KulminderKaur7“ਹਰੇਕ ਨਾਗਰਿਕ ਉਮਰ ਅਤੇ ਅਧਿਕਾਰਿਤ ਅਹੁਦੇ ਤੋਂ ਪਰੇ ਉਦੇਸ਼, ਅਨੁਸ਼ਾਸਨ ...”
(21 ਅਕਤੂਬਰ 2026)

 

ਇਸ ਸਾਲ ਸਤੰਬਰ ਮਹੀਨੇ ਵਿੱਚ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਇੱਕ ਹਫਤਾ ਜੰਗੀ ਪੱਧਰ ’ਤੇ ਜਾਰੀ ਰਹੀ। ਆਏ ਦਿਨ ਨਗਰ ਦੇ ਨੁਮਾਇੰਦੇ ਅਤੇ ਵਿਧਾਇਕ ਆਪਣੇ ਖੇਤਰਾਂ ਵਿੱਚ ਸੜਕਾਂ ’ਤੇ ਖੁਦ ਝਾੜੂ ਫੜ ਕੇ ਇਸ ਮਿਸ਼ਨ ਦਾ ਹਿੱਸਾ ਬਣ ਰਹੇ ਸਨ। ਇਹ ਸਾਰਾ ਕੁਝ ਅਖਬਾਰਾਂ ਅਤੇ ਹਰ ਚੈਨਲ ਦੀਆਂ ਖਬਰਾਂ ਵਿੱਚ ਫੋਟੋਆਂ ਸਮੇਤ ਦੇਖਣ ਨੂੰ ਮਿਲਿਆ। ਇਨ੍ਹਾਂ ਦਿਨਾਂ ਦੌਰਾਨ ਜਦੋਂ ਮੈਂ ਪਾਰਕ ਗਈ ਤਾਂ ਉੱਥੇ ਬੈਂਚਾਂ ’ਤੇ ਬੈਠਣ ਲੱਗਿਆਂ ਇੱਕ ਬੈਂਚ ਉੱਤੇ ਖਾਲੀ ਪਲੇਟਾਂ ਅਤੇ ਹੋਰ ਰਹਿੰਦ-ਖੂੰਹਦ ਪਈ ਦੇਖੀ। ਜ਼ਾਹਿਰ ਸੀ ਕਿ ਖਾ ਪੀ ਕੇ ਇਨ੍ਹਾਂ ਨੂੰ ਸਮੇਟਣ ਬਾਰੇ ਕਿਸੇ ਨੇ ਨਹੀਂ ਸੀ ਸੋਚਿਆ। ਐਤਵਾਰ ਦਾ ਦਿਨ ਹੋਣ ਕਾਰਨ ਸਫਾਈ ਸੇਵਕ ਆਏ ਨਹੀਂ ਸਨ ਤੇ ਕੂੜਾ-ਕਰਕਟ ਅਗਲੇ ਦਿਨ ਵੀ ਖਿਲਰਿਆ ਪਿਆ ਸੀ। ਮੇਰੇ ਜ਼ਿਹਨ ਵਿੱਚ ਇੱਕ ਸੋਚ ਉੱਭਰੀ ਕਿ ਪਿਛਲੇ ਸਾਲ ਇੱਕ ਸਫਾਈ ਸੇਵਕ ਨਾਲ ਵਾਹ ਪਿਆ ਸੀ। ਜੇਕਰ ਅੱਜ ਉਹ ਇੱਥੇ ਹੁੰਦਾ ਤਾਂ ਉਸਨੇ ਹੱਥ ਵਿੱਚ ਫੜੇ ਥੈਲੇ ਵਿੱਚ ਪਾ ਕੇ ਲੈ ਜਾਣਾ ਸੀ। ਇਹ ਕੋਈ ਕਰਮਚਾਰੀ ਨਹੀਂ ਪਰ ਨਿਰਸਵਾਰਥ ਸੇਵਕ ਜ਼ਰੂਰ ਹੈ। ਮੈਂ ਇਸ ਤਰ੍ਹਾਂ ਦੀ ਜੀਵਨ-ਜਾਚ ਨੂੰ ਪ੍ਰਣਾਏ ਇਸ ਸ਼ਖਸ ਬਾਰੇ ਜਾਣਨ ਲਈ ਉਤਸੁਕ ਸਾਂ ਤੇ ਕੁਝ ਸਮਾਂ ਪਾ ਕੇ ਇਹ ਗੁੱਥੀ ਸੁਲਝ ਸਕੀ। ਇਹ ਘਟਨਾਕ੍ਰਮ ਕੁਝ ਇਸ ਤਰ੍ਹਾਂ ਹੈ…

23 ਜੂਨ 2026 ਨੂੰ ਰਾਸ਼ਟਰਪਤੀ ਦ੍ਰੋਪਦੀ ਮਰਮੂ ਵੱਲੋਂ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ 65 ਉੱਘੀਆਂ ਹਸਤੀਆਂ ਨੂੰ ਦੇਸ਼ ਦੇ ਸਰਬਉੱਚ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਗੌਰਤਲਬ ਹੈ ਕਿ ਸਰਕਾਰ ਨੇ ਗਣਤੰਤਰ ਦਿਵਸ ਦੀ ਪੂਰਵ-ਸੰਧਿਆ ’ਤੇ ਸਾਲ 2026 ਲਈ ਕੁੱਲ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਅਗਲੇ ਦਿਨ ਦੀ ਅਖਬਾਰ ਵਿੱਚ ਚੰਡੀਗੜ੍ਹ ਦੇ ਪੁੱਲ-ਆਊਟ ਵਿੱਚ ਇੰਦਰਜੀਤ ਸਿੰਘ ਸਿੱਧੂ ਸਾਬਕਾ ਆਈ ਪੀ ਐੱਸ ਅਧਿਕਾਰੀ ਦੀ ਫੋਟੋ ਸਾਹਿਤ ਪਦਮ ਸ਼੍ਰੀ ਐਵਾਰਡ ਮਿਲਣ ਦੀ ਘੋਸ਼ਣਾ ਬਾਰੇ ਖਬਰ ਪੜ੍ਹੀ। ਲਿਖਿਆ ਸੀ ਕਿ ਸੇਵਾਮੁਕਤ ਡੀ ਆਈ ਜੀ ਪਿਛਲੇ 30 ਸਾਲਾਂ ਤੋਂ ਸਮਾਜ ਸੇਵਾ ਦੇ ਕਾਰਜ ਵਿੱਚ ਲੱਗੇ ਹੋਏ ਹਨ। ਚੰਡੀਗੜ੍ਹ ਦੀਆਂ ਸੜਕਾਂ ’ਤੇ ਸਾਫ-ਸਫਾਈ ਦੇ ਕੰਮ ਰਾਹੀਂ ਨਿਰਸਵਾਰਥ ਸੇਵਾ ਨਿਭਾ ਰਹੇ ਹਨ। ਫੋਟੋ ਵੇਖੀ ਤਾਂ ਕੋਈ ਅਣਕਿਆਸਿਆ ਸੱਚ ਸਾਹਮਣੇ ਆਣ ਖਲੋਤਾ। ਇਸ ਸ਼ਖਸ ਨੂੰ ਅਸੀਂ ਅਕਸਰ ਸਾਡੇ ਘਰਾਂ ਦੇ ਨੇੜਲੇ ਪਾਰਕ ਵਿੱਚ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਦੇ ਕੰਮ ਵਿੱਚ ਰੁੱਝੇ ਹੋਏ ਦੇਖਦੇ ਹਾਂ।

ਪਾਰਕ ਵਿੱਚ ਆਉਣ ਵਾਲੇ ਲੋਕ ਇੱਕ ਦੂਜੇ ਨੂੰ ਦੱਸਦੇ ਹਨ ਕਿ ਇਹ ਬਜ਼ੁਰਗ ਸਵੇਰੇ ਘਰੋਂ ਵੱਡਾ ਸਾਰਾ ਬੋਰਾ ਲੈ ਕੇ ਨਿਕਲਦੇ ਹਨ ਅਤ ਪਾਰਕ ਦੇ ਮੁੱਖ ਗੇਟਾਂ ਅਤੇ ਫੁੱਟਪਾਥਾਂ ਤੋਂ ਹਰ ਤਰ੍ਹਾਂ ਦਾ ਕੂੜਾ ਕਰਕਟ ਇਕੱਠਾ ਕਰ ਕੇ ਬੋਰਾ ਭਰ ਲੈਂਦੇ ਹਨ। ਇੱਕ ਦਿਨ ਮੇਰੀ ਦੋਸਤ ਨੇ ਦੱਸਿਆ ਕਿ ਉਹ ਮੇਰੇ ਰਸਤੇ ਵਿੱਚ ਭਰਿਆ ਹੋਇਆ ਬੋਰਾ ਫੜੀ ਖੜ੍ਹੇ ਸੀ। ਕਿਸੇ ਨੁੱਕਰ ਵੱਲ ਲੈ ਕੇ ਜਾਣ ਲਈ ਮੈਥੋਂ ਮਦਦ ਮੰਗੀ। ਮੇਰੇ ਮਨ ਨੇ ਗਵਾਹੀ ਨਹੀਂ ਭਰੀ ਕਿ ਸੜਕੀ ਆਵਾਜਾਈ ਦੇ ਚਲਦਿਆਂ ਮੈਂ ਇਹ ਕੰਮ ਕਰਾਂ। ਉੱਥੋਂ ਲੰਘ ਰਹੇ ਕੁਝ ਨੌਜਵਾਨ ਲੜਕਿਆਂ ਨੂੰ ਰੋਕ ਕੇ ਉਸ ਬਜ਼ੁਰਗ ਸ਼ਖਸ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਕਈ ਤਰ੍ਹਾਂ ਦੇ ਕਿੱਸੇ ਇਨ੍ਹਾਂ ਨਾਲ ਜੁੜ ਰਹੇ ਸਨ। ਕੋਈ ਦੱਸਦਾ ਕਿ ਸਾਡੇ ਘਰਾਂ ਅੱਗੇ ਲੰਘਦਿਆਂ ਉਨ੍ਹਾਂ ਖੁਰਪਾ ਮੰਗਿਆ ਤੇ ਉੱਥੇ ਆਲੇ-ਦੁਆਲੇ ਸਫਾਈ ਵਿੱਚ ਲੱਗੇ ਰਹੇ। ਐਵਾਰਡ ਦੀ ਘੋਸ਼ਣਾ ਤੋਂ ਬਾਅਦ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕੰਮਾਂ ਵਿੱਚ ਰੁਜ਼ਾਨਾ ਨਿਰਵਿਘਨ ਰੁੱਝਿਆ ਦੇਖਦੀ ਹਾਂ ਤਾਂ ਮਨ ਇਸ ਜਨੂੰਨ ਪ੍ਰਤੀ ਸ਼ਰਧਾ ਅਤੇ ਸਵਾਲਾਂ ਵਿੱਚ ਉਲਝ ਜਾਂਦਾ ਹੈ। ਇੱਕ ਦਿਨ ਪਾਰਕ ਤੋਂ ਘਰ ਜਾਂਦਿਆਂ ਮੈਂ ਉਨ੍ਹਾਂ ਕੋਲ ਰੁਕ ਗਈ। ਅਦਬ ਨਾਲ ਦੁਆ-ਸਲਾਮ ਕਰਦਿਆਂ ਮੈਂ ਉਨ੍ਹਾਂ ਦੇ ਇਸ ਕੰਮ ਲਈ ਪਦਮ ਸ਼੍ਰੀ ਐਵਾਰਡ ਘੋਸ਼ਿਤ ਹੋ ਜਾਣ ’ਤੇ ਵਧਾਈ ਦਿੱਤੀ। ਮੈਂ ਸਵਾਲ ਕੀਤਾ ਕਿ ਅਖਬਾਰ ਵਿੱਚ ਤਾਂ ਤੁਹਾਡਾ ਐਡਰੈੱਸ ਚੰਡੀਗੜ੍ਹ ਦਾ ਹੈ, ਫਿਰ ਇੱਥੇ ਮੋਹਾਲੀ ਵਿੱਚ ਕਿਵੇਂ?

ਉਨ੍ਹਾਂ ਦੱਸਿਆ ਕਿ ਮੇਰਾ ਬੇਟਾ ਕੈਲੇਫੋਰਨੀਆ (ਅਮਰੀਕਾ) ਵਿੱਚ ਹੈ; ਉੱਥੇ ਮੈਂ ਰਹਿਣਾ ਨਹੀਂ ਚਾਹੁੰਦਾ। ਚੰਡੀਗੜ੍ਹ ਵਿੱਚ ਪੀ.ਸੀ.ਐੱਸ/ਆਈ.ਏ.ਐੱਸ ਸੁਸਾਇਟੀ ਵਿੱਚ ਮੇਰੀ ਰਿਹਾਇਸ਼ ਹੈ।”

ਸਾਹਮਣੇ ਵਾਲੀ ਗਲੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, “ਔਹ ਸਾਹਮਣੇ ਮੇਰੀ ਬੇਟੀ ਦਾ ਘਰ ਹੈ। ਉਹ ਹੀ ਮੈਨੂੰ ਇੱਥੇ ਲੈ ਆਏ ਹਨ, ਅਖੇ! ਤੁਹਾਡੀ ਸਿਹਤ ਠੀਕ ਨਹੀਂ ਹੈ।”

ਉਨ੍ਹਾਂ ਦੇ ਗੰਦੇ ਕੱਪੜੇ ਦੇਖਦਿਆਂ ਮੈਂ ਪੁੱਛਿਆ ਕਿ ਹੁਣ ਘਰ ਜਾ ਕੇ ਇਹ ਬਾਣਾ ਬਦਲ ਲਵੋਗੇ। ਤੁਹਾਡੀ ਬੇਟੀ ਕੱਪੜੇ ਵਗੈਰਾ ਧੋ ਲਵੇਗੀ। ਇਸ ’ਤੇ ਉਨ੍ਹਾਂ ਦੱਸਿਆ ਕਿ ਮੇਰਾ ਇੱਕ ਅਟੈਂਡੈਂਟ ਹੈ। ਉਹ ਵਧੀਆ ਲੜਕਾ ਹੈ। ਮੇਰੇ ਸਾਰੇ ਕੰਮ ਕਰਦਾ ਹੈ। ਮੈਂ ਅੱਗੇ ਤੁਰਨ ਲੱਗੀ ਤਾਂ ਉਨ੍ਹਾਂ ਮੇਰੇ ’ਤੇ ਸਿੱਧਾ ਸਵਾਲ ਕੀਤਾ, “ਤੁਸੀਂ ਕਿਹੜੇ ਮਹਿਕਮੇ ਵਿੱਚੋਂ ਰਿਟਾਇਰ ਹੋਏ ਹੋ?”

ਮੇਰੇ ਦੱਸਣ ’ਤੇ ਕਿ ਮੈਂ ਰਿਟਾਇਰਡ ਲੈਕਚਰਾਰ ਹਾਂ, ਉਨ੍ਹਾਂ ਖੁਸ਼ ਹੋ ਕੇ ਕਿਹਾ, ਵਾਹ! ਤੁਸੀਂ ਤਾਂ ਵਿੱਦਿਆ ਦਾ ਚਾਨਣ ਵੰਡਦੇ ਰਹੇ ਹੋ। ਇਸ ’ਤੇ ਮੇਰੇ ਪੈਰ ਉਡਣ ਲੱਗੇ, ਮੈਂ ਤੇਜ਼ ਕਦਮੀਂ ਘਰ ਪਹੁੰਚ ਗਈ।

ਇਨ੍ਹੀਂ ਦਿਨੀਂ ਹੀ ਨੇੜੇ ਰਹਿੰਦੀ ਉਨ੍ਹਾਂ ਦੀ ਧੀ ਨਾਲ ਵੀ ਸਬੱਬੀਂ ਮੇਲ ਹੋ ਗਿਆ। ਉਸਦੇ ਪਿਤਾ ਦੀ ਇਸ ਘਾਲਣਾ ਅਤੇ ਪ੍ਰਾਪਤੀ ਬਾਰੇ ਰਸਮੀ ਗੱਲਬਾਤ ਦੌਰਾਨ ਮੈਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਜਾਣਿਆ। 6 ਜੂਨ 1938 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇਨ੍ਹਾਂ ਦਾ ਜਨਮ ਹੋਇਆ। ਮਹਿੰਦਰਾ ਕਾਲਜ ਪਟਿਆਲਾ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਡਿਗਰੀ ਹਾਸਲ ਕਰਕੇ ਸੰਨ1963 ਵਿੱਚ ਉਹ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਭਰਤੀ ਹੋਏ ਸਨ। 1981 ਵਿੱਚ ਭਾਰਤੀ ਪੁਲਿਸ ਵਿੱਚ ਤਰੱਕੀ ਮਿਲ ਗਈ। ਲੰਬੇ ਅਤੇ ਸ਼ਾਨਦਾਰ ਪੁਲਿਸ ਕੈਰੀਅਰ ਦੌਰਾਨ ਸਾਲ 1991 ਵਿੱਚ ਸ਼ਲਾਘਾਯੋਗ ਸੇਵਾ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸਾਲ 1996 ਵਿੱਚ ਉਹ ਚੰਡੀਗੜ੍ਹ ਤੋਂ ਪੰਜਾਬ ਦੇ ਡੀ ਆਈ ਜੀ ਵਜੋਂ ਰਿਟਾਇਰ ਹੋਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਨੇ ਇਸ ਐਵਾਰਡ ਵਾਸਤੇ ਐਪਲਾਈ ਨਹੀਂ ਸੀ ਕੀਤਾ। ਕਈ ਦਹਾਕਿਆਂ ਤੋਂ ਸਵੇਰੇ ਤੜਕਸਾਰ ਸੈਰ ਕਰਨ ਦੀ ਬਜਾਏ ਸਾਈਕਲ ਰੇਹੜੀ ਲੈ ਕੇ ਸੜਕਾਂ ’ਤੇ ਨਿਕਲ ਜਾਂਦੇ ਹਨ। ਲੋਕਾਂ ਵੱਲੋਂ ਸੁੱਟਿਆ ਕੂੜਾ-ਕਰਕਟ ਹੱਥਾਂ ਨਾਲ ਚੁੱਕ ਕੇ ਬੋਰੇ ਭਰ ਕੇ ਰੇਹੜੀ ’ਤੇ ਲੱਦ ਕੇ ਨਿਪਟਾਰਾ ਕਰਦੇ ਰਹੇ ਹਨ। ਇਸੇ ਦੌਰਾਨ ਕਈ ਪ੍ਰਮੁੱਖ ਚੈਨਲਾਂ, ਅਖਬਾਰਾਂ ਦੇ ਪੱਤਰਕਾਰਾਂ ਨੇ ਰਿਪੋਰਟਿੰਗ ਕੀਤੀ। ਇਨ੍ਹਾਂ ਦੀਆਂ ਵੀਡੀਓ ਵੀ ਵਾਇਰਲ ਹੋਈਆਂ। ਇਹ ਤਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਹੀ ਇਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਵਿੱਚ ਇਨ੍ਹਾਂ ਨੂੰ‘ਝਾੜੂ-ਯੋਧਾ’ ਦੇ ਨਾਮ ਨਾਲ ਜਾਣਿਆ ਗਿਆ ਹੈ।

ਸਾਫ-ਸਫਾਈ ਦੇ ਮੁੱਦੇ ਨੂੰ ਕਈ ਵਾਰ ਨਗਰ ਨਿਗਮ ਦੇ ਦਫਤਰ ਉਠਾਇਆ ਵੀ ਪਰ ਕੋਈ ਸਥਾਈ ਨਤੀਜਾ ਨਹੀਂ ਨਿਕਲਿਆ। ਫਿਰ ਇਸ ਝਾੜੂ ਯੋਧੇ ਨੇ ਖੁਦ ਹੀ ਹੱਥ-ਪੱਲਾ ਮਾਰਨ ਦੀ ਠਾਣ ਲਈ। ਬਾਅਦ ਵਿੱਚ ਪਰਿਵਾਰ, ਗੁਆਂਢ ਅਤੇ ਹੋਰ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ। ਕਈ ਲੋਕਾਂ ਦੇ ਮਜ਼ਾਕ ਦਾ ਪਾਤਰ ਵੀ ਬਣਦੇ ਰਹੇ। ਇਨ੍ਹਾਂ ਦੇ ਅੰਤਰਮਨ ਦੀ ਵਿਚਾਰ-ਧਾਰਨਾ ਕੁਝ ਇਸ ਤਰ੍ਹਾਂ ਸੀ,: ਸੈਂਕੜੇ ਸਾਲ ਪਹਿਲਾ ਵਿਗਿਆਨਕ ਸੋਚ ਵਾਲੇ ਮਹਾਨ ਗੁਰੂ ਨਾਨਕ ਦੇਵ ਜੀ ਨੇ ਵਾਤਾਵਰਣ ਨੂੰ ਮਹੱਤਤਾ ਦਿੰਦੇ ਹੋਏ ਆਪਣੀ ਬਾਣੀ ਵਿੱਚ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਪਾਣੀ ਨੂੰ ਪਿਤਾ ਅਰਥਾਤ ਜੀਵਾਂ ਦੀ ਜਨਮ ਦਾਤੀ ਤੇ ਧਰਤੀ ਨੂੰ ਸਭ ਤੋਂ ਵੱਡੀ ਮਾਂ ਦੱਸਿਆ। ਧਰਤੀ ਦੀ ਸੰਭਾਲ, ਸਾਫ-ਸਫਾਈ ਕਰਨਾ ਸਾਡਾ ਧਰਮ-ਕਰਮ ਹੋਣਾ ਚਾਹੀਦਾ ਹੈ। ਮਨ ਵਿੱਚ ਅਫਸੋਸ ਸੀ ਕਿ ਲੋਕ ਕੂੜਾ ਖਿਲਾਰਨ ’ਤੇ ਸ਼ਰਮ ਨਹੀਂ ਕਰਦੇ ਪਰ ਇਸਨੂੰ ਸਾਫ ਕਰਨ ’ਤੇ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਬਾਅਦ ਵਿੱਚ ਉਹ ਮੋਹਾਲੀ ਵਿੱਚ ਤਾਂ ਵਿਖਾਈ ਨਹੀਂ ਦਿੱਤੇ ਪਰ 23 ਜੂਨ ਨੂੰ ਇਸ ਅਣਗੌਲੇ ਅਤੇ ਬੁਝਾਰਤ ਬਣੇ ਨਾਇਕ ਨੂੰ ਪਦਮ ਸ਼੍ਰੀ ਐਵਾਰਡ ਲੈਂਦਿਆਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ। ਬੜੀ ਨਿਮਰਤਾ, ਸਹਿਜ ਅਤੇ ਸੰਜਮਤਾ ਨਾਲ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਹੋਰ ਮੰਤਰੀਆਂ ਦੇ ਸਾਹਮਣੇ ਤੋਂ ਅਦਬ ਨਾਲ ਦੁਆ-ਸਲਾਮ ਕਰਦੇ ਹੋਏ ਲੰਘਦੇ ਜਾਂਦੇ ਹਨ।

ਉਸ ਪਲ ਸ਼ਾਇਦ ਮੋਦੀ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਹਿ ਰਹੇ ਹੋਣ ਕਿ ਹਰ ਸਾਲ ਇੱਕ ਦਿਨ 2 ਅਕਤੂਬਰ ਨੂੰ ਸਫਾਈ ਮੁਹਿੰਮ ਚਲਾ ਕੇ ਹੀ ਸਾਫ-ਸਫਾਈ ਵਿੱਚ ਸੁਧਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਨੁਸਾਰ, “ਇਸ ਸੰਬੰਧੀ ਸਖਤ ਨਿਯਮ-ਕਾਨੂੰਨ ਬਣਾਏ ਜਾਣ ਅਤੇ ਕੂੜੇ-ਕਰਕਟ ਦਾ ਠੀਕ ਢੰਗ ਨਾਲ ਨਿਪਟਾਰਾ ਕੀਤਾ ਜਾਵੇ।”

ਕਈ ਜਨਤਕ ਥਾਂਵਾਂ ’ਤੇ ਤਾਂ ਕੋਈ ਕੂੜੇਦਾਨ ਹੀ ਨਹੀਂ ਹਨ। ਸਫਾਈ ਦਾ ਸੰਕਲਪ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਲੋਕਾਂ ਨੂੰ ਜਨਤਕ ਤੌਰ ’ਤੇ ਜਾਗਰੂਕ ਕੀਤਾ ਜਾਵੇ। ਹਰ ਨਾਗਰਿਕ ਦੇ ਮਨ ਵਿੱਚ ਇਹ ਜਜ਼ਬਾ ਪੈਦਾ ਹੋਵੇ ਕਿ ਮੇਰਾ ਘਰ-ਬਾਹਰ, ਚੌਗਿਰਦਾ, ਮੇਰੀ ਗਲੀ, ਮੇਰਾ ਪਿੰਡ, ਸ਼ਹਿਰ ਗੰਦਾ ਨਾ ਹੋਵੇ। ਕਿਸੇ ਸਫਾਈ ਮੁਹਿੰਮ ਜਾਂ ਮਿਸ਼ਨ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਨਾ ਕੀਤਾ ਜਾਵੇ; ਹਰੇਕ ਨਾਗਰਿਕ ਉਮਰ ਅਤੇ ਅਧਿਕਾਰਿਤ ਅਹੁਦੇ ਤੋਂ ਪਰੇ ਉਦੇਸ਼, ਅਨੁਸ਼ਾਸਨ ਅਤੇ ਜਨ-ਸੇਵਾ ਨੂੰ ਆਪਣੇ ਜੀਵਨ ਦਾ ਅਧਾਰ ਬਣਾ ਲਵੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author