“ਹਰ ਔਰਤ ਦੀ ਆਪਣੀ ਕਹਾਣੀ ਦੁੱਖ ਤਕਲੀਫਾਂ ਅਤੇ ਕਲੇਸ਼ਾਂ ਨਾਲ ਭਰੀ ਹੋਈ ਹੈ। ਖੰਨਾ ਮੈਡਮ ਦੀ ...”
(22 ਜੁਲਾਈ 2025)
ਰਿਟਾਇਰਮੈਂਟ ਤੋਂ ਬਾਅਦ ਅਸੀਂ ਚੰਡੀਗੜ੍ਹ ਦੇ ਨੇੜੇ ਰਹਿਣ ਦਾ ਮਨ ਬਣਾ ਲਿਆ। ਭੈਣ-ਭਰਾ ਪਹਿਲਾਂ ਹੀ ਇੱਧਰ ਸਨ। ਸਾਡੀ ਲੜਕੀ ਦਾ ਸਹੁਰਾ ਪਿੰਡ ਵੀ ਰੋਪੜ ਜ਼ਿਲ੍ਹੇ ਵਿੱਚ ਇੱਥੋਂ ਨੇੜੇ ਪੈਂਦਾ ਹੈ। ਫਰੀਦਕੋਟ ਤੋਂ ਸਾਰਾ ਕੁਝ ਸਮੇਟ ਕੇ ਅਸੀਂ ਮੋਹਾਲੀ ਸ਼ਿਫਟ ਕਰ ਲਿਆ। ਕੁੰਭੜਾ ਪਿੰਡ ਦੀ ਜ਼ਮੀਨ ’ਤੇ ਬਣੇ ਨਵੇਂ ਸੈਕਟਰ ਵਿੱਚ ਸਾਡੀ ਰਿਹਾਇਸ਼ ਹੋ ਗਈ। ਸਵੇਰ-ਸ਼ਾਮ ਅਸੀਂ ਨਾਲ ਲੱਗਦੇ ਪਾਰਕ ਵੱਲ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਹੀ ਮੇਰਾ ਮੇਲ-ਮਿਲਾਪ ਕੁਝ ਔਰਤਾਂ ਨਾਲ ਹੋਇਆ। ਇੱਕ ਦਿਨ ਉਹਨਾਂ ਦੱਸਿਆ ਕਿ ਕਿਸੇ ਘਰ ਵਿੱਚ ਅਸੀਂ ਇਕੱਠੀਆਂ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦੀਆਂ ਹਾਂ। ਮੈਨੂੰ ਵੀ ਆਉਣ ਲਈ ਪ੍ਰੇਰਿਤ ਕੀਤਾ। ਇੱਕ ਵਾਰ ਤਾਂ ਕਹਿਣ ਨੂੰ ਦਿਲ ਕੀਤਾ ਕਿ ਮੇਰਾ ਤਾਂ ਘਰੇ ਬੈਠ ਕੇ ਪਾਠ ਕਰਨ ਵਿੱਚ ਵਿਸ਼ਵਾਸ ਹੈ। ਪਰ ਦੂਜੇ ਪਾਸੇ ਸਕੂਲ ਵਾਂਗ ਮਿਲ ਬੈਠਣ ਦਾ ਲੁਤਫ, ਹੋਰਾਂ ਨਾਲ ਵਾਕਫੀਅਤ ਤੇ ਨਵੇਂ ਸਬੰਧ ਪੈਦਾ ਕਰਨ ਦੀ ਲਲ੍ਹਕ ਜਾਗ ਪਈ। ਮੈਂ ਹਫਤਾਵਾਰ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ। ਇੱਕ ਸੂਝਵਾਨ, ਸੰਵੇਦਨਸ਼ੀਲ, ਅਤੇ ਗੁਰਬਾਣੀ ਦਾ ਗਿਆਨ ਰੱਖਣ ਵਾਲੀ ਭੈਣ ਅਜੀਤ ਕੌਰ ਖੰਨਾ ਤੋਂ ਮੈਂ ਪ੍ਰਭਾਵਿਤ ਹੋਈ। ਅਸੀਂ ਸਾਰੇ ਹੁਣ ਉਸ ਨੂੰ ਮੈਡਮ ਖੰਨਾ ਕਹਿ ਕੇ ਹੀ ਬਲਾਉਂਦੇ ਹਾਂ। ਉਸਨੇ ਇੱਕ ਦਿਨ ਸਲਾਹ ਦਿੱਤੀ ਕਿ ਕਿਉਂ ਨਾ ਆਪਾਂ ਇਹ ਪ੍ਰੋਗਰਾਮ ਪਿੰਡ ਦੇ ਗੁਰਦੁਆਰੇ ਵਿੱਚ ਕਰ ਲਿਆ ਕਰੀਏ। ਉੱਥੇ ਪਿੰਡ ਦੀਆਂ ਬੀਬੀਆਂ ਵੀ ਰਲ਼ ਜਾਣਗੀਆਂ। ਇਹ ਸੁਝਾਅ ਸਭ ਨੂੰ ਪ੍ਰਵਾਨ ਸੀ। ਇੱਥੇ ਖੰਨਾ ਮੈਡਮ ਨੇ ਕਾਫੀ ਮਿਹਨਤ ਵੀ ਕੀਤੀ। ਕਈ ਪਿੰਡ ਦੀਆਂ ਔਰਤਾਂ ਪਾਠ ਨਾ ਕਰ ਸਕਣ ਦੀ ਅਸਮਰਥਾ ਜ਼ਾਹਿਰ ਕਰਦੀਆਂ ਤਾਂ ਉਹਨਾਂ ਨੂੰ ਉਤਸ਼ਾਹਿਤ ਕਰਦੇ। ਵੱਖਰਾ ਸਮਾਂ ਦੇ ਕੇ ਸਿਖਾ ਦਿੰਦੇ ਜਾਂ ਆਪਣੇ ਘਰ ਬੁਲਾ ਲੈਂਦੇ। ਕੁਝ ਸਾਲ ਪਹਿਲਾਂ ਇਨ੍ਹਾਂ ਦੇ ਪਤੀ ਅਚਾਨਕ ਹੀ ਕਿਸੇ ਗੰਭੀਰ ਬਿਮਾਰੀ ਕਾਰਨ ਜੀਵਨ ਸਫਰ ਪੂਰਾ ਕਰ ਗਏ। ਹੁਣ ਉਹ ਬਹੁਤ ਸਹਿਜਤਾ ਅਤੇ ਮੋਹ ਮਮਤਾ ਬਿਖੇਰਦੇ ਹੋਏ, ਬੱਚਿਆਂ ਦਾ ਸਾਥ ਮਾਣ ਰਹੇ ਹਨ।
ਵੀਹ ਵਰ੍ਹੇ ਲੰਘ ਗਏ ਹਨ ਤੇ ਪਿੰਡ ਦੇ ਗੁਰਦੁਆਰੇ ਵਿੱਚ ਇਹ ਬੀਬੀਆਂ ਦਾ ਸੰਗਠਿਤ ਗਰੁੱਪ ਬਹੁਤ ਵਧੀਆ ਨਿਭ ਰਿਹਾ ਹੈ। ਕਦੇ ਖੰਨਾ ਮੈਡਮ ਨੇ ਕਿਹਾ ਸੀ ਕਿ ਪਿੰਡ ਦੀਆਂ ਔਰਤਾਂ ਨੂੰ ਸੰਗਠਿਤ ਕਰਨਾ ਮੇਰਾ ਚਿਰਾਂ ਤੋਂ ਸੁਪਨਾ ਰਿਹਾ ਹੈ। ਉਹ ਪਾਠ ਸਿੱਖਣ ਅਤੇ ਸਮਾਜਿਕ ਦਾਇਰੇ ਵਿੱਚ ਵੀ ਬੱਝ ਜਾਣ। ਹੁਣ ਤਕ ਸਾਰਾ ਹਿਸਾਬ ਕਿਤਾਬ ਸਭ ਦੇ ਸਾਹਮਣੇ ਰੱਖਦੇ ਹਨ। ਇਸੇ ਦੌਰਾਨ ਮੇਰੀ ਮਾਂ ਦੇ ਇਸ ਜਹਾਨੋਂ ਤੁਰ ਜਾਣ ਤੋਂ ਬਾਅਦ ਮੇਰੇ ਦੁਖੀ ਤੇ ਵਿਚਲਿਤ ਮਨ ਨੇ ਪਤਾ ਹੀ ਨਹੀਂ ਲੱਗਾ ਕਿਵੇਂ ਕਲਮ ਦਾ ਸਹਾਰਾ ਲੱਭ ਲਿਆ। ਸਾਹਿਤ ਪੜ੍ਹਨ ਦਾ ਤਾਂ ਹਮੇਸ਼ਾ ਮੇਰਾ ਜਨੂੰਨ ਰਿਹਾ ਹੈ। ਹੁਣ ਮੇਰੀ ਕਲਮ ਨੂੰ ਵੀ ਚੰਗਾ ਹੁੰਗਾਰਾ ਮਿਲਿਆ। ਮੇਰਾ ਝੁਕਾ ਜ਼ਿਆਦਾਤਰ ਇੱਧਰ ਹੋ ਗਿਆ ਸੀ। ਇਸ ਸੰਗਠਿਤ ਗਰੁੱਪ ਵਿੱਚ ਮੇਰੀ ਹਾਜ਼ਰੀ ਬਹੁਤ ਹੀ ਘਟ ਗਈ। ਖੰਨਾ ਮੈਡਮ ਨੂੰ ਮੈਂ ਆਪਣੇ ਨਵੇਂ ਰੁਝਾਨ ਬਾਰੇ ਜਾਣਕਾਰੀ ਦਿੱਤੀ ਤਾਂ ਉਹਨਾਂ ਮੇਰੀ ਪ੍ਰਸ਼ੰਸਾ ਕੀਤੀ।
ਘਰਾਂ ਦੇ ਕੰਮ ਕਾਜ ਨਿਬੇੜ ਕੇ ਹਰ ਵੀਰਵਾਰ ਗੁਰਦੁਆਰੇ ਆਉਣਾ ਪਿੰਡ ਦੀਆਂ ਔਰਤਾਂ ਦੇ ਰੁਟੀਨ ਵਿੱਚ ਸ਼ਾਮਲ ਹੈ। ਇਹ ਹੁਣ ਨਵੇਂ ਹੀ ਵਜੂਦ ਵਿੱਚ ਵਿਖਾਈ ਦੇ ਰਹੀਆਂ ਹਨ। ਸ਼ੁੱਧ ਪਾਠ ਕਰਨਾ, ਗੁਰਬਾਣੀ ਦੇ ਅਰਥ ਸਮਝ ਕੇ ਹਰਮੋਨੀਅਮ ’ਤੇ ਸ਼ਬਦ ਬੋਲਣੇ ਸਿੱਖ ਲਿਆ ਹੈ। ਖੰਨਾ ਮੈਡਮ ਇਨ੍ਹਾਂ ਨੂੰ ਧਾਰਮਿਕ ਕਿਤਾਬਾਂ ਅਤੇ ਮੈਗਜ਼ੀਨ ਵੀ ਪੜ੍ਹਨ ਲਈ ਦਿੰਦੇ ਰਹਿੰਦੇ ਹਨ।
ਸਮਾਜਿਕ ਦਾਇਰੇ ਵਿੱਚ ਵਿਚਰ ਕੇ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਵੀ ਪੈਦਾ ਕੀਤੀ। ਇੱਕ ਵਾਰ ਪਿੰਡ ਦੇ ਰਿਹਾਇਸ਼ੀ ਖੇਤਰ ਅੰਦਰ ਹੀ ਸ਼ਰਾਬ ਦਾ ਠੇਕਾ ਖੁੱਲ੍ਹ ਗਿਆ। ਇਨ੍ਹਾਂ ਨੇ ਰਲ ਕੇ ਚੰਗਾ ਪਿੱਟ ਸਿਆਪਾ ਕੀਤਾ ਤੇ ਬੰਦ ਕਰਵਾ ਕੇ ਸਾਹ ਲਿਆ। ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਅੱਧਾ ਪਿੰਡ ਨਸ਼ਿਆਂ ਦੀ ਲਪੇਟ ਵਿੱਚ ਹੈ ਤੇ ਹੁਣ ਗਲੀਆਂ ਵਿੱਚ ਹੀ ਠੇਕੇ ਖੁੱਲ੍ਹ ਗਏ ਤਾਂ ਕੀ ਹਾਲ ਹੋਵੇਗਾ। ਹੁਣ ਤਕ ਸਭ ਦੇ ਦੁੱਖ-ਸੁਖ ਸਾਂਝੇ ਹੋ ਗਏ ਹਨ। ਆਪਣੇ ਸਾਂਝੇ ਫੰਡ ਵਿੱਚੋਂ ਲੋੜਵੰਦਾਂ ਦੀ ਮਦਦ ਕਰਨਾ, ਵਿਆਹ ਸ਼ਾਦੀਆਂ, ਗਮੀ-ਖੁਸ਼ੀ ਵਿੱਚ ਸ਼ਾਮਲ ਹੋਣਾ ਫਰਜ਼ ਸਮਝਿਆ ਜਾਂਦਾ ਹੈ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ 21 ਦਿਨ ਸੁਖਮਨੀ ਸਾਹਿਬ ਦੇ ਪਾਠ ਕਰਨੇ ਸੀ। ਮੈਨੂੰ ਇਸ ਬਾਰੇ ਦੱਸਿਆ ਤੇ ਆਉਣ ਲਈ ਕਿਹਾ। ਗੋਡਿਆਂ ਦੇ ਦਰਦ ਕਾਰਨ ਮੈਨੂੰ ਡਾਕਟਰ ਨੇ ਪੌੜੀਆਂ ਚੜ੍ਹਨਾ ਮਨ੍ਹਾ ਕੀਤਾ ਹੋਇਆ ਹੈ।
ਮੈਂ ਭੋਗ ਵਾਲੇ ਦਿਨ ਹੀ ਗੁਰਦੁਆਰੇ ਪਹੁੰਚ ਸਕੀ। ਮੱਥਾ ਟੇਕਣ ਤੋਂ ਬਾਅਦ ਮੈਂ ਪਿਛਾਂਹ ਕੁਰਸੀ ’ਤੇ ਬੈਠ ਗਈ। ਖੰਨਾ ਮੈਡਮ ਦਾ ਸੁਪਨਾ ਸਹੀ ਮਾਅਨਿਆਂ ਵਿੱਚ ਅੱਜ ਪੂਰਾ ਹੋਇਆ ਦੇਖ ਰਹੀ ਸਾਂ। ਉਮਰ ਦਰਾਜ਼ ਮੇਰੀ ਸਖੀ ਮੈਡਮ ਖੰਨਾ ਦੀਵਾਰ ਨਾਲ ਢੋਅ ਲਾ ਕੇ ਬੈਠੀ ਸੀ। ਹੁਣ ਉੱਠਣਾ ਬੈਠਣਾ ਮੁਸ਼ਕਿਲ ਹੈ, ਪਰ ਬਹਿੰਦੇ ਹੇਠਾਂ ਹਨ। ਸਾਰਾ ਸਾਂਝਾ ਪ੍ਰਬੰਧ ਹੁਣ ਇਨ੍ਹਾਂ ਔਰਤਾਂ ਦੇ ਹਵਾਲੇ ਕਰਕੇ ਖੰਨਾ ਮੈਡਮ ਸੁਰਖਰੂ ਹੋਏ ਹਨ। ਪਰ ਸੇਵਾਦਾਰ ਬੀਬੀਆਂ ਦਾ ਕਹਿਣਾ ਸੀ ਕਿ ਸਾਡੀ ਅਗਵਾਈ ਤਾਂ ਮੈਡਮ ਹੀ ਕਰਨਗੇ। ਮੇਰੇ ਮਨ ਵਿੱਚੋਂ ਆ ਰਹੀਆਂ ਅਵਾਜ਼ਾਂ ਵੀ ਮੈਨੂੰ ਪ੍ਰੇਸ਼ਾਨ ਕਰ ਰਹੀਆਂ ਸਨ। ਹਰ ਔਰਤ ਦੀ ਆਪਣੀਂ ਕਹਾਣੀ ਦੁੱਖ ਤਕਲੀਫਾਂ ਅਤੇ ਕਲੇਸ਼ਾਂ ਨਾਲ ਭਰੀ ਹੋਈ ਹੈ। ਖੰਨਾ ਮੈਡਮ ਦੀ ਆਪਣੀ ਬੇਟੀ ਕਈ ਸਾਲਾਂ ਤੋਂ ਬਰੇਨ ਹੈਮਰੇਜ਼ ਦੀ ਵਜਾਹ ਕਾਰਨ ਬੇਸੁੱਧ ਪਈ ਰਹਿੰਦੀ ਹੈ। ਉਸਦੇ ਜਵਾਨ ਬੱਚੇ ਅਤੇ ਪਤੀ ਉਸਦੀ ਪੂਰੀ ਤਰ੍ਹਾਂ ਦੇਖ ਭਾਲ ਕਰਦੇ ਹਨ। ਮਾਂ ਮਿਲਣ ਜਾਂਦੀ ਹੈ, ਉਸਦੇ ਨੇੜੇ ਪਾਠ ਕਰਕੇ ਦੇਖ ਕੇ ਆ ਜਾਂਦੀ ਹੈ। ਫਿਰ ਇਨ੍ਹਾਂ ਉਲਝਣਾਂ ਵਿੱਚੋਂ ਬਾਹਰ ਨਿਕਲ ਕੇ ਮੈਂ ਪ੍ਰਸਾਦ ਲਿਆ ਤੇ ਲੰਗਰ ਛਕਿਆ। ਬੀਬੀਆਂ ਦੀ ਹੀ ਸਾਰੀ ਸੇਵਾ ਸੀ। ਘਰ ਵਾਪਸੀ ’ਤੇ ਅਸੀਂ ਖੰਨਾ ਮੈਡਮ ਨੂੰ ਮਿਲੇ। ਉਹਨਾਂ ਸੇਵਾਦਾਰ ਬੀਬੀਆਂ ਨਾਲ ਹੀ ਲੰਗਰ ਛਕਣਾ ਸੀ। ਮੈਂ ਆਪਣੇ ਸੈਕਟਰ ਦੀਆਂ ਭੈਣਾਂ ਦੇ ਸੰਗ ਘਰ ਨੂੰ ਚੱਲ ਪਈ। ਰਸਤੇ ਵਿੱਚ ਵੀ ਸਾਰੀਆਂ ਖੰਨਾ ਮੈਡਮ ਦੇ ਇਸ ਉੱਦਮ ਦੀ ਸ਼ਲਾਘਾ ਕਰ ਰਹੀਆਂ ਸਨ।
ਸ਼ਾਮ ਨੂੰ ਖੰਨਾ ਮੈਡਮ ਨਾਲ ਫੋਨ ’ਤੇ ਅੱਜ ਦੇ ਵਧੀਆ ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਮੈਂ ਕਿਹਾ, “ਤੁਸੀਂ ਆਪਣਾ ਸੁਪਨਾ ਪੂਰਾ ਕਰ ਵਿਖਾਇਆ ਹੈ। ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸ਼ੇ।”
ਗੱਲਬਾਤ ਦੌਰਾਨ ਮੈਂ ਪੁੱਛਿਆ, “ਕੀ ਕਦੇ ਮਨ ਵਿੱਚ ਰੰਜਿਸ਼ ਨਹੀਂ ਆਉਂਦੀ ਕਿ ਗੁਰਦੁਆਰੇ ਜਾ ਕੇ ਸੇਵਾ ਅਤੇ ਸ਼ਰਧਾ ਅਰਪਣ ਕਰਨ ਦੇ ਬਾਵਜੂਦ ਇੰਨੇ ਦੁੱਖ ਕਿਉਂ ਹਨ?”
ਉਹਨਾਂ ਆਪਣੇ ਹੀ ਲਹਿਜੇ ਵਿੱਚ ਕਿਹਾ, “ਇੱਕੋ ਅਰਦਾਸ ਹੈ, ... ਦਾਤਿਆ ਜੇ ਦੁੱਖ ਹਨ ਤਾਂ ਹਿੰਮਤ ਬਖਸ਼ੀਂ। ਸੁੱਖ ਹਨ ਤਾਂ ਨਿਮਰਤਾ ਬਖਸ਼ੀਂ। ਸੋ ਉੱਥੇ ਸਾਡੀ ਹਿੰਮਤ ਬੱਝਦੀ ਹੈ। ਇੱਕ ਦੂਜੇ ਦੇ ਦੁੱਖਾਂ ਵੱਲ ਦੇਖਦੇ ਹਾਂ ਤਾਂ ਕਈ ਵਾਰ ਆਪਣਾ ਦੁੱਖ ਘੱਟ ਲੱਗਦਾ ਹੈ। ਮੈਨੂੰ ਪਤਾ ਹੈ ਕਿ ਤੁਸੀਂ ਚੰਗਾ ਸਾਹਿਤ ਪੜ੍ਹਦੇ ਤੇ ਲਿਖ ਲੈਂਦੇ ਹੋ। ਪਾਠਕਾਂ ਨਾਲ ਸਾਂਝ ਪਾ ਕੇ ਮਨ-ਮਸਤਕ ਨੂੰ ਰੁਝੇਵਾਂ ਦੇ ਕੇ ਸੁਹਜ ਅਨੰਦ ਲੈਂਦੇ ਹੋ। ਸੋ ਗ੍ਰੰਥ ਸਾਹਿਬ ਦੀ ਮਾਨਤਾ ਵੀ ਇੱਕ ਅਜਿਹਾ ਸਾਧਨ ਹੀ ਹੈ।”
ਮੇਰੇ ਸਵਾਲ ਦਾ ਸ਼ਾਇਦ ਇਹੀ ਜਵਾਬ ਸੀ ਜਿਸ ਵਿੱਚ ਤਰਕ ਸੀ ਪਰ ਕੱਟੜਤਾ ਨਹੀਂ। ਕਿਸੇ ਸੰਜੀਦਾ ਤੇ ਗਿਆਨਵਾਨ ਸ਼ਖਸੀਅਤ ਦੀ ਅਗਵਾਈ ਹੇਠ ਹੀ ਅਜਿਹੇ ਗਰੁੱਪ ਬਿਨਾਂ ਕਿਸੇ ਵਾਦ-ਵਿਵਾਦ ਦੇ ਸ਼ਾਂਤੀਪੂਰਵਕ ਚੱਲਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (