MandeepSharma7ਮਾਸਟਰ ਲੱਗ ਗਿਆ ਤੇ ਨੂੰਹ ਵੀ ਮਾਸਟਰਨੀ ਮਿਲ ਗਈ ... ਪਰ ਪਤਾ ਨਹੀਂ ਕੀ ..."
(1 ਜਨਵਰੀ 2018)

 

ਪਿਛਲੇ ਮਹੀਨੇ (ਦਸੰਬਰ) ਦੀ 15 ਤਾਰੀਖ਼ ਨੂੰ ਬੁਢਲਾਡੇ ਤੋਂ ਚੰਡੀਗੜ੍ਹ ਦੇ ਮੇਰੇ ਬੱਸ ਸਫ਼ਰ ਦੌਰਾਨ ਇੱਕ ਅਜਿਹਾ ਹਾਦਸਾ ਹੋਇਆ ਕਿ ਮੇਰੇ ਰੌਂਗਟੇ ਖੜ੍ਹੇ ਹੋ ਗਏ। ਮੈਂ ਆਪਣੇ ਘਰ ਬੁਢਲਾਡਾ ਤੋਂ ਵਾਪਸ ਆਪਣੇ ਡਿਊਟੀ ਸਟੇਸ਼ਨ ਚੰਡੀਗੜ੍ਹ ਨੂੰ ਪਰਤ ਰਿਹਾ ਸੀ। ਰਾਹ ਵਿੱਚ ਪੈਂਦੇ ਸ਼ਹਿਰ ਸੁਨਾਮ ਦੇ ਆਈ ਟੀ ਆਈ ਚੌਂਕ ਤੋਂ ਇਕ ਸੱਠ ਪੈਂਠ੍ਹ ਕੁ ਸਾਲਾਂ ਦੀ ਬਜ਼ੁਰਗ ਮਾਤਾ ਮੈਲੇ ਕੁਚੈਲੇ ਜਿਹੇ ਕਪੜਿਆਂ ਵਿੱਚ, ਹੱਥ ਵਿੱਚ ਝੋਲਾ ਫੜੀ ਬੱਸ ਵਿੱਚ ਚੜ੍ਹ ਗਈ। ਉਹ ਇੱਧਰ ਉੱਧਰ ਤੱਕ ਰਹੀ ਸੀ ਕਿ ਕਿਤੇ ਸੀਟ ਮਿਲ ਜਾਵੇ। ਦੇਖਣ ਵਿੱਚ ਥੋੜ੍ਹੀ ਕੁ ਪ੍ਰੇਸ਼ਾਨ ਤੇ ਬਹੁਤਾ ਮਜਬੂਰ ਨਜ਼ਰ ਆਉਣ ਵਾਲੀ ਉਹ ਮਾਤਾ ਸੀਟਾਂ ਦੇ ਵਿਚਕਾਰ ਹੀ ਖੜ੍ਹੀ ਹੋ ਗਈ। ਹਾਲਾਂਕਿ ਬੱਸ ਵਿੱਚ ਕਈ ਸੀਟਾਂ ਖ਼ਾਲੀ ਸਨ, ਪਰ ਕੋਈ ਵੀ ਸੱਜਣ ਉਸ ਮਾਤਾ ਨੂੰ ਆਪਣੇ ਨਾਲ ਬਿਠਾਉਣ ਲਈ ਰਾਜ਼ੀ ਨਹੀਂ ਸੀ ਹੋ ਰਿਹਾ। ਮੈਂ ਪੰਜਵੀਂ ਕਤਾਰ ਵਿੱਚ ਪਿੱਛੇ ਬੈਠੇ ਨੇ ਮਾਤਾ ਜੀ ਨੂੰ ਆਵਾਜ਼ ਕੀ ਮਾਰੀ, ਮੇਰੇ ਨਾਲ ਭੀਖੀ ਤੋਂ ਬੈਠੀ ਕੰਨਿਆ ਮੇਰੇ ਵੱਲ ਕੌੜ ਕੌੜ ਦੇਖਣ ਲੱਗ ਪਈ। ਕਸੂਰ ਉਸਦਾ ਵੀ ਨਹੀਂ ਸੀ, ਮੈਂ ਤਿੰਨ ਸੀਟਾਂ ਵਾਲੀ ਕਤਾਰ ਵਿੱਚ ਸ਼ੀਸ਼ੇ ਵੱਲ ਜੋ ਬੈਠਾ ਸੀ ਤੇ ਉਸਦਾ ਡਰ ਸੀ ਕਿ ਮੈਂ ਉਸ ਬਜ਼ੁਰਗ ਔਰਤ ਨੂੰ ਹੁਣ ਉਸ ਨਾਲ ਬਿਠਾ ਦੇਵਾਂਗਾ। ਖ਼ੈਰ... ਮੈਂ ਬਜ਼ੁਰਗ ਮਾਤਾ ਨੂੰ ਆਪਣੀ ਸੀਟ ’ਤੇ ਬਿਠਾ ਕੇ ਖ਼ੁਦ ਵਿਚਕਾਰ ਬੈਠ ਗਿਆ। ਮਾਤਾ ਜੀ ਦੇ ਪਹਿਲੇ ਬੋਲ ਦਨ, “ਜਿਉਂਦਾ ਰਹਿ ਪੁੱਤ!” ਤੇ ਨਾਲ ਹੀ ਮੈਨੂੰ ਉਸਦੀਆਂ ਅੱਖਾਂ ਵਿੱਚ ਨਮੀ ਮਹਿਸੂਸ ਹੋਈ।ਸੁਭਾਵਿਕ ਹੀ ਮੈਂ ਪੁੱਛ ਬੈਠਾ ਕਿ ਮਾਤਾ ਜੀ ਕਿੱਥੇ ਜਾਣਾ!!

ਪੁੱਤ ਕੁੜੀ ਕੋਲ ਚੱਲੀ ਆਂ ਪਟਿਆਲੇ, … ਦੋਹਤੇ ਦੋਹਤੀਆਂ ਨੂੰ ਮਿਲ ਆਊਂਗੀ, ਨਾਲੇ ਕਿਰਾਇਆ ਲੈ ਆਉਂ।”

ਥੋੜ੍ਹਾ ਕੁ ਜਗਿਆਸਾ ਵਾਲਾ ਸੁਭਾਅ ਹੋਣ ਕਰਕੇ ਮੈਂ ਪੁੱਛ ਬੈਠਾ, “ਕਿਰਾਇਆ ਕੁੜੀ ਤੋਂ ਲੈਣ ਦਾ ਮਤਲਬ? ਕੋਈ ਮੁੰਡਾ ਨਹੀਂ ਤੁਹਾਡਾ?

ਉਸਦਾ ਜਵਾਬ ਸੁਣਕੇ ਮੇਰੇ ਰੌਂਗਟੇ ਖੜ੍ਹਾ ਹੋਣਾ ਸੁਭਾਵਿਕ ਸੀ। ਉਸਨੇ ਦੱਸਿਆ ਕਿ ਉਸਦੀਆਂ ਦੋ ਧੀਆਂ ਤੇ ਇਕ ਮੁੰਡਾ ਹੈ, ਤਿੰਨੇ ਵਿਆਹੇ ਹੋਏ ਹਨ। ਤੇ ਜਿਸ ਕਿਰਾਏ ਦੀ ਉਹ ਗੱਲ ਕਰ ਰਹੀ ਹੈ, ਉਹ ਕਿਰਾਇਆ ਵੀ ਮੁੰਡੇ ਨੂੰ ਹੀ ਦੇਣਾ ਪੈਂਦਾ ਹੈ, ਉਸਦੇ ਨਾਲ ਘਰ ਵਿੱਚ ਰਹਿਣ ਲਈ ਤੇ ਰੋਟੀ ਟੁੱਕ ਲਈ। ਵੱਡੀ ਕੁੜੀ ਪ੍ਰਾਹੁਣੇ ਤੋਂ ਚੋਰੀਓਂ ਮੈਨੂੰ ਦੋ ਹਜਾਰ ਰੁਪਏ ਦਿੰਦੀ ਆ ਤੇ ਫੇਰ ਮੈਨੂੰ ਮੇਰਾ ਮੁੰਡਾ ਰੋਟੀ ਦਿੰਦਾ। ਉਹ ਮਾਈ ਦੱਸਣ ਲੱਗੀ, “ਲੋਕ ਲੱਜੋਂ ਨਾ ਤਾਂ ਮੈਂ ਪੁੱਤ-ਨੂੰਹ ਛੱਡ ਕੁੜੀ ਦੇ ਘਰ ਬਹਿ ਸਕਦੀ ਆਂ, … ਤੇ ਨਾ ਹੀ ਮੇਰੇ ਕੋਲ ਐਨੇ ਪੈਸੇ ਆ ਕਿ ਅੱਡ ਪਕਾ ਖਾ ਲਵਾਂ ...” ਗੱਲ ਅਜੇ ਏਨੀ ਹੀ ਹੋਈ ਸੀ ਤੇ ਕੰਡਕਟਰ ਨੇ ‘ਟਿਕਟ ਵਈ ਟਿਕਟ’ ਦਾ ਹੋਕਾ ਮਾਰ ਦਿੱਤਾ।

ਉਸ ਬਜ਼ੁਰਗ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਮੈਂ ਕੰਡਕਟਰ ਨੂੰ 100 ਦਾ ਨੋਟ ਕੱਢ ਕੇ ਇਕ ਟਿਕਟ ਪਟਿਆਲੇ ਦੀ ਦੇਣ ਲਈ ਕਹਿ ਦਿੱਤਾ ਤੇ ਗੱਲ ਜਾਰੀ ਰੱਖਦਿਆਂ ਮਾਤਾ ਜੀ ਨੂੰ ਪੁੱਛਿਆ, “ਅਜਿਹਾ ਕਿਉਂ ਹੋ ਰਿਹਾ ਤੁਹਾਡੇ ਨਾਲ ਜਦੋਂ ਕਿ ਉਹ ਤਾਂ ਤੁਹਾਡਾ ਆਪਣਾ ਪੁੱਤ ਹੈ?

ਮਾਈ ਨੇ ਦੱਸਿਆ, “ਪੁੱਤ ਕੁੜੀਆਂ ਮਗਰੋਂ ਸੁੱਖਾਂ ਸੁੱਖ-ਸੁੱਖ ਮੰਗਿਆ ਸੀ। ਉਹਦੇ ਪਿਓ ਦੇ ਮੁੱਕ ਜਾਣ ਤੋਂ ਮਗਰੋਂ ਪੜ੍ਹਾ ਲਿਖਾ ਕੇ ਵੱਡਾ ਕੀਤਾ। ਮਾਸਟਰ ਲੱਗ ਗਿਆ ਤੇ ਨੂੰਹ ਵੀ ਮਾਸਟਰਨੀ ਮਿਲ ਗਈ ... ਪਰ ਪਤਾ ਨਹੀਂ ਕੀ ਸਾਡੇ ਘਰ ’ਤੇ ਕਰੋਪੀ ਆ ਗਈ ਕਿ ਮੈਂ ਸਾਲ ਬਾਅਦ ਈ ਘਰ ਦੀ ਕਿਰਾਏਦਾਰ ਬਣ ਗਈ। ਹੁਣ ਮੈਨੂੰ ਦੋ ਵਖ਼ਤ ਦੀ ਰੋਟੀ ਲਈ ਪੈਸੇ ਦੇਣੇ ਪੈਂਦੇ ਆ। ਨੂੰਹ ਦਾ ਕਹਿਣਾ  ਕਿ ਉਹਨਾਂ ਦੇ ਆਪਣੇ ਖ਼ਰਚੇ ਈ ਬਹੁਤ ਆ। ਤਨਖਾਹਾਂ ਵੀ ਅਜੇ ਪੂਰੀਆਂ ਨਹੀਂ ਮਿਲਦੀਆਂ। ...”

ਮੈਂ ਬੱਸ ਵਿੱਚ ਭੀਖੀ ਤੋਂ ਕਿਤਾਬ ਖੋਲ੍ਹ ਬੈਠਾ ਸੀ, ਇਹ ਸੋਚ ਕੇ ਕਿ ਚੰਡੀਗੜ੍ਹ ਜਾਂਦੇ ਜਾਂਦੇ ਮੁਕਾ ਦੇਣੀ ਹੈ ਪਰ ਉਸ ਮਾਈ ਨਾਲ ਗੱਲਾਂ ਕਰਦੇ ਕਰਦੇ ਪਟਿਆਲਾ ਕਦੋਂ ਆ ਗਿਆ, ਪਤਾ ਹੀ ਨਹੀਂ ਲੱਗਾ। ਘਰੋਂ ਮੇਰੇ ਵੱਡੇ ਵੀਰ ਨੇ ਮੇਰੀ ਬੇਟੀ ਲਈ ਜੋ ਕੁਝ ਖਾਣ ਦੀਆਂ ਚੀਜ਼ਾਂ ਦੇ ਦੇਕੇ ਮੈਨੂੰ ਭੇਜਿਆ ਸੀ, ਉਹਨਾਂ ਵਿੱਚੋਂ ਅੱਧੀਆਂ ਕੁ ਮੈਂ ਮਾਤਾ ਜੀ ਦੇ ਝੋਲੇ ਵਿੱਚ ਜ਼ਬਰਦਸਤੀ ਇਹ ਕਹਿ ਕੇ ਪਾ ਦਿੱਤੀਆਂ ਕਿ ਦੋਹਤੇ ਦੋਹਤੀਆਂ ਨੇ ਖੁਸ਼ ਹੋ ਜਾਣਾ, ਨਾਨੀ ਦੇ ਉਪਹਾਰ ਦੇਖ ਕੇ। ਬੱਸ ਚੜ੍ਹਨ ਲੱਗੇ ਨੇ ਮੈਂ ਚਾਰ ਹਜ਼ਾਰ ਰੁਪਏ ਕਢਵਾਏ ਸਨ ATM ਵਿੱਚੋਂ। ਮੈਨੂੰ ਮਹਿਸੂਸ ਹੋਇਆ ਕਿ ਜ਼ਿਆਦਾ ਨਹੀਂ ਤਾਂ ਇੱਕ ਪੁੱਤ ਦੇ ਘੱਟੋ ਘੱਟ ਇੱਕ ਮਹੀਨੇ ਦਾ ਕਿਰਾਇਆ, ਦੂਜੇ ਪੁੱਤ ਨੂੰ ਅਦਾ ਕਰ ਦੇਣਾ ਚਾਹੀਦਾ ਹੈ। ਮਾਤਾ ਜੀ ਦੇ ਨਾਂਹ ਨੁੱਕਰ ਕਰਦੇ ਕਰਦੇ ਵੀ ਮੈਂ ਦੋ ਹਜ਼ਾਰ ਰੁਪਏ ਦਾ ਨੋਟ ਉਸ ਨੂੰ ਬੱਸ ਵਿੱਚੋਂ ਉਤਰਨ ਲੱਗੇ ਫੜਾ ਦਿੱਤਾ।

ਮੇਰਾ ਮਨ ਬੜਾ ਖੁਸ਼ ਸੀ, ਇਸ ਲਈ ਨਹੀਂ ਕਿ ਮੈਂ ਉਸ ਮਾਤਾ ਜੀ ਦੀ ਮਦਦ ਕੀਤੀ ਸੀ, ਬਲਕਿ ਇਸ ਲਈ ਕਿ ਮੇਰੇ ਕੋਲ ਵੀ ‘ਧੀ’ ਹੈ ਤਾਂ  ਮੈਨੂੰ ਆਪਣੀ ਦੋ ਬਖ਼ਤ ਦੀ ਰੋਟੀ ਬਾਰੇ ਕਿਸੇ ਗੱਲ ਦਾ ਫ਼ਿਕਰ ਨਹੀਂ। ਮੈਨੂੰ ਅਜੇ ਵੀ ਬੱਸ ਵਿੱਚ ਬੈਠੇ ਨੂੰ ਉਸ ਮਾਤਾ ਜੀ ਦੇ ਕੱਪੜਿਆਂ ਦੀ ਖੁਸ਼ਬੋ ਮਹਿਸੂਸ ਹੋ ਰਹੀ ਸੀ।

*****

(954)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਨਦੀਪ ਸ਼ਰਮਾ

ਮਨਦੀਪ ਸ਼ਰਮਾ

Budhlada, Mansa, Punjab, India.
Phone: (91 - 79860 - 66021)
Email: (mandeep_sharma44@yahoo.com)