“ਜਿਸ ਸਥਾਨ ’ਤੇ ਸਤਲੁਜ ਨਦੀ ਦੇ ਕੰਢੇ ਹੁਸੈਨੀਵਾਲਾ ਵਿਖੇ ਭਗਤ ਸਿੰਘ ਅਤੇ ...”
(28 ਸਤੰਬਰ 2026)
ਸ਼ਹੀਦ ਭਗਤ ਸਿੰਘ ਕਿਸੇ ਇੱਕ ਸੋਚ, ਵਿਚਾਰਧਾਰਾ ਜਾਂ ਧਿਰ ਤੱਕ ਸੀਮਤ ਨਾ ਹੋ ਕੇ ਸਾਰੀਆਂ ਧਿਰਾਂ ਦੇ ਮਾਣ ਸਤਿਕਾਰ ਦਾ ਪਾਤਰ ਹੈ ਅਤੇ ਸਦਾ ਬਣਿਆ ਰਹੇਗਾ। ਕਲਮਕਾਰਾਂ ਨੇ ਚੱਲਦੇ ਵਹਾਅ ਵਿੱਚ ਬਿਨਾਂ ਗੰਭੀਰਤਾ ਦੇ ਬਹੁਤ ਕੁਝ ਲਿਖਿਆ ਅਤੇ ਚਿੱਤਰਕਾਰ ਉਹਨਾਂ ਦੇ ਲਿਖੇ ਹੋਏ ਨੂੰ ਪੜ੍ਹਕੇ ਭਗਤ ਸਿੰਘ ਨੂੰ ਆਪਣੇ ਆਪਣੇ ਹਿਸਾਬ ਨਾਲ ਹੀ ਤਰਾਸ਼ਦੇ ਗਏ। ਅੰਤ ਨੂੰ ਉਹਨਾਂ ਨੇ ਭਗਤ ਸਿੰਘ ਨੂੰ ਨਾਸਤਿਕ ਅਤੇ ਪਿਸਤੌਲ ਵਾਲੇ ਬਾਗੀ ਗੱਭਰੂ ਵਜੋਂ ਸਾਡੇ ਸਾਹਮਣੇ ਪੇਸ਼ ਕਰ ਦਿੱਤਾ। ਚਿੱਤਰਕਾਰਾਂ ਨੇ ਉਸਦੇ ਕੁਝ ਘੰਟਿਆਂ ਦੇ, ਪੁਲਸ ਨੂੰ ਚਕਮਾ ਦੇਣ ਲਈ ਕੇਸ ਕਟਵਾ ਕੇ ਹੈਟ ਪਹਿਨੇ ਭੇਸ ਨੂੰ ਸਾਰੀ ਉਮਰ ਦੇ ਪੱਗੜੀਧਾਰੀ ਜੀਵਨ ਤੋਂ ਭਾਰੂ ਕਰਕੇ ਸਾਰੀ ਉਮਰ ਲਈ ਹੈਟ ਵਾਲਾ ਜੈਂਟਲਮੈਨ ਬਣਾ ਕੇ ਹੀ ਦਮ ਲਿਆ। ਸ਼ਹੀਦ ਭਗਤ ਸਿੰਘ ਉੱਪਰ ਗਾਏ ਗੀਤਾਂ ਨੂੰ ਸੁਣ ਕੇ ਭਗਤ ਸਿੰਘ ਦਾ ਵਿਰੋਧ ਸਰਮਾਏਦਾਰ ਵਰਗਾਂ ਦੁਆਰਾ ਸਥਾਪਿਤ ਲੋਟੂ ਨਿਜ਼ਾਮ ਨਾਲ ਘੱਟ ਅਤੇ ਜਨਤਾ ਦੇ ਅਥਾਹ ਪਿਆਰ ਅਤੇ ਸਤਿਕਾਰ ਦੇ ਪਾਤਰ ਬਣੇ ਮਹਾਤਮਾ ਗਾਂਧੀ ਨਾਲ ਬਹੁਤ ਜ਼ਿਆਦਾ ਲਗਦਾ ਹੈ। ਅਸਲ ਗੱਲ ਇਹ ਹੈ ਕਿ ਕਈ ਗੱਲਾਂ ਵਿੱਚ ਗਾਂਧੀ ਜੀ ਨਾਲ ਉਹ ਅਸਹਿਮਤ ਜ਼ਰੂਰ ਸੀ ਪਰ ਉਹ ਗਾਂਧੀ ਜੀ ਦਾ ਵਿਰੋਧੀ ਨਹੀਂ ਸੀ। ਭਗਤ ਸਿੰਘ ਮਹਾਤਮਾ ਗਾਂਧੀ ਦੀ ਲੋਕ ਹਮਾਇਤ, ਸਿਆਸੀ ਸ਼ਕਤੀ ਅਤੇ ਰਾਜਨੀਤਕ ਜੁਗਤਾਂ ਦਾ ਕਾਇਲ ਸੀ।
ਇਹ ਸੱਚ ਹੈ ਕਿ ਭਗਤ ਸਿੰਘ ਬਾਰੇ ਅਸੀਂ ਕੁਝ ਜਾਣਕਾਰੀ ਰੱਖਦੇ ਹੋਈਏ ਜਾਂ ਨਾ, ਪਰ ਜਿਆਦਾਤਰ ਲੋਕਾਂ ਨੇ ਆਪਣੇ ਕਮਰਿਆਂ ਵਿਚ ਉਹਦੀ ਤਸਵੀਰ ਜ਼ਰੂਰ ਲਗਾਈ ਹੈ। ਭਗਤ ਸਿੰਘ ਦੇ ਜਨਮ ਦਿਨ ’ਤੇ ਜਾਂ ਸ਼ਹੀਦੀ ਦਿਨ ’ਤੇ ਉਸਦੀਆਂ ਤਸਵੀਰਾਂ ਜੋ ਲੋਕਾਂ ਦੀਆਂ ਟੀ ਸ਼ਰਟਾਂ ’ਤੇ ਛਪੀਆਂ ਦਿਸਦੀਆਂ ਹਨ ਉਹ ਕਿਸੇ ਵਪਾਰੀ ਦਾ ਮਾਰਕਿਟ ਵਿੱਚ ਮੁਨਾਫੇ ਵਾਲਾ ਮਾਲ ਤਾਂ ਹੋ ਸਕਦਾ ਹੈ ਪਰ ਲੋਕਾਂ ਦੇ ਦਿਲ-ਓ-ਦਿਮਾਗ ਵਿੱਚ ਭਗਤ ਸਿੰਘ ਦੀ ਕੋਈ ਛਾਪ ਛੱਡਣ ਵਾਲਾ ਕੋਈ ਨਹੀਂ ਬਣਨਗੀਆਂ।
ਅਸਲ ਵਿੱਚ ਨੌਜਵਾਨ ਪੀੜ੍ਹੀ ਭਗਤ ਸਿੰਘ ਨੂੰ ਸਿਰਫ ਮਹਾਨ ਸ਼ਹੀਦ ਹੀ ਮੰਨਦੀ ਹੈ, ਰੋਲ ਮਾਡਲ ਨਹੀਂ। ਇਨਕਲਾਬ ਕੇਵਲ ਵਿਚਾਰ ਪੜ੍ਹਨ ਨਾਲ ਨਹੀਂ ਆਉਂਦਾ, ਵਿਚਾਰਾਂ ਨੂੰ ਅਮਲ ਵਿਚ ਲਿਆਉਣ ਨਾਲ ਆਉਂਦਾ ਹੈ। ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਦੇ ਪੰਨਾ 257 ਮੁਤਾਬਕ ਭਗਤ ਸਿੰਘ ਨੇ ਕਿਹਾ ਸੀ, “ਹੇਠਲੀ ਕਚਹਿਰੀ ਵਿਚ ਸਾਥੋਂ ਪੁੱਛਿਆ ਗਿਆ ਸੀ ਕਿ ਸਾਡਾ ਇਨਕਲਾਬ ਤੋਂ ਕੀ ਭਾਵ ਹੈ? ਇਸ ਸਵਾਲ ਦੇ ਜਵਾਬ ਵਿਚ ਮੈਂ ਆਖਾਂਗਾ ਕਿ ਇਨਕਲਾਬ ਵਾਸਤੇ ਖ਼ੂਨੀ ਲੜਾਈਆਂ ਜ਼ਰੂਰੀ ਨਹੀਂ ਹਨ ਅਤੇ ਨਾ ਹੀ ਇਸ ਵਿਚ ਨਿੱਜੀ ਬਦਲੇ ਲਈ ਕੋਈ ਥਾਂ ਹੈ। ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਨੰਗੇ ਅਨਿਆਂ ਉੱਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ।”
ਸ਼ਹੀਦ ਭਗਤ ਸਿੰਘ ਅਨੁਸਾਰ, “ਇਨਕਲਾਬ ਤੋਂ ਸਾਡਾ ਕੀ ਭਾਵ ਹੈ”, ਸਪਸ਼ਟ ਹੈ। ਇਸ ਸਦੀ ਵਿਚ ਇਸ ਦੇ ਸਿਰਫ਼ ਇਕ ਹੀ ਮਤਲਬ ਹੋ ਸਕਦੇ ਹਨ: ਜਨਤਾ ਲਈ, ਜਨਤਾ ਦਾ ਰਾਜਨੀਤਕ ਤਾਕਤ ’ਤੇ ਕਬਜ਼ਾ। ਅਸਲ ਵਿੱਚ ਇਹ ਹੈ “ਇਨਕਲਾਬ।” ਇਸ ਲਈ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਅਧਾਰਿਤ ਲੋਕਤੰਤਰੀ ਢੰਗਾਂ ਨਾਲ ਸਮਾਜਿਕ ਰਾਜਨੀਤਕ ਢਾਂਚਾ ਕਾਇਮ ਕਰਨਾ ਹੀ ਇਨਕਲਾਬ ਹੈ। ਇਹੀ ਸ਼ਹੀਦ ਭਗਤ ਸਿੰਘ ਦੀ ਸੋਚ ਸੀ। ਅਜਿਹੀ ਸੋਚ ਦਾ ਧਾਰਨੀ ਹੀ ਸ਼ਹੀਦ ਭਗਤ ਸਿੰਘ ਦੀ ਸੋਚ ਵਾਲਾ ਇਨਕਲਾਬੀ ਅਖਵਾ ਸਕਦਾ ਹੈ। ਮੈਨੂੰ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਆਪਣੀ ਮਾਤਾ ਜੀ ਭਾਵ ਸ਼ਹੀਦ ਭਗਤ ਸਿੰਘ ਦੀ ਭੈਣ, ਸਵਰਗਵਾਸੀ ਬੀਬੀ ਅਮਰ ਕੌਰ ਤੋਂ ਸੁਣੀ ਹੋਈ ਗੱਲ ਸੁਣਾਈ ਕਿ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਰੋਸ ਵਜੋਂ ਜੋ ਇਕੱਠ ਹੋਏ ਸਨ, ਉਹਨਾਂ ਵਿੱਚੋਂ ਇਕ ਇਕੱਠ ਰੁੜਕਾ ਪਿੰਡ ਵਿੱਚ ਹੋਇਆ ਸੀ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜ਼ਖਮੀ ਸਰੂਪ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਭਗਤ ਨੇ ਨੇੜਿਓਂ ਦਰਸ਼ਨ ਵੀ ਕੀਤੇ ਸਨ। ਜਦ ਘਰੇ ਆਇਆ ਤਾਂ ਬੀਬੀ ਪੰਜ ਗ੍ਰੰਥੀ ਪੋਥੀ ਤੋਂ ਪਾਠ ਕਰ ਰਹੀ ਸੀ। ਭਗਤ ਸਿੰਘ ਨੇ ਪੁੱਛਿਆ, “ਅਮਰੋ ਕੀ ਕਰਦੀ ਆਂ?”
“ਪਾਠ ਕਰਦੀ ਆਂ? ... “ਆ ਜਾ ਤੂੰ ਵੀ ਕਰ।”
ਭਗਤ ਸਿੰਘ ਦਾ ਜੁਆਬ ਕਾਫੀ ਵਿਚਾਰਨਯੋਗ ਸੀ। ਉਹ ਕਹਿੰਦਾ, “ਤੂੰ ਤਾਂ ਪੰਜ ਗ੍ਰੰਥੀ ਦਾ ਪਾਠ ਕੀਤਾ, ਮੈਂ ਤਾਂ ਪੂਰੀ ਬੀੜ ਸਾਹਿਬ ਪੜ੍ਹ ਆਇਆਂ ਹਾਂ। ਮੈਨੂੰ ਇਹ ਗੱਲ ਸਮਝ ਆ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਗੋਲੀ ਮਾਰਨ ਦਾ ਕੀ ਅਰਥ ਹੈ। ਅੰਗਰੇਜ਼ੀ ਹਕੂਮਤ ਨੇ ਮਹੰਤਾਂ ਕੋਲੋਂ ਸਾਡੀ ਇਨਕਲਾਬੀ ਸੋਚ ਨੂੰ ਖਤਮ ਕਰਨ ਲਈ ਇਸ ਪਾਵਨ ਗ੍ਰੰਥ ’ਤੇ ਹਮਲਾ ਕਰਵਾਇਆ ਹੈ। ਗੁਰੂ ਗ੍ਰੰਥ ਸਾਹਿਬ ’ਤੇ ਹਮਲਾ ਕਰਵਾਉਣ ਵਾਲੀ ਹਕੂਮਤ ਨੂੰ ਅਸੀਂ ਰਹਿਣ ਨਹੀਂ ਦਿਆਂਗੇ।”
ਬੜੀ ਹੈਰਾਨੀ ਦੀ ਗੱਲ ਹੈ ਕਿ ਬਚਪਨ ਵਿਚ ਹੀ ਭਗਤ ਸਿੰਘ ਵਿਚਾਰਧਾਰਕ ਪ੍ਰਪੱਕਤਾ ਪ੍ਰਾਪਤ ਕਰ ਚੁੱਕਾ ਸੀ। ਉਹ ਸਮਾਜਿਕ, ਰਾਜਨੀਤਕ ਮਸਲਿਆਂ ਨੂੰ ਵਿਚਾਰਧਾਰਕ ਤੌਰ ਵੇਖਦਾ ਸੀ। ਉਹ ਆਪਣੇ ਬਚਪਨ ਦੇ ਸਮੇਂ ਹੀ ਇਕ ਸਾਕੇ ਨੂੰ ਵੱਡੇ ਵਿਦਵਾਨਾਂ ਵਾਂਗ ਵੇਖਦਾ ਸੀ। ਇਹ ਗੁਣ ਅੱਜ ਦੀ ਪੀੜ੍ਹੀ ਨੂੰ ਵੀ ਅਪਣਾਉਣਾ ਚਾਹੀਦਾ ਹੈ।
ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਪੜ੍ਹਨ, ਘੋਖਣ, ਸਮਝਣ ਤੋਂ ਬਿਨਾ ਉਸ ਦੇ ਜੀਵਨ ਅਤੇ ਸੰਘਰਸ਼ ਤੋਂ ਸੇਧ ਨੀ ਲੈ ਸਕੇਗੀ। ਬਚਪਨ ਵਿੱਚ ਜਿਨ੍ਹਾਂ ਬੱਚਿਆਂ ਨੇ ਇਹ ਪੜ੍ਹਿਆ ਹੋਵੇ ਕਿ ਭਗਤ ਸਿੰਘ ਬਚਪਨ ਵਿੱਚ ਬੰਦੂਕਾਂ ਦੀ ਖੇਤੀ ਕਰਨਾ ਚਾਹੁੰਦੇ ਸਨ ਅਤੇ ਉਹੀ ਬੱਚੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਾ ਕੇ ਇਹ ਪੜ੍ਹਨ ਕਿ ਭਗਤ ਸਿੰਘ ਨੂੰ ਕਾਲ ਕੋਠੜੀ ਵਿੱਚੋਂ ਫਾਂਸੀ ਚਾੜ੍ਹਨ ਲਈ ਲਿਜਾਣ ਵੇਲੇ ਵੀ ਉਹ ਕਿਤਾਬ ਪੜ੍ਹਨ ਵਿੱਚ ਲੱਗਿਆ ਹੋਇਆ ਸੀ ਤਾਂ ਉਹੀ ਬੱਚੇ ਸਾਰੀ ਉਮਰ ਭੁਲੇਖੇ ਵਿੱਚ ਰਹਿਣਗੇ ਕਿ ਪਤਾ ਨੀ ਭਗਤ ਸਿੰਘ ਬੰਦੂਕਾਂ ਦਾ ਪ੍ਰੇਮੀ ਸੀ ਜਾਂ ਸ਼ਾਇਦ ਕਿਤਾਬਾਂ ਦਾ ਪ੍ਰੇਮੀ ਸੀ।
ਕੀ ਮੂਰਤੀਆਂ ਅਤੇ ਸਮਾਰਕ ਉਸਦੀਆਂ ਅਸਲੀ ਯਾਦਗਾਰਾਂ ਹਨ?
15 ਅਗਸਤ 2008 ਨੂੰ ਭਗਤ ਸਿੰਘ ਦੀ 18 ਫੁੱਟ ਉੱਚੀ ਕਾਂਸੀ ਦੀ ਮੂਰਤੀ ਭਾਰਤੀ ਪਾਰਲੀਮੈਂਟ ਵਿੱਚ ਇੰਦਰਾ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਦੀਆਂ ਮੂਰਤੀਆਂ ਦੇ ਨਾਲ ਸਥਾਪਿਤ ਕੀਤੀ ਗਈ ਸੀ। ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਤਸਵੀਰ ਪਾਰਲੀਮੈਂਟ ਹਾਊਸ ਦੀਆਂ ਕੰਧਾਂ ’ਤੇ ਵੀ ਲਾਈ ਜਾ ਚੁੱਕੀ ਹੈ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ਵਿੱਚ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ!
ਜਿਸ ਸਥਾਨ ’ਤੇ ਸਤਲੁਜ ਨਦੀ ਦੇ ਕੰਢੇ ਹੁਸੈਨੀਵਾਲਾ ਵਿਖੇ ਭਗਤ ਸਿੰਘ ਅਤੇ ਸਾਥੀਆਂ ਦਾ ਸਸਕਾਰ ਕੀਤਾ ਗਿਆ ਸੀ, ਉਹ ਵੰਡ ਦੌਰਾਨ ਪਾਕਿਸਤਾਨੀ ਖੇਤਰ ਬਣ ਗਿਆ ਸੀ। ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਯਤਨਾਂ ਸਦਕਾ 17 ਜਨਵਰੀ 1961 ਨੂੰ, ਸੂਲੇਮੰਕੀ ਹੈੱਡ ਵਰਕਸ ਨੇੜੇ 12 ਪਿੰਡਾਂ ਦੇ ਬਦਲੇ ਇਸਨੂੰ ਭਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉੱਥੇ ਹੀ 19 ਜੁਲਾਈ 1965 ਨੂੰ ਬਟੁਕੇਸ਼ਵਰ ਦੱਤ ਦਾ ਉਸਦੀ ਅੰਤਿਮ ਇੱਛਾ ਅਨੁਸਾਰ ਸਸਕਾਰ ਕੀਤਾ ਗਿਆ ਸੀ। 1968 ਵਿੱਚ ਕੌਮੀ ਸ਼ਹੀਦੀ ਸਮਾਰਕ ਸਸਕਾਰ ਸਥਾਨ ’ਤੇ ਬਣਾਇਆ ਗਿਆ ਸੀ ਅਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਯਾਦਗਾਰਾਂ ਬਣਾਈਆਂ ਗਈਆਂ। 1971 ਦੀ ਭਾਰਤ-ਪਾਕਿ ਜੰਗ ਦੇ ਦੌਰਾਨ ਯਾਦਗਾਰ ਨੂੰ ਨੁਕਸਾਨ ਪਹੁੰਚਿਆ ਸੀ ਉਹ 1973 ਵਿੱਚ ਦੁਬਾਰਾ ਬਣਾਈਆਂ ਗਈਆਂ ਸਨ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ ਜੱਦੀ ਪਿੰਡ ਖਟਕੜ ਕਲਾਂ ਵਿਖੇ 50 ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਖੋਲ੍ਹਿਆ ਗਿਆ ਸੀ। ਪ੍ਰਦਰਸ਼ਨੀਆਂ ਵਿੱਚ ਭਗਤ ਸਿੰਘ ਦੀਆਂ ਅਸਥੀਆਂ, ਖ਼ੂਨ ਨਾਲ ਲਥਪਥ ਰੇਤ, ਅਤੇ ਖ਼ੂਨ ਦਾ ਰੰਗਿਆ ਹੋਇਆ ਅਖਬਾਰ ਸ਼ਾਮਲ ਹੈ, ਜਿਸ ਵਿੱਚ ਰਾਖ ਨੂੰ ਲਪੇਟਿਆ ਗਿਆ ਸੀ। ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਫੈਸਲੇ ਦਾ ਪੰਨਾ, ਜਿਸ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਅਤੇ ਜਿਸ ਉੱਤੇ ਭਗਤ ਸਿੰਘ ਨੇ ਕੁਝ ਨੋਟਸ ਭੇਜੇ ਸਨ, ਅਤੇ ਭਗਤ ਸਿੰਘ ਦੇ ਦਸਤਖਤ ਵਾਲੀ “ਭਗਵਤ ਗੀਤਾ” ਦੀ ਇੱਕ ਕਾਪੀ, ਜੋ ਉਸ ਨੂੰ ਲਾਹੌਰ ਜੇਲ੍ਹ ਵਿੱਚ ਮਿਲੀ ਸੀ ਅਤੇ ਹੋਰ ਨਿੱਜੀ ਵਸਤਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਭਾਰਤ ਦੀ ਸੁਪਰੀਮ ਕੋਰਟ ਨੇ ਕੁਝ ਇਤਿਹਾਸਕ ਅਜ਼ਮਾਇਸ਼ਾਂ ਦੇ ਰਿਕਾਰਡ ਪ੍ਰਦਰਸ਼ਿਤ ਕਰਦੇ ਹੋਏ ਭਾਰਤ ਦੀ ਅਦਾਲਤੀ ਪ੍ਰਣਾਲੀ ਦੇ ਇਤਿਹਾਸ ਵਿੱਚ ਸਥਲਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਇਤਿਹਾਸਕ ਅਜਾਇਬ ਘਰ ਦੀ ਸਥਾਪਨਾ ਕੀਤੀ। ਪਹਿਲੀ ਸੰਗਠਿਤ ਪ੍ਰਦਰਸ਼ਨੀ ਭਗਤ ਸਿੰਘ ਦਾ ਮੁਕੱਦਮਾ ਸੀ, ਜੋ ਕਿ 28 ਸਤੰਬਰ 2007 ਨੂੰ ਭਗਤ ਸਿੰਘ ਦੇ ਜਨਮ ਦੇ ਸ਼ਤਾਬਦੀ ਉਤਸਵ ਮੌਕੇ ਖੋਲ੍ਹਿਆ ਗਿਆ ਸੀ।
ਭਗਤ ਸਿੰਘ ਦੀਆਂ ਨਿਸ਼ਾਨੀਆਂ ਤੋਂ ਭਾਰਤ ਦੇ ਨੌਜਵਾਨ ਪ੍ਰੇਰਨਾ ਲੈਂਦੇ ਹਨ। ਉਸਨੂੰ ਸ਼ੁਭਾਸ਼ ਚੰਦਰ ਬੋਸ ਅਤੇ ਮਹਾਤਮਾ ਗਾਂਧੀ ਤੋਂ ਪਹਿਲਾਂ 2008 ਵਿੱਚ ਭਾਰਤੀ ਮੈਗਜ਼ੀਨ “ਇੰਡੀਆ ਟੂਡੇ” ਦੁਆਰਾ ਇੱਕ ਸਰਵੇਖਣ ਵਿੱਚ “ਮਹਾਨ ਭਾਰਤੀ” ਚੁਣਿਆ ਗਿਆ ਸੀ। ਪਾਕਿਸਤਾਨ ਵਿਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਪਾਕਿਸਤਾਨ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਦੇ ਬਾਅਦ ਲਾਹੌਰ ਵਿਚਲੇ ਸ਼ਦਮਾਨ ਚੌਂਕ, ਜਿੱਥੇ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਦਾ ਨਾਂ ਬਦਲ ਕੇ ਭਗਤ ਸਿੰਘ ਚੌਂਕ ਰੱਖਿਆ ਗਿਆ ਪਰ ਇਹ ਐਲਾਨ ਹੀ ਰਹਿ ਗਿਆ।
1968 ਵਿਚ ਭਾਰਤ ਨੇ ਭਗਤ ਸਿੰਘ ਦੇ 61 ਵੇਂ ਜਨਮ ਦਿਹਾੜੇ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਸੀ। 2012 ਵਿੱਚ ਸਰਕੂਲੇਸ਼ਨ ਕਰਨ ਲਈ ਭਗਤ ਸਿੰਘ ਨੂੰ ਯਾਦ ਕਰਦੇ ਹੋਏ 5 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ ਗਿਆ ਸੀ।
ਜੇ ਮੰਨੀਏ ਤਾਂ ਇਹ ਸਮਾਰਕਾਂ ਛੋਟੀਆਂ ਸਮਾਰਕਾਂ ਹਨ। ਵੱਡੀ ਸਮਾਰਕ ਤਾਂ ਕਰੋੜਾਂ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਲੋਕਾਂ ਦੇ ਦਿਲ-ਦਿਮਾਗ ਵਿੱਚ ਛਪੀ ਉਹ ਅਮਿਟ ਤਸਵੀਰ ਹੈ ਜੋ ਕਰੋੜਾਂ ਲੋਕਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ।
ਕਈ ਕ੍ਰਾਂਤੀਕਾਰੀ ਜਥੇਬੰਦੀਆਂ ਦਾ ਬਾਨੀ, ਕ੍ਰਾਂਤੀਕਾਰੀ ਅੱਗ ਦਾ ਗੋਲਾ, ਇਨਕਲਾਬੀ ਸੂਰਜ, ਊਰਜਾਵਾਨ, ਗੰਭੀਰ ਵਿਦਵਾਨ, ਕਾਲਜ ਦੇ ਦਿਨਾਂ ਤੱਕ ਸੰਗਾਊ ਰਿਹਾ ਅਤੇ ਸਾਰੀ ਉਮਰ ਬਹੁਤ ਹੀ ਸਾਊ ਰਿਹਾ ਇਹ ਗੱਭਰੂ, ਪੰਜਾਬ, ਲਾਹੌਰ ਅਤੇ ਹੋਰ ਦੂਰ ਦੂਰ ਕਲਕੱਤੇ ਤੱਕ ਸਰਗਰਮ ਰਹਿ ਕੇ ਦੇਸ਼ ਦੀ ਆਜ਼ਾਦੀ ਲਈ ਸਰਗਰਮ ਰਿਹਾ। ਉਹ ਮਾਨਵੀ ਸੰਵੇਦਨਾ ਅਤੇ ਜਜ਼ਬਿਆਂ ਦੀ ਤਰਲਤਾ ਵਿਚ ਗੜੁੱਚ ਇਕ ਕਿਤਾਬ ਪ੍ਰੇਮੀ ਸੀ। ਉਹ ਇਨਕਲਾਬੀ ਚੇਤਨਾ ਨੂੰ ਭਾਰਤ ਦੇ ਕੋਨੇ ਕੋਨੇ ਵਿੱਚ ਫੈਲਾਉਣਾ ਚਾਹੁੰਦਾ ਸੀ। ਉਸ ਦਾ ਹਥਿਆਰ ਅਖ਼ਬਾਰ ਅਤੇ ਗਿਆਨ ਸੀ। ਉਹ ਇਕ ਸੰਘਰਸ਼, ਚੇਤਨਾ, ਇਨਕਲਾਬ, ਕੁਰਬਾਨੀ ਅਤੇ ਤਿਆਗ ਦੀ ਮੂਰਤ ਸੀ। ਉਹ ਸਾਰੀਆਂ ਲਹਿਰਾਂ ਵਿੱਚ ਸਤਿਕਾਰਿਤ ਅਤੇ ਮਹੱਤਵਪੂਰਨ ਸਥਾਨ ਪ੍ਰਾਪਤ ਬਹਾਦਰ ਯੋਧਾ ਸੀ। ਉਸ ਉੱਪਰ ਪਹਿਲਾ ਪਰਚਾ ਗੁਰਦੁਆਰਾ ਸੁਧਾਰ ਲਹਿਰ ਸਮੇਂ ਦਰਜ ਹੋਇਆ। ਕਿਸਾਨ ਲਹਿਰ ਵਿੱਚ ਵੀ ਉਸਦਾ ਯੋਗਦਾਨ ਹੈ। ਉਸ ਦੇ ਸੰਘਰਸ਼ਮਈ ਜੀਵਨ ਦੀ ਅਸਲ ਤਸਵੀਰ ਨੂੰ ਸਥਾਪਿਤ ਬਿੰਬਾਂ ਉਹਲੇ ਲੁਕੋਣਾ ਉਸਦੀ ਕੁਰਬਾਨੀ ਅਤੇ ਫਲਸਫੇ ਨਾਲ ਧ੍ਰੋਹ ਹੈ। ਜੇ ਨਵੀਂ ਪੀੜ੍ਹੀ ਅਤੇ ਸਿਰਫ ਇੱਕ ਦਿਨ ਪੀਲੀ ਪੱਗ ਬੰਨ ਕੇ ਆਪ ਨੂੰ ਭਗਤ ਸਿੰਘ ਦੇ ਵਾਰਸ ਸਮਝਣ ਵਾਲੇ ਲੋਕ ਕਿਤੇ ਭਗਤ ਦੇ ਵਿਚਾਰਾਂ ਨੂੰ ਪੜ੍ਹ ਕੇ ਉਸ ਦੀ ਮੰਜ਼ਲ ਦੇ ਪਾਂਧੀ ਬਣ ਜਾਣ ਤਾਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸੁਪਨੇ ਵੀ ਸਾਕਾਰ ਹੋ ਜਾਣਗੇ। ਇਹ ਤਾਂ ਹੀ ਸੰਭਵ ਹੋ ਸਕਦਾ ਜੇਕਰ ਵਿਦਿਆਰਥੀ ਅਤੇ ਨੌਜਵਾਨ ਪੀੜ੍ਹੀ ਭਗਤ ਸਿੰਘ ਦੀ ਸਹੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਪ੍ਰਸਾਰ ਕਰੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


























































































































