MandipSBallopur7ਜੇਕਰ ਇਨ੍ਹਾਂ ਮਸਲਿਆਂ ’ਤੇ ਚਿੰਤਨ ਨਾ ਕੀਤਾ ਗਿਆ ਤਾਂ ...
(ਅਕਤੂਬਰ 30, 2015)

 

GurmitSSidhuBook2ਵਰਤਮਾਨ ਸਮੇਂ ਡਾ. ਗੁਰਮੀਤ ਸਿੰਘ ਸਿੱਧੂ ਧਰਮ ਅਧਿਐਨ ਦੇ ਪ੍ਰਸਿੱਧ ਵਿਦਵਾਨ ਹਨ। ਉਹ ਅੱਜ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਧਰਮ ਅਧਿਐਨ ਦੇ ਵਿਦਿਆਰਥੀਆਂ ਨੂੰ ਵਿਦਿਆ ਦੇ ਕੇ ਆਪਣੀ ਧਰਮ ਪ੍ਰਤੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਆਧੁਨਿਕੀਕਰਨ ਅਤੇ ਸਿੱਖ: ਇਕ ਸਮਾਜ ਵਿਗਿਆਨਕ ਅਧਿਐਨ’ ਵਿਸ਼ੇ ਤੇ ਪੀਐਚ.ਡੀ. ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾਂ ਸਮਾਜ ਵਿਗਿਆਨ, ਧਰਮ ਅਧਿਐਨ ਅਤੇ ਪੰਜਾਬੀ ਵਿਸ਼ਿਆਂ ਵਿੱਚ ਐਮ.ਏ. ਦੀਆਂ ਡਿਗਰੀਆਂ ਪਹਿਲੇ ਦਰਜੇ ਵਿੱਚ ਹਾਸਿਲ ਕੀਤੀਆਂ ਹਨ। ਹੁਣ ਨਵੀਂ ਛਪੀ ਪੁਸਤਕ ਸਿੱਖੀ ਅਤੇ ਸਿੱਖਾਂ ਦਾ ਭਵਿੱਖ’ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੇਖਕ ਦੀਆਂ ਇਸ ਪੁਸਤਕ ਤੋਂ ਪਹਿਲਾਂ ਅੱਧੀ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ। ਇਸ ਪੁਸਤਕ ਵਿੱਚ ਲੇਖਕ ਨੇ ਪਹਿਲਾਂ ਪ੍ਰਕਾਸ਼ਤ ਹੋਈਆਂ ਦੋ ਪੁਸਤਕਾਂ ਸਿੱਖ ਪੰਥ ਨਵੇਂ ਯੁੱਗ ਦੇ ਸਨਮੁੱਖ ਅਤੇ ਸਿੱਖ ਪਛਾਣ’ ਵਿੱਚ ਕੇਸਾਂ ਦਾ ਮਹੱਤਵ ਵਿੱਚ ਦਿੱਤੀਆਂ ਗਈਆਂ ਧਾਰਨਾਵਾਂ ਦਾ ਵਿਸਥਾਰ ਕੀਤਾ ਹੈ। ਲੇਖਕ ਨੇ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਅਤੇ ਕਾਨਫ਼ਰੰਸਾਂ ਵਿੱਚ ਚਾਰ ਦਰਜਨ ਤੋਂ ਵੱਧ ਖੋਜ ਪੱਤਰ ਕੀਤੇ ਹਨ। ਇਨ੍ਹਾਂ ਦੀ ਨਿਗਰਾਨੀ ਹੇਠ ਢਾਈ ਦਰਜਨ ਦੇ ਕਰੀਬ ਖੋਜੀ ਐਮ. ਫਿਲ ਅਤੇ ਪੀਐਚ.ਡੀ. ਕਰ ਚੁੱਕੇ ਤੇ ਕਰ ਰਹੇ ਹਨ।

ਲੇਖਕ ਨੇ ਇਸ ਪੁਸਤਕ ਨੂੰ ਸੱਤ ਅਧਿਆਇ ਵਿੱਚ ਵੰਡਿਆ ਹੈ। ਸੰਸਾਰ ਧਰਮਾਂ ਵਿੱਚ ਸਿੱਖ ਧਰਮ, ‘ਸਿੱਖੀ ਅਤੇ ਅੰਤਰਧਰਮ ਸੰਵਾਦ, ‘ਵਿਸ਼ਵੀਕਰਨ ਅਤੇ ਸਿੱਖ, ‘ਵਿਸ਼ਵ ਆਰਥਿਕਤਾ ਅਤੇ ਸਿੱਖ’, ਸਿੱਖੀ, ਸਿੱਖ ਅਤੇ ਰਾਜਨੀਤੀ’, ‘ਨਰ ਅਤੇ ਨਾਰੀ: ਸਿੱਖ ਦ੍ਰਿਸ਼ਟੀਕੋਨ’ ਅਤੇ ਵਿਦੇਸ਼ੀ ਸਿੱਖ, ਸਾਹਿਤ ਅਤੇ ਪਛਾਣ” ਇਨ੍ਹਾਂ ਸੱਤ ਭਾਗਾਂ ਨੂੰ ਅੱਗੇ ਉਪ ਆਧਿਆਇ ਵਿੱਚ ਵੰਡਿਆ ਗਿਆ ਹੈ।

ਇਸ ਪੁਸਤਕ ਦਾ ਮੁੱਖ ਉਦੇਸ਼ ਸਿੱਖਾਂ ਦੇ ਜੀਵਨ ਵਿੱਚ ਫੈਲ ਰਹੀ ਨਿਰਾਸ਼ਤਾ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨੀ ਅਤੇ ਸਿੱਖਾਂ ਦੇ ਭਖ਼ਦੇ ਮਸਲਿਆਂ ’ਤੇ ਚਿੰਤਨ ਸ਼ੁਰੂ ਕਰਨਾ ਇਸ ਪੁਸਤਕ ਦਾ ਮੁੱਖ ਉਦੇਸ਼ ਹੈ।

ਲੇਖਕ ਨੇ ਇਸ ਪੁਸਤਕ ਵਿੱਚ ਸਿੱਖਾਂ ਦੇ ਸਾਹਮਣੇ ਇਹੋ ਜਿਹੇ ਮਸਲੇ ਇਸ ਪੁਸਤਕ ਰਾਹੀਂ ਖੜ੍ਹੇ ਕਰ ਦਿੱਤੇ ਹਨ, ਜੇਕਰ ਇਨ੍ਹਾਂ ਮਸਲਿਆਂ ’ਤੇ ਚਿੰਤਨ ਨਾ ਕੀਤਾ ਗਿਆ ਤਾਂ ਇਹ ਮਸਲੇ ਸਿੱਖ ਧਰਮ ਦੇ ਭਵਿੱਖ ਲਈ ਖਤਰਨਾਕ ਸਾਬਿਤ ਹੋ ਸਕਦੇ ਹਨ। ਕਿਉਂਕਿ ਸਿੱਖ ਧਰਮ ਦੀ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਚੱਲੀ ਆ ਰਹੀ ਮਰਿਯਾਦਾ ਵਰਤਮਾਨ ਸਮੇਂ ਸਿੱਖ ਧਰਮ ਵਿੱਚ ਗੁਰਮਤਿ ਸਿਧਾਂਤਾਂ ਦੇ ਉਲਟ ਚੱਲ ਰਹੀ ਹੈ। ਜੇਕਰ ਸਿੱਖਾਂ ਨੇ ਹੁਣ ਧਰਮ ਵਿੱਚ ਆ ਰਹੀਆਂ ਭਿਆਨਕ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਗੁਰਮਿਤ ਸਿਧਾਂਤਾਂ ਅਨੁਸਾਰ ਨਾ ਸਮਝਿਆ ਤਾਂ ਸਿੱਖ ਧਰਮ ਦਾ ਭਵਿੱਖ ਸਿੱਖਾਂ ਲਈ ਚਿੰਤਾ ਭਰਿਆ ਹੋ ਸਕਦਾ ਹੈ।

ਲੇਖਕ ਨੇ ਹਰ ਇੱਕ ਮਸਲੇ ਨੂੰ ਗੁਰਬਾਣੀ ਦੇ ਹਵਾਲੇ ਨਾਲ ਪੇਸ਼ ਕੀਤਾ ਹੈ। ਵਰਤਮਾਨ ਸਮੇਂ ਵਿੱਚ ਸਿੱਖ ਧਰਮ ਵਿੱਚ ਅਖੌਤੀ ਸੰਤ ਤੇ ਬਾਬੇ ਬਣਕੇ ਸਿੱਖ ਧਰਮ ਦੇ ਨਾਂਅ ’ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ ਤੇ ਇਸ ਪੂੰਜੀਵਾਦੀ ਬਜ਼ਾਰ ਵਿੱਚ ਅਧਿਆਤਮਿਕਤਾ ਨੂੰ ਇਕ ਵਸਤੂ ਵਾਂਗ ਵੇਚਿਆਂ ਤੇ ਖਰੀਦਿਆਂ ਜਾ ਰਿਹਾ ਹੈ। ਗੁਰਬਾਣੀ ਵਿੱਚ ਮਨੁੱਖ ਨੂੰ ਮਾਇਆ ਦੇ ਮੋਹ ਤੋਂ ਮੁਕਤ ਹੋਣ ਦਾ ਮਾਰਗ ਦੱਸਿਆ ਹੋਇਆ ਹੈ। ਪਰ ਵਰਤਮਾਨ ਸਮੇਂ ਸਿੱਖ ਮਾਇਆ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਇਸ ਪੁਸਤਕ ਵਿੱਚ ਨਾਰੀ ਨੂੰ ਨਰ ਦੇ ਬਰਾਬਰ ਦਾ ਦਰਜਾ ਗੁਰੂ ਸਾਹਿਬਾਨਾਂ ਨੇ ਦਿੱਤਾ। ਪਰ ਅਜੋਕੇ ਸਮੇਂ ਨਾਰੀ ਦੀ ਮਾੜੀ ਦਸ਼ਾ ਵੀ ਸਿੱਖ ਧਰਮ ਦੇ ਭਖਦੇ ਮਸਲਿਆਂ ਵਿੱਚੋਂ ਇਕ ਮਹੱਤਵਪੂਰਨ ਧਿਆਨ ਦੇਣ ਯੋਗ ਵਿਸ਼ਾ ਬਣ ਚੁੱਕਾ ਹੈ। ਸਿੱਖ ਅਜੋਕੇ ਸਮੇਂ ਭਰੂਣ ਹੱਤਿਆ ਕਰਨ ਲੱਗੇ ਹੋਏ ਹਨ ਤੇ ਸਿੱਖਾਂ ਵਿੱਚ ਨਾਰੀ ਦੇ ਨਾਲ ਅਜੋਕੇ ਸਮੇਂ ਹੋ ਰਹੇ ਮਾੜੇ ਵਰਤਾਰੇ ਬਾਰੇ ਵੀ ਖੁੱਲ੍ਹ ਕੇ ਵਿਸਥਾਰ ਪੂਰਵਕ ਇਸ ਪੁਸਤਕ ਵਿੱਚ ਲਿਖਿਆ ਗਿਆ ਹੈ ਕਿ ਕਦੇ ਸਿੱਖ ਨਾਰੀ ਨੂੰ ਦਾਜ ਕਰਕੇ, ਕਦੇ ਕੁੜੀ ਪੈਦਾ ਕਰਨ ਕਰਕੇ, ਵਿਆਹ ਸਮੇਂ ਮੁੰਡੇ ਵਾਲਿਆਂ ਵੱਲੋਂ ਕੁੜੀ ਵਾਲਿਆਂ ਨੂੰ ਨੀਵਾਂ ਸਮਝਣ ਦਾ ਵਧ ਰਿਹਾ ਰੁਝਾਨ ਆਦਿ ਗੁਰਮਤਿ ਸਿਧਾਂਤਾਂ ਦੇ ਉਲਟ ਹੋਣ ਤੋਂ ਇਲਾਵਾ ਸਿੱਖ ਧਰਮ ਦੇ ਭਵਿੱਖ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਜੇਕਰ ਵੇਖਿਆ ਜਾਵੇ ਗੁਰਮਤਿ ਨੇ ਦੁਨਿਆਵੀ ਰਾਜਿਆਂ ਦੇ ਰਾਜ ਦੇ ਖਤਮ ਹੋਣ ਅਤੇ ਉਨ੍ਹਾਂ ਦੀ ਝੂਠੀ ਪਾਤਸ਼ਾਹੀ ਦੀ ਹਾਰ ਬਾਰੇ ਵੀ ਲੋਕਾਂ ਨੂੰ ਜਾਗ੍ਰਤ ਕੀਤਾ ਹੈ। ਪਰ ਵਰਤਮਾਨ ਸਮੇਂ ਸਿੱਖ ਧਰਮ ਦੇ ਰਾਜਨੀਤੀਵਾਨਾਂ ਵਿੱਚ ਪੰਜ ਵਿਕਾਰ ਭਿਆਨਕ ਬਿਮਾਰੀ ਵਾਂਗ ਵਧਦੇ ਹੀ ਜਾ ਰਹੇ ਹਨ। ਪ੍ਰੰਤੂ ਸਿੱਖ-ਸਿਧਾਂਤ ਵਿੱਚ ਰਾਜਨੀਤੀ ਅਤੇ ਧਰਮ ਇਕ ਦੂਸਰੇ ਨਾਲੋਂ ਵੱਖਰੇ ਜਾਂ ਵਿਰੋਧੀ ਨਹੀਂ ਹਨ। ਸਿੱਖ ਪੰਥ ਦੀ ਅਜੋਕੀ ਰਾਜਨੀਤੀ ਬਾਰੇ ਇਸ ਪੁਸਤਕ ਵਿੱਚ ਲੇਖਕ ਨੇ 1849 ਵਿੱਚ ਖਾਲਸਾ ਰਾਜ ਦੀ ਹਾਰ, ਸਿੱਖਾਂ ਦੀ ਇਤਿਹਾਸਕ ਹਾਰ ਮੰਨੀ ਹੈ। ਕਿਉਂਕਿ ਉਸ ਹਾਰ ਤੋਂ ਬਾਅਦ ਸਿੱਖ ਰਾਜਨੀਤੀ ਦਾ ਮੁਹਾਂਦਰਾ ਬਦਲ ਗਿਆ। ਕਿਉਂਕਿ ਅਜੋਕੇ ਸਮੇਂ ਸਿੱਖ ਅਕਾਲ ਪੁਰਖ ਨਾਲ ਜੁੜਨ ਲਈ ਤਾਂ ਆਜ਼ਾਦ ਹਨ ਪਰ ਦੁਨਿਆਵੀ ਰਾਜਨੀਤੀ ਇਸ ਅਜ਼ਾਦੀ ਦੇ ਰਾਹ ਵਿੱਚ ਰੁਕਾਵਟ ਬਣ ਰਹੀ ਹੈਸਿੱਖਾਂ ਨੂੰ ਆਪਣੀ ਪਛਾਣ ਕਾਇਮ ਰੱਖਣ ਲਈ ਵਿਦੇਸ਼ਾਂ ਵਿੱਚ ਕਾਨੂੰਨ ਤੇ ਰਾਜਨੀਤਿਕ ਲੜਾਈ ਲੜਨੀ ਪਈ ਤੇ ਪੈ ਰਹੀ ਹੈ। ਕਿਉਂਕਿ ਸਿੱਖਾਂ ਵਿੱਚ ਦਿਨ-ਬਦਿਨ ਸਿੱਖ ਨੌਜਵਾਨਾਂ ਦਾ ਕੇਸ ਕਤਲ ਕਰਵਾਉਣ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ ਜੋ ਕਿ ਸਿੱਖ ਧਰਮ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ।

ਸਿੱਖ ਨੌਜਵਾਨ ਪਤਿਤਪੁਣੇ ਵੱਲ ਵਧਦੇ ਜਾ ਰਹੇ ਹਨ ਤੇ ਇਹ ਨਸ਼ਿਆਂ ਦਾ ਸਹਾਰਾ ਲੈ ਕੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਿੱਚ ਸਿੱਖ ਲੀਡਰਸ਼ਿਪ ਭੰਬਲਭੂਸੇ ਵਿੱਚ ਹੈ। ਸਿੱਖਾਂ ਸਾਹਮਣੇ ਪੈਦਾ ਹੋ ਰਹੇ ਸੰਕਟ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਨੂੰ ਛੱਡ ਕੇ ਸਿੱਖ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬ ਦੀ ਧਰਤੀ ਦਾ ਇੱਥੋਂ ਦੇ ਜੰਮਿਆਂ ਲਈ ਪਰਾਇਆ ਹੋ ਜਾਣਾ ਵੱਡਾ ਦੁਖਾਂਤ ਹੈ। ਸਿੱਖਾਂ ਦਾ ਭਵਿੱਖ ਬਹੁਤ ਉੱਜਲ ਹੈ। ਕਿਉਂਕਿ ਸਿੱਖ ਇਸ ਕਰਕੇ ਵਡਭਾਗੇ ਨੇ ਕਿ ਉਨ੍ਹਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਹੈ। ਪ੍ਰੰਤੂ ਇੱਕ ਮੰਦਭਾਗੀ ਗੱਲ ਇਹ ਵੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਉਸ ਤਰੀਕੇ ਨਾਲ ਨਹੀਂ ਸਮਝਿਆ, ਜਿਸ ਤਰ੍ਹਾਂ ਸਮਝਣਾ ਚਾਹੀਦਾ ਸੀ। ਸਿੱਖ ਧਰਮ ਸੰਸਾਰ ਦੇ ਧਰਮਾਂ ਨਾਲੋਂ ਆਪਣੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਹੀ ਵੱਖਰਾ ਹੈ।

ਜੇਕਰ ਇਸ ਪੁਸਤਕ ਦੇ ਵਿੱਚ ਲੇਖਕ ਵੱਲੋਂ ਖੜ੍ਹੇ ਕੀਤੇ ਗਏ ਸਿੱਖ ਭਵਿੱਖ ਦੇ ਮਸਲਿਆਂ ਤੇ ਸਿੱਖਾਂ, ਸਿੱਖ ਲੀਡਰਸ਼ਿਪ, ਸਿੱਖ ਜੰਥੇਬੰਦੀਆਂ ਆਦਿ ਵੱਲੋਂ ਵਰਤਮਾਨ ਸਮੇਂ ਪੰਜਾਬ ਦੇ ਵਿੱਚ ਦਿਨ-ਬਦਿਨ ਨੌਜਵਾਨਾਂ ਦੇ ਕਤਲ ਕੇਸ ਕਰਵਾਉਣ ਦੇ ਵਧਦੇ ਜਾ ਰਹੇ ਰੁਝਾਨ ਵੱਲ, ਸਿੱਖਾਂ ਵਿੱਚ ਵਧ ਰਹੇ ਭਰੂਣ ਹੱਤਿਆ ਦੇ ਰੁਝਾਨ, ਪੰਜਾਬ ਵਿੱਚ ਦਿਨ-ਬਦਿਨ ਵਧਦੇ ਜਾ ਰਹੇ ਡੇਰੇ ਤੇ ਉਨ੍ਹਾਂ ਵਿੱਚ ਗੁਰਮਤਿ ਸਿਧਾਂਤਾਂ ਤੋਂ ਉਲਟ ਦਿੱਤੀ ਜਾ ਰਹੀ ਸਿੱਖਿਆ, ਸਿੱਖ ਰਾਜਨੀਤੀ ਵਿੱਚ ਵੋਟਾਂ ਜਾਂ ਕੁਰਸੀ ਦੇ ਲਾਲਚ ਕਰਕੇ ਗੁਰਮਤਿ ਦੇ ਸਿਧਾਂਤਾਂ ਤੋਂ ਉਲਟ ਫੈਸਲੇ ਕਰਨੇ ਆਦਿ ਮਸਲਿਆਂ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਸਿੱਖਾਂ ਨੂੰ ਭਵਿੱਖ ਵਿੱਚ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੇਖਕ ਨੇ ਸਿੱਖ ਪਹਿਚਾਣ ਦੀ ਸਮੱਸਿਆਵਾਂ ਨੂੰ ਇਕ ਨਾਵਲ ਅਤੇ ਫਿਲਮ ਦੇ ਬਿਰਤਾਂਤ ਦੇ ਹਵਾਲੇ ਨਾਲ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ।

ਸਿੱਖ ਸਾਹਿਤ ਵਿੱਚ ਨਵੀਂ ਛਪੀ ਇਹ ਪੁਸਤਕ ਸਿੱਖੀ ਅਤੇ ਸਿੱਖਾਂ ਦਾ ਭਵਿੱਖ’ ਅੱਜਕੱਲ ਵਿਦਵਾਨਾਂ, ਧਰਮ ਅਤੇ ਇਤਿਹਾਸ ਦੇ ਵਿਦਿਆਰਥੀਆਂ, ਖੋਜਾਰਥੀਆਂ ਆਦਿ ਲਈ ਵਧੇਰੇ ਲਾਹੇਵੰਦ ਸਾਬਿਤ ਹੋ ਰਹੀ ਹੈ।

**

GurmitSSidhu7ਪੁਸਤਕ ਲੇਖਕ: ਡਾ. ਗੁਰਮੀਤ ਸਿੰਘ ਸਿੱਧੂ
ਪੰਨੇ: 248, ਕੀਮਤ: 300
ਪ੍ਰਕਾਸ਼ਕ: ਸਿੰਘ ਬ੍ਰਦਰਜ਼, ਅੰਮ੍ਰਿਤਸਰ

 

 

ਮਨਦੀਪ ਸਿੰਘ ਬੱਲੋਪੁਰ
ਖੋਜਾਰਥੀ: ਧਰਮ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।

*****

(92)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)