GurtejSinghDr7“ਕਿਸਾਨ ਅਤੇ ਕਾਰਖਾਨੇਦਾਰ ਵੀ ਵਕਤ ਦੀ ਨਜ਼ਾਕਤ ਨੂੰ ਸਮਝਣ ਕਿ ਉਨ੍ਹਾਂ ਦੇ ...”
(7 ਨਵੰਬਰ 2026)


ਵਾਤਾਵਰਣ ਵਿੱਚ ਫੈਲਿਆ ਜ਼ਹਿਰੀਲਾ ਧੂੰਆਂ ਇਨਸਾਨ ਦੀ ਮਤਲਬਪ੍ਰਸਤੀ ਦਾ ਸਬੂਤ ਹੈ
। ਤਿਉਹਾਰ, ਕਾਰਖਾਨੇ, ਖੇਤੀ ਖ਼ੇਤਰ ਦੀਆਂ ਅਣਗਹਿਲੀਆਂ ਨੇ ਚੌਗਿਰਦੇ ਦੇ ਨਾਲ ਸਾਰੇ ਜੀਵਾਂ ਨੂੰ ਦਮਘੁਟੀ ਵੱਲ ਧੱਕਿਆ ਹੈ। ਮੈਡੀਕਲ ਖ਼ੇਤਰ ਨਾਲ ਸੰਬੰਧਿਤ ਹੋਣ ਕਰਕੇ ਮੈਂ ਅਜੋਕੇ ਹਾਲਾਤ ਨੂੰ ਨੇੜਿਉਂ ਜਾਣਦਾ ਅਤੇ ਸਮਝਦਾ ਹਾਂ। ਨਵਜਨਮੇ ਬੱਚੇ, ਬਜ਼ੁਰਗ, ਸਾਹ - ਦਮੇ ਦੇ ਮਰੀਜ਼ ਅਤੇ ਤੰਦਰੁਸਤ ਮਨੁੱਖ ਵੀ ਇਸ ਸਮੇਂ ਜ਼ਹਿਰੀਲੀ ਹਵਾ ਦਾ ਸ਼ਿਕਾਰ ਹੈ। ਇਸ ਪੂਰੇ ਵਰਤਾਰੇ ਦੇ ਅਨੇਕ ਕਾਰਨ ਹਨ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਝੋਨੇ ਦੀ ਪਰਾਲੀ ਦੇ ਧੂੰਏਂ ਅਤੇ ਧੂੜ ਨੇ ਸਥਿਤੀ ਨੂੰ ਹੋਰ ਗੰਭੀਰ ਕੀਤਾ ਹੈ। ਇਸ ਸਾਲ ਵੀ ਕੁਝ ਅਖੌਤੀ ਕਿਸਾਨਾਂ ਨੇ ਕਮਾਲ ਦੀ ਏਕਤਾ ਦਾ ਸਬੂਤ ਦਿੱਤਾ ਹੈ ਕਿ ਸਾਰੇ ਇਕੱਠੇ ਹੋ ਕੇ ਜੀਵ ਜਗਤ ਦੇ ਗਲ਼ ਅੰਗੂਠਾ ਪਰਾਲੀ ਨੂੰ ਅੱਗ ਲਾ ਕੇ ਦੇਵਾਂਗੇ ਜੋ ਸਫਲਤਾ ਦੀ ਚਰਮ ਸੀਮਾ ’ਤੇ ਹੈ। ਹਰ ਸਾਲ ਦਿਵਾਲੀ - ਬੰਦੀ ਛੋੜ ਦਿਵਸ, ਦੁਸਹਿਰੇ ਅਤੇ ਹੋਰ ਮੌਕਿਆਂ ਉੱਤੇ ਹੁੰਦੀ ਮਨੋਰੰਜਨੀ ਆਤਿਸ਼ਬਾਜ਼ੀ ਨੇ ਵੀ ਹੱਦ ਕਰ ਦਿੱਤੀ ਹੈ। ਸ਼ਰਧਾਵਾਨਾਂ ਦਾ ਵੀ ਏਕਾ ਹੈ ਕਿ ਮਨੁੱਖਤਾ ਨੂੰ ਦਮਘੁਟੀ ਤਕ ਪਹੁੰਚਾਉਣਾ ਹੀ ਪਹੁੰਚਾਉਣਾ ਹੈ। ਇੱਕ ਜਗ੍ਹਾ ਤਾਂ ਦੁਸਹਿਰੇ ਵਾਲੇ ਦਿਨ ਰਾਮ ਚੰਦਰ ਜੀ (ਕਲਾਕਾਰ) ਨੂੰ ਮੂੰਹ ’ਤੇ ਰੁਮਾਲ ਬੰਨ੍ਹ ਕੇ ਰਾਵਣ ਦਹਿਨ ਕਰਨਾ ਪਿਆ ਸੀ। ਪ੍ਰਦੂਸ਼ਣ ਕਾਰਨ ਉਨ੍ਹਾਂ ਨੂੰ ਖ਼ੁਦ ਦੇ ਸਾਹ ਵੀ ਅਟਕਦੇ ਜਾਪੇ ਸਨ। ਹੁਣ ਨਜ਼ਰਾਂ ਗੁਰਪੁਰਬ ਦੀ ਸ਼ਾਮ ’ਤੇ ਹਨ। ਬਾਬਾ ਨਾਨਕ ਮਿਹਰ ਕਰੇ ਆਤਿਸ਼ਬਾਜ਼ੀ ਦੀ ਬਜਾਏ ਸਾਡੇ ਮਨਾਂ ਵਿੱਚ ਗੁਰੂ ਸਾਹਿਬਾਨ ਦਾ ‘ਪਵਨ ਗੁਰੂ ਪਾਣੀ ਪਿਤਾ’ ਦਾ ਸੰਦੇਸ਼ ਘਰ ਕਰ ਜਾਵੇ, ਜੋ ਮਾਨਵਤਾ ਦੇ ਹਿਤ ਵਿੱਚ ਹੈ।

ਹਵਾ ਪ੍ਰਦੂਸ਼ਣ ਦੀ ਜਦੋਂ ਗੱਲ ਕਰਦੇ ਹਾਂ ਤਾਂ ਹਵਾ ਦੀ ਗੁਣਵੱਤਾ ਮਾਪਣ ਲਈ ਏ ਕਿਊ ਆਈ ਦੀ ਵਰਤੋਂ ਕੀਤੀ ਜਾਂਦੀ ਹੈ। ਉਕਤ ਮਾਪਦੰਡਾਂ ਮੁਤਾਬਿਕ, 0-50 ਵਿਚਕਾਰ ਹਵਾ ਦੀ ਗੁਣਵੱਤਾ ਨੂੰ ‘ਚੰਗਾ’, 51-100 ਨੂੰ ‘ਤਸੱਲੀਬਖਸ਼’, 101-200 ਨੂੰ ‘ਦਰਮਿਆਨਾ’, 201-300 ਨੂੰ ‘ਖਰਾਬ’, 301-400 ਨੂੰ ‘ਬਹੁਤ ਖਰਾਬ’ ਅਤੇ 401-500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਸਿਹਤ ਮਾਹਰਾਂ ਅਨੁਸਾਰ, ਹਵਾ ਦੀ ਗੁਣਵੱਤਾ ਖਰਾਬ ਹੋਣ ਨਾਲ ਫੇਫੜਿਆਂ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਇਸ ਤੋਂ ਇਲਾਵਾ, ਇਹ ਚਮੜੀ, ਅੱਖਾਂ ਅਤੇ ਨੱਕ ਦੀ ਐਲਰਜੀ ਦਾ ਕਾਰਨ ਵੀ ਬਣਦੀ ਹੈ।

ਸਾਡੇ ਸੂਬੇ ਦੇ ਬਠਿੰਡਾ ਸ਼ਹਿਰ ਦਾ ਹਵਾ ਗੁਣਵੱਤਾ ਮਿਆਰ 296 ਤੋਂ ਜ਼ਿਆਦਾ ਹੈ। ਜਲੰਧਰ 198, ਪਟਿਆਲਾ 187 ਅਤੇ ਰਾਜਧਾਨੀ ਦਿੱਲੀ ਦੇ ਹਵਾ ਗੁਣਵੱਤਾ ਮਿਆਰ 324 ਦੇ ਆਸ ਪਾਸ ਹੈ। ਪਿਛਲੇ ਪੰਜ ਦਿਨਾਂ ਦੌਰਾਨ ਦਿੱਲੀ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਦਾ ਮਿਆਰ ਨੀਵੇਂ ਪੱਧਰ ’ਤੇ ਪੁੱਜਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਥਿਤੀ ਵਿਗੜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦਸਹਿਰਾ ਲੰਘ ਚੁੱਕਾ ਹੈ ਅਤੇ ਦਿਵਾਲੀ ਕੱਲ੍ਹ ਨੂੰ ਆ ਰਹੀ ਹੈ। ਮਾਣਯੋਗ ਸੁਪਰੀਮ ਕੋਰਟ ਦਾ ਪਟਾਕਿਆਂ ਦੇ ਮਿਆਰ ਅਤੇ ਪਟਾਕੇ ਚਲਾਉਣ ਸੰਬੰਧੀ ਤੈਅ ਸਮਾਂ ਸੀਮਾ ਪ੍ਰਤੀ ਲਹਿਜਾ ਸਖਤ ਹੈ। ਉਸਦੇ ਨਾਲ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਇਸ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚਿੰਤਾ ਵਾਜਿਬ ਹੈ ਕਿਉਂਕਿ 80 ਫ਼ੀਸਦੀ ਪ੍ਰਦੂਸ਼ਿਤ ਹਵਾ ਦਾ ਕਾਰਨ ਅਣਗਹਿਲੀ ਹੈ, ਉਹ ਚਾਹੇ ਬੇਰੋਕ ਪਟਾਕਿਆਂ ਦੀ ਵਿਕਰੀ ਅਤੇ ਸਾੜਨ ਦੀ ਪ੍ਰਕਿਰਿਆ ਹੋਵੇ, ਵਾਹਨਾਂ ਦੀ ਭੀੜ, ਕੋਲੇ ਨੂੰ ਜ਼ਿਆਦਾ ਬਾਲਣਾ, ਕਾਰਖਾਨਿਆਂ ਅਤੇ ਖੇਤੀ ਰਹਿੰਦ ਖੂੰਹਦ ਆਦਿ।

ਇੱਕ ਅੰਦਾਜ਼ੇ ਮੁਤਾਬਿਕ ਸਾਡੇ ਸੂਬੇ ਵਿੱਚ ਹਰ ਸਾਲ 20 ਮਿਲੀਅਨ ਟਨ ਤੋਂ ਜ਼ਿਆਦਾ ਪਰਾਲੀ ਸਾੜੀ ਜਾਂਦੀ ਹੈ ਅਤੇ ਇਸ ਵਰ੍ਹੇ ਵੀ ਪਰਾਲੀ ਸਾੜਨ ਦੀਆਂ 1612 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਦੇ ਫਲਸਰੂਪ ਹਵਾ ਪ੍ਰਦੂਸ਼ਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕਾਰਖਾਨਿਆਂ ਦੇ ਪ੍ਰਦੂਸ਼ਣ ਦੇ ਨਾਲ ਹੀ ਦਿਵਾਲੀ ਦਾ ਤਿਉਹਾਰ ਵੀ ਹੈ ਜਿਸਦੀ ਖੁਸ਼ੀ ਵਿੱਚ ਖੀਵੇ ਹੋ ਕੇ ਲੋਕਾਂ ਨੇ ਪਟਾਕਿਆਂ ਆਦਿ ਨਾਲ ਹਵਾ ਦਾ ਦਿਵਾਲਾ ਕੱਢਣਾ ਹੈ। ਪਰਾਲੀ ਦੇ ਧੂੰਏਂ ਅਤੇ ਪਟਾਕਿਆਂ ਦੇ ਪ੍ਰਦੂਸ਼ਣ ਨੇ ਵਾਤਾਵਰਣ ਨੂੰ ਸਾਫ ਰਹਿਣ ਦੀ ਚੁਣੌਤੀ ਦਿੱਤੀ ਹੈ, ਜਿਸ ਅੱਗੇ ਵਾਤਾਵਰਣ ਗੋਡੇ ਟੇਕ ਰਿਹਾ ਹੈ। ਇਸਦਾ ਖਾਮਿਆਜ਼ਾ ਸਾਰਾ ਜੀਵ ਜਗਤ ਚੁਕਾਉਣ ਲਈ ਮਜਬੂਰ ਹੈ। ਮਨੁੱਖ ਨੇ ਆਪਣੇ ਮੁਨਾਫੇ ਅਤੇ ਕੁਝ ਸਮੇਂ ਦੀ ਖੁਸ਼ੀ ਲਈ ਲੋਕਾਂ ਦੇ ਜੀਵਨ ਵਿੱਚ ਕੰਡੇ ਬੀਜਣੇ ਹਨ।

ਪਰਾਲੀ ਅਤੇ ਹੋਰ ਖੇਤੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਵਾਤਾਵਰਣ ਵਿੱਚ ਧੂੰਏਂ ਦਾ ਪ੍ਰਸਾਰ ਹੋ ਜਾਂਦਾ ਹੈ। ਖੇਤਾਂ ਦਾ ਧੂੰਆਂ ਸੜਕੀ ਆਵਾਜਾਈ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਤੇ ਖਤਰਨਾਕ ਹਾਦਸੇ ਵਾਪਰਦੇ ਹਨ। ਪ੍ਰਦੂਸ਼ਿਤ ਹੋ ਰਹੇ ਹਵਾ, ਪਾਣੀ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਚੁਣੌਤੀ ਦਿੱਤੀ ਹੈ। ਪਰਾਲੀ ਦੇ ਧੂੰਏਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਆਦਿ ਵਾਤਾਵਰਣ ਨੂੰ ਦੂਸ਼ਿਤ ਕਰ ਰਹੀਆਂ ਹਨ। ਸਭ ਤੋਂ ਵੱਧ ਹਵਾ ਕਾਰਬਨ ਮੋਨੋਆਕਸਾਈਡ ਗੈਸ ਨਾਲ ਪ੍ਰਦੂਸ਼ਿਤ ਹੋ ਰਹੀ ਹੈ। ਇਸਦਾ ਹਵਾ ਪ੍ਰਦੂਸ਼ਣ ਵਿੱਚ 50 ਫ਼ੀਸਦੀ ਯੋਗਦਾਨ ਹੈ।

ਇਨ੍ਹਾਂ ਦਿਨਾਂ ਵਿੱਚ ਹਵਾ ਪ੍ਰਦੂਸ਼ਣ ਸਿਖਰਾਂ ’ਤੇ ਹੈ ਅਤੇ ਜ਼ਹਿਰੀਲੀ ਧੁੰਦ ਦੀ ਚਾਦਰ ਚੁਫੇਰੇ ਪਸਰੀ ਹੋਈ ਹੈ, ਜਿਸ ਕਾਰਨ ਮਰੀਜ਼ਾਂ ਅਤੇ ਬੱਚਿਆਂ ਅਤੇ ਤੰਦਰੁਸਤ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਹੋਈਆਂ ਹਨ। ਇਹ ਧੂੰਏਂ ਨੇ ਸਭ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਦਿੱਲੀ ਵਿੱਚ ਵਾਤਾਵਰਣ ਐਂਮਰਜੈਂਸੀ ਐਲਾਨੀ ਜਾ ਚੁੱਕੀ ਹੈ। ਇਸ ਮੁਸੀਬਤ ਉੱਤੇ ਸਿਆਸੀ ਬਿਆਨਬਾਜ਼ੀ ਹਰ ਸਾਲ ਹੁੰਦੀ ਹੈ। ਸਿਆਸਤਦਾਨ ਇੱਕ ਦੂਜੇ ਦੇ ਨਾਲ ਦਿੱਲੀ ਦੇ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਕੋਸਦੇ ਹਨ। ਉਕਤ ਨੂੰ ਦੇਖਦੇ ਹੋਏ ਰਾਜਧਾਨੀ ਦਿੱਲੀ ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਯੋਜਨਾ ਦੇ ਦੂਜੇ ਪੜਾਅ (ਗਰੈਪ-2) ਤਹਿਤ ਕੋਲੇ, ਲੱਕੜ ਅਤੇ ਡੀਜ਼ਲ ਜਨਰੇਟਰਾਂ ਦੀ ਵਰਤੋਂ ਉੱਤੇ ਪਾਬੰਦੀ ਲਾ ਦਿੱਤੀ ਹੈ। ਰਾਜਧਾਨੀ ਦਿੱਲੀ ਦੀਆਂ ਬਹੁਤੀਆਂ ਥਾਂਵਾਂ ਉੱਤੇ ਪਾਣੀ ਦੇ ਛਿੜਕਾਅ ਨੂੰ ਵਧਾਇਆ ਗਿਆ ਹੈ।

ਗੌਰਤਲਬ ਹੈ ਪਿਛਲੇ ਕਈ ਸਾਲਾਂ ਤੋਂ ਤਿਉਹਾਰਾਂ, ਝੋਨੇ ਦੀ ਕਟਾਈ, ਪਰਾਲੀ ਸਾੜਨ ਅਤੇ ਕਾਰਖਾਨਿਆਂ ਦੇ ਵਧੇ ਪ੍ਰਦੂਸ਼ਣ ਕਾਰਨ ਪੰਜਾਬ ਦੇ ਨਾਲ ਲਗਦੇ ਸੂਬੇ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਨਾਲ ਮੁਲਕ ਦੀ ਰਾਜਧਾਨੀ ਦਿੱਲੀ ਧੁਆਂਖੀ ਹਵਾ ਕਾਰਨ ਬੇਹੱਦ ਦਮਘੁਟੀ ਮਹਿਸੂਸ ਕਰਦੇ ਹਨ। ਉਂਝ ਵੀ ਦਿੱਲੀ ਹਮੇਸ਼ਾ ਪ੍ਰਦੂਸ਼ਣ ਦੀ ਮਾਰ ਹੇਠਾਂ ਰਹੀ ਹੈ ਪਰ ਇਸ ਸਮੇਂ ਇੱਥੇ ਜ਼ਹਿਰੀਲੇ ਧੂੰਏਂ ਦੀ ਧੁੰਦਨੁਮਾ ਮੋਟੀ ਚਾਦਰ ਛਾਈ ਹੋਈ ਹੈ ਜੋ ਜ਼ਹਿਰੀਲੇ ਤੱਤਾਂ ਨਾਲ ਲਬਰੇਜ਼ ਹੋਣ ਕਾਰਨ ਮਨੁੱਖਾਂ ਦੀਆਂ ਵਿੱਚ ਅੱਖਾਂ ਵਿੱਚ ਜਲਨ, ਗਲੇ ਵਿੱਚ ਜ਼ਖਮ, ਅਲਰਜੀ, ਦਮਾ ਆਦਿ ਸਾਹ ਨਲੀ ਨਾਲ ਸੰਬੰਧਿਤ ਬਿਮਾਰੀਆਂ ਪੈਦਾ ਕਰਦੀ ਹੈ। ਰਾਜਧਾਨੀ ਦਿੱਲੀ ਵਿੱਚ ਕਈ ਵਿੱਦਿਅਕ ਅਦਾਰੇ ਕੁਝ ਦਿਨਾਂ ਲਈ ਬੰਦ ਕੀਤੇ ਗਏ ਹਨ। ਲੋਕ ਆਪਣੇ ਮੂੰਹ ਰੁਮਾਲ, ਮਾਸਕ ਆਦਿ ਨਾਲ ਢਕ ਕੇ ਬਾਹਰ ਕੰਮਕਾਜ ਲਈ ਨਿੱਕਲਦੇ ਹਨ। ਇਹ ਸੰਘਣਾ ਜ਼ਹਿਰੀਲਾ ਧੂੰਆਂ ਹਰ ਸਾਲ ਹੀ ਸਾਨੂੰ ਲੰਡਨ ਦੀ ਸਾਲ 1952 ਵਿੱਚ ਪਈ ਗ੍ਰੇਟ ਸਮੋਗ ਦੀ ਯਾਦ ਤਾਜ਼ਾ ਕਰਵਾਉਂਦੀ ਹੈ ਜਿਸ ਵਿੱਚ ਚਾਰ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

ਇੱਥੇ ਇਹ ਗੱਲ ਵਰਨਣਯੋਗ ਹੈ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਸਿਰਫ ਕਿਸਾਨਾਂ ਦੁਆਰਾ ਜਲਾਈ ਜਾ ਰਹੀ ਪਰਾਲੀ (ਰਹਿੰਦ ਖੂੰਹਦ) ਹੀ ਨਹੀਂ ਕਰ ਰਹੀ ਸਗੋਂ ਫੈਕਟਰੀਆਂ ਅਤੇ ਰਸਾਇਣਕ ਉਦਯੋਗਾਂ ਨੇ ਵੀ ਹਵਾ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਹੈ ਅਤੇ ਲਗਾਤਾਰ ਹਵਾ-ਪਾਣੀ ਵਿੱਚ ਜ਼ਹਿਰਾਂ ਘੋਲ ਰਹੇ ਹਨ। ਕਾਰਪੋਰੇਟ ਘਰਾਣਿਆਂ ਨਾਲ ਸੰਬੰਧਿਤ ਇਨ੍ਹਾਂ ਕਾਰਖਾਨਿਆਂ ਖਿਲਾਫ ਕੋਈ ਕਾਰਵਾਈ ਅਜੇ ਤਕ ਨਹੀਂ ਕੀਤੀ ਗਈ। ਹਵਾ ਪ੍ਰਦੂਸ਼ਣ ਕੰਟਰੋਲ ਐਕਟ 1981 ਵਿੱਚ ਹੋਂਦ ਵਿੱਚ ਆਇਆ ਪਰ ਦਸੰਬਰ 1984 ਦੀ ਭੋਪਾਲ ਗੈਸ ਦੁਰਘਟਨਾ ਦੇ ਜ਼ਿੰਮੇਵਾਰ ਲੋਕਾਂ ਨੂੰ ਕੋਈ ਸਜ਼ਾ ਨਹੀਂ ਮਿਲੀ। ਇੱਕ ਰਿਪੋਰਟ ਅਨੁਸਾਰ ਆਲਮੀ ਪ੍ਰਦੂਸ਼ਣ ਵਿੱਚ ਹਰ ਸਾਲ 10 ਫ਼ੀਸਦੀ ਵਾਧਾ ਹੋ ਰਿਹਾ ਹੈ। ਵਿਸ਼ਵ ਦੀ 80 ਫ਼ੀਸਦੀ ਸ਼ਹਿਰੀ ਅਬਾਦੀ ਗੰਦੀ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹੈ। ਪ੍ਰਦੂਸ਼ਿਤ ਹਵਾ ਦੇ ਕਾਰਨ ਦੁਨੀਆ ਵਿੱਚ ਹਰ ਸਾਲ 70 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ।

ਪ੍ਰਦੂਸ਼ਿਤ ਹੋ ਰਹੀ ਹਵਾ ਅਤੇ ਚੌਗਿਰਦੇ ਦੀ ਸੰਭਾਲ ਲਈ ਸਭ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਪ੍ਰਸ਼ਾਸਨ ਅਜਿਹੇ ਲੋਕਾਂ ਖਿਲਾਫ ਸਖਤੀ ਕਰੇ ਜਿਹੜੇ ਹਵਾ ਵਿੱਚ ਜ਼ਹਿਰਾਂ ਘੋਲ ਰਹੇ ਹਨ। ਰਾਜਨੀਤਕ ਪਾਰਟੀਆਂ, ਖਾਸ ਕਰਕੇ ਸੱਤਾ ਧਿਰ ਇਸ ਪ੍ਰਤੀ ਕਰੜੇ ਫੈਸਲੇ ਲਵੇ ਤਾਂ ਜੋ ਲੋਕਾਂ ਨੂੰ ਸਾਫ ਹਵਾ ਬੇਰੋਕ ਮਿਲਦੀ ਰਹੇ ਅਤੇ ਵੋਟ ਬੈਂਕ ਕਾਰਨ ਢਿੱਲਮੱਠ ਨਾ ਵਰਤੀ ਜਾਵੇ। ਸਿਰਫ ਇੱਕ ਦੂਜੇ ਨੂੰ ਦੋਸ਼ ਦੇਣ ਨਾਲ ਇਹ ਗੰਭੀਰ ਸਮੱਸਿਆ ਹੱਲ ਨਹੀਂ ਹੋਵੇਗੀ ਬਲਕਿ ਠੋਸ ਉਪਰਾਲੇ ਕਰਨੇ ਪੈਣਗੇ। ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਮਾਲੀ ਇਮਦਾਦ ਦਿੱਤੀ ਜਾਵੇ। ਕਿਸਾਨ ਅਤੇ ਕਾਰਖਾਨੇਦਾਰ ਵੀ ਵਕਤ ਦੀ ਨਜ਼ਾਕਤ ਨੂੰ ਸਮਝਣ ਕਿ ਉਨ੍ਹਾਂ ਦੇ ਇੱਕ ਗਲਤ ਕਦਮ ਦਾ ਖਾਮਿਆਜ਼ਾ ਪੂਰੀ ਮਨੁੱਖਤਾ ਚੁਕਾਉਣ ਲਈ ਮਜਬੂਰ ਹੈ। ਅਗਰ ਉਹ ਫਿਰ ਵੀ ਇਸ ਤੋਂ ਬਾਜ਼ ਨਹੀਂ ਆਉਂਦੇ ਤਾਂ ਲੋਕਾਂ ਦੀ ਸਿਹਤ, ਖਾਸ ਕਰਕੇ ਮਰੀਜ਼ਾਂ ਦੇ ਭਲੇ ਹਿਤ ਸਖਤੀ ਕੀਤੀ ਜਾਵੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 95173 96001)

Email: (gurtejsingh72783@gmail.com)

More articles from this author