੀ ਪਈ ਹੈ। ਸੜਕਾਂ ਤੇ ਵਾਹਨਾਂ ਦੇ ਚੱਲਣ ਲਈ ਕਾਨੂੰਨ ਬਣੇ ਹੋਏ ਹਨ ਪਰ ਉਹਨਾਂ ’ਤੇ ਕੋਈ ਅਮਲ ਨਹੀਂ ਕਰਦਾ। ਇੱਥੋਂ ਤੱਕ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨਾਂ ਨੇ ਇਹਨਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਕਦੇ ਯਤਨ ਨਹੀਂ ਕੀਤਾ। ਭਾਰਤ ਵਿੱਚ ਕਮਜ਼ੋਰ ਵਹੀਕਲ ਰੈਗੂਲੇਸ਼ਨਜ, ਭ੍ਰਿਸ਼ਟਾਚਾਰ ਅਤੇ ਕਾਨੂੰਨੀ ਪ੍ਰੀਕਿਰਿਆ ਦੀ ਮੱਠੀ ਚਾਲ ਕਾਰਨ ਸੜਕ ਹਾਦਸਿਆਂ ਨੂੰ ਰੋਕਿਆ ਨਹੀਂ ਜਾ ਸਕਿਆ।

ਸੜਕ ਹਾਦਸਿਆਂ ਵਿੱਚ ਪੰਜਾਬ ਦਾ ਭਾਰਤ ਵਿੱਚ ਦੂਸਰਾ ਸਥਾਨ ਹੈ। ਇੱਥੇ ਵਾਪਰਦੇ ਰੋਜ਼ਾਨਾ ਸੜਕ ਹਾਦਸਿਆਂ ਵਿੱਚ 14 ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਸਾਲ 2014 ਵਿੱਚ ਸੜਕੀ ਹਾਦਸਿਆਂ ਵਿੱਚ ਪੰਜਾਬ ਵਿੱਚ 4800 ਲੋਕਾਂ ਦੀ ਮੌਤ ਹੋਈ ਸੀ। ਇੰਟਰਨੈਸ਼ਨਲ ਰੋਡ ਫੈਡਰੇਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਅੰਮ੍ਰਿਤਸਰ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਸੜਕ ਹਾਦਸਿਆਂ ਵਿੱਚ ਦੇਸ਼ ਭਰ ਨਾਲੋਂ ਵਧੇਰੇ ਮੌਤਾਂ ਹੁੰਦੀਆਂ ਹਨ।

ਸੜਕ ਹਾਦਸੇ ਵਾਪਰਨ ਦੇ ਕਈ ਕਾਰਨ ਹਨ। ਇਹਨਾਂ ਵਿੱਚ ਮੁੱਖ ਰੂਪ ਵਿੱਚ ਵਾਹਨ ਤੇਜ਼ ਰਫਤਾਰ ਚਲਾਉਣਾ, ਨਸ਼ੇ ਤੇ ਮੋਬਾਇਲ ਦੀ ਵਰਤੋਂ, ਲਗਾਤਾਰ ਲੰਮੇ ਰੂਟ ਲਈ ਅਰਾਮ ਕੀਤੇ ਬਗੈਰ ਵਾਹਨ ਚਲਾਉਣਾ ਆਦਿ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਵੇਂ ਅਵਾਰਾ ਪਸ਼ੂਆਂ ਦਾ ਸੜਕਾਂ ’ਤੇ ਆਉਣਾ, ਖਸਤਾ ਵਾਹਨ, ਘੱਟ ਚੌੜੀਆਂ ਤੇ ਖਸਤਾ ਸੜਕਾਂ, ਤੰਗ ਪੁੱਲ, ਛੋਟੀ ਉਮਰ ਦੇ ਬੱਚਿਆਂ ਦਾ ਬਿਨਾਂ ਡਰਾਈਵਿੰਗ ਲਾਈਸੈਂਸ ਤੋਂ ਹਰ ਤਰ੍ਹਾਂ ਦੇ ਵਾਹਨ ਦੌੜਾਈ ਫਿਰਨਾ ਆਦਿ ਹਾਦਸਿਆਂ ਦਾ ਕਾਰਨ ਬਣਦੇ ਹਨ। ਲਗਭਗ 55% ਸੜਕ ਹਾਦਸੇ ਨਸ਼ਿਆਂ ਦੀ ਵਰਤੋਂ ਕਾਰਨ ਵਾਪਰਦੇ ਹਨ।

ਸੜਕ ਹਾਦਸਿਆਂ ਨੂੰ ਰੋਕਣ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਠੋਸ ਨੀਤੀ ਬਣਾਉਣ ਦੀ ਲੋੜ ਹੈ। ਸਰਕਾਰ ਨੂੰ ਮਾਨਯੋਗ ਅਦਾਲਤਾਂ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਦਿੱਤੇ ਦਿਸ਼ਾਂ ਨਿਰਦੇਸ਼ਾਂ ’ਤੇ ਤੁਰੰਤ ਅਮਲ ਕਰਨਾ ਚਾਹੀਦਾ ਹੈ। ਸੜਕੀ ਹਾਦਸਿਆਂ ਵਿੱਚ ਫੱਟੜਾਂ ਨੂੰ ਬਿਨਾਂ ਦੇਰੀ ਹਸਪਤਾਲ ਪਹੁੰਚਾਉਣ ਦਾ ਇੰਤਜਾਮ ਕਰਨਾ ਚਾਹੀਦਾ ਹੈ। ਸਰਕਾਰ ਵੱਲੋਂ 108 ਐਬੂਲੈਂਸ ਸਹੂਲਤ ਮੁਹੱਈਆ ਕਰਵਾਈ ਗਈ ਹੈ ਪਰ ਇਹ ਸਹੂਲਤ ਸਿਰਫ ਸ਼ਹਿਰਾਂ ਤੱਕ ਸੀਮਤ ਹੈ। ਪੇਂਡੂ ਲੋਕਾਂ ਨੂੰ ਇਸ ਸਹੂਲਤ ਦਾ ਕੋਈ ਲਾਭ ਨਹੀਂ ਪਹੁੰਚ ਰਿਹਾ। ਸ਼ਹਿਰਾਂ ਲਈ ਇਹ ਸਹੂਲਤ ਵਰਦਾਨ ਸਾਬਤ ਹੋ ਰਹੀ ਹੈ। ਸੜਕਾਂ ’ਤੇ ਚੱਲਣ ਲਈ ਬਣਾਏ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਟਰੈਫਿਕ ਪੁਲਿਸ ਨੂੰ ਅਧਿਕਾਰੀ ਜਾਂ ਕਰਮਚਾਰੀ ਬਣ ਕੇ ਨਹੀਂ ਸਗੋਂ ਲੋਕਾਂ ਦੇ ਪ੍ਰੇਰਣਾ-ਸਰੋਤ ਬਣਕੇ ਕੰਮ ਕਰਨਾ ਚਾਹੀਦਾ ਹੈ। ਸਰਕਾਰ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਮੁਢਲੀ ਸਹਾਇਤਾ ਲਈ ਸਕੂਲਾਂ, ਕਾਲਜਾਂ ਵਿੱਚ ਸੈਮੀਨਾਰਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਇਸ ਕੰਮ ਲਈ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਲਈ ਜਾ ਸਕਦੀ ਹੈ। ਤੇਜ਼ ਰਫਤਾਰ ਅਤੇ ਨਸ਼ੇ ਦੀ ਵਰਤੋਂ ਕਰਕੇ ਵਾਹਨ ਚਲਾਉਣ ਵਾਲੇ ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰਨੇ ਚਾਹੀਦੇ ਹਨ। ਨਿਯਮਾਂ ਵਿੱਚ ਰਹਿਣਾ ਅਤੇ ਉਹਨਾਂ ਦੀ ਪਾਲਣਾ ਕਰਨਾ ਸਾਡੇ ਸਭ ਦੇ ਹਿਤ ਵਿੱਚ ਹੈ।

*****

(956)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਥਿੰਦ

ਨਰਿੰਦਰ ਸਿੰਘ ਥਿੰਦ

Retired Lecturer.
Zira, Ferozpur, Punjab, India.

Phone: (91 - 98146 - 62260)