BaljinderKDhaliwal7“ਸਿਮਰਨ ਦੇ ਮਨ ਵਿੱਚ ਇੱਕੋ ਸਵਾਲ ਵਾਰ-ਵਾਰ ਉੱਠ ਰਿਹਾ ਸੀ- ਕੀ ਸੱਚਮੁੱਚ ...”
(16 ਨਵੰਬਰ 2026)

 

(ਸਾਵਧਾਨ! ਇਸ ਕਹਾਣੀ ਨੂੰ ਸੱਚਮੁੱਚ ਕਹਾਣੀ (Fiction, Story) ਨਾ ਸਮਝ ਬਹਿਣਾ --- ਸੰਪਾਦਕ) 

“ਰਾਜਵੀਰ, ਚਾਹ ਬਣਾ ਦੇ... ।” ਸਿਮਰਨ ਨੇ ਰਾਜਵੀਰ ਨੂੰ ਕਿਹਾ। ਰਾਜਵੀਰ ਸਿਮਰਨ ਦੇ ਪਿੰਡ ਤੋਂ ਆਈ ਹੋਈ ਸੀ ਅਤੇ ਸਿਮਰਨ ਦੇ ਹੀ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ।

“ਥੋਡੀਆਂ ਤਾਂ ਚਾਹਾਂ ਹੀ ਨਹੀਂ ਮੁੱਕਦੀਆਂ ...!” ਰਾਜਵੀਰ ਨੇ ਬੜੇ ਖਰ੍ਹਵੇ ਲਹਿਜੇ ਵਿੱਚ ਜਵਾਬ ਦਿੱਤਾ।

ਸਿਮਰਨ ਚੁੱਪ ਹੋ ਗਈ।

ਸਿਮਰਨ ਆਪਣੇ ਆਪ ਤੁਰ-ਫਿਰ ਨਹੀਂ ਸਕਦੀ ਸੀ। ਬਚਪਨ ਵਿੱਚ ਹੋਏ ਪੋਲੀਓ ਕਾਰਨ ਉਸਦੀਆਂ ਲੱਤਾਂ ਸਾਥ ਦੇਣੋ ਇਨਕਾਰੀ ਹੋ ਗਈਆਂ ਸਨ। ਉਸਦੇ ਘਰ ਸਫਾਈ ਅਤੇ ਭਾਂਡੇ ਮਾਂਜਣ ਲਈ ਔਰਤਾਂ ਆਉਂਦੀਆਂ ਸਨ, ਪਰ ਘਰ ਦਾ ਬਾਕੀ ਸਾਰਾ ਕੰਮ ਉਹ ਆਪ ਕਰ ਲੈਂਦੀ ਸੀ। ਉਸ ਦੀ ਸਵੇਰ ਸਾਢੇ ਚਾਰ ਵਜੇ ਸ਼ੁਰੂ ਹੋ ਜਾਂਦੀ। ਉੱਠਦਿਆਂ ਹੀ ਉਹ ਮਧਾਣੀ ਪਾਉਂਦੀ, ਦੁੱਧ ਰਿੜਕਦੀ ਅਤੇ ਫਿਰ ਸਾਰੇ ਪਰਿਵਾਰ ਲਈ ਹਰ ਰੋਜ਼ ਵੱਖ-ਵੱਖ ਤਰ੍ਹਾਂ ਦਾ ਨਾਸ਼ਤਾ ਤਿਆਰ ਕਰਦੀ। ਇਸ ਤੋਂ ਬਾਅਦ ਸਬਜ਼ੀ ਬਣਾਉਂਦੀ ਅਤੇ ਦੁਪਹਿਰ ਲਈ ਫੁਲਕੇ ਵੀ ਆਪ ਹੀ ਪਕਾਉਂਦੀ। ਘਰ ਦੇ ਸਾਰੇ ਕੰਮ ਨਿਪਟਾ ਕੇ ਉਹ ਸਾਢੇ ਅੱਠ ਵਜੇ ਸਕੂਲ ਪਹੁੰਚ ਜਾਂਦੀ।

ਉਸਨੇ ਰਾਜਵੀਰ ਨੂੰ ਇਸ ਮਦਦ ਲਈ ਆਪਣੇ ਕੋਲ ਰੱਖਿਆ ਹੋਇਆ ਸੀ ਤਾਂ ਜੋ ਘਰ ਦੀਆਂ ਉਹ ਚੀਜ਼ਾਂ, ਜਿਨ੍ਹਾਂ ਨੂੰ ਉਹ ਆਪ ਚੁੱਕ ਨਹੀਂ ਸਕਦੀ ਸੀ, ਰਾਜਵੀਰ ਉਸ ਨੂੰ ਫੜਾ ਦਿਆ ਕਰੇ। ਪਰ ਰਾਜਵੀਰ ਦਾ ਸੁਭਾਅ ਬਹੁਤ ਲੜਾਕਾ ਸੀ। ਉਹ ਹਰ ਛੋਟੀ-ਵੱਡੀ ਗੱਲ ’ਤੇ ਸਿਮਰਨ ਨੂੰ ਜਵਾਬ ਦੇ ਦਿੰਦੀ। ਫਿਰ ਸਿਮਰਨ ਉਸਦੀਆਂ ਮਿੰਨਤਾਂ ਕਰਦੀ, ਉਸ ਨੂੰ ਪਿਆਰ ਨਾਲ ਸਮਝਾਉਂਦੀ, ਤਦ ਕਿਤੇ ਜਾ ਕੇ ਰਾਜਵੀਰ ਉਸਦਾ ਕੰਮ ਕਰਦੀ।

ਇਹ ਸਭ ਸਿਮਰਨ ਲਈ ਅੰਦਰੋਂ ਬਹੁਤ ਦੁਖਦਾਈ ਸੀ।

ਸਿਮਰਨ ਨੇ ਕਦੇ ਨਹੀਂ ਚਾਹਿਆ ਸੀ ਕਿ ਕੋਈ ਉਸਦੀ ਸਰੀਰਕ ਕਮਜ਼ੋਰੀ ਨੂੰ ਉਸਦੀ ਪਛਾਣ ਬਣਾਵੇ। ਉਹ ਚਾਹੁੰਦੀ ਸੀ ਕਿ ਲੋਕ ਉਸ ਨੂੰ ਉਸਦੀ ਮਿਹਨਤ, ਸਮਝਦਾਰੀ ਅਤੇ ਹਿੰਮਤ ਕਰਕੇ ਜਾਣਨ। ਉਸਨੇ ਆਪਣੀ ਜ਼ਿੰਦਗੀ ਵਿੱਚ ਕਈ ਅਜਿਹੇ ਕੰਮ ਕੀਤੇ ਸਨ, ਜਿਨ੍ਹਾਂ ਨੂੰ ਕਰਨ ਲਈ ਚੰਗੇ-ਭਲੇ ਲੋਕ ਵੀ ਹੌਸਲਾ ਇਕੱਠਾ ਨਹੀਂ ਕਰ ਸਕਦੇ। ਪਰ ਉਸਦੀ ਇੱਕ ਮਜਬੂਰੀ ਇਹ ਸੀ ਕਿ ਘਰ ਦੀਆਂ ਕੁਝ ਚੀਜ਼ਾਂ ਚੁੱਕਣ ਜਾਂ ਲਿਆਉਣ ਲਈ ਉਸ ਨੂੰ ਕਿਸੇ ਦੂਜੇ ਦੇ ਸਹਾਰੇ ਦੀ ਲੋੜ ਪੈਂਦੀ ਸੀ। ਕਈ ਵਾਰ ਉਸ ਨੂੰ ਆਪਣੀ ਸਰੀਰਕ ਕਮੀ ਬਹੁਤ ਮਹਿਸੂਸ ਹੁੰਦੀ। ਉਹ ਰੱਬ ਅੱਗੇ ਸ਼ਿਕਾਇਤ ਕਰਦੀ, “ਹੇ ਰੱਬਾ! ਤੂੰ ਮੈਨੂੰ ਨਾ ਸੋਹਣਾ ਰੂਪ ਦਿੰਦਾ, ਨਾ ਪੜ੍ਹਾਈ ਵਿੱਚ ਉੱਚਾ ਮੁਕਾਮ ਦਿੰਦਾ, ਨਾ ਸਰਕਾਰੀ ਨੌਕਰੀ ਦਿੰਦਾ। ਘੱਟੋ-ਘੱਟ ਮੈਨੂੰ ਮੇਰੀਆਂ ਲੱਤਾਂ ਹੀ ਦੇ ਦਿੰਦਾ। ਮੈਂ ਅੱਜ ਲੋਕਾਂ ਅੱਗੇ ਇੰਝ ਹੱਥ ਤਾਂ ਨਾ ਅੱਡਦੀ? ਆਪਣੀਆਂ ਛੋਟੀਆਂ-ਛੋਟੀਆਂ ਲੋੜਾਂ ਲਈ ਕਿਸੇ ਦੀਆਂ ਮਿੰਨਤਾਂ ਤਾਂ ਨਾ ਕਰਦੀ?”

ਉਹ ਕਈ ਵਾਰ ਸੋਚਦੀ ਕਿ ਆਖਰ ਉਸਨੇ ਕਿਸੇ ਦਾ ਕੀ ਵਿਗਾੜਿਆ ਸੀ? ਉਹ ਵੀ ਤਾਂ ਚਾਹੁੰਦੀ ਸੀ ਕਿ ਜਦੋਂ ਉਸਦਾ ਮਨ ਕਰੇ, ਆਪਣੇ ਹੱਥੀਂ ਪਾਣੀ ਦਾ ਗਲਾਸ ਚੁੱਕ ਲਵੇ, ਆਪਣੀ ਮਰਜ਼ੀ ਨਾਲ ਰਸੋਈ ਵਿੱਚ ਜਾਵੇ, ਬਿਨਾਂ ਕਿਸੇ ਨੂੰ ਅਵਾਜ਼ ਮਾਰੇ ਆਪਣੀ ਲੋੜ ਪੂਰੀ ਕਰ ਲਵੇ। ਪਰ ਜ਼ਿੰਦਗੀ ਨੇ ਉਸ ਨੂੰ ਹਰ ਛੋਟੀ ਲੋੜ ਲਈ ਕਿਸੇ ਨਾ ਕਿਸੇ ਦੀ ਉਡੀਕ ਕਰਨੀ ਸਿਖਾ ਦਿੱਤੀ ਸੀ।

ਹਾਲਾਂਕਿ ਸਿਮਰਨ ਬਹੁਤ ਹਿੰਮਤੀ ਔਰਤ ਸੀ; ਉਸਨੇ ਆਪਣੀਆਂ ਸਰੀਰਕ ਕਮੀਆਂ ਨੂੰ ਕਦੇ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਸੀ। ਉਹ ਮਿਹਨਤ ਕਰਦੀ, ਕਮਾਉਂਦੀ ਅਤੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਸੀ। ਪਰ ਕਈ ਵਾਰ ਜਦੋਂ ਰਾਜਵੀਰ ਉਸ ਨੂੰ ਤਿੱਖਾ ਜਵਾਬ ਦਿੰਦੀ ਤਾਂ ਉਹ ਅੰਦਰੋਂ ਟੁੱਟ ਜਾਂਦੀ। ਉਸ ਨੂੰ ਰਾਜਵੀਰ ਦੇ ਬੋਲਾਂ ਨਾਲੋਂ ਇਸ ਗੱਲ ਦਾ ਵਧੇਰੇ ਦੁੱਖ ਹੁੰਦਾ ਸੀ ਕਿ ਜਿਸ ਬੱਚੀ ਨੂੰ ਉਹ ਆਪਣੇ ਕੋਲ ਰੱਖ ਰਹੀ ਹੈ, ਜਿਸਦੀਆਂ ਲੋੜਾਂ ਦਾ ਖਿਆਲ ਰੱਖਦੀ ਹੈ, ਜਿਸ ਨੂੰ ਆਪਣੇ ਘਰ ਵਿੱਚ ਥਾਂ ਦਿੱਤੀ ਹੋਈ ਹੈ, ਉਹੀ ਉਸਦੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ।

ਸਿਮਰਨ ਕਈ ਵਾਰ ਰਾਜਵੀਰ ਨੂੰ ਪਿਆਰ ਨਾਲ ਸਮਝਾਉਂਦੀ, “ਧੀਏ, ਮੈਂ ਤੈਨੂੰ ਕੋਈ ਬਹੁਤ ਵੱਡਾ ਕੰਮ ਤਾਂ ਨਹੀਂ ਕਹਿੰਦੀ। ਜਿਹੜੀ ਚੀਜ਼ ਮੈਂ ਆਪ ਨਹੀਂ ਚੁੱਕ ਸਕਦੀ, ਬੱਸ ਉਹੀ ਫੜਾਉਣ ਲਈ ਕਹਿੰਦੀ ਹਾਂ। ਤੂੰ ਵੀ ਕਿਸੇ ਦੀ ਧੀ ਹੈਂ। ਕੱਲ੍ਹ ਨੂੰ ਜਦੋਂ ਤੂੰ ਕਿਸੇ ਮੁਸੀਬਤ ਵਿੱਚ ਹੋਵੇਂਗੀ, ਤੈਨੂੰ ਵੀ ਕਿਸੇ ਦੇ ਸਹਾਰੇ ਦੀ ਲੋੜ ਪੈ ਸਕਦੀ ਹੈ।”

ਪਰ ਰਾਜਵੀਰ ਉੱਤੇ ਇਨ੍ਹਾਂ ਗੱਲਾਂ ਦਾ ਬਹੁਤਾ ਅਸਰ ਨਹੀਂ ਹੁੰਦਾ ਸੀ। ਉਹ ਆਪਣੀ ਉਮਰ ਅਤੇ ਨਾਸਮਝੀ ਵਿੱਚ ਇਹ ਭੁੱਲ ਜਾਂਦੀ ਸੀ ਕਿ ਕਿਸੇ ਦੀ ਮਜਬੂਰੀ ਦਾ ਮਜ਼ਾਕ ਉਡਾਉਣਾ ਕਿੰਨਾ ਵੱਡਾ ਦੁੱਖ ਦੇ ਸਕਦਾ ਹੈ।

ਅੱਜ ਵੀ ਜਦੋਂ ਸਿਮਰਨ ਨੇ ਰਾਜਵੀਰ ਨੂੰ ਚਾਹ ਬਣਾਉਣ ਲਈ ਕਿਹਾ ਸੀ, ਉਹ ਬਿਮਾਰੀ ਕਾਰਨ ਮੰਜੇ ’ਤੇ ਪਈ ਸੀ। ਸਰੀਰ ਵਿੱਚ ਕਮਜ਼ੋਰੀ ਸੀ, ਉਸਦਾ ਦਾ ਮਨ ਚਾਹ ਪੀਣ ਨੂੰ ਕਰ ਰਿਹਾ ਸੀ। ਪਰ ਰਾਜਵੀਰ ਦੇ ਜਵਾਬ ਨੇ ਉਸ ਨੂੰ ਅੰਦਰ ਤਕ ਝੰਜੋੜ ਦਿੱਤਾ। ਉਹ ਚੁੱਪਚਾਪ ਆਪਣੇ ਅਤੀਤ ਬਾਰੇ ਸੋਚਣ ਲੱਗ ਪਈ।

ਉਸ ਨੂੰ ਆਪਣੀ ਜ਼ਿੰਦਗੀ ਦੇ ਉਹ ਦਿਨ ਯਾਦ ਆਉਣ ਲੱਗੇ, ਜਦੋਂ ਉਹ ਬਚਪਨ ਵਿੱਚ ਦੂਜੇ ਬੱਚਿਆਂ ਨੂੰ ਦੌੜਦਿਆਂ-ਖੇਡਦਿਆਂ ਦੇਖਦੀ ਸੀ। ਉਸਦਾ ਵੀ ਮਨ ਕਰਦਾ ਸੀ ਕਿ ਉਹ ਵੀ ਉਨ੍ਹਾਂ ਵਾਂਗ ਦੌੜੇ, ਖੇਡੇ, ਸਕੂਲ ਦੇ ਮੈਦਾਨ ਵਿੱਚ ਦੌੜਾਂ ਲਾਵੇ। ਪਰ ਹਰ ਵਾਰ ਉਸਦੀਆਂ ਇੱਛਾਵਾਂ ਉਸਦੀਆਂ ਲੱਤਾਂ ਦੀ ਬੇਵਸੀ ਅੱਗੇ ਹਾਰ ਜਾਂਦੀਆਂ ਸਨ। ਸਮੇਂ ਦੇ ਨਾਲ ਉਸਨੇ ਆਪਣੇ ਆਪ ਨੂੰ ਸੰਭਾਲਣਾ ਸਿੱਖ ਲਿਆ ਸੀ। ਉਸਨੇ ਆਪਣੇ ਹੰਝੂਆਂ ਨੂੰ ਆਪਣੀ ਤਾਕਤ ਬਣਾਇਆ ਅਤੇ ਆਪਣੀਆਂ ਕਮੀਆਂ ਦੇ ਬਾਵਜੂਦ ਜ਼ਿੰਦਗੀ ਨਾਲ ਲੜਨਾ ਜਾਰੀ ਰੱਖਿਆ। ਉਹ ਸੋਚਦੀ ਕਿ ਅੱਜ ਭਾਵੇਂ ਉਹ ਆਪਣੇ ਪੈਰਾਂ ’ਤੇ ਖੜ੍ਹੀ ਨਹੀਂ ਹੋ ਸਕਦੀ, ਪਰ ਆਪਣੀ ਮਿਹਨਤ ਨਾਲ ਕਮਾਈ ਤਾਂ ਕਰ ਹੀ ਰਹੀ ਹੈ। ਉਸਨੇ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਲ ਕੀਤਾ ਹੈ। ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਕਈ ਵਾਰ ਉਹ ਆਪਣੇ ਤੋਂ ਛੋਟੀ ਉਮਰ ਦੇ ਬੱਚਿਆਂ ਅੱਗੇ ਬੇਵੱਸ ਹੋ ਜਾਂਦੀ ਹੈ।

ਸਿਮਰਨ ਦੇ ਮਨ ਵਿੱਚ ਇੱਕ ਹੋਰ ਖਿਆਲ ਆਇਆ। ਮਾਪੇ ਬੱਚਿਆਂ ਨੂੰ ਸਿਰਫ ਪੜ੍ਹਾਉਣ ਅਤੇ ਚੰਗੇ ਨੰਬਰ ਲੈਣ ਦੀ ਸਿੱਖਿਆ ਹੀ ਨਾ ਦੇਣ, ਸਗੋਂ ਉਨ੍ਹਾਂ ਨੂੰ ਇਨਸਾਨ ਬਣਨਾ ਵੀ ਸਿਖਾਉਣ। ਕਿਤਾਬਾਂ ਦੀ ਪੜ੍ਹਾਈ ਮਨੁੱਖ ਨੂੰ ਡਿਗਰੀਆਂ ਦਿਵਾ ਸਕਦੀ ਹੈ, ਪਰ ਦੂਜਿਆਂ ਦੇ ਦੁੱਖ ਨੂੰ ਸਮਝਣ ਦੀ ਸਿੱਖਿਆ ਉਨ੍ਹਾਂ ਨੂੰ ਅਸਲੀ ਇਨਸਾਨ ਬਣਾਉਂਦੀ ਹੈ।

ਸਿਮਰਨ ਦੀਆਂ ਅੱਖਾਂ ਵਿੱਚੋਂ ਵਹਿ ਰਹੇ ਹੰਝੂ ਉਸਦੇ ਸਿਰਹਾਣੇ ਵਿੱਚ ਸਮਾਉਣ ਲੱਗ ਪਏ। ਉਹ ਸੋਚ ਰਹੀ ਸੀ ਕਿ ਜੇਕਰ ਉਸਦੀਆਂ ਲੱਤਾਂ ਠੀਕ ਨਹੀਂ ਤਾਂ ਇਸ ਵਿੱਚ ਉਸਦਾ ਕੀ ਕਸੂਰ ਹੈ? ਪਰ ਜੇਕਰ ਕਿਸੇ ਦੇ ਅੰਦਰ ਦੂਜਿਆਂ ਲਈ ਹਮਦਰਦੀ ਨਹੀਂ, ਕਿਸੇ ਦੀ ਮਜਬੂਰੀ ਦਾ ਅਹਿਸਾਸ ਨਹੀਂ, ਤਾਂ ਕੀ ਉਸ ਨੂੰ ਆਪਣੀ ਸੋਚ ਬਦਲਣ ਦੀ ਲੋੜ ਨਹੀਂ?

ਸਿਮਰਨ ਦੇ ਮਨ ਵਿੱਚ ਇੱਕੋ ਸਵਾਲ ਵਾਰ-ਵਾਰ ਉੱਠ ਰਿਹਾ ਸੀ- ਕੀ ਸੱਚਮੁੱਚ ਅਪਾਹਜ ਉਹ ਹਨ, ਜਿਨ੍ਹਾਂ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਜਾਂ ਉਹ ਅਪਾਹਜ ਹਨ, ਜਿਨ੍ਹਾਂ ਦੇ ਅੰਦਰ ਦੂਜਿਆਂ ਦਾ ਦਰਦ ਸਮਝਣ ਦੀ ਸੰਵੇਦਨਾ ਹੀ ਨਹੀਂ ਰਹਿੰਦੀ?

ਸਰੀਰਕ ਕਮਜ਼ੋਰੀ ਮਨੁੱਖ ਦੀ ਚੋਣ ਨਹੀਂ ਹੁੰਦੀ, ਪਰ ਕਿਸੇ ਦੀ ਮਜਬੂਰੀ ਨੂੰ ਸਮਝਣਾ ਜਾਂ ਉਸਦਾ ਮਜ਼ਾਕ ਉਡਾਉਣਾ ਸਾਡੀ ਆਪਣੀ ਸੋਚ ਅਤੇ ਸੰਸਕਾਰਾਂ ਦੀ ਪਛਾਣ ਹੁੰਦੀ ਹੈ।

ਅਸਲ ਅਪਾਹਜਤਾ ਸਰੀਰ ਵਿੱਚ ਨਹੀਂ, ਕਈ ਵਾਰ ਮਨੁੱਖ ਦੀ ਸੋਚ ਵਿੱਚ ਹੁੰਦੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(sarokar2015@gmail.com)

About the Author

ਬਲਜਿੰਦਰ ਕੌਰ ਧਾਲੀਵਾਲ

ਬਲਜਿੰਦਰ ਕੌਰ ਧਾਲੀਵਾਲ

Whatsapp: (91 - 81461 - 45100)
Email: (baljindercivilline@gmail.com)