“ਦੂਜਿਆਂ ਦੇ ਮੂੰਹ ਤੱਕਦਾ ਰਹਿਨਾ ... ਆਪਣਾ ਮੂੰਹ ਮੈਂ ਦੇਖ ਨਾ ਸਕਾਂ ...”
(13 ਨਵੰਬਰ 2026)
(1) ਪੱਥਰ ਅਤੇ ਛੱਪੜ
ਉਡ-ਪੁਡ ਜਾਣਾ ਖਿੰਡ-ਪਿੰਡ ਜਾਣਾ
ਇਨ੍ਹਾਂ ਮਹਿਫਲਾਂ ਸੁੰਨ ਹੋ ਜਾਣਾ।
ਦਾਣਿਆਂ ਦੇ ਨਿੱਤ ਨਵੇਂ ਪਰਾਗੇ
ਇਨ੍ਹਾਂ ਪਰਾਗਿਆਂ ਭੁੰਨ ਹੋ ਜਾਣਾ।
ਬੀਜਾਂ ਨੇ ਫਸਲਾਂ ਬਣ ਜਾਣਾ
ਫਿਰ ਬੀਜਾਂ ਦਾ ਰੂਪ ਵਟਾਣਾ।
ਇਹੀ ਚੱਕਰ ਚਲਦਾ ਰਹਿਣਾ
ਕਦੇ ਆਉਣਾ, ਆਉਣਾ ਫਿਰ ਜਾਣਾ।
ਪੱਕਾ ਠੱਡਾ ਨਾ ਲਾਵੀਂ ਕਿਧਰੇ
ਪੱਥਰ ਨਾ ਬਣ ਜਾਵੀਂ ਕਿਧਰੇ।
ਨਦੀਆਂ ਵਾਂਗ ਤੂੰ ਵਹਿਦਾ ਜਾਵੀਂ
ਛੱਪੜ ਨਾ ਬਣ ਜਾਵੀਂ ਕਿਧਰੇ।
* * *
(2) ਸਾਲਸ ਦੀ ਭਾਲ ਵਿੱਚ
ਵਾਦ-ਵਿਵਾਦ ਸੁਲਝਾਵਣ ਲੱਗਿਆਂ
ਵਾਦ-ਵਿਵਾਦ ਵਧਾਈ ਜਾਵਣ।
ਅੱਜ ਦੇ ਸਾਲਸ ਬਲਦੀ ਅੱਗ ’ਤੇ
ਤੇਲ ਬਥੇਰਾ ਪਾਈ ਜਾਵਣ।
ਹਰ ਕੋਈ ਖੁਦ ਧਿਰ ਹੈ ਬਣਿਆ
ਭਾਵੇਂ ਸਾਲਸ ਪਿਆ ਕਹਾਵੇ।
ਆਪਣਾ ਧੜਾ ਹੀ ਪਿਆਰਾ ਲੱਗਦਾ
ਉਂਜ ਭਾਵੇਂ ਨਿਰਪੱਖ ਸਦਾਵੇ।
ਅਸਲ ਸਾਲਸ ਨਿਰਪੱਖ ਹੈ ਹੁੰਦਾ
ਉਸਦਾ ਕੋਈ ਪੱਖ ਨਹੀਂ ਹੁੰਦਾ।
ਸੱਚ-ਨਿਆਂ ਕਸਵੱਟੀ ਉਸ ਦੀ
ਇਸ ਤੋਂ ਕਦੇ ਉਹ ਵੱਖ ਨਹੀਂ ਹੁੰਦਾ।
ਜਿਸਦਾ ਨਾ ਕੋਈ ਮਿੱਤਰ-ਵੈਰੀ
ਨਾ ਕੋਈ ਆਪਣਾ ਨਾ ਕੋਈ ਪਰਾਇਆ।
ਦੱਸ ਦਿਓ ਕੋਈ ਨਜ਼ਰੀਂ ਆਵੇ
ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ।
* * *
(3) ਵਸਾਂ ਵਿੱਚ ਅਮਰੀਕਾ ਦੇ ਮੈਂ...
ਵਸਾਂ ਵਿੱਚ ਅਮਰੀਕਾ ਦੇ ਮੈਂ
ਮੇਰੇ ਵਿੱਚ ਪੰਜਾਬ।
ਪੁੱਜ ਜਾਨਾਂ ਪਟਿਆਲੇ ਸ਼ਹਿਰ
ਜਦੋਂ ਵੀ ਆਵੇ ਮੈਨੂੰ ਖਾਬ।
ਵਸਾਂ ਵਿੱਚ ਵਿਦੇਸ਼ ਦੇ ਭਾਵੇਂ
ਦੇਸ਼ ਦੀ ਜ਼ਿੰਦਗੀ ਜੀਵਾਂ।
ਸਭ ਕੁਝ ਆਪਣੇ ਦੇਸ਼ ਹੀ ਵਰਗਾ
ਪਹਿਨਾਂ ਖਾਵਾਂ ਪੀਵਾਂ।
ਕੀ ਹੁੰਦਾ ਅਮਰੀਕਾ ਦੇ ਵਿੱਚ
ਨਾ ਸਮਝਾਂ ਨਾ ਜਾਣਾ।
ਖਬਰਾਂ ਪਰ ਪੰਜਾਬ ਦੀਆਂ ਮੈਂ
ਖ਼ੂਬ ਪੁਣਾ ਤੇ ਛਾਣਾ।
ਮੇਰੇ ਰੋਮ ਰੋਮ ਵਿੱਚ ਵਸਿਆ
ਮੈਨੂੰ ਜੰਮਣ ਵਾਲਾ ਦੇਸ਼।
ਕੱਢੇ ਤਾਂ ਕੋਈ ਕਿੱਦਾਂ ਕੱਢੇ?
ਆਖਰੀ ਸਾਹ ਤਕ ਰਹੂ ਹਮੇਸ਼।
ਹਰ ਇੱਕ ਨੂੰ ਹੀ ਧੂਹ ਹੈ ਪਾਉਂਦੀ
ਜੰਮਣ ਵਾਲੀ ਥਾਂ।
ਇੱਕ ਬੋਲੀ. ਧਰਤੀ ਦੂਜੀ,
ਤੀਜੀ ਜੰਮਣ ਵਾਲੀ ਮਾਂ।
ਵਸਾਂ ਵਿੱਚ ਅਮਰੀਕਾ ਦੇ ਮੈਂ
ਮੇਰੇ ਵਿੱਚ ਪੰਜਾਬ।
ਪੁੱਜ ਜਾਨਾਂ ਪਟਿਆਲੇ ਸ਼ਹਿਰ
ਜਦੋਂ ਵੀ ਆਵੇ ਮੈਨੂੰ ਖਾਬ।
* * *
(4) ਆਪਣੇ ਅੰਗ-ਸੰਗ
ਦੂਜਿਆਂ ਦੇ ਮੂੰਹ ਤੱਕਦਾ ਰਹਿਨਾ
ਆਪਣਾ ਮੂੰਹ ਮੈਂ ਦੇਖ ਨਾ ਸਕਾਂ।
ਦੇਖ-ਦੇਖ ਦੁਨੀਆ ਦੇ ਦੋਸ਼
ਖੁਦ ਦੇ ਦੋਸ਼ ਮੈਂ ਦੇਖ ਨਾ ਸਕਾਂ।
ਦੂਜਿਆਂ ਦੇ ਮਨਾਂ ਦੀਆਂ ਗੱਲਾਂ
ਜਾਣ ਲੈਣ ਦੇ ਦਾਅਵੇ ਕਰਦਾਂ।
ਆਪਣਾ ਮਨ ਮੈਥੋਂ ਦੇਖ ਨਹੀਂ ਹੁੰਦਾ
ਦਿਬ-ਦ੍ਰਿਸ਼ਟ ਦਾ ਮਾਲਕ ਬਣਦਾਂ।
ਹੋਰਾਂ ਦੇ ਫਿਕਰਾਂ ਨੂੰ ਛੱਡ ਕੇ
ਆ ਮਨਾ ਆਪਣੇ ਕੋਲ ਬਹਿ ਜਾ।
ਕੁਝ ਵੀ ਤਾਂ ਤੇਰੇ ਵੱਸ ਨਹੀਂ ਹੈ
ਪਰਮ-ਸ਼ਕਤੀ ਦੇ ਚਰਨੀਂ ਢਹਿ ਜਾ।
ਆਪਣੇ-ਆਪ ਨੂੰ ਜਾਣ ਲਏਂਗਾ
ਆਪਣਾ-ਆਪ ਪਛਾਣ ਲਏਂਗਾ।
ਪੀੜ ਪਰਾਈ ਕੋਈ ਨਾ ਜਾਣੇ
ਆਪਣੀ ਪੀੜ ਪਛਾਣ ਲਏਂਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)



























































































































